#BBCInnovators: ਪਾਣੀ ਦਾ ਸਕੰਟ- ਗਲੇਸ਼ੀਅਰ ਦੀ ਸਿਰਜਣਾ ਕਰਦੇ ਇੰਜੀਨੀਅਰ

ਤਸਵੀਰ ਸਰੋਤ, Rolex/ Stefan Walker
- ਲੇਖਕ, ਸ਼ਿਵਾਨੀ ਕੋਹੋਕ
- ਰੋਲ, ਇਨੋਵੇਟਰਸ
ਇਹ ਦੁਨੀਆਂ ਦੀ ਸਭ ਤੋਂ ਠੰਡੀਆਂ ਥਾਵਾਂ ਵਿੱਚੋਂ ਇੱਕ ਹੈ, ਜਿੱਥੇ ਅੱਧੀ ਰਾਤ ਨੂੰ 11000 ਫੁੱਟ ਦੀ ਉੱਚਾਈ 'ਤੇ ਸਭ ਤੋਂ ਠੰਡਾ ਸਮਾਂ ਹੁੰਦਾ ਹੈ। ਸਰਦੀਆਂ ਦੇ ਮੌਸਮ ਵਿੱਚ ਇੱਥੇ ਤਾਪਮਾਨ -30 ਡਿਗਰੀ ਸੈਲਸੀਅਸ ਤੱਕ ਚਲਾ ਜਾਂਦਾ ਹੈ।
ਭਾਰਤ ਦੇ ਸਭ ਤੋਂ ਉੱਚੇ ਖਿੱਤੇ ਲੱਦਾਖ਼ ਵਿੱਚ ਪਾਣੀ ਦੇ ਸਕੰਟ ਨੂੰ ਦੂਰ ਕਰਨ ਲਈ 10 ਸਵੈਸੇਵਕ ਇੱਕ ਯੋਜਨਾ ਤਹਿਤ ਕੰਮ ਕਰ ਰਹੇ ਹਨ।
ਅਜਿਹੇ ਗਲੇਸ਼ੀਅਰ ਅਤੇ ਬਰਫ਼ ਦੇ ਪਹਾੜ ਬਣਾਏ ਜਾ ਰਹੇ ਹਨ ਜਿਨ੍ਹਾਂ ਨੂੰ ਪਿਘਲਾ ਕੇ ਖੇਤਾਂ ਤੇ ਪਿੰਡਾਂ ਨੂੰ ਲੌੜੀਂਦਾ ਪਾਣੀ ਦਿੱਤਾ ਜਾਂਦਾ ਹੈ।
ਇੰਜੀਨੀਅਰ ਸੋਨਮ ਵਾਂਗਚੁਕ ਲਈ ਇਹ ਸਵੈਸੇਵਕ ਕੰਮ ਕਰਦੇ ਹਨ। ਲੱਦਾਖ ਘਾਟੀ 'ਚ ਜੰਮੇ ਵਾਂਗਚੁਕ ਨੇ ਸਥਾਨਕ ਲੋਕਾਂ ਦੀ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਇਹ ਹੱਲ ਲੱਭਿਆ ਹੈ। ਜਿਸ ਤੇ ਉਸਨੇ ਕਈ ਸਾਲ ਕੰਮ ਕੀਤਾ ਹੈ।
ਉਹਨਾਂ ਦਾ ਕਹਿਣਾ ਹੈ, "ਅਸੀਂ ਨਿਊਯਾਰਕ ਜਾਂ ਨਵੀਂ ਦਿੱਲੀ ਵਿੱਚ ਤਿਆਰ ਚੀਜ਼ਾਂ ਤੋਂ ਇਸਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਹ ਪਹਾੜਾਂ ਵਿੱਚ ਸਾਡੇ ਲਈ ਕਾਰਗਰ ਸਾਬਿਤ ਨਹੀਂ ਹੁੰਦੇ, ਪਹਾੜੀ ਲੋਕਾਂ ਨੂੰ ਆਪਣੇ ਆਪ ਹੱਲ ਲੱਭਣੇ ਹੋਣਗੇ।"
ਬਰਬਾਦ ਹੋਇਆ ਪਾਣੀ
ਲੱਦਾਖ ਵਿੱਚ ਪਿੰਡਾਂ ਦੇ ਲੋਕਾਂ ਨੂੰ ਬਹੁਤ ਮੁਸੀਬਤਾਂ ਝੱਲਣੀਆਂ ਪੈਦੀਆਂ ਹਨ। ਸਰਦੀਆਂ ਵਿੱਚ ਸੜਕਾਂ ਬੰਦ ਹੋਣ ਨਾਲ ਉਹ ਬਾਕੀ ਦੇਸ਼ ਤੋਂ ਕੱਟੇ ਜਾਂਦੇ ਹਨ।

ਤਸਵੀਰ ਸਰੋਤ, Getty Images
ਵਾਂਗਚੁਕ ਦਾ ਕਹਿਣਾ ਹੈ ਜਲਵਾਯੁ ਤਬਦੀਲੀ ਨਾਲ ਸਮੱਸਿਆ ਹੋਰ ਗੰਭੀਰ ਹੋ ਗਈ ਹੈ। ਅਜਿਹੇ ਸੰਕੇਤ ਮਿਲ ਰਹੇ ਹਨ ਕਿ ਗਲੋਬਲ ਤਪਸ਼ ਹਿੰਦੂ ਕੁਸ਼ ਹਿਮਾਲਿਆ ਰੇਂਜ ਵਿੱਚ ਪਾਣੀ ਦੇ ਜਲਵਾਯੁ ਨੂੰ ਨੁਕਸਾਨ ਪਹੁੰਚਾ ਰਹੀ ਹੈ।
ਉਹ ਦੱਸਦੇ ਹਨ, "ਅਸੀਂ ਦੇਖ ਸਕਦੇ ਹਾਂ, ਉੱਚੀਆਂ ਪਹਾੜੀਆਂ ਵਿੱਚ ਗਲੇਸ਼ੀਅਰ ਪਿਘਲ ਰਹੇ ਹਨ। ਬਸੰਤ ਰੁੱਤ ਵਿੱਚ ਪਾਣੀ ਘੱਟ ਹੁੰਦਾ ਹੈ ਪਰ ਗਰਮੀਆਂ 'ਚ ਸਾਨੂੰ ਖ਼ਤਰਨਾਕ ਹੜ੍ਹ ਦਾ ਸਾਹਮਣਾ ਕਰਨਾ ਪੈਂਦਾ ਹੈ। ਘਾਟੀ ਵਿੱਚ ਪਾਣੀ ਦਾ ਵਹਾਅ ਅਸਥਿਰ ਹੋ ਗਿਆ ਹੈ।
ਲੱਦਾਖ
- ਦੂਰ ਦੁਰੇਡੇ ਦੇ ਪਿੰਡ ਦੀ ਸਮੁੰਦਰ ਤਲ ਤੋਂ ਉੱਚਾਈ 8860 ਤੋਂ 13,123 ਫੁੱਟ ਤੱਕ
- ਤਕਰੀਬਨ 300,000 ਦੀ ਆਬਾਦੀ
- ਠੰਢਾ ਮਾਰੂਥਲ ਤਾਪਮਾਨ -30 ਡਿਗਰੀ ਸੈਲਸੀਅਸ (-22 ਫੇਰਨਹੀਟ) ਤੱਕ
- ਸਲਾਨਾ ਸਿਰਫ਼ 100 ਮਿਲੀਮੀਟ ਦੀ ਔਸਤ ਨਾਲ ਬਹੁਤ ਥੋੜੀ ਬਾਰਿਸ਼

ਤਸਵੀਰ ਸਰੋਤ, Sonam Wangchuk
ਕਿਵੇਂ ਹੋਈ ਖੋਜ?
ਘਾਟੀ ਵਿੱਚ ਕੰਮ ਕਰਦੇ ਆਪਣੇ ਸਾਥੀ ਇੰਜੀਨੀਅਰ ਚੇਵਾਂਗ ਨੋਰਫੈਲ ਤੋਂ ਵਾਂਗਚੁਕ ਪ੍ਰੇਰਿਤ ਹੋਏ ਸਨ। ਨੋਰਫੈਲ ਨੇ 4000 ਮੀ (13,123ਫੁੱਟ) ਤੋਂ ਵੀ ਜ਼ਿਆਦਾ ਉਚਾਈ 'ਤੇ ਬਣਾਵਟੀ ਗਲੇਸ਼ੀਅਰ ਬਣਾਏ ਸਨ। ਪਰ ਪਿੰਡਾਂ ਦੇ ਲੋਕ ਉਨ੍ਹਾਂ ਉਚਾਈਆਂ 'ਤੇ ਜਾਣ ਤੋਂ ਝਿਜਕਦੇ ਹਨ।
ਵਾਂਗਚੁਕ ਨੇ ਦੱਸਿਆ, "ਉਹ ਇੱਕ ਪੁਲ ਪਾਰ ਕਰ ਰਹੇ ਸਨ ਜਦੋਂ ਉਨ੍ਹਾਂ ਨੂੰ ਇਹ ਵਿਚਾਰ ਆਇਆ।"
ਮੈਂ ਦੇਖਿਆ ਪੁਲ ਦੇ ਹੇਠਾਂ ਬਰਫ਼ ਸੀ, ਜੋ ਕਿ 3000 ਮੀ (9842 ਫੁੱਟ) 'ਤੇ ਸਮੁੱਚੇ ਇਲਾਕੇ ਵਿੱਚ ਸਭ ਤੋਂ ਗਰਮ ਅਤੇ ਨੀਵਾਂ ਇਲਾਕਾ ਹੈ , ਮਈ ਦਾ ਮਹੀਨਾ ਸੀ। ਮੈਂ ਸੋਚਿਆ ਸਿੱਧੀ ਧੁੱਪ ਨਾਲ ਬਰਫ਼ ਪਿਘਲਦੀ ਹੈ, ਅਸੀਂ ਇਸਨੂੰ ਧੁੱਪ ਤੋਂ ਬਚਾ ਕੇ ਫੇਯ 'ਚ ਸਟੋਰ ਕਰਕੇ ਰੱਖ ਸਕਦੇ ਹਾਂ।
2013 ਵਿੱਚ ਵਾਂਗਚੁਕ ਅਤੇ ਸੇਕਮੋਲ ਆਲਟਰਨੇਟਿਵ ਸਕੂਲ ਦੇ ਵਿਦਿਆਰਥੀਆਂ ਨੇ ਬਰਫ਼ ਦੇ ਤੋਦਿਆਂ ਦੇ ਪ੍ਰੋਟੋਟਾਈਪ ਬਣਾਉਣੇ ਸ਼ੁਰੂ ਕੀਤੇ।
ਕ੍ਰਿਸਟਲਾਇਜ਼ਡ ਵਿਚਾਰ
ਬਰਫ਼ ਦੇ ਤੋਦੇ ਬਣਾਉਣਾ ਆਸਾਨ ਤਕਨੀਕ ਹੈ। ਸ਼ੁਰੂ ਵਿੱਚ ਬਰਫ਼ਾਨੀ ਨਦੀਆਂ ਦਾ ਪਾਣੀ ਹੇਠਲੀ ਜ਼ਮੀਨ ਤੱਕ ਲਿਜਾਣ ਵਾਲੀਆਂ ਪਾਈਪਾਂ ਜ਼ਮੀਨ ਹੇਠਾਂ ਦੱਬੀਆਂ ਹੁੰਦੀਆਂ ਹਨ। ਪਾਈਪ ਦਾ ਆਖ਼ਰੀ ਹਿੱਸਾ ਉੱਪਰ ਨੂੰ ਉੱਠਦਾ ਹੈ।
ਉੱਚਾਈ ਅਤੇ ਗੁਰਤਾ ਸ਼ਕਤੀ ਵਿੱਚ ਫ਼ਰਕ ਕਾਰਨ ਪਾਈਪ ਵਿੱਚ ਦਬਾਅ ਪੈਦਾ ਹੁੰਦਾ ਹੈ। ਆਖ਼ਰਕਾਰ ਨਦੀ ਦਾ ਪਾਣੀ ਇੱਕ ਫੁਹਾਰੇ ਵਾਂਗ ਪਾਈਪ ਦੇ ਉੱਠੇ ਹੋਏ ਸਿਰੇ ਤੋਂ ਬਾਹਰ ਆਉਂਦਾ ਹੈ।
ਪਾਣੀ ਦੇ ਜੰਮਣ ਨਾਲ ਹੌਲੀ ਹੌਲੀ ਪਿਰਾਮਿਡ ਵਰਗਾ ਢਾਂਚਾ ਬਣ ਜਾਂਦਾ ਹੈ। ਵਾਂਗਚੁਕ ਦਾ ਕਹਿਣਾ ਹੈ, "ਅਸੀਂ ਸਰਦੀਆਂ 'ਚ ਨਾ ਵਰਤੇ ਗਏ ਪਾਣੀ ਨੂੰ ਜਮਾਂ ਰਹੇ ਹਾਂ। ਜੀਓਮੈਟ੍ਰਿਕ ਆਕਾਰ ਕਰਕੇ ਇਹ ਬਸੰਤ ਦੇ ਖ਼ਤਮ ਹੋਣ ਤੱਕ ਪਿਘਲਦਾ ਨਹੀਂ ਹੈ।"
ਬਸੰਤ ਦੇ ਅਖ਼ੀਰ ਵਿੱਚ ਬਣਾਵਟੀ ਗਲੇਸ਼ੀਅਰ ਪਿਘਲਣੇ ਸ਼ੁਰੂ ਹੋ ਜਾਂਦੇ ਹਨ ਅਤੇ ਪਾਣੀ ਦੀ ਵਰਤੋਂ ਫ਼ਸਲਾਂ ਦੀ ਡ੍ਰਿਪ-ਸਿੰਜਾਈ ਲਈ ਕੀਤੀ ਜਾ ਸਕਦੀ ਹੈ।
ਇਹ ਤਿੱਬਤੀ ਧਾਰਮਿਕ ਸਤੂਪਾਂ ਵਰਗੇ ਲੱਗਦੇ ਹਨ। ਜੋ ਕਿ ਨੁਕੀਲੀ ਛੱਤ ਵਾਲੇ ਸ਼ਾਨਦਾਰ ਅਰਧ ਗੋਲਾਕਾਰ ਢਾਂਚੇ ਦੇ ਹੁੰਦੇ ਹਨ।
ਇਹਨਾਂ ਵਿੱਚ ਬੋਧੀ ਭਿਕਸ਼ੂਆਂ ਦੀਆਂ ਅਸਥੀਆਂ ਵਰਗੇ ਅਵਸ਼ੇਸ਼ ਰੱਖੇ ਜਾਂਦੇ ਹਨ। ਵਾਂਗਚੁਕ ਦਾ ਮੰਨਣਾ ਹੈ ਕਿ ਇਸ ਨਾਲ ਸਥਾਨਕ ਲੋਕਾਂ 'ਚ ਅਪਣੇਪਨ ਦੀ ਜ਼ਿਆਦਾ ਭਾਵਨਾ ਆਉਂਦੀ ਹੈ।

ਤਸਵੀਰ ਸਰੋਤ, Rolex/ Stefan Walker
ਕਰਾਉਡ-ਫੰਡਿੰਗ ਭਿਕਸ਼ੂ
ਇੱਕ ਬਰਫ਼ ਦੇ ਤੋਦੇ ਨਾਲ ਸ਼ੁਰੂਆਤੀ ਸਫ਼ਲਤਾ ਤੋਂ ਬਾਅਦ 2014 ਵਿੱਚ ਨੇੜਲਾ ਫੇਯਾਂਗ ਬੋਧੀ ਮੱਠ ਇਸ ਵਿੱਚ ਸ਼ਾਮਿਲ ਹੋ ਗਏ।
ਉਨ੍ਹਾਂ ਨੇ ਟੀਮ ਨੂੰ 20 ਬਰਫ਼ ਦੇ ਤੋਦੇ ਬਣਾਉਣ ਲਈ ਕਿਹਾ। ਇੱਕ ਸਫਲ ਕਰਾਉਡ ਫੰਡਿੰਗ ਮੁਹਿੰਮ ਨਾਲ $125,200 (£96,500) ਜੁਟਾਏ ਗਏ।
ਇਸ ਪੈਸੇ ਨਾਲ 2.3 ਕਿ ਮੀ (1.43 ਮੀਲ) ਦੀ ਪਾਈਪਲਾਈਨ ਬਣਾਈ ਗਈ ਜਿਸ ਨਾਲ ਪਿੰਡ ਵਿੱਚ ਪਾਣੀ ਪਹੁੰਚਾਇਆ ਗਿਆ।
ਵਾਂਗਚੁਕ ਦਾ ਦਾਅਵਾ ਹੈ ਕਿ ਇਹ ਪਾਈਪਲਾਈਨ ਘਾਟੀ ਵਿੱਚ ਘੱਟੋ ਘੱਟ 50 ਬਰਫ਼ ਦੇ ਤੋਦਿਆਂ ਦੀ ਹਮਾਇਤ ਕਰ ਸਕਦੀ ਹੈ।
ਹਾਸਲ ਕਰਨ ਲਈ ਹੱਲ
ਵਾਂਗਚੁਕ ਹੁਣ ਸਵਿੱਟਜ਼ੈਰਲੈਂਡ ਵਿੱਚ ਸੇਂਟ ਮੌਰੀਤਜ਼ ਦੇ ਵਿੰਟਰ ਸਪੋਰਟਸ ਰਿਜ਼ੌਰਟ ਟਾਉਨ ਨੇੜੇ ਬਰਫ਼ ਦੇ ਤੋਦੇ ਬਣਾ ਰਹੇ ਹਨ।
ਇੱਕ ਸ਼ੁਰੂਆਤੀ ਪ੍ਰੋਟੋਟਾਈਪ ਬਣਾਉਣ ਅਤੇ ਪਰਖਣ ਤੋਂ ਬਾਅਦ, ਸਵਿੱਟਜ਼ੈਰਲੈਂਡ ਸਵਿਸ ਪਹਾੜੀਆਂ ਦੇ ਉੱਚੇ ਇਲਾਕਿਆਂ ਵਿੱਚ ਤੇਜ਼ੀ ਨਾਲ ਪਿਘਲ ਰਹੇ ਬਰਫ਼ ਦੇ ਤੋਦਿਆਂ ਦੀ ਸਥਿਤੀ ਨਾਲ ਨਜਿੱਠਣ ਲਈ ਪ੍ਰੋਜੈਕਟ ਦਾ ਪਸਾਰ ਕਰਨਾ ਚਾਹੁੰਦਾ ਹੈ।
ਵਾਂਗਚੁਕ ਦਾ ਕਹਿਣਾ ਹੈ, "ਬਰਫ਼ ਦੇ ਤੋਦੇ ਬਣਾਉਣ ਦੀ ਤਕਨੀਕ ਦੇ ਬਦਲੇ 'ਚ ਸਵਿਸ ਫੈਯਾਂਗ ਦੀ ਮੰਦੀ ਆਰਥਿਕਤਾ ਨੂੰ ਮੁੜ ਉੱਚਾ ਚੁੱਕਣ ਲਈ, ਪਿੰਡ ਦੇ ਲੋਕਾਂ ਨਾਲ ਸੈਰ ਸਪਾਟੇ ਦੇ ਨਿਰੰਤਰ ਵਿਕਾਸ ਵਿੱਚ ਆਪਣੀ ਮੁਹਾਰਤ ਅਤੇ ਤਜ਼ਰਬਾ ਸਾਂਝਾ ਕਰੇਗਾ।"
ਉਹ ਲੋਨਾਰਕ ਗਲੇਸ਼ੀਅਰ 'ਤੇ ਬਣ ਰਹੀਆਂ ਬਣਾਵਟੀ ਝੀਲਾਂ ਦਾ ਪੱਧਰ ਘੱਟ ਕਰਨ ਲਈ ਭਾਰਤ 'ਚ ਸਿੱਕਿਮ ਸਰਕਾਰ ਨਾਲ ਵੀ ਕੰਮ ਕਰ ਰਹੇ ਹਨ। ਉਹ ਭਵਿੱਖ ਲਈ ਸਕਾਰਾਤਮਕ ਹਨ।
ਵਾਂਗਚੁਕ ਨੇ ਕਿਹਾ, "ਅਸੀਂ ਆਪਣੀ ਯੂਨਿਵਰਸਿਟੀ ਰਾਹੀਂ ਉਤਸ਼ਾਹੀ ਨੌਜਵਾਨਾਂ ਨੂੰ ਸਿਖਲਾਈ ਦੇਣਾ ਚਾਹੁੰਦੇ ਹਾਂ। ਅਖੀਰ ਵਿੱਚ ਸਾਨੂੰ ਹੋਰ ਤੋਦੇ ਤੇ ਬਰਫ਼ੀਲੇ ਪਹਾੜ ਸਿਰਜਣ ਦੀ ਆਸ ਹੈ।"
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)













