ਲੁਧਿਆਣਾ ਹਾਦਸਾ: ਆਪਣਿਆਂ ਨੂੰ ਗੁਆ ਚੁਕੇ ਪੀੜਤ ਪਰਿਵਾਰਾਂ ਦਾ ਦਰਦ

- ਲੇਖਕ, ਸਰਬਜੀਤ ਧਾਲੀਵਾਲ
- ਰੋਲ, ਪੱਤਰਕਾਰ, ਬੀਬੀਸੀ ਪੰਜਾਬੀ
ਲੁਧਿਆਣਾ ਦੇ ਸੂਫ਼ੀਆ ਚੌਕ ਵਿਖੇ ਮਲਬੇ ਦੇ ਢੇਰ ਵਿੱਚ ਤਬਦੀਲ ਹੋਈ ਪਲਾਸਟਿਕ ਫ਼ੈਕਟਰੀ ਕਈ ਘਰਾਂ ਦੇ ਚਿਰਾਗ਼ ਬੁਝਾ ਗਈ।
ਇਮਾਰਤ ਵਿੱਚ ਲੱਗੀ ਅੱਗ ਕਾਰਨ ਛੇ ਫਾਇਰ ਬ੍ਰਿਗੇਡ ਕਰਮੀਆਂ ਦੀ ਮੌਤ ਹੋ ਗਈ ਜਦਕਿ ਤਿੰਨ ਦੇ ਅਜੇ ਵੀ ਮਲਬੇ ਦੇ ਥੱਲੇ ਦੱਬੇ ਹੋਣ ਦਾ ਸ਼ੱਕ ਹੈ।ਹੁਣ ਤੱਕ ਕੁੱਲ ਮੌਤਾਂ ਦੀ ਗਿਣਤੀ 13 ਹੋ ਗਈ ਹੈ।
ਡਿਊਟੀ ਦੌਰਾਨ ਜਾਨ ਗੁਆਉਣ ਵਾਲੇ ਅੱਗ ਬੁਝਾਊ ਦਸਤੇ ਦੇ ਕਰਮਚਾਰੀਆਂ ਦੇ ਪਰਿਵਾਰਾਂ ਨਾਲ ਬੀਬੀਸੀ ਪੰਜਾਬੀ ਨੇ ਗੱਲ ਕੀਤੀ। ਪੀੜਤ ਪਰਿਵਾਰਾਂ ਦਾ ਦੁੱਖ ਸਿਰਫ਼ ਬੇਬਸੀ, ਗੁੱਸੇ ਅਤੇ ਹੰਝੂਆਂ ਰਾਹੀਂ ਜ਼ਾਹਿਰ ਹੋ ਰਿਹਾ ਸੀ।
1. ਪੂਰਨ ਸਿੰਘ, ਲੀਡਿੰਗ ਫਾਇਰਮੈਨ
"ਭੀਖ ਮੰਗਣੀ ਮਨਜ਼ੂਰ ਪਰ ਬੱਚਿਆਂ ਨੂੰ ਫਾਇਰ ਬ੍ਰਿਗੇਡ ਵਿੱਚ ਨੌਕਰੀ ਨਹੀਂ ਕਰਨ ਦਿਆਂਗੀ"-ਮ੍ਰਿਤਕ ਦੀ ਪਤਨੀ

ਤਸਵੀਰ ਸਰੋਤ, POORAN SINGH FAMILY
ਉੱਤਰਾਖੰਡ ਮੂਲ ਦੇ ਪੂਰਨ ਸਿੰਘ ਆਪਣੇ ਪਰਿਵਾਰ ਨਾਲ ਪਿਛਲੇ ਕਈ ਵਰਿਆਂ ਤੋਂ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਦੇ ਨਿਊ ਸੁਖਦੇਵ ਨਗਰ ਵਿੱਚ ਰਹਿੰਦੇ ਸਨ।
ਤੰਗ ਗਲੀਆਂ ਵਿੱਚੋਂ ਹੁੰਦੇ ਹੋਏ ਜਦੋਂ ਬੀਬੀਸੀ ਦੀ ਟੀਮ ਪੂਰਨ ਸਿੰਘ ਦੇ ਘਰ ਪਹੁੰਚੀ ਤਾਂ ਘਰ ਵਿੱਚ ਅਫ਼ਸੋਸ ਕਰਨ ਵਾਲਿਆਂ ਦੀ ਭੀੜ ਸੀ।
ਪੂਰਨ ਸਿੰਘ ਆਪਣੇ ਪਿੱਛੇ ਪਤਨੀ ਅਤੇ ਦੋ ਮੁੰਡਿਆਂ ਨੂੰ ਛੱਡ ਗਏ। ਪੂਰਨ ਸਿੰਘ ਦੀ ਪਤਨੀ ਹੇਮਾ ਦੇਵੀ ਨੇ ਦੱਸਿਆ ਕਿ ਉਨ੍ਹਾਂ ਨੂੰ ਯਕੀਨ ਨਹੀਂ ਆ ਰਿਹਾ ਕਿ ਉਨ੍ਹਾਂ ਦੇ ਪਤੀ ਆਪਣੇ ਫ਼ਰਜ਼ ਨੂੰ ਨਿਭਾਉਂਦੇ ਹੋਏ ਇਸ ਦੁਨੀਆ ਵਿੱਚ ਨਹੀਂ ਰਹੇ।
ਹੇਮਾ ਮੁਤਾਬਕ ਉਨ੍ਹਾਂ ਦੇ ਪਤੀ ਸੋਮਵਾਰ ਸਵੇਰੇ ਆਮ ਦਿਨਾਂ ਵਾਂਗ ਡਿਊਟੀ ਉੱਤੇ ਗਏ।

ਟੀਵੀ ਉੱਤੇ ਖ਼ਬਰ ਦੇਖਣ ਤੋਂ ਬਾਅਦ ਜਦੋਂ ਉਨ੍ਹਾਂ ਨੇ ਪੂਰਨ ਸਿੰਘ ਨੂੰ ਫ਼ੋਨ ਮਿਲਾਇਆ ਤਾਂ ਫ਼ੋਨ ਡਰਾਈਵਰ ਨੇ ਚੁੱਕਿਆ ਅਤੇ ਦੱਸਿਆ ਕਿ ਕਈ ਫਾਇਰ ਕਰਮੀਂ ਮਲਬੇ ਥੱਲੇ ਦੱਬ ਗਏ ਹਨ ਜਿੰਨਾਂ ਵਿੱਚ ਪੂਰਨ ਸਿੰਘ ਵੀ ਹੈ।
ਇਸ ਤੋਂ ਤੁਰੰਤ ਬਾਅਦ ਪੂਰਾ ਪਰਿਵਾਰ ਹਾਦਸੇ ਦੀ ਥਾਂ ਉੱਤੇ ਪਹੁੰਚਿਆ, ਪਰ ਇੱਥੋਂ ਉਨ੍ਹਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਜਿੱਥੇ ਉਨ੍ਹਾਂ ਨੂੰ ਡਾਕਟਰਾਂ ਨੇ ਪੂਰਨ ਸਿੰਘ ਦੀ ਮੌਤ ਦੀ ਖ਼ਬਰ ਦਿੱਤੀ।
ਹੇਮਾ ਨੇ ਦੱਸਿਆ ਕਿ ਪੂਰਨ ਸਿੰਘ ਨੇ 2020 ਵਿੱਚ ਸੇਵਾ ਮੁਕਤ ਹੋ ਜਾਣਾ ਸੀ ਇਸ ਲਈ ਉਹ ਆਪਣੀ ਰਿਟਾਅਰਮੈਂਟ ਤੋਂ ਬਾਅਦ ਦੀ ਜ਼ਿੰਦਗੀ ਬਾਰੇ ਯੋਜਨਾ ਬਣਾ ਰਹੇ ਸਨ।
ਫਾਇਰ ਬ੍ਰਿਗੇਡ 'ਤੇ ਗੁੱਸਾ
ਹਾਦਸੇ ਨੇ ਬੱਚਿਆਂ ਦੇ ਭਵਿੱਖ ਉੱਤੇ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ ਕਿਉਂਕਿ ਆਰਥਿਕ ਤੌਰ 'ਤੇ ਪਰਿਵਾਰ ਪੂਰਨ ਸਿੰਘ ਉੱਤੇ ਨਿਰਭਰ ਸੀ ।
ਹੇਮਾ ਨੇ ਦੱਸਿਆ ਕਿ ਅਕਸਰ ਪੂਰਨ ਸਿੰਘ ਮਹਿਕਮੇ 'ਚ ਕਰਮਚਾਰੀਆਂ ਨੂੰ ਨਾ ਮਾਤਰ ਮਿਲਣ ਵਾਲੀਆਂ ਸਹੂਲਤਾਂ ਅਤੇ ਖ਼ਾਮੀਆਂ ਬਾਰੇ ਚਰਚਾ ਕਰਦੇ ਰਹਿੰਦੇ ਸਨ।
ਇਹੋ ਕਾਰਨ ਹੈ ਕਿ ਹੇਮਾ ਦੇ ਮਨ ਵਿੱਚ ਫਾਇਰ ਬ੍ਰਿਗੇਡ ਮਹਿਕਮੇ ਪ੍ਰਤੀ ਗੁੱਸਾ ਹੈ। ਉਨ੍ਹਾਂ ਨੇ ਭਰੇ ਮਨ ਨਾਲ ਕਿਹਾ, "ਉਹ ਆਪਣੇ ਬੱਚਿਆਂ ਨੂੰ ਇਸ ਮਹਿਕਮੇ ਵਿੱਚ ਨੌਕਰੀ ਨਹੀਂ ਕਰਨ ਦੇਣਗੇ ਚਾਹੇ ਉਸ ਨੂੰ ਪਰਿਵਾਰ ਪਾਲਣ ਦੇ ਲਈ ਭੀਖ ਹੀ ਕਿਉਂ ਨਾ ਮੰਗਣੀ ਪਏ।''
2. ਵਿਸ਼ਾਲ ਕੁਮਾਰ, ਫਾਇਰ ਮੈਨ
''ਅੱਠ ਸਾਲ ਦੇ ਅੰਸ਼ੂ ਨੇ ਮਾਂ ਤੋਂ ਬਾਅਦ ਦੇਖੀ ਪਿਤਾ ਦੀ ਮੌਤ''
ਅੱਠ ਸਾਲ ਦਾ ਅੰਸ਼ੂ ਅਤੇ ਚਾਰ ਸਾਲ ਦਾ ਮੋਕਸ਼ ਅਜੇ ਆਪਣੀ ਮਾਂ ਦੀ ਮੌਤ ਨੂੰ ਨਹੀਂ ਸੀ ਭੁੱਲੇ ਸਨ ਕਿ ਪਿਤਾ ਵੀ ਉਨ੍ਹਾਂ ਨੂੰ ਛੱਡ ਗਏ।
30 ਸਾਲ ਦੇ ਫਾਇਰ ਮੈਨ ਵਿਸ਼ਾਲ ਕੁਮਾਰ ਵੀ ਉਨ੍ਹਾਂ ਛੇ ਫਾਇਰ ਕਰਮੀਆਂ ਵਿੱਚ ਸ਼ਾਮਲ ਸਨ ਜੋ ਮਲਬੇ ਦੇ ਢੇਰ ਥੱਲੇ ਦੱਬ ਗਏ।
ਲੁਧਿਆਣਾ ਦੇ ਸਲੇਮ ਟਾਬਰੀ ਦੇ ਸਰੂਪ ਨਗਰ ਵਿੱਚ ਰਹਿਣ ਵਾਲੇ ਮਰਹੂਮ ਵਿਸ਼ਾਲ ਦੇ ਭਰਾ ਵਿਕਾਸ ਨੇ ਦੱਸਿਆ ਕਿ ਅਜੇ ਪਿਛਲੇ ਸਾਲ ਉਸ ਦੀ ਭਾਬੀ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ।

ਤਸਵੀਰ ਸਰੋਤ, VISHAL KUMAR FAMILY
ਪੂਰਾ ਪਰਿਵਾਰ ਸਦਮੇ ਵਿੱਚ ਸੀ ਅਤੇ ਹੁਣ ਵਿਸ਼ਾਲ ਦੇ ਚਲੇ ਜਾਣ ਕਾਰਨ ਦੋਵੇਂ ਬੱਚਿਆਂ ਦਾ ਕੀ ਹੋਵੇਗਾ ਉਹ ਨਹੀਂ ਜਾਣਦਾ।
ਵਿਕਾਸ ਨੇ ਦੱਸਿਆ ਕਿ ਵਿਸ਼ਾਲ ਆਪਣੇ ਬੱਚਿਆਂ ਨੂੰ ਚੰਗੇ ਸਕੂਲ ਵਿੱਚ ਪੜ੍ਹਾਉਣਾ ਚਾਹੁੰਦੇ ਸੀ। ਇਸ ਲਈ ਉਸ ਨੇ ਵੱਡੇ ਬੱਚੇ ਦਾ ਦਾਖਲਾ ਅੰਗਰੇਜ਼ੀ ਸਕੂਲ ਵਿੱਚ ਕਰਵਾਇਆ ਅਤੇ ਹੁਣ ਉਹ ਆਪਣੇ ਛੋਟੇ ਮੁੰਡੇ ਦੀ ਐਡਮਿਸ਼ਨ ਦੀ ਕੋਸ਼ਿਸ਼ ਕਰ ਰਹੇ ਸਨ।
ਕੀ ਹੋਵੇਗਾ ਬੱਚਿਆਂ ਦਾ ਭਵਿੱਖ?
ਵਿਸ਼ਾਲ ਅੱਠ ਸਾਲ ਪਹਿਲਾਂ ਫਾਇਰ ਬ੍ਰਿਗੇਡ ਵਿੱਚ ਭਰਤੀ ਹੋਏ ਸਨ।
ਭਰਾ ਵਿਕਾਸ ਮੁਤਾਬਕ ਸੋਮਵਾਰ ਸਵੇਰੇ ਉਹ ਵੱਡੇ ਬੇਟੇ ਨੂੰ ਸਕੂਲ ਛੱਡ ਕੇ ਆਮ ਦਿਨਾਂ ਵਾਂਗ ਕੰਮ ਉੱਤੇ ਗਏ ਅਤੇ ਦਿਨ ਵਿੱਚ ਟੀਵੀ ਉੱਤੇ ਖ਼ਬਰ ਦੇਖ ਕੇ ਉਨ੍ਹਾਂ ਨੇ ਜਦੋਂ ਕੰਟਰੋਲ ਰੂਮ ਫ਼ੋਨ ਕੀਤਾ ਤਾਂ ਉਨ੍ਹਾਂ ਨੂੰ ਹਾਦਸੇ ਬਾਰੇ ਜਾਣਕਾਰੀ ਮਿਲੀ।
ਵਿਕਾਸ ਮੁਤਾਬਕ ਬੱਚਿਆਂ ਦਾ ਭਵਿੱਖ ਵੱਡਾ ਮਸਲਾ ਬਣ ਗਿਆ ਹੈ ਕਿਉਂਕਿ ਉਹ ਆਪ ਪ੍ਰਾਈਵੇਟ ਕੰਮ ਤੋਂ ਸਿਰਫ਼ ਦਸ ਹਜ਼ਾਰ ਰੁਪਏ ਕਮਾਉਂਦੇ ਹਨ ਅਤੇ ਅਜਿਹੇ ਵਿੱਚ ਵਿਸ਼ਾਲ ਦੇ ਬੱਚਿਆਂ ਦੀ ਪੜ੍ਹਾਈ ਦਾ ਕੀ ਹੋਵੇਗਾ।
3. ਸਰਮੋਹਨ ਗਿੱਲ, ਫਾਇਰਮੈਨ
"ਫਾਇਰ ਬ੍ਰਿਗੇਡ ਵਿੱਚ ਭਰਤੀ ਹੋ ਕੇ ਪਿਤਾ ਦੇ ਸੁਪਨੇ ਨੂੰ ਸਕਾਰ ਕਰਾਂਗਾ''-ਮਰਹੂਮ ਦਾ ਬੇਟਾ
ਸਬ ਫਾਇਰ ਅਫ਼ਸਰ ਸਰਮੋਹਨ ਗਿੱਲ ਦੀ ਅਜੇ ਤਿੰਨ ਮਹੀਨੇ ਪਹਿਲਾਂ ਹੀ ਅੰਮ੍ਰਿਤਸਰ ਤੋਂ ਲੁਧਿਆਣੇ ਬਦਲੀ ਹੋਈ ਸੀ।
ਅੰਮ੍ਰਿਤਸਰ ਤੋਂ ਫ਼ੋਨ ਉੱਤੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਸਰਮੋਹਨ ਦੇ ਨੌਜਵਾਨ ਬੇਟੇ ਸਾਹਿਲ ਗਿੱਲ ਨੇ ਦੱਸਿਆ ਕਿ ਬਦਲੀ ਤੋਂ ਬਾਅਦ ਸਭ ਕੁਝ ਠੀਕ ਸੀ ਅਤੇ ਰੋਜ਼ਾਨਾ ਪਿਤਾ ਜੀ ਨਾਲ ਫ਼ੋਨ ਉੱਤੇ ਗੱਲਬਾਤ ਹੁੰਦੀ ਸੀ। ਹਫ਼ਤੇ ਵਿੱਚ ਛੁੱਟੀ ਵਾਲੇ ਦਿਨ ਪਿਤਾ ਜੀ ਘਰ ਆਉਂਦੇ ਸਨ।

ਤਸਵੀਰ ਸਰੋਤ, SARMOHAN FAMILY/BBC
ਸਾਹਿਲ ਮੁਤਾਬਕ ਪਿਤਾ ਜੀ ਦੀ ਇੱਛਾ ਸੀ ਕਿ ਉਹ ਫ਼ਾਇਰ ਅਫ਼ਸਰ ਬਣੇ। ਸਾਹਿਲ ਨੇ ਦੱਸਿਆ ਕਿ ਪਿਤਾ ਜੀ ਨੇ ਉਸਨੂੰ ਬਕਾਇਦਾ ਫਾਇਰ ਸੇਫ਼ਟੀ ਦੀ ਟਰੇਨਿੰਗ ਵੀ ਦਿਵਾਈ ਸੀ।
ਪਿਓ 'ਤੇ ਮਾਣ
ਹਾਦਸੇ ਵਾਲੇ ਦਿਨ ਨੂੰ ਯਾਦ ਕਰਦੇ ਹੋਏ ਸਾਹਿਲ ਨੇ ਦੱਸਿਆ ਕਿ ਪਿਤਾ ਜੀ ਨਾਲ ਮਾਂ ਦੀ ਫ਼ੋਨ ਉੱਤੇ ਦਿਨ ਵਿੱਚ ਕਰੀਬ 12 ਵਜੇ ਗੱਲਬਾਤ ਹੋਈ।
ਇਸ ਦੌਰਾਨ ਪਿਤਾ ਜੀ ਨੇ ਦੱਸਿਆ ਕਿ ਫ਼ੈਕਟਰੀ ਨੂੰ ਲੱਗੀ ਅੱਗ ਉੱਤੇ ਕਾਬੂ ਪਾ ਲਿਆ ਗਿਆ ਅਤੇ ਵੇਹਲੇ ਹੋ ਕੇ ਉਹ ਸ਼ਾਮ ਵਾਲੀ ਟਰੇਨ 'ਤੇ ਅੰਮ੍ਰਿਤਸਰ ਆਉਣਗੇ।
ਸਾਹਿਲ ਮੁਤਾਬਕ ਉਸ ਦੇ ਪਿਤਾ ਦੀ ਤਰੱਕੀ ਦੀ ਚਿੱਠੀ ਆਈ ਸੀ ਅਤੇ ਇਸ ਨੂੰ ਲੈ ਕੇ ਉਨ੍ਹਾਂ ਨੇ ਮੰਗਲਵਾਰ ਨੂੰ ਚੰਡੀਗੜ੍ਹ ਜਾਣਾ ਸੀ। ਸਾਹਿਲ ਨੂੰ ਇਸ ਗੱਲ ਦਾ ਫ਼ਖਰ ਹੈ ਕਿ ਉਸ ਦੇ ਪਿਤਾ ਨੇ ਲੋਕਾਂ ਦੀ ਜਾਨ ਬਚਾਉਂਦੇ ਹੋਏ ਆਪਣੀ ਜਾਨ ਦਿੱਤੀ ਹੈ।
4. ਰਾਜਨ ਸਿੰਘ, ਫਾਇਰਮੈਨ
''ਬੱਚਿਆਂ ਦਾ ਖ਼ਿਆਲ ਰੱਖੀਂ''- ਰਾਜਨ ਦੇ ਆਖ਼ਰੀ ਬੋਲ
ਸੂਫ਼ੀਆ ਚੌਂਕ ਹਾਦਸੇ ਵਿੱਚ ਫਾਇਰਮੈਨ ਰਾਜਨ ਸਿੰਘ ਦੀ ਵੀ ਮੌਤ ਹੋ ਗਈ ਹੈ।
ਰਾਜਨ ਲੁਧਿਆਣੇ ਦੇ ਸਿਵਲ ਲਾਈਨ ਇਲਾਕੇ ਦੇ ਨਿਊ ਕੁੰਦਨਪੁਰੀ ਵਿੱਚ ਪਰਿਵਾਰ ਨਾਲ ਜ਼ਿੰਦਗੀ ਬਸਰ ਕਰ ਰਹੇ ਸਨ।

ਤਸਵੀਰ ਸਰੋਤ, RAJAN SINGH FAMILY
ਰਾਜਨ ਆਪਣੇ ਪਿੱਛੇ ਪਤਨੀ, ਦੋ ਕੁੜੀਆਂ, ਇੱਕ ਬੇਟਾ ਅਤੇ ਮਾਂ ਨੂੰ ਛੱਡ ਗਏ ਹਨ।
ਰਾਜਨ ਦੀ ਪਤਨੀ ਰੇਖਾ ਨੇ ਬੀਬੀਸੀ ਨੂੰ ਦੱਸਿਆ ਕਿ ਪਿਤਾ ਦੀ ਮੌਤ ਤੋਂ ਬਾਅਦ ਤਰਸ ਦੇ ਆਧਾਰ 'ਤੇ ਉਨ੍ਹਾਂ ਦੇ ਪਤੀ ਨੂੰ ਫਾਇਰ ਬ੍ਰਿਗੇਡ ਵਿੱਚ ਨੌਕਰੀ ਮਿਲੀ ਸੀ। ਪਰਿਵਾਰ ਖ਼ੁਸ਼ ਸੀ ਅਤੇ ਸਭ ਕੁਝ ਠੀਕ ਚੱਲ ਰਿਹਾ ਸੀ।
ਰੇਖਾ ਮੁਤਾਬਕ, ''ਮੈਂ ਸੋਮਵਾਰ ਸਵੇਰੇ ਆਪ ਉਨ੍ਹਾਂ ਨੂੰ ਸਕੂਟੀ 'ਤੇ ਨੇੜਲੇ ਬੱਸ ਅੱਡੇ ਤੱਕ ਛੱਡ ਕੇ ਆਈ। ਦੋ ਮਿੰਟ ਵਿੱਚ ਬੱਸ ਆ ਗਈ ਅਤੇ ਇਸ ਵਿੱਚ ਸਵਾਰ ਹੋਣ ਤੋਂ ਪਹਿਲਾਂ ਰਾਜਨ ਨੇ ਪਿੱਛੇ ਮੁੜ ਕੇ ਦੇਖਿਆ ਅਤੇ ਆਖਿਆ ਕਿ ਬੱਚਿਆਂ ਦਾ ਖ਼ਿਆਲ ਰੱਖੀਂ। ''

ਰੇਖਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਬੱਚਿਆਂ ਦੇ ਪਾਲਣ ਪੋਸ਼ਣ ਲਈ ਨੌਕਰੀ ਮਿਲੇ। ਇਹ ਨੌਕਰੀ ਫਾਇਰ ਬ੍ਰਿਗੇਡ ਵਿੱਚ ਨਹੀਂ ਕਿਸੇ ਹੋਰ ਮਹਿਕਮੇ ਵਿੱਚ ਹੋਣੀ ਚਾਹੀਦੀ ਹੈ।
ਰੇਖਾ ਗੁੱਸੇ ਵਿੱਚ ਇਸ ਦਾ ਕਾਰਣ ਦੱਸਦੇ ਹਨ ਕਿ ਉਨ੍ਹਾਂ ਦੇ ਪਤੀ ਅਕਸਰ ਇਹੀ ਗੱਲ ਆਖਦੇ ਸਨ ਮਹਿਕਮੇ ਵਿੱਚ ਉਨ੍ਹਾਂ ਲਈ ਸਹੂਲਤਾਂ ਬਹੁਤ ਘੱਟ ਹਨ ਅਤੇ ਜ਼ਿੰਦਗੀ ਹਰ ਸਮੇਂ ਖ਼ਤਰੇ ਵਿੱਚ ਹੈ।
5. ਮਨੋਹਰ ਲਾਲ,ਲੀਡਿੰਗ ਫਾਇਰਮੈਨ (ਅਜੇ ਵੀ ਮਲਬੇ ਹੇਠ)
ਮੇਰੀ ਪਾਪਾ ਨਾਲ ਆਖ਼ਰੀ ਵਾਰ 10 ਸੈਕਿੰਡ ਹੋਈ ਗੱਲ
ਲੁਧਿਆਣੇ ਦੇ ਸ਼ਿਮਲਾ ਪੁਰੀ ਇਲਾਕੇ ਵਿੱਚ ਰਹਿਣ ਵਾਲੇ ਮਨੋਹਰ ਲਾਲ ਪਿਛਲੇ 20 ਸਾਲਾਂ ਤੋਂ ਫਾਇਰ ਬ੍ਰਿਗੇਡ ਵਿੱਚ ਲੀਡਿੰਗ ਫਾਇਰ ਅਫ਼ਸਰ ਵਜੋਂ ਕੰਮ ਕਰ ਰਹੇ ਸਨ। ਮਨੋਹਰ ਲਾਲ ਅਜੇ ਵੀ ਮਲਬੇ ਵਿੱਚ ਦੱਬੇ ਹੋਏ ਹਨ।
ਮਲਬੇ ਨੇੜੇ ਪਿੱਪਲ ਦੇ ਦਰਖ਼ਤ ਹੇਠ ਆਪਣੀ ਮਾਂ ਅਤੇ ਭਰਾ ਨਾਲ ਇੰਤਜ਼ਾਰ ਕਰ ਰਹੀ ਤਮੰਨਾ ਹੰਸ ਨੇ ਦੱਸਿਆ ਕਿ ਉਸ ਦੇ ਪਿਤਾ ਬਹੁਤ ਬਹਾਦਰ ਸਨ। ਇਸ ਕਰ ਕੇ ਉਨ੍ਹਾਂ ਨੂੰ ਕਈ ਪੁਰਸਕਾਰ ਵੀ ਮਿਲੇ ਸਨ।

ਤਸਵੀਰ ਸਰੋਤ, Manohar Lal Family
ਹੰਸ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਨਿਜੀ ਕੰਮ ਲਈ ਪਿਤਾ ਨੂੰ ਸੋਮਵਾਰ ਸਵੇਰੇ 10.35 'ਤੇ ਫ਼ੋਨ ਕੀਤਾ।
ਪਿਤਾ ਨੇ ਦੱਸਿਆ ਕਿ ਫ਼ੈਕਟਰੀ ਨੂੰ ਅੱਗ ਲੱਗੀ ਹੋਈ ਹੈ ਇਸ ਲਈ ਉਹ ਜ਼ਿਆਦਾ ਗੱਲ ਨਹੀਂ ਕਰ ਸਕਦੇ ਅਤੇ ਜੋ ਵੀ ਕੰਮ ਹੈ ਉਹ ਮੰਗਲਵਾਰ ਨੂੰ ਹੋ ਸਕੇਗਾ ਕਿਉਂਕਿ ਉਸ ਦਿਨ ਮਨੋਹਰ ਲਾਲ ਦੀ ਹਫ਼ਤਾਵਾਰੀ ਛੁੱਟੀ ਸੀ।
ਇਸ ਤੋਂ ਬਾਅਦ ਮਨੋਹਰ ਨੇ ਫ਼ੋਨ ਬੰਦ ਕਰ ਦਿੱਤਾ। ਦਸ ਸੈਕੰਡ ਦੀ ਇਸ ਅੰਤਿਮ ਗੱਲਬਾਤ ਨੂੰ ਯਾਦ ਕਰਕੇ ਤਮੰਨਾ ਭਾਵੁੱਕ ਹੋ ਜਾਂਦੀ ਹੈ।
6. ਸੁਖਦੇਵ ਸਿੰਘ, ਪਿੰਡ ਗੱਦਾਪੁਰ, ਜ਼ਿਲ੍ਹਾ ਲੁਧਿਆਣਾ (ਅਜੇ ਵੀ ਮਲਬੇ ਥੱਲੇ)
32 ਸਾਲ ਦੇ ਸੁਖਦੇਵ ਦੇ ਪਿਤਾ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਢਾਈ ਸਾਲ ਤੋਂ ਫਾਇਰ ਵਿਭਾਗ ਵਿੱਚ ਕੱਚੇ ਕਾਮੇ ਦੇ ਤੌਰ ਉੱਤੇ ਕੰਮ ਕਰ ਰਿਹਾ ਸੀ।
ਸੁਖਦੇਵ ਦੀਆਂ ਤਿੰਨ ਕੁੜੀਆਂ ਹਨ ਜਿੰਨ੍ਹਾਂ ਦੀ ਉਮਰ 8 ਸਾਲ, 6 ਸਾਲ ਅਤੇ ਤੀਜੀ ਦਾ ਜਨਮ ਇੱਕ ਮਹੀਨਾ ਪਹਿਲਾਂ ਹੋਇਆ ਸੀ।
ਪ੍ਰਕਾਸ਼ ਸਿੰਘ ਮੁਤਾਬਕ ਸੁਖਦੇਵ ਸਿੰਘ ਨੂੰ 9400 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲਦੀ ਸੀ ਅਤੇ ਇਸ ਨਾਲ ਹੀ ਉਹ ਆਪਣੇ ਪਰਿਵਾਰ ਨੂੰ ਪਾਲ ਰਹੇ ਸਨ।

ਤਸਵੀਰ ਸਰੋਤ, Sukhdev Singh Family
ਸੁਖਦੇਵ ਦੇ ਅਜੇ ਵੀ ਮਲਬੇ ਥੱਲੇ ਦੱਬੇ ਹੋਣ ਦੀ ਸੰਭਾਵਨਾ ਹੈ।
ਪ੍ਰਕਾਸ਼ ਸਿੰਘ ਮੁਤਾਬਕ ਸੋਮਵਾਰ ਵਾਲੇ ਦਿਨ ਸੁਖਦੇਵ ਆਪਣੇ ਪਿੰਡ ਤੋਂ ਲੁਧਿਆਣੇ ਲਈ ਕਰੀਬ 7.30 ਵਜੇ ਰਵਾਨਾ ਹੋਏ ਕਿਉਂਕਿ ਉਨ੍ਹਾਂ ਦੀ ਡਿਊਟੀ ਨੌਂ ਵਜੇ ਸੀ।
ਦੁਪਹਿਰ ਨੂੰ ਟੀਵੀ ਉੱਤੇ ਇਮਾਰਤ ਡਿੱਗਣ ਦੀ ਖ਼ਬਰ ਆਈ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਮਲਬੇ ਥੱਲੇ ਦੱਬਣ ਵਾਲਿਆਂ ਵਿੱਚੋਂ ਸੁਖਦੇਵ ਵੀ ਇੱਕ ਹੈ। ਪ੍ਰਕਾਸ਼ ਸਿੰਘ ਮੁਤਾਬਕ ਉਨ੍ਹਾਂ ਦੇ ਛੋਟੇ ਬੇਟੇ ਦਾ ਦਸੰਬਰ ਮਹੀਨੇ ਵਿੱਚ ਵਿਆਹ ਹੋਣ ਵਾਲਾ ਹੈ।
7. ਰਾਜ ਕੁਮਾਰ, ਸਬ ਫਾਇਰ ਅਫਸਰ
''ਸੇਫਟੀ ਕਿੱਟਾਂ ਹੁੰਦੀਆਂ ਤਾਂ ਜਾਨਾਂ ਬਚ ਜਾਣੀਆਂ ਸਨ''- ਮਰਹੂਮ ਦੀ ਪਤਨੀ
ਮਰਨ ਵਾਲਿਆਂ ਵਿੱਚ ਲੁਧਿਆਣਾ ਦੇ ਨਿਊ ਸ਼ਿਮਲਾ ਪੁਰੀ ਇਲਾਕੇ ਦੇ ਗੋਬਿੰਦ ਸਿੰਘ ਨਗਰ ਦੇ ਫਾਇਰ ਅਫ਼ਸਰ ਰਾਜ ਕੁਮਾਰ ਵੀ ਸ਼ਾਮਲ ਹਨ।
ਰਾਜ ਕੁਮਾਰ ਦੀ ਅਗਵਾਈ ਵਿੱਚ ਹੀ ਸਭ ਤੋਂ ਪਹਿਲਾਂ ਫਾਇਰ ਵਿਭਾਗ ਦੀ ਟੀਮ ਫੈਕਟਰੀ ਵਾਲੀ ਥਾਂ 'ਤੇ ਪਹੁੰਚੀ ਸੀ।
ਫ਼ੋਨ ਉੱਤੇ ਗੱਲਬਾਤ ਕਰਦਿਆਂ ਮਰਹੂਮ ਦੀ 42 ਸਾਲਾ ਪਤਨੀ ਮਨਜੀਤ ਨੇ ਦੱਸਿਆ ਕਿ ਜੇਕਰ ਸੇਫਟੀ ਕਿੱਟਾਂ ਹੁੰਦੀਆਂ ਤਾਂ ਸਾਰੇ ਕਰਮੀਆਂ ਦੀਆਂ ਜਾਨਾਂ ਬਚ ਜਾਣੀਆਂ ਸਨ।

ਤਸਵੀਰ ਸਰੋਤ, Rajkumar Family
ਉਹਨਾਂ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਭੱਵਿਖ ਵਿੱਚ ਫਾਇਰ ਕਾਮੇ ਅੱਗ ਵਾਲੀ ਥਾਂ ਤੋਂ ਗੁਰੇਜ਼ ਕਰਨਾ ਸ਼ੁਰੂ ਕਰ ਦੇਣਗੇ। ਮਨਜੀਤ ਕੌਰ ਦੇ ਦੋ ਬੇਟੇ ਹਨ ਅਤੇ ਵੱਡਾ ਬੇਟਾ ਫਾਇਰ ਬ੍ਰਿਗੇਡ ਵਿੱਚ ਹੀ ਕੰਮ ਕਰਦਾ ਹੈ।
ਮਨਜੀਤ ਮੁਤਾਬਕ ਹਾਦਸੇ ਦੀ ਖ਼ਬਰ ਮਿਲਣ ਤੋਂ ਬਾਅਦ ਉਸ ਦਾ ਬੇਟਾ ਅਜੀਤ ਸਿੰਘ ਮੌਕੇ ਉੱਤੇ ਪਹੁੰਚਿਆ ਅਤੇ ਰਾਹਤ ਕਾਰਜ ਸ਼ੁਰੂ ਕੀਤੇ।
ਰਾਹਤ ਕਾਰਜਾਂ ਦੇ ਨਾਲ ਨਾਲ ਅਜੀਤ ਆਪਣੇ ਪਿਤਾ ਦੀ ਭਾਲ ਵੀ ਕਰ ਰਿਹਾ ਸੀ। 14 ਘੰਟਿਆਂ ਬਾਅਦ ਮਲਬੇ ਵਿੱਚ ਇੱਕ ਵਿਅਕਤੀ ਨੂੰ ਬਾਹਰ ਕੱਢਿਆ ਗਿਆ ਜਿਸ ਦੀ ਪਛਾਣ ਪਰਿਵਾਰ ਵੱਲੋਂ ਰਾਜ ਕੁਮਾਰ ਵਜੋਂ ਕੀਤੀ ਗਈ।
8. ਰਜਿੰਦਰ ਸ਼ਰਮਾ, ਸਬ ਫਾਇਰ ਅਫਸਰ
''ਹੁਣ ਮਾਪੇ ਆਪਣੇ ਬੱਚਿਆਂ ਨੂੰ ਅੱਗ ਬਝਾਊ ਦਸਤੇ ਵਿੱਚ ਨਹੀਂ ਭੇਜਣਗੇ''- ਰਜਿੰਦਰ ਸ਼ਰਮਾ ਦਾ ਬੇਟਾ
ਅੰਮ੍ਰਿਤਸਰ ਦੇ ਸ਼ਹੀਦ ਊਧਮ ਸਿੰਘ ਨਗਰ ਦੇ ਰਹਿਣ ਵਾਲੇ ਸਬ ਫਾਇਰ ਅਫਸਰ ਰਜਿੰਦਰ ਸ਼ਰਮਾ ਸੋਮਵਾਰ ਨੂੰ ਹੀ ਰੇਲ ਰਾਹੀਂ ਆਪਣੀ ਡਿਊਟੀ ਸਥਾਨ ਲੁਧਿਆਣਾ ਪਹੁੰਚੇ ਸਨ।
ਪਿਛਲੇ ਪੰਜ ਸਾਲ ਤੋਂ ਰਜਿੰਦਰ ਸ਼ਰਮਾ ਲੁਧਿਆਣੇ ਵਿੱਚ ਤੈਨਾਤ ਸਨ।
ਰਜਿੰਦਰ ਸ਼ਰਮਾ ਦੇ ਬੇਟੇ ਤੁਸ਼ਾਰ ਨੇ ਫੋਨ 'ਤੇ ਬੀਬੀਸੀ ਨੂੰ ਦੱਸਿਆ ਕਿ ਲੁਧਿਆਣਾ ਪਹੁੰਚਦੇ ਸਾਰ ਹੀ ਪਿਤਾ ਜੀ ਨੂੰ ਅੱਗ ਦੀ ਸੂਚਨਾ ਮਿਲੀ ਅਤੇ ਉਹ ਤੁਰੰਤ ਆਪਣੇ ਸਾਥੀਆਂ ਨਾਲ ਫੈਕਟਰੀ ਪਹੁੰਚ ਗਏ।

ਤਸਵੀਰ ਸਰੋਤ, Rajinder Sharma Family
ਕੁਝ ਦੇਰ ਦੀ ਮੁਸ਼ੱਕਤ ਤੋਂ ਬਾਅਦ ਅੱਗ ਉਤੇ ਕਾਬੂ ਪਾ ਲਿਆ ਗਿਆ। ਇਸ ਤੋਂ ਬਾਅਦ ਜਦੋਂ ਫੈਕਟਰੀ ਦਾ ਮੁਆਇਨਾ ਕੀਤਾ ਜਾ ਰਿਹਾ ਸੀ, ਜ਼ੋਰਦਾਰ ਧਮਾਕਾ ਹੋਇਆ ਅਤੇ ਪੰਜ ਮੰਜਿਲਾ ਇਮਾਰਤ ਮਲਬੇ ਦੇ ਢੇਰ ਵਿੱਚ ਤਬਦੀਲ ਹੋ ਗਈ।
ਤੁਸ਼ਾਰ ਮੁਤਾਬਕ ਉਸ ਦੇ ਪਿਤਾ ਭਾਵੇਂ ਅਫ਼ਸਰ ਸਨ ਪਰ ਉਹਨਾਂ ਕੋਲ ਸੇਫਟੀ ਦਾ ਕੋਈ ਸਾਜੋ ਸਮਾਨ ਨਹੀਂ ਸੀ।
ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਉਨ੍ਹਾਂ ਨੇ ਆਪਣੇ ਪਿਤਾ ਨੂੰ ਗੁਆਇਆ ਪਰ ਇਸ ਨਾਲ ਇੱਕ ਗੱਲ ਸਾਫ ਹੋ ਗਈ ਹੈ ਕਿ ਭੱਵਿਖ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਅੱਗ ਬਝਾਊ ਮਹਿਕਮੇ ਵਿੱਚ ਨੌਕਰੀ ਲਈ ਨਹੀਂ ਭੇਜਣਗੇ।
ਤੁਸ਼ਾਰ ਮੁਤਾਬਕ ਉਹ ਸਰਕਾਰ ਤੋਂ ਨੌਕਰੀ ਚਾਹੁੰਦੇ ਹਨ ਪਰ ਫਾਇਰ ਵਿਭਾਗ ਵਿੱਚ ਨਹੀਂ।
9. ਮਨਪ੍ਰੀਤ ਸਿੰਘ, ਫਾਇਰ ਮੈਨ (ਮਾਪਿਆਂ ਦਾ ਇਕਲੌਤਾ ਪੁੱਤਰ)
ਇਸ ਹਾਦਸੇ ਵਿੱਚ ਹੁਣ ਤੱਕ ਲਾਪਤਾ 23 ਸਾਲ ਦੇ ਮਨਪ੍ਰੀਤ ਸਿੰਘ ਵੀ ਹਨ।
ਲੁਧਿਆਣੇ ਦੇ ਨੇੜੇ ਥਰੀਕੇ ਪਿੰਡ ਦੇ ਮਨਪ੍ਰੀਤ ਕਰੀਬ ਇੱਕ ਸਾਲ ਪਹਿਲਾਂ ਹੀ ਕੱਚੇ ਕਾਮੇ ਦੇ ਤੌਰ ਉੱਤੇ ਫਾਇਰ ਬ੍ਰਿਗੇਡ ਵਿੱਚ ਭਰਤੀ ਹੋਏ ਸਨ।
ਮਨਪ੍ਰੀਤ ਦੇ ਮਾਮੇ ਦੇ ਲੜਕੇ ਮਨਜਿੰਦਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸੀ।

ਤਸਵੀਰ ਸਰੋਤ, Manpreet Singh Family
ਉਸਦੀ ਮਾਂ ਚੱਲਣ-ਫਿਰਨ ਤੋਂ ਅਸਮਰੱਥ ਹਨ ਅਤੇ ਪਿਤਾ ਵੇਰਕਾ ਪਲਾਂਟ ਵਿੱਚੋਂ ਸੇਵਾ ਮੁਕਤ ਹੋਏ ਹਨ।
ਮਨਪ੍ਰੀਤ ਨੌਕਰੀ ਦੇ ਨਾਲ ਨਾਲ ਪੜ੍ਹਾਈ ਵੀ ਕਰ ਰਹੇ ਸਨ। ਮਨਜਿੰਦਰ ਮੁਤਾਬਕ ਮਨਪ੍ਰੀਤ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸਨ।
ਘਰ ਦੇ ਗੁਜ਼ਾਰੇ ਲਈ ਉਹ ਨੌਕਰੀ ਦੇ ਨਾਲ ਨਾਲ ਪ੍ਰਾਈਵੇਟ ਤੌਰ 'ਤੇ ਪੜ੍ਹਾਈ ਵੀ ਕਰ ਰਹੇ ਸਨ।












