ਨਜ਼ਰੀਆ: ਕੀ ਰਾਹੁਲ ਗੁਜਰਾਤ 'ਚ ਪਾਰਟੀ ਦੀ ਬੇੜੀ ਬੰਨੇ ਲਾ ਸਕਣਗੇ?

ਤਸਵੀਰ ਸਰੋਤ, Getty Images
- ਲੇਖਕ, ਨੀਰਜਾ ਚੌਧਰੀ
- ਰੋਲ, ਸੀਨੀਅਰ ਰਾਜਨੀਤਿਕ ਪੱਤਰਕਾਰ
ਗੁਜਰਾਤ ਵਿੱਚ ਕਾਂਗਰਸ ਦੇ ਮੀਤ ਪ੍ਰਧਾਨ ਦੀਆਂ ਤਿੱਖੀਆਂ ਟਿੱਪਣੀਆਂ ਨੇ ਕਾਫੀ ਸੁਰਖੀਆਂ ਬਟੋਰੀਆਂ ਹਨ।
ਵਿਧਾਨ ਸਭਾ ਵੋਟਾਂ ਤੋਂ ਪਹਿਲਾਂ ਉਹ ਬੀਜੇਪੀ ਨੂੰ ਚੁਭਣ ਵਾਲੇ ਬਿਆਨ ਦੇ ਰਹੇ ਹਨ।
ਕੀ ਰਾਹੁਲ ਨੇ ਆਪਣੇ ਤੌਰ ਤਰੀਕਿਆਂ ਵਿੱਚ ਸਫ਼ਲਤਾ ਪੂਰਬਕ ਸੋਧ ਕਰ ਲਈ ਹੈ?
ਕੀ ਇਸ ਸੱਭ ਦਾ ਫਾਇਦਾ ਕਾਂਗਰਸ ਨੂੰ ਵੋਟਾਂ ਵਿੱਚ ਵੀ ਹੋਵੇਗਾ?
ਇਸ ਬਾਰੇ ਪੜ੍ਹੋ ਸੀਨੀਅਰ ਪੱਤਰਕਾਰ ਨੀਰਜਾ ਚੌਧਰੀ ਦੀ ਰਾਏ :
ਪਿੱਛਲੇ ਮਹੀਨੇ ਜਦੋਂ ਰਾਹੁਲ ਅਮਰੀਕਾ ਦੀ ਇੱਕ ਯੂਨੀਵਰਸਿਟੀ 'ਚ ਗਏ ਸਨ ਤਾਂ ਉਨ੍ਹਾਂ ਨੇ ਆਪਣੇ ਕਮਿਊਨੀਕੇਸ਼ਨ ਸਦਕਾ ਕਾਫੀ ਧਿਆਨ ਖਿਚਿਆ ਸੀ।
ਇਸ ਮਾਮਲੇ ਵਿੱਚ ਰਾਹੁਲ ਵਿੱਚ ਸੁਧਾਰ ਆਇਆ ਹੈ।

ਤਸਵੀਰ ਸਰੋਤ, Getty Images
ਰਾਹੁਲ ਦੇ ਆਪਣੇ ਹੁਨਰ ਦੇ ਇਲਾਵਾ ਵੀ ਕਾਂਗਰਸ ਨੇ ਗੁਜਰਾਤ ਵਿੱਚ ਆਪਣੇ ਸੰਵਾਦ ਅਤੇ ਸੋਸ਼ਲ ਮੀਡੀਆ ਦੇ ਮੋਰਚੇ 'ਤੇ ਵੀ ਵਿੱਚ ਸੁਧਾਰ ਕੀਤਾ ਹੈ।
ਜਿਸ ਦਾ ਫੀਡਬੈਕ ਵੀ ਮਿਲ ਰਿਹਾ ਹੈ ਕਿ ਇੱਕ ਮਜ਼ਬੂਤ ਟੀਮ ਖੜੀ ਹੋ ਰਹੀ ਹੈ।
ਸੋਸ਼ਲ ਮੀਡੀਆ ਤੇ ਕਾਂਗਰਸ ਦਾ ਚਲਾਇਆ ਟਰੈਂਡ 'ਵਿਕਾਸ ਪਾਗਲ ਹੋ ਗਿਆ ਹੈ' ਵਾਇਰਲ ਹੋ ਕੇ ਘਰ ਘਰ ਦੀ ਗੱਲ ਹੋ ਗਿਆ ਹੈ ਅਤੇ ਬੀਜੇਪੀ ਨੂੰ ਜਵਾਬ ਦੇਣਾ ਔਖਾ ਹੋ ਗਿਆ ਹੈ।
ਜਨਤਾ ਦਾ ਮੂਡ ਵੀ ਬਦਲਿਆ ਹੈ
ਇਸ ਤੋਂ ਇਲਾਵਾ ਜਿਹੜੀ ਚੀਜ਼ ਬਦਲੀ ਹੈ, ਉਹ ਹੈ ਜਨਤਾ ਦਾ ਮੂਡ। ਲੋਕਾਂ ਦਾ ਮੂਡ ਬਦਲਦਾ ਹੈ ਤਾਂ ਨੇਤਾ ਲਈ ਰਵਈਆ ਵੀ ਬਦਲਦਾ ਹੈ।
ਕਾਂਗਰਸ ਦੇ ਲੋਕ ਆਪ ਕਹਿ ਰਹੇ ਹਨ ਕਿ ਪਹਿਲਾਂ ਜਦੋਂ ਮੋਦੀ ਜਾਂ ਬੀਜੇਪੀ ਦੇ ਖ਼ਿਲਾਫ ਬੋਲਦੇ ਸਾਂ ਤਾਂ ਇੰਝ ਲਗਦਾ ਸੀ ਜਿਵੇਂ ਕੰਧਾਂ ਨਾਲ ਗੱਲਾਂ ਕਰ ਰਹੇ ਹੋਈਏ।
ਹੁਣ ਲਗਦਾ ਹੈ ਕਿ ਸਾਡੀ ਗੱਲ ਸੁਣੀ ਜਾ ਰਹੀ ਹੈ।

ਤਸਵੀਰ ਸਰੋਤ, FACEBOOK/RAHUL GANDHI
ਗੁਜਰਾਤ ਵਿੱਚ ਇਹ ਵੱਡਾ ਬਦਲਾਵ ਦੇਖਣ ਵਿੱਚ ਆ ਰਿਹਾ ਹੈ।
ਬਹੁਤੇ ਲੋਕਾਂ ਨੂੰ ਲਗਦਾ ਹੈ ਕਿ ਜੇ ਕਾਂਗਰਸ ਗੁਜਰਾਤ ਵਿੱਚ ਸਹੀ ਚਿਹਰਾ ਲੈ ਆਉਂਦੀ ਤਾਂ ਉਸ ਦੇ ਜਿੱਤਣ ਦੇ ਆਸਾਰ ਵੀ ਬਣ ਜਾਂਦੇ।
ਮੈਨੂੰ ਲਗਦਾ ਹੈ ਕਿ ਫ਼ਿਲਹਾਲ ਕਾਂਗਰਸ ਵਿੱਚ ਜੋ ਚਰਚਾ ਦਿੱਖ ਰਹੀ ਹੈ ਉਹ ਕਿਸੇ ਇੱਕ ਨੇਤਾ ਕਰਕੇ ਨਹੀਂ ਹੈ ਬਲਕਿ ਪੂਰੀ ਪਾਰਟੀ ਲਈ ਹੀ ਹੈ।
ਕਾਂਗਰਸ ਦੀ ਸੁਧਰੀ ਹੋਈ ਰਣਨੀਤੀ ਅਤੇ ਰਾਹੁਲ ਦਾ ਹਮਲਾਵਰ ਰੂਪ ਇਸ ਦੇ ਵੱਖੋ -ਵੱਖ ਕਾਰਨ ਹਨ।

ਤਸਵੀਰ ਸਰੋਤ, AFP
ਰਾਹੁਲ ਭਾਵੇ ਆਪਣਾ ਕਮਿਊਨੀਕੇਸ਼ਨ ਸੁਧਾਰ ਰਹੇ ਹਨ ਪਰ ਸਵਾਲ ਤਾਂ ਇਹ ਹੈ ਕਿ ਕੀ ਭਵਿੱਖ ਵਿੱਚ ਮੋਦੀ ਨੂੰ ਟੱਕਰ ਦੇ ਸਕਣਗੇ?
ਮੇਰਾ ਮੰਨਣਾ ਹੈ ਕੀ ਜਿਥੋਂ ਤੱਕ ਕਮਿਊਨੀਕੇਸ਼ਨ ਦੀ ਕਲਾ ਦੀ ਸਵਾਲ ਹੈ ਤਾਂ ਕੌਮੀ ਪੱਧਰ ਤੇ ਪ੍ਰਧਾਨ ਮੰਤਰੀ ਦੇ ਬਰਾਬਰ ਕੋਈ ਨਹੀਂ ਹੈ।
ਕਮਿਊਨੀਕੇਸ਼ਨ ਦੀ ਕਲਾ ਵਿੱਚ ਮੋਦੀ ਦੇ ਬਰਾਬਰ ਕੋਈ ਨਹੀਂ
ਅਮਿਤ ਸ਼ਾਹ ਦੇ ਪੁੱਤਰ ਦੇ ਸਬੰਧ ਵਿੱਚ ਭਾਵੇਂ ਕੁਝ ਮਰਜੀ ਸਾਹਮਣੇ ਆਵੇ ਪਰ ਸਵਾਲ ਤਾਂ ਉੱਠ ਪਏ ਹਨ।
ਅਰਥਚਾਰੇ ਨੂੰ ਲੈ ਕੇ ਵੀ ਤੌਖਲੇ ਹਨ। ਇਸਦੇ ਬਾਵਜੂਦ ਮੈਨੂੰ ਨਹੀਂ ਲਗਦਾ ਕਿ ਮੋਦੀ ਦੇ ਜਾਣ ਦਾ ਵਕਤ ਆ ਗਿਆ ਹੈ।

ਤਸਵੀਰ ਸਰੋਤ, Getty Images
ਹਾਲੇ ਵੀ ਲੋਕ ਓਨ੍ਹਾਂ ਵੱਲ ਇੱਕ ਕ੍ਰਿਸ਼ਮਾ ਕਰਨ ਵਾਲੇ ਨੇਤਾ ਵਜੋਂ ਦੇਖਦੇ ਹਨ, ਇਸ ਦੇ ਇਲਾਵਾ ਸੋਸ਼ਲ ਮੀਡੀਆ ਅਤੇ ਭਾਸ਼ਣਾਂ 'ਤੇ ਵੀ ਉਹਨਾਂ ਦੀ ਪਕੜ ਹੈ। ਇਸ ਵਿੱਚ ਉਨ੍ਹਾਂ ਨੂੰ ਹਰਾਉਣ ਵਾਲਾ ਕੋਈ ਨਹੀਂ ਹੈ।
ਇਸ ਪੱਧਰ ਤੇ ਤਾਂ ਇਹ ਰਾਹੁਲ ਲਈ ਵੱਡੀ ਮੁਸ਼ਕਿਲ ਹੈ ਜਿੰਨੀ ਕਿ 2014 ਦੀਆਂ ਵੋਟਾਂ ਵੇਲੇ ਸੀ।
ਹਾਲੇ ਲੋਕੀ ਪ੍ਰੇਸ਼ਾਨ ਜ਼ਰੂਰ ਹਨ ਪਰ ਜਦੋਂ ਇਹ ਗੁੱਸੇ ਵਿੱਚ ਬਦਲ ਗਈ ਤਾਂ ਉਹ ਜ਼ਰੂਰ ਬਿਨਾਂ ਆਸਾ ਪਾਸਾ ਦੇਖੇ ਭਾਜਪਾ ਨੂੰ ਹਰਾਉਣ ਲਈ ਵੋਟਾਂ ਪਾਉਣਗੇ।
ਫਿਲਹਾਲ ਅਜਿਹੀ ਕੋਈ ਸਥਿਤੀ ਨਹੀਂ ਹੈ।
ਕਾਂਗਰਸ ਦੀਆਂ ਉਮੀਦਾਂ ਇਸੇ ਗੱਲ ਤੇ ਨਿਰਭਰ ਹਨ ਕਿ ਇਹ ਬੇਚੈਨੀ ਕਿੰਨੀ ਕੁ ਗੁੱਸੇ 'ਚ ਬਦਲਦੀ ਹੈ।
ਜਿੱਥੇ ਕਾਂਗਰਸ ਕੋਲ ਚਿਹਰਾ ਸੀ ਉੱਥੇ ਫ਼ਾਇਦਾ ਹੋਇਆ
ਕਾਂਗਰਸ ਨੇ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਉਮੀਦਵਾਰ ਬਣਾਇਆ।
ਉੱਥੇ ਉਨ੍ਹਾਂ ਦਾ ਲੋਕ ਅਧਾਰ ਵੀ ਹੈ ਅਤੇ ਉਹ ਜਿੱਤੇ। ਇਹੀ ਕਰਨਾਟਕ ਵਿੱਚ ਸਿੱਧਾ ਰਮਈਆ ਨਾਲ ਹੋਇਆ ਜਿੱਥੇ ਲੋਕਾਂ ਵਿੱਚ ਇਹ ਰਾਇ ਸੀ ਕਿ ਭਾਜਪਾ ਹੀ ਜਿੱਤੇਗੀ।

ਤਸਵੀਰ ਸਰੋਤ, PTI
ਅਜਿਹਾ ਹੀ ਹਰਿਆਣੇ ਵਿੱਚ ਭੁਪਿੰਦਰ ਸਿੰਘ ਹੁੱਡਾ ਨਾਲ ਹੈ ਉਹ ਭਾਵੇਂ ਦਿੱਕਤਾਂ ਚੋਂ ਉਭਰੇ ਨਹੀਂ ਹਨ ਪਰ ਵਾਪਸੀ ਕਰ ਰਹੇ ਹਨ।
ਸਥਾਨਕ ਲੀਡਰਾਂ ਨਾਲ ਕਾਂਗਰਸ ਨੂੰ ਜਿੱਤ ਭਾਵੇਂ ਨਾ ਮਿਲੀ ਹੋਵੇ ਪਰ ਫ਼ਾਇਦਾ ਜ਼ਰੂਰ ਹੋਇਆ ਹੈ। ਹੁਣ ਗੁਜਰਾਤ ਵਿੱਚ ਕਾਂਗਰਸ ਨੂੰ ਹੀ ਨੁਕਸਾਨ ਹੈ।
ਮੈਨੂੰ ਨਹੀਂ ਲਗਦਾ ਕਿ ਉੱਥੇ ਰਾਹੁਲ ਗਾਂਧੀ ਦੇ ਚਿਹਰੇ ਨਾਲ ਕੋਈ ਬਹੁਤ ਫ਼ਰਕ ਪੈਣ ਵਾਲਾ ਹੈ।
ਹਾਂ ਮੋਦੀ ਦੇ ਜਾਣ ਦਾ ਫਰਕ ਜਰੂਰ ਪਵੇਗਾ। ਕਿਉਂਕਿ ਉਹ ਗੁਜਰਾਤ ਤੋਂ ਹੀ ਹਨ ਅਤੇ ਕਾਫੀ ਦੇਰ ਉਥੋਂ ਦੇ ਮੁੱਖ ਮੰਤਰੀ ਰਹੇ ਹਨ।
ਦੂਸਰਾ ਮੋਦੀ ਨੂੰ ਹਰਾਉਣ ਵਿਚ ਉੱਥੇ 'ਗੁਜਰਾਤੀ ਗੌਰਵ' ਦਾ ਭਾਵ ਵੀ ਵੱਡਾ ਰੋੜਾ ਹੈ। ਭਾਜਪਾ ਇਸ ਤਰ੍ਹਾਂ ਪ੍ਰਚਾਰ ਕਰੇਗੀ ਕਿ ਮੋਦੀ ਹਾਰੇ ਤਾਂ ਗੁਜਰਾਤ ਦੀ ਅਣਖ ਨੂੰ ਵੱਟਾ ਲੱਗ ਜਾਵੇਗਾ।
ਮੋਦੀ ਦਾ ਅਸਰ ਘਟਿਆ ਹੈ
ਹਾਲਾਂਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉੱਤਰ ਭਾਰਤ ਵਿੱਚ ਪ੍ਰਧਾਨ ਮੰਤਰੀ ਦੀ ਸ਼ਖਸੀਅਤ ਦਾ ਜਿਹੋ ਜਿਹਾ ਪ੍ਰਭਾਵ ਸੀ ਓਹੋ ਜਿਹਾ ਹੁਣ ਨਹੀਂ ਹੈ।

ਤਸਵੀਰ ਸਰੋਤ, AFP
ਘਰੇਲੂ ਵਿਚਾਰਾਂ 'ਚ ਫ਼ਰਕ ਆਇਆ ਹੈ। ਮੱਧ ਵਰਗ ਦੇ ਬਹੁਤੇ ਲੋਕ ਸ਼ਾਇਦ ਸੋਚ ਰਹੇ ਹਨ ਕਿ ਉਹ 2019 ਵਿੱਚ ਮੋਦੀ ਨੂੰ ਵੋਟਾਂ ਨਹੀਂ ਦੇਣਗੇ ਪਰ ਹਾਲੇ ਵੀ ਮੋਦੀ ਦੇ ਜਾਣ ਦਾ ਵੇਲਾ ਨਹੀਂ ਆਇਆ।
ਇਸ ਦੀ ਵਜ੍ਹਾ ਇਹ ਹੈ ਕਿ ਉਹਨਾਂ ਨੂੰ ਕੋਈ ਹੋਰ ਬਦਲ ਦਿਖਾਈ ਨਹੀਂ ਦੇ ਰਿਹਾ ਹੈ।
ਅਰਥਚਾਰੇ ਦੀ ਮੰਦੀ ਨਾਲ ਜੋ ਲੋਕ ਸਿੱਧੇ ਪ੍ਰਭਾਵਿਤ ਹੋਏ ਹਨ ਜਿਵੇਂ ਜਿੰਨ੍ਹਾਂ ਦੀਆਂ ਨੌਕਰੀਆਂ ਗਈਆਂ ਹਨ ਉਹ ਬਹੁਤ ਨਰਾਜ਼ ਹਨ।
ਗਰੀਬ ਮਹਿਸੂਸ ਕਰਦੇ ਹਨ ਕਿ ਚੀਜਾਂ ਦੇ ਭਾਅ ਵਧਣ ਨਾਲ ਉਨ੍ਹਾਂ ਦੀਆਂ ਦਿੱਕਤਾਂ ਵਧੀਆਂ ਹਨ। ਫੇਰ ਵੀ ਜੇ ਉਨ੍ਹਾਂ ਨੂੰ ਪੁਛੀਏ ਕਿ ਵੋਟ ਕਿਸ ਨੂੰ ਦਵੋਗੇ ਤਾਂ ਕਹਿਣਗੇ ਮੋਦੀ ਨੂੰ।
ਮੋਦੀ ਤੋਂ ਲੋਕਾਂ ਦੀਆਂ ਉਮੀਦਾਂ ਹਾਲੇ ਕਾਇਮ ਹਨ
ਮੋਦੀ ਨੇ ਜਿਹੜੀ ਆਸਥਾ ਅਤੇ ਉਮੀਦ ਜਗਾਈ ਹੈ ਉਹ ਹਾਲੇ ਤੱਕ ਬਚੀ ਹੋਈ ਹੈ।
ਭਾਵੇਂ ਉਨ੍ਹਾਂ ਨੇ ਉਮੀਦਾਂ ਪੂਰੀਆਂ ਨਾ ਕੀਤੀਆਂ ਹੋਣ ਪਰ ਲੋਕਾਂ ਨੂੰ ਲਗਦਾ ਹੈ ਕਿ ਉਹ ਅੱਗੇ ਜਾ ਕੇ ਕੁਝ ਕਰਨਗੇ।
ਭਾਵੇਂ ਹਲਾਤ ਪਹਿਲਾਂ ਵਰਗੇ ਨਹੀਂ ਹਨ ਜਿਹੋ ਜਿਹੇ ਪਿਛਲੇ ਸਾਲ ਸਨ।
ਸਰਕਾਰ ਦੇ ਆਪਣੇ ਅੰਦਰ ਵੀ ਚਿੰਤਾ ਸਾਫ ਦਿਖਦੀ ਹੈ। ਆਰਥਿਕ ਕਾਰਕ ਕਾਫੀ ਪ੍ਰਮੁੱਖ ਹੋ ਗਏ ਹਨ।
ਮੋਦੀ ਨੇ ਕੁਝ ਉਮੀਦ ਖੋਈ ਹੈ। ਕੁਝ ਅਪੀਲ ਖੋਈ ਹੈ। ਲੇਕਿਨ ਉਨ੍ਹਾਂ ਦੇ ਜਾਣ ਦਾ ਸਮਾਂ ਨਹੀਂ ਆਇਆ।












