ਲੁਧਿਆਣਾ: ਜੱਜ ਦੇ ਪੁੱਛਣ 'ਤੇ ਜਗਤਾਰ ਨੇ ਕਿਹਾ ਮੈਂ ਬੇਕਸੂਰ ਹਾਂ

- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੰਜਾਬੀ
ਲੁਧਿਆਣਾ ਅਦਾਲਤ ਵੱਲੋਂ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਰਾਹਤ ਨਹੀਂ ਮਿਲੀ। ਜੱਜ ਰਜਿੰਦਰ ਸਿੰਘ ਦੀ ਅਦਾਲਤ ਨੇ ਜਗਤਾਰ ਸਿੰਘ ਦਾ ਪੁਲਿਸ ਰਿਮਾਂਡ 28 ਨਵੰਬਰ ਤੱਕ ਵਧਾ ਦਿੱਤਾ ਹੈ।
ਤੁਸੀਂ ਕੁਝ ਕਹਿਣਾ ਹੈ, ਜੱਜ ਦੇ ਇਹ ਪੁੱਛਣ 'ਤੇ ਜਗਤਾਰ ਸਿੰਘ ਨੇ ਕਿਹਾ ਕਿ ਉਹ ਬੇਕਸੂਰ ਹੈ।
ਸਰਕਾਰੀ ਵਕੀਲ ਨੇ ਕਿਹਾ ਕਿ ਜੌਹਲ ਦੇ ਪਾਕਿਸਤਾਨੀ ਖ਼ੂਫ਼ੀਆ ਏਜੰਸੀ ਆਈਐੱਸਆਈ ਨਾਲ ਸਬੰਧ ਹਨ ਅਤੇ ਉਹੀ ਇਸ ਕੇਸ 'ਚ ਮੁੱਖ ਸਾਜਿਸ਼ਕਰਤਾ ਹੈ।
ਉੱਧਰ ਜੌਹਲ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਦਾ ਕਹਿਣਾ ਸੀ ਕਿ ਜਗਤਾਰ ਸਿੰਘ ਜੌਹਲ 'ਤੇ ਪੁਲਿਸ ਦੇ ਇਲਜ਼ਾਮ ਅਧਾਰਹੀਨ ਹਨ।

ਜਗਤਾਰ ਸਿੰਘ ਦੇ ਸਹੁਰੇ ਬਲਵਿੰਦਰ ਸਿੰਘ ਉਸਦੇ ਵਕੀਲ ਤੋਂ ਪੁੱਛਦੇ ਨਜ਼ਰ ਆਏ ਕਿ ਕਿਤੇ ਜਗਤਾਰ ਦਾ ਨਾਮ ਕਿਸੇ ਹੋਰ ਕੇਸ 'ਚ ਤਾਂ ਨਹੀਂ ਆ ਜਾਏਗਾ।
ਬਲਵਿੰਦਰ ਸਿੰਘ ਨੇ ਬੀਬੀਬੀ ਪੰਜਾਬੀ ਨੂੰ ਕਿਹਾ, ''ਬਾਘਾ ਪੁਰਾਣਾ ਕੋਰਟ ਨੇ ਜਦੋਂ ਜਗਤਾਰ ਨੂੰ ਪੁਲਿਸ ਰਿਮਾਂਡ ਦੀ ਥਾਂ ਜੇਲ੍ਹ ਭੇਜਿਆ ਤਾਂ ਸਾਨੂੰ ਸੁਖ ਦਾ ਸਾਹ ਆਇਆ। ਬਾਅਦ 'ਚ ਪਤਾ ਲੱਗਿਆ ਕਿ ਲੁਧਿਆਣਾ ਪੁਲਿਸ ਆਈ ਤੇ ਉਸਨੂੰ ਰਿਮਾਂਡ 'ਤੇ ਲੈ ਲਿਆ।''
'ਮੈਂ ਬੇਕਸੂਰ ਹਾਂ'
ਅਦਾਲਤ 'ਚ ਜੱਜ ਨੇ ਜਗਤਾਰ ਨੂੰ ਪੁੱਛਿਆ ਕਿ ਤੁਸੀਂ ਕੁਝ ਕਹਿਣਾ ਹੈ ਤਾਂ ਜਗਤਾਰ ਨੇ ਕਿਹਾ, ''ਮੈਂ ਬੇਕਸੂਰ ਹਾਂ''।
ਬ੍ਰਿਟਿਸ਼ ਹਾਈ ਕਮਿਸ਼ਨ ਦੇ ਅਫ਼ਸਰ ਐਂਡਰਿਊ ਆਇਰ ਨਾਲ ਮੁਲਾਕਾਤ ਦੀ ਮੰਗ 'ਤੇ ਜੱਜ ਨੇ ਜਗਤਾਰ ਨੂੰ ਇੱਕ ਘੰਟੇ ਲਈ ਮਿਲਣ ਦਾ ਸਮਾਂ ਦੇ ਦਿੱਤਾ।
ਕੀ ਹੈ ਲੁਧਿਆਣਾ ਵਾਲਾ ਮਾਮਲਾ?
- ਲੁਧਿਆਣਾ 'ਚ ਜੁਲਾਈ ਮਹੀਨੇ 'ਚ ਇੱਕ ਪਾਦਰੀ ਦਾ ਕਤਲ ਹੋਇਆ ਸੀ।
- ਇਸੇ ਮਾਮਲੇ 'ਚ ਜਗਤਾਰ ਨੂੰ ਲੁਧਿਆਣਾ 'ਚ ਕੇਸ ਦਰਜ ਹੈ ।
- ਸਲੇਮ ਟਾਬਰੀ ਇਲਾਕੇ 'ਚ ਦੋ ਅਣਪਛਾਤੇ ਬਾਈਕ ਸਵਾਰਾਂ ਨੇ ਪਾਦਰੀ ਸੁਲਤਾਨ ਮਸੀਹ ਨੂੰ ਗੋਲੀਆਂ ਮਾਰੀਆਂ ਸੀ।
- ਪੁਲਿਸ ਮੁਤਾਬਕ ਪਾਦਰੀ ਜਦੋਂ ਆਪਣੇ ਘਰ ਬਾਹਰ ਸੈਰ ਕਰਦਿਆਂ ਕਿਸੇ ਨਾਲ ਫ਼ੋਨ 'ਤੇ ਗੱਲ ਕਰ ਰਿਹਾ ਸੀ ਤਾਂ ਉਸੇ ਵੇਲੇ ਉਸ 'ਤੇ ਹਮਲਾ ਹੋਇਆ।

ਤਸਵੀਰ ਸਰੋਤ, Getty Images
ਜਗਤਾਰ ਮਾਮਲੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੋਲੇ। ਉਨ੍ਹਾਂ ਇੱਕ ਬਿਆਨ 'ਚ ਕਿਹਾ ਹੈ ਕਿ ਜੋ ਲੋਕ ਜਗਤਾਰ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰ ਰਹੇ ਹਨ ਉਹ ਪੰਜਾਬ ਦੇ ਹਿੱਤਾਂ ਦੇ ਖ਼ਿਲਾਫ਼ ਹਨ।
ਕਈ ਵੱਡੇ ਨਾਂ ਹੁਣ ਤੱਕ ਜਗਤਾਰ ਜੌਹਲ ਦੇ ਹੱਕ ਵਿੱਚ ਉੱਤਰੇ ਆਏ ਹਨ। ਉਨ੍ਹਾਂ ਵਿੱਚ ਬ੍ਰਿਟੇਨ ਦੇ ਐਮਪੀ ਤਨਮਨਜੀਤ ਸਿੰਘ ਢੇਸੀ ਤੇ ਪ੍ਰੀਤ ਕੌਰ ਗਿੱਲ ਸ਼ਾਮਲ ਹਨ।
ਸੋਸ਼ਲ ਮੀਡੀਆ 'ਤੇ ਜਗਤਾਰ ਜੌਹਲ ਦੀ ਰਿਹਾਈ ਲਈ ਮੁਹਿੰਮ ਵੀ ਚਲਾਈ ਜਾ ਰਹੀ ਹੈ।












