ਕੌਣ ਹਨ ਅਮਰੀਕਾ ਦੀ ਪਹਿਲੀ ਮਹਿਲਾ ਸਿੱਖ ਜੱਜ ਬਣੀ ਮਨਪ੍ਰੀਤ ਮੋਨਿਕਾ ਸਿੰਘ

ਭਾਰਤੀ ਮੂਲ ਦੀ ਮਨਪ੍ਰੀਤ ਮੌਨਿਕਾ ਸਿੰਘ ਅਮਰੀਕਾ ਵਿੱਚ ਪਹਿਲੀ ਮਹਿਲਾ ਸਿੱਖ ਜੱਜ ਬਣੀ ਹੈ।

ਇਹ ਹਿਊਸਟਨ ਟੈਕਸਸ ਹੈਰਿਸ ਕਾਉਂਟੀ ਲਈ ਇਤਿਹਾਸਿਕ ਪਲ ਸਨ ਜਦੋਂ ਮਨਪ੍ਰੀਤ ਮੌਨਿਕਾ ਸਿੰਘ ਨੇ ਇੱਕ ਜੱਜ ਵੱਜੋਂ ਸਹੁੰ ਚੁੱਕੀ।

ਸੂਬੇ ਦੇ ਪਹਿਲੇ ਦੱਖਣੀ ਏਸ਼ੀਆਈ ਜੱਜ ਰਵੀ ਸੈਨਦਿਲ ਨੇ ਸ਼ੁੱਕਰਵਾਰ ਨੂੰ ਹੋਏ ਇਸ ਸਹੁੰ ਚੁੱਕ ਸਮਾਗਮ ਦੀ ਪ੍ਰਧਾਨਗੀ ਕੀਤੀ ਸੀ।

ਜੱਜ ਬਣਨ ਤੋਂ ਬਾਅਦ ਮਨਪ੍ਰੀਤ ਮੌਨਿਕਾ ਸਿੰਘ ਨੇ ਕੀ ਕਿਹਾ?

ਮਨਪ੍ਰੀਤ ਮੌਨਿਕਾ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਉਪਰ ਲਿਖਿਆ, “ਮਾਂ ਅਸੀਂ ਇਹ ਕਰ ਲਿਆ। ਇੱਕ ਸਿੱਖ ਸਿਵਲ ਕੋਰਟ ਦੇ ਜੱਜ ਵਜੋਂ ਹੈਰਿਸ ਕਾਉਂਟੀ ਦੇ ਲੋਕਾਂ ਦੀ ਨੁਮਾਇੰਦਗੀ ਕਰਨਾ ਇੱਕ ਸੱਚਾ ਸਨਮਾਨ ਹੈ।”

“ਇਸ ਨੂੰ ਇਤਿਹਾਸਕ ਪਲ ਬਣਾਉਣ ਲਈ ਸਾਰਿਆਂ ਦਾ ਧੰਨਵਾਦ। ਉਹ ਦਿਨ ਕੋਈ ਆਮ ਘਟਨਾ ਨਹੀਂ ਹੋਵੇਗੀ ਜਦੋਂ ਨਿਆਂਪਾਲਿਕਾ ਵਿੱਚ ਅਣਗਿਣਤ ਸਿੱਖ ਲੋਕ ਅਤੇ ਹੋਰ ਘੱਟ ਗਿਣਤੀਆਂ ਲੋਕ ਸ਼ਾਮਲ ਹੋਣਗੇ। ਮੈਂ ਆਪਣੇ ਦੋ ਦਹਾਕਿਆਂ ਦੇ ਤਜ਼ਰਬੇ ਨੂੰ ਚੰਗੀ ਤਰ੍ਹਾਂ ਵਰਤਣ ਲਈ ਤਿਆਰ ਹਾਂ।”

ਜੱਜ ਬਣੀ ਮਨਪ੍ਰੀਤ ਬਾਰੇ ਖ਼ਾਸ ਗੱਲਾਂ:

  • ਮਨਪ੍ਰੀਤ ਮੌਨਿਕਾ ਸਿੰਘ ਅਮਰੀਕਾ ’ਚ ਬਣੀ ਪਹਿਲੀ ਮਹਿਲਾ ਸਿੱਖ ਜੱਜ
  • ਅਮਰੀਕਾ ਵਿੱਚ 5 ਲੱਖ ਦੇ ਕਰੀਬ ਸਿੱਖ ਰਹਿੰਦੇ ਹਨ ਤੇ ਹਿਊਸਟਨ ’ਚ 20 ਹਜ਼ਾਰ।
  • ਮਨਪ੍ਰੀਤ ਦਾ ਜਨਮ ਹਿਊਸਟਨ ਵਿੱਚ ਹੋਇਆ ਅਤੇ ਉਹ ਉੱਥੇ ਹੀ ਵੱਡੇ ਹੋਏ।
  • ਉਹ 20 ਸਾਲ ਤੱਕ ਅਟਾਰਨੀ ਰਹੇ ਤੇ ਵੱਖ-ਵੱਖ ਮਨੁੱਖੀ ਅਧਿਕਾਰ ਸੰਸਥਾਵਾਂ ਨਾਲ ਕੰਮ ਕੀਤਾ।

ਇਹ ਵੀ ਪੜ੍ਹੋ:

ਜਨਮ ਅਤੇ 20 ਸਾਲ ਦਾ ਤਜ਼ਰਬਾ

ਮਨਪ੍ਰੀਤ ਮੌਨਿਕਾ ਸਿੰਘ ਦਾ ਜਨਮ ਹਿਊਸਟਨ ਵਿੱਚ ਹੋਇਆ ਅਤੇ ਉਹ ਉੱਥੇ ਹੀ ਵੱਡੇ ਹੋਏ।

ਉਹ ਬੇਲਾਇਰ ਵਿੱਚ ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਰਹਿੰਦੇ ਹਨ।

20 ਸਾਲ ਤੱਕ ਅਟਾਰਨੀ ਰਹੇ, ਮੌਨਿਕਾ ਵੱਖ-ਵੱਖ ਮਨੁੱਖੀ ਅਧਿਕਾਰ ਸੰਸਥਾਵਾਂ ਨਾਲ ਸਥਾਨਕ, ਸੂਬਾ ਅਤੇ ਕੌਮੀਂ ਪੱਧਰ ਉਪਰ ਕੰਮ ਕਰਦੇ ਰਹੇ ਹਨ।

ਮੌਨਿਕਾ ਸਿੰਘ ਨੇ ਕਿਹਾ, “ਇਹ ਮੇਰੇ ਲਈ ਵੱਡੀ ਗੱਲ ਹੈ ਕਿਉਂਕਿ ਮੈਂ ਐੱਚ-ਟਾਉਣ ਦੀ ਪ੍ਰਤੀਨਿੱਧਤਾ ਕਰਦੀ ਹਾਂ। ਮੈਂ ਇਸ ਲਈ ਬਹੁਤ ਖੁਸ਼ ਹਾਂ।”

ਜੱਜ ਰਵੀ ਸੈਨਦਿਲ ਨੇ ਕਿਹਾ, “ਇਹ ਸਿੱਖ ਭਾਈਚਾਰੇ ਲਈ ਸੱਚੀਂ ਵੱਡੀ ਘੜੀ ਹੈ। ਜਦੋਂ ਉਹ ਕਿਸੇ ਹੋਰ ਰੰਗ ਦੇ ਇਨਸਾਨ ਨੂੰ ਦੇਖਦੇ ਹਨ, ਉਹ ਸਮਝਦੇ ਹਨ ਕਿ ਉਹਨਾਂ ਲਈ ਵੀ ਸੰਭਾਵਨਾਵਾਂ ਪਈਆਂ ਹਨ। ਮਨਪ੍ਰੀਤ ਸਿਰਫ਼ ਸਿੱਖਾਂ ਦੀ ਹੀ ਨੁਮਾਇੰਦਗੀ ਨਹੀਂ ਕਰਦੇ ਸਗੋਂ ਸਾਰੇ ਰੰਗਾਂ ਦੀਆਂ ਔਰਤਾਂ ਲਈ ਵੀ ਇੱਕ ਪ੍ਰੇਰਨਾਸ੍ਰੋਤ ਬਣਦੇ ਹਨ।”

ਸਿੱਖ ਧਰਮ ਸੰਸਾਰ ਦਾ ਪੰਜਵਾਂ ਵੱਡਾ ਧਰਮ ਹੈ। ਇਕੱਲੇ ਅਮਰੀਕਾ ਵਿੱਚ 5 ਲੱਖ ਦੇ ਕਰੀਬ ਸਿੱਖ ਰਹਿੰਦੇ ਹਨ।

ਇੱਕ ਅੰਕੜੇ ਮੁਤਾਬਕ ਇਕੱਲੇ ਹਿਊਸਟਨ ਵਿੱਚ 20,000 ਸਿੱਖ ਰਹਿੰਦੇ ਹਨ।

ਪਰ ਇਸ ਦੇ ਬਾਵਜੂਦ ਵੀ ਮਨਪ੍ਰੀਤ ਤੋਂ ਪਹਿਲਾਂ ਕੋਈ ਵੀ ਮਹਿਲਾਂ ਸਿੱਖ ਜੱਜ ਨਹੀਂ ਸੀ।

ਮਨਪ੍ਰੀਤ ਨੇ ਕਿਹਾ, “ਮੈਂ ਸੋਚਦੀ ਹਾਂ ਕਿ ਇਹ ਬੱਚਿਆਂ ਲਈ ਬਹੁਤ ਮਹੱਤਵਪੂਰਣ ਹੈ ਕਿ ਜੇਕਰ ਉਹ ਸਿੱਖਿਆ ਪ੍ਰਾਪਤ ਕਰਦੇ ਹਨ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਕਈ ਕਿੱਤਿਆਂ ਵਿੱਚ ਬਹੁਤ ਸੰਭਾਵਨਾਵਾਂ ਹਨ ਜੋ ਪਹਿਲਾ ਕਦੇ ਨਹੀਂ ਸਨ।”

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)