ਕੀ ਏਅਰ ਪਿਓਰੀਫਾਇਰ ਤੁਹਾਨੂੰ ਪ੍ਰਦੂਸ਼ਣ ਤੋਂ ਬਚਾਅ ਸਕਦੇ ਹਨ, ਇਨ੍ਹਾਂ ਨੂੰ ਇਸਤੇਮਾਲ ਕਰਨ ਦੀਆਂ ਸਾਵਧਾਨੀਆਂ ਬਾਰੇ ਜਾਣੋ

ਏਅਰ ਪਿਓਰੀਫਾਇਰ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਮੁਤਾਬਕ ਏਅਰ ਪਿਓਰੀਫਾਇਰ ਸਮੱਸਿਆ ਦਾ ਅਸਥਾਈ ਹੱਲ ਹੈ
    • ਲੇਖਕ, ਡਿੰਕਲ ਪੋਪਲੀ
    • ਰੋਲ, ਬੀਬੀਸੀ ਪੱਤਰਕਾਰ

ਹਵਾ ਪ੍ਰਦੂਸ਼ਣ ਪੂਰੇ ਉੱਤਰ ਭਾਰਤ ਲਈ ਇੱਕ ਬਹੁਤ ਵੱਡੀ ਸਮੱਸਿਆ ਬਣਿਆ ਹੋਇਆ ਹੈ, ਜਿਸ ਕਾਰਨ ਹਰ ਕੋਈ ਸਾਫ਼ ਹਵਾ 'ਚ ਸਾਹ ਲੈਣ ਦੇ ਉਪਾਅ ਲੱਭ ਰਿਹਾ ਹੈ।

ਅਜਿਹੇ 'ਚ ਸਭ ਤੋਂ ਪਹਿਲਾ ਖਿਆਲ ਘਰ 'ਚ ਏਅਰ ਪਿਓਰੀਫਾਇਰ ਲਗਵਾਉਣ ਦਾ ਹੀ ਆਉਂਦਾ ਹੈ।

ਲੰਬੇ ਸਮੇਂ ਤੱਕ ਅੱਖਾਂ 'ਚ ਜਲਣ, ਗਲਾ ਦਰਦ, ਸਿਰ ਦਰਦ, ਖਾਂਸੀ ਅਤੇ ਨਜ਼ਲੇ ਵਰਗੇ ਲੱਛਣ ਚੱਲਣ ਮਗਰੋਂ ਮੈਂ ਵੀ ਔਨਲਾਈਨ ਏਅਰਪਿਓਰੀਫਾਇਰ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ।

ਇਨ੍ਹਾਂ ਦੀ ਕੀਮਤ ਪੰਜ ਹਜ਼ਾਰ ਰੁਪਏ ਤੋਂ ਸ਼ੁਰੂ ਹੋ ਕੇ ਡੇਢ ਲੱਖ ਰੁਪਏ ਤੱਕ ਹੈ।

ਬਾਜ਼ਾਰ 'ਚ ਸਿਰਫ਼ ਕਮਰੇ 'ਚ ਲਗਾਉਣ ਵਾਲੇ ਹੀ ਨਹੀਂ ਸਗੋਂ ਗਲੇ 'ਚ ਪਹਿਨਣ ਵਾਲੇ ਅਤੇ ਮਾਸਕ ਵਾਲੇ ਏਅਰ ਪਿਓਰੀਫਾਇਰਜ਼ ਵੀ ਉਪਲਬਧ ਹਨ। ਇਨ੍ਹਾਂ ਦੀ ਵੀ ਕੀਮਤ ਹਜ਼ਾਰਾਂ 'ਚ ਹੈ।

ਪਰ ਕੀ ਇਹ ਕਾਰਗਾਰ ਵੀ ਹਨ ਜਾਂ ਫਿਰ ਮਹਿਜ਼ ਵੱਡੀਆਂ ਕੰਪਨੀਆਂ ਲਈ ਆਪਦਾ ਨੂੰ ਅਵਸਰ 'ਚ ਬਦਲਣ ਦੀ ਕੋਸ਼ਿਸ਼? ਇਹ ਪਤਾ ਕਰਨ ਲਈ ਅਸੀਂ ਏਮਜ਼, ਪੀਜੀਆਈ ਅਤੇ ਹੋਰ ਵੱਡੇ ਹਸਪਤਾਲਾਂ ਦੇ ਮਾਹਰਾਂ ਨਾਲ ਗੱਲਬਾਤ ਕੀਤੀ।

ਆਓ ਜਾਣਦੇ ਹਾਂ ਮਾਹਰਾਂ ਮੁਤਾਬਕ ਕਿਹੜੇ ਏਅਰ ਪਿਓਰੀਫਾਇਰਜ਼ ਕਾਰਗਰ ਹਨ ਅਤੇ ਇਹਨਾਂ ਦੀ ਸਫ਼ਾਈ ਕਦੋਂ ਅਤੇ ਕਿਵੇਂ ਕਰਨੀ ਚਾਹੀਦੀ ਹੈ।

ਕਮਰੇ 'ਚ ਲਗਾਉਣ ਵਾਲੇ ਏਅਰ ਪਿਓਰੀਫਾਇਰਜ਼

ਏਅਰ ਪਿਓਰੀਫਾਇਰ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਸ਼ਵ ਸਿਹਤ ਸੰਗਠਨ ਮੁਤਾਬਕ ਘਰ ਦੀ ਹਵਾ ਨੂੰ ਸਾਫ ਕਰਨ ਲਈ ਹੇਪਾ ਫਿਲਟਰ ਅਧਾਰਤ ਏਅਰ ਪਿਓਰੀਫਾਇਰ ਦੀ ਵਰਤੋਂ ਕਰਨੀ ਚਾਹੀਦੀ ਹੈ

ਜਿਵੇਂ ਹੀ ਤੁਸੀਂ ਕਿਸੀ ਵੀ ਸ਼ੋਪਿੰਗ ਸਾਈਟ 'ਤੇ ਏਅਰ ਪਿਓਰੀਫਾਇਰ ਸਰਚ ਕਰੋ ਤਾਂ ਸੈਂਕੜੇ ਹੀ ਵਿਕਲਪ ਤੁਹਾਡੇ ਸਾਹਮਣੇ ਖੁੱਲ੍ਹ ਜਾਂਦੇ ਹਨ।

ਇਨ੍ਹਾਂ ਸਭ ਏਅਰ ਪਿਓਰੀਫਾਇਰਜ਼ ਕੰਪਨੀਆਂ ਦੇ ਵੱਖ-ਵੱਖ ਦਾਅਵੇ ਕਿਸੇ ਨੂੰ ਵੀ ਉਲਝਾ ਸਕਦੇ ਹਨ।

ਸਮਾਰਟ,ਕਾਰਬਨ ਐਕਟੀਵੇਟੇਡ, ਐੱਲਇਡ ਸਕਰੀਨ, ਵਾਈਫਾਈ ਨਾਲ ਕੰਟਰੋਲ ਹੋਣ ਵਾਲਾ, ਯੂਵੀ ਪ੍ਰੋਟੈਕਸ਼ਨ ਯੁਕਤ ਵਰਗੇ ਪਤਾ ਨਹੀਂ ਕਿੰਨੇ ਹੀ ਫੀਚਰਜ਼ ਵਾਲੇ ਏਅਰ ਪਿਓਰੀਫਾਇਰਜ਼ ਵਿੱਚੋ ਕਿਸੇ ਇੱਕ ਦੀ ਚੋਣ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਨਾਲ ਹੀ ਵਾਧੂ ਫੀਚਰਜ਼, ਮਤਲਬ ਵਾਧੂ ਪੈਸੇ।

ਪਰ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਮੁਤਾਬਕ ਘਰ ਦੀ ਹਵਾ ਨੂੰ ਸਾਫ ਕਰਨ ਲਈ ਹੇਪਾ ਫਿਲਟਰ ਅਧਾਰਤ ਏਅਰ ਪਿਓਰੀਫਾਇਰ ਦੀ ਵਰਤੋਂ ਕਰਨੀ ਚਾਹੀਦੀ ਹੈ।

ਹੈਪਾ ਯਾਨੀ 'ਹਾਈ ਐਫ਼ੀਸ਼ੇਨਸੀ ਪਰਟੀਕਉਲੇਟ ਏਅਰ' ਫਿਲਟਰ।

ਇਹ ਇੱਕ ਕਿਸਮ ਦਾ ਮਕੈਨੀਕਲ ਏਅਰ ਫਿਲਟਰ ਹੁੰਦਾ ਹੈ ਜੋ ਕਿ 0.3 ਮਾਈਕਰੋਨ ਤੋਂ ਵੱਡੇ ਆਕਾਰ ਦੇ ਹਵਾ ਦੇ ਕਣਾਂ ਨੂੰ ਕੈਦ ਕਰਨ ਦੀ ਸਮਰੱਥਾ ਰੱਖਦਾ ਹੈ।

ਇਹ ਫਿਲਟਰ ਹਵਾ ਵਿੱਚੋਂ ਧੂੜ, ਪਰਾਗ, ਉੱਲੀ, ਬੈਕਟੀਰੀਆ ਅਤੇ ਵਾਇਰਸ ਵਰਗੇ ਦੂਸ਼ਿਤ ਤੱਤਾਂ ਨੂੰ ਹਟਾਉਣ ਲਈ ਤਿਆਰ ਕੀਤੇ ਜਾਂਦੇ ਹਨ।

ਡਬਲਿਯੂਐੱਚਓ ਮੁਤਾਬਕ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਹੇਪਾ ਏਅਰ ਪਿਓਰੀਫਾਇਰ ਕਾਫ਼ੀ ਹੁੰਦਾ ਹੈ।

ਏਅਰ ਪਿਓਰੀਫਾਇਰ ਬਿਜਲੀ 'ਤੇ ਚੱਲਦੇ ਹਨ ਅਤੇ 1-2 ਸਾਲ ਮਗਰੋਂ, ਵਰਤੋਂ ਦੀ ਅਧਾਰ 'ਤੇ ਇਸ ਦਾ ਫਿਲਟਰ ਬਦਲਣਾ ਪੈਂਦਾ ਹੈ।

ਡਾ. ਅਨੰਤ ਮੋਹਨ ਦਾ ਬਿਆਨ

ਏਅਰ ਪਿਓਰੀਫਾਇਰਜ਼ ਕਿੰਨਾ ਲਈ ਵਧੇਰੇ ਫਾਇਦੇਮੰਦ ਹੈ

ਨਵੀਂ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਵਿਖੇ ਪਲਮਨਰੀ, ਕ੍ਰਿਟੀਕਲ ਕੇਅਰ ਅਤੇ ਸਲੀਪ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਅਨੰਤ ਮੋਹਨ ਦੱਸਦੇ ਹਨ, "ਏਅਰ ਪਿਓਰੀਫਾਇਰਜ਼ ਉਨ੍ਹਾਂ ਲਈ ਕਾਰਗਾਰ ਹੁੰਦੇ ਹਨ ਜੋ ਲੋਕ ਘਰ ਦੇ ਅੰਦਰ ਵੱਧ ਸਮਾਂ ਬਿਤਾਉਂਦੇ ਹਨ। ਪਰ ਇਨ੍ਹਾਂ ਨੂੰ ਖਰੀਦਣ ਸਮੇਂ ਇਹ ਧਿਆਨ 'ਚ ਰੱਖਣਾ ਜ਼ਰੂਰੀ ਹੈ ਕਿ ਇਹ ਤੁਹਾਡੇ ਕਮਰੇ ਜਾਂ ਘਰ ਦੇ ਦਾਇਰੇ ਦੇ ਅਨੁਕੂਲ ਹੋਣ।"

ਦਰਅਸਲ ਏਅਰ ਪਿਓਰੀਫਾਇਰਜ਼ ਵੱਖ-ਵੱਖ ਕੈਪਾਸਿਟੀ ਦੇ ਹੁੰਦੇ ਹਨ। ਇਨ੍ਹਾਂ ਦੇ ਡੱਬਿਆਂ 'ਤੇ ਲਿਖਿਆ ਹੁੰਦਾ ਹੈ ਕਿ ਇਹ ਕਿੰਨੇ ਵਰਗ ਦੇ ਕਮਰੇ ਨੂੰ ਪਿਓਰੀਫਾਇਰ ਕਰ ਸਕਦੇ ਹਨ। ਇਸ ਕਰਕੇ ਜੇ ਤੁਸੀਂ ਏਅਰ ਪਿਓਰੀਫਾਇਰ ਖਰੀਦ ਰਹੇ ਹੋ ਤਾਂ ਇਹ ਧਿਆਨ 'ਚ ਰੱਖੋ ਕਿ ਤੁਸੀਂ ਉਸ ਨਾਲ ਸਿਰਫ਼ ਕਮਰਾ ਪਿਓਰੀਫਾਇਰ ਕਰਨਾ ਹੈ ਜਾਂ ਪੂਰਾ ਘਰ, ਕਿਉਕਿ ਤੁਹਾਨੂੰ ਪੂਰੇ ਘਰ ਲਈ ਵੱਡੀ ਕੈਪਾਸਿਟੀ ਵਾਲੇ ਏਅਰ ਪਿਓਰੀਫਾਇਰ ਦੀ ਲੋੜ ਹੋਵੇਗੀ- ਜੋ ਕਿ ਵਧੇਰੇ ਮਹਿੰਗੇ ਆਉਂਦੇ ਹਨ।

ਡਾ. ਫੇਬੀ ਐੱਨ ਰੋਏ

ਕ੍ਰਿਸਚਨ ਮੈਡੀਕਲ ਕਾਲਜ ਲੁਧਿਆਣਾ ਦੇ ਰੈਸਪਿਰੇਟਰੀ ਮੈਡੀਸਨ ਵਿਭਾਗ ਦੇ ਪ੍ਰੋਫੇਸਰ ਡਾ. ਫੇਬੀ ਐੱਨ ਰੋਏ ਕਹਿੰਦੇ ਹਨ, "ਸਹੀ ਹੈਪਾ ਫ਼ਿਲਟਰ ਵਾਲੇ ਏਅਰ ਪਿਉਰੀਫ਼ਾਇਰ ਬੰਦ ਕਮਰਿਆਂ ਵਿੱਚ ਪ੍ਰਦੂਸ਼ਣ ਦੇ ਸੂਖ਼ਮ ਕਣਾਂ ਨੂੰ 95 ਤੋਂ 99 ਫੀਸਦੀ ਤੱਕ ਹਟਾਉਣ ਵਿੱਚ ਸਫ਼ਲ ਸਾਬਤ ਹੋਏ ਹਨ। ਕਈ ਅੰਤਰਰਾਸ਼ਟਰੀ ਅਧਿਐਨਾਂ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਦੀ ਵਰਤੋਂ ਨਾਲ ਘਰ ਅੰਦਰ ਹਵਾ ਦੀ ਗੁਣਵੱਤਾ ਸੁਧਰਦੀ ਹੈ ਅਤੇ ਪ੍ਰਦੂਸ਼ਣ ਦੇ ਦੌਰਾਨ ਸਾਹ-ਸੰਬੰਧੀ ਲੱਛਣ ਕੁਝ ਹੱਦ ਤੱਕ ਘਟਦੇ ਹਨ।"

ਪਰ ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਉਪਕਰਣ ਸਿਰਫ਼ ਉਸ ਵੇਲੇ ਪ੍ਰਭਾਵਸ਼ਾਲੀ ਹੁੰਦੇ ਹਨ ਜਦੋਂ ਕਮਰਾ ਠੀਕ ਤਰ੍ਹਾਂ ਬੰਦ ਹੋਵੇ ਅਤੇ ਫ਼ਿਲਟਰ ਸਮੇਂ-ਸਮੇਂ 'ਤੇ ਬਦਲੇ ਜਾਣ। ਜੇ ਖਿੜਕੀਆਂ ਖੁੱਲ੍ਹੀਆਂ ਹੋਣ ਜਾਂ ਫ਼ਿਲਟਰ ਜਾਮ ਹੋ ਜਾਣ, ਤਾਂ ਇਹਨਾਂ ਦੀ ਕਾਰਗੁਜ਼ਾਰੀ ਬਹੁਤ ਘਟ ਜਾਂਦੀ ਹੈ। ਇਸ ਤੋਂ ਇਲਾਵਾ, ਉੱਚੀ ਕੀਮਤ ਕਾਰਨ ਇਹ ਹਰ ਕਿਸੇ ਦੀ ਪਹੁੰਚ ਵਿੱਚ ਨਹੀਂ ਹੁੰਦੇ।

ਡਾ. ਅਨੰਤ ਅੱਗੇ ਕਹਿੰਦੇ ਹਨ ਕਿ ਏਅਰ ਪਿਓਰੀਫਾਇਰਜ਼ ਉਨ੍ਹਾਂ ਲੋਕਾਂ ਲਈ ਵਧੇਰੇ ਸਹਾਇਕ ਹੁੰਦੇ ਹਨ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਸਾਹ, ਫੇਫੜਿਆਂ ਜਾਂ ਦਿਲ ਦੀ ਕੋਈ ਸਮੱਸਿਆ ਹੋਵੇ।

ਕੀ ਇਸ ਵਿੱਚ ਕੋਈ ਕਮੀਆਂ ਵੀ ਹਨ?

ਏਅਰ ਪਿਓਰੀਫਾਇਰ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਮੁਤਾਬਕ ਏਅਰ ਪਿਓਰੀਫਾਇਰ ਤਾਂ ਹੀ ਕਾਰਗਰ ਹੁੰਦੇ ਹਨ ਜੇਕਰ ਇਨ੍ਹਾਂ ਦੇ ਫਿਲਟਰ ਵੇਲੇ ਸਿਰ ਬਦਲੇ ਜਾਣ

ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਚੰਡੀਗੜ੍ਹ (ਪੀਜੀਆਈਐੱਈਆਰ) ਦੇ ਕਮਿਊਨਿਟੀ ਮੈਡੀਸਨ ਅਤੇ ਸਕੂਲ ਆਫ਼ ਪਬਲਿਕ ਹੈਲਥ ਵਿਭਾਗ ਦੇ ਪ੍ਰੋਫੈਸਰ ਡਾ. ਰਵਿੰਦਰ ਖਾਈਵਾਲ ਇਸ ਦੇ ਨੁਕਸਾਨ ਬਾਰੇ ਦੱਸਦਿਆਂ ਕਿਹਾ, "ਹੈਪਾ-ਅਧਾਰਤ ਪਿਓਰੀਫਾਇਰਜ਼ ਸੀਲਬੰਦ ਕਮਰਿਆਂ ਵਿੱਚ ਅੰਦਰੂਨੀ ਪ੍ਰਦੂਸ਼ਣ ਨੂੰ 50-80% ਤੱਕ ਘਟਾ ਸਕਦੇ ਹਨ।"

ਉਹ ਕਹਿੰਦੇ ਹਨ, "ਹਵਾ ਪ੍ਰਦੂਸ਼ਣ ਨਾਲ ਜੂਝ ਰਹੇ ਲੋਕਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਏਅਰ ਪਿਓਰੀਫਾਇਰ ਉਨ੍ਹਾਂ ਦਾ ਆਖਰੀ ਵਿਕਲਪ ਹੋਣਾ ਚਾਹੀਦਾ ਹੈ ਪਹਿਲਾ ਨਹੀਂ। ਇਹਨਾਂ ਵਿੱਚ ਵੱਡੀਆਂ ਕਮੀਆਂ ਹਨ, ਜਿਸ ਵਿੱਚ ਉੱਚ ਕੀਮਤ, ਨਿਯਮਤ ਫਿਲਟਰ ਬਦਲਣਾ, ਸੀਮਤ ਕਵਰੇਜ ਅਤੇ ਨਿਰੰਤਰ ਊਰਜਾ ਦੀ ਵਰਤੋਂ ਸ਼ਾਮਲ ਹੈ।"

ਡਾ. ਰਵਿੰਦਰ ਖਾਈਵਾਲ ਨੇ ਅੱਗੇ ਕਿਹਾ, "ਸਭ ਤੋਂ ਜ਼ਰੂਰੀ ਇਹ ਗੱਲ ਹੈ ਕਿ, ਇਹ ਸੁਰੱਖਿਆ ਦੀ ਬਣਾਵਟੀ ਭਾਵਨਾ ਪੈਦਾ ਕਰ ਸਕਦੇ ਹਨ, ਜਿਸ ਨਾਲ ਲੋਕ ਵਿਆਪਕ ਪ੍ਰਦੂਸ਼ਣ ਦੇ ਸੰਪਰਕ ਨੂੰ ਨਜ਼ਰਅੰਦਾਜ਼ ਕਰ ਸਕਦੇ ਹਨ। ਸਭ ਤੋਂ ਵੱਧ ਪ੍ਰਭਾਵਸ਼ਾਲੀ ਅਤੇ ਟਿਕਾਊ ਪਹੁੰਚ ਐਕਸਪੋਜ਼ਰ ਘਟਾਉਣਾ ਹੈ, ਜਿਸ ਵਿੱਚ ਪ੍ਰਦੂਸ਼ਣ ਦੇ ਸਿਖਰਲੇ ਘੰਟਿਆਂ (ਸਵੇਰੇ 8-10 ਵਜੇ ਅਤੇ ਸ਼ਾਮ 4-10 ਵਜੇ) ਦੌਰਾਨ ਬਾਹਰੀ ਗਤੀਵਿਧੀਆਂ ਨੂੰ ਸੀਮਤ ਕਰਨਾ, ਸਮੀਰ ਐਪ ਰਾਹੀਂ ਰੀਅਲ-ਟਾਈਮ ਏਕਿਉਆਈ ਨੂੰ ਟਰੈਕ ਕਰਨਾ, ਅਤੇ ਬਾਹਰੀ ਪ੍ਰਦੂਸ਼ਣ ਦੇ ਪੱਧਰ ਉੱਚੇ ਹੋਣ 'ਤੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਰੱਖਣਾ ਸ਼ਾਮਲ ਹੈ। ਇਹ ਸਧਾਰਨ ਕੰਮ ਬਿਨਾਂ ਕਿਸੇ ਕੀਮਤ ਦੇ ਅੰਦਰੂਨੀ ਪ੍ਰਦੂਸ਼ਣ ਨੂੰ 30-50% ਤੱਕ ਘਟਾ ਸਕਦੀਆਂ ਹਨ।"

ਗਲੇ 'ਚ ਪਹਿਨਣ ਅਤੇ ਮਾਸਕ ਵਾਲੇ ਏਅਰ ਪਿਓਰੀਫਾਇਰ

ਏਅਰ ਪਿਓਰੀਫਾਇਰ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰ ਦੱਸਦੇ ਹਨ ਕਿ ਗਲੇ ਵਿੱਚ ਪਾਉਣ ਵਾਲੇ ਮਾਸਕਾਂ ਦੀ ਕੁਸ਼ਲਤਾ ਦਾ ਸਮਰੱਥਨ ਕਰਨ ਲਈ ਯੋਗ ਰਿਸਰਚ ਨਹੀਂ ਹੋਈ ਹੈ

ਮਾਰਕੀਟ 'ਚ ਗਲੇ 'ਚ ਪਹਿਨਣ ਅਤੇ ਮਾਸਕ ਵਾਲੇ ਏਅਰ ਪਿਓਰੀਫਾਇਰ ਵੀ ਉਪਲਬਧ ਹਨ। ਇਹਨਾਂ ਦੀ ਕੀਮਤ 1000 ਤੋਂ ਸ਼ੁਰੂ ਹੋਕੇ 10,000 ਰੁਪਏ ਤੱਕ ਹੈ।

ਪਰ ਮਾਹਰ ਦੱਸਦੇ ਹਨ ਕਿ ਇਨ੍ਹਾਂ ਦੀ ਕੁਸ਼ਲਤਾ ਦਾ ਸਮਰੱਥਨ ਕਰਨ ਲਈ ਯੋਗ ਰਿਸਰਚ ਨਹੀਂ ਹੋਈ ਹੈ, ਜਿਸ ਕਾਰਨ ਇਸ ਦੀ ਕਾਰਗਰ ਹੋਣ ਬਾਰੇ ਪੁਖ਼ਤਾ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ।

ਡਾ. ਰਵਿੰਦਰ ਖਾਈਵਾਲ ਨੇ ਕਿਹਾ, "ਇਹਨਾਂ ਉਣਪਕਰਨਾਂ ਦੀ ਕੁਸ਼ਲਤਾ ਉਪਲਬਧਤਾ, ਮਾਸਕ ਦੀ ਕਿਸਮ, ਵਰਤੋਂ ਦੀ ਮਿਆਦ, ਮਾਸਕ ਫਿਟਿੰਗ, ਸਫਾਈ ਦੀ ਦੇਖਭਾਲ ਆਦਿ 'ਤੇ ਨਿਰਭਰ ਕਰਦੀ ਹੈ। ਜ਼ਿਆਦਾਤਰ ਉਪਲਬਧ ਉਤਪਾਦਾਂ ਵਿੱਚ ਭਰੋਸੇਯੋਗ ਵਿਗਿਆਨਕ ਪ੍ਰਮਾਣਿਕਤਾ ਦੀ ਘਾਟ ਹੈ। ਇਹਨਾਂ ਚੀਜ਼ਾਂ ਦੀ ਕੁਸ਼ਲਤਾ ਇਨ੍ਹਾਂ ਨੂੰ ਬਣਾਉਣ 'ਚ ਲੱਗੀ ਸਮੱਗਰੀ ਦੀ ਕਿਸਮ ਅਤੇ ਵਰਤੋਂ ਕਰਨ ਦੇ ਢੰਗ 'ਤੇ ਨਿਰਭਰ ਕਰਦੀ ਹੈ।"

ਉਨ੍ਹਾਂ ਨੇ ਅੱਗੇ ਕਿਹਾ ਕਿ ਜ਼ਿਆਦਾਤਰ ਮਾਮਲਿਆਂ ਵਿੱਚ, ਇੱਕ ਸਹੀ ਢੰਗ ਨਾਲ ਫਿੱਟ ਕਰਕੇ ਪਹਿਨਾ ਗਿਆ ਐੱਨ95 ਮਾਸਕ ਬਹੁਤ ਘੱਟ ਕੀਮਤ 'ਤੇ ਬਰਾਬਰ ਜਾਂ ਬਿਹਤਰ ਸੁਰੱਖਿਆ ਪ੍ਰਦਾਨ ਕਰਦਾ ਹੈ।

ਡਾ. ਅਨੰਤ ਮੋਹਨ ਵੀ ਪ੍ਰਮਾਣਿਕਤਾ ਦੀ ਘਾਟ ਵਾਲੀ ਗੱਲ ਨਾਲ ਇਤੇਫ਼ਾਕ ਰੱਖਦੇ ਹਨ।

ਡਾ. ਰਵਿੰਦਰ ਖਾਈਵਾਲ ਦਾ ਬਿਆਨ

ਉਹਨਾਂ ਦਾ ਕਹਿਣਾ ਹੈ, " ਬੇਸ਼ੱਕ ਇਹ ਸਾਰੀਆਂ ਕਾਢਾਂ ਵਧਦੀ ਹਵਾ ਪ੍ਰਦੂਸ਼ਣ ਨਾਲ ਨਜਿੱਠ ਹੋ ਰਹੀਆਂ ਹਨ। ਪਰ, ਇਨ੍ਹਾਂ ਦੀ ਪ੍ਰਭਾਵਸ਼ੀਲਤਾ ਅਤੇ ਵਿਵਹਾਰਕਤਾ ਅਜੇ ਵੀ ਅਨਿਸ਼ਚਿਤ ਹੈ ਕਿਉਂਕਿ ਇਸ ਖੇਤਰ ਵਿੱਚ ਹੁਣ ਤੱਕ ਬਹੁਤ ਸਾਰੀ ਰਿਸਰਚ ਨਹੀਂ ਹੋਈ ਹੈ।"

ਡਾ. ਫੇਬੀ ਕਹਿੰਦੇ ਹਨ, "ਗਲ ਵਿਚ ਲਟਕਣ ਵਾਲੇ ਜਾਂ ਆਇਓਨਾਈਜ਼ਿੰਗ "ਪ੍ਰਸਨਲ ਏਅਰ ਪਿਉਰੀਫ਼ਾਇਰ" ਸੋਸ਼ਲ ਮੀਡੀਆ 'ਤੇ ਕਾਫ਼ੀ ਪ੍ਰਸਿੱਧ ਹੋਏ ਹਨ। ਪਰ ਸੁਤੰਤਰ ਪੜਤਾਲਾਂ ਦਿਖਾਉਂਦੀਆਂ ਹਨ ਕਿ ਇਹ ਉਪਕਰਨ ਬਹੁਤ ਥੋੜ੍ਹੀ ਹਵਾ ਪਿਓਰੀਫਾਇਰ ਕਰਦੇ ਹਨ, ਜਿਸ ਨਾਲ ਪ੍ਰਦੂਸ਼ਕਾਂ ਦੀ ਮਾਤਰਾ ਵਿਚ ਹਕੀਕਤੀ ਤੌਰ 'ਤੇ ਕੋਈ ਵੱਡਾ ਫ਼ਰਕ ਨਹੀਂ ਪੈਂਦਾ।"

ਪਿਓਰੀਫਾਇਰਜ਼ ਦੀ ਵਰਤੋਂ ਕਦੋਂ ਕਰਨੀ ਚਾਹੀਦੀ ਹੈ?

ਏਅਰ ਪਿਓਰੀਫਾਇਰ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਮੁਤਾਬਕ ਏਅਰ ਪਿਓਰੀਫਾਇਰਜ਼ ਪਹਿਲਾਂ ਤੋਂ ਬਿਮਾਰ ਚੱਲ ਰਹੇ ਲੋਕਾਂ ਲਈ ਲਾਭਦਾਇਕ ਹੋ ਸਕਦੇ ਹਨ

ਡਾ. ਰਵਿੰਦਰ ਖਾਈਵਾਲ ਕਹਿੰਦੇ ਹਨ ਕਿ, "ਏਅਰ ਪਿਓਰੀਫਾਇਰਜ਼ ਪਹਿਲਾਂ ਤੋਂ ਬਿਮਾਰ ਚੱਲ ਰਹੇ ਲੋਕਾਂ ਲਈ ਲਾਭਦਾਇਕ ਹੋ ਸਕਦੇ ਹਨ, ਜਿਵੇਂ ਕਿ ਬੱਚੇ, ਗਰਭਵਤੀ ਔਰਤਾਂ, ਬਜ਼ੁਰਗ, ਜਾਂ ਦਿਲ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਵਾਲੇ ਲੋਕ, ਖਾਸ ਕਰਕੇ ਜਦੋਂ ਏਕਿਊਆਈ 300 ਤੋਂ ਵੱਧ ਜਾਂਦਾ ਹੈ ਅਤੇ ਹੋਰ ਉਪਾਅ ਨਾਕਾਫ਼ੀ ਹੁੰਦੇ ਹਨ।"

ਉਨ੍ਹਾਂ ਨੇ ਅੱਗੇ ਕਿਹਾ, " ਹਾਲਾਂਕਿ ਏਅਰ ਪਿਓਰੀਫਾਇਰ ਥੋੜ੍ਹੇ ਸਮੇਂ ਲਈ ਰਾਹਤ ਪ੍ਰਦਾਨ ਕਰ ਸਕਦੇ ਹਨ, ਉਹ ਲੰਬੇ ਸਮੇਂ ਦਾ ਹੱਲ ਨਹੀਂ ਹਨ।"

"ਪਿਓਰੀਫਾਇਰਜ਼ ਦੀ ਵਧਦੀ ਮਾਰਕੀਟ, ਸਾਫ਼ ਹਵਾ ਤੱਕ ਪਹੁੰਚ ਦੇ ਮੁੱਢਲੇ ਹੱਕ ਨੂੰ ਨਿੱਜੀਕਰਨ ਵੱਲ ਲਿਜਾਣ ਦਾ ਜੋਖਮ ਰੱਖਦਾ ਹੈ, ਜਿਸ ਨਾਲ ਅਸਲ ਤਰਜੀਹ ਤੋਂ ਧਿਆਨ ਭਟਕਦਾ ਹੈ। ਇਸ ਲਈ, ਸਾਰਿਆਂ ਲਈ ਸਾਫ਼ ਹਵਾ ਨੂੰ ਯਕੀਨੀ ਬਣਾਉਣ ਲਈ ਨਿਯੰਤਰਣ, ਸਾਫ਼ ਆਵਾਜਾਈ ਅਤੇ ਖੇਤਰੀ ਹਵਾ ਗੁਣਵੱਤਾ ਪ੍ਰਬੰਧਨ ਲਈ ਮਜ਼ਬੂਤ ਨੀਤੀਗਤ ਕਾਰਵਾਈ 'ਤੇ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ।"

ਏਅਰ ਪਿਓਰੀਫਾਇਰਜ਼ ਦੀ ਸਾਫ਼-ਸਫ਼ਾਈ ਕਦੋਂ ਅਤੇ ਕਿਵੇਂ ਕੀਤੀ ਜਾਵੇ?

ਏਅਰ ਪਿਓਰੀਫਾਇਰ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਿਲਟਰ ਦੀ ਸਤ੍ਹਾ ਤੋਂ ਧੂੜ ਨੂੰ ਹੌਲੀ-ਹੌਲੀ ਹਟਾਉਣ ਲਈ ਨਰਮ ਬੁਰਸ਼ ਅਟੈਚਮੈਂਟ ਵਾਲੇ ਵੈਕਿਊਮ ਕਲੀਨਰ ਦੀ ਵਰਤੋਂ ਕਰਨੀ ਚਾਹੀਦੀ ਹੈ

ਹਰ ਇਲੈਕਟ੍ਰੋਨਿਕ ਗੇਜਟ ਦੀ ਤਰ੍ਹਾਂ ਏਅਰ ਪਿਓਰੀਫਾਇਰਜ਼ ਦੀ ਸਾਂਭ ਸੰਭਾਲ ਲਈ ਪੈਕਿੰਗ 'ਤੇ ਨਿਰਦੇਸ਼ ਦਿੱਤੇ ਹੁੰਦੇ ਹਨ, ਜਿਨ੍ਹਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।

ਡਾ. ਰਵਿੰਦਰ ਖਾਈਵਾਲ ਕਹਿੰਦੇ ਹਨ ਕਿ ਇਨ੍ਹਾਂ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਨ੍ਹਾਂ ਦੇ ਅੰਦਰ ਵੀ ਬੈਕਟੀਰੀਆ ਵਾਧੂ ਹੋ ਸਕਦੇ ਹਨ।

ਉਨ੍ਹਾਂ ਕਿਹਾ, 'ਹਰ 15 ਦਿਨਾਂ ਬਾਅਦ ਇਨ੍ਹਾਂ ਨੂੰ ਸਾਫ਼ ਕਰਨਾ ਮਹੱਤਵਪੂਰਨ ਹੈ, ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਇਨ੍ਹਾਂ ਨੂੰ ਸਾਫ਼ ਕਰਦੇ ਸਮੇਂ ਮਾਸਕ ਅਤੇ ਦਸਤਾਨੇ ਜ਼ਰੂਰ ਪਹਿਨੇ ਹੋਣ।'

  • ਏਅਰ ਪਿਓਰੀਫਾਇਰ ਫਿਲਟਰ ਨੂੰ ਸਾਫ਼ ਕਰਨ ਲਈ, ਪਹਿਲਾਂ ਯੂਨਿਟ ਨੂੰ ਅਨਪਲੱਗ ਕਰੋ ਅਤੇ ਫਿਲਟਰ ਤੱਕ ਪਹੁੰਚਣ ਲਈ ਕਵਰ ਨੂੰ ਹਟਾ ਦਿਓ।
  • ਫਿਲਟਰ ਦੀ ਸਤ੍ਹਾ ਤੋਂ ਧੂੜ ਨੂੰ ਹੌਲੀ-ਹੌਲੀ ਹਟਾਉਣ ਲਈ ਨਰਮ ਬੁਰਸ਼ ਅਟੈਚਮੈਂਟ ਵਾਲੇ ਵੈਕਿਊਮ ਕਲੀਨਰ ਦੀ ਵਰਤੋਂ ਕਰੋ।
  • ਧੋਣਯੋਗ ਪ੍ਰੀ-ਫਿਲਟਰਾਂ ਲਈ, ਤੁਸੀਂ ਉਨ੍ਹਾਂ ਨੂੰ ਕੋਸੇ ਪਾਣੀ ਅਤੇ ਹਲਕੇ ਡਿਟਰਜੈਂਟ ਨਾਲ ਧੋ ਸਕਦੇ ਹੋ, ਇਹ ਯਕੀਨੀ ਬਣਾਉਂਦੇ ਹੋਏ ਕਿ ਉਹ ਦੁਬਾਰਾ ਪਾਉਣ ਤੋਂ ਪਹਿਲਾਂ ਪੂਰੀ ਤਰ੍ਹਾਂ ਸੁੱਕੇ ਹਨ।
  • ਹੇਪਾ ਜਾਂ ਐਕਟੀਵੇਟਿਡ ਕਾਰਬਨ ਫਿਲਟਰਾਂ ਨੂੰ ਨਾ ਧੋਵੋ, ਕਿਉਂਕਿ ਪਾਣੀ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਉਨ੍ਹਾਂ ਨੂੰ ਵੈਕਿਊਮ ਕਰੋ ਅਤੇ ਜਦੋਂ ਉਹ ਪ੍ਰਭਾਵਸ਼ਾਲੀ ਨਾ ਰਹਿਣ ਤਾਂ ਉਨ੍ਹਾਂ ਨੂੰ ਬਦਲੋ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)