ਉਹ ਇਲਾਕਾ ਜਿੱਥੇ ਜ਼ਮੀਨ ਹੜੱਪਣ ਲਈ ਬਜ਼ੁਰਗਾਂ ਨੂੰ 'ਭੂਤ' ਕਰਾਰ ਦੇ ਕੇ ਕਤਲ ਕਰ ਦਿੱਤਾ ਜਾਂਦਾ ਹੈ

ਤੰਬਾਲਾ ਜੇਫਵਾ
ਤਸਵੀਰ ਕੈਪਸ਼ਨ, ਉਸ ਹਮਲੇ 'ਚ ਕਿਸਾਨ ਤੰਬਾਲਾ ਜੇਫਵਾ ਦੀ ਇੱਕ ਅੱਖ ਚਲੀ ਗਈ ਸੀ
    • ਲੇਖਕ, ਨਜੇਰੀ ਮਵਾਂਗੀ ਤੇ ਤਾਮਾਸਿਨ ਫੋਰਡ
    • ਰੋਲ, ਬੀਬੀਸੀ ਅਫ਼ਰੀਕਾ ਆਈ

ਬੀਬੀਸੀ ਅਫ਼ਰੀਕਾ ਆਈ ਨੇ ਕੀਨੀਆ ਦੇ ਕਿਲੀਫੀ ਤੱਟ ’ਤੇ ਦੈਂਤ ਹੋਣ ਦੇ ਇਲਜ਼ਾਮਾਂ ਵਿੱਚ ਮਾਰੇ ਗਏ ਬਜ਼ੁਰਗਾਂ ਦੀ ਹੈਰਾਨ ਕਰਨ ਵਾਲੀ ਘਟਨਾ ਦੀ ਜਾਂਚ ਕੀਤੀ ਅਤੇ ਇਨ੍ਹਾਂ ਕਤਲਾਂ ਦੇ ਪਿੱਛੇ ਅਸਲ ਉਦੇਸ਼ਾਂ ਦਾ ਪਤਾ ਲਗਾਇਆ।

74 ਸਾਲਾ ਤੰਬਲਾ ਜੇਫਵਾ ਆਪਣੀ ਬਚੀ ਹੋਈ ਇੱਕ ਅੱਖ ਰਾਹੀਂ ਲਾਚਾਰ ਨਜ਼ਰਾਂ ਨਾਲ ਦੇਖਦੇ ਹਨ, ਜਦੋਂ ਉਨ੍ਹਾਂ ਦੀ ਪਤਨੀ ਸਿਦੀ ਹੌਲੀ-ਹੌਲੀ ਉਨ੍ਹਾਂ ਦੀ ਕਮੀਜ਼ ਉਤਾਰਦੀ ਹੈ।

“ਉਨ੍ਹਾਂ ਨੇ ਉਸ ’ਤੇ ਇਸ ਤਰ੍ਹਾਂ ਚਾਕੂ ਨਾਲ ਵਾਰ ਕੀਤਾ ਅਤੇ ਖਿੱਚਿਆ।”

ਉਹ ਉਸ ਦੀ ਹੰਸਲੀ (ਕਾਲਰ ਬੋਨ) ਤੋਂ ਹੇਠਾਂ ਤੱਕ ਫੈਲੇ ਲੰਬੇ ਨਿਸ਼ਾਨ ਵੱਲ ਇਸ਼ਾਰਾ ਕਰਦੀ ਹੋਈ ਦੱਸਦੀ ਹੈ।

ਉਹ ਆਪਣੇ ਹੱਥਾਂ ਵਿੱਚ ਉਸ ਦਾ ਸਿਰ ਲੈ ਕੇ ਦਿਖਾਉਂਦੀ ਹੈ ਕਿ ਇੱਕ ਹੋਰ ਹਮਲੇ ਵਿੱਚ ਕੀ ਹੋਇਆ ਸੀ।

“ਉਨ੍ਹਾਂ ਨੂੰ ਖੋਪੜੀ ਨੂੰ ਪਿੱਛੇ ਖਿੱਚ ਕੇ ਇਸ ’ਤੇ ਟਾਂਕੇ ਲਾਉਣ ਪਏ।’’

ਸਿਦੀ ਜੇਫਵਾ
ਤਸਵੀਰ ਕੈਪਸ਼ਨ, ਸਿਦੀ ਜੇਫਵਾ ਆਪਣੇ ਪਤੀ ਦੇ ਲੱਗੀਆਂ ਸੱਟਾਂ ਦਿਖਾਉਂਦੀ ਹੋਈ

ਜੇਫਵਾ ’ਤੇ ਦੈਂਤ ਹੋਣ ਦਾ ਇਲਜ਼ਾਮ ਲਗਾਇਆ ਗਿਆ ਸੀ ਅਤੇ ਤੱਟਵਰਤੀ ਸ਼ਹਿਰ ਮਾਲਿੰਦੀ ਤੋਂ 80 ਕਿਲੋਮੀਟਰ ਦੂਰ ਉਨ੍ਹਾਂ ਦੇ ਘਰ ਵਿੱਚ ਉਨ੍ਹਾਂ ’ਤੇ ਦੋ ਵਾਰ ਹਮਲਾ ਕੀਤਾ ਗਿਆ ਸੀ।

ਪਹਿਲੇ ਹਮਲੇ ਵਿੱਚ ਉਨ੍ਹਾਂ ਦੀ ਇੱਕ ਅੱਖ ਬੇਕਾਰ ਹੋ ਗਈ ਸੀ। ਦੂਜੇ ਹਮਲੇ ਵਿੱਚ ਉਹ ਲਗਭਗ ਮਰ ਹੀ ਗਏ ਸਨ।

ਇਸ ਜੋੜੇ ਕੋਲ 30 ਏਕੜ ਤੋਂ ਵੱਧ ਜ਼ਮੀਨ ਹੈ, ਜਿੱਥੇ ਉਹ ਮੱਕੀ ਦੀ ਖੇਤੀ ਕਰਦੇ ਹਨ ਅਤੇ ਉਹ ਕੁਝ ਮੁਰਗੀਆਂ ਵੀ ਪਾਲਦੇ ਹਨ।

ਪਰਿਵਾਰ ਦੇ ਬਾਕੀ ਮੈਂਬਰਾਂ ਨਾਲ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ।

ਉਨ੍ਹਾਂ ਦਾ ਮੰਨਣਾ ਹੈ ਕਿ ਇਹ ਅਸਲ ਕਾਰਨ ਸੀ ਕਿ ਜਿਸ ਕਾਰਨ ਜੇਫਵਾ ਦੀ ਲਗਭਗ ਹੱਤਿਆ ਹੀ ਕਰ ਦਿੱਤੀ ਗਈ, ਬਲਕਿ ਇਸ ਲਈ ਨਹੀਂ ਕਿ ਉਨ੍ਹਾਂ ਨੂੰ ਸੱਚਮੁੱਚ ਵਿਸ਼ਵਾਸ ਸੀ ਕਿ ਉਹ ਦੈਂਤ ਹਨ।

ਜੇਫਵਾ ਕਹਿੰਦੇ ਹਨ, “ਮੈਨੂੰ ਮਰਨ ਲਈ ਛੱਡ ਦਿੱਤਾ ਗਿਆ ਸੀ। ਮੇਰਾ ਬਹੁਤ ਖੂਨ ਵਹਿ ਗਿਆ ਸੀ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਮੇਰੇ ’ਤੇ ਹਮਲਾ ਕਿਉਂ ਕੀਤਾ, ਪਰ ਇਹ ਸਿਰਫ਼ ਜ਼ਮੀਨ ਲਈ ਹੀ ਹੋ ਸਕਦਾ ਹੈ।’’

ਜ਼ਮੀਨ ਹੜੱਪਣ ਲਈ ਜਾਦੂ-ਟੂਣੇ ਦੀ ਵਰਤੋਂ

ਜੇਫਵਾ ਪਰਿਵਾਰ
ਤਸਵੀਰ ਕੈਪਸ਼ਨ, ਜੇਫਵਾ ਪਰਿਵਾਰ ਨੂੰ ਲੱਗਦਾ ਹੈ ਕਿ ਇਸ ਪਿੱਛੇ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਹੀ ਹੱਥ ਹੈ

ਜਾਦੂ-ਟੂਣੇ ਅਤੇ ਅੰਧ-ਵਿਸ਼ਵਾਸ ਵਿੱਚ ਆਸਥਾ ਕਈ ਦੇਸ਼ਾਂ ਵਿੱਚ ਆਮ ਗੱਲ ਹੈ।

ਪਰ ਕੀਨੀਆ, ਮਲਾਵੀ, ਤਨਜ਼ਾਨੀਆ ਅਤੇ ਦੱਖਣੀ ਅਫ਼ਰੀਕਾ ਦੇ ਕੁਝ ਹਿੱਸਿਆਂ ਵਿੱਚ ਇਸ ਦੀ ਵਰਤੋਂ ਬਜ਼ੁਰਗਾਂ ਦੀ ਜ਼ਮੀਨ ਹੜੱਪਣ ਲਈ ਉਨ੍ਹਾਂ ਦੇ ਕਤਲ ਨੂੰ ਜਾਇਜ਼ ਠਹਿਰਾਉਣ ਲਈ ਕੀਤੀ ਜਾ ਸਕਦੀ ਹੈ।

ਕੀਨੀਆ ਦੇ ਮਨੁੱਖੀ ਅਧਿਕਾਰ ਸੰਗਠਨ ਹਾਕੀ ਯੇਤੂ ਦੀ ‘ਦਿ ਏਜਡ ਆਨ ਐੱਜ’ ਨਾਮਕ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਿਲੀਫੀ ਤੱਟ ’ਤੇ ਹਰ ਹਫ਼ਤੇ ਇੱਕ ਬਜ਼ੁਰਗ ਵਿਅਕਤੀ ਦੀ ਜਾਦੂ-ਟੂਣੇ ਦੇ ਨਾਮ ’ਤੇ ਹੱਤਿਆ ਕੀਤੀ ਜਾਂਦੀ ਹੈ।

ਇਸ ਦੇ ਪ੍ਰੋਗਰਾਮ ਅਫ਼ਸਰ ਜੂਲੀਅਸ ਵਾਨਯਾਮਾ ਦਾ ਕਹਿਣਾ ਹੈ ਕਿ ਕਈ ਪਰਿਵਾਰਾਂ ਦਾ ਮੰਨਣਾ ਹੈ ਕਿ ਕਤਲ ਕਰਾਉਣ ਦਾ ਆਦੇਸ਼ ਦੇਣ ਵਾਲਾ ਉਨ੍ਹਾਂ ਦਾ ਹੀ ਕੋਈ ਵਿਅਕਤੀ ਹੁੰਦਾ ਹੈ।

“ਉਹ ਜਾਦੂ-ਟੂਣੇ ਸ਼ਬਦ ਦੀ ਵਰਤੋਂ ਨੂੰ ਜਾਇਜ਼ ਠਹਿਰਾਉਂਦੇ ਹਨ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਜਨਤਾ ਦੀ ਹਮਦਰਦੀ ਮਿਲਦੀ ਹੈ, ਅਤੇ ਲੋਕ ਕਹਿਣਗੇ: ‘ਜੇ ਉਹ ਦੈਂਤ ਸੀ ਤਾਂ ਚੰਗਾ ਹੋਇਆ ਕਿ ਤੁਸੀਂ ਉਸ ਨੂੰ ਮਾਰ ਦਿੱਤਾ।’’

ਇਸ ਖੇਤਰ ਵਿੱਚ ਬਹੁਤ ਘੱਟ ਲੋਕਾਂ ਕੋਲ ਆਪਣੀ ਜ਼ਮੀਨ ਦੇ ਮਾਲਕਾਨਾ ਹੱਕ ਦੇ ਦਸਤਾਵੇਜ਼ ਹਨ।

ਬੀਬੀਸੀ

ਵਸੀਅਤ ਨਾ ਹੋਣ ਦੇ ਕਾਰਨ ਉਹ ਰਵਾਇਤੀ ਤੌਰ ’ਤੇ ਪਰਿਵਾਰ ਜ਼ਰੀਏ ਹੀ ਇਸ ਨੂੰ ਅੱਗੇ ਟਰਾਂਸਫਰ ਕਰਦੇ ਹਨ।

ਵਾਨਯਾਮਾ ਦਾ ਕਹਿਣਾ ਹੈ ਕਿ ਦਸ ਵਿੱਚੋਂ ਸੱਤ ਕਤਲ ਬਜ਼ੁਰਗਾਂ ਦੇ ਹੁੰਦੇ ਹਨ ਕਿਉਂਕਿ ਜ਼ਮੀਨ ਦੀ ਮਾਲਕੀ ਅਤੇ ਉਤਰਾਧਿਕਾਰ ਉਨ੍ਹਾਂ ਦੇ ਕੋਲ ਹੁੰਦਾ ਹੈ।

ਵਾਨਯਾਮਾ ਕਹਿੰਦੇ ਹਨ, “ਇਤਿਹਾਸਕ ਤੌਰ ’ਤੇ ਕਿਲੀਫੀ ਵਿੱਚ ਲੋਕਾਂ ਕੋਲ [ਜ਼ਮੀਨੀ] ਕਾਗਜ਼ਾਤ ਨਹੀਂ ਹਨ। ਉਨ੍ਹਾਂ ਕੋਲ ਇਸ ਸਬੰਧੀ ਇਕਲੌਤਾ ਕਾਗਜ਼ ਇਨ੍ਹਾਂ ਬਜ਼ੁਰਗਾਂ ਵੱਲੋਂ ਦਿੱਤਾ ਗਿਆ ਬਿਰਤਾਂਤ ਹੀ ਹੈ।

‘‘ਇਹੀ ਕਾਰਨ ਹੈ ਕਿ ਜ਼ਿਆਦਾਤਰ ਮਰਦਾਂ ਨੂੰ ਮਾਰਿਆ ਜਾ ਰਿਹਾ ਹੈ, ਕਿਉਂਕਿ ਇੱਕ ਵਾਰ ਜਦੋਂ ਤੁਸੀਂ ਉਨ੍ਹਾਂ ਨੂੰ ਮਾਰ ਦਿੰਦੇ ਹੋ, ਤਾਂ ਫਿਰ ਤੁਸੀਂ ਰੁਕਾਵਟ ਨੂੰ ਦੂਰ ਕਰ ਦਿੰਦੇ ਹੋ।’’

ਜੇਫਵਾ ਪਰਿਵਾਰ ਦੀ ਜ਼ਮੀਨ ਤੋਂ ਲਗਭਗ ਇੱਕ ਘੰਟੇ ਦੀ ਦੂਰੀ ’ਤੇ ਮਾਲਿੰਦੀ ਡਿਸਟ੍ਰਿਕਟ ਐਸੋਸੀਏਸ਼ਨ ਨਾਮਕ ਚੈਰਿਟੀ ਵੱਲੋਂ ਬਜ਼ੁਰਗਾਂ ਲਈ ਇੱਕ ਬਚਾਅ ਕੇਂਦਰ ਚਲਾਇਆ ਜਾਂਦਾ ਹੈ।

ਇਹ ਲਗਭਗ 30 ਬਜ਼ੁਰਗਾਂ ਦਾ ਘਰ ਹੈ, ਜਿਨ੍ਹਾਂ ’ਤੇ ਹਮਲਾ ਕੀਤਾ ਗਿਆ ਹੈ। ਉਹ ਹੁਣ ਆਪਣੀ ਜ਼ਮੀਨ ’ਤੇ ਵਾਪਸ ਜਾਣ ਵਿੱਚ ਅਸਮਰੱਥ ਹਨ।

ਇਹ ਵੀ ਪੜ੍ਹੋ-

'ਹਮਲੇ ਦਾ ਕਾਰਨ 6 ਏਕੜ ਜ਼ਮੀਨ ਸੀ'

63 ਸਾਲਾ ਕਟਾਨਾ ਚਾਰਾ ਜੋ ਆਪਣੀ ਉਮਰ ਤੋਂ ਕਾਫ਼ੀ ਵੱਡੇ ਦਿਸਦੇ ਹਨ, ਉਹ ਲਗਭਗ 12 ਮਹੀਨਿਆਂ ਤੋਂ ਇੱਥੇ ਰਹਿ ਰਹੇ ਹਨ।

ਅਪ੍ਰੈਲ 2023 ਵਿੱਚ ਉਨ੍ਹਾਂ ਦੇ ਬੈੱਡਰੂਮ ਵਿੱਚ ਉਨ੍ਹਾਂ ’ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਸ ਕੇਂਦਰ ਵਿੱਚ ਸ਼ਰਨ ਲੈਣੀ ਪਈ।

ਉਨ੍ਹਾਂ ਦਾ ਇੱਕ ਹੱਥ ਗੁੱਟ ਤੋਂ ਅਤੇ ਦੂਜਾ ਕੂਹਣੀ ਦੇ ਬਿਲਕੁਲ ਉੱਪਰ ਤੋਂ ਕੱਟਿਆ ਹੋਇਆ ਹੈ।

ਉਹ ਹੁਣ ਕੰਮ ਨਹੀਂ ਕਰ ਸਕਦੇ ਅਤੇ ਉਨ੍ਹਾਂ ਨੂੰ ਖਾਣ-ਪੀਣ, ਨਹਾਉਣ-ਧੋਣ ਤੋਂ ਲੈ ਕੇ ਕੱਪੜੇ ਪਾਉਣ ਤੱਕ ਦੇ ਸਭ ਤੋਂ ਬੁਨਿਆਦੀ ਕੰਮਾਂ ਲਈ ਮਦਦ ਦੀ ਜ਼ਰੂਰਤ ਪੈਂਦੀ ਹੈ।

ਉਹ ਦੱਸਦੇ ਹਨ, ‘‘ਮੈਂ ਉਸ ਵਿਅਕਤੀ ਨੂੰ ਜਾਣਦਾ ਹਾਂ, ਜਿਸ ਨੇ ਮੇਰੇ ਹੱਥ ਕੱਟੇ, ਪਰ ਉਸ ਤੋਂ ਬਾਅਦ ਅਸੀਂ ਕਦੇ ਆਹਮੋ-ਸਾਹਮਣੇ ਨਹੀਂ ਮਿਲੇ।’’

ਚਾਰਾ ਨਾਂ ਦੇ ਵਿਅਕਤੀ ’ਤੇ ਕਿਸੇ ਹੋਰ ਵਿਅਕਤੀ ਦੇ ਬੱਚੇ ਦੀ ਮੌਤ ਹੋਣ ਕਾਰਨ ਪ੍ਰੇਤ ਆਤਮਾ ਹੋਣ ਦਾ ਇਲਜ਼ਾਮ ਲਗਾਇਆ ਗਿਆ ਸੀ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ’ਤੇ ਹਮਲਾ ਕਰਨ ਦਾ ਅਸਲ ਕਾਰਨ ਉਸ ਦੀ ਛੇ ਏਕੜ ਜ਼ਮੀਨ ਸੀ।

“ਮੇਰਾ ਜਾਦੂ-ਟੂਣੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮੇਰੇ ਕੋਲ ਜ਼ਮੀਨ ਹੈ ਜੋ ਸਮੁੰਦਰ ਦੇ ਕਿਨਾਰੇ ਹੈ। ਇਹ ਜ਼ਮੀਨ ਦਾ ਇੱਕ ਵੱਡਾ ਟੁਕੜਾ ਹੈ।”

ਚਾਰਾ ਦੇ ਪਰਿਵਾਰ ਦੇ ਕਈ ਮੈਂਬਰਾਂ ਤੋਂ ਇਸ ਹਮਲੇ ਬਾਰੇ ਪੁੱਛਗਿੱਛ ਕੀਤੀ ਗਈ ਸੀ ਪਰ ਕਦੇ ਵੀ ਕਿਸੇ ’ਤੇ ਮੁਕੱਦਮਾ ਨਹੀਂ ਚਲਾਇਆ ਗਿਆ ਸੀ।

ਕਾਰਕੁਨ ਵਾਨਯਾਮਾ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਨ।

“ਬਜ਼ੁਰਗਾਂ ਦੀਆਂ ਹੱਤਿਆਵਾਂ ਦੇ ਦੋਸ਼ਾਂ ਵਿੱਚ ਬਹੁਤ ਘੱਟ ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਇਸ ਲਈ ਮੈਨੂੰ ਲੱਗਦਾ ਹੈ ਕਿ ਕਤਲ ਵਿੱਚ ਸ਼ਾਮਲ ਮੁੱਖ ਲੋਕ ਵੀ ਖ਼ੁਦ ਨੂੰ ਆਜ਼ਾਦ ਸਮਝਦੇ ਹਨ।’’

20 ਕਤਲ ਕਰਨ ਦਾ ਦਾਅਵਾ ਕਰਨ ਵਾਲੇ ਨੇ ਕੀ ਦੱਸਿਆ

ਕਟਾਨਾ ਚਾਰਾ
ਤਸਵੀਰ ਕੈਪਸ਼ਨ, ਕਟਾਨਾ ਚਾਰਾ ਨੂੰ ਹੁਣ ਕਿਸੇ ਉੱਤੇ ਨਿਰਭਰ ਰਹਿਣਾ ਪੈਂਦਾ ਹੈ

ਕਈ ਮਹੀਨਿਆਂ ਦੀ ਜਾਂਚ ਤੋਂ ਬਾਅਦ 'ਬੀਬੀਸੀ ਅਫ਼ਰੀਕਾ ਆਈ' ਇੱਕ ਭਾੜੇ ਦੇ ਕਾਤਲ ਰਹਿ ਚੁੱਕੇ ਵਿਅਕਤੀ ਨੂੰ ਲੱਭਣ ਵਿੱਚ ਕਾਮਯਾਬ ਰਹੀ, ਜਿਸ ਨੇ ਲਗਭਗ 20 ਲੋਕਾਂ ਨੂੰ ਮਾਰਨ ਦਾ ਦਾਅਵਾ ਕੀਤਾ।

ਉਨ੍ਹਾਂ ਦਾ ਕਹਿਣਾ ਹੈ ਕਿ ਹਰ ਕਤਲ ਲਈ ਉਸ ਨੂੰ ਘੱਟੋ-ਘੱਟ 50,000 ਕੀਨੀਆ ਸ਼ਿਲਿੰਗ ਲਗਭਗ 400 ਡਾਲਰ ਮਿਲਦੇ ਸਨ।

ਉਨ੍ਹਾਂ ਨੇ ਬੀਬੀਸੀ ਅਫ਼ਰੀਕਾ ਆਈ ਨੂੰ ਦੱਸਿਆ, “ਜੇਕਰ ਕੋਈ ਕਿਸੇ ਬਜ਼ੁਰਗ ਨੂੰ ਮਾਰਦਾ ਹੈ, ਤਾਂ ਮੰਨ ਲਓ ਕਿ ਇਸ ਦੀ ਕੀਮਤ ਦਾ ਭੁਗਤਾਨ ਉਸ ਦੇ ਪਰਿਵਾਰ ਨੇ ਹੀ ਕੀਤਾ ਹੈ। ਇਹ ਉਸ ਦਾ ਪਰਿਵਾਰ ਹੀ ਹੋਵੇਗਾ।’’

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕਿਉਂ ਅਤੇ ਕਿਵੇਂ ਉਨ੍ਹਾਂ ਨੇ ਸੋਚਿਆ ਕਿ ਕਿਸੇ ਦੀ ਜਾਨ ਲੈਣਾ ਉਸ ਦਾ ਅਧਿਕਾਰ ਹੈ, ਤਾਂ ਉਨ੍ਹਾਂ ਨੇ ਜਵਾਬ ਦਿੱਤਾ:

‘‘ਮੈਂ ਸ਼ਾਇਦ ਕੁਝ ਬੁਰਾ ਕੀਤਾ ਹੋ ਸਕਦਾ ਹੈ ਕਿਉਂਕਿ ਮੈਨੂੰ ਇਹ ਕੰਮ ਦਿੱਤਾ ਗਿਆ ਸੀ ਅਤੇ ਮੈਂ ਹੀ ਕਤਲ ਕੀਤਾ ਹੈ, ਪਰ ਕਾਨੂੰਨ ਦੇ ਅਨੁਸਾਰ, ਰੱਬ ਦੇ ਅਨੁਸਾਰ, ਜਿਸ ਵਿਅਕਤੀ ਨੇ ਮੈਨੂੰ ਭੇਜਿਆ ਹੈ, ਉਹ ਹੀ ਦੋਸ਼ੀ ਹੈ।’’

ਕਾਲ਼ ਵੇਲੇ ਹਮਲੇ ਵਧ ਜਾਂਦੇ ਹਨ

ਕੀਨੀਆ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਫਰਵਰੀ 2023 ਵਿੱਚ ਸੰਯੁਕਤ ਰਾਸ਼ਟਰ ਨੂੰ ਇੱਕ ਦਸਤਾਵੇਜ਼ ਪੇਸ਼ ਕੀਤਾ ਜਿਸ ਵਿੱਚ ਕਿਹਾ ਗਿਆ:

‘‘ਪੱਛਮੀ ਕੀਨੀਆ ਕਿਸਿਈ ਅਤੇ ਤੱਟਵਰਤੀ ਕੀਨੀਆ ਵਿੱਚ ਕਿਲੀਫੀ ਕਾਉਂਟੀ ਵਰਗੇ ਖੇਤਰਾਂ ਵਿੱਚ ਦੈਂਤ ਨੂੰ ਸਾੜਨਾ, ਮਾਰਨਾ ਅਤੇ ਸਰੀਰਕ ਹਮਲੇ ਹੋਣਾ ਆਮ ਗੱਲ ਹੈ।’’

ਇਸ ਵਿੱਚ ਅੱਗੇ ਕਿਹਾ ਗਿਆ ਕਿ ਪਰਿਵਾਰ ਦੇ ਨੌਜਵਾਨ ਮੈਂਬਰਾਂ ਵੱਲੋਂ ਪਰਿਵਾਰਕ ਜ਼ਮੀਨ ਹੜੱਪਣ ਦੀ ਚਾਹਤ, ਇਨ੍ਹਾਂ ਕਤਲਾਂ ਪਿੱਛੇ ਮੁੱਖ ਪ੍ਰੇਰਕ ਕਾਰਕ ਹੈ।

ਇਸ ਵਿੱਚ ਕਿਹਾ ਗਿਆ ਹੈ ਕਿ ਸੋਕੇ ਅਤੇ ਅਕਾਲ ਦੇ ਸਮੇਂ ਦੌਰਾਨ ਜਦੋਂ ਆਮਦਨ ਦੇ ਸਰੋਤ ਘੱਟ ਹੋ ਜਾਂਦੇ ਹਨ ਤਾਂ ਹਮਲੇ ਅਤੇ ਕਤਲ ਵੱਧ ਜਾਂਦੇ ਹਨ।

ਵਾਨਯਾਮਾ ਦਾ ਕਹਿਣਾ ਹੈ ਕਿ ਜ਼ਮੀਨ ਹੜੱਪਣ ਨੂੰ ਜਾਇਜ਼ ਠਹਿਰਾਉਣ ਲਈ ਜਾਦੂ-ਟੂਣੇ ਦੇ ਇਲਜ਼ਾਮਾਂ ਦੀ ਵਰਤੋਂ ਕਰਕੇ ਕੀਤੇ ਜਾਣ ਵਾਲੇ ਕਤਲ ਇੱਕ ‘ਰਾਸ਼ਟਰੀ ਆਫ਼ਤ’ ਬਣ ਗਈ ਹੈ।

“ਇਹ ਇੱਕ ਖੇਤਰੀ ਮੁੱਦੇ ਦੇ ਰੂਪ ਵਿੱਚ ਸ਼ੁਰੂ ਹੋਇਆ ਸੀ, ਪਰ ਹੁਣ ਇਹ ਵਧ ਗਿਆ ਹੈ… ਜੇਕਰ ਅਸੀਂ ਇਸ ਨੂੰ ਹੱਲ ਨਹੀਂ ਕਰਦੇ, ਤਾਂ ਅਸੀਂ ਆਪਣੇ ਬਜ਼ੁਰਗਾਂ ਦੀ ਵਿਰਾਸਤ ਨੂੰ ਗੁਆ ਰਹੇ ਹਾਂ।

‘‘ਉਹ ਸਾਡੀ ਇਕਲੌਤੀ ਜੀਵਤ ਵਿਰਾਸਤ ਹਨ ਜਿਨ੍ਹਾਂ ’ਤੇ ਅਸੀਂ ਵਿਸ਼ਵਾਸ ਕਰ ਸਕਦੇ ਹਾਂ।”

ਰਵਾਇਤੀ ਅਫ਼ਰੀਕੀ ਸੱਭਿਆਚਾਰ ਵਿੱਚ ਬਜ਼ੁਰਗਾਂ ਨੂੰ ਉਨ੍ਹਾਂ ਦੀ ਬੁੱਧੀ ਅਤੇ ਗਿਆਨ ਲਈ ਸਤਿਕਾਰ ਦਿੱਤਾ ਜਾਂਦਾ ਹੈ।

ਕਿਲੀਫੀ ਵਿੱਚ, ਇਹ ਉਲਟ ਹੈ। ਬੁੱਢੇ ਲੋਕ ਨਿਸ਼ਾਨਾ ਬਣਨ ਤੋਂ ਇੰਨੇ ਡਰਦੇ ਹਨ ਕਿ ਬਜ਼ੁਰਗ ਜਵਾਨ ਦਿਖਣ ਦੀ ਕੋਸ਼ਿਸ਼ ਵਿੱਚ ਆਪਣੇ ਵਾਲਾਂ ਨੂੰ ਰੰਗਦੇ ਹਨ।

ਇਸ ਖੇਤਰ ਵਿੱਚ ਕਿਸੇ ’ਤੇ ਜਾਦੂ-ਟੂਣੇ ਦੇ ਇਲਜ਼ਾਮ ਤੋਂ ਬਾਅਦ ਵੀ ਬਚ ਨਿਕਲਣਾ ਬਹੁਤ ਦੁਰਲੱਭ ਹੁੰਦਾ ਹੈ।

ਹਾਲਾਂਕਿ ਚਾਰਾ ਹੁਣ ਸੁਰੱਖਿਅਤ ਹਨ ਅਤੇ ਉਹ ਬਜ਼ੁਰਗਾਂ ਦੇ ਬਚਾਅ ਲਈ ਬਣੇ ਕੇਂਦਰ ਵਿੱਚ ਰਹਿੰਦੇ ਹਨ, ਪਰ ਜੇਫਵਾ ਵਰਗੇ ਵਿਅਕਤੀਆਂ ਲਈ ਇਹ ਅਸਲ ਡਰ ਹੈ ਕਿ ਜਿਸ ਨੇ ਵੀ ਉਸ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ, ਉਹ ਵਾਪਸ ਆ ਜਾਵੇਗਾ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)