ਪਿੰਡ 'ਕੱਟੂ' 'ਚ ਸਰਦਾਰਾ ਸਿੰਘ ਦੀ ਸੁਹਿਰਦ ਯਾਦਗਾਰੀ ਲਾਇਬ੍ਰੇਰੀ
- ਲੇਖਕ, ਸੁਖਚਰਨ ਪ੍ਰੀਤ
- ਰੋਲ, ਬੀਬੀਸੀ ਪੰਜਾਬੀ ਲਈ
ਬਰਨਾਲਾ ਤੋਂ ਧੂਰੀ ਨੂੰ ਜਾਂਦਿਆਂ 12 ਕਿਲੋਮੀਟਰ ਦੇ ਵਕਫੇ ਉੱਤੇ ਪਿੰਡ 'ਕੱਟੂ' ਵਸਿਆ ਹੋਇਆ ਹੈ। ਪਿੰਡ ਦੇ ਬੱਸ ਅੱਡੇ ਨਾਲ ਲਗਦੇ ਚੁਬਾਰੇ ਉੱਤੇ 'ਮਾਸਟਰ ਸੁਰਜੀਤ ਸਿੰਘ ਸੁਹਿਰਦ ਯਾਦਗਾਰੀ ਲਾਇਬਰੇਰੀ' ਲਿਖਿਆ ਹੈ।
ਦੇਖਣ ਨੂੰ ਇਹ ਸਧਾਰਨ ਲਾਇਬ੍ਰੇਰੀ ਹੀ ਲੱਗੇਗੀ ਪਰ ਇਸ ਨੂੰ ਸਰਦਾਰਾ ਸਿੰਘ ਨੇ ਖਾਸ ਬਣਾਇਆ ਹੈ। ਉਹ ਪਿਛਲੇ 33 ਸਾਲਾਂ ਤੋਂ ਇਹ ਲਾਇਬ੍ਰੇਰੀ ਚਲਾ ਰਹੇ ਸਨ। ਬੀਬੀਸੀ ਨੇ ਉਨ੍ਹਾਂ ਨਾਲ ਬੀਤੇ ਸਾਲ ਗੱਲਬਾਤ ਕੀਤੀ ਸੀ। ਉਸ ਵੇਲੇ ਉਨ੍ਹਾਂ ਦੀ ਉਮਰ 82 ਸਾਲ ਸੀ।
ਬੀਤੀ 18 ਜੂਨ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਵੱਲੋਂ ਸਥਾਪਿਤ ਕੀਤੀ ਲਾਇਬ੍ਰੇਰੀ ਵਿੱਚ ਤਕਰੀਬਨ ਛੇ ਹਜ਼ਾਰ ਕਿਤਾਬਾਂ ਹਨ।
ਭਤੀਜੇ ਦੀ ਅਨੋਖੀ ਯਾਦ
ਕਿਤਾਬਾਂ ਵਿੱਚ ਪੁਰਾਤਨ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ, ਗੁਰਬਾਣੀ ਦੇ ਟੀਕੇ, ਪੰਜਾਬੀ ਸ਼ਬਦਕੋਸ਼, ਗੁਰੂ ਸਾਹਿਬਾਨਾਂ ਦੀਆਂ ਜੀਵਨ ਸਾਖੀਆਂ, ਵਲਾਦੀਮੀਰ ਲੈਨਿਨ ਦੀਆਂ ਚੋਣਵੀਆਂ ਲਿਖਤਾਂ, ਲਿਓ ਟਾਲਸਟਾਏ ਦੇ ਗ੍ਰੰਥ, ਸਵਾਮੀ ਵਿਵੇਕਾਨੰਦ ਦੀਆਂ ਲਿਖਤਾਂ, ਗੁਰਮੁਖੀ ਵਿੱਚ ਲਿਖੀ ਕੁਰਾਨ ਸ਼ਰੀਫ, ਗੁਰਮੁਖੀ ਵਿੱਚ ਹੀ 'ਤੁਲਸੀ ਦਾਸ' ਦੀ ਰਮਾਇਣ ਆਦਿ ਸਭ ਕੁਝ ਮੌਜੂਦ ਹੈ।

ਤਸਵੀਰ ਸਰੋਤ, Sukhcharan Preet
ਸਰਦਾਰਾ ਸਿੰਘ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਭਤੀਜਾ ਸੁਰਜੀਤ ਸਿੰਘ ਸੁਹਿਰਦ ਸਾਹਿਤ ਰਸੀਆ ਸੀ ਅਤੇ ਉਸ ਨੇ ਦੋ ਕਿਤਾਬਾਂ ਵੀ ਲਿਖੀਆਂ ਸਨ।
ਸੁਹਿਰਦ ਦੀ ਬੇਵਕਤੀ ਮੌਤ ਨਾਲ ਉਨ੍ਹਾਂ ਨੂੰ 1982 ਵਿੱਚ ਗਹਿਰਾ ਸਦਮਾ ਲੱਗਿਆ।
ਸੁਹਿਰਦ ਦੇ ਭੋਗ ਉੱਤੇ ਇਨ੍ਹਾਂ ਗੱਲਾਂ ਨੂੰ ਵਿਚਾਰਦਿਆਂ ਉਨ੍ਹਾਂ ਸੁਹਿਰਦ ਦੀ ਯਾਦ ਵਿੱਚ ਇਹ ਲਾਇਬ੍ਰੇਰੀ ਖੋਲ੍ਹਣ ਦਾ ਐਲਾਨ ਕਰ ਦਿੱਤਾ।
ਦੋ ਸਾਲਾਂ ਦੇ ਯਤਨਾਂ ਬਾਅਦ 1984 ਵਿੱਚ ਇਹ ਲਾਇਬ੍ਰੇਰੀ ਸਥਾਪਤ ਹੋ ਗਈ ਸੀ ਜਿਸ ਵਿੱਚ ਹੁਣ ਛੇ ਹਜਾਰ ਕਿਤਾਬਾਂ ਅਤੇ 2500 ਰਸਾਲੇ ਹਨ।
ਲਾਇਬ੍ਰੇਰੀ ਦੇ ਰਿਕਾਰਡ ਮੁਤਾਬਕ 1987 ਤੋਂ ਲੈ ਕੇ ਹੁਣ ਤੱਕ 21600 ਪਾਠਕ ਪੁਸਤਕਾਂ ਲੈ ਕੇ ਪੜ੍ਹ ਚੁੱਕੇ ਹਨ। ਲਾਇਬ੍ਰੇਰੀ ਵਿੱਚ ਨੇਮ ਨਾਲ ਅਖ਼ਬਾਰ ਆਉਂਦੇ ਹਨ।
ਲਾਇਬ੍ਰੇਰੀ ਦੇ ਪਾਠਕਾਂ ਦਾ ਘੇਰਾ
ਤਕਰੀਬਨ 4500 ਦੀ ਅਬਾਦੀ ਵਾਲੇ ਪਿੰਡ 'ਕੱਟੂ' ਦੀ ਇਸ ਲਾਇਬ੍ਰੇਰੀ ਦੇ ਪਾਠਕਾਂ ਦਾ ਘੇਰਾ ਪੂਰੇ ਮਾਲਵੇ ਵਿੱਚ ਫੈਲਿਆ ਹੋਇਆ ਹੈ।
ਕਈ ਵਾਰ ਬਾਹਰਲੇ ਸੂਬਿਆਂ ਤੋਂ ਵੀ ਪਾਠਕ ਫੇਰੀ ਪਾ ਚੁੱਕੇ ਹਨ।
ਇਸ ਦੀ ਗਵਾਹੀ ਲਾਇਬ੍ਰੇਰੀ ਦੀ ਵਿਜ਼ਟਰ ਬੁੱਕ ਭਰਦੀ ਹੈ, ਜਿਸ ਵਿੱਚ 276 ਪਾਠਕ ਆਪਣੇ ਵਿਚਾਰ ਦਰਜ ਕਰ ਚੁੱਕੇ ਹਨ।

ਤਸਵੀਰ ਸਰੋਤ, Sukhcharan Preet
ਨਾਵਲਕਾਰ ਜਸਵੰਤ ਸਿੰਘ ਕੰਵਲ, ਅਰਥਸ਼ਾਸ਼ਤਰੀ ਸਰਦਾਰਾ ਸਿੰਘ ਜੌਹਲ, ਆਲੋਚਕ ਤੇਜਵੰਤ ਮਾਨ, ਸ਼੍ਰੋਮਣੀ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਇਸ ਲਾਇਬ੍ਰੇਰੀ ਦੀ ਸ਼ਾਨ ਵਧਾ ਚੁੱਕੇ ਹਨ।
ਤਾਮਿਲਨਾਡੂ ਦੇ ਸਾਬਕਾ ਰਾਜਪਾਲ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ, ਸਾਬਕਾ ਐਮ ਪੀ ਸਿਮਰਜੀਤ ਸਿੰਘ ਮਾਨ, ਸਾਬਕਾ ਐਮ ਪੀ ਰਾਜਦੇਵ ਸਿੰਘ ਖਾਲਸਾ, ਸਾਬਕਾ ਮੰਤਰੀ ਪੰਜਾਬ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਕੈਬਨਿਟ ਮੰਤਰੀ ਗੋਬਿੰਦ ਸਿੰਘ ਕਾਂਝਲਾ ਸਮੇਤ ਅਨੇਕਾ ਸਿਆਸੀ ਆਗੂ ਵੀ ਇੱਥੇ ਆ ਚੁੱਕੇ ਹਨ।
ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀ ਗਿਣਤੀ ਤਾਂ ਇਸ ਤੋਂ ਵੀ ਕਿਤੇ ਜ਼ਿਆਦਾ ਹੈ।
ਪੀੜ੍ਹੀਆਂ ਤੋਂ ਪਾਠਕ
ਮੇਜਰ ਸਿੰਘ (ਉਮਰ 64 ਸਾਲ) ਦਾ ਕਹਿਣਾ ਸੀ ਕਿ ਉਹ ਲਾਇਬ੍ਰੇਰੀ ਦੇ ਖੁੱਲ੍ਹਣ ਵੇਲੇ ਤੋਂ ਹੀ ਇਸ ਨਾਲ ਜੁੜੇ ਹੋਏ ਹਨ ਅਤੇ ਮੇਜਰ ਸਿੰਘ ਦੇ ਪੁੱਤਰ ਦਰਸ਼ਨ ਸਿੰਘ (ਉਮਰ 34 ਸਾਲ) ਦਾ ਵੀ ਕਹਿਣਾ ਸੀ ਕਿ ਉਨ੍ਹਾਂ ਦੋਹਾਂ ਭਰਾਵਾਂ ਨੂੰ ਆਪਣੇ ਪਿਤਾ ਰਾਹੀਂ ਇੱਥੇ ਆਉਣ ਦੀ ਚੇਟਕ ਲੱਗੀ ਸੀ।
ਖੇਤੀਬਾੜੀ ਦੇ ਰੁਝੇਵੇਂ ਵਿੱਚੋਂ ਜਦੋਂ ਵੀ ਵਕਤ ਮਿਲੇ ਤਾਂ ਉਹ ਲਾਇਬ੍ਰੇਰੀ ਵਿੱਚੋਂ ਕਿਤਾਬਾਂ ਪੜ੍ਹਦੇ ਰਹਿੰਦੇ ਹਨ।

ਤਸਵੀਰ ਸਰੋਤ, Sukhcharan Preet
ਕਿਤਾਬਾਂ ਪੜ੍ਹਨ ਦਾ ਇਹ ਰੁਝਾਨ ਇਸ ਲਾਇਬ੍ਰੇਰੀ ਕਰਕੇ ਮੇਜਰ ਸਿੰਘ ਦੀ ਤੀਜੀ ਪੀੜ੍ਹੀ ਤੱਕ ਵਿਰਾਸਤ ਵਾਂਗ ਪਹੁੰਚ ਗਿਆ ਹੈ।
ਮੇਜਰ ਸਿੰਘ ਦੇ ਪੋਤਾ ਅਤੇ ਪੋਤੀ ਵੀ ਇਸ ਲਾਇਬ੍ਰੇਰੀ ਪਾਠਕ ਹਨ। ਮੇਜਰ ਸਿੰਘ ਦੀ ਪੋਤੀ 13 ਸਾਲਾ ਅਮਨਦੀਪ ਕੌਰ ਅਕਸਰ ਆਪਣੀਆਂ ਸਹੇਲੀਆਂ ਨਾਲ ਇੱਥੇ ਆਉਂਦੀ ਹੈ।
ਲਾਇਬ੍ਰੇਰੀ ਲਈ ਟਰੱਸਟ ਬਣਾਉਣਾ ਚਾਹੁੰਦੇ ਹਨ
ਸਰਦਾਰਾ ਸਿੰਘ ਪਿਛਲੇ 33 ਸਾਲਾਂ ਤੋਂ ਇਸ ਲਾਇਬ੍ਰੇਰੀ ਨੂੰ ਆਪਣੇ ਖਰਚੇ ਤੇ ਚਲਾ ਰਹੇ ਹਨ।
ਉਹ ਕਿਤਾਬਾਂ ਜਾਰੀ ਕਰਨ ਦਾ ਪਾਠਕਾਂ ਤੋਂ ਕੁਝ ਵੀ ਨਹੀਂ ਲੈਂਦੇ ਅਤੇ ਨਾ ਹੀ ਕੋਈ ਸਲਾਨਾ ਫੀਸ ਹੈ।
ਜ਼ਿਆਦਾਤਰ ਲੋਕ ਕਿਤਾਬਾਂ ਮੋੜ ਜਾਂਦੇ ਹਨ। ਸਰਦਾਰਾ ਸਿੰਘ ਦੀ ਉਮਰ ਹੁਣ 82 ਸਾਲ ਦੀ ਹੋ ਚੁੱਕੀ ਹੈ ਅਤੇ ਉਹ ਆਪਣੀਆਂ ਜਾਇਦਾਦਾਂ ਵਿੱਚੋਂ ਕੁਝ ਰਕਮ ਰਾਖਵੀਂ ਰੱਖ ਕੇ ਲਾਇਬ੍ਰੇਰੀ ਦੀ ਥਾਂ ਇੱਕ ਟਰੱਸਟ ਬਣਾ ਕੇ ਉਸ ਦੇ ਨਾਂ ਕਰਵਾਉਣੀ ਚਾਹੁੰਦੇ ਹਨ ਤਾਂ ਕਿ ਉਨ੍ਹਾਂ ਦੇ ਮਰਨ ਤੋਂ ਬਾਅਦ ਵੀ ਇਹ ਲਾਇਬ੍ਰੇਰੀ ਚਲਦੀ ਰਹਿ ਸਕੇ।

ਤਸਵੀਰ ਸਰੋਤ, Sukhcharan Preet
ਬਰਨਾਲਾ ਦੇ ਰਹਿਣ ਵਾਲੇ ਡਾ ਅੰਮ੍ਰਿਤਪਾਲ (ਐਮ ਡੀ ਮੈਡੀਸਨ) ਸੀਨੀਅਰ ਰੈਜ਼ੀਡੈਂਟ ਦੇ ਤੌਰ 'ਤੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਤਾਇਨਾਤ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਮਾਨਸਿਕ ਸਿਹਤ ਲਈ ਵਿਗਿਆਨਕ ਦ੍ਰਿਸ਼ਟੀਕੋਣ ਬਹੁਤ ਜ਼ਰੂਰੀ ਹੈ ਅਤੇ ਇਸ ਮਾਮਲੇ ਵਿੱਚ ਕਿਤਾਬਾਂ ਮਨੁੱਖ ਦੀਆਂ ਸਭ ਤੋਂ ਚੰਗੀਆਂ ਦੋਸਤ ਹਨ।
ਉਨ੍ਹਾਂ ਮੁਤਾਬਕ ਇਸ ਖੇਤਰ ਵਿੱਚ ਇਸ ਲਾਇਬ੍ਰੇਰੀ ਦਾ ਯੋਗਦਾਨ ਅਣਮੁੱਲਾ ਹੈ ਜਿਸ ਦਾ ਬਰਨਾਲਾ ਅਤੇ ਆਸ ਪਾਸ ਦੇ ਇਲਾਕੇ ਦੇ ਸਾਹਿਤ ਸੱਭਿਆਚਾਰ ਉੱਤੇ ਉਸਾਰੂ ਅਸਰ ਰਿਹਾ ਹੈ।
ਮਸਾਲੇ ਵਾਲੀ ਚਾਹ
ਕਦੇ ਇਸ ਲਾਇਬ੍ਰੇਰੀ ਵਿੱਚ ਜਾਣ ਦਾ ਸਬੱਬ ਬਣੇ ਤਾਂ ਸਰਦਾਰਾ ਸਿੰਘ ਘਰੇ ਬਣਾਏ ਮਸਾਲੇ ਵਾਲੀ ਚਾਹ ਜ਼ਰੂਰ ਪਿਆਉਣਗੇ।
ਚਾਹ ਦੇ ਦੌਰ ਵਿੱਚ ਉਹ ਦਿਲਚਸਪ ਵਾਰਤਾਲਾਪ ਜਾਰੀ ਰੱਖਣਗੇ।
ਗੱਲਬਾਤ ਦਾ ਵਿਸ਼ਾ ਕੋਈ ਵੀ ਹੋ ਸਕਦਾ ਹੈ। ਮਸਲਨ ਗੁਰਬਾਣੀ ਦੇ ਅਰਥਾਂ ਦੀ ਵਿਆਖਿਆ ਬਾਰੇ, ਗੁੱਰਸਿੱਖ ਹੋਣ ਦੇ ਬਾਵਜੂਦ ਕਦੇ ਗੁਰਦੁਆਰਾ ਸਾਹਿਬ ਨਾ ਜਾਣ ਬਾਰੇ।
ਪੰਜਾਬੀ ਸੂਬੇ ਦੇ ਮੋਰਚੇ ਦੀਆਂ ਯਾਦਾਂ ਸਾਂਝੀਆਂ ਹੋ ਸਕਦੀਆਂ ਨੇ ਜਾਂ ਵੱਖ-ਵੱਖ ਧਾਰਾਵਾਂ ਦੇ ਸਾਹਿਤ ਨੂੰ ਲਾਇਬ੍ਰੇਰੀ ਵਿੱਚ ਸਥਾਨ ਦੇਣ ਬਾਰੇ ਵੀ ਚਰਚਾ ਹੋ ਸਕਦੀ ਹੈ।













