ਹਵਾ ਪ੍ਰਦੂਸ਼ਣ ਸਿਰਫ਼ ਫੇਫੜਿਆਂ ਨੂੰ ਹੀ ਨਹੀਂ, ਸਰੀਰ ਦੇ ਇਨ੍ਹਾਂ ਹਿੱਸਿਆਂ ਨੂੰ ਵੀ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ

ਤਸਵੀਰ ਸਰੋਤ, Getty Images
- ਲੇਖਕ, ਸ਼ੁਭ ਰਾਣਾ
- ਰੋਲ, ਬੀਬੀਸੀ ਲਈ
ਦਿੱਲੀ ਅਤੇ ਐੱਨਸੀਆਰ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ। ਪ੍ਰਦੂਸ਼ਣ ਤੋਂ ਬਚਣ ਲਈ ਕਈ ਲੋਕ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਪਾ ਰਹੇ ਹਨ।
ਹਰ ਸਾਲ ਜਦੋਂ ਠੰਢ ਦਾ ਮੌਸਮ ਸ਼ੁਰੂ ਹੁੰਦਾ ਹੈ ਤਾਂ ਦਿੱਲੀ ਦੀ ਹਵਾ ਦੀ ਗੁਣਵੱਤਾ ਤੇਜ਼ੀ ਨਾਲ ਖ਼ਰਾਬ ਹੋਣ ਲੱਗਦੀ ਹੈ।
ਇਸ ਮੌਸਮ ਵਿੱਚ ਆਮ ਤੌਰ 'ਤੇ ਦਿੱਲੀ ਅਤੇ ਨੇੜੇ ਦੇ ਖੇਤਰਾਂ ਦਾ ਏਕਿਊਆਈ ਖ਼ਰਾਬ ਤੋਂ ਲੈ ਕੇ ਗੰਭੀਰ ਸ਼੍ਰੇਣੀ ਵਿੱਚ ਰਹਿੰਦਾ ਹੈ।
ਕੇਂਦਰੀ ਪ੍ਰਦੂਸ਼ਣ ਕੰਟ੍ਰੋਲ ਬੋਰਡ ਦੇ ਨੈਸ਼ਨਲ ਏਅਰ ਕੁਆਲਿਟੀ ਇੰਡੈਕਸ ਦੇ ਅੰਕੜਿਆਂ ਅਨੁਸਾਰ, ਪਿਛਲੇ ਹਫ਼ਤੇ ਦਿੱਲੀ ਦੇ ਕਈ ਖੇਤਰਾਂ ਵਿੱਚ ਏਕਿਊਆਈ 350 ਤੱਕ ਪਹੁੰਚ ਗਿਆ ਸੀ ਅਤੇ ਕੁਝ ਥਾਵਾਂ 'ਤੇ 400 ਤੋਂ ਵੀ ਵੱਧ ਦਰਜ ਕੀਤਾ ਗਿਆ।
ਦਿੱਲੀ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਸ ਮੌਸਮ ਵਿੱਚ ਸਿਹਤ ਨਾਲ ਸਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਮੌਸਮ ਵਿੱਚ ਡਾਕਟਰ ਅਕਸਰ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਪ੍ਰਦੂਸ਼ਣ ਤੋਂ ਬਚਣ ਦੀ ਸਲਾਹ ਦਿੰਦੇ ਹਨ।
ਪੀਐੱਸਆਰਆਈ ਇੰਸਟੀਚਿਊਟ ਆਫ਼ ਪਲਮਨਰੀ, ਕ੍ਰਿਟੀਕਲ ਕੇਅਰ ਐਂਡ ਸਲੀਪ ਮੈਡੀਸਨ ਦੇ ਚੇਅਰਮੈਨ ਡਾਕਟਰ ਗੋਪੀ ਚੰਦ ਖਿਲਨਾਨੀ ਕਹਿੰਦੇ ਹਨ, "ਪ੍ਰਦੂਸ਼ਣ ਦੇ ਅਸਰ ਨੂੰ ਸਮਝਣ ਲਈ ਸਾਨੂੰ ਇਸ ਦੇ ਹਿੱਸਿਆਂ ਨੂੰ ਸਮਝਣਾ ਪਵੇਗਾ। ਇਸ ਵਿੱਚ ਮੁੱਖ ਤੌਰ 'ਤੇ ਪੀਐੱਮ 10, ਪੀਐੱਮ 2.5 ਅਤੇ ਅਲਟ੍ਰਾ-ਫਾਈਨ ਪਾਰਟੀਕੁਲੇਟ ਮੈਟਰ ਸ਼ਾਮਲ ਹੁੰਦੇ ਹਨ, ਜੋ 0.1 ਮਾਈਕਰੋਨ ਤੋਂ ਵੀ ਛੋਟੇ ਹੁੰਦੇ ਹਨ।"
"ਇਸ ਵਿੱਚ ਕੁਝ ਗੈਸਾਂ ਵੀ ਸ਼ਾਮਲ ਹਨ, ਜਿਵੇਂ ਕਾਰਬਨ ਮੋਨੋਆਕਸਾਈਡ ਅਤੇ ਸਲਫਰ ਡਾਈਆਕਸਾਈਡ, ਜੋ ਲੱਕੜ ਜਾਂ ਕੋਲੇ ਸਾੜਨ ਨਾਲ ਬਣਦੀਆਂ ਹਨ। ਪੈਟ੍ਰੋਲ ਤੋਂ ਨਾਈਟ੍ਰਿਕ ਆਕਸਾਈਡ ਨਿਕਲਦੀ ਹੈ।"
ਉਹ ਕਹਿੰਦੇ ਹਨ ਕਿ ਕਾਰਬਨ ਮੋਨੋਆਕਸਾਈਡ ਫੇਫੜਿਆਂ ਤੱਕ ਸੀਮਤ ਨਹੀਂ ਰਹਿੰਦੀ। ਨੈਨੋ-ਪਾਰਟੀਕਲ ਜੋ ਕਿ 0.1 ਮਾਈਕਰੋਨ ਤੋਂ ਛੋਟੇ ਹਨ, ਫੇਫੜਿਆਂ ਵਿੱਚੋਂ ਲੰਘ ਸਕਦੇ ਹਨ ਅਤੇ ਏਲਵਿਓਲਸ (ਫੇਫੜਿਆਂ 'ਚ ਹਵਾ ਦੀਆਂ ਥੈਲੀਆਂ) ਰਾਹੀਂ ਸਰੀਰ ਦੇ ਕਈ ਹਿੱਸਿਆਂ ਤੱਕ ਪਹੁੰਚਦੇ ਹਨ ਅਤੇ ਨੁਕਸਾਨ ਪਹੁੰਚਾਉਂਦੇ ਹਨ।
ਸਰੀਰ ਦੇ ਕਿਹੜੇ ਹਿੱਸਿਆਂ ਨੂੰ ਨੁਕਸਾਨ

ਤਸਵੀਰ ਸਰੋਤ, Getty Images
ਫੇਫੜਿਆਂ ਤੋਂ ਇਲਾਵਾ ਹਵਾ ਪ੍ਰਦੂਸ਼ਣ ਸਰੀਰ ਦੇ ਹੋਰ ਹਿੱਸਿਆਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ।
1997 ਵਿੱਚ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਵਿੱਚ ਕੀਤੇ ਗਏ ਇੱਕ ਅਧਿਐਨ ਦਾ ਹਵਾਲਾ ਦਿੰਦੇ ਹੋਏ ਡਾ. ਖਿਲਨਾਨੀ ਕਹਿੰਦੇ ਹਨ, "ਹਵਾ ਪ੍ਰਦੂਸ਼ਣ ਕਾਰਨ ਦਿਲ ਦੇ ਦੌਰੇ, ਦਮਾ ਅਤੇ ਬ੍ਰੌਨਕਾਈਟਿਸ ਦੇ ਮਾਮਲਿਆਂ ਵਿੱਚ 21 ਤੋਂ 24 ਫੀਸਦ ਦਾ ਵਾਧਾ ਹੋਇਆ। ਮੈਂ ਵੀ ਇਸ ਅਧਿਐਨ ਦਾ ਹਿੱਸਾ ਸੀ।"
ਉਨ੍ਹਾਂ ਕਿਹਾ, "ਪ੍ਰਦੂਸ਼ਣ ਸਾਡੇ ਦਿਲ ਦੀ ਪ੍ਰਣਾਲੀ ਨੂੰ ਵੀ ਪ੍ਰਭਾਵਿਤ ਕਰਦਾ ਹੈ। ਉੱਚ ਹਵਾ ਪ੍ਰਦੂਸ਼ਣ ਵਾਲੇ ਖੇਤਰਾਂ ਵਿੱਚ ਦਿਲ ਦੇ ਦੌਰੇ ਦੀਆਂ ਘਟਨਾਵਾਂ ਵੱਧ ਜਾਂਦੀਆਂ ਹਨ। ਲੋਕਾਂ ਦਾ ਬਲੱਡ ਪ੍ਰੈਸ਼ਰ ਉੱਚਾ ਰਹਿੰਦਾ ਹੈ। ਅਧਰੰਗ, ਸਟ੍ਰੋਕ ਅਤੇ ਡਿਮੈਂਸ਼ੀਆ ਵਰਗੀਆਂ ਦਿਮਾਗ ਨਾਲ ਸਬੰਧਤ ਸਮੱਸਿਆਵਾਂ ਦਾ ਵੀ ਖ਼ਤਰਾ ਰਹਿੰਦਾ ਹੈ।"
ਡਾ. ਖਿਲਨਾਨੀ ਦੇ ਅਨੁਸਾਰ, ਭਾਰਤ ਸ਼ੂਗਰ ਦੀ ਰਾਜਧਾਨੀ ਬਣਦਾ ਜਾ ਰਿਹਾ ਹੈ ਅਤੇ ਹਵਾ ਪ੍ਰਦੂਸ਼ਣ ਵੀ ਇਸ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਹੈ।
ਉਹ ਕਹਿੰਦੇ ਹਨ, "ਦੁਨੀਆ ਭਰ ਵਿੱਚ ਕੈਂਸਰ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੱਧ ਰਹੀ ਹੈ। ਪਹਿਲਾਂ ਫੇਫੜਿਆਂ ਦੇ ਕੈਂਸਰ ਦਾ ਮੁੱਖ ਕਾਰਨ ਸਿਗਰਟਨੋਸ਼ੀ ਸੀ ਪਰ ਹੁਣ ਭਾਰਤ ਵਿੱਚ 40 ਫੀਸਦ ਫੇਫੜਿਆਂ ਦੇ ਕੈਂਸਰ ਪ੍ਰਦੂਸ਼ਣ ਕਾਰਨ ਹੁੰਦੇ ਹਨ। ਪ੍ਰਦੂਸ਼ਣ ਕਾਰਨ ਛਾਤੀ ਦਾ ਕੈਂਸਰ ਅਤੇ ਬੱਚੇਦਾਨੀ ਦਾ ਕੈਂਸਰ ਵੀ ਵਧ ਸਕਦਾ ਹੈ।"
ਹਵਾ ਪ੍ਰਦੂਸ਼ਣ ਦਾ ਸਭ ਤੋਂ ਵੱਧ ਅਸਰ

ਤਸਵੀਰ ਸਰੋਤ, Getty Images
ਇਹ ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਪਹਿਲਾਂ ਤੋਂ ਬਿਮਾਰ ਲੋਕਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ।
ਹਾਲਾਂਕਿ, ਇਨ੍ਹਾਂ ਦਿਨਾਂ 'ਚ ਦਿੱਲੀ ਵਿੱਚ ਪ੍ਰਦੂਸ਼ਣ ਦਾ ਅਸਰ ਅਜਿਹਾ ਗੰਭੀਰ ਹੈ ਕਿ ਇਹ ਇੱਕ ਸਿਹਤਮੰਦ ਵਿਅਕਤੀ ਨੂੰ ਵੀ ਗੰਭੀਰ ਬਿਮਾਰੀਆਂ ਲਗਾ ਸਕਦਾ ਹੈ।
ਦਿੱਲੀ ਦੇ ਗੰਗਾ ਰਾਮ ਹਸਪਤਾਲ ਦੇ ਸੀਨੀਅਰ ਡਾਕਟਰ ਮੋਹਸਿਨ ਵਲੀ ਕਹਿੰਦੇ ਹਨ, "ਅੱਜਕੱਲ੍ਹ ਦਿੱਲੀ-ਐੱਨਸੀਆਰ ਵਿੱਚ ਜਿਸ ਤਰ੍ਹਾਂ ਦਾ ਪ੍ਰਦੂਸ਼ਣ ਹੈ, ਉਸ ਨਾਲ ਲੋਕ ਭੁੱਲਣ ਅਤੇ ਭਰਮ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ। ਲੋੜੀਂਦੀ ਆਕਸੀਜਨ ਦੀ ਘਾਟ ਕਾਰਨ ਲੋਕ ਥਕਾਵਟ ਵੀ ਮਹਿਸੂਸ ਕਰ ਸਕਦੇ ਹਨ।"
ਉਹ ਕਹਿੰਦੇ ਹਨ, "ਇਸ ਨਾਲ ਔਰਤਾਂ ਵਿੱਚ ਪੀਸੀਓਡੀ ਹੋ ਸਕਦਾ ਹੈ, ਜੋ ਕਿ ਮਾਹਵਾਰੀ ਨਾਲ ਸਬੰਧਤ ਸਮੱਸਿਆ ਹੈ। ਇਹ ਪ੍ਰਦੂਸ਼ਣ ਉਨ੍ਹਾਂ ਦੀ ਫਰਟੀਲਿਟੀ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਅਤੇ ਮਰਦਾਂ 'ਚ ਵੀ ਬੱਚੇ ਪੈਦਾ ਕਰਨ ਦੀ ਸਮਰੱਥਾ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।"
ਯੂਨੀਵਰਸਿਟੀ ਆਫ਼ ਸ਼ਿਕਾਗੋ ਦੇ ਇੱਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਪੀਐੱਮ 2.5 ਪੱਧਰ ਵੱਧਣ ਨਾਲ ਬੱਚਿਆਂ ਦੀ ਸਿੱਖਣ ਦੀ ਸਮਰੱਥਾ ਵੀ ਘੱਟ ਹੋ ਜਾਂਦੀ ਹੈ।

ਸ਼ਿਕਾਗੋ ਯੂਨੀਵਰਸਿਟੀ ਵਿੱਚ 'ਦਿ ਐਨਰਜੀ ਪਾਲਿਸੀ ਇੰਸਟੀਚਿਊਟ (ਈਪੀਆਈਸੀ) ਦੇ ਇਸ ਅਧਿਐਨ ਅਨੁਸਾਰ ਹਵਾ ਪ੍ਰਦੂਸ਼ਣ ਮਰਦਾਂ ਅਤੇ ਔਰਤਾਂ ਦੀ ਪ੍ਰਜਣਨ ਕਿਰਿਆ ਨੂੰ ਵੀ ਪ੍ਰਭਾਵਿਤ ਕਰਦਾ ਹੈ।
ਇਸ ਕਾਰਨ ਮਰਦਾਂ ਦੇ ਸ਼ੁਕਰਾਣੂਆਂ ਦੀ ਗੁਣਵੱਤਾ ਖ਼ਰਾਬ ਹੋ ਜਾਂਦੀ ਹੈ ਅਤੇ ਬਾਂਝਪਣ ਦਰ ਵੱਧ ਜਾਂਦੀ ਹੈ।
ਇਹ ਔਰਤਾਂ ਦੀਆਂ ਗਰਭ ਅਵਸਥਾਵਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਔਰਤਾਂ ਨੂੰ ਇੰਟਰਾ ਯੂਟਰਾਈਨ ਗ੍ਰੋਥ ਰਿਟਾਰਡੇਸ਼ਨ ਹੋ ਸਕਦਾ ਹੈ। ਜਿਸਦਾ ਮਤਲਬ ਹੈ ਕਿ ਗਰਭ ਦੇ ਅੰਦਰ ਬੱਚੇ ਦਾ ਵਿਕਾਸ ਪ੍ਰਭਾਵਿਤ ਹੁੰਦਾ ਹੈ।
ਸਮੇਂ ਤੋਂ ਪਹਿਲਾਂ ਜਣੇਪਾ ਵੀ ਇੱਕ ਮਾੜਾ ਪ੍ਰਭਾਵ ਹੋ ਸਕਦਾ ਹੈ। ਬੱਚਿਆਂ ਵਿੱਚ ਜਮਾਂਦਰੂ ਅਸਧਾਰਨਤਾਵਾਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਈਪੀਆਈਸੀ ਦੇ ਅਨੁਸਾਰ, ਬਜ਼ੁਰਗ ਲੋਕ ਪ੍ਰਦੂਸ਼ਣ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ। ਉਨ੍ਹਾਂ ਨੂੰ ਡਿਮੈਂਸ਼ੀਆ ਦਾ ਖ਼ਤਰਾ ਵੱਧ ਜਾਂਦਾ ਹੈ। ਕਮਜ਼ੋਰ ਇਮਿਊਨਿਟੀ ਵਾਲੇ ਜਾਂ ਕੈਂਸਰ ਦਾ ਇਲਾਜ ਕਰਵਾ ਰਹੇ ਜਾਂ ਦਿਲ ਦੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਲਈ ਪ੍ਰਦੂਸ਼ਣ ਘਾਤਕ ਸਾਬਤ ਹੋ ਸਕਦਾ ਹੈ।
ਡਾਕਟਰ ਖਿਲਨਾਨੀ ਅਗਸਤ 2023 ਵਿੱਚ ਈਪੀਆਈਸੀ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਦਾ ਹਵਾਲਾ ਦਿੰਦੇ ਹਨ, ਜਿਸ ਅਨੁਸਾਰ ਪ੍ਰਦੂਸ਼ਣ ਭਾਰਤੀਆਂ ਦੀ ਔਸਤ ਉਮਰ 5.3 ਸਾਲ ਅਤੇ ਦਿੱਲੀ ਵਾਲਿਆਂ ਦੀ ਔਸਤ ਉਮਰ 11.9 ਸਾਲ ਘਟਾ ਰਿਹਾ ਹੈ।
ਇਹ ਅੰਕੜੇ ਏਅਰ ਕੁਆਲਿਟੀ ਲਾਈਫ ਇੰਡੈਕਸ ਦਾ ਹਿੱਸਾ ਹਨ, ਜੋ ਮਨੁੱਖੀ ਜੀਵਨ 'ਤੇ ਕਣ ਪ੍ਰਦੂਸ਼ਣ ਦੇ ਪ੍ਰਭਾਵ ਨੂੰ ਮਾਪਦਾ ਹੈ।
ਹਵਾ ਪ੍ਰਦੂਸ਼ਣ ਦਾ ਮਾਨਸਿਕ ਸਿਹਤ 'ਤੇ ਕਿੰਨਾ ਅਸਰ ਪੈਂਦਾ?

ਤਸਵੀਰ ਸਰੋਤ, Getty Images
ਡਾਕਟਰ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਮਨੋਵਿਗਿਆਨ ਵਿਭਾਗ ਦੇ ਮਾਹਰ ਡਾ. ਲੋਕੇਸ਼ ਸਿੰਘ ਸ਼ੇਖਾਵਤ ਦੱਸਦੇ ਹਨ, "ਸਾਡੇ ਸਰੀਰ ਵਿੱਚ ਕੁਝ ਇਨਫ਼ਲੇਮੇਟਰੀ ਮਾਰਕਰ ਹੁੰਦੇ ਹਨ ਜੋ ਬੀਮਾਰੀ ਜਾਂ ਪ੍ਰਦੂਸ਼ਣ ਦੇ ਕਾਰਨ ਵੱਧ ਜਾਂਦੇ ਹਨ। ਇਹ ਮਾਰਕਰ ਅਤੇ ਮੈਟਾਬੋਲਿਜ਼ਮ ਰਹਿੰਦ-ਖੂੰਹਦ ਉਤਪਾਦ (ਆਕਸੀਡੇਟਿਵ ਤਣਾਅ) ਨਿਊਰੋਨਸ ਨੂੰ ਲੰਬੇ ਸਮੇਂ ਲਈ ਨੁਕਸਾਨ ਪਹੁੰਚਾਉਂਦੇ ਹਨ।"
ਉਨ੍ਹਾਂ ਦੇ ਮੁਤਾਬਕ, "ਪ੍ਰਦੂਸ਼ਣ ਕਾਰਨ ਇਹ ਤੱਤ ਦਿਮਾਗ ਵਿੱਚ ਵੱਧ ਜਾਂਦੇ ਹਨ, ਜਿਸ ਨਾਲ ਐਂਜ਼ਾਇਟੀ, ਡਿਪ੍ਰੈਸ਼ਨ, ਓਸੀਡੀ ਅਤੇ ਸਕਿਜ਼ੋਫ੍ਰੀਨੀਆ ਵਰਗੀਆਂ ਮਨੋਵਿਗਿਆਨਕ ਸਮੱਸਿਆਵਾਂ ਵੱਧਦੀਆਂ ਹਨ। ਇਸਦੇ ਨਾਲ ਹੀ ਵੱਡੀਆਂ ਨਿਊਰੋਲੌਜਿਕਲ ਬਿਮਾਰੀਆਂ ਜਿਵੇਂ ਡਿਮੈਂਸ਼ੀਆ ਅਤੇ ਪਾਰਕਿੰਸਨ ਵੀ ਪ੍ਰਭਾਵਿਤ ਹੁੰਦੀਆਂ ਹਨ। ਇਹ ਦਿਲ, ਗੁਰਦੇ ਅਤੇ ਜਿਗਰ ਨੂੰ ਵੀ ਨੁਕਸਾਨ ਪਹੁੰਚਾਉਂਦੀਆਂ ਹਨ।"
ਡਾ. ਲੋਕੇਸ਼ ਸਿੰਘ ਸ਼ੇਖਾਵਤ ਦੇ ਮੁਤਾਬਕ, ਪ੍ਰਦੂਸ਼ਣ ਔਰਤਾਂ ਵਿੱਚ ਮਾਨਸਿਕ ਅਸੰਤੁਲਨ ਵਧਾਉਂਦਾ ਹੈ। ਇਹ ਛੋਟੇ ਬੱਚਿਆਂ ਦੇ ਨਿਊਰੋ ਡਿਵੈਲਪਮੈਂਟ (ਦਿਮਾਗੀ ਵਿਕਾਸ) ਵਿੱਚ ਰੁਕਾਵਟ ਪੈਦਾ ਕਰਦਾ ਹੈ, ਜਿਸ ਨਾਲ ਅਗਲੇ ਸਮੇਂ ਵਿੱਚ ਆਟਿਜ਼ਮ ਅਤੇ ਏਡੀਐਚਡੀ ਵਰਗੇ ਰੋਗਾਂ ਦਾ ਖ਼ਤਰਾ ਵੱਧ ਜਾਂਦਾ ਹੈ।
ਇਸ ਦੇ ਨਾਲ ਬਜ਼ੁਰਗਾਂ ਵਿੱਚ ਡਿਮੈਂਸ਼ੀਆ ਅਤੇ ਪਾਰਕਿੰਸਨ ਦਾ ਖ਼ਤਰਾ ਵੀ ਵਧ ਜਾਂਦਾ ਹੈ।
25 ਤੋਂ 40 ਸਾਲ ਦੇ ਲੋਕਾਂ ਵਿੱਚ ਇਹ ਮੂਡ ਸਵਿੰਗ, ਚਿੜਚਿੜਾਪਨ, ਗੁੱਸਾ, ਸੋਚਣ ਦੀ ਸਮਰੱਥਾ ਘੱਟ ਹੋਣਾ ਅਤੇ ਫੈਸਲੇ ਲੈਣ ਦੀ ਯੋਗਤਾ 'ਤੇ ਅਸਰ ਪਾ ਸਕਦਾ ਹੈ।
ਡਾ. ਸ਼ੇਖਾਵਤ ਮੰਨਦੇ ਹਨ ਕਿ ਪ੍ਰਦੂਸ਼ਣ ਮੂਡ ਅਤੇ ਇਮੋਸ਼ਨਜ਼ 'ਤੇ ਵੀ ਅਸਰ ਪਾਉਂਦਾ ਹੈ, ਜਲਦੀ ਹੀ ਕਿਸੇ ਗੱਲ ਤੋਂ ਚਿੜ ਜਾਣਾ, ਮੂਡ ਸਵਿੰਗ ਅਤੇ ਗੁੱਸਾ ਆਉਣਾ ਵੀ ਇਸ ਦਾ ਹਿੱਸਾ ਹੈ।
ਉਹ ਹਵਾ ਪ੍ਰਦੂਸ਼ਣ ਨੂੰ ਇੱਕ ਬਹੁਤ ਵੱਡੀ ਆਫ਼ਤ (ਡਿਜ਼ਾਸਟਰ) ਮੰਨਦੇ ਹਨ। ਆਉਣ ਵਾਲੇ 10 ਤੋਂ 15 ਸਾਲਾਂ ਵਿੱਚ ਜਿਹੜੀ ਆਬਾਦੀ ਪ੍ਰਦੂਸ਼ਿਤ ਹਵਾ ਵਿੱਚ ਰਹੇਗੀ, ਉਨ੍ਹਾਂ ਦੀ ਕੰਮ ਕਰਨ ਦੀ ਤਾਕਤ ਤੇ ਸੋਚਣ-ਸਮਝਣ ਦੀ ਸਮਰੱਥਾ ਵੀ ਘਟ ਸਕਦੀ ਹੈ।
ੳਨ੍ਹਾਂ ਦੇ ਮੁਤਾਬਕ, ''ਆਉਣ ਵਾਲੇ ਸਮੇਂ ਵਿੱਚ ਜਿਹੜੇ ਬੱਚੇ ਜਨਮ ਲੈਣਗੇ, ਉਨ੍ਹਾਂ ਵਿੱਚ ਮਾਨਸਿਕ ਸਿਹਤ ਜਾਂ ਨਿਊਰੋਲੌਜਿਕਲ ਰੋਗਾਂ ਦੀ ਸੰਭਾਵਨਾ ਹੋ ਸਕਦੀ ਹੈ ਅਤੇ ਉਹ ਸਮੱਸਿਆ ਪ੍ਰਦੂਸ਼ਣ ਨਾਲ ਨਜਿੱਠਣ ਤੋਂ ਵੀ ਵੱਧ ਮੁਸ਼ਕਲ ਹੋਵੇਗੀ।"
ਪ੍ਰਦੂਸ਼ਣ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਤੇ ਕੀ ਨਹੀਂ?

ਤਸਵੀਰ ਸਰੋਤ, Getty Images
ਡਾਕਟਰਾਂ ਅਨੁਸਾਰ, ਇਸ ਤਰ੍ਹਾਂ ਦੇ ਪ੍ਰਦੂਸ਼ਣ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਇਸ ਤੋਂ ਦੂਰੀ ਬਣਾਈ ਰੱਖਣਾ।
ਡਾ. ਵਲੀ ਕਹਿੰਦੇ ਹਨ, "ਇਹ ਫੇਫੜਿਆਂ ਨੂੰ ਪ੍ਰਭਾਵਿਤ ਕਰਦਾ ਹੈ ਤੇ ਖੰਘ, ਦਮਾ ਅਤੇ ਸਾਹ ਲੈਣ ਵਿੱਚ ਤਕਲੀਫ਼ ਨੂੰ ਵਧਾ ਸਕਦਾ ਹੈ। ਇਹ ਦਿਲ ਦੇ ਮਰੀਜ਼ਾਂ ਲਈ ਬਹੁਤ ਖ਼ਤਰਨਾਕ ਹੋ ਸਕਦਾ ਹੈ। ਇਸ ਲਈ, ਇਸ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਇਸ ਮਾਹੌਲ ਤੋਂ ਦੂਰ ਰਹਿਣਾ।"
ਉਨ੍ਹਾਂ ਦੇ ਅਨੁਸਾਰ, "ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਹਵਾ ਸਰਦੀਆਂ ਵਿੱਚ ਇਸ ਤਰ੍ਹਾਂ ਪ੍ਰਦੂਸ਼ਿਤ ਹੋ ਜਾਂਦੀ ਹੈ, ਭਾਵੇਂ ਦਿਨ ਹੋਵੇ ਜਾਂ ਰਾਤ, ਸਵੇਰ ਹੋਵੇ ਜਾਂ ਸ਼ਾਮ। ਜੇਕਰ ਤੁਸੀਂ ਦਿੱਲੀ ਨਹੀਂ ਛੱਡ ਸਕਦੇ ਤਾਂ ਘਰੋਂ ਸਿਰਫ਼ ਉਦੋਂ ਹੀ ਨਿਕਲੋ ਜਦੋਂ ਬਹੁਤ ਜ਼ਰੂਰੀ ਹੋਵੇ। ਪਾਰਕ ਵਿੱਚ ਜਾਣ ਅਤੇ ਕਸਰਤ ਕਰਨ ਤੋਂ ਬਚੋ। ਮਾਸਕ ਦੀ ਵਰਤੋਂ ਕਰਨਾ ਯਕੀਨੀ ਬਣਾਓ।"
ਡਾ. ਖਿਲਨਾਨੀ ਵੀ ਇਸੇ ਤਰ੍ਹਾਂ ਦੀ ਸਲਾਹ ਦਿੰਦੇ ਹਨ, "ਜਦੋਂ ਧੁੰਦ ਹੁੰਦੀ ਹੈ ਤਾਂ ਸਵੇਰੇ ਕਸਰਤ ਜਾਂ ਸੈਰ ਨਾ ਕਰੋ, ਕਿਉਂਕਿ ਉਸ ਸਮੇਂ ਹਵਾ ਪ੍ਰਦੂਸ਼ਣ ਸਤ੍ਹਾ 'ਤੇ ਰਹਿੰਦਾ ਹੈ। ਜਦੋਂ ਸੂਰਜ ਨਿਕਲਦਾ ਹੈ ਤਾਂ ਬਜ਼ੁਰਗ ਸੈਰ ਕਰ ਸਕਦੇ ਹਨ ਕਿਉਂਕਿ ਉਨ੍ਹਾਂ ਲਈ ਆਪਣੀ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਹੈ।"
ਇਸ ਤੋਂ ਇਲਾਵਾ
- ਭੀੜ-ਭੜੱਕੇ ਵਾਲੇ ਬਾਜ਼ਾਰਾਂ ਵਿੱਚ ਜਾਣ ਤੋਂ ਬਚੋ।
- ਜਦੋਂ ਪ੍ਰਦੂਸ਼ਣ ਦਾ ਪੱਧਰ ਖ਼ਤਰਨਾਕ ਸ਼੍ਰੇਣੀ ਵਿੱਚ ਹੋਵੇ ਤਾਂ ਸਿਰਫ਼ N95 ਜਾਂ N99 ਮਾਸਕ ਦੀ ਵਰਤੋਂ ਕਰੋ।
- ਜੇਕਰ ਖੰਘ ਵਾਰ ਵਾਰ ਹੁੰਦੀ ਹੈ ਤਾਂ ਐਂਟੀਬਾਇਓਟਿਕਸ ਦਵਾਈ ਨਾ ਲਓ।
- ਇਮਿਊਨਿਟੀ ਵਧਾਉਣ ਲਈ ਪੌਸ਼ਟਿਕ ਭੋਜਨ ਖਾਓ।
- ਇਸ ਸਮੇਂ ਦੌਰਾਨ ਏਅਰ ਪਿਊਰੀਫਾਇਰ ਦੀ ਵਰਤੋਂ ਕਰੋ। ਹਾਲਾਂਕਿ ਇਹ ਕੋਈ ਸਥਾਈ ਹੱਲ ਨਹੀਂ ਹੈ ਪਰ ਇਸ ਨੂੰ ਏਸੀ ਵਾਂਗ ਨਾ ਵਰਤੋ। ਇਸਨੂੰ ਚਾਲੂ ਰੱਖੋ।
- ਸੌਂਦੇ ਸਮੇਂ ਏਅਰ ਪਿਊਰੀਫ਼ਾਇਰ ਨੂੰ ਆਪਣੇ ਵੱਲ ਕਰਕੇ ਰੱਖੋ।
ਅਜਿਹੇ ਮੌਸਮ ਵਿੱਚ ਤੁਸੀਂ ਏਅਰ ਪਿਊਰੀਫ਼ਾਇਰ ਦੀ ਵਰਤੋਂ ਵੀ ਕਰ ਸਕਦੇ ਹੋ, ਹਾਲਾਂਕਿ ਏਅਰ ਪਿਊਰੀਫ਼ਾਇਰ ਇੱਕ ਸਥਾਈ ਇਲਾਜ ਨਹੀਂ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












