ਚੰਦਰਯਾਨ-3: ਭਾਰਤ ਤੇ ਰੂਸ ਵਿਚਾਲੇ ਚੰਨ ਦੇ ਇਸ ਖ਼ਾਸ ਹਿੱਸੇ ’ਤੇ ਪਹੁੰਚਣ ਲਈ ਕਿਉਂ ਹੋੜ ਲੱਗੀ ਹੋਈ ਹੈ

ਚੰਨ

ਤਸਵੀਰ ਸਰੋਤ, Getty Images

    • ਲੇਖਕ, ਸ਼੍ਰਿਕਾਂਤ ਬਕਸ਼ੀ
    • ਰੋਲ, ਬੀਬੀਸੀ ਪੱਤਰਕਾਰ

14 ਜੁਲਾਈ ਨੂੰ ਆਂਧਰ ਪ੍ਰਦੇਸ਼ ਦੇ ਸ੍ਰੀ ਹਰੀ ਕੋਟਾ ਤੋਂ ਪੁਲਾੜ ਵਿੱਚ ਆਪਣੇ ਸਫ਼ਰ ਦੀ ਸ਼ੁਰੂਆਤ ਕਰਨ ਵਾਲਾ ਚੰਦਰਯਾਨ-3, 40 ਦਿਨਾਂ ਦੀ ਲੰਬੀ ਯਾਤਰਾ ਤੋਂ ਬਾਅਦ 23 ਅਗਸਤ ਨੂੰ ਚੰਨ ਦੇ ਦੱਖਣੀ ਧੁਰੇ ਉੱਤੇ ਉੱਤਰਨ ਦੀ ਕੋਸ਼ਿਸ ਕਰੇਗਾ।

ਚੰਦਰਯਾਨ-1 ਦੀ ਮੂਨ ਇੰਪੈਕਟ ਪਰੋਬ, ਚੰਦਰਯਾਨ-2 ਦਾ ਵਿਕਰਮ ਲੈਂਡਰ ਅਤੇ ਪ੍ਰਗਿਆਨ ਰੋਵਰ ਵੀ ਚੰਨ ਦੇ ਇਸੇ ਹਿੱਸੇ ਉੱਤੇ ਭੇਜੇ ਗਏ ਸਨ। ਚੰਦਰਯਾਨ-3 ਵੀ ਇੱਥੇ ਹੀ ਉਤਾਰਿਆ ਜਾਵੇਗਾ।

ਚੰਦਰਯਾਨ-3 ਨਾਲ ਇਸਰੋ (ਭਾਰਤੀ ਸਪੇਸ ਰਿਸਰਚ ਏਜੰਸੀ) ਭਾਰਤ ਨੂੰ ਚੰਨ ਦੇ ਦੱਖਣੀ ਧੁਰੇ ਉੱਤੇ ਸੌਫਟ ਲੈਂਡਿੰਗ ਕਰਨ ਵਾਲਾ ਅਜਿਹਾ ਪਹਿਲਾ ਮੁਲਕ ਬਣਾਉਣਾ ਚਾਹੁੰਦੀ ਹੈ।

ਰੂਸ ਵੱਲੋਂ 11 ਅਗਸਤ ਨੂੰ ਭੇਜਿਆ ਗਿਆ ਲੂਨਾ-25 ਵੀ ਚੰਨ ਦੇ ਦੱਖਣੀ ਧੁਰੇ ਉੱਤੇ ਉਤਰਨ ਦੀ ਤਿਆਰੀ ਕਰ ਰਿਹਾ ਹੈ।

ਰੂਸ ਦੀ ਪੁਲਾੜ ਏਜੰਸੀ ਨੇ ਲੂਨਾ-25 ਤੋਂ ਖਿੱਚੀਆਂ ਗਈਆਂ ਤਸਵੀਰਾਂ ਵੀ ਜਾਰੀ ਕਰ ਦਿੱਤੀਆਂ ਹਨ। ਜੇ ਸਭ ਕੁਝ ਠੀਕ ਰਿਹਾ ਤਾਂ, ਰੂਸ ਦਾ ਲੂਨਾ ਮਿਸ਼ਨ ਵੀ 21 ਅਗਸਤ ਨੂੰ ਚੰਨ ਦੇ ਦੱਖਣੀ ਧੁਰੇ ਉੱਤੇ ਪਹੁੰਚ ਜਾਵੇਗਾ।

ਚੰਨ ਦੇ ਕਿਹੜੇ ਖੇਤਰ ਉੱਤੇ ਉਤਰਨਾ ਸੌਖਾ ਹੈ

ਚੰਨ

ਤਸਵੀਰ ਸਰੋਤ, ISRO

ਪੁਲਾੜ ਦੀ ਖੋਜ ਕਰਨ ਵਾਲੇ ਦੇਸ਼ਾਂ ਲਈ ਧਰਤੀ ਦੇ ਵਾਯੂਮੰਡਲ ਤੋਂ ਬਾਹਰ ਖੋਜ ਮਿਸ਼ਨ ਭੇਜਣੇ ਜ਼ਰੂਰੀ ਹੁੰਦੇ ਹਨ।

ਸੌਰ ਮੰਡਲ ਵਿੱਚ ਚੰਨ ਹੀ ਧਰਤੀ ਦੇ ਸਭ ਤੋਂ ਨੇੜੇ ਹੈ। ਇਸੇ ਲਈ ਅਮਰੀਕਾ ਅਤੇ ਰੂਸ ਵਿਚਾਲੇ ਸ਼ਰੂਆਤ ਤੋਂ ਹੀ ਚੰਨ ਉੱਤੇ ਪਹਿਲਾਂ ਪਹੁੰਚ ਕੇ ਖੋਜ ਕਰਨ ਲਈ ਮੁਕਾਬਲਾ ਰਿਹਾ ਹੈ।

ਬਹੁਤੇ ਪੁਲਾੜ ਮਿਸ਼ਨ ਚੰਨ ਦੀ ਭੂ-ਮੱਧ ਰੇਖਾ ਕੋਲ ਉਤਰਨ ਦੀ ਕੋਸ਼ਿਸ਼ ਕਰਦੇ ਹਨ।

ਅਮਰੀਕੀ ਪੁਲਾੜ ਏਜੰਸੀ ਨਾਸਾ ਵੱਲੋਂ ਭੇਜੇ ਗਏ ਬਹੁਤੇ ਅਪੋਲੋ ਮਿਸ਼ਨ, ਮਨੁੱਖਾਂ ਨਾਲ ਭੇਜੇ ਗਏ ਪੁਲਾੜ ਮਿਸ਼ਨ ਅਤੇ ਰੂਸ ਵੱਲੋਂ ਭੇਜਿਆ ਗਿਆ ਲੂਨਾ-24 ਵੀ ਰੂਸ ਦੀ ਭੂ-ਮੱਧ ਰੇਖਾ ਦੇ ਨੇੜੇ ਉੱਤਰੇ ਸਨ।

ਚੰਨ ਦੀ ਭੂ-ਮੱਧ ਰੇਖਾ ਦੇ ਕੋਲ, ਤਕਨੀਕੀ ਸੈਂਸਰ ਅਤੇ ਹੋਰ ਉਪਕਰਨਾਂ ਤੱਕ ਸੂਰਜ ਦੀ ਰੌਸ਼ਨੀ ਸਿੱਧੀ ਪਹੁੰਚਦੀ ਹੈ।

ਦਿਨ ਵੇਲੇ ਇੱਥੇ ਲੋੜੀਂਦਾ ਚਾਨਣ ਵੀ ਹੁੰਦਾ ਹੈ। ਇਸੇ ਲਈ ਵੱਖ-ਵੱਖ ਦੇਸ਼ਾਂ ਵੱਲੋਂ ਭੇਜੇ ਗਏ ਖੋਜ ਮਿਸ਼ਨ ਅਤੇ ਪੁਲਾੜ ਯਾਤਰੀ ਚੰਨ ਦੀ ਭੂ-ਮੱਧ ਰੇਖਾ ਨੇੜੇ ਉੱਤਰਦੇ ਹਨ।

ਲਾਈਨ
ਲਾਈਨ

ਭਾਰਤ ਦੱਖਣੀ ਧੁਰੇ ਉੱਤੇ ਕਿਉਂ ਜਾਣਾ ਚਾਹੁੰਦਾ ਹੈ?

ਚੰਦਰਯਾਨ

ਤਸਵੀਰ ਸਰੋਤ, Getty Images

ਉਨ੍ਹਾਂ ਦੇ ਨਾਂਅ ਇਤਿਹਾਸ ਵਿੱਚ ਯਾਦ ਰੱਖੇ ਜਾਣਗੇ, ਜਿਨ੍ਹਾਂ ਨੇ ਕੁਝ ਸਭ ਤੋਂ ਪਹਿਲਾਂ ਹਾਸਲ ਕੀਤਾ।

ਰੂਸ ਨੇ ਲੂਨਾ-2 ਖੋਜ ਮਿਸ਼ਨ ਸਭ ਤੋਂ ਪਹਿਲਾਂ ਭੇਜ ਕੇ ਇਤਿਹਾਸ ਸਿਰਜਿਆ ਸੀ।

ਅਮਰੀਕਾ ਚੰਨ ਉੱਤੇ ਪਹੁੰਚਣ ਵਾਲਾ ਪਹਿਲਾ ਮੁਲਕ ਸੀ, ਇਸੇ ਤਰ੍ਹਾਂ ਇਸਰੋ ਵੀ ਇਹ ਕੋਸ਼ਿਸ਼ ਕਰ ਰਹੀ ਹੈ ਕਿ ਭਾਰਤ ਚੰਨ ਦੇ ਦੱਖਣੀ ਧੁਰੇ ਉੱਤੇ ਪਹੁੰਚਣ ਵਾਲਾ ਪਹਿਲਾ ਮੁਲਕ ਬਣੇ।

ਹੁਣ ਰੂਸ ਦਾ ਲੂਨਾ-25 ਮਿਸ਼ਨ ਵੀ ਇਸਰੋ ਤੋਂ ਪਹਿਲਾਂ ਚੰਨ ਦੇ ਦੱਖਣੀ ਧੁਰੇ ਉੱਤੇ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ।

ਨਾਸਾ ਮੁਤਾਬਕ ਚੰਨ ਦੀ ਭੂ-ਮੱਧ ਰੇਖਾ ਕੋਲ ਦਿਨ ਅਤੇ ਰਾਤ ਵੇਲੇ ਦੇ ਤਾਪਮਾਨ ਵਿੱਚ ਬਹੁਤ ਅੰਤਰ ਹੈ। ਇੱਥੇ ਰਾਤ ਦਾ ਤਾਪਮਾਨ -120 ਡਿਗਰੀ ਸੈਲਸੀਅਸ ਅਤੇ ਦਿਨ ਵੇਲੇ 180 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ।

ਪਰ ਧੁਰਿਆਂ ‘ਤੇ ਇਹ ਸੰਭਾਵਨਾ ਹੈ ਕਿ ਕੁਝ ਇਲਾਕਿਆ ਵਿੱਚ ਤਾਪਮਾਨ -230 ਡਿਗਰੀ ਤੱਕ ਚਲਾ ਜਾਵੇ, ਜਿੱਥੇ ਕਈ ਕਰੋੜ ਸਾਲਾਂ ਤੋਂ ਸੂਰਜ ਦੀਆ ਕਿਰਣਾਂ ਨਹੀਂ ਪਹੁੰਚੀਆਂ।

ਚੰਨ

ਤਸਵੀਰ ਸਰੋਤ, ANI

ਧਰੁਵੀ ਇਲਾਕਿਆਂ ਵਿੱਚ ਬਿਲਕੁਲ ਘੱਟ ਤਾਪਮਾਨ ਹੋਣ ਦਾ ਮਤਲਬ ਇਹ ਹੈ ਕਿ ਕੋਈ ਵੀ ਫਸਿਆ ਹੋਇਆ ਪਦਾਰਥ ਇੱਥੇ ਸੁਰੱਖਿਅਤ ਰਹੇਗਾ ਅਤੇ ਇਹ ਕੋਈ ਮਹੱਤਵਪੂਰਨ ਜਾਣਕਾਰੀ ਦੇ ਸਕਦਾ ਹੈ।

ਇਹ ਜੰਮੇ ਹੋਏ ਪਦਾਰਥ ਸੌਰ ਮੰਡਲ ਦੇ ਜਨਮ ਬਾਰੇ ਵੀ ਦੱਸ ਸਕਦੇ ਹਨ, ਇਸ ਬਾਰੇ ਵੀ ਦੱਸ ਸਕਦੇ ਹਨ ਕਿ ਚੰਨ ਅਤੇ ਧਰਤੀ ਦੇ ਜਨਮ ਦੇ ਰਹੱਸ ਬਾਰੇ ਵੀ ਪਤਾ ਲੱਗੇਗਾ, ਚੰਨ ਕਿਵੇਂ ਬਣਿਆ ਤੇ ਇਸਦੇ ਬਣਨ ਵੇਲੇ ਦੇ ਹਾਲਾਤ ਕਿਹੋ ਜਿਹੇ ਸਨ।

ਭਾਰਤ ਵੱਲੋਂ ਭੇਜੇ ਗਏ ਚੰਦਰਯਾਨ-1, ਜਿਹੜਾ ਕਿ ਹਾਦਸਾਗ੍ਰਸਤ ਹੋ ਗਿਆ ਸੀ ਤੋਂ ਵੀ ਇਹ ਸੰਕੇਤ ਮਿਲੇ ਸਨ ਕਿ ਇਸ ਖੇਤਰ ਵਿੱਚ ਵੱਡੀ ਮਾਤਰਾ ਵਿੱਚ ਜੰਮੇ ਹੋਏ ਅਣੂ ਮੌਜੂਦ ਹਨ। ਇਨ੍ਹਾਂ ਕਾਰਨਾਂ ਕਰਕੇ ਹੀ, ਇਸਰੋ ਆਪਣੇ ਪੁਲਾੜ ਮਿਸ਼ਨ ਨੂੰ ਦੱਖਣੀ ਧੁਰੇ ਨੇੜੇ ਉਤਾਰਨਾ ਚਾਹੁੰਦੀ ਹੈ।

ਆਪਣੇ ਲੈਂਡਰ ਅਤੇ ਰੋਵਰ ਇੱਥੇ ਉਤਾਰ ਕੇ ਇਸਰੋ ਇੱਥੇ ਦੀ ਮਿੱਟੀ ਦੀ ਪਰਖ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਪੁਲਾੜ ਮਿਸ਼ਨ ਇਸੇ ਖੇਤਰ ਵਿੱਚ ਭੇਜ ਕੇ ਚੰਨ ਬਾਰੇ ਹੋਰ ਪਤਾ ਕਰਨਾ ਸੰਭਵ ਹੋ ਸਕੇਗਾ।

ਚੰਨ ਦੇ ਧੁਰਿਆਂ ਉੱਤੇ ਉਤਰਨਾ ਕਿੰਨਾ ਔਖਾ ਹੈ

ਇਸਰੋ

ਤਸਵੀਰ ਸਰੋਤ, ISRO

ਧਰਤੀ ਦਾ ਧੁਰਾ 23.5 ਡਿਗਰੀ ਝੁਕਿਆ ਹੋਇਆ ਹੈ। ਇਸ ਕਰਕੇ ਧੁਰਿਆਂ ਦੇ ਨੇੜੇ 6 ਮਹੀਨੇ ਦਿਨ ਅਤੇ ਛੇ ਮਹੀਨੇ ਰਾਤ ਰਹਿੰਦੀ ਹੈ।

ਪਰ ਚੰਨ ਦਾ ਧੁਰਾ ਸੂਰਜ ਵੱਲ 90 ਡਿਗਰੀ ਤੱਕ ਝੁਕਿਆ ਹੋਇਆ ਹੈ।

ਨਾਸਾ ਮੁਤਾਬਕ ਚੰਨ ਦਾ ਧੁਰਾ ਲੰਬਾਈ ਵਿੱਚ 88.5 ਡਿਗਰੀ ਹੈ – ਜਿਸ ਦਾ ਮਤਲਬ ਇਹ ਹੈ ਕਿ ਇਹ ਬੱਸ 1.5 ਡਿਗਰੀ ਝੁਕਿਆ ਹੋਇਆ ਹੈ। ਇਸ ਦਾ ਮਤਲਬ ਹੈ ਕਿ ਜੇ ਸੂਰਜ ਦੀਆਂ ਕਿਰਨਾਂ ਚੰਨ ਦੇ ਧੁਰੇ ਵਾਲੇ ਖੇਤਰ ਤੱਕ ਪਹੁੰਚ ਵੀ ਜਾਣ ਤਾਂ ਵੀ ਇਹ ਚੰਨ ਦੀਆਂ ਖੱਡਾਂ ਦੀ ਡੂੰਘਾਈ ਤੱਕ ਨਹੀਂ ਪਹੁੰਚਦੀਆਂ।

ਚੰਨ ਦੇ ਉਹ ਖੇਤਰ ਜਿੱਥੇ ਸੂਰਜ ਦੀ ਰੌਸ਼ਨੀ ਨਹੀਂ ਪਹੁੰਚਦੀ ਉਨ੍ਹਾਂ ਨੂੰ 'ਪਰਮਾਨੈਂਟਲੀ ਸ਼ੈਡੋਅਡ ਰੀਜਨ' ਕਿਹਾ ਜਾਂਦਾ ਹੈ।ਅਜਿਹੀਆਂ ਥਾਵਾਂ ‘ਤੇ ਪੁਲਾੜ ਮਿਸ਼ਨਾਂ ਦਾ ਪਹੁੰਚਣਾ ਅਤੇ ਤਕਨੀਕੀ ਤਜੁਰਬੇ ਕਰਨਾ ਮੁਸ਼ਕਲ ਹੈ।

ਚੰਨ ਉੱਤੇ ਖੱਡਾਂ ਬਹੁਤ ਚੌੜੀਆਂ ਹਨ। ਕੁਝ ਖੱਡਾਂ ਕਈ 100 ਕਿਲੋਮੀਟਰ ਚੌੜਾਈ ਵਾਲੀਆਂ ਹਨ। ਇਨ੍ਹਾਂ ਸਾਰੀਆਂ ਮੁਸ਼ਕਲਾਂ ਅਤੇ ਔਖੇ ਹਾਲਾਤ ਦੇ ਹੁੰਦਿਆਂ ਵੀ, ਇਸਰੋ ਚੰਦਰਯਾਨ-3 ਨੂੰ ਦੱਖਣੀ ਧੁਰੇ ਦੇ 70ਵੇਂ ਲੈਟੀਟਯੂਡ (ਵਿਥਕਾਰ) ਨੇੜੇ ਉਤਾਰਨਾ ਚਾਹੁੰਦੀ ਹੈ।

ਚੰਦਰਯਾਨ-3 ਵੱਲੋਂ ਕੀਤੀ ਖੋਜ ਭਵਿੱਖ ਦੇ ਤਜੁਰਬਿਆਂ ਵਿੱਚ ਕਿਵੇਂ ਸਹਾਈ ਹੋਵੇਗੀ

ਨਾਸਾ

ਤਸਵੀਰ ਸਰੋਤ, NASA

ਜੇ ਚੰਦਰਯਾਨ-3 ਨੂੰ ਦੱਖਣੀ ਧੁਰੇ ਵਿੱਚ ਜੰਮੀ ਹੋਈ ਮਿੱਟੀ ਵਿੱਚ ਪਾਣੀ ਦੇ ਅੰਸ਼ ਮਿਲੇ ਤਾਂ ਇਹ ਭਵਿੱਖ ਦੇ ਤਜੁਰਬਿਆਂ ਲਈ ਮਦਦਗਾਰ ਸਾਬਤ ਹੋਵੇਗਾ।

ਜੇ ਅਸੀਂ ਚੰਨ ਉੱਤੇ ਪਾਣੀ ਲੱਭ ਲੈਂਦੇ ਹਾਂ…ਤਾਂ ਅਸੀਂ ਇਸ ਨਾਲ ਆਕਸੀਜਨ ਵੀ ਬਣਾ ਸਕਦੇ ਹਾਂ।

ਇੱਥੇ ਮਨੁੱਖ ਦੇ ਰਹਿਣ ਲਈ ਹਾਲਾਤ ਵੀ ਬਣਾਏ ਜਾ ਸਕਦੇ ਹਨ।

ਇਹੀ ਨਹੀਂ ਆਕਸੀਜਨ ਨੂੰ ਪੁਲਾੜ ਅਤੇ ਚੰਨ ਉੱਤੇ ਹੋਰ ਤਜੁਰਬਿਆਂ ਲਈ ਵੀ ਵਰਤਿਆ ਜਾ ਰਿਹਾ ਹੈ। ਕਿਉਂਕਿ ਇਸ ਦੇ ਬਹੁਤ ਲਾਭ ਹਨ, ਇਸਰੋ ਚੰਨ ਦੇ ਦੱਖਣੀ ਧੁਰੇ ਉੱਤੇ ਖੋਜ ਕਰਨ ਲਈ ਸ਼ੁਰੂ ਤੋਂ ਹੀ ਤਿਆਰੀ ਕਰ ਰਿਹਾ ਸੀ।

ਅਜਿਹੀਆਂ ਹੀ ਕੋਸ਼ਿਸ਼ਾਂ ਚੰਦਰਯਾਨ-1 ਅਤੇ ਚੰਦਰਯਾਨ-2 ਨਾਲ ਕੀਤੀਆਂ ਗਈਆਂ ਸਨ। ਹੁਣ ਇਹ ਚੰਦਰਯਾਨ-2 ਨਾਲ ਇਤਿਹਾਸ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)