ਪੰਜਾਬ ਪੁਲਿਸ ਜਵਾਨ ਦਾ ਕਤਲ: ਪਿਓ ਦੀ ਮੌਤ ਤੋਂ ਬਾਅਦ ਭਰਤੀ ਹੋਏ ਕੁਲਦੀਪ ਬਾਜਵਾ ਦੇ ਇੰਸਟਾ ਉੱਤੇ ਡੇਢ ਲੱਖ ਸਨ ਫੋਲੋਅਰ

    • ਲੇਖਕ, ਗੁਰਪ੍ਰੀਤ ਚਾਵਲਾ
    • ਰੋਲ, ਬੀਬੀਸੀ ਸਹਿਯੋਗੀ

ਪੰਜਾਬ ਪੁਲਿਸ ਦੇ ਸਿਪਾਹੀ ਕੁਲਦੀਪ ਬਾਜਵਾ ਫਗਵਾੜਾ ਵਿੱਚ ਕਥਿਤ ਲੁਟੇਰਿਆਂ ਵਿਰੁੱਧ ਕਾਰਵਾਈ ਕਰਦਿਆਂ ਮਾਰੇ ਗਏ ਹਨ।

ਪਰ ਘਰ ਵਿੱਚ ਉਹਨਾਂ ਦੀ ਮਾਂ ਆਪਣੇ ਪੁੱਤਰ ਦੇ ਵਿਆਹ ਲਈ ‘ਕੁੜੀਆਂ ਦੇਖ ਰਹੀ ਸੀ ਅਤੇ ਗਹਿਣੇ ਬਣਵਾ’ ਰਹੀ ਸੀ।

ਕੁਲਦੀਪ ਬਾਜਵਾ ਦੇ ਪਿਤਾ ਵੀ ਪੰਜਾਬ ਪੁਲਿਸ ਵਿੱਚ ਸਨ ਅਤੇ ਉਹਨਾਂ ਦੀ 2016 ਵਿਚ ਮੌਤ ਹੋ ਚੁੱਕੀ ਹੈ।

ਪੁੱਤਰ ਦਾ ਸਸਕਾਰ ਕਰਨ ਜਾ ਰਹੀ ਰੋਂਦੀ ਕੁਰਲਾਂਦੀ ਮਾਂ ਹਰਜੀਤ ਕੌਰ ਦੁਹਾਈਆਂ ਪਾ ਰਹੀ ਸੀ ਕਿ, “ਮੈਂ ਤਾਂ ਕੁੜੀਆਂ ਲੱਭਦੀ ਫ਼ਿਰਾ, ਮੈਂ ਆਪਣੇ ਬੱਚੇ ਦੀਆਂ ਟੁੰਮਾਂ ਬਣਾ-ਬਣਾ ਕੇ ਰੱਖਦੀ ਫਿਰਾਂ।”

“ਮੈਨੂੰ ਕਹਿੰਦਾ ਕਿ ਮਾਂ ਮੈਂ ਰਾਣੀ ਹਾਰ ਦੇਖ ਕੇ ਆਇਆ ਹਾਂ।”

ਕੁਲਦੀਪ ਸਿੰਘ ਬਾਜਵਾ ਉਰਫ਼ ਕਮਲ ਬਾਜਵਾ ਦੇ ਜੱਦੀ ਪਿੰਡ ਸ਼ਾਹਪੁਰ ਅਮਰਗੜ੍ਹ ਵਿੱਚ ਉਨ੍ਹਾਂ ਦੀ ਮੌਤ ਦੀ ਖ਼ਬਰ ਪੁੱਜਦਿਆਂ ਹੀ ਪਿੰਡ ਵਿੱਚ ਮਾਤਮ ਛਾਅ ਗਿਆ।

ਕੀ ਹੈ ਮਾਮਲਾ?

  • ਸਿਪਾਹੀ ਕੁਲਦੀਪ ਬਾਜਵਾ ਲੁਟੇਰਿਆਂ ਦੀ ਗੋਲੀ ਨਾਲ ਮੌਤ
  • ਕੁਲਦੀਪ ਸਿੰਘ ਬਾਜਵਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਸਨ
  • ਜੱਦੀ ਪਿੰਡ ਵਿੱਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸਸਕਾਰ
  • ਮੁੱਖ ਮੰਤਰੀ ਵੱਲੋਂ ਪਰਿਵਾਰ ਨੂੰ ਇਕ ਕਰੋੜ ਰੁਪਏ ਐਕਸ-ਗ੍ਰੇਸ਼ੀਆ ਦਾ ਐਲਾਨ

ਕਿਵੇਂ ਹੋਈ ਸਿਪਾਹੀ ਕੁਲਦੀਪ ਬਾਜਵਾ ਦੀ ਮੌਤ

ਆਈਜੀ ਜਲੰਧਰ ਰੇਂਜ ਜੀਐਸ ਸੰਧੂ,ਐੱਸਐੱਸਪੀ ਕਪੂਰਥਲਾ ਨਵਨੀਤ ਸਿੰਘ ਬੈਂਸ ਨੇ ਬਾਜਵਾ ਦੀ ਮੌਤ ਵਾਲੀ ਘਟਨਾ ਦਾ ਵੇਰਵਾ ਦਿੱਤਾ ਹੈ।

ਉਨ੍ਹਾਂ ਦੱਸਿਆ ਕਿ ਪੁਲਿਸ ਕੰਟਰੋਲ ਰੂਮ ਫਗਵਾੜਾ ਨੂੰ ਐਤਵਾਰ ਦੇਰ ਸ਼ਾਮ ਫੋਨ ਰਾਹੀਂ ਅਰਬਨ ਅਸਟੇਟ ਫਗਵਾੜਾ ਦੇ ਵਾਸੀ ਦੀ ਹੁੰਡਾਈ ਕਰੇਟਾ ਗੱਡੀ ਹਥਿਆਰਬੰਦ ਲੁਟੇਰਿਆਂ ਵਲੋਂ ਖੋਹੇ ਜਾਣ ਦੀ ਸੂਚਨਾ ਮਿਲੀ ਸੀ।

ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਕਾਰ ਨੂੰ ਗੋਰਾਇਆ ਵੱਲ ਜਾਂਦੇ ਹੋਏ ਵੇਖਿਆ ਗਿਆ,ਜਿਸ ਉੱਤੇ ਐਸਐਚਓ ਅਮਨਦੀਪ ਨਾਹਰ ਅਤੇ ਦੋ ਪੁਲਿਸ ਜਵਾਨਾਂ ਵਲੋਂ ਕਾਰ ਦਾ ਪਿੱਛਾ ਕਰਕੇ ਉਸਨੂੰ ਰੋਕ ਲਿਆ ਗਿਆ ਅਤੇ ਕਾਰ ਸਵਾਰਾਂ ਨੂੰ ਬਾਹਰ ਆਉਣ ਲਈ ਕਿਹਾ ਗਿਆ।

ਉਨ੍ਹਾਂ ਕਿਹਾ ਕਿ ਕਾਰ ਸਵਾਰਾਂ ਵਲੋਂ ਤੁਰੰਤ ਪੁਲਿਸ ਪਾਰਟੀ ’ਤੇ ਗੋਲੀਬਾਰੀ ਕਰ ਦਿੱਤੀ ਗਈ,ਜਿਸ ਦੇ ਜਵਾਬ ਵਿਚ ਪੁਲਿਸ ਵਲੋਂ ਵੀ ਗੋਲੀਬਾਰੀ ਕੀਤੀ ਗਈ ਅਤੇ ਸੰਘਣੀ ਧੁੰਦ ਹੋਣ ਦੇ ਬਾਵਜੂਦ ਪੁਲਿਸ 3 ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਕਾਮਯਾਬ ਰਹੀ।

ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸਿਪਾਹੀ ਕੁਲਦੀਪ ਸਿੰਘ (886/ਕਪੂਰਥਲਾ) ਨੂੰ ਗੋਲੀ ਲੱਗੀ ਅਤੇ ਉਹਨਾਂ ਦੀ ਹਸਪਤਾਲ ਲਿਜਾਦਿਆਂ ਮੌਤ ਹੋ ਗਈ।

ਇਹ ਵੀ ਪੜ੍ਹੋ:

ਸੋਸ਼ਲ ਮੀਡੀਆ 'ਤੇ ਸਰਗਰਮ ਸੀ ਬਾਜਵਾ

ਕੁਲਦੀਪ ਸਿੰਘ ਬਾਜਵਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਸਨ।

ਇੰਸਟਾਗ੍ਰਾਮ ਦੇ ਉਨ੍ਹਾਂ ਦੇ ਡੇਢ ਲੱਖ ਤੋਂ ਵੱਧ ਫੌਲੋਅਰਜ਼ ਹਨ।

ਜਿਵੇਂ ਹੀ ਕੁਲਦੀਪ ਬਾਜਵਾ ਉਰਫ਼ ਕਮਲ ਬਾਜਵਾ ਦੀ ਮ੍ਰਿਤਕ ਦੇਹ ਜੱਦੀ ਪਿੰਡ ਸ਼ਾਹਪੁਰ ਅਮਰਗੜ੍ਹ ਪਹੁੰਚੀ ਤਾਂ ਉੱਥੇ ਮੌਜੂਦ ਉਸਦੇ ਸੋਸ਼ਲ ਮੀਡਿਆ ਨਾਲ ਜੁੜੇ ਦੋਸਤਾਂ, ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀ ਭੁੱਬਾਂ ਮਾਰ ਕੇ ਰੋ ਰਹੇ ਸਨ।

ਕੁਲਦੀਪ ਦੇ ਰਿਸ਼ਤੇਦਾਰ ਪਰਮਿੰਦਰ ਸਿੰਘ ਨੇ ਕਿਹਾ, “ਇਹ ਮੇਰਾ ਬੱਚਾ ਹੀਰੇ ਵਰਗਾ ਸੀ। ਮੈਂ ਮੁੱਖ ਮੰਤਰੀ ਨੂੰ ਇੱਕੋਂ ਹੀ ਬੇਨਤੀ ਕਰਨਾ ਚਹੁੰਦਾ ਹਾਂ ਕਿ ਸਾਨੂੰ ਤੁਹਾਡੇ ਤੋਂ ਬਹੁਤ ਉਮੀਦ ਹੈ ਪਰ ਪੰਜਾਬ ਨੂੰ ਬਚਾ ਲਵੋ। ਇਹੋ ਜਿਹੇ ਯੋਧੇ ਅਸੀਂ ਹਰ ਰੋਜ਼ ਖੋ ਰਹੇ ਹਾਂ। ਗੈਂਗਸਟਰਾਂ ਨੂੰ ਉੱਥੇ ਹੀ ਉਹਨਾਂ ਦੀ ਭਾਸ਼ਾ ਵਿੱਚ ਜਵਾਬ ਦੇਣਾ ਬਣਦਾ ਹੈ।”

ਕੁਲਦੀਪ ਦੇ ਪਿੱਛੇ ਉਨ੍ਹਾਂ ਦੀ ਮਾਂ, ਦਾਦਾ ਜੀ ਅਤੇ ਇੱਕ ਭੈਣ ਹੀ ਰਹਿ ਗਏ ਹਨ।

ਕੁਲਦੀਪ ਦੇ ਪਿਤਾ ਕਰਨੈਲ ਸਿੰਘ ਕਰਨੈਲ ਸਿੰਘ ਵੀ ਪੁਲਿਸ ਵਿੱਚ ਨੌਕਰੀ ਕਰਦੇ ਸਨ ਅਤੇ 2016 ਚ ਉਹਨਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ, ਜਿਸ ਤੋਂ ਬਾਅਦ ਕੁਲਦੀਪ ਨੂੰ ਸਾਲ 2017 ਵਿੱਚ ਪੁਲਿਸ ਦੀ ਨੌਕਰੀ ਮਿਲੀ ਸੀ।

ਕੁਲਦੀਪ ਸਿੰਘ ਦਾ ਪਰਿਵਾਰ ਤਿੰਨ ਪੀੜੀਆਂ ਤੋਂ ਦੇਸ਼ ਦੀ ਸੇਵਾ ਵਿਚ ਯੋਗਦਾਨ ਪਾ ਰਿਹਾ ਹੈ।

ਕੁਲਦੀਪ ਦੇ ਦਾਦਾ ਹਰਭਜਨ ਸਿੰਘ ਫੌਜ ਤੋਂ ਰਿਟਾਇਰ ਹਨ।

ਸਰਕਾਰੀ ਸਨਮਾਨ ਨਾਲ ਸਸਕਾਰ

ਕੁਲਦੀਪ ਬਾਜਵਾ ਦਾ ਮ੍ਰਿਤਕ ਦੇਹ ਦਾ ਉਹਨਾਂ ਦਾ ਜੱਦੀ ਪਿੰਡ ਵਿੱਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤੀ ਗਿਆ।

ਪੰਜਾਬ ਪੁਲਿਸ ਦੇ ਜਵਾਨਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ।

ਮਾਂ ਹਰਜੀਤ ਕੌਰ ਨੇ ਪੁੱਤ ਨੂੰ ਸਿਹਰਾ ਬੰਨ ਕੇ ਆਖਰੀ ਵਿਦਾਈ ਦਿਤੀ।

ਪੰਜਾਬ ਪੁਲਿਸ ਦੇ ਏਡੀਜੀਪੀ ਈਸ਼ਵਰ ਸਿੰਘ ਅੰਤਿਮ ਸੰਸਕਾਰ ਮੌਕੇ ਸ਼ਰਧਾਂਜਲੀ ਦੇਣ ਪਹੁਚੇ।

ਮਾਂ ਹਰਜੀਤ ਕੌਰ ਨੇ ਕਿਹਾ ਕਿ ਉਸ ਦਾ ਪੁੱਤਰ ਕੁਲਦੀਪ ਹਾਲੇ ਕੁਆਰਾ ਸੀ।

ਉਹਨਾਂ ਕਿਹਾ, “ਪਰਿਵਾਰ ਅਤੇ ਪਿੰਡ ਵਸਿਆਂ ਨੂੰ ਉਸਦੇ ਵਿਆਹ ਦੇ ਚਾਅ ਸੀ।

“ਰਾਤ ਕਰੀਬ 9:30 ਵਜੇ ਫੋਨ ‘ਤੇ ਗੱਲ ਹੋਈ ਤਾਂ ਆਖਦਾ ਸੀ ਕਿ ਕੋਈ ਜਰੂਰੀ ਕੰਮ ਹੈ। ਪਰ ਮੁੜ ਕੇ ਫੋਨ ਨਹੀਂ ਆਇਆ।”

ਏਡੀਜੀਪੀ ਈਸ਼ਵਰ ਸਿੰਘ ਨੇ ਕਿਹਾ ਕਿ ਕੁਲਦੀਪ ਸਿੰਘ ਨੇ ਪੂਰੀ ਦਲੇਰੀ ਨਾਲ ਆਪਣੀ ਡਿਊਟੀ ਨਿਭਾਈ ਅਤੇ ਸ਼ਹੀਦ ਹੋ ਗਿਆ।

ਮੁੱਖ ਮੰਤਰੀ ਵੱਲੋਂ ਕੁਲਦੀਪ ਬਾਜਵਾ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਐਕਸ-ਗ੍ਰੇਸ਼ੀਆ ਦਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਦੇ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੇ ਪਰਿਵਾਰ ਨੂੰ ਦੋ ਕਰੋੜ ਰੁਪਏ ਦੇਣ ਦੇ ਐਲਾਨ ਕੀਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕਾਂਸਟੇਬਲ ਕੁਲਦੀਪ ਬਾਜਵਾ ਨੇ ਫਗਵਾੜਾ ਵਿੱਚ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦਿਆਂ ਸ਼ਹਾਦਤ ਦਿੱਤੀ।

ਉਨ੍ਹਾਂ ਕਿਹਾ ਕਿ ਦੋ ਕਰੋੜ ਰੁਪਏ ਵਿੱਚੋਂ ਇਕ ਕਰੋੜ ਰੁਪਏ ਸੂਬਾ ਸਰਕਾਰ ਵੱਲੋਂ ਐਕਸ-ਗ੍ਰੇਸ਼ੀਆ ਵਜੋਂ ਦਿੱਤੇ ਜਾਣਗੇ, ਜਦੋਂ ਕਿ ਇਕ ਕਰੋੜ ਰੁਪਏ ਬੀਮੇ ਦੇ ਰੂਪ ਵਿੱਚ ਐਚਡੀਐਫਸੀ ਬੈਂਕ ਵੱਲੋਂ ਦਿੱਤੇ ਜਾਣਗੇ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)