ਇੱਕ ਫ਼ੌਜੀ ਨੇ ਕਿਵੇਂ ਫ਼ਿਲਮੀ ਅੰਦਾਜ਼ ’ਚ ‘ਆਪਣੀ ਦੋਸਤ ਦਾ ਕਤਲ ਕੀਤਾ, ਤੇ ਦਫ਼ਨਾ ਕੇ ਉੱਤੇ ਪਲਸਤਰ ਕਰ ਦਿੱਤਾ’

- ਲੇਖਕ, ਭਾਗਿਆਸ਼੍ਰੀ ਰਾਉਤ
- ਰੋਲ, ਬੀਬੀਸੀ ਮਰਾਠੀ ਲਈ
ਮਹਾਰਾਸ਼ਟਰ ਦੇ ਨਾਗਪੁਰ ਵਿੱਚ ਇੱਕ ਸ਼ਖਸ ਉੱਤੇ ਇਲਜ਼ਾਮ ਹੈ ਕਿ ਉਸ ਨੇ ਆਪਣੀ ਦੋਸਤ ਨੂੰ ਦ੍ਰਿਸ਼ਯਮ ਫ਼ਿਲਮ ਦੀ ਕਹਾਣੀ ਵਾਂਗ ਕਤਲ ਕਰ ਦਿੱਤਾ। ਪੁਲਿਸ ਮੁਤਾਬਕ ਮੁਲਜ਼ਮ ਫ਼ੌਜ ਵਿੱਚ ਮੁਲਾਜ਼ਮ ਸੀ ਅਤੇ ਉਸ ਨੇ ਆਪਣੀ ਮਹਿਲਾ ਮਿੱਤਰ ਨੂੰ ਮਾਰ ਕੇ ਦਫ਼ਨਾ ਦਿੱਤਾ ਅਤੇ ਸਬੂਤ ਮਿਟਾਉਣ ਲਈ ਉੱਤੋਂ ਸੀਮਿੰਟ ਦਾ ਪਲਸਤਰ ਕਰ ਦਿੱਤਾ।
ਨਾਗਪੁਰ ਵਿੱਚ ਬੇਲਟਰੋਡੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਅਤੇ ਹੁਣ ਹਿਰਾਸਤ ਵਿੱਚ ਹੈ।
ਪੀੜਤਾ ਦੀ ਪਛਾਣ ਜਿਯੋਤਸਨਾ ਪ੍ਰਕਾਸ਼ ਅਕਰੇ (32) ਵਜੋਂ ਅਤੇ ਮੁਲਜ਼ਮ ਦੀ ਪਛਾਣ ਅਜੇ ਵਾਨਖੇੜੇ (34) ਵਜੋਂ ਹੋਈ ਹੈ। ਜਿਯੋਤਸਨਾ 28 ਅਗਸਤ ਨੂੰ ਆਪਣੇ ਘਰ ਤੋਂ ਲਾਪਤਾ ਹੋਈ ਅਤੇ ਪੁਲਿਸ ਮੁਤਾਬਕ ਉਨ੍ਹਾਂ ਦਾ 55 ਦਿਨ ਬਾਅਦ ਕਤਲ ਕਰ ਦਿੱਤਾ ਗਿਆ।
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੇ ਲਾਸ਼ ਨੂੰ ਬੁਟੀਬੋਰੀ ਰੇਲਵੇ ਲਾਈਨ ਦੇ ਕੋਲ ਸੰਘਣੀਆਂ ਝਾੜੀਆਂ ਵਿੱਚ ਦਫ਼ਨ ਕੀਤਾ। ਇੱਕ ਡੂੰਘਾ ਟੋਆ ਪੁੱਟਿਆ ਗਿਆ ਲਾਸ਼ ਉਸ ਵਿੱਚ ਰੱਖ ਦਿੱਤੀ ਗਈ। ਉਸ ਤੋਂ ਬਾਅਦ ਉਸ ਉੱਤੇ ਪਲਾਸਟਿਕ ਅਤੇ ਫਿਰ ਪੱਥਰ ਰੱਖੇ ਗਏ। ਅਖੀਰ ਵਿੱਚ ਸੀਮਿੰਟ ਨਾਲ ਪਲਸਤਰ ਕਰ ਦਿੱਤਾ ਗਿਆ।
ਪੁਲਿਸ ਨੇ ਲਾਸ਼ ਬਰਾਮਦ ਕਰਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤੀ ਹੈ। ਲੇਕਿਨ ਪੁਲਿਸ ਨੇ ਇਹ ਗੁੱਥੀ ਸੁਲਝਾਈ ਕਿਵੇਂ?
ਪੁਲਿਸ ਨੇ ਤਫ਼ਤੀਸ਼ ਬਾਰੇ ਕੀ ਦੱਸਿਆ
ਡੀਸੀਪੀ ਰਸ਼ਮਿਤਾ ਰਾਓ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਅਪਰਾਧ ਬਾਰੇ ਜਾਣਕਾਰੀ ਦਿੱਤੀ। ਰਿਪੋਰਟਾਂ ਮੁਤਾਬਕ, ਜਿਯੋਤਸਨਾ 32 ਸਾਲ ਦੀ ਸੀ ਅਤੇ ਕਲਮੇਸ਼ਵਰ ਦੀ ਰਹਿਣ ਵਾਲੀ ਸੀ। ਉਹ ਆਪਣੀ ਇੱਕ ਸਹੇਲੀ ਨਾਲ ਨਾਗਪੁਰ ਵਿੱਚ ਕਿਰਾਏ ਉੱਤੇ ਰਹਿੰਦੀ ਸੀ ਅਤੇ ਐੱਮਆਈਡੀਸੀ ਵਿੱਚ ਇੱਕ ਟੀਵੀਐੱਸ ਸ਼ੋਰੂਮ ਵਿੱਚ ਮੁਲਾਜ਼ਮ ਸੀ।
ਜਿਯੋਤਸਨਾ 28 ਅਗਸਤ ਨੂੰ ਰਾਤ ਸਾਢੇ ਅੱਠ ਵਜੇ ਘਰੋਂ ਨਿਕਲੀ ਲੇਕਿਨ ਅਗਲੀ ਸਵੇਰ ਤੱਕ ਵਾਪਸ ਨਹੀਂ ਆਈ। ਉਸਦੇ ਭਰਾ ਰਿਧੇਸ਼ਵਰ ਅਕਰੇ ਨੇ ਪੁਲਿਸ ਸਟੇਸ਼ਨ ਵਿੱਚ ਉਸਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ।
ਇਸ ਮੁਤਾਬਕ ਬੇਲਟਰੋਡੀ ਪੁਲਿਸ ਨੇ ਗੁੰਮਸ਼ਦਗੀ ਦੀ ਰਿਪੋਰਟ ਦਰਜ ਕਰ ਲਈ। ਪੁਲਿਸ ਨੇ ਜਿਯੋਤਸਨਾ ਦੇ ਮੋਬਾਈਲ ਦੀ ਲੋਕੇਸ਼ਨ ਦੀ ਜਾਂਚ ਕੀਤੀ ਤਾਂ ਇਹ ਹੈਦਰਾਬਾਦ ਵਿੱਚ ਮਿਲੀ।

ਜਦੋਂ ਕਈ ਦਿਨਾਂ ਤੱਕ ਭੈਣ ਦਾ ਪਤਾ ਨਾ ਲੱਗ ਸਕਿਆ ਤਾਂ ਰਿਧੇਸ਼ਵਰ ਇੱਕ ਵਾਰ ਫਿਰ ਪੁਲਿਸ ਕੋਲ ਗਿਆ। ਉਸ ਨੇ ਸ਼ੱਕ ਜ਼ਾਹਰ ਕੀਤਾ ਕਿ ਉਸਦੀ ਭੈਣ ਦਾ ਕਤਲ ਕਰ ਦਿੱਤਾ ਗਿਆ ਹੋਵੇਗਾ।
ਪੁਲਿਸ ਨੇ ਜਾਂਚ ਹੋਰ ਤੇਜ਼ ਕਰ ਦਿੱਤੀ। ਜਿਯੋਤਸਨਾ ਦੇ ਫ਼ੋਨ ਉੱਤੇ ਜਦੋਂ ਘੰਟੀ ਕੀਤੀ ਗਈ ਤਾਂ ਇਹ ਇੱਕ ਟਰੱਕ ਡਰਾਇਵਰ ਨੇ ਚੁੱਕਿਆ ਜਿਸ ਨੇ ਕਿਹਾ ਕਿ ਇਹ ਉਸਨੂੰ ਟਰੱਕ ਵਿੱਚੋਂ ਮਿਲਿਆ ਸੀ। ਉਸ ਨੇ ਫ਼ੋਨ ਪੁਲਿਸ ਦੇ ਹਵਾਲੇ ਕਰ ਦਿੱਤਾ।
ਪੁਲਿਸ ਨੇ ਆਈਆਂ-ਗਈਆਂ ਸਾਰੀਆਂ ਕਾਲਾਂ ਦਾ ਰਿਕਾਰਡ ਖੰਘਾਲਿਆ ਤਾਂ ਅਹਿਮ ਜਾਣਕਾਰੀ ਮਿਲੀ:
ਦ੍ਰਿਸ਼ਯਮ ਫ਼ਿਲਮ ਵਿੱਚ ਵੀ ਦਿਖਿਆਇਆ ਗਿਆ ਸੀ ਕਿ ਪੁਲਿਸ ਦੇ ਅੱਖੀਂ ਘੱਟਾ ਪਾਉਣ ਲਈ ਪੀੜਤ ਦਾ ਫ਼ੋਨ ਇੱਕ ਟਰੱਕ ਦੇ ਉੱਪਰ ਸੁੱਟ ਦਿੱਤਾ ਗਿਆ ਸੀ। ਇਸ ਕੇਸ ਵਿੱਚ ਵੀ ਲਗਦਾ ਹੈ ਮੁਲਜ਼ਮ ਨੇ ਇਸੇ ਮਨਸ਼ਾ ਨਾਲ ਜਿਯੋਤਸਨਾ ਦਾ ਮੋਬਾਈਲ ਟਰੱਕ ਵਿੱਚ ਸੁੱਟਿਆ ਸੀ।
ਪੁਲਿਸ ਮੁਤਾਬਕ ਕਾਲ ਵੇਰਵਿਆਂ ਤੋਂ ਪਤਾ ਲੱਗਿਆ ਕਿ ਜਿਯੋਤਸਨਾ ਅਤੇ ਅਜੇ ਵਾਨਖੇੜੇ ਦੇ ਵਿਚਕਾਰ ਲਗਾਤਾਰ ਗੱਲਬਾਤ ਹੋ ਰਹੀ ਸੀ। ਉਨ੍ਹਾਂ ਦਾ ਆਪਸ ਵਿੱਚ ਪੈਸੇ ਦਾ ਵੀ ਲੈਣ-ਦੇਣ ਸੀ।
ਪੁਲਿਸ ਨੇ ਦੱਸਿਆ ਕਿ ਜਿਯੋਤਸਨਾ ਅਤੇ ਮੁਲਜ਼ਮ ਦੀ ਆਖਰੀ ਲੋਕੇਸ਼ਨ ਵਿੱਚ ਮਿਲਦੀ-ਜੁਲਦੀ ਸੀ। ਜਾਂਚ ਦੌਰਾਨ ਪੁਲਿਸ ਨੇ ਬੇਸਾ ਚੌਂਕ ਤੋਂ ਇੱਕ ਸੀਸੀਟੀਵੀ ਫੁਟੇਜ ਹਾਸਲ ਕੀਤੀ। ਉੱਥੇ ਇੱਕ ਕਾਰ ਬਰਾਮਦ ਹੋਈ ਸੀ। ਇਸ ਤੋਂ ਪੁਲਿਸ ਦਾ ਸ਼ੱਕ ਹੋਰ ਡੂੰਘਾ ਹੋਇਆ ਅਤੇ ਉਨ੍ਹਾਂ ਨੇ ਜਾਂਚ ਤੇਜ਼ ਕਰ ਦਿੱਤੀ।

ਹਾਦਸੇ ਤੋਂ ਦੋ ਦਿਨਾਂ ਬਾਅਦ ਮੁਲਜ਼ਮ ਪੁਣੇ ਦੇ ਇੱਕ ਹਸਪਤਾਲ ਤੋਂ ਡਾਇਬੀਟੀਜ਼ ਦਾ ਇਲਾਜ ਕਰਵਾ ਰਿਹਾ ਸੀ। ਹਸਪਤਾਲ ਨੂੰ ਫ਼ੋਨ ਕਰਕੇ ਉਸ ਨੂੰ ਛੁੱਟੀ ਨਾ ਦੇਣ ਲਈ ਕਿਹਾ ਗਿਆ। ਲੇਕਿਨ ਜਦੋਂ ਤੱਕ ਪੁਲਿਸ ਉੱਥੇ ਪਹੁੰਚੀ ਉਹ ਫਰਾਰ ਹੋ ਚੁੱਕਿਆ ਸੀ।
ਇਸੇ ਦੌਰਾਨ ਉਸ ਨੇ ਨਾਗਪੁਰ ਸੈਸ਼ਨ ਕੋਰਟ ਵਿੱਚ ਅਗਾਉਂ ਜ਼ਮਾਨਤ ਲਈ ਵੀ ਅਰਜ਼ੀ ਦੇ ਦਿੱਤੀ। ਇਸ ਤੋਂ ਪੁਲਿਸ ਨੂੰ ਮੁਲਜ਼ਮ ਦੀ ਪੁਸ਼ਟੀ ਹੋ ਗਈ। ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ।
ਪੁਲਿਸ ਮੁਤਾਬਕ ਅਠਾਰਾਂ ਅਕਤੂਬਰ ਨੂੰ ਮੁਲਜ਼ਮ ਨੇ ਪੁਲਿਸ ਕੋਲ ਆਤਮ ਸਮਰਪਣ ਕਰਕੇ ਆਪਣਾ ਜੁਰਮ ਮੰਨ ਲਿਆ। ਪੁਲਿਸ ਨੇ ਕੇਸ ਦਰਜ ਕਰਕੇ 21 ਅਕਤੂਬਰ ਨੂੰ ਲਾਸ਼ ਬਰਾਮਦ ਕਰ ਲਈ।

ਲੇਕਿਨ ਅਜੇ ਨੇ ਜੋਤਸਨਾ ਦਾ ਕਤਲ ਕਿਉਂ ਕੀਤਾ?
ਅਜੇ ਵਾਨਖੇੜੇ ਨਾਗਪੁਰ ਮਿਊਂਸੀਪੈਲਿਟੀ ਦੇ ਇੱਕ ਸਾਬਕਾ ਕਰਮਚਾਰੀ ਦੀ ਸੰਤਾਨ ਹੈ। ਜੋ ਕਿ ਪਿਛਲੇ 12 ਸਾਲਾਂ ਤੋਂ ਫ਼ੌਜ ਵਿੱਚ ਫਾਰਮਸਿਸਟ ਵਜੋਂ ਨੌਕਰ ਹੈ। ਫਿਲਹਾਲ ਉਸ ਦੀ ਪੋਸਟਿੰਗ ਨਾਗਾਲੈਂਡ ਦੀ ਹੈ।
ਉਸਦਾ ਪਹਿਲਾਂ ਵੀ ਦੋ ਵਾਰ ਵਿਆਹ ਅਤੇ ਤਲਾਕ ਹੋ ਚੁੱਕਿਆ ਹੈ। ਉਹ ਤੀਜੇ ਵਿਆਹ ਲਈ ਕੁੜੀ ਦੀ ਭਾਲ ਵਿੱਚ ਸੀ। ਇੱਕ ਮੈਟਰੀਮੋਨੀ ਸਾਈਟ ਰਾਹੀਂ ਉਸਦੀ ਮੁਲਾਕਾਤ ਜਿਯੋਤਸਨਾ ਨਾਲ ਹੋਈ।

ਜਿਯੋਤਸਨਾ ਵੀ ਤਲਾਕਸ਼ੁਦਾ ਸੀ ਅਤੇ ਵਿਆਹ ਲਈ ਮੁੰਡੇ ਦੀ ਭਾਲ ਕਰ ਰਹੀ ਸੀ। ਵਿਆਹ ਲਈ ਜਿਯੋਤਸਨਾ ਦੇ ਘਰ ਵਿੱਚ ਦੋਵਾਂ ਦੀ ਮੁਲਾਕਾਤ ਹੋਈ। ਲੇਕਿਨ ਕਿਸੇ ਕਾਰਨ ਦੋਵਾਂ ਦਾ ਵਿਆਹ ਨਹੀਂ ਹੋ ਸਕਿਆ। ਕਾਲ ਵੇਰਵਿਆਂ ਤੋਂ ਸਪਸ਼ਟ ਹੋਇਆ ਕਿ ਇਸਦੇ ਬਾਵਜੂਦ ਉਹ ਇੱਕ-ਦੂਜੇ ਦੇ ਸੰਪਰਕ ਵਿੱਚ ਸਨ।
ਇਸੇ ਦੌਰਾਨ ਅਜੇ ਨੇ ਤੀਜਾ ਵਿਆਹ ਕਰਵਾ ਲਿਆ। ਜਿਯੋਤਸਨਾ ਉਸ ਦਿਨ ਵੀ ਅਜੇ ਨਾਲ ਫ਼ੋਨ ਉੱਤੇ ਗੱਲ ਕਰ ਰਹੀ ਸੀ। ਮੋਬਾਈਲ ਲੋਕੇਸ਼ਨ ਮੁਤਾਬਕ ਉਹ ਘਰੋਂ ਅਜੇ ਨੂੰ ਮਿਲਣ ਲਈ ਹੀ ਨਿਕਲੀ ਸੀ।
ਅਜੇ ਸਿਰਫ ਜੋਤਸਨਾ ਨਾਲ ਹੀ ਨਹੀਂ ਸਗੋਂ ਹੋਰ ਵੀ ਨੌਜਵਾਨ ਕੁੜੀਆਂ ਨਾਲ ਰਿਸ਼ਤੇ ਵਿੱਚ ਸੀ। ਜਾਂਚ ਦੌਰਾਨ ਪਤਾ ਲੱਗਿਆ ਕਿ ਉਸਦੀਆਂ ਹੋਰ ਵੀ ਦੋਸਤ ਸਨ। ਪੁਲਿਸ ਨੂੰ ਸ਼ੱਕ ਹੈ ਕਿ ਉਸਦਾ ਕਿਰਦਾਰ ਵੀ ਜਿਯੋਤਸਨਾ ਦੇ ਕਤਲ ਦੀ ਇੱਕ ਵਜ੍ਹਾ ਸੀ।
ਪੁਲਿਸ ਜਿਯੋਤਸਨਾ ਦੀ ਮੌਤ ਦੇ ਅਸਲ ਹਾਲਾਤ ਦਾ ਪਤਾ ਲਾਉਣਾ ਚਾਹੁੰਦੀ ਸੀ।
ਡੀਸੀਪੀ ਰਸ਼ਮਿਤਾ ਰਾਓ ਨੇ ਇਹ ਵੀ ਕਿਹਾ ਕਿ ਹੁਣ ਤੱਕ ਦੀ ਜਾਂਚ ਮੁਤਾਬਕ ਕਤਲ ਵਿਉਂਤ ਬਣਾ ਕੇ ਕੀਤਾ ਗਿਆ ਸੀ।
ਪੱਤਰਕਾਰਾਂ ਨੇ ਪੁੱਛਿਆ ਕਿ ਮੁਲਜ਼ਮ ਨੇ ਕਤਲ ਕਰਨ ਤੋਂ ਪਹਿਲਾਂ ਦ੍ਰਿਸ਼ਯਮ ਫ਼ਿਲਮ ਕਿੰਨੇ ਵਾਰ ਦੇਖੀ ਸੀ। ਡੀਸੀਪੀ ਨੇ ਕਿਹਾ ਕਿ ਇਹ ਸਵਾਲ ਮੁਲਜ਼ਮ ਨੂੰ ਜ਼ਰੂਰ ਪੁੱਛਿਆ ਜਾਵੇਗਾ।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












