You’re viewing a text-only version of this website that uses less data. View the main version of the website including all images and videos.
ਉਹ ਰਾਜਕੁਮਾਰੀ ਜਿਸ ਨੇ ਔਰਤਾਂ ਦੀ ਕਾਮੁਕਤਾ ਨਾਲ ਜੁੜੇ ਭਰਮਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ
- ਲੇਖਕ, ਅਨਲੀਆ ਯੂਰੈਆਂਟੇ
- ਰੋਲ, ਬੀਬੀਸੀ ਪੱਤਰਕਾਰ
ਕਈਆਂ ਲਈ ਉਹ ਔਰਤਾਂ ਦੀ ਸੈਕਸੁਐਲਟੀ ਦੀ ਮੋਢੀ ਹੈ ਅਤੇ ਬਾਕੀਆਂ ਲਈ ਪ੍ਰਭਾਵਸ਼ਾਲੀ ਸਬੰਧਾਂ ਵਾਲੀ ਇੱਕ ਔਰਤ।
ਸੱਚਾਈ ਇਹ ਹੈ ਕਿ ਮੈਰੀ ਬੋਨਾਪਾਰਟ (1882-1962) ਫ਼ਰਾਂਸ ਦੇ ਸਾਬਕਾ ਸਮਰਾਟ ਨੈਪੋਲੀਅਨ-1 ਦੀ ਭਤੀਜੀ ਅਤੇ ਡਿਊਕ ਆਫ਼ ਐਡਿਨਬਰਾ, ਰਾਜਕੁਮਾਰ ਫ਼ਿਲਿਪ ਦੀ ਅੰਟੀ ਸੀ ਜਿਸ ਨੇ ਇਤਿਹਾਸ ਵਿੱਚ ਆਪਣੀ ਜਗ੍ਹਾ ਬਣਾਈ।
ਇੱਕ ਰਾਜਕੁਮਾਰੀ, ਜਿਸ ਦੀ ਜ਼ਿੰਦਗੀ ਵਿੱਚ ਮੁੱਖ ਰੁਚੀ ਔਰਤਾਂ ਦੇ ਔਰਗਾਜ਼ਮ ਅਤੇ ਮਨੋਵਿਗਿਆਨ ਵਿੱਚ ਸਨ।
ਉਹ ਇੱਕ ਵਿਦਿਆਰਥਣ ਸੀ। ਇਸ ਤੋਂ ਵੀ ਵੱਧ ਜੇਕਰ ਇਸ ਬਾਰੇ ਕਿਹਾ ਜਾਵੇ ਤਾਂ ਉਹ ਇੱਕ "ਆਜ਼ਾਦ ਔਰਤ" ਸੀ।
ਉਸ ਦੀ ਜੀਵਨੀ ਲਿਖਣ ਵਾਲਿਆਂ ਮੁਤਾਬਕ ਉਹ ਇੱਕ ਦਿਲਚਸਪ ਕਿਰਦਾਰ ਸੀ, ਜਿਹੜਾ ਵਿਗਿਆਨੀਆਂ ਅਤੇ ਸ਼ਾਹੀ ਲੋਕਾਂ ਦੀ ਦੁਨੀਆਂ ਵਿੱਚ ਇਕੋ ਜਿਹਾ ਫ਼ਿਟ ਹੋ ਜਾਂਦਾ ਸੀ ਅਤੇ ਜਿਹੜਾ ਹਰ ਵੇਲੇ ਔਰਤਾਂ ਦੇ ਜਿਨਸੀ ਆਨੰਦ ਸਬੰਧੀ ਸਵਾਲਾਂ ਦੇ ਜੁਆਬਾਂ ਦੀ ਖੋਜ ਵਿੱਚ ਲੱਗਿਆ ਰਹਿੰਦਾ ਸੀ।
ਇੱਕ ਰਾਜਕੁਮਾਰੀ
ਮੈਰੀ ਬੋਨਾਪਾਰਟ ਦਾ ਜਨਮ ਪੈਰਿਸ ਦੇ ਇੱਕ ਮਸ਼ਹੂਰ ਅਤੇ ਅਮੀਰ ਪਰਿਵਾਰ ਵਿੱਚ ਹੋਇਆ।
ਉਹ ਮੈਰੀ ਫੈਲਿਕਸ ਅਤੇ ਫ਼ਰਾਂਸ ਦੇ ਰਾਜਕੁਮਾਰ ਰੋਲੈਂਡ ਨੈਪੋਲੀਅਨ ਬੋਨਾਪਾਰਟ ਦੀ ਧੀ ਸੀ।
ਉਸ ਦਾ ਪੜਦਾਦਾ ਉਦਮੀ ਸੀ ਅਤੇ ਕੈਸੀਨੋ ਮੌਂਟੇ ਕਾਰਲੋ, ਫ੍ਰਾਂਸਕੋਇਸ ਬਲੈਂਕ ਦਾ ਸੰਸਥਾਪਕ ਸੀ, ਜੋ ਕਾਮਯਾਬੀ ਲਈ ਜਾਣੇ ਜਾਂਦੇ ਹਨ।
ਪਰ ਉਸ ਦੀ ਜਿੰਦਗੀ ਸ਼ੁਰੂ ਤੋਂ ਹੀ ਹਾਦਸਿਆਂ ਭਰੀ ਰਹੀ, ਉਹ ਜਨਮ ਵੇਲੇ ਮਰਨੋ ਬਚੀ ਅਤੇ ਉਸ ਦੀ ਮਾਂ ਦੀ ਵੀ ਇੱਕ ਮਹੀਨੇ ਬਾਅਦ ਮੌਤ ਹੋ ਗਈ।
ਉਸ ਦਾ ਬਚਪਨ ਮੁਸ਼ਕਿਲਾਂ ਭਰਿਆ ਅਤੇ ਇਕੱਲਤਾ ਵਾਲਾ ਸੀ।
ਆਲੇ-ਦੁਆਲੇ ਹੋਰ ਬੱਚਿਆਂ ਤੋਂ ਬਿਨ੍ਹਾਂ, ਉਹ ਆਪਣੇ ਪਿਤਾ ਨਾਲ ਹੀ ਰਹਿੰਦੀ ਸੀ ਜੋ ਇੱਕ ਮਨੋਵਿਗਿਆਨੀ ਅਤੇ ਭੂਗੋਲ ਵਿਗਿਆਨੀ ਸੀ ਅਤੇ ਉਹ ਆਪਣੀ ਦਾਦੀ ਤੋਂ ਡਰਦੀ ਸੀ।
ਉਸ ਵਿੱਚ ਬਚਪਨ ਤੋਂ ਹੀ ਬਹੁਤ ਜਗਿਆਸਾ ਭਰੀ ਹੋਈ ਸੀ, ਵਿਗਿਆਨ, ਸਾਹਿਤ, ਲੇਖਣ ਸਭ ਬਾਰੇ ਅਤੇ ਆਪਣੇ ਸਰੀਰ ਬਾਰੇ ਵੀ।
ਇੱਕ ਦਿਨ, ਉਸ ਦਾ ਧਿਆਨ ਰੱਖਣ ਵਾਲੀਆਂ ਬਹੁਤ ਸਾਰੀਆਂ ਔਰਤਾਂ ਵਿੱਚੋਂ ਇੱਕ ਜਿਸ ਦਾ ਨਾਮ 'ਮੀਮਾਓ' ਸੀ ਨੇ ਦੇਖਿਆ, ਮੈਰੀ ਹੱਥਰਸੀ ਕਰ ਰਹੀ ਸੀ।
ਜਿਵੇਂ ਮੈਰੀ ਨੇ ਆਪਣੀ ਡਾਇਰੀ ਵਿੱਚ 1952 ਵਿੱਚ ਲਿਖਿਆ, ਉਸ ਨੇ ਮੈਰੀ ਨੂੰ ਕਿਹਾ, "ਇਹ ਇੱਕ ਪਾਪ ਹੈ। ਇਹ ਅਧਰਮ ਹੈ, ਜੇ ਤੂੰ ਅਜਿਹਾ ਕਰੇਗੀ ਤਾਂ ਮਰ ਜਾਵੇਂਗੀ।"
ਨੈਲਾਈ ਥੋਮਪਸਨ ਨੇ ਆਪਣੇ ਲੇਖ, ਦਾ ਥਿਊਰੀ ਆਫ਼ ਫ਼ੀਮੇਲ ਸੈਕਸੁਐਲਟੀ ਆਫ਼ ਮੈਰੀ ਬੋਨਾਪਾਰਟ: ਫ਼ੈਨਟੇਸੀ ਅਤੇ ਬਾਇਓਗ੍ਰਾਫ਼ੀ ਵਿੱਚ ਲਿਖਿਆ ਹੈ, "ਬੋਨਾਪਾਰਟ ਦਾ ਦਾਅਵਾ ਹੈ ਕਿ ਉਹ ਮੀਮਾਓ ਦੀ ਚਿਤਾਵਨੀ ਤੋਂ ਡਰ ਗਈ ਕਿ ਇਸ ਆਨੰਦ ਦੀ ਕੀਮਤ ਮੌਤ ਹੈ। ਉਸ ਨੇ ਅੱਠ-ਨੌਂ ਸਾਲ ਦੀ ਉਮਰ ਵਿੱਚ ਕਲਾਈਟੋਰੀਅਲ ਹੱਥਰਸੀ ਛੱਡ ਦਿੱਤੀ ਸੀ।"
ਛੋਟੀ ਉਮਰ ਤੋਂ ਹੀ ਉਹ ਬਾਗ਼ੀ ਸੀ ਅਤੇ ਔਰਤਾਂ ਦੀ ਅਧੀਨਗੀ ਦੇ ਵਿਚਾਰ ਨੂੰ ਨਹੀਂ ਸੀ ਮੰਨਦੀ।
ਆਪਣੀ ਅਲੱੜ੍ਹ ਉਮਰ ਵਿੱਚ, ਉਸ ਨੇ ਬਹੁਤ ਕਾਮਯਾਬੀ ਨਾਲ ਭਾਸ਼ਾਵਾਂ ਦਾ ਅਧਿਐਨ ਸ਼ੁਰੂ ਕਰ ਦਿੱਤਾ, ਖ਼ਾਸ ਤੌਰ 'ਤੇ ਅੰਗਰੇਜ਼ੀ ਅਤੇ ਜਰਮਨ ਦਾ, ਪਰ ਉਸ ਦੀ ਦਾਦੀ ਅਤੇ ਪਿਤਾ ਨੇ ਅਚਾਨਕ ਹੀ ਉਸ ਨੂੰ ਹੋਰ ਇਮਤਿਹਾਨਾਂ ਤੋਂ ਮਨਾਂ ਕਰ ਦਿੱਤਾ।
ਥੋਮਪਸਨ ਨੇ ਮੈਰੀ ਦੀ ਡਾਇਰੀ ਦੇ ਹਵਾਲੇ ਨਾਲ ਲਿਖਿਆ ਹੈ, "ਉਹ ਅਤੇ ਰੋਲੈਂਡ ਦਾਅਵੇ ਕਰਦੇ ਸਨ ਕਿ ਬੋਨਾਪਾਰਟਸ ਪਰਿਵਾਰ ਦੇ ਰਿਪਬਲਿਕ ਦੁਸ਼ਮਣ ਪਰਿਵਾਰ ਨੂੰ ਜ਼ਲੀਲ ਕਰਨ ਲਈ ਇਮਤਿਹਾਨ ਵਿੱਚ ਫ਼ੇਰ ਬਦਲ ਕਰ ਸਕਦੇ ਹਨ।"
ਇਸ ਸਭ ਨੇ ਮੈਰੀ ਨੂੰ ਇਹ ਕਹਿਣ ਲਈ ਉਕਸਾਇਆ ਕਿ, "ਮੇਰੇ ਨਾਮ, ਮੇਰੇ ਅਹੁਦੇ, ਮੇਰੀ ਕਿਸਮਤ ਨੂੰ ਫ਼ਿਟਕਾਰ। ਖ਼ਾਸਕਰ ਮੇਰੇ ਸੈਕਸ ਨੂੰ, ਕਿਉਂਕਿ ਜੇ ਮੈਂ ਮੁੰਡਾ ਹੁੰਦੀ, ਉਹ ਮੈਨੂੰ ਅਜਿਹਾ ਕਰਨ ਤੋਂ ਨਾ ਰੋਕਦੇ।"
ਵੀਹ ਸਾਲ ਦੀ ਹੋਣ ਤੋਂ ਪਹਿਲਾਂ, ਆਪਣੀ ਸੈਕਸੂਅਲ ਜਾਗ੍ਰਿਤੀ ਦੇ ਦਰਮਿਆਨ, ਮੈਰੀ ਬੋਨਾਪਾਰਟ ਦਾ ਇੱਕ ਵਿਆਹੇ ਵਿਅਕਤੀ, ਜੋ ਕਿ ਉਸ ਦੇ ਪਿਤਾ ਦੇ ਸਹਾਇਕਾਂ ਵਿੱਚੋਂ ਸੀ, ਨਾਲ ਸਬੰਧ ਬਣਿਆ।
ਇਹ ਸਭ ਕੁਝ ਬੇਈਮਾਨੀ, ਬਲੈਕਮੇਲਿੰਗ ਅਤੇ ਬੇਇੱਜਤੀ ਨਾਲ ਖ਼ਤਮ ਹੋਇਆ।
ਉਸ ਦੇ ਪਿਤਾ ਨੇ ਮੈਰੀ ਨੂੰ ਇੱਕ ਮੁੰਡੇ ਜੌਰਜ (1869-1957) ਨਾਲ ਮਿਲਵਾਇਆ, ਜੋ ਉਸ ਤੋਂ 13 ਸਾਲ ਵੱਡਾ ਸੀ ਅਤੇ ਗਰੀਸ ਅਤੇ ਡੈਨਮਾਰਕ ਦਾ ਰਾਜਕੁਮਾਰ ਸੀ। ਉਹ ਜੌਰਜ ਨੂੰ ਆਪਣਾ ਜਵਾਈ ਬਣਾਉਣਾ ਚਾਹੁੰਦਾ ਸੀ।
ਮੈਰੀ ਇਸ ਵਿਆਹ ਲਈ ਮੰਨ ਗਈ ਅਤੇ 12 ਦਸੰਬਰ 1970 ਨੂੰ ਏਥਨਜ਼ ਵਿੱਚ ਉਨ੍ਹਾਂ ਦਾ ਵਿਆਹ ਹੋ ਗਿਆ।
ਉਨ੍ਹਾਂ ਦੇ ਦੋ ਬੱਚੇ ਹੋਏ, ਪਰ ਉਨ੍ਹਾਂ ਦੇ ਆਪਸੀ ਸੰਬੰਧ ਸੁਖਾਲੇ ਨਹੀਂ ਸਨ।
ਹਾਲਾਂਕਿ ਵਿਆਹ 50 ਸਾਲ ਤੱਕ ਨਿਭਿਆ, ਮੈਰੀ ਨੇ ਬਹੁਤ ਜਲਦੀ ਸਮਝ ਲਿਆ ਕਿ ਉਸ ਦੇ ਪਤੀ ਦਾ ਅਸਲੀ ਭਾਵੁਕ ਸਬੰਧ ਉਸ ਦੇ ਅੰਕਲ, ਡੈਨਮਾਰਕ ਦੇ ਰਾਜਕੁਮਾਰ ਵਲਾਦੀਮਰ ਨਾਲ ਹਨ।
ਮੈਰੀ ਨੂੰ ਆਪਣਾ-ਆਪ ਬੇਤੁਕਾ ਲੱਗਦਾ ਅਤੇ ਉਸ ਨੇ ਆਪਣੀਆਂ ਮੁਸ਼ਕਿਲਾਂ ਤੋਂ ਨਿਜ਼ਾਤ ਪੜ੍ਹਾਈ ਦੇ ਸਹਾਰੇ ਪਾਈ।
ਆਪਣੇ ਅਧਿਐਨ ਨੂੰ ਪੁਖਤਾ ਕਰਨ ਲਈ ਉਸ ਨੇ ਸੰਨ 1920 ਵਿੱਚ 240 ਔਰਤਾਂ ਦੇ ਮਾਪ ਇਕੱਠੇ ਕੀਤੇ।
ਉਸ ਦੇ ਪ੍ਰਕਾਸ਼ਨ ਵਿੱਚ ਪ੍ਰੋਫ਼ੈਸਰ ਵੈਲਨ ਨੇ ਕਿਹਾ,"ਅੰਕੜੇ ਤਰਤੀਬਵਾਰ ਢੰਗ ਨਾਲ ਇਕੱਠੇ ਨਹੀਂ ਕੀਤੇ ਗਏ ਸਨ, ਬਲਕਿ ਨਿੱਜੀ ਤੌਰ 'ਤੇ ਲਏ ਗਏ ਸਨ, ਜਦੋਂ ਕੋਈ ਔਰਤ ਇੱਕ ਡਾਕਟਰ ਕੋਲ ਇਲਾਜ ਲਈ ਜਾਂਦੀ ਸੀ ਉਸ ਸਮੇਂ।"
ਪ੍ਰੋਫ਼ੈਸਰ ਵੈਲਨ ਨੇ ਡਾਕਟਰ ਅਲੈਜਾਬੇਥ ਲੋਇਡ ਨਾਲ ਬੋਨਾਪਾਰਟ ਦੇ ਕੰਮ ਅਧਿਐਨ ਕੀਤਾ ਹੈ।
ਮਾਹਰਾਂ ਮੁਤਾਬਕ, "ਉਨ੍ਹਾਂ ਨੇ ਅੰਕੜਿਆਂ ਨੂੰ ਤਿੰਨ ਵਰਗਾਂ ਵਿੱਚ ਵੰਡਿਆ, ਯੋਨੀ ਅਤੇ ਕਲਾਈਟਰਿਸ ਦੇ ਫ਼ਰਕ ਦੇ ਆਧਾਰ 'ਤੇ, ਹਾਲਾਂਕਿ ਇਸ ਬਾਰੇ ਕੋਈ ਉਲੇਖ ਨਹੀਂ ਕਿ ਇਹ ਵੰਡ ਨਿਰਧਾਰਿਤ ਕਿਵੇਂ ਕੀਤੀ ਗਈ।"
ਔਰਤਾਂ ਦੀ ਸੈਕਸੂਐਲਟੀ ਬਾਰੇ ਜਾਣਨ ਇੱਛਾ, ਔਰਤਾਂ ਦੇ ਸੈਕਸ ਸੁਭਾਅ ਅਤੇ ਆਨੰਦ ਬਾਰੇ ਸਮਝਣ ਦੀ ਬੌਧਿਕ ਭੁੱਖ ਨੇ ਮੈਰੀ ਨੂੰ ਹੋਰ ਅਧਿਐਨ ਲਈ ਪ੍ਰੇਰਿਆ।
1924 ਵਿੱਚ ਉਸ ਨੇ ਏ.ਈ. ਨਰਜਾਨੀ ਨਾਮ ਤਹਿਤ, ਇੱਕ ਲੇਖ ਪ੍ਰਕਾਸ਼ਿਤ ਕੀਤਾ, "ਨੋਟਸ ਆਨ ਦਾ ਐਨਾਟੋਮੀਕਲ ਕੌਜ਼ਿਸ ਆਫ਼ ਫਰਿਜੀਡਿਟੀ ਇੰਨ ਵੂਮੈਨ ।"
ਏਮਰੀ ਯੂਨੀਵਰਸਿਟੀ ਵਿੱਚ ਬਿਹੇਵੀਅਰ ਨਿਊਰੋਨਡੋਕ੍ਰੀਨੋਲੋਜੀ ਦੀ ਪ੍ਰੋਫ਼ੈਸਰ ਕਿਮ ਵੈਲਨ ਦਾ ਕਹਿਣਾ ਹੈ, "ਉਹ ਇਸ ਤੱਥ ਤੋਂ ਉਕਤਾ ਚੁੱਕੀ ਸੀ ਕਿ ਉਹ ਸੰਭੋਗ ਦੌਰਾਨ ਔਰਗਾਜ਼ਮ ਨਹੀਂ ਪ੍ਰਾਪਤ ਕਰ ਸਕਦੀ, ਜਿਹੜਾ ਅੰਦਰੂਨੀ ਸੈਕਸ ਦੌਰਾਨ ਕਰ ਸਕਦੀ ਹੈ।"
ਪ੍ਰੋਫ਼ੈਸਰ ਵੈਲਨ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ, "ਉਹ ਇਸ ਤੱਥ ਨੂੰ ਸਵੀਕਾਰ ਨਹੀਂ ਕਰਦੀ ਸੀ ਕਿ ਔਰਤਾਂ ਕਲਾਈਟੋਰਲ ਉਕਸਾਹਟ ਨਾਲ ਹੀ ਔਰਗਾਜ਼ਮ ਪ੍ਰਾਪਤ ਕਰ ਸਕਦੀਆਂ ਹਨ।"
ਮੈਰੀ ਨੇ ਸੋਚਿਆ ਕਿ ਜੇਕਰ ਔਰਤਾਂ ਅੰਦਰੂਨੀ ਸੈਕਸ ਸਮੇਂ ਔਰਗਾਜ਼ਮ ਨਹੀਂ ਪ੍ਰਾਪਤ ਕਰਦੀਆਂ ਤਾਂ ਇਹ ਕਿਸੇ ਸਰੀਰਕ ਸਮੱਸਿਆ ਨੂੰ ਦਰਸਾਉਂਦਾ ਹੈ।
ਇਸ ਲਈ ਉਸ ਨੇ ਇੱਕ ਥਿਊਰੀ ਬਣਾਈ ਔਰਤ ਦੀ ਯੋਨੀ ਅਤੇ ਕਲਾਟੋਰਿਸ ਵਿੱਚ ਜਿੰਨਾ ਘੱਟ ਫ਼ਾਸਲਾ ਹੋਵੇਗਾ ਉਸ ਦੇ ਸੰਭੋਗ ਦੌਰਾਨ ਔਰਗਾਜ਼ਮ ਦੀਆਂ ਉਨੀਆਂ ਹੀ ਸੰਭਾਵਨਾਵਾਂ ਹਨ।
ਡਾਕਟਰ ਲੋਇਡ ਨੇ ਬੀਬੀਸੀ ਨੂੰ ਦੱਸਿਆ,"ਬੋਨਾਪਾਰਟ ਦੇ ਅਨੁਮਾਨ ਬਹੁਤ ਹੀ ਦਿਲਚਸਪ ਸਨ। ਉਹ ਇਸ ਥਿਊਰੀ ਦੀ ਮੋਢੀ ਹੈ ਕਿ ਔਰਤਾਂ ਵੱਖਰੀਆਂ ਹਨ, ਅਤੇ ਉਨ੍ਹਾਂ ਨੂੰ ਸੰਭੋਗ ਦੌਰਾਨ ਅੱਲਗ-ਅਲੱਗ ਤਰ੍ਹਾਂ ਦੇ ਤਜ਼ਰਬੇ ਕਿਉਂ ਹੁੰਦੇ ਹਨ।
ਮਾਹਰ ਦਾ ਕਹਿਣਾ ਹੈ, "ਪਰ ਉਸ ਦੀ ਥਿਊਰੀ, ਸਭ ਤੋਂ ਵੱਧ ਜ਼ੋਰ ਔਰਤਾਂ ਦੀ ਸਰੀਰਕ ਬਣਤਰ ’ਤੇ ਦਿੰਦੀ ਹੈ, ਬਾਕੀ ਸਾਰੇ ਪੱਖ ਜਿਵੇਂ ਕਿ ਮਾਨਸਿਕ ਪ੍ਰੋੜਤਾ ਜਾਂ ਫ਼ਿਰ ਕੀ ਔਰਤ ਆਪਣੀ ਜ਼ਿੰਦਗੀ ਵਿੱਚ ਪੂਰੀ ਤਰ੍ਹਾਂ ਖੁਸ਼ ਹੈ, ਉਹ ਸਾਰੇ ਨਕਾਰਾਤਮਕ ਵਿਚਾਰ ਜੋਂ ਉਸ ਸਮੇਂ ਔਰਤਾਂ ਲਈ ਵਰਤੇ ਜਾਂਦੇ ਸਨ ਵੱਲ ਧਿਆਨ ਨਹੀਂ ਦਿੰਦੀ।"
ਇਸ ਅਧਿਐਨ ਨੇ ਮੈਰੀ ਬੋਨਾਪਾਰਟ ਨੂੰ ਇਹ ਵਿਸ਼ਵਾਸ ਕਰਨ ਲਈ ਪ੍ਰੇਰਿਆ ਕਿ ਜੇ ਔਰਤਾਂ ਅਪਰੇਸ਼ਨ ਰਾਹੀਂ ਕਲਾਈਟੋਰਜ਼ ਨੂੰ ਵਜ਼ਾਈਨਾ ਦੇ ਨੇੜੇ ਕਰਵਾ ਲੈਣ ਤਾਂ ਉਹ ਸੰਭੋਗ ਦੌਰਾਨ ਔਰਗਾਜ਼ਮ ਪ੍ਰਾਪਤ ਕਰ ਸਕਦੀਆਂ ਹਨ।
ਬਦਕਿਸਮਤੀ ਨਾਲ ਉਹ ਹੋਰ ਗ਼ਲਤ ਨਹੀਂ ਹੋ ਸਕਦੀ ਸੀ।
ਪ੍ਰੋਫ਼ੈਸਰ ਵੈਲਨ ਨੇ ਦੱਸਿਆ, "ਸਰਜਰੀ ਇੱਕ ਵੱਡੀ ਗ਼ਲਤੀ ਸੀ। ਕਈ ਔਰਤਾਂ ਨੇ ਮਹਿਸੂਸ ਕਰਨ ਦੀ ਸ਼ਕਤੀ ਗੁਆ ਲਈ। ਪਰ ਮੈਰੀ ਬੋਨਾਪਾਰਟੇ ਦਾ ਆਪਣੇ ਨਤੀਜਿਆਂ ਤੇ ਪੱਕਾ ਵਿਸ਼ਵਾਸ ਸੀ ਕਿ ਉਸ ਨੇ ਆਪਣੀ ਵੀ ਸਰਜਰੀ ਕਰਵਾਈ, ਜਿਸ ਦਾ ਕੋਈ ਫ਼ਾਇਦਾ ਨਾ ਹੋਇਆ।"
ਨਿਰਵਿਘਨ ਉਸ ਨੇ ਅਜਿਹਾ ਇੱਕ ਵਾਰ ਨਹੀਂ ਬਲਕਿ ਤਿੰਨ ਵਾਰ ਕੀਤਾ।
ਇੰਡੀਆਨਾ ਯੂਨੀਵਰਸਿਟੀ ਵਿੱਚ ਬਾਇਲੋਜੀ ਵਿਭਾਗ ਵਿੱਚ ਹਿਸਟਰੀ ਅਤੇ ਫ਼ਿਲਾਸਫ਼ੀ ਆਫ਼ ਸਾਇੰਸ ਦੀ ਪ੍ਰੋਫੈਸਰ ਡਾਕਟਰ ਲੋਇਡ ਦਾ ਕਹਿਣਾ ਹੈ, "ਜਦੋਂ ਤੁਸੀਂ ਕਲਾਈਟੋਰਸ ਦੇ ਦੁਆਲੇ ਬਹੁਤ ਸਾਰੀਆਂ ਨਸਾਂ ਨੂੰ ਕੱਟਦੇ ਹੋ ਤਾਂ ਤੁਸੀਂ ਜ਼ਿਆਦਾ ਮਹਿਸੂਸ ਨਹੀਂ ਕਰਦੇ ਬਲਕਿ ਇਸ ਦੇ ਉੱਲਟ ਹੀ ਹੋ ਜਾਂਦਾ, ਕਿਉਂਕਿ ਤੁਸੀਂ ਕਈ ਜ਼ਰੂਰੀ ਨਸਾਂ ਨੂੰ ਕਟਵਾ ਲੈਂਦੇ ਹੋ।"
ਡਾਕਟਰ ਕਹਿੰਦੀ ਹੈ,"ਉਸ ਦਾ ਵਿਸ਼ਵਾਸ ਸੀ ਕਿ ਔਰਤਾਂ ਲਈ ਸੰਭੋਗ ਦੌਰਾਨ ਔਰਗਾਜ਼ਮ ਦਾ ਇੱਕੋ ਇੱਕ ਤਰੀਕਾ ਹੈ ਸਰਜਰੀ।"
ਫ਼ਰਾਇਡ ਨਾਲ ਗੂੜੂ ਮਿੱਤਰਤਾ
ਇਸ ਸਭ ਦੇ ਬਾਵਜੂਦ ਵੀ ਮੈਰੀ ਬੋਨਾਪਾਰਟ ਨੇ ਹਾਰ ਨਹੀਂ ਮੰਨੀ। ਉਹ ਆਪਣੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਅਤੇ ਸੈਕਸੂਅਲ ਨਿਰਾਸ਼ਾ ਸਬੰਧੀ ਸਵਾਲਾਂ ਦੇ ਜੁਆਬ ਲੱਭਣ ਵਿੱਚ ਲੱਗੀ ਰਹੀ।
ਸੰਨ 1925 ਵਿੱਚ ਉਹ ਉੱਭਰ ਰਹੇ ਮਨੋਵਿਗਿਆਨੀ ਸਿੰਗਮੰਡ ਫ਼ਰਾਇਡ ਤੋਂ ਸਲਾਹ ਲੈਣ ਵਿਆਨਾ ਗਈ, ਸਿਗਮੰਡ ਬਾਰੇ ਪੈਰਿਸ ਦੇ ਮੈਡੀਕਲ ਸਰਕਲਾਂ ਵਿੱਚ ਚਰਚਾ ਚੱਲ ਰਹੀ ਸੀ।
ਥੋਮਪਸਨ ਆਪਣੇ ਲੇਖ ਵਿੱਚ ਲਿਖਦੇ ਹਨ,"ਫਰਾਇਡ ਵਿੱਚ ਉਸ ਨੂੰ ਪਿਆਰ ਅਤੇ ਸੇਵਾ ਕਰਨ ਲਈ ਇੱਕ ਨਵਾਂ ਪਿਤਾ ਮਿਲਿਆ, ਜਿਸ ਦੀ ਉਸਨੂੰ ਬੇਸਬਰੀ ਨਾਲ ਲੋੜ ਸੀ।"
ਮੈਰੀ ਬੋਨਾਪਾਰਟ ਇੱਕ ਮਰੀਜ਼ ਬਣ ਗਈ, ਪਰ ਉਨ੍ਹਾਂ ਨੂੰ ਦੋਸਤ ਬਣਨ ਵਿੱਚ ਬਹੁਤਾ ਸਮਾਂ ਨਾ ਲੱਗਿਆ ਅਤੇ ਉਸ ਦੇ ਮਨੋਵਿਗਿਆਨ ਵਿੱਚ ਰੁਝਾਨ ਨੇ ਫ਼ਰਾਇਡ ਦੇ ਇਸ ਵਿਦਿਆਰਥੀ ਨੂੰ ਤੇਜ਼ੀ ਨਾਲ ਵੱਡਾ ਕੀਤਾ।
ਸਵਿਟਜ਼ਰਲੈਂਡ ਦੀ ਯੂਨੀਵਰਸਿਟੀ ਆਫ਼ ਲਾਓਸਨੇ ਵਿੱਚ ਮਨੋਵਿਗਿਆਨ ਦੀ ਪ੍ਰੋਫੈਸਰ ਰੈਮੀ ਐਮੋਰੋਕਸ ਨੇ ਬੀਬੀਸੀ ਨੂੰ ਦੱਸਿਆ,"ਉਹ ਫ਼ਰਾਂਸ ਦੀਆਂ ਮਨੋਵਿਗਿਆਨ ਪੜ੍ਹਨ ਵਾਲੀਆਂ ਪਹਿਲੀਆਂ ਔਰਤਾਂ ਵਿੱਚੋਂ ਇੱਕ ਹੈ, ਖ਼ਾਸਕਰ ਫਰਾਇਡ ਨਾਲ।"
ਐਮੋਰੋਕਸ ਨੇ ਅੱਗੇ ਦੱਸਿਆ,"ਫ਼ਰਾਇਡ ਨੂੰ ਉਸ ਦੀ ਸੰਗਤ ਪਸੰਦ ਸੀ ਕਿਉਂਕਿ ਉਹ ਨਾ ਤਾਂ ਖ਼ਤਰਨਾਕ ਔਰਤ ਸੀ ਅਤੇ ਨਾਂ ਹੀ ਪੜ੍ਹਾਕੂ। ਜਦੋਂ ਉਹ ਮਿਲੇ ਫ਼ਰਾਇਡ 70 ਸਾਲਾਂ ਦਾ ਸੀ ਅਤੇ ਮੈਰੀ ਇੱਕ ਦਿਲਚਸਪ, ਬੁੱਧੀਮਾਨ, ਅਤੇ ਅਮੀਰ ਔਰਤ ਸੀ, ਜਿਸ ਨਾਲ ਉਹ ਵਿਚਾਰ ਵਟਾਂਦਰਾ ਕਰਦਾ ਸੀ।"
ਮੈਰੀ ਬੋਨਾਪਾਰਟ ਪੈਰਿਸ ਵਿੱਚ ਮਨੋਵਿਗਿਆਨ ਦੀ ਇੱਕ ਮਸ਼ਹੂਰ ਸ਼ਖਸੀਅਤ ਬਣ ਗਈ ਅਤੇ ਇਥੋਂ ਤੱਕ ਕਿ ਸਰਗਰਮ ਰਾਜਕੁਮਾਰੀ ਵੱਜੋਂ ਆਪਣੀ ਡਾਇਰੀ ਵਿੱਚ ਸਰਕਾਰੀ ਮਰੀਜ਼ਾਂ ਨੂੰ ਸ਼ਾਮਿਲ ਕਰਨ ਵਿੱਚ ਕਾਮਯਾਬ ਹੋ ਗਈ।
ਫਿਰ ਕਿਸਮਤ ਨੇ ਅਜਿਹਾ ਮੋੜ ਲਿਆ, ਜਦੋਂ ਆਸਟਰੀਆ ਉੱਤੇ ਜਰਮਨੀ ਨਾਜ਼ੀਆਂ ਨੇ ਕਬਜਾ ਕੀਤਾ ਤਾਂ ਉਸ ਨੇ ਫ਼ਰਾਇਡ ਦੀ ਜਾਨ ਬਚਾਈ।
ਆਪਣੀ ਦੌਲਤ ਅਤੇ ਪ੍ਰਭਾਵ ਦੀ ਵਰਤੋਂ ਨਾਲ ਮੈਰੀ ਨੇ ਫ਼ਰਾਇਡ ਅਤੇ ਉਸ ਦੇ ਪਰਿਵਾਰ ਨੂੰ ਵਿਆਨਾ ਤੋਂ ਲੰਡਨ ਭੇਜਣ ਦਾ ਪ੍ਰਬੰਧ ਕੀਤਾ,ਜਿਥੇ ਉਸ ਨੇ ਆਪਣੇ ਆਖ਼ਰੀ ਦਿਨ ਬਿਤਾਏ।
ਫ਼ਰਾਇਡ ਨੇ 1938 ਵਿੱਚ ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਦੱਸਿਆ, "ਜਰਮਨੀ ਹਮਲੇ ਦੇ ਨਤੀਜੇ ਵਜੋਂ 82 ਸਾਲ ਦੀ ਉਮਰ ਵਿੱਚ ਮੈਂ ਵਿਆਨਾ ਵਿੱਚ ਆਪਣਾ ਘਰ ਛੱਡ ਕੇ ਇੰਗਲੈਂਡ ਆਇਆ, ਜਿਥੇ ਮੈਨੂੰ ਉਮੀਦ ਹੈ ਕਿ ਮੇਰੀ ਜ਼ਿੰਦਗੀ ਆਜ਼ਾਦੀ ਨਾਲ ਬੀਤੇਗੀ।"
ਇੱਕ ਆਜ਼ਾਦ ਔਰਤ
ਪੇਸ਼ੇ ਵਿੱਚ ਤਜ਼ਰਬੇ ਨੇ ਮੈਰੀ ਨੂੰ ਔਰਤਾਂ ਵਿੱਚ ਸੈਕਸੂਐਲਟੀ ਨੂੰ ਲੈ ਕੇ ਬਣਾਏ ਆਪਣੇ ਸਿਧਾਂਤਾਂ ਨੂੰ ਹੀ ਰੱਦ ਕਰਨ ਲਈ ਪ੍ਰੇਰਿਆ।
ਪ੍ਰੈਫੈਸਰ ਵੈਲਨ ਕਹਿੰਦੇ ਹਨ, "ਮੈਰੀ ਬੋਨਾਪਾਰਟ ਨੇ ਅਸਲ ਵਿਚਾਰਾਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ।"
ਮਾਹਰ ਕਹਿੰਦੇ ਹਨ, "ਉਸ ਨੇ 1950 ਵਿੱਚ ਇੱਕ ਨਵੀਂ ਕਿਤਾਬ ਪ੍ਰਕਾਸ਼ਤ ਕੀਤੀ ਜਿਸ ਦਾ ਨਾਮ 'ਫ਼ੀਮੇਲ ਸੈਕਸੂਐਲਿਟੀ' ਸੀ, ਜਿਸ ਵਿੱਚ ਉਸ ਨੇ ਆਪਣੀ ਮੁੱਢਲੇ ਅਧਿਐਨ ਦੀ ਮੁੜ ਵਿਆਖਿਆ ਕੀਤੀ।"
ਪ੍ਰੋਫ਼ੈਸਰ ਵੈਲਨ ਦੱਸਦੇ ਹਨ, "ਇਥੇ ਉਸ ਨੇ ਕਿਹਾ ਕਿ ਸਰੀਰ ਵਿਗਿਆਨ ਦਾ ਇਸ ਸਭ ਨਾਲ ਕੁਝ ਲੈਣ ਦੇਣ ਨਹੀਂ ਬਲਕਿ ਸਭ ਕੁਝ ਮਨੋਵਿਗਿਆਨਿਕ ਹੈ। ਉਸ ਸਮੇਂ ਤੱਕ ਉਹ ਪਹਿਲਾਂ ਹੀ ਤਕਰੀਬਨ 25 ਸਾਲਾਂ ਤੱਕ ਮਨੋਵਿਗਿਆਨਿਕ ਅਧਿਐਨ ਕਰ ਰਹੀ ਸੀ।"
ਪ੍ਰੋਫੈਸਰ ਵੈਲਨ ਜੋ ਕਿ ਮੰਨਦੇ ਹਨ ਮੈਰੀ ਇੱਕ ਕ੍ਰਾਂਤੀਕਾਰੀ ਔਰਤ ਸੀ, ਕਹਿੰਦੇ ਹਨ, "ਇੰਨਾ ਮਨ ਬਦਲਣ ਦੇ ਬਾਵਜੂਦ, ਮੈਂ ਹਾਲੇ ਵੀ ਕਹਿੰਦੀ ਹਾਂ ਉਸ ਦੇ ਮੁੱਢਲੇ ਅਧਿਐਨ ਕਮਾਲ ਦੇ ਸਨ।"
ਪ੍ਰੋਫ਼ੈਸਰ ਲੋਇਡ ਕਹਿੰਦੇ ਹਨ, "ਮੈਰੀ ਬੋਨਾਪਾਰਟ ਇੱਕ ਦਿਲਚਸਪ ਸ਼ਖਸੀਅਤ ਸੀ। ਉਹ ਮੇਰੀਆਂ ਨਾਇਕਾਵਾਂ ਵਿੱਚੋਂ ਇੱਕ ਹੈ ਭਾਵੇਂ ਕਿ ਉਸ ਦਾ ਕਿਰਦਾਰ ਦੁੱਖ-ਦਾਇਕ ਹੈ।"
ਡਾਕਟਰ ਲੋਇਡ ਕਹਿੰਦੇ ਹਨ, ਜਦੋਂ ਔਰਤਾਂ ਦੀ ਸੈਕਸੂਐਲਟੀ ਦੀ ਗੱਲ ਆਉਂਦੀ ਹੈ ਤਾਂ, ਉਹ ਆਪਣੇ ਸਮੇਂ ਨਾਲੋਂ ਬਹੁਤ ਅੱਗੇ ਸੀ। ਉਹ ਆਪਣੇ ਸਰੀਰ ਤੋਂ ਬਹੁਤ ਨਾਖੁਸ਼ ਸੀ।"
ਪ੍ਰੋਫ਼ੈਸਰ ਅਮੋਰੌਕਸ, ਜਿੰਨਾ ਨੇ ਪੈਰਿਸ ਵਿੱਚ ਮੈਰੀ ਦੇ ਕੰਮ ਨੂੰ ਸੰਭਾਲਣ ਵਿੱਚ ਕਈ ਸਾਲ ਬਤੀਤ ਕੀਤੇ ਸੋਚਦੇ ਹਨ, " ਉਹ ਵਿਲੱਖਣ ਔਰਤ ਸੀ, ਉਹ ਆਪਣੇ ਸਮੇਂ ਦੇ ਸਾਰੇ ਖੇਮਿਆਂ ਸਾਹਿਤਕ, ਰਾਜਨੀਤਿਕ ਅਤੇ ਸ਼ਾਹੀ ਘਰਾਣਿਆਂ ਨਾਲ ਪੂਰੀ ਤਰ੍ਹਾਂ ਜੁੜੀ ਹੋਈ ਸੀ। ਮੈਰੀ ਵੀਹਵੀਂ ਸਦੀ ਦੇ ਪਹਿਲੇ ਅੱਧ ਦੇ ਸਾਰੇ ਮਸ਼ਹੂਰ ਲੋਕਾਂ ਨੂੰ ਸਹਿਜੇ ਹੀ ਜਾਣਦੀ ਸੀ।"
ਉਹ ਕਹਿੰਦੇ ਹਨ, "ਉਹ ਨਾਰੀਵਾਦੀ ਅੰਦੋਲਨ ਦਾ ਬਹੁਤ ਦਿਲਚਸਪ ਕਿਰਦਾਰ ਸੀ।"
ਪ੍ਰੋਫ਼ੈਸਰ ਅਮੋਰੌਕਸ ਕਹਿੰਦੇ ਹਨ, "ਮੈਰੀ ਬੋਨਾਪਾਰਟ ਅੰਤ ਵਿੱਚ ਇਸ ਨਤੀਜੇ 'ਤੇ ਪਹੁੰਚੀ, ਉਸ ਦਾ ਸੈਕਸੂਐਲਟੀ ਨੂੰ ਦੇਖਣ ਦਾ ਨਜ਼ਰੀਆ ਬਹੁਤ ਹੀ ਰੂੜ੍ਹੀਵਾਦੀ ਸੀ, ਕਿਉਂਕਿ ਉਸ ਨੇ ਇਹ ਮੰਨ ਲਿਆ ਸੀ ਕਿ ਔਰਗਾਜ਼ਮ ਦਾ ਸਿਰਫ਼ ਇੱਕ ਹੀ ਤਰੀਕਾ ਹੈ।"
"ਪਰ ਨਾਲ ਹੀ ਉਹ ਆਪਣੀ ਸੋਚ ਤੋਂ ਬਹੁਤ ਆਜ਼ਾਦ ਸੀ, ਉਹ ਗੁੰਝਲਦਾਰ ਔਰਤ ਸੀ, ਜੋ ਫ਼ਰਾਇਡ ਨੂੰ ਚੁਣੌਤੀ ਦੇਣ ਦਾ ਹੌਂਸਲਾ ਰੱਖਦੀ ਸੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ