ਪੰਜਾਬ: ਤਿੰਨ ਕੁੜੀਆਂ ਦੇ ਮੂੰਹ ਕਾਲੇ ਕਰਨ ਅਤੇ ਗਲ਼ਾਂ ਵਿੱਚ 'ਮੈਂ ਚੋਰ ਹਾਂ' ਦੀਆਂ ਤਖ਼ਤੀਆਂ ਪਾਉਣ ਦਾ ਮਾਮਲਾ ਕੀ ਹੈ

    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਲੁਧਿਆਣਾ ਵਿੱਚ ਇੱਕੋ ਪਰਿਵਾਰ ਦੇ ਪੰਜ ਜੀਆਂ ਦੇ ਮੂੰਹ ਕਾਲੇ ਕਰ ਕੇ ਅਤੇ ਗਲੇ ਵਿੱਚ 'ਮੈਂ ਚੋਰ ਹਾਂ' ਦੀਆਂ ਤਖ਼ਤੀਆਂ ਪਾ ਕੇ ਗਲੀਆਂ ਵਿੱਚ ਘੁਮਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਨ੍ਹਾਂ ਪਰਿਵਾਰਕ ਮੈਂਬਰਾਂ ਵਿੱਚ ਤਿੰਨ ਨੌਜਵਾਨ ਕੁੜੀਆਂ, ਇੱਕ ਉਨ੍ਹਾਂ ਦੀ ਭੂਆ ਅਤੇ ਇੱਕ ਉਨ੍ਹਾਂ ਦਾ ਚਚੇਰਾ ਭਰਾ ਸ਼ਾਮਿਲ ਹੈ।

ਦਰਅਸਲ ਇਹ ਪਰਿਵਾਰ ਲੁਧਿਆਣਾ ਵਿੱਚ ਬਹਾਦਰਕੇ ਰੋਡ ਉੱਤੇ ਸਥਿਤ ਗੁਰਪ੍ਰੀਤ ਵਿਹਾਰ ਵਿੱਚ ਮੌਜੂਦ ਇੱਕ ਹੋਜਰੀ ਫੈਕਟਰੀ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਮਜ਼ਦੂਰੀ ਕਰਦਾ ਸੀ।

ਫੈਕਟਰੀ ਦੀ ਮੈਨੇਜਮੈਂਟ ਨੂੰ ਸ਼ੱਕ ਸੀ ਕਿ ਇਹ ਪਰਿਵਾਰਕ ਮੈਂਬਰ ਫੈਕਟਰੀ ਵਿੱਚੋਂ ਚੋਰੀ ਕਰਦੇ ਹਨ।

ਇਸੇ ਸ਼ੱਕ ਤਹਿਤ ਫੈਕਟਰੀ ਦੀ ਮੈਨੇਜਮੈਂਟ ਨੇ ਮੰਗਲਵਾਰ ਨੂੰ ਕਥਿਤ ਤੌਰ ਉੱਤੇ ਇਨ੍ਹਾਂ ਦਾ ਮੂੰਹ ਕਾਲਾ ਕਰ ਕੇ ਅਤੇ ਗਲ਼ੇ ਵਿੱਚ ʻਮੈਂ ਚੋਰ ਹਾਂ ਦੀਆਂ ਤਖ਼ਤੀਆਂʼ ਪਾ ਗਲ਼ੀਆਂ ਵਿੱਚ ਪੀੜਤਾਂ ਦੀ ਪਰੇਡ ਕਰਵਾਈ।

ਇਸ ਸਾਰੀ ਪਰੇਡ ਨੂੰ ਕੈਮਰੇ ਵਿੱਚ ਕੈਦ ਵੀ ਕੀਤਾ ਗਿਆ ਅਤੇ ਮਗਰੋਂ ਅੱਜ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ।

ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਪੁਲਿਸ ਨੇ ਫੈਕਟਰੀ ਦੇ ਮਾਲਕ, ਮੈਨੇਜਰ ਅਤੇ ਇੱਕ ਵਰਕਰ ਦੇ ਖ਼ਿਲਾਫ਼ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੀੜਤ ਦਾ ਵਿਆਹ

ਪੁਲਿਸ ਮੁਤਾਬਕ ਜਿੰਨਾ ਪੀੜਤਾਂ ਦੇ ਮੂੰਹ ਕਾਲੇ ਕਰ ਕੇ ਪਰੇਡ ਕਰਵਾਈ ਗਈ ਉਨ੍ਹਾਂ ਵਿੱਚੋਂ ਇੱਕ ਪੀੜਤ ਦਾ ਇਸੇ ਹੀ ਮਹੀਨੇ ਵਿਆਹ ਬੰਨਿਆ ਹੋਇਆ ਹੈ।

ਥਾਣਾ ਬਸਤੀ ਜੋਧਵਾਲ ਦੇ ਐੱਸਐੱਚਓ ਜਸਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਘਟਨਾ ਦੀ ਜਾਣਕਾਰੀ ਮਿਲੀ ਸੀ। ਉਨ੍ਹਾਂ ਨੇ ਮਾਮਲੇ ਵਿੱਚ ਬਣਦੀ ਕਾਰਵਾਈ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਨਾਂ ਨੇ ਥਾਣੇ ਵਿੱਚ ਕੇਸ ਦਰਜ ਕਰ ਲਿਆ ਹੈ।

ਉਨ੍ਹਾਂ ਨੇ ਦੱਸਿਆ, "ਸਾਨੂੰ ਜਾਣਕਾਰੀ ਮਿਲੀ ਸੀ ਕਿ ਕੁੜੀਆਂ ਦੇ ਮੂੰਹ ਉੱਤੇ ਕਾਲਖ਼ ਮਲ ਕੇ ਗਲ਼ ਵਿੱਚ 'ਮੈਂ ਚੋਰ ਹਾਂ' ਦੀਆਂ ਤਖ਼ਤੀਆਂ ਪਾ ਕੇ ਬੇਇੱਜ਼ਤ ਕੀਤਾ ਗਿਆ ਹੈ। ਪੀੜਤ ਬਹਾਦਰਕੇ ਰੋਡ ਉੱਤੇ ਪੈਂਦੇ ਗੁਰਪ੍ਰੀਤ ਵਿਹਾਰ ਵਿੱਚ ਸਥਿਤ ਇੱਕ ਫੈਕਟਰੀ ਵਿੱਚ ਕੰਮ ਕਰਦੀਆਂ ਸਨ। ਕੁੜੀਆਂ ਇੱਥੇ ਪਿਛਲੇ ਚਾਰ ਪੰਜ ਮਹੀਨੇ ਤੋਂ ਕੱਪੜੇ ਪੈਕ ਕਰਨ ਦਾ ਕੰਮ ਕਰ ਰਹੀਆਂ ਸਨ।"

ਐੱਸਐੱਚਓ ਨੇ ਕਿਹਾ, "ਫੈਕਟਰੀ ਮਾਲਕਾਂ ਨੂੰ ਸ਼ੱਕ ਸੀ ਕਿ ਕੁੜੀਆਂ ਫੈਕਟਰੀ ਵਿੱਚੋਂ ਕੱਪੜੇ ਚੋਰੀ ਕਰਦੀਆਂ ਹਨ। ਇਸ ਸ਼ੱਕ ਦੇ ਅਧਾਰ ਉੱਤੇ ਉਨ੍ਹਾਂ ਨੇ ਕੁੜੀਆਂ ਦੀ ਕੁੱਟਮਾਰ ਕੀਤੀ। ਉਨ੍ਹਾਂ ਦੇ ਮੂੰਹ ਉੱਤੇ ਕਾਲਖ਼ ਮਲੀ, ਗਲਾਂ ਵਿੱਚ ਤਖ਼ਤੀਆਂ ਪਾਈਆਂ ਅਤੇ ਗਲੀਆਂ ਵਿੱਚ ਘੁਮਾ ਕੇ ਉਨ੍ਹਾਂ ਨੂੰ ਬੇਇਜ਼ਤ ਕੀਤਾ।"

ਹੁਣ ਤੱਕ ਕੀ ਕਾਰਵਾਈ ਹੋਈ

ਥਾਣਾ ਮੁਖੀ ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਖ਼ਤ ਕੇਸ ਦਰਜ ਕਰ ਲਿਆ ਹੈ। ਇਹ ਕੇਸ ਫੈਕਟਰੀ ਦੇ ਮਾਲਕ, ਮੈਨੇਜਰ ਅਤੇ ਇੱਕ ਵਰਕਰ ਦੇ ਖ਼ਿਲਾਫ਼ ਦਰਜ ਕੀਤਾ ਗਿਆ ਹੈ।

ਪੁਲਿਸ ਨੇ ਹੁਣ ਫੈਕਟਰੀ ਦੇ ਮੈਨੇਜਰ ਅਤੇ ਇੱਕ ਵਰਕਰ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਜਦਕਿ ਫੈਕਟਰੀ ਦਾ ਮਾਲਕ ਫਰਾਰ ਹੈ।

ਥਾਣਾ ਮੁਖੀ ਨੇ ਦੱਸਿਆ ਕਿ ਫੈਕਟਰੀ ਦੇ ਮਾਲਕ ਦਾ ਨਾਮ ਪਰਵਿੰਦਰ ਸਿੰਘ ਹੈ ਅਤੇ ਉਹ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ।

ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

ਘਟਨਾ ਦੀ ਵੀਡੀਓ ਵਾਇਰਲ ਹੋਣ ਦੇ ਤੁਰੰਤ ਬਾਅਦ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਮਾਮਲੇ ਦਾ ਸੂ ਮੋਟੋ ਨੋਟਿਸ ਲਿਆ ਹੈ।

ਮਹਿਲਾ ਕਮਿਸ਼ਨ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ ਕਰਦਿਆਂ ਕਿਸੇ ਸੀਨੀਅਰ ਅਧਿਕਾਰੀ ਤੋਂ ਘਟਨਾ ਦੀ ਪੜਤਾਲ ਕਰਵਾਉਣ ਅਤੇ ਦੋ ਦਿਨ ਦੇ ਅੰਦਰ ਰਿਪੋਰਟ ਭੇਜਣ ਲਈ ਕਿਹਾ ਹੈ।

ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਨੋਟਿਸ ਵਿੱਚ ਲਿਖਿਆ ਹੈ ਕਿ ਉਹ "ਪੰਜਾਬ ਰਾਜ ਮਹਿਲਾ ਕਮਿਸ਼ਨ ਐਕਟ, 2001" ਦੀ ਧਾਰਾ 12 ਅਧੀਨ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਔਰਤਾਂ ਦੇ ਅਧਿਕਾਰਾਂ, ਸਨਮਾਨ ਅਤੇ ਸੁਰੱਖਿਆ ਦੀ ਉਲੰਘਣਾ ਨਾਲ ਸਬੰਧਤ ਮਾਮਲਿਆ ਉੱਤੇ ਸੋ-ਮੋਟੋ ਨੋਟਿਸ ਲੈ ਸਕਦਾ ਹੈ।"

"ਕਮਿਸ਼ਨ ਵੱਲੋਂ ਅਜਿਹੇ ਮਾਮਲਿਆਂ ਨੂੰ ਬੜੇ ਹੀ ਗੰਭੀਰਤਾ ਨਾਲ ਵਿਚਾਰਿਆ ਜਾਂਦਾ ਹੈ ਅਤੇ ਕਮਿਸ਼ਨ ਇਹ ਯਕੀਨੀ ਬਣਾਉਣ ਲਈ ਵਚਨਬੱਧ ਕਿ ਪੰਜਾਬ ਵਿੱਚ ਔਰਤਾਂ ਦੇ ਅਧਿਕਾਰ, ਮਾਣ ਅਤੇ ਰੁਤਬੇ ਦੀ ਸੁਰੱਖਿਆ ਹੋਵੇ।"

ਇਸ ਲਈ ਪੰਜਾਬ ਰਾਜ ਔਰਤ ਕਮਿਸ਼ਨ ਵੱਲੋਂ "ਔਰਤਾਂ ਲਈ ਪੰਜਾਬ ਰਾਜ ਕਮਿਸ਼ਨ ਐਕਟ, 2001" ਤਹਿਤ ਸੂਓ-ਮੋਟੋ ਲੈਂਦਿਆਂ ਹੋਇਆਂ ਚੇਅਰਪਰਸਨ, ਪੰਜਾਬ ਰਾਜ ਔਰਤ ਕਮਿਸ਼ਨ ਵੱਲੋਂ ਆਦੇਸ਼ ਪ੍ਰਾਪਤ ਹੋਏ ਹਨ ਕਿ 'ਇਸ ਮਾਮਲੇ ਵਿੱਚ ਦਰਜ ਕੇਸ ਤੇ ਤੁਰੰਤ ਕਿਸੇ ਸੀਨੀਅਰ ਅਧਿਕਾਰੀ ਤੋਂ ਪੜਤਾਲ ਕਾਰਵਾਈ ਕਰਵਾਈ ਜਾਵੇ ਅਤੇ ਕੀਤੀ ਗਈ ਕਾਰਵਾਈ ਸਬੰਧੀ ਕਮਿਸ਼ਨ ਨੂੰ ਮਿਤੀ 23.01.2025 ਤੱਕ ਸਟੇਟਸ ਰਿਪੋਰਟ ਭੇਜਣੀ ਯਕੀਨੀ ਬਣਾਈ ਜਾਵੇ ਤਾਂ ਜੋ ਉਸ ਅਨੁਸਾਰ ਇਸ ਕੇਸ ਤੇ ਅਗਲੇਰੀ ਕਾਰਵਾਈ ਕੀਤੀ ਜਾ ਸਕੇ।'

ਫੈਕਟਰੀ ਦੇ ਪ੍ਰਬੰਧਕਾਂ ਨੇ ਕੀ ਇਲਜ਼ਾਮ ਲਗਾਏ

ਫੈਕਟਰੀ ਦੀ ਦੇਖਭਾਲ ਕਰਨ ਵਾਲੇ ਮਨਪ੍ਰੀਤ ਸਿੰਘ ਨੇ ਇਲਜ਼ਾਮ ਲਗਾਏ ਕਿ ਉਨਾਂ ਦੀ ਫੈਕਟਰੀ ਵਿੱਚੋਂ ਮਾਲ ਚੋਰੀ ਹੋ ਰਿਹਾ ਸੀ ਅਤੇ ਇਹ ਚੋਰੀ ਹੋ ਰਿਹਾ ਮਾਲ ਪੀੜਤਾਂ ਦੇ ਘਰੋਂ ਮਿਲਿਆ ਹੈ।

ਮਨਪ੍ਰੀਤ ਨੇ ਕਿਹਾ ਕਿ ਤਿੰਨ ਕੁੜੀਆਂ, ਉਨ੍ਹਾਂ ਦੀ ਰਿਸ਼ਤੇਦਾਰ ਔਰਤ ਅਤੇ ਇੱਕ ਮੁੰਡਾ ਫੈਕਟਰੀ ਵਿੱਚ ਕੰਮ ਕਰਦਾ ਸੀ। ਕੁੜੀਆਂ ਅਤੇ ਔਰਤ ਪਿਛਲੇ ਕਈ ਮਹੀਨਿਆਂ ਤੋਂ ਕੰਮ ਕਰ ਰਹੀਆਂ ਸਨ ਜਦ ਕਿ ਮੁੰਡੇ ਨੇ ਦੋ ਮਹੀਨੇ ਪਹਿਲਾਂ ਹੀ ਕੰਮ ਕਰਨਾ ਸ਼ੁਰੂ ਕੀਤਾ ਸੀ।

ਉਨ੍ਹਾਂ ਮੁਤਾਬਕ, "ਪਿਛਲੇ ਕੁਝ ਸਮੇਂ ਦੌਰਾਨ ਰੋਜ਼ਾਨਾ ਫੈਕਟਰੀ ਵਿੱਚੋਂ ਮਾਲ ਗਾਇਬ ਹੋ ਰਿਹਾ ਸੀ। ਸਾਨੂੰ ਸ਼ੱਕ ਸੀ ਕਿ ਇਹ ਕੁੜੀਆਂ, ਔਰਤ ਅਤੇ ਮੁੰਡਾ ਸਮਾਨ ਚੋਰੀ ਕਰਦੇ ਹਨ। ਇਸ ਦੌਰਾਨ ਜਦੋਂ ਅਸੀਂ ਉਨ੍ਹਾਂ ਦੇ ਘਰ ਚੈਕਿੰਗ ਕੀਤੀ ਤਾਂ ਚੋਰੀ ਹੋਇਆ ਮਾਲ ਉਨ੍ਹਾਂ ਦੇ ਘਰੋਂ ਪ੍ਰਾਪਤ ਹੋਇਆ।"

ਕਿਸ ਨੂੰ ਗ਼ਲਤੀ ਦਾ ਅਹਿਸਾਸ ਹੋਇਆ

ਮਾਮਲੇ ਦੇ ਭਖਣ ਅਤੇ ਪੁਲਿਸ ਦੀ ਕਾਰਵਾਈ ਹੋਣ ਮਗਰੋਂ ਫੈਕਟਰੀ ਦੇ ਪ੍ਰਬੰਧਕਾਂ ਨੇ ਆਪਣੀ ਗ਼ਲਤੀ ਮੰਨ ਲਈ ਹੈ।

ਫੈਕਟਰੀ ਦੀ ਦੇਖਭਾਲ ਕਰਨ ਵਾਲੇ ਮਨਪ੍ਰੀਤ ਨੇ ਸਿੰਘ ਨੇ ਕਿਹਾ " ਚੋਰੀ ਹੋਇਆ ਮਾਲ ਬਰਾਮਦ ਹੋਣ ਤੋਂ ਬਾਅਦ ਜਲਦਬਾਜ਼ੀ ਵਿੱਚ ਇਹ ਘਟਨਾ ਵਾਪਰੀ, ਜਿਸ ਦਾ ਸਾਨੂੰ ਅਫਸੋਸ ਹੈ। ਸਾਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੈ।"

ਮਨਪ੍ਰੀਤ ਦੇ ਕਿਹਾ, "ਸਾਡਾ ਉਦੇਸ਼ ਸੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਭਵਿੱਖ ਵਿੱਚ ਅਜਿਹਾ ਘਟਨੀ ਨਾ ਵਾਪਰੇ।ਪਰ ਜਲਦਬਾਜ਼ੀ ਵਿੱਚ ਉਨ੍ਹਾਂ ਨੂੰ ਕੁਝ ਨਹੀਂ ਸੁਝਿਆ ਤੇ ਇਹ ਘਟਨਾ ਵਾਪਰ ਗਈ।"

ਇਲਜ਼ਾਮਾਂ ਬਾਰੇ ਪੁਲਿਸ ਨੇ ਕੀ ਕਿਹਾ

ਜਸਵੀਰ ਸਿੰਘ ਨੇ ਚੋਰੀ ਦੇ ਇਲਜ਼ਾਮਾਂ ਬਾਰੇ ਕਿਹਾ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ ਪਰ ਉਨ੍ਹਾਂ ਨੂੰ ਫੈਕਟਰੀ ਦੇ ਮਾਲਕਾਂ ਵੱਲੋਂ ਚੋਰੀ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ।

"ਅਗਰ ਚੋਰੀ ਦੀ ਕੋਈ ਕਥਿਤ ਘਟਨਾ ਵਾਪਰੀ ਵੀ ਸੀ ਤਾਂ ਫੈਕਟਰੀ ਪ੍ਰਬੰਧਕਾਂ ਦਾ ਪਹਿਲਾ ਫਰਜ਼ ਇਹ ਸੀ ਕਿ ਉਹ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕਰਦੇ। ਨਾਂ ਕਿ ਕਾਨੂੰਨ ਹੱਥ ਵਿੱਚ ਲੈ ਕੇ ਕੋਈ ਗ਼ੈਰਕਾਨੂੰਨੀ ਕਾਰਵਾਈ ਕਰਦੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)