You’re viewing a text-only version of this website that uses less data. View the main version of the website including all images and videos.
ਆਰਜੀ ਕਰ ਹਸਪਤਾਲ ਬਲਾਤਕਾਰ ਤੇ ਕਤਲ ਮਾਮਲਾ: ਦੋਸ਼ੀ ਸੰਜੇ ਰਾਏ ਨੂੰ ਉਮਰ ਕੈਦ ਦੀ ਸਜ਼ਾ
- ਲੇਖਕ, ਸਲਮਾਨ ਰਾਵੀ
- ਰੋਲ, ਬੀਬੀਸੀ ਪੱਤਰਕਾਰ
ਸੋਮਵਾਰ ਨੂੰ ਅਦਾਲਤ ਨੇ ਆਰਜੀ ਕਰ ਹਸਪਤਾਲ ਵਿੱਚ ਇੱਕ ਟ੍ਰੇਨੀ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਸੰਜੇ ਰਾਏ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਅਦਾਲਤ ਨੇ ਨਾਲ ਹੀ ਦੋਸ਼ੀ ਨੂੰ 50 ਹਜ਼ਾਰ ਦਾ ਜ਼ੁਰਮਾਨਾ ਵੀ ਲਾਇਆ ਹੈ । ਅਦਾਲਤ ਵੱਲੋਂ ਪੀੜਤ ਪਰਿਵਾਰ ਨੂੰ 17 ਲੱਖ ਦੇ ਮੁਆਵਜ਼ੇ ਲਈ ਵੀ ਕਿਹਾ ਗਿਆ ਹੈ।
ਸਿਆਲਦਾਹ ਅਦਾਲਤ ਨੇ ਸ਼ਨੀਵਾਰ ਨੂੰ 33 ਸਾਲਾ ਰਾਏ ਨੂੰ ਪਿਛਲੇ ਸਾਲ 9 ਅਗਸਤ ਨੂੰ ਡਾਕਟਰ ਨਾਲ ਹੋਏ ਬਲਾਤਕਾਰ ਅਤੇ ਕਤਲ ਦਾ ਦੋਸ਼ੀ ਐਲਾਨਿਆ ਸੀ।
ਪਿਛਲੇ ਸਾਲ ਅਗਸਤ ਵਿੱਚ ਵਾਪਰੀ ਇਸ ਘਟਨਾ ਨੇ ਪੂਰੇ ਪੱਛਮੀ ਬੰਗਾਲ ਵਿੱਚ ਲੋਕ ਰੋਹ ਨੂੰ ਜਨਮ ਦਿੱਤਾ ਸੀ।
9 ਅਗਸਤ, 2024 ਨੂੰ, ਇੱਕ 31 ਸਾਲਾ ਮਹਿਲਾ ਟ੍ਰੇਨੀ ਡਾਕਟਰ ਦੀ ਲਾਸ਼ ਹਸਪਤਾਲ ਦੇ ਕਾਨਫਰੰਸ ਰੂਮ ਵਿੱਚ ਮਿਲੀ ਸੀ।
ਜਾਂਚ 'ਚ ਸਾਹਮਣੇ ਆਇਆ ਕਿ ਇਸ ਡਾਕਟਰ ਨਾਲ ਪਹਿਲਾਂ ਬਲਾਤਕਾਰ ਕੀਤਾ ਗਿਆ ਅਤੇ ਫਿਰ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ।
ਇਸ ਘਟਨਾ ਤੋਂ ਬਾਅਦ ਕੋਲਕਾਤਾ ਵਿੱਚ ਪ੍ਰਦਰਸ਼ਨ ਸ਼ੁਰੂ ਹੋ ਗਏ ਅਤੇ ਸੂਬੇ ਵਿੱਚ ਦੋ ਮਹੀਨਿਆਂ ਤੋਂ ਵੱਧ ਸਮੇਂ ਲਈ ਸਿਹਤ ਸੇਵਾਵਾਂ ਠੱਪ ਹੋ ਰਹੀਆਂ ਸਨ।
ਸ਼ਨੀਵਾਰ ਨੂੰ ਅਦਾਲਤ ਨੇ ਕੀ ਕਿਹਾ?
ਇਸ ਘਟਨਾ ਨੂੰ ਪੰਜ ਮਹੀਨੇ ਬੀਤ ਚੁੱਕੇ ਹਨ ਅਤੇ ਹੁਣ ਸ਼ਨੀਵਾਰ ਨੂੰ ਕੋਲਕਾਤਾ ਦੀ ਸਿਆਲਦਾਹ ਅਦਾਲਤ ਨੇ ਇਸ ਮਾਮਲੇ 'ਚ ਫ਼ੈਸਲਾ ਸੁਣਾਇਆ ਹੈ।
ਫ਼ੈਸਲਾ ਸੁਣਾਉਂਦੇ ਸਮੇਂ ਅਦਾਲਤ ਦੇ ਵਿਸ਼ੇਸ਼ ਜੱਜ ਅਨਿਰਬਾਨ ਦਾਸ ਨੇ ਸੰਜੇ ਰਾਏ ਵੱਲ ਦੇਖਦੇ ਹੋਏ ਕਿਹਾ ਕਿ ਉਨ੍ਹਾਂ ਖ਼ਿਲਾਫ਼ ਸੀਬੀਆਈ ਨੇ ਜਿਨਸੀ ਸ਼ੋਸ਼ਣ ਅਤੇ ਬਲਾਤਕਾਰ ਦੇ ਸਬੂਤ ਪੇਸ਼ ਕੀਤੇ ਹਨ, ਜਿਹੜੇ ਉਨਾਂ ਦਾ ਜੁਰਮ ਨੂੰ ਸਾਬਤ ਕਰਦੇ ਹਨ।
ਉਨ੍ਹਾਂ ਨੂੰ ਭਾਰਤੀ ਨਿਆਂ ਸੰਹਿਤਾ ਦੀ ਧਾਰਾ 64 ਅਤੇ 103 (1) ਤਹਿਤ ਦੋਸ਼ੀ ਪਾਇਆ ਗਿਆ ਹੈ।
ਅਦਾਲਤ ਨੇ ਕਿਹਾ ਕਿ ਇਸ ਮਾਮਲੇ 'ਚ ਸਜ਼ਾ ਸੋਮਵਾਰ ਨੂੰ ਸੁਣਾਈ ਜਾਵੇਗੀ, ਜਿਸ ਦੌਰਾਨ ਮੁਲਜ਼ਮ ਸੰਜੇ ਰਾਏ ਨੂੰ ਅਦਾਲਤ 'ਚ ਹਾਜ਼ਰ ਰਹਿਣਾ ਪਵੇਗਾ।
ਇਸ ਮਾਮਲੇ ਵਿੱਚ ਸੀਬੀਆਈ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਸੰਦੀਪ ਘੋਸ਼ ਅਤੇ ਸਥਾਨਕ ਟਾਲਾ ਪੁਲਿਸ ਸਟੇਸ਼ਨ ਦੇ ਇੰਚਾਰਜ ਅਭਿਜੀਤ ਮੰਡਲ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਨਹੀਂ ਕਰ ਸਕੀ, ਜਿਸ ਕਾਰਨ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਹੈ।
ਪਰ ਮ੍ਰਿਤਕ ਡਾਕਟਰ ਦੇ ਮਾਪਿਆਂ ਨੇ ਸੀਬੀਆਈ ਜਾਂਚ ਨੂੰ ਲੈ ਕੇ ਅਸੰਤੁਸ਼ਟੀ ਪ੍ਰਗਟਾਈ ਹੈ ਅਤੇ ਉਨ੍ਹਾਂ ਨੇ ਮਾਮਲੇ ਦੀ ਸੁਣਵਾਈ ਕਰ ਰਹੇ ਸੁਪਰੀਮ ਕੋਰਟ ਅਤੇ ਕਲਕੱਤਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ।
ਇਸ ਪਟੀਸ਼ਨ ਵਿੱਚ ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਸਿਆਲਦਾਹ ਦੀ ਵਿਸ਼ੇਸ਼ ਅਦਾਲਤ ਨੂੰ ਇਸ ਮਾਮਲੇ ਵਿੱਚ ਸਜ਼ਾ ਸੁਣਾਉਣ ਤੋਂ ਰੋਕਿਆ ਜਾਵੇ ਅਤੇ ਪੂਰੇ ਮਾਮਲੇ ਦੀ ਨਵੇਂ ਸਿਰਿਓਂ ਜਾਂਚ ਕੀਤੀ ਜਾਵੇ।
ਕੋਲਕਾਤਾ ਬਲਾਤਕਾਰ-ਕਤਲ ਮਾਮਲੇ ਨਾਲ ਜੁੜੀਆਂ ਕੁਝ ਅਹਿਮ ਤਾਰੀਖਾਂ 'ਤੇ ਇੱਕ ਨਜ਼ਰ ਮਾਰਦੇ ਹਾਂ।
ਕਦੋਂ ਕੀ ਹੋਇਆ
9 ਅਗਸਤ, 2024
ਟ੍ਰੇਨੀ ਮਹਿਲਾ ਡਾਕਟਰ ਦੀ ਲਾਸ਼ ਸਵੇਰੇ ਸੈਮੀਨਾਰ ਹਾਲ ਵਿੱਚੋਂ ਮਿਲੀ। ਡਾਕਟਰ ਦਾ ਬਲਾਤਕਾਰ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ।
ਰਾਤ ਦਾ ਖਾਣਾ ਖਾ ਕੇ ਡਾਕਟਰ ਸੈਮੀਨਾਰ ਹਾਲ ਵਿੱਚ ਸੌਂ ਗਈ ਸੀ।
ਪੁਲਿਸ ਮੁਤਾਬਕ ਬਲਾਤਕਾਰ ਅਤੇ ਕਤਲ ਦੀ ਇਹ ਘਟਨਾ ਰਾਤ 3 ਵਜੇ ਤੋਂ ਸਵੇਰੇ 6 ਵਜੇ ਦੇ ਦਰਮਿਆਨ ਵਾਪਰੀ। ਇਸ ਤੋਂ ਬਾਅਦ ਡਾਕਟਰਾਂ ਨੇ ਇਸ ਘਟਨਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
10 ਅਗਸਤ, 2024
ਪੁਲਿਸ ਨੇ ਟਾਸਕ ਫੋਰਸ ਬਣਾਈ ਹੈ। ਜਾਂਚ ਸ਼ੁਰੂ ਹੋਣ ਦੇ ਛੇ ਘੰਟਿਆਂ ਦੇ ਅੰਦਰ ਹੀ ਮੁਲਜ਼ਮ ਸੰਜੇ ਰਾਏ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਸੀਸੀਟੀਵੀ ਤੋਂ ਇਲਾਵਾ ਪੁਲਿਸ ਨੂੰ ਸੈਮੀਨਾਰ ਹਾਲ ਵਿੱਚੋਂ ਇੱਕ ਟੁੱਟਿਆ ਬਲੂਟੁੱਥ ਈਅਰਫ਼ੋਨ ਮਿਲਿਆ ਸੀ। ਇਹ ਮੁਲਜ਼ਮ ਦੇ ਫ਼ੋਨ ਨਾਲ ਜੁੜਿਆ ਹੋਇਆ ਸੀ।
ਇਸ ਦੇ ਜ਼ਰੀਏ ਪੁਲਿਸ ਸੰਜੇ ਨੂੰ ਗ੍ਰਿਫ਼ਤਾਰ ਕਰਨ 'ਚ ਸਫਲ ਰਹੀ।
12 ਅਗਸਤ, 2024
ਮੈਡੀਕਲ ਕਾਲਜ ਦੇ ਪ੍ਰਿੰਸੀਪਲ ਸੰਦੀਪ ਘੋਸ਼ ਨੇ ਅਸਤੀਫ਼ਾ ਦਿੱਤਾ
13 ਅਗਸਤ, 2024
ਕੋਲਕਾਤਾ ਹਾਈ ਕੋਰਟ ਨੇ ਕਿਹਾ ਕਿ ਮਾਮਲੇ ਦੀ ਜਾਂਚ ਸਹੀ ਢੰਗ ਨਾਲ ਨਹੀਂ ਹੋਈ ਅਤੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ।
15 ਅਗਸਤ, 2024
14 ਅਤੇ 15 ਅਗਸਤ ਦੀ ਦਰਮਿਆਨੀ ਰਾਤ ਨੂੰ ਕੋਲਕਾਤਾ ਸ਼ਣੇ ਕਈ ਥਾਵਾਂ ਉੱਤੇ ਮਹਿਲਾ ਸੰਗਠਨਾਂ ਅਤੇ ਸਿਵਲ ਸੁਸਾਇਟੀ ਨਾਲ ਜੁੜੇ ਲੋਕਾਂ ਨੇ 'ਰੀਕਲੇਮ ਦਾ ਨਾਈਟ' ਦਾ ਨਾਅਰਾ ਦਿੱਤਾ ਅਤੇ ਔਰਤਾਂ ਨੂੰ ਸੜਕਾਂ 'ਤੇ ਆਉਣ ਦਾ ਸੱਦਾ ਦਿੱਤਾ।
14-15 ਅਗਸਤ ਦੀ ਰਾਤ ਨੂੰ ਆਰਜੀ ਕਰ ਹਸਪਤਾਲ ਵਿੱਚ ਡਾਕਟਰਾਂ ਦੇ ਧਰਨੇ ਵਾਲੀ ਥਾਂ 'ਤੇ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ।
16 ਅਗਸਤ, 2024
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖ਼ੁਦ ਸੜਕ 'ਤੇ ਮਾਰਚ ਕੱਢਿਆ। ਇਸ ਮਾਰਚ ਦੀ ਭਾਜਪਾ ਅਤੇ ਕਈ ਹੋਰ ਲੋਕਾਂ ਵੱਲੋਂ ਆਲੋਚਨਾ ਕੀਤੀ ਗਈ।
ਸੁਪਰੀਮ ਕੋਰਟ ਨੇ ਖ਼ੁਦ ਨੋਟਿਸ ਲਿਆ
20 ਅਗਸਤ, 2024
ਸੁਪਰੀਮ ਕੋਰਟ ਨੇ ਕੋਲਕਾਤਾ ਰੇਪ-ਕਤਲ ਮਾਮਲੇ 'ਤੇ ਖ਼ੁਦ ਨੋਟਿਸ ਲੈਂਦਿਆਂ ਸੁਣਵਾਈ ਕੀਤੀ। ਸੁਪਰੀਮ ਕੋਰਟ ਨੇ ਦੇਸ਼ ਭਰ ਵਿੱਚ ਡਾਕਟਰਾਂ ਅਤੇ ਮੈਡੀਕਲ ਸਟਾਫ਼ ਲਈ ਸੁਰੱਖਿਆ ਪ੍ਰਬੰਧਾਂ ਦੀ ਘਾਟ 'ਤੇ ਚਿੰਤਾ ਪ੍ਰਗਟ ਕਰਾਈ ਅਤੇ ਇੱਕ ਕੌਮੀ ਟਾਸਕ ਫੋਰਸ ਦਾ ਗਠਨ ਕੀਤਾ।
21 ਅਗਸਤ, 2024
ਆਰਜੀ ਕਰ ਮੈਡੀਕਲ ਕਾਲਜ ਦੀ ਸੁਰੱਖਿਆ ਸੀਆਈਐੱਸਐੱਫ਼ ਨੇ ਸੰਭਾਲੀ।
22 ਅਗਸਤ, 2024
ਡਾਕਟਰਾਂ ਨੇ 11 ਦਿਨਾਂ ਬਾਅਦ ਆਪਣੀ ਹੜਤਾਲ ਵਾਪਸ ਲੈ ਲਈ ਹੈ।
27 ਅਗਸਤ, 2024
ਵਿਦਿਆਰਥੀਆਂ ਨੇ ਡਾਕਟਰ ਦੇ ਬਲਾਤਕਾਰ ਅਤੇ ਕਤਲ ਕੇਸ ਦੇ ਖ਼ਿਲਾਫ਼ ਸੂਬਾ ਸਕੱਤਰੇਤ ਯਾਨੀ 'ਨਬਾਨ ਭਵਨ' ਤੱਕ ਰੋਸ ਮਾਰਚ ਕਰਨ ਦੀ ਅਪੀਲ ਕੀਤੀ।
ਇਸ ਰੋਸ ਮਾਰਚ ਦੌਰਾਨ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਅਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਝੜਪ ਵੀ ਹੋਈ।
ਨਵੀਂ ਵਿਦਿਆਰਥੀ ਜਥੇਬੰਦੀ 'ਪੱਛਮ ਬੰਗ ਛਾਤਰ ਸਮਾਜ' ਨੇ ਇਸ ਰੋਸ ਮਾਰਚ ਨੂੰ 'ਨਬਾਨ ਅਭਿਆਨ' ਦਾ ਨਾਂ ਦਿੱਤਾ ਸੀ।
ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਸਤੀਫ਼ੀ ਦੀ ਮੰਗ ਕੀਤੀ।
28 ਅਗਸਤ, 2024
ਵਿਰੋਧ ਪ੍ਰਦਰਸ਼ਨਾਂ ਦੌਰਾਨ ਤਾਕਤ ਦੀ ਵਰਤੋਂ ਅਤੇ ਵਿਦਿਆਰਥੀਆਂ ਦੀਆਂ ਗ੍ਰਿਫ਼ਤਾਰੀਆਂ ਦੇ ਖ਼ਿਲਾਫ਼ ਭਾਜਪਾ ਨੇ 12 ਘੰਟੇ ਦੇ ਬੰਗਾਲ ਬੰਦ ਦਾ ਸੱਦਾ ਦਿੱਤਾ ਹੈ।
ਸੱਤਾਧਾਰੀ ਟੀਐੱਮਸੀ ਨੇ ਇਲਜ਼ਾਮ ਲਾਇਆ ਕਿ ਭਾਜਪਾ ਸੂਬੇ ਵਿੱਚ 'ਅਰਾਜਕਤਾ' ਪੈਦਾ ਕਰਨਾ ਚਾਹੁੰਦੀ ਹੈ।
ਪੱਛਮੀ ਬੰਗਾਲ ਵਿੱਚ ਨਵਾਂ ਕਾਨੂੰਨ
2 ਸਤੰਬਰ, 2024
ਸੀਬੀਆਈ ਨੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਾਬਕਾ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਹਸਪਤਾਲ ਦੇ ਦੋ ਸਪਲਾਈ ਠੇਕੇਦਾਰ, ਬਿਪਲਬ ਸਿੰਘਾ ਅਤੇ ਸੁਮਨ ਹਾਜ਼ਰਾ ਤੋਂ ਇਲਾਵਾ ਸੰਦੀਪ ਘੋਸ਼ ਦੇ ਬਾਡੀਗਾਰਡ ਅਫ਼ਸਰ ਅਲੀ ਖਾਨ ਸ਼ਾਮਲ ਹਨ।
ਇਸ ਤੋਂ ਇਲਾਵਾ, ਸਥਾਨਕ ਟਾਲਾ ਪੁਲਿਸ ਸਟੇਸ਼ਨ ਦੇ ਇੰਚਾਰਜ ਅਭਿਜੀਤ ਮੰਡਲ ਨੂੰ ਸੀਬੀਆਈ ਨੇ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕਰਨ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ।
3 ਸਤੰਬਰ, 2024
ਘਟਨਾ ਦੇ ਇੱਕ ਮਹੀਨੇ ਦੇ ਅੰਦਰ, ਪੱਛਮੀ ਬੰਗਾਲ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਅਪਰਾਜਿਤਾ ਮਹਿਲਾ ਅਤੇ ਬਾਲ (ਪੱਛਮੀ ਬੰਗਾਲ ਅਪਰਾਧਿਕ ਕਾਨੂੰਨ ਸੋਧ) ਬਿੱਲ, 2024 ਨੂੰ ਪਾਸ ਕਰ ਦਿੱਤਾ।
ਇਸ ਬਿੱਲ ਵਿੱਚ ਔਰਤਾਂ ਦੇ ਖ਼ਿਲਾਫ਼ ਹੋਣ ਵਾਲੇ ਅਪਰਾਧਾਂ ਨੂੰ ਲੈ ਕੇ ਭਾਰਤੀ ਨਿਆਂ ਕੋਡ, 2023, (ਬੀਐੱਨਐੱਸ), ਭਾਰਤੀ ਸਿਵਲ ਸੁਰੱਖਿਆ ਕੋਡ, 2023 (ਬੀਐੱਨਐੱਸ) ਅਤੇ ਬੱਚਿਆਂ ਨੂੰ ਜਿਣਸੀ ਅਪਰਾਧਾਂ ਤੋਂ ਬਚਾਉਣ ਲਈ ਪੋਕਸੇ ਕਾਨੂੰਨ, 2012 ਵਿੱਚ ਸੋਧ ਕੀਤੇ ਗਏ ਹਨ।
8 ਸਤੰਬਰ, 2024
ਮਮਤਾ ਸਰਕਾਰ ਨੂੰ ਇਸ ਮਾਮਲੇ ਵਿੱਚ ਆਪਣੇ ਆਗੂਆਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ।
ਰਾਜ ਸਭਾ ਵਿੱਚ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਜਵਾਹਰ ਸਰਕਾਰ ਨੇ ਆਰਜੀ ਕਾਰ ਹਸਪਤਾਲ ਬਲਾਤਕਾਰ-ਕਤਲ ਮਾਮਲੇ ਤੋਂ ਬਾਅਦ ਹੋਏ ਜਨਤਕ ਅੰਦੋਲਨ ਦੇ ਮੱਦੇਨਜ਼ਰ, ਮਮਤਾ ਬੈਨਰਜੀ ਨੂੰ ਇੱਕ ਪੱਤਰ ਲਿਖਿਆ ਅਤੇ ਆਪਣਾ ਅਸਤੀਫ਼ਾ ਪੇਸ਼ ਕੀਤਾ।
14 ਸਤੰਬਰ, 2024
ਅੰਦੋਲਨ ਅਤੇ ਪ੍ਰਦਰਸ਼ਨ ਦੇ ਕਰੀਬ ਇੱਕ ਮਹੀਨੇ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹੜਤਾਲ ਕਰ ਰਹੇ ਡਾਕਟਰਾਂ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਵਿਦਿਆਰਥੀਆਂ ਦੀਆਂ ਮੰਗਾਂ ʼਤੇ ਗ਼ੌਰ ਕਰਨ ਨੂੰ ਕਿਹਾ ਅਤੇ ਇਸ ʼਤੇ ਕਾਰਵਾਈ ਕਰਨ ਨੂੰ ਲੈ ਕੇ ਸਮਾਂ ਮੰਗਿਆ।
17 ਸਤੰਬਰ, 2024
ਕੋਲਕਾਤਾ ਕੇ ਪੁਲਿਸ ਕਮਿਸ਼ਨਰ ਵਿਨੀਤ ਗੋਇਲ ਨੂੰ ਰਾਜ ਸਰਕਾਰ ਨੇ ਉਨ੍ਹਾਂ ਦੇ ਅਹੁਦੇ ਨਾਲ ਤਬਦੀਲ ਕਰ ਦਿੱਤਾ।
7 ਅਕਤੂਬਰ, 2024
ਸੀਬੀਆਈ ਨੇ 7 ਅਕਤੂਬਰ ਨੂੰ ਹੀ ਮੁੱਖ ਦੋਸ਼ੀ ਸੰਜੇ ਰਾਏ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ।
13 ਦਸੰਬਰ, 2024
ਤਤਕਾਲੀ ਪ੍ਰਿੰਸੀਪਲ ਸੰਦੀਪ ਘੋਸ਼ ਅਤੇ ਮਾਮਲੇ ਵਿੱਚ ਮੁਲਜ਼ਮ ਬਣਾਏ ਗਏ ਕੋਲਕਾਤਾ ਦੇ ਟਾਲਾ ਪੁਲਿਸ ਸਟੇਸ਼ਨ ਇੰਚਾਰਜ ਅਭਿਜੀਤ ਮੰਡਲ ਨੂੰ ਜ਼ਮਾਨਤ ਮਿਲ ਗਈ।
ਡਾਕਟਰਾਂ ਦੀਆਂ ਮੰਗਾਂ
ਸਤੰਬਰ ਵਿੱਚ ਜਦੋਂ ਵਿਦਿਆਰਥੀ, ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਮਿਲੇ ਸਨ, ਤਾਂ ਮੁੱਖ ਮੰਤਰੀ ਦਫ਼ਤਰ ਨੇ ਅੰਦੋਲਨਕਾਰੀਆਂ ਵੱਲੋਂ ਸਰਕਾਰ ਕੋਲ ਰੱਖੀਆਂ ਮੰਗਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ।
ਉਨ੍ਹਾਂ ਦੇ ਅਨੁਸਾਰ-
ਪੱਛਮੀ ਬੰਗਾਲ ਜੂਨੀਅਰ ਡਾਕਟਰਜ਼ ਫਰੰਟ (ਡਬਲਿਊਬੀਜੇਡੀਐੱਫ) ਦੀ ਪਹਿਲੀ ਮੰਗ ਸੀਬੀਆਈ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ। ਸੂਬਾ ਸਰਕਾਰ ਜਾਂਚ ਪੂਰੀ ਕਰਨ ਅਤੇ ਪੀੜਤ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਮਦਦ ਕਰੇਗੀ।
ਕੋਲਕਾਤਾ ਪੁਲਿਸ ਵਿਰੁੱਧ ਕਾਰਵਾਈ ਦੀ ਮੰਗ ਦੇ ਮੱਦੇਨਜ਼ਰ, ਪੁਲਿਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਉੱਤਰੀ ਦਾ ਤਬਾਦਲਾ ਕੀਤਾ ਜਾਵੇਗਾ।
ਸਿਹਤ ਸੇਵਾਵਾਂ ਦੇ ਮੌਜੂਦਾ ਡੀਐੱਮਈ ਅਤੇ ਡੀਐੱਚਐੱਸ ਨੂੰ ਵੀ ਤਬਦੀਲ ਕੀਤਾ ਜਾਵੇਗਾ।
ਹਸਪਤਾਲ ਵਿੱਚ ਸੀਸੀਟੀਵੀ, ਵਾਸ਼ਰੂਮ ਆਦਿ ਲਈ 100 ਕਰੋੜ ਰੁਪਏ ਦਾ ਫੰਡ ਮਨਜ਼ੂਰ ਕੀਤਾ ਗਿਆ ਹੈ।
ਡਬਲਿਊਬੀਜੇਡੀਐੱਫ ਦੇ ਨੁਮਾਇੰਦਿਆਂ ਨੇ ਡੀਸੀ ਸੈਂਟਰਲ ਵਿਖੇ ਕੋਈ ਅਨੁਸ਼ਾਸਨੀ ਕਾਰਵਾਈ ਨਾ ਕੀਤੇ ਜਾਣ ਅਤੇ ਸਿਹਤ ਸਕੱਤਰ ਦਾ ਤਬਾਦਲਾ ਨਾ ਕੀਤੇ ਜਾਣ 'ਤੇ ਅਸਹਿਮਤੀ ਪ੍ਰਗਟ ਕੀਤੀ।
ਇਸ ਦੌਰਾਨ, ਦਸੰਬਰ 2024 ਵਿੱਚ, ਪੀੜਤ ਦੇ ਪਿਤਾ ਨੇ ਹਾਈ ਕੋਰਟ ਵਿੱਚ ਇੱਕ ਹੋਰ ਪਟੀਸ਼ਨ ਦਾਇਰ ਕੀਤੀ। ਉਨ੍ਹਾਂ ਕਿਹਾ ਕਿ ਸੀਬੀਆਈ ਨੇ ਅਜੇ ਤੱਕ ਇਸ ਮਾਮਲੇ ਵਿੱਚ ਉਨ੍ਹਾਂ ਦੀ ਪਤਨੀ ਦਾ ਬਿਆਨ ਦਰਜ ਨਹੀਂ ਕੀਤਾ ਹੈ। ਨਾ ਹੀ ਉਨ੍ਹਾਂ ਦੀ ਅਦਾਲਤ ਵਿੱਚ ਗਵਾਹੀ ਹੋਈ ਹੈ।
ਸੀਬੀਆਈ ਵੱਲੋਂ ਦਰਜ ਕੀਤੇ ਗਏ ਮਾਮਲੇ ਵਿੱਚ ਕੁੱਲ 123 ਗਵਾਹਾਂ ਦੇ ਨਾਮ ਹਨ। ਪਰ ਇਨ੍ਹਾਂ ਵਿੱਚੋਂ, ਦਸੰਬਰ 2024 ਦੇ ਆਖ਼ਰੀ ਹਫ਼ਤੇ ਤੱਕ ਅਧਿਕਾਰੀਆਂ ਸਮੇਤ ਸਿਰਫ਼ 50 ਲੋਕਾਂ ਦੀ ਹੀ ਗਵਾਹੀ ਹੋ ਸਕੀ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ