ਤੁਰਕੀ ਵਿੱਚ ਐਵੀਏਸ਼ਨ ਕੰਪਨੀ ਦੇ ਮੁੱਖ ਦਫ਼ਤਰ ਦੇ ਬਾਹਰ ਧਮਾਕਾ, ‘ਚਾਰ ਮੌਤਾਂ, 15 ਤੋਂ ਵੱਧ ਲੋਕ ਜ਼ਖ਼ਮੀ’

ਅੰਕਾਰਾ ਵਿੱਚ ਧਮਾਕਾ

ਤਸਵੀਰ ਸਰੋਤ, Getty Images

ਤੁਰਕੀ ਦੀ ਰਾਜਧਾਨੀ ਅੰਕਾਰਾ ਵਿੱਚ ਇੱਕ ਵਿਮਾਨਨ ਕੰਪਨੀ ਦੇ ਮੁੱਖ ਦਫ਼ਤਰ ਦੇ ਬਾਹਰ ਧਮਾਕਾ ਹੋਇਆ ਹੈ। ਤੁਰਕੀ ਦੇ ਅਧਿਕਾਰੀਆਂ ਨੇ ਇਸ ਨੂੰ ‘ਦਹਿਸ਼ਤਗਰਦੀ ਹਮਲਾ’ ਕਿਹਾ ਹੈ।

ਇਹ ਧਮਾਕਾ ਰਾਜਾਧਾਨੀ ਅੰਕਾਰਾ ਤੋਂ ਚਾਲੀ ਕਿਲੋਮੀਟਰ ਦੂਰੀ ਉੱਤੇ ਹੋਇਆ ਹੈ।

ਤੁਰਕੀ ਦੇ ਗ੍ਰਹਿ ਮੰਤਰੀ ਅਲੀ ਯੇਰਲਿਕਾਇਆ ਪੁਸ਼ਟੀ ਕੀਤੀ ਹੈ ਕਿ ਇਸ ਧਮਾਕੇ ਵਿੱਚ ਚਾਰ ਲੋਕ ਮਾਰੇ ਗਏ ਹਨ ਅਤੇ 14 ਵਿਅਕਤੀ ਜ਼ਖ਼ਮੀ ਹੋਏ ਹਨ।

ਤੁਰਕੀ ਦੇ ਗ੍ਰਹਿ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਪੋਸਟ ਕਰਦੇ ਹੋਏ ਕਿਹਾ,“ਅੰਕਾਰਾ ਕੋਲ ਹਮਲਾ ਹੋਇਆ ਹੈ ਅਤੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ। ”

ਉਨ੍ਹਾਂ ਕਿਹਾ, “ਮੰਦਭਾਗਾ ਹੈ ਕਿ ਕੁਝ ਲੋਕਾਂ ਦੀਆਂ ਮੌਤਾਂ ਹੋਈਆਂ ਹਨ ਤੇ ਕੁਝ ਲੋਕ ਜ਼ਖ਼ਮੀ ਹੋਏ ਹਨ।”

ਐੱਨਟੀਵੀ ਟੈਲੀਵਿਜ਼ਨ ਚੈਨਲ ਵਿੱਚ ਦਿਖਾਈਆਂ ਗਈਆਂ ਤਸਵੀਰਾਂ ਵਿੱਚ ਟਰਕਿਸ਼ ਏਅਰੋਸਪੇਸ ਇੰਡਸਟਰੀਜ਼ ਦੇ ਸਾਹਮਣੇ ਭਾਰੀ ਮਾਤਰਾ ਵਿੱਚ ਧੂੰਆਂ ਦਿਖਾਈ ਦੇ ਰਿਹਾ ਹੈ।

ਸਥਾਨਕ ਮੀਡੀਆ ਮੁਤਾਬਕ ਗੋਲੀਆਂ ਚੱਲਣ ਦੀ ਆਵਾਜ਼ ਵੀ ਆਈ ਹੈ।

ਘਟਨਾ ਵਾਲੀ ਥਾਂ ਦੇ ਅੰਦਰੋਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਵਿੱਚ ਇੱਕ ਵਿਅਕਤੀ ਨੂੰ ਹਥਿਆਰ ਨਾਲ ਦੇਖਿਆ ਜਾ ਸਕਦਾ ਹੈ।

ਇਸ ਘਟਨਾ ਵਿੱਚ ਕਿੰਨੇ ਲੋਕ ਸ਼ਾਮਲ ਸਨ, ਇਸ ਬਾਰੇ ਹਾਲੇ ਪੁਸ਼ਟੀ ਨਹੀਂ ਹੋ ਸਕੀ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਨਾਟੋ ਦੇ ਸਕੱਤਰ ਜਨਰਲ ਮਾਰਕ ਰੁਟੇ ਨੇ ਐਕਸ ’ਤੇ ਪੋਸਟ ਕੀਤਾ ਹੈ ਤੇ ਹਮਲੇ ਨੂੰ ਚਿੰਤਾਜਨਕ ਦੱਸਿਆ ਹੈ।

ਉਨ੍ਹਾਂ ਲਿਖਿਆ,“ਨਾਟੋ ਸਾਡੇ ਸਹਿਯੋਗੀ ਤੁਰਕੀ ਨਾਲ ਖੜ੍ਹਾ ਹੈ। ਅਸੀਂ ਅੱਤਵਾਦ ਦੇ ਸਾਰੇ ਰੂਪਾਂ ਦੀ ਸਖ਼ਤ ਨਿੰਦਾ ਕਰਦੇ ਹਾਂ ਅਤੇ ਘਟਨਾਕ੍ਰਮ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਾਂ।”

ਤੁਰਕੀ ਦੇ ਨਿਆਂ ਮੰਤਰੀ ਯਿਲਮਾਜ਼ ਤੁੰਕ ਦੇ ਅਨੁਸਾਰ ਅੰਕਾਰਾ ਦੇ ਮੁੱਖ ਸਰਕਾਰੀ ਵਕੀਲ ਦੇ ਦਫਤਰ ਨੇ ਹਮਲੇ ਦੀ ਨਿਆਂਇਕ ਜਾਂਚ ਸ਼ੁਰੂ ਕਰ ਦਿੱਤੀ ਹੈ।

ਉਸ ਨੇ ਐਕਸ ’ਤੇ ਇਕ ਪੋਸਟ ਵਿਚ ਜ਼ਿਕਰ ਕੀਤਾ ਹੈ ਕਿ ਇਕ ਡਿਪਟੀ ਚੀਫ਼ ਪਬਲਿਕ ਪ੍ਰੋਸੀਕਿਊਟਰ ਅਤੇ ਅੱਠ ਸਰਕਾਰੀ ਵਕੀਲ ਇਸ ਕੇਸ ਲਈ ਨਿਯੁਕਤ ਕੀਤੇ ਗਏ ਹਨ।

ਧਮਾਕਾ

ਤਸਵੀਰ ਸਰੋਤ, Getty Images

ਅੰਕਾਰਾ ਦੇ ਮੇਅਰ ਮੰਸੂਰ ਯਾਵਸ ਨੇ ਕਿਹਾ,“ਇਸ ਖਬਰ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਮੈਂ ਪਰਮਾਤਮਾ ਅੱਗੇ ਪ੍ਰਾਥਨਾ ਕਰਦਾ ਹਾਂ ਕਿ ਸਾਡੇ ਸ਼ਹੀਦਾਂ ’ਤੇ ਦਿਆ ਕਰੇ ਅਤੇ ਜ਼ਖ਼ਮੀਆਂ ਨੂੰ ਜਲਦ ਠੀਕ ਕਰੇ। ਅਸੀਂ ਅੱਤਵਾਦ ਦੀ ਨਿੰਦਾ ਕਰਦੇ ਹਾਂ।”

ਤੁਰਕੀ ਏਅਰੋਸਪੇਸ ਉਦਯੋਗ ਕੀ ਹੈ?

ਤੁਰਕੀ ਏਅਰੋਸਪੇਸ ਇੰਡਸਟਰੀਜ਼ ਰਾਜਧਾਨੀ ਅੰਕਾਰਾ ਦੇ ਨੇੜੇ ਸਥਿਤ ਇੱਕ ਸਰਕਾਰੀ ਮਾਲਕੀ ਵਾਲੀ ਹਥਿਆਰ ਅਤੇ ਏਰੋਸਪੇਸ ਤਕਨਾਲੋਜੀ ਕੰਪਨੀ ਹੈ।

ਇਹ ਫਰਮ ਫੌਜੀ ਅਤੇ ਨਾਗਰਿਕ ਜਹਾਜ਼ਾਂ ਤੇ ਹੈਲੀਕਾਪਟਰਾਂ ਦੇ ਨਾਲ-ਨਾਲ ਤੁਰਕੀ ਦੀਆਂ ਹਥਿਆਰਬੰਦ ਸੈਨਾਵਾਂ ਅਤੇ ਦੁਨੀਆ ਭਰ ਦੇ ਹੋਰਾਂ ਲਈ ਡਰੋਨ ਸਿਸਟਮ ਦਾ ਉਤਪਾਦਨ ਕਰਦੀ ਹੈ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)