You’re viewing a text-only version of this website that uses less data. View the main version of the website including all images and videos.
ਆਪਣੇ ਬੁਆਏਫ੍ਰੈਂਡ ਨੂੰ ਮਾਰਨ ਵਾਲੀ ਪ੍ਰੇਮਿਕਾ ਫਾਂਸੀ ਦੇ ਫੰਦੇ ਤੱਕ ਕਿਵੇਂ ਪਹੁੰਚੀ, ਕਿਵੇਂ ਗੂਗਲ ਨੇ ਸੁਲਝਾਈ ਕਤਲ ਦੀ ਗੁੱਥੀ
- ਲੇਖਕ, ਐੱਸ. ਮਹੇਸ਼
- ਰੋਲ, ਬੀਬੀਸੀ ਤਮਿਲ
ਕੇਰਲ ਵਿੱਚ ਇੱਕ ਪ੍ਰੇਮਿਕਾ ਨੂੰ ਆਪਣੇ ਪ੍ਰੇਮੀ ਨੂੰ ਖਾਣੇ ਵਿੱਚ ਜ਼ਹਿਰ ਮਿਲਾ ਕੇ ਮਾਰਨ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ।
ਹਾਲਾਂਕਿ ਇਸ ਮਾਮਲੇ ਵਿੱਚ ਕੋਈ ਪ੍ਰਤੱਖ ਸਬੂਤ ਨਹੀਂ ਸਨ ਪਰ ਉਸ ਦਾ ਦੋਸ਼ ਡਿਜੀਟਲ ਸਬੂਤਾਂ ਦੀ ਮਦਦ ਨਾਲ ਅਦਾਲਤ ਵਿੱਚ ਸਾਬਿਤ ਹੋ ਗਿਆ।
ਸਰਕਾਰੀ ਵਕੀਲ ਨੇ ਦੱਸਿਆ, "ਇਸ ਮਾਮਲੇ ਵਿੱਚ ਸਿੱਧੇ ਸਬੂਤਾਂ ਦੀ ਘਾਟ ਦੇ ਬਾਵਜੂਦ, ਹਾਲਾਤੀ ਸਬੂਤਾਂ ਅਤੇ ਡਿਜੀਟਲ ਸਬੂਤਾਂ ਨੂੰ ਮਿਲਾ ਕੇ ਅਪਰਾਧੀ ਨੂੰ ਦੋਸ਼ੀ ਸਾਬਤ ਕੀਤਾ ਗਿਆ ਹੈ, ਅਤੇ ਅਦਾਲਤ ਵਿੱਚ ਦੋਸ਼ੀ ਨੂੰ ਵੱਧ ਤੋਂ ਵੱਧ ਸਜ਼ਾ ਸੁਣਾਈ ਗਈ ਹੈ।"
ਕੀ ਸੀ ਪੂਰਾ ਮਾਮਲਾ?
ਇਸਤਗਾਸਾ ਪੱਖ ਦੇ ਅਨੁਸਾਰ, "ਕਰਿਸ਼ਮਾ ਕੰਨਿਆਕੁਮਾਰੀ ਜ਼ਿਲ੍ਹੇ ਦੇ ਦੇਵੀਕੋਡੂ ਖੇਤਰ ਦੀ ਰਹਿਣ ਵਾਲੀ ਹੈ ਅਤੇ ਅੰਗਰੇਜ਼ੀ ਸਾਹਿਤ ਵਿੱਚ ਪੋਸਟ ਗ੍ਰੈਜੂਏਟ ਹੈ।"
ਉਸ ਦਾ ਪ੍ਰੇਮੀ ਸ਼ੈਰਨ ਰਾਜ, ਕੇਰਲ ਦੇ ਪਰਸਾਲਾਈ ਤੋਂ ਸੀ। ਉਹ ਕੰਨਿਆਕੁਮਾਰੀ ਜ਼ਿਲ੍ਹੇ ਦੇ ਇੱਕ ਕਾਲਜ ਵਿੱਚ ਬੀਐਸਸੀ, ਰੇਡੀਓਲੋਜੀ ਦੇ ਆਖਰੀ ਸਾਲ ਦਾ ਵਿਦਿਆਰਥੀ ਸੀ।
ਕਰਿਸ਼ਮਾ ਅਤੇ ਸ਼ੈਰਨ ਰਾਜ ਦੇ ਪ੍ਰੇਮ ਸਬੰਧ ਸਨ। ਇਸ ਦੌਰਾਨ, ਕਰਿਸ਼ਮਾ ਦੇ ਮਾਪਿਆਂ ਨੇ ਉਸ ਦਾ ਵਿਆਹ ਕਿਸੇ ਹੋਰ ਨਾਲ ਤੈਅ ਕਰਵਾ ਦਿੱਤਾ ਸੀ।
ਇਸ ਤੋਂ ਬਾਅਦ, ਕਰਿਸ਼ਮਾ ਨੇ ਸ਼ੈਰਨ ਨੂੰ ਉਸ ਨਾਲ ਆਪਣਾ ਰਿਸ਼ਤਾ ਖਤਮ ਕਰਨ ਲਈ ਕਿਹਾ ਪਰ ਸ਼ੈਰਨ ਨੇ ਇਸ ਤੋਂ ਇਨਕਾਰ ਕਰ ਦਿੱਤਾ।
ਇਸ ਸਭ ਦੇ ਚੱਲਦਿਆਂ ਹੀ, ਕਰਿਸ਼ਮਾ ਨੇ ਸ਼ੈਰਨ ਨੂੰ ਮਾਰਨ ਦੀ ਯੋਜਨਾ ਬਣਾਈ ਕਿਉਂਕਿ ਉਹ ਆਪਣੇ ਮਾਪਿਆਂ ਦੁਆਰਾ ਚੁਣੇ ਗਏ ਮੁੰਡੇ ਨਾਲ ਵਿਆਹ ਕਰਨਾ ਚਾਹੁੰਦੀ ਸੀ ਅਤੇ ਉਸ ਨੂੰ ਲੱਗਦਾ ਸੀ ਕਿ ਸ਼ੈਰਨ ਉਸ ਦੀ ਵਿਆਹੁਤਾ ਜ਼ਿੰਦਗੀ ਵਿੱਚ ਮੁਸ਼ਕਿਲ ਖੜ੍ਹੀ ਕਰ ਸਕਦਾ ਹੈ।
ਆਪਣੀ ਯੋਜਨਾ ਨੂੰ ਅੰਜਾਮ ਦੇਣ ਲਈ ਕਰਿਸ਼ਮਾ ਨੇ ਸ਼ੈਰਨ ਨੂੰ ਆਪਣੇ ਘਰ ਬੁਲਾਇਆ ਅਤੇ ਖਾਣੇ ਵਿੱਚ ਜ਼ਹਿਰ ਮਿਲਾ ਕੇ ਉਸ ਦਾ ਕਤਲ ਕਰ ਦਿੱਤਾ। ਇਹ ਇਸ ਮਾਮਲੇ ਦਾ ਪਿਛੋਕੜ ਹੈ।
ਜਾਂਚ ਵਿੱਚ ਸਾਹਮਣੇ ਆਇਆ ਸੱਚ
ਡਿਪਟੀ ਸੁਪਰੀਟੇਂਡੈਂਟ ਆਫ਼ ਪੁਲਿਸ (ਡੀਐਸਪੀ) ਰਾਸ਼ਿਦ ਇਸ ਮਾਮਲੇ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਹਿੱਸਾ ਸਨ।
ਬੀਬੀਸੀ ਤਮਿਲ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ, "ਸ਼ੁਰੂਆਤ ਵਿੱਚ, ਪਾਰਸਾਲਾ ਪੁਲਿਸ ਨੇ ਮੁਢਲੀ ਸੂਚਨਾ ਰਿਪੋਰਟ (ਐਫਆਈਆਰ) ਦਰਜ ਕੀਤੀ ਅਤੇ ਇਹ ਕਹਿੰਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਕਿ ਇਹ ਇੱਕ ਗੈਰ-ਕੁਦਰਤੀ ਮੌਤ ਸੀ। ਪਰ ਸ਼ੈਰਨ ਰਾਜ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੈਰਨ ਰਾਜ ਦੀ ਮੌਤ ਵਿੱਚ ਕਰਿਸ਼ਮਾ 'ਤੇ ਸ਼ੱਕ ਹੈ।"
ਉਨ੍ਹਾਂ ਅੱਗੇ ਦੱਸਿਆ, "ਇਸ ਤੋਂ ਬਾਅਦ, ਕੇਸ ਨੂੰ ਅਪਰਾਧ ਸ਼ਾਖਾ (ਕ੍ਰਾਈਮ ਬ੍ਰਾਂਚ) ਕੋਲ ਭੇਜ ਦਿੱਤਾ ਗਿਆ ਅਤੇ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ।"
ਡੀਐਸਪੀ ਰਾਸ਼ਿਦ ਨੇ ਦੱਸਿਆ ਕਿ ਕਰਿਸ਼ਮਾ ਦੀ ਜਿਰ੍ਹਾ ਦੌਰਾਨ, ਉਹ ਵਾਰਦਾਤ ਦੀ ਜਾਣਕਾਰੀ ਛੁਪਾਉਣ ਵਿੱਚ ਅਸਮਰੱਥ ਰਹੀ ਅਤੇ ਉਸ ਨੇ ਸੱਚਾਈ ਦੱਸ ਦਿੱਤੀ। ਬਾਅਦ ਵਿੱਚ ਉਸ ਦੀ ਮਾਂ ਅਤੇ ਚਾਚੇ ਦੀ ਜਿਰ੍ਹਾ ਦੌਰਾਨ, ਇਹ ਪੁਸ਼ਟੀ ਹੋਈ ਕਿ ਸ਼ੈਰਨ ਰਾਜ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਸੀ।
ਪ੍ਰੇਮਿਕਾ ਕਰਿਸ਼ਮਾ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
ਡੀਐਸਪੀ ਰਾਸ਼ਿਦ ਨੇ ਅੱਗੇ ਦੱਸਿਆ, "ਇਸ ਦੌਰਾਨ, ਜਦੋਂ ਕਰਿਸ਼ਮਾ ਪੁਲਿਸ ਹਿਰਾਸਤ ਵਿੱਚ ਸੀ, ਉਸ ਨੇ ਨੇਦੁਮਨਕਾਡੂ ਪੁਲਿਸ ਸਟੇਸ਼ਨ ਵਿੱਚ ਟਾਇਲਟ ਸਾਫ਼ ਕਰਨ ਲਈ ਰੱਖੇ ਗਏ ਕੀਟਾਣੂਨਾਸ਼ਕ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।"
"ਉਸ ਸਮੇਂ, ਕਰਿਸ਼ਮਾ ਨੇ ਮੈਜਿਸਟਰੇਟ ਅੱਗੇ ਇਕਬਾਲ ਕੀਤਾ ਕਿ ਉਸ ਨੇ ਉਨ੍ਹਾਂ ਨੂੰ ਵਾਪਰੀਆਂ ਹੋਈਆਂ ਸਾਰੀਆਂ ਗੱਲਾਂ ਦੱਸ ਦਿੱਤੀਆਂ ਸਨ। ਕਰਿਸ਼ਮਾ ਨੇ ਮੈਜਿਸਟਰੇਟ ਅੱਗੇ ਇਕਬਾਲ ਕੀਤਾ ਕਿ ਉਹ ਅਤੇ ਸ਼ੈਰਨ ਰਾਜ ਪਿਆਰ ਵਿੱਚ ਸਨ ਅਤੇ ਉਸ ਨੇ ਸ਼ੈਰਨ ਨੂੰ ਆਪਣਾ ਰਿਸ਼ਤਾ ਖਤਮ ਕਰਨ ਲਈ ਕਿਹਾ ਸੀ ਕਿਉਂਕਿ ਉਸ ਦੀ ਕਿਸੇ ਹੋਰ ਨਾਲ ਮੰਗਣੀ ਹੋ ਗਈ ਸੀ, ਅਤੇ ਜਦੋਂ ਸ਼ੈਰਨ ਨੇ ਇਨਕਾਰ ਕਰ ਦਿੱਤਾ, ਤਾਂ ਉਸ ਨੇ ਉਸਨੂੰ ਜ਼ਹਿਰ ਦੇ ਕੇ ਮਾਰ ਦਿੱਤਾ।"
ਡੀਐਸਪੀ ਰਾਸ਼ਿਦ ਨੇ ਕਿਹਾ ਕਿ ਫਿਰ ਉਨ੍ਹਾਂ ਨੇ ਕਰਿਸ਼ਮਾ ਦੁਆਰਾ ਦੱਸੀਆਂ ਗਈਆਂ ਸਾਰੀਆਂ ਘਟਨਾਵਾਂ ਦੇ ਸਬੂਤ ਇਕੱਠੇ ਕੀਤੇ ਅਤੇ ਅਦਾਲਤ ਵਿੱਚ ਜਮ੍ਹਾਂ ਕਰਵਾਏ।
ਮੋਬਾਈਲ ਫੋਨ ਦਾ ਡਾਟਾ ਮਿਟਾਉਣਾ
ਵੀ.ਐਸ. ਵਿਨੀਤ ਕੁਮਾਰ ਇਸ ਮਾਮਲੇ ਵਿੱਚ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਸਨ।
ਬੀਬੀਸੀ ਤਮਿਲ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ "ਇਸ ਮਾਮਲੇ ਵਿੱਚ ਸਭ ਤੋਂ ਵੱਡੀ ਚੁਣੌਤੀ ਸਿੱਧੇ ਸਬੂਤਾਂ ਦੀ ਘਾਟ ਸੀ। ਇਸ ਲਈ, ਅਸੀਂ ਹਾਲਾਤੀ ਸਬੂਤਾਂ ਨੂੰ ਇੱਕ-ਇੱਕ ਕਰਕੇ ਜੋੜ ਕੇ ਅਤੇ ਡਿਜੀਟਲ ਅਤੇ ਵਿਗਿਆਨਕ ਸਬੂਤਾਂ ਦੀ ਮਦਦ ਨਾਲ ਅਦਾਲਤ ਵਿੱਚ ਇਸ ਮਾਮਲੇ ਨੂੰ ਸਾਬਤ ਕੀਤਾ।"
ਉਹ ਕਹਿੰਦੇ ਹਨ, "ਕਰਿਸ਼ਮਾ ਨੇ ਇੱਕ ਵਾਰ ਜੂਸ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਬੁਖਾਰ ਦੀਆਂ ਗੋਲੀਆਂ ਮਿਲਾ ਕੇ ਸ਼ੈਰਨ ਰਾਜ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਪਹਿਲਾਂ, ਉਸ ਨੇ ਆਪਣੇ ਮੋਬਾਈਲ ਫੋਨ ਦੇ ਸਰਚ ਇੰਜਣ 'ਤੇ ਇਸ ਬਾਰੇ ਸਰਚ ਕੀਤਾ ਹੋਇਆ ਸੀ। ਪਰ ਸ਼ੈਰਨ ਰਾਜ ਉਸ ਦਿਨ ਬਚ ਗਿਆ ਕਿਉਂਕਿ ਉਸ ਨੇ ਜੂਸ ਪੂਰੀ ਤਰ੍ਹਾਂ ਨਹੀਂ ਪੀਤਾ ਸੀ।"
ਉਨ੍ਹਾਂ ਦੱਸਿਆ, "ਫਿਰ, 14 ਅਕਤੂਬਰ 2022 ਨੂੰ, ਕਰਿਸ਼ਮਾ ਨੇ ਆਪਣੇ ਮੋਬਾਈਲ ਫੋਨ 'ਤੇ ਇੱਕ ਬਹੁਤ ਹੀ ਜ਼ਹਿਰੀਲੇ ਕੀਟਨਾਸ਼ਕ (ਖੇਤੀਬਾੜੀ ਵਿੱਚ ਵਰਤੇ ਜਾਂਦੇ) ਬਾਰੇ ਸਰਚ ਕੀਤਾ ਹੋਇਆ ਸੀ। ਉਸ ਨੇ ਇਸ ਦੇ ਪ੍ਰਭਾਵ, ਜ਼ਹਿਰੀਲੇਪਣ ਬਾਰੇ, ਇਹ ਮਨੁੱਖੀ ਸਰੀਰ ਵਿੱਚ ਕਿਵੇਂ ਕੰਮ ਕਰਦਾ ਹੈ, ਅਤੇ ਇਸ ਨੂੰ ਕਿਵੇਂ ਦੇਣਾ ਹੈ, ਆਦਿ ਬਾਰੇ ਜਾਣਕਾਰੀ ਲਈ ਖੋਜ ਕੀਤੀ ਸੀ। ਉਹ ਦਵਾਈ ਉਸ ਦੇ ਘਰ ਵਿੱਚ ਮੌਜੂਦ ਸੀ।''
ਉਸ ਰਾਤ, ਕਰਿਸ਼ਮਾ ਨੇ ਸ਼ੈਰਨ ਰਾਜ ਨੂੰ ਆਪਣੇ ਘਰ ਬੁਲਾਇਆ ਅਤੇ ਕਿਹਾ ਕਿ ਉਸ ਨੇ ਖਾਣੇ ਵਿੱਚ ਕੀਟਨਾਸ਼ਕ ਮਿਲਾਇਆ ਸੀ।
ਇਸ ਨੂੰ ਖਾਣ ਤੋਂ ਬਾਅਦ ਸ਼ੈਰਨ ਰਾਜ ਨੂੰ ਉਲਟੀਆਂ ਅਤੇ ਦਸਤ ਲੱਗ ਗਏ। ਸ਼ੈਰਨ, ਜਿਸ ਨੂੰ ਬਾਅਦ ਵਿੱਚ ਇਲਾਜ ਲਈ ਤਿਰੂਵਨੰਤਪੁਰਮ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਦੀ 25 ਅਕਤੂਬਰ 2022 ਨੂੰ ਮੌਤ ਹੋ ਗਈ।
ਸਰਕਾਰੀ ਵਕੀਲ ਵਿਨੀਤ ਕੁਮਾਰ ਕਹਿੰਦੇ ਹਨ, "ਇਸ ਬਾਰੇ ਪਤਾ ਲੱਗਣ 'ਤੇ ਕਰਿਸ਼ਮਾ ਨੇ ਆਪਣੇ ਮੋਬਾਈਲ ਫੋਨ ਤੋਂ ਸਾਰੀ ਜਾਣਕਾਰੀ ਡਿਲੀਟ ਕਰ ਦਿੱਤੀ, ਇਸ ਸ਼ੱਕ ਵਿੱਚ ਕਿ ਪੁਲਿਸ ਉਸ ਤੋਂ ਪੁੱਛਗਿੱਛ ਕਰਨ ਆ ਸਕਦੀ ਹੈ।''
''ਉਸ ਨੇ ਇਹ ਦੇਖਣ ਲਈ ਵੀ ਸਰਚ ਇੰਜਣ 'ਤੇ ਖੋਜ ਕੀਤੀ ਕਿ ਕੀ ਡਿਲੀਟ ਕੀਤੀ ਗਈ ਜਾਣਕਾਰੀ ਮੋਬਾਈਲ ਫੋਨ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।"
ਵਿਨੀਤ ਦੱਸਦੇ ਹਨ ਕਿ "ਜਾਂਚ ਦੌਰਾਨ, ਕਰਿਸ਼ਮਾ ਦੇ ਮੋਬਾਈਲ ਫੋਨ ਦੀ ਜਾਂਚ ਕੀਤੀ ਗਈ। ਪਰ ਇਸ ਵਿਚਲੀ ਸਾਰੀ ਜਾਣਕਾਰੀ ਹਟਾਈ ਜਾ ਚੁੱਕੀ ਸੀ। ਬਾਅਦ ਵਿੱਚ ਮੋਬਾਈਲ ਫੋਨ ਨੂੰ ਫੋਰੈਂਸਿਕ ਪ੍ਰਯੋਗਸ਼ਾਲਾ ਵਿੱਚ ਭੇਜਿਆ ਗਿਆ ਅਤੇ ਕਲਾਉਡ ਡੇਟਾ ਵਿੱਚ ਦਰਜ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਗਈ।''
ਉਸਦੀਆਂ ਵਟਸਐਪ ਗੱਲਬਾਤਾਂ, ਵੀਡੀਓ ਕਾਲਾਂ ਅਤੇ ਉਸ ਦੇ ਮੋਬਾਈਲ ਫੋਨ ਦੇ ਸਰਚ ਇੰਜਣ ਵਿੱਚ ਸਰਚ ਕੀਤੀ ਗਈ ਸਮੱਗਰੀ ਤੋਂ ਲੈ ਕੇ ਸਭ ਕੁਝ ਬਰਾਮਦ ਕੀਤਾ ਗਿਆ ਅਤੇ ਡਿਜੀਟਲ ਸਬੂਤ ਵਜੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਵਿਨੀਤ ਕਹਿੰਦੇ ਹਨ ਕਿ ਇਸ ਤੋਂ ਇਲਾਵਾ, "ਅਸੀਂ ਮਾਮਲਾ ਸਾਬਤ ਕਰਨ ਲਈ ਅਦਾਲਤ ਵਿੱਚ ਇਸ ਬਾਰੇ ਵੀ ਸਬੂਤ ਪੇਸ਼ ਕੀਤੇ ਕਿ ਘਟਨਾ ਵਾਲੇ ਦਿਨ ਸ਼ੈਰਨ ਕਰਿਸ਼ਮਾ ਦੇ ਘਰ ਗਿਆ ਸੀ। ਇਸ ਦੇ ਲਈ ਇਲਾਕੇ 'ਚ ਲੱਗੇ ਸੀਸੀਟੀਵੀ ਦੀ ਫੁਟੇਜ ਲਈ ਗਈ, ਦੋਵਾਂ ਵਿਚਕਾਰ ਹੋਈ ਵਟਸਐਪ ਗੱਲਬਾਤ ਦੇ ਰਿਕਾਰਡ ਕੱਢੇ ਗਏ। ਨਾਲ ਹੀ ਦੋਵਾਂ ਦੁਆਰਾ ਇਸਤੇਮਾਲ ਕੀਤੀ ਗਈ ਇੱਕ ਪੈੱਨ ਡਰਾਈਵ, ਹਾਰਡ ਡਿਸਕ ਅਤੇ ਸੀਡੀ ਵੀ ਡਿਜੀਟਲ ਸਬੂਤ ਅਤੇ ਹਾਲਾਤੀ ਸਬੂਤ ਵਜੋਂ ਵਰਤੀ ਗਈ।''
'ਸ਼ੈਰਨ ਦੇ ਸ਼ਰੀਰ ਵਿੱਚ ਜ਼ਹਿਰ ਦੇ ਕੋਈ ਸਬੂਤ ਨਹੀਂ'
ਵਕੀਲ ਵਿਨੀਤ ਕੁਮਾਰ ਕਹਿੰਦੇ ਹਨ, "ਜਾਂਚ ਤੋਂ ਪਤਾ ਲੱਗਿਆ ਹੈ ਕਿ ਕਰਿਸ਼ਮਾ ਨੇ ਸ਼ੈਰਨ ਰਾਜ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਸੀ। ਹਾਲਾਂਕਿ, ਪੋਸਟਮਾਰਟਮ ਵਿੱਚ ਮ੍ਰਿਤਕ ਸ਼ੈਰਨ ਰਾਜ ਦੇ ਸਰੀਰ ਵਿੱਚ ਜ਼ਹਿਰ ਦੇ ਕੋਈ ਸਬੂਤ ਨਹੀਂ ਮਿਲੇ।"
"ਕਾਰਨ ਇਹ ਹੈ ਕਿ ਸ਼ੈਰਨ ਰਾਜ, ਜਿਸ ਨੂੰ ਜ਼ਹਿਰ ਦਿੱਤਾ ਗਿਆ ਸੀ, ਹਸਪਤਾਲ ਵਿੱਚ 11 ਦਿਨਾਂ ਦੇ ਇਲਾਜ ਤੋਂ ਬਾਅਦ ਮਰ ਗਿਆ।"
''ਸ਼ੈਰਨ ਰਾਜ ਨੇ ਆਪਣੇ ਇਲਾਜ ਦੌਰਾਨ ਤਿੰਨ ਵਾਰ ਡਾਇਲਸਿਸ ਦਾ ਇਲਾਜ ਵੀ ਕਰਵਾਇਆ ਹੈ। ਨਤੀਜੇ ਵਜੋਂ, ਉਸ ਦਾ ਖੂਨ ਪੂਰੀ ਤਰ੍ਹਾਂ ਸ਼ੁੱਧ ਹੋ ਗਿਆ ਸੀ ਅਤੇ ਉਸ ਦੇ ਸਰੀਰ ਵਿੱਚ ਜ਼ਹਿਰ ਦੇ ਕੋਈ ਸਬੂਤ ਨਹੀਂ ਸਨ।''
ਵਿਨੀਤ ਕੁਮਾਰ ਕਹਿੰਦੇ ਹਨ, "ਅਸੀਂ ਅਦਾਲਤ ਵਿੱਚ ਹਾਲਾਤੀ ਸਬੂਤਾਂ ਨਾਲ ਇਹ ਸਭ ਸਮਝਾਇਆ।"
500 ਪੰਨਿਆਂ ਦਾ ਫੈਸਲਾ
ਤਿਰੂਵਨੰਤਪੁਰਮ ਜ਼ਿਲ੍ਹੇ ਦੀ ਨੇਯਾਰਿੰਕਰਾਈ ਐਡੀਸ਼ਨਲ ਸੈਸ਼ਨ ਕੋਰਟ ਦੇ ਜੱਜ ਏਐਮ ਬਸ਼ੀਰ ਨੇ ਮਾਮਲੇ ਦੀ ਸੁਣਵਾਈ ਕੀਤੀ ਹੈ। ਉਨ੍ਹਾਂ ਨੇ 20 ਜਨਵਰੀ 2025 ਨੂੰ ਦਿੱਤੇ ਆਪਣੇ ਫੈਸਲੇ ਵਿੱਚ ਕਰਿਸ਼ਮਾ ਨੂੰ ਮੌਤ ਦੀ ਸਜ਼ਾ ਅਤੇ ਉਸ ਦੇ ਚਾਚੇ ਨਿਰਮਲ ਕੁਮਾਰਨ ਨਾਇਰ ਨੂੰ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਆਪਣੇ ਫੈਸਲੇ ਵਿੱਚ, ਅਦਾਲਤ ਨੇ ਪੁਲਿਸ ਜਾਂਚ ਦੀ ਬਹੁਤ ਪ੍ਰਸ਼ੰਸਾ ਕੀਤੀ ਹੈ।
ਫੈਸਲੇ ਵਿੱਚ ਜੱਜ ਨੇ ਕਿਹਾ, "ਮਾਮਲੇ ਵਿੱਚ ਪੀੜਤ, ਸ਼ੈਰਨ ਰਾਜ, ਕਾਤਲ ਦੀ ਉਮਰ ਦਾ ਹੀ ਵਿਦਿਆਰਥੀ ਹੈ। ਸ਼ੈਰਨ ਰਾਜ ਕਰਿਸ਼ਮਾ ਨਾਲ ਬਹੁਤ ਪਿਆਰ ਕਰਦਾ ਸੀ। ਉਹ ਉਸ 'ਤੇ ਅੰਨ੍ਹਾ ਭਰੋਸਾ ਕਰਦਾ ਸੀ। ਪਰ ਕਰਿਸ਼ਮਾ ਨੇ ਉਸ ਭਰੋਸੇ ਦਾ ਨਾਜਾਇਜ਼ ਫਾਇਦਾ ਚੁੱਕਿਆ।"
ਜੱਜ ਨੇ ਅੱਗੇ ਕਿਹਾ, "ਜਦੋਂ ਸ਼ੈਰਨ ਰਾਜ ਆਪਣੀ ਮੌਤ ਨਾਲ ਜੂਝ ਰਿਹਾ ਸੀ ਤਾਂ ਉਸਨੇ ਮੈਜਿਸਟਰੇਟ ਨੂੰ ਬਿਆਨ ਦਿੱਤਾ ਕਿ ਉਸ ਨੂੰ ਕਰਿਸ਼ਮਾ ਨਾਲ ਕੋਈ ਸ਼ਿਕਾਇਤ ਨਹੀਂ ਹੈ ਕਿਉਂਕਿ ਉਹ ਉਸ ਨੂੰ ਸਜ਼ਾ ਨਹੀਂ ਦਿਵਾਉਣਾ ਚਾਹੁੰਦਾ ਸੀ। ਇਹ ਅਪਰਾਧ ਬਹੁਤ ਹੀ ਬੇਰਹਿਮ ਹੈ। ਇੱਕ ਮਾਸੂਮ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।"
ਉਨ੍ਹਾਂ ਅੱਗੇ ਕਿਹਾ, "ਸ਼ੈਰਨ, ਜਿਸ ਨੂੰ ਜ਼ਹਿਰ ਦਿੱਤਾ ਗਿਆ, ਉਸ ਦੀਆਂ ਕਿਡਨੀਆਂ, ਲੀਵਰ ਅਤੇ ਫੇਫੜੇ ਆਦਿ ਸਾਰੇ ਅੰਦਰਲੇ ਅੰਗ ਸੜ ਗਏ ਸਨ। ਉਹ 11 ਦਿਨਾਂ ਤੱਕ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਨਾਲ ਜੰਗ ਲੜਦਾ ਰਿਹਾ। ਉਸਦੇ ਸਰੀਰ ਵਿੱਚ ਇੰਨਾ ਦਰਦ ਸੀ ਕਿ ਉਹ ਇੱਕ ਬੂੰਦ ਪਾਣੀ ਵੀ ਨਹੀਂ ਪੀ ਸਕਿਆ।"
"ਦੋਸ਼ੀ ਨੇ ਕਾਲਜ ਦੇ ਇਸ ਵਿਦਿਆਰਥੀ ਦੁਆਰਾ ਦਿੱਤੇ ਗਏ ਸੱਚੇ, ਨਿਰਦੋਸ਼ ਪਿਆਰ ਨੂੰ ਧੋਖਾ ਦਿੱਤਾ ਹੈ। ਉਸ ਨੇ ਕਤਲ ਕੀਤਾ ਹੈ। ਜਿਸ ਨੇ ਪੂਰੇ ਸਮਾਜ ਦੀ ਜ਼ਮੀਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਨ੍ਹਾਂ ਸਾਰੀਆਂ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਮਾਮਲੇ ਨੂੰ ਦੁਰਲੱਭ ਮਾਮਲਿਆਂ ਵਿੱਚੋਂ ਸਭ ਤੋਂ ਦੁਰਲੱਭ ਮੰਨਿਆ ਜਾਂਦਾ ਹੈ ਅਤੇ ਦੋਸ਼ੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ।''
'ਮਾਂ ਦੀ ਅਰਦਾਸ ਸੱਚ ਹੋਈ'
ਕਤਲ ਕੀਤੇ ਗਏ ਸ਼ੈਰਨ ਰਾਜ ਦੇ ਭਰਾ ਡਾਕਟਰ ਸ਼ਿਮੋਨ ਰਾਜ ਨੇ ਕਿਹਾ ਕਿ ਉਹ ਫੈਸਲੇ ਦਾ ਸਵਾਗਤ ਕਰਦੇ ਹਨ।
ਬੀਬੀਸੀ ਤਮਿਲ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ, "ਅਸੀਂ ਸੋਚਿਆ ਸੀ ਕਿ ਦੋਸ਼ੀ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ। ਫੈਸਲਾ ਵੀ ਉਹੀ ਆਇਆ ਹੈ। ਇਸ ਲਈ ਇਹ ਸਾਡੇ ਲਈ ਰਾਹਤ ਦੀ ਗੱਲ ਹੈ। ਫੈਸਲਾ ਸੁਣਨ ਤੋਂ ਬਾਅਦ ਅੰਮਾ ਨੂੰ ਦਿਲਾਸਾ ਮਿਲਿਆ ਹੈ।"
ਉਨ੍ਹਾਂ ਕਿਹਾ, "ਇਹ ਦੁੱਖ ਕਦੇ ਘੱਟ ਨਹੀਂ ਹੋਵੇਗਾ ਕਿ ਸਾਡਾ ਭਰਾ ਹੁਣ ਸਾਡੇ ਨਾਲ ਨਹੀਂ ਹੈ। ਪਰ ਇਹ ਤੱਥ ਕਿ ਦੋਸ਼ੀ ਨੂੰ ਮੌਤ ਦੀ ਸਜ਼ਾ ਮਿਲੀ ਹੈ, ਸਾਡੇ ਲਈ ਬਹੁਤ ਵੱਡਾ ਦਿਲਾਸਾ ਹੈ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ