ਕੋਵਿਡ ਵੈਕਸੀਨ ਲਗਵਾਉਣ ਵਾਲੇ ਇੱਕ ਸ਼ਖ਼ਸ ਦਾ ਕੰਪਨੀ 'ਤੇ ਕੇਸ, 'ਦਿਮਾਗ 'ਤੇ ਮਾੜਾ ਅਸਰ, ਬੋਲਣ ਵਿੱਚ ਔਖਿਆਈ'

    • ਲੇਖਕ, ਫਰਗਸ ਵਾਲਸ਼
    • ਰੋਲ, ਮੈਡੀਕਲ ਐਡੀਟਰ

ਗੰਭੀਰ ਦਿਮਾਗੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਇੱਕ ਵਿਅਕਤੀ ਵੱਲੋਂ ਕੋਰੋਨਾਵਾਇਰਸ ਦੇ ਇਲਾਜ ਲਈ ਵੈਕਸੀਨ ਬਣਾਉਣ ਵਾਲੀ ਕੰਪਨੀ ਉੱਤੇ ਇਹ ਇਲਜ਼ਾਮ ਲਾਏ ਗਏ ਹਨ ਕਿ ਵੈਕਸੀਨ ਦਾ ਉਨ੍ਹਾਂ ਦੀ ਸਿਹਤ ਉੱਤੇ ਮਾੜਾ ਅਸਰ ਪਿਆ ਹੈ।

ਇਹ ਇਲਜ਼ਾਮ ਜੇਮੀ ਸਕਾਟ ਨਾਂਅ ਦੇ ਵਿਅਕਤੀ ਵੱਲੋਂ ਲਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਵੈਕਸੀਨ ਵਿੱਚ ਖ਼ਰਾਬੀ ਸੀ ਅਤੇ ਇਹ ਲੋਕਾਂ ਲਈ ਸੁਰੱਖਿਅਤ ਨਹੀਂ ਸੀ।

ਜੇਮੀ ਸਕਾਟ ਦੋ ਬੱਚਿਆਂ ਦੇ ਪਿਤਾ ਹਨ। ਜੇਮੀ ਸਕਾਟ ਆਮ ਵਾਂਗ ਕੰਮ ਨਹੀਂ ਕਰ ਸਕਦੇ, ਉਨ੍ਹਾਂ ਦੇ ਦਿਮਾਗ ਵਿੱਚ ਖ਼ੂਨ ਦੇ ਥੱਕੇ ਜੰਮ ਗਏ ਸਨ।

ਜੇਮੀ ਸਕਾਟ ਵੱਲੋਂ ਐਸਟ੍ਰਾਜ਼ੈਨੇਕਾ ਵੈਕਸੀਨ ਦਾ ਟੀਕਾ ਅਪ੍ਰੈਲ 2021 ਵਿੱਚ ਲਗਵਾਇਆ ਗਿਆ ਸੀ।

ਉਨ੍ਹਾਂ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਵੈਕਸੀਨ ਦੀ ਡੋਜ਼ ਲਗਵਾਉਣ ਤੋਂ ਬਾਅਦ ਉਸ ਦੇ ਦਿਮਾਗ ਉੱਤੇ ਇਸਦਾ ਗੰਭੀਰ ਅਸਰ ਹੋਇਆ।

ਇਸ ਨਾਲ ਉਨ੍ਹਾਂ ਦੇ ਦਿਮਾਗ ਨੂੰ ਨੁਕਸਾਨ ਪਹੁੰਚਿਆ।

ਜੇਮੀ ਸਕਾਟ ਵੱਲੋਂ ਵੈਕਸੀਨ ਬਣਾਉਣ ਵਾਲੀ ਕੰਪਨੀ ਵਿਰੁੱਧ ਕਾਨੂੰਨੀ ਕਾਰਵਾਈ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਤਹਿਤ ਕੀਤੀ ਗਈ ਹੈ।

ਵੱਖ-ਵੱਖ ਅਧਿਐਨਾਂ ਮੁਤਾਬਕ ਵੈਕਸੀਨਾਂ ਦੀ ਵਰਤੋਂ ਨਾਲ ਲੱਖਾਂ ਲੋਕਾਂ ਦੀ ਜਾਨ ਬਚੀ।

ਜੂਨ 2022 ਵਿੱਚ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਸੀ ਕਿ ਐਸਟ੍ਰਾਜ਼ੈਨੇਕਾ ਵੈਕਸੀਨ ਵਰਤੋਂ ਲਈ ਸੁਰੱਖਿਅਤ ਹੈ, ਇਹ 18 ਸਾਲ ਤੋਂ ਉੱਪਰ ਦੀ ਉਮਰ ਵਾਲੇ ਲੋਕਾਂ ਲਈ ਦੇ ਇਲਾਜ ਲਈ ਕਾਰਗਰ ਹੈ।

ਇਸ ਕਾਨੂੰਨੀ ਚਾਰਾਜੋਈ ਦੀ ਅਦਾਲਤ ਵਿੱਚ ਸੁਣਵਾਈ ਸ਼ੁਰੂ ਹੋਰ ਨੁੰ ਕਰੀਬ ਇੱਕ ਸਾਲ ਦਾ ਸਮਾਂ ਲੱਗ ਸਕਦਾ ਹੈ।

ਇਸ ਵੈਕਸੀਨ ਨਾਲ ਖ਼ੁਦ ਨੂੰ ਨੁਕਸਾਨ ਪਹੁੰਚਣ ਦਾ ਦਾਅਵਾ ਕਰਨ ਵਾਲੇ 80 ਲੋਕਾਂ ਦੇ ਮਾਮਲੇ ਵਿੱਚ ਵੀ ਅਗਲੀ ਕਾਨੂੰਨੀ ਕਾਰਵਾਈ ਵੀ ਕੁਝ ਸਮੇਂ ਵਿੱਚ ਸ਼ੁਰੂ ਹੋਵੇਗੀ ਪਰ ਇਹ ਉਮੀਦ ਹੈ ਕਿ ਸਕਾਟ ਦਾ ਕੇਸ ਪਹਿਲਾਂ ਸੁਣਿਆ ਜਾਵੇਗਾ।

ਵੈਕਸੀਨ ਕੰਪਨੀ ਦਾ ਪੱਖ ਕੀ ਹੈ

ਐਸਟ੍ਰਾਜ਼ੈਨੇਕਾ ਕੰਪਨੀ ਵੱਲੋਂ ਵੀ ਇਸ ਬਾਰੇ ਆਪਣਾ ਪੱਖ ਦਿੱਤਾ ਗਿਆ ਹੈ।

ਐਸਟ੍ਰਾਜ਼ੈਨੇਕਾ ਨੇ ਕਿਹਾ, “ਮਰੀਜ਼ਾਂ ਦੀ ਸੁਰੱਖਿਆ ਸਾਡੀ ਮੁੱਖ ਤਰਜੀਹ ਹੈ।”

ਉਨ੍ਹਾਂ ਕਿਹਾ ਕਿ ਨਿਯਮਾਂ ਨੂੰ ਲਾਗੂ ਕਰਵਾਉਣ ਵਾਲੀਆਂ ਸੰਸਥਾਵਾਂ ਵੱਲੋਂ ਦਵਾਈਆਂ ਬਾਰੇ ਸਪੱਸ਼ਟ ਅਤੇ ਸਖ਼ਤ ਮਿਆਰਾਂ ਦੀ ਪਾਲਣਾ ਯਕੀਨੀ ਬਣਾਈ ਜਾਂਦੀ ਹੈ ਇਸ ਵਿੱਚ ਵੈਕਸੀਨ ਵੀ ਸ਼ਾਮਲ ਹੈ।”

ਜੇਕਰ ਕਿਸੇ ਨੂੰ ਵੀ ਕਿਸੇ ਵੀ ਕਿਸਮ ਦੀ ਸਰੀਰਕ ਪ੍ਰੇਸ਼ਾਨੀ ਆਈ ਹੈ ਜਾਂ ਕਿਸੇ ਦੀ ਵੀ ਜਾਨ ਗਈ ਹੈ, ਅਸੀਂ ਉਨ੍ਹਾਂ ਨਾਲ ਪੂਰੀ ਹਮਦਰਦੀ ਰੱਖਦੇ ਹਾਂ।”

ਡਾਕਟਰੀ ਅਧਿਐਨ ਅਤੇ ਵੈਕਸੀਨ ਦੇ ਅਸਰ ਬਾਰੇ ਇਕੱਠੀ ਕੀਤੀ ਗਈ ਸੂਚਨਾ ਇਹ ਦਰਸਾਉਂਦੀ ਹੈ ਕਿ ਕੋਵਿਡ ਦੇ ਇਲਾਜ ਲਈ ਬਣਾਈ ਗਈ ਵੈਕਸੀਨ(ਵੈਕਸਜ਼ੇਵਰੀਆ) ਲੋਕਾਂ ਲਈ ਸੁਰੱਖਿਅਤ ਹੈ।”

ਵਿਸ਼ਵ ਭਰ ਵਿਚਲੀਆਂ ਸਰਕਾਰੀ ਸੰਸਥਾਵਾਂ ਦਾ ਇਹ ਕਹਿਣਾ ਹੈ ਕਿ ਵੈਕਸੀਨ ਦੇ ਫਾਇਦੇ ਇਸ ਨਾਲ ਹੋਣ ਵਾਲੇ ਕਿਸੇ ਵੀ ਦੁਰਲੱਭ ਮਾੜੇ ਪ੍ਰਭਾਵ ਤੋਂ ਬਹੁਤ ਜ਼ਿਆਦਾ ਹਨ।”

'ਤੁਰਨ, ਫਿਰਨ, ਬੋਲਣ ਤੋਂ ਅਸਰੱਥ'

ਜੇਮੀ ਸਕਾਟ ਦੀ ਉਮਰ 44 ਸਾਲ ਹੈ ਅਤੇ ਉਨ੍ਹਾਂ ਨੇ ਐਸਟ੍ਰਾਜ਼ੈਨੇਕਾ ਵੈਕਸੀਨ 23 ਅਪ੍ਰੈਲ 2021 ਨੂੰ ਲਗਵਾਈ ਸੀ।

ਜੇਮੀ ਦੀ ਪਤਨੀ ਕੇਟ ਸਕਾਟ ਨੇ ਬੀਬੀਸੀ ਨੂੰ ਦੱਸਿਆ, "ਜੇਮੀ ਨੇ ਇਲਾਜ ਲਈ ਮਾਹਰਾਂ ਦੇ 250 ਦੇ ਕਰੀਬ ਸੈਸ਼ਨ ਲਏ, ਉਨ੍ਹਾਂ ਨੂੰ ਦੁਬਾਰਾ ਤੁਰਨਾ, ਖਾਣਾ ਅਤੇ ਬੋਲਣਾ ਸਿੱਖਣਾ ਪਿਆ। ਉਨ੍ਹਾਂ ਨੂੰ ਯਾਦਦਾਸ਼ਤ ਨੂੰ ਲੈ ਕੇ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।"

"ਹਾਲਾਂਕਿ ਜੇਮੀ ਦੀ ਸਿਹਤ ਵਿੱਚ ਕਾਫੀ ਸੁਧਾਰ ਆਇਆ ਹੈ, ਅਸੀਂ ਹੁਣ ਇਸ ਪੜਾਅ ਉੱਤੇ ਹਾਂ ਜਿੱਥੇ ਅਸੀਂ ਇਹ ਸੋਚਦੇ ਹਾਂ ਕਿ ਕੀ ਅਸੀਂ ਜੇਮੀ ਦੇ ਇਸ ਨਵੇਂ ਰੂਪ ਦੇ ਨਾਲ ਹੀ ਜੀਵਨ ਬਤੀਤ ਕਰਾਂਗੇ।"

"ਉਨ੍ਹਾਂ ਨੂੰ ਕਈ ਦਿਮਾਗੀ ਮੁਸ਼ਕਲਾਂ ਅਤੇ ਉਨ੍ਹਾਂ ਨੂੰ ਬੋਲਣ ਵਿੱਚ ਔਖਿਆਈ ਹੁੰਦੀ ਹੈ, ਸਿਰ ਦੁਖਦਾ ਹੈ ਅਤੇ ਅੱਖਾਂ ਦੀ ਰੌਸ਼ਨੀ ਉੱਤੇ ਵੀ ਮਾੜਾ ਅਸਰ ਪਿਆ ਹੈ।”

ਉਨ੍ਹਾਂ ਕਿਹਾ, "ਅਸੀਂ ਇਹ ਮੰਗ ਕਰਦੇ ਹਾਂ ਕਿ ਸਰਕਾਰ ਵੈਕਸੀਨ ਡੈਮੇਜ ਪੇਮੈਂਟ ਸਕੀਮ ਵਿੱਚ ਬਦਲਾਅ ਕਰੇ ਅਤੇ ਮੁਆਵਜ਼ਾ ਜੋ ਕਿ ਬਹੁਤ ਘੱਟ ਹੈ, ਇਸ ਵਿੱਚ ਵਾਧਾ ਕਰੇ।"

ਯੂਕੇ ਵਿੱਚ ਵੈਕਸੀਨ ਨਾਲ ਨੁਕਸਾਨ 'ਤੇ ਮੁਆਵਜ਼ਾ ਵਧਾਉਣ ਦੀ ਮੰਗ

ਵੈਕਸੀਨ ਦੇ ਨੁਕਸਾਨ ਬਾਰੇ ਦਾਅਵਾ ਕਰਨ ਵਾਲੇ ਕਈ ਲੋਕਾਂ ਨੂੰ ਯੂਕੇ ਸਰਕਾਰ ਦੀ 'ਵੈਕਸੀਨ ਡੈਮੇਜ ਪੇਮੈਂਟ ਸਕੀਮ' ਤਹਿਤ 120,000 ਪਾਊਂਡ ਦਾ ਮੁਆਵਜ਼ਾ ਦਿੱਤਾ ਜਾਂਦਾ ਹੈ। ਇਹ ਮੁਆਵਜ਼ਾ ਟੈਕਸ ਰਹਿਤ ਹੁੰਦਾ ਹੈ।

ਇਹ ਰਕਮ ਸਿਹਤ ਮੁਸ਼ਕਲਾਂ ਝੱਲਣ ਵਾਲੇ ਵਿਅਕਤੀ ਨੂੰ ਮਿਲਦੀ ਹੈ ਜਾਂ ਮਰਨ ਵਾਲੇ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੂੰ।

ਡੇਲੀ ਟੈਲੀਗ੍ਰਾਫ ਅਖ਼ਬਾਰ ਮੁਤਾਬਕ. ਯੂਕੇ ਦੇ 'ਫ੍ਰੀਡਮ ਆਫ ਇਨਫਰਮੇਸ਼ਨ ਐਕਟ' ਤਹਿਤ ਮਿਲੀ ਜਾਣਕਾਰੀ ਮੁਤਾਬਕ, ਅਜਿਹਾ ਮੁਆਵਜ਼ਾ ਲੈਣ ਵਾਲੇ 148 ਵਿਅਕਤੀਆਂ ਵਿੱਚੋਂ 144 ਅਜਿਹੇ ਸਨ ਜਿਨ੍ਹਾਂ ਨੇ ਐਸਟ੍ਰਾਜ਼ੈਨੇਕਾ ਵੈਕਸੀਨ ਲਗਵਾਈ ਸੀ।

ਕਾਨੂੰਨੀ ਕਾਰਵਾਈ ਲਈ ਚਾਰਾਜੋਈ ਕਰਨ ਵਾਲੇ ਲੋਕਾਂ ਦੀ ਵੀ ਇਹ ਮੰਗ ਰਹਿੰਦੀ ਹੈ ਕਿ ਇਸ ਸਕੀਮ ਵਿੱਚ ਲੋੜੀਂਦੇ ਬਦਲਾਅ ਕੀਤੇ ਜਾਣ।

ਮੁਆਵਜ਼ੇ ਲਈ ਦਾਅਵਾ ਕਰਨ ਵਾਲੇ ਲੋਕਾਂ ਲਈ ਇਹ ਜ਼ਰੂਰੀ ਹੈ ਕਿ ਉਹ ਇਹ ਸਿੱਧ ਕਰਨ ਕਿ ਵੈਕਸੀਨ ਨੇ ਉਨ੍ਹਾਂ ਦੇ ਸਰੀਰ ਨੂੰ 60 ਫ਼ੀਸਦ ਤੱਕ ਨੁਕਸਾਨ ਪਹੁੰਚਾਇਆ ਹੈ।

ਪਰਿਵਾਰਾਂ ਦਾ ਕਹਿਣਾ ਹੈ ਕਿ ਇਹ ਮੁਆਵਜ਼ਾ ਬਹੁਤ ਘੱਟ ਹੈ ਅਤੇ 2007 ਤੋਂ ਬਾਅਦ ਵਧੀ ਮਹਿੰਗਾਈ ਦੇ ਮੁਤਾਬਕ ਨਹੀਂ ਹੈ।

07 ਅਪ੍ਰੈਲ, 2021 ਨੂੰ 'ਜੋਇੰਟ ਕਮਿਊਨਿਟੀ ਓਨ ਵੈਕਸੀਨੇਸ਼ਨ ਐਂਡ ਇਮਊਨੀਜ਼ੇਸ਼ਨ' ਨੇ ਇਹ ਹਦਾਇਤ ਦਿੱਤੀ ਸੀ ਕਿ 30 ਸਾਲਾਂ ਤੋਂ ਘੱਟ ਦੀ ਉਮਰ ਵਾਲੇ ਲੋਕਾਂ ਨੂੰ ਐਸਟ੍ਰਾਜ਼ੈਨੇਕਾ ਦੇ ਬਦਲ ਵਿੱਚ ਹੋਰ ਵੈਕਸੀਨ ਦਿੱਤੀ ਜਾਵੇ।

ਇਹ ਹਦਾਇਤ, ਬਹੁਤ ਥੋੜ੍ਹੀ ਗਿਣਤੀ ਵਿੱਚ ਲੋਕਾਂ ਦੇ ਖ਼ੂਨ ਦੇ ਥੱਕੇ ਬਣਨ ਦੀਆਂ ਰਿਪੋਰਟਾਂ ਤੋਂ ਬਾਅਦ ਦਿੱਤੀ ਗਈ।

7 ਮਈ 2021 ਨੂੰ ਇਸ ਹਦਾਇਤ ਵਿੱਚ ਬਦਲਾਅ ਕੀਤਾ ਗਿਆ, ਅਤੇ ਇਹ ਕਿਹਾ ਗਿਆ ਕਿ ਇਹ ਹਦਾਇਤ 40 ਸਾਲ ਤੋਂ ਘੱਟ ਦੀ ਉਮਰ ਦੇ ਲੋਕਾਂ ਲਈ ਹੈ।

ਕਿਸ ਨੇ ਲਗਵਾਇਆ ਸੀ ਵੈਕਸੀਨ ਦਾ ਪਹਿਲਾ ਡੋਜ਼

82 ਸਾਲਾ ਬ੍ਰਾਇਨ ਪਿੰਕਰ ਡਾਕਟਰੀ ਅਜ਼ਮਾਇਸ਼ ਤੋਂ ਬਾਹਰ ਐਸਟ੍ਰਾਜ਼ੈਨੇਕਾ ਵੈਕਸੀਨ ਦਾ ਡੋਜ਼ ਲਗਵਾਉਣ ਵਾਲੇ ਪਹਿਲੇ ਵਿਅਕਤੀ ਸਨ।

ਉਨ੍ਹਾਂ ਨੇ ਇਹ ਵੈਕਸੀਨ 4 ਜਨਵਰੀ 2021 ਨੂੰ ਲਗਵਾਈ ਸੀ।

ਉਨ੍ਹਾਂ ਨੂੰ ਵੈਕਸੀਨ ਆਕਸਫੋਰਡ ਵਿੱਚ ਲੱਗੀ। ਇਹ ਵੈਕਸੀਨ ਜੈੱਨਰ ਇੰਸਟੀਚਿਊਟ ਵਿੱਚ ਵਿਕਸਿਤ ਕੀਤੀ ਗਈ ਸੀ।

ਸਰਕਾਰ ਵੱਲੋਂ ਇਸ ਨੂੰ ਕੋਰੋਨਾਵਾਇਰਸ ਵਿਰੁੱਧ ਲੜਾਈ ਵਿੱਚ ਇੱਕ ਅਹਿਮ ਪਲ ਕਿਹਾ ਗਿਆ ਸੀ।

ਟੀਕਾਕਰਨ ਫਾਇਜ਼ਰ-ਬਾਇਓਨਟੈੱਚ ਜੈਬ ਦੇ ਆਉਣ ਤੋਂ ਕੁਝ ਹਫ਼ਤੇ ਬਾਅਦ ਆਇਆ।

ਯੂਕੇ ਵਿੱਚ ਲਗਭਗ 53 ਮਿਲੀਅਨ ਲੋਕਾਂ ਨੂੰ ਸਤੰਬਰ 2022 ਤੱਕ ਕੋਵਿਡ ਵੈਕਸੀਨ ਦੀ ਘੱਟੋ-ਘੱਟ ਇੱਕ ਖੁਰਾਕ ਮਿਲ ਚੁੱਕੀ ਸੀ।

ਐਸਟ੍ਰਾਜ਼ੈਨੇਕਾ ਨੇ ਆਕਸਫੋਰਡ ਵੈਕਸੀਨ ਬਿਨਾਂ ਕਿਸੇ ਮੁਨਾਫ਼ੇ ਦੇ ਬਣਾਈ ਸੀ।

ਇਸ ਵੈਕਸੀਨ ਨੇ ਆਪਣੀ ਵਰਤੋਂ ਦੇ ਪਹਿਲੇ ਸਾਲ ਵਿੱਚ 60 ਲੱਖ ਤੋਂ ਵੱਧ ਜਾਨਾਂ ਬਚਾਈਆਂ ਸਨ।

ਪਿਛਲੇ ਸਾਲ ਪ੍ਰਕਾਸ਼ਿਤ ਹੋਏ ਇੱਕ ਸੁਤੰਤਰ ਅਧਿਐਨ, ਮੁਤਾਬਕ, ਇਹ ਗਿਣਤੀ ਕਿਸੇ ਵੀ ਹੋਰ ਕੋਵਿਡ ਵੈਕਸੀਨ ਨਾਲੋਂ ਵੱਧ ਹੈ।

ਇਹ ਅਧਿਐਨ ਬਿਮਾਰੀਆਂ ਦੀ ਭਵਿੱਖਬਾਣੀ ਕਰਨ ਵਾਲੀ ਕੰਪਨੀ ਏਅਰਫਿਨਿਟੀ ਵੱਲੋਂ ਕੀਤਾ ਗਿਆ ਸੀ। ਇਹ ਇੱਕ ਸੁਤੰਤਰ ਅਧਿਐਨ ਸੀ।

ਪਰ ਐਸਟ੍ਰਾਜ਼ੈਨੇਕਾ ਵੈਕਸੀਨ ਦੇ ਆਉਣ ਦੇ ਕੁਝ ਮਹੀਨਿਆਂ ਦੇ ਅੰਦਰ ਹੀ ਖੂਨ ਦੇ ਥੱਕੇ ਤੋਂ ਹੋਣ ਵਾਲੇ ਸੰਭਾਵੀ ਮਾੜੇ ਅਸਰ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ।

ਇਸ ਅਵਸਥਾ ਦੀ ਵੈਕਸੀਨ-ਪ੍ਰੇਰਿਤ ਇਮਿਊਨ ਥ੍ਰੋਮੋਬਸਿਸ ਅਤੇ ਥ੍ਰੋਮਬੋਸਾਈਟੋਪੇਨੀਆ (ਵੀਆਈਟੀਟੀ) ਵਜੋਂ ਪਛਾਣ ਹੋਈ ਸੀ।

ਅਜਿਹੇ ਮਾਮਲੇ ਇੰਨੇ ਦੁਰਲੱਭ ਸਨ ਕਿ ਵੈਕਸੀਨ ਦੇ ਸੰਸਾਰ ਭਰ ਵਿੱਚ ਹੋਏ ਪ੍ਰੀਖਣਾਂ ਵਿੱਚ ਉਨ੍ਹਾਂ ਦੀ ਪਛਾਣ ਨਹੀਂ ਕੀਤੀ ਗਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)