ਪਾਕਿਸਤਾਨੀ ਹਾਕੀ ਖਿਡਾਰੀਆਂ ਨੂੰ ਖੇਡਣ ਲਈ ਉਧਾਰ ਕਿਉਂ ਲੈਣਾ ਪਿਆ, ਕੌਮੀ ਖੇਡ ਦੀ ਬਦਹਾਲੀ ਦੇ ਕੀ ਕਾਰਨ ਹਨ

ਤਸਵੀਰ ਸਰੋਤ, Getty Images
- ਲੇਖਕ, ਆਸੀਆ ਅੰਸਾਰ
- ਰੋਲ, ਬੀਬੀਸੀ ਪੱਤਰਕਾਰ, ਇਸਲਾਮਾਬਾਦ
ਕੀ ਤੁਸੀਂ ਕਦੇ ਇਹ ਸੁਣਿਆ ਹੈ ਕਿ ਕਿਸੇ ਦੇਸ਼ ਦੀ ਕੌਮੀ ਖੇਡ ਦੀ ਟੀਮ ਵਿਦੇਸ਼ ਮੈਚ ਖੇਡਣ ਜਾਵੇ ਪਰ ਉਨ੍ਹਾਂ ਦੇ ਸਫ਼ਰ ਦੇ ਖ਼ਰਚ ਅਤੇ ਟਿਕਟ ਲਈ ਉਧਾਰ ਲੈਣਾ ਪਵੇ?
ਇਹ ਗੱਲ ਪਾਕਿਸਤਾਨ ਦੀ ਕੌਮੀ ਖੇਡ ਹਾਕੀ ਦੇ ਖਿਡਾਰੀਆਂ ਵੱਲੋਂ ਏਸ਼ੀਆਈ ਚੈਂਪੀਅਨਜ਼ ਟਰਾਫੀ-2024 ਖੇਡਣ ਲਈ ਚੀਨ ਦੌਰੇ ਉੱਤੇ ਜਾਣ ਦੀ ਹੈ।
ਇੱਕ ਸਮਾਂ ਸੀ, ਜਦੋਂ ਪਾਕਿਸਤਾਨ ਦੀ ਕੌਮੀ ਖੇਡ ਹਾਕੀ ਨੂੰ ਮੀਡੀਆ ਦੀਆਂ ਸੁਰਖ਼ੀਆਂ ’ਚ ਜਗ੍ਹਾ ਮਿਲਦੀ ਸੀ ਪਰ ਅੱਜ ਸਥਿਤੀ ਬਿਲਕੁਲ ਉਲਟ ਹੈ।
ਇਹੀ ਵਜ੍ਹਾ ਹੈ ਕਿ ਪਾਕਿਸਤਾਨ ਦੀ ਹਾਕੀ ਟੀਮ ਦੇ ਇਸ ਹਾਲ ਬਾਰੇ ਜਦੋਂ ਸੋਸ਼ਲ ਮੀਡੀਆ ’ਤੇ ਪੜ੍ਹਿਆ ਤਾਂ ਇਸ ਦੀ ਜਾਣਕਾਰੀ ਲਈ ਅਸੀਂ ਪਾਕਿਸਤਾਨ ਹਾਕੀ ਫੈਡਰੇਸ਼ਨ ਦੇ ਮੁਖੀ ਤਾਰਿਫ਼ ਹੁਸੈਨ ਬੁਗਟੀ ਨਾਲ ਸੰਪਰਕ ਕੀਤਾ।
ਤਾਰਿਫ਼ ਹੁਸੈਨ ਬੁਗਟੀ ਨੇ ਇਸ ਬਾਰੇ ਪੁਸ਼ਟੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਚੀਨ ’ਚ ਹੋਣ ਵਾਲੀ ਏਸ਼ੀਆਈ ਚੈਂਪੀਅਨਜ਼ ਟਰਾਫੀ ਲਈ ਪਾਕਿਸਤਾਨ ਦੀ ਹਾਕੀ ਟੀਮ ਚੀਨ ਦੀ ਹਵਾਈ ਕੰਪਨੀ ਨਾਲ ਉਧਾਰ ਦੀਆਂ ਟਿਕਟਾਂ ’ਤੇ ਰਵਾਨਾ ਹੋਈ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਟੀਮ ਦੇ ਕੋਲ ਵਿਦੇਸ਼ ਜਾਣ ਲਈ ਫੰਡ ਨਾ ਹੋਣ ਅਤੇ ਉਨ੍ਹਾਂ ਦੀ ਅਦਾਇਗੀ ਬਾਅਦ ’ਚ ਕੀਤੀ ਗਈ ਹੋਵੇ।

ਦੂਜੇ ਪਾਸੇ ਪਾਕਿਸਤਾਨ ਸਪੋਰਟਸ ਬੋਰਡ ਦਾ ਕਹਿਣਾ ਹੈ ਕਿ ਸੰਸਥਾ ਨੇ ਵੀਜ਼ਾ ਫੀਸ, ਠਹਿਰਨ ਅਤੇ ਖਿਡਾਰੀਆਂ ਦੇ ਸਫ਼ਰ ਦੇ ਖ਼ਰਚ ਲਈ ਜ਼ਰੂਰੀ ਰਕਮ ਅਦਾ ਕਰਨ ਦਾ ਵਾਅਦਾ ਕੀਤਾ ਹੈ, ਜੋ ਕਾਰਵਾਈ ਪੂਰੀ ਹੋਣ ਉਪਰੰਤ ਅਦਾ ਕੀਤੀ ਜਾਵੇਗੀ।
ਪਾਕਿਸਤਾਨ ਦੀ ਕੌਮੀ ਖੇਡ ਨੂੰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਅਜਿਹੇ ਹਾਲਾਤ ਕਿਵੇਂ ਬਣ ਗਏ? ਇਸ ਬਾਰੇ ਗੱਲ ਅੱਗੇ ਕਰਾਂਗੇ ਪਰ ਸੰਖ਼ੇਪ ’ਚ ਜਾਣ ਲੈਂਦੇ ਹਾਂ ਕਿ ਉਧਾਰ ’ਤੇ ਸਫ਼ਰ ਦੀ ਕਹਾਣੀ ਕੀ ਹੈ।
ਚੈਂਪੀਅਨਜ਼ ਟਰਾਫੀ ’ਚ ਸ਼ਾਮਲ ਹੋਣ ਲਈ ਹਾਕੀ ਟੀਮ ਦੇ ਜਾਣ ਬਾਰੇ ਪੀਟੀਵੀ ਦੀ ਸਪੋਰਟਸ ਐਂਕਰ ਰੋਹਾ ਨਦੀਮ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਲਿਖਿਆ, “ਪਾਕਿਸਤਾਨ ਹਾਕੀ ਟੀਮ ਏਸ਼ੀਆਈ ਚੈਂਪੀਅਨਜ਼ ਟਰਾਫੀ ’ਚ ਸ਼ਾਮਲ ਹੋਣ ਲਈ ਉਧਾਰ ਦੀ ਟਿਕਟ ’ਤੇ ਚੀਨ ਰਵਾਨਾ ਹੋਈ। ਸਿਰਫ ਚਾਰ ਮਹੀਨੇ ਪਹਿਲਾਂ ਅਜਲਾਨ ਸ਼ਾਹ ਕੱਪ ’ਚ ਉਪ ਜੇਤੂ ਰਹੀ ਟੀਮ ਲਈ ਸਰਕਾਰੀ ਪੱਧਰ ’ਤੇ ਜਸ਼ਨ ਮਨਾਇਆ ਜਾ ਰਿਹਾ ਸੀ।”
ਮਈ 2024 ’ਚ ਪਾਕਿਸਤਾਨ ਨੇ ਅਜਲਾਨ ਸ਼ਾਹ ਕੱਪ ’ਚ ਜਪਾਨ ਨਾਲ ਫਾਈਨਲ ’ਚ ਸਖ਼ਤ ਮੁਕਾਬਲਾ ਖੇਡਿਆ ਸੀ। ਇਸ ਤੋਂ ਬਾਅਦ ਟੀਮ ਅਤੇ ਉਨ੍ਹਾਂ ਦੀ ਖੇਡ ਨੂੰ ਬੇਹੱਦ ਸਰਾਹਿਆ ਗਿਆ।
ਪਾਕਿਸਤਾਨ ਨੇ ਆਖ਼ਰੀ ਵਾਰ ਅਜਲਾਨ ਸ਼ਾਹ ਕੱਪ 2003 ’ਚ ਜਿੱਤਿਆ ਸੀ, ਜਦੋਂ ਉਸ ਨੇ ਫਾਈਨਲ ’ਚ ਜਰਮਨੀ ਨੂੰ ਹਰਾਇਆ ਸੀ।
ਪਾਕਿਸਤਾਨ ਨੂੰ 2011 ਦੇ ਅਜਨਾਲ ਸ਼ਾਹ ਕੱਪ ਦੇ ਫਾਈਨਲ ’ਚ ਆਸਟਰੇਲੀਆ ਖ਼ਿਲਾਫ਼ 3-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸੰਨ 2022 ’ਚ ਪਾਕਿਸਤਾਨ ਨੇ ਅਜਲਾਨ ਸ਼ਾਹ ਕੱਪ ’ਚ ਤੀਜਾ ਸਥਾਨ ਹਾਸਲ ਕੀਤਾ ਸੀ।
ਹਾਕੀ ਟੀਮ ਨਾਲ ਅਜਿਹਾ ਪਹਿਲੀ ਵਾਰ ਨਹੀਂ ਹੋਇਆ

ਤਸਵੀਰ ਸਰੋਤ, Tahir Husain Bugti
ਪਾਕਿਸਤਾਨ ਹਾਕੀ ਫੈਡਰੇਸ਼ਨ ਦੇ ਮੁਖੀ ਤਾਰਿਫ ਹੁਸੈਨ ਬੁਗਟੀ ਨੇ ਬੀਬੀਸੀ ਨੂੰ ਦੱਸਿਆ, “ਸਾਡੇ ਮੈਚ ਚੀਨ ’ਚ 8 ਤੋਂ 17 ਸਤੰਬਰ ਵਿਚਾਲੇ ਹੋਣੇ ਹਨ। ਸਮੇਂ ਤੋਂ ਪਹਿਲਾਂ ਟੀਮ ਨੂੰ ਭੇਜਣ ਦਾ ਮਕਸਦ ਸੀ ਕਿ ਟੀਮ ਉੱਥੇ ਜਾ ਕੇ ਕੁਝ ਮੈਚ ਖੇਡੇ ਅਤੇ ਖੁਦ ਨੂੰ ਉਥੋਂ ਦੇ ਹਾਲਾਤ ਦੇ ਹਿਸਾਬ ਨਾਲ ਆਉਣ ਵਾਲੇ ਮੁਕਾਬਲਿਆਂ ਲਈ ਤਿਆਰ ਕਰੇ।”
“ਅਸੀਂ ਸਰਕਾਰ ਨੂੰ ਕਿਹਾ ਤਾਂ ਸਾਨੂੰ ਪ੍ਰੈਜ਼ੀਡੈਂਟ ਹਾਊਸ ਵੱਲੋਂ ਹਾਂਪੱਖੀ ਜਵਾਬ ਮਿਲਿਆ ਪਰ ਨੌਕਰਸ਼ਾਹੀ ਵੱਲੋਂ ਰੁਕਾਵਟ ਨਜ਼ਰ ਆਈ ਅਤੇ ਚੀਜ਼ਾਂ ਸਮੇਂ ਸਿਰ ਨਹੀਂ ਹੋਈਆਂ।”
ਤਾਰਿਫ ਨੇ ਕਿਹਾ,“ਅਸੀਂ ਚਿੱਠੀ ਲਿਖੀ, ਪਾਕਿਸਤਾਨ ਬੋਰਡ ਨੂੰ ਭਰੋਸੇ ’ਚ ਲਿਆ। ਫਿਰ ਅਭਿਆਸ ਮੈਚਾਂ ਲਈ ਕੈਂਪ ਲਾਇਆ।”
ਉਨ੍ਹਾਂ ਦੱਸਿਆ, “ਮੇਰੀ ਬਣਾਈ ਗਈ ਸੂਚੀ ਮੁਤਾਬਕ , ਜਦੋਂ ਖਿਡਾਰੀਆਂ ਦੇ ਜਾਣ ਦਾ ਸਮਾਂ ਆਇਆ ਤਾਂ ਇਸ ਤੋਂ ਦੋ ਦਿਨ ਪਹਿਲਾਂ ਕਿਹਾ ਗਿਆ ਕਿ ‘ਸੌਰੀ’, ਤੁਸੀਂ ਆਪਣੇ ਵੱਲੋਂ ਇੰਤਜ਼ਾਮ ਕਰ ਕੇ ਖਿਡਾਰੀਆਂ ਨੂੰ ਭੇਜ ਦਿਓ। ਫਿਰ ਅਸੀਂ ਤੁਹਾਨੂੰ 10 ਤੋਂ 15 ਦਿਨ ਤੱਕ ਪੈਸੇ ਦੇ ਦੇਵਾਂਗੇ।”
ਹਾਕੀ ਫੈਡਰੇਸ਼ਨ ਦੇ ਮੁਖੀ ਨੇ ਦਾਅਵਾ ਕੀਤਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ, ਬਲਕਿ ਪਾਕਿਸਤਾਨ ਸਪੋਰਟਸ ਬੋਰਡ ਦਾ ਇਹ ਪੁਰਾਣਾ ਰਵੱਈਆ ਹੈ।
ਉਨ੍ਹਾਂ ਕਿਹਾ, “ਇਹ ਕੌਮੀ ਖੇਡ ਹੈ। ਜੇ ਇਸ ’ਤੇ ਖ਼ਾਸ ਧਿਆਨ ਨਾ ਦਿੱਤਾ ਗਿਆ ਤਾਂ ਇਹ ਖੇਡ ਉਪਰ ਨਹੀਂ ਜਾ ਸਕੇਗੀ। ਹਾਕੀ ਫੈਡਰੇਸ਼ਨ ਦਾ ਆਪਣਾ ਗਰਾਊਂਡ ਤੱਕ ਨਹੀਂ ਹੈ। ਜਦੋਂ ਖਿਡਾਰੀਆਂ ਨੇ ਖੇਡਣਾ ਹੁੰਦਾ ਹੈ ਤਾਂ ਅਸੀਂ ਪਾਕਿਸਤਾਨ ਸਪੋਰਟਸ ਬੋਰਡ ਨੂੰ ਚਿੱਠੀ ਲਿਖਦੇ ਹਾਂ।”
“ਜਿਵੇਂ ਪ੍ਰਕਿਰਿਆ ਪੂਰੀ ਹੋਵੇਗੀ ਅਦਾਇਗੀ ਕਰ ਦੇਵਾਂਗੇ”

ਤਸਵੀਰ ਸਰੋਤ, Getty Images
ਦੂਜੇ ਪਾਸੇ ਪਾਕਿਸਤਾਨ ਸਪੋਰਟਸ ਬੋਰਡ ਦੇ ਅਧਿਕਾਰੀ ਮੁਹੰਮਦ ਸ਼ਾਹਿਦ ਨੇ ਬੀਬੀਸੀ ਨੂੰ ਦੱਸਿਆ ਕਿ ਚੈਂਪੀਅਨਜ਼ ਟਰਾਫੀ ’ਚ ਟੀਮ ਨੂੰ ਭੇਜਣ ਦੀ ਪ੍ਰਕਿਰਿਆ ਜਿਵੇਂ ਹੀ ਪੂਰੀ ਹੋਵੇਗੀ, ਉਨ੍ਹਾਂ ਨੂੰ ਅਦਾਇਗੀ ਕਰ ਦਿੱਤੀ ਜਾਵੇਗੀ।
“ਜੋ ਬਜਟ ਉਨ੍ਹਾਂ ਖਿਡਾਰੀਆਂ ਦੇ ਸਫ਼ਰ ਖ਼ਰਚ ’ਤੇ ਆਵੇਗਾ, ਉਹ ਲਗਭਗ ਢਾਈ ਕਰੋੜ ਪਾਕਿਸਤਾਨੀ ਰੁਪਏ ਹਨ। ਇਸ ਵਿੱਚ ਉਨ੍ਹਾਂ ਦੀਆਂ ਹਵਾਈ ਟਿਕਟਾਂ, ਵੀਜ਼ਾ ਫੀਸ ਅਤੇ ਰਹਿਣ ਦਾ ਖ਼ਰਚਾ ਸ਼ਾਮਲ ਹੈ।”
ਉਨ੍ਹਾਂ ਦੇ ਅਨੁਸਾਰ, ਜੂਨ ਦੇ ਮਹੀਨੇ ਹਾਕੀ ਫੈਡਰੇਸ਼ਨ ਨੂੰ 10 ਕਰੋੜ ਦੀ ਗਰਾਂਟ ਦਿੱਤੀ ਗਈ। ਇਸ ’ਚ ਫਿਲਹਾਲ ਖਿਡਾਰੀਆਂ ਦੇ ਸਫ਼ਰ ’ਤੇ ਖ਼ਰਚ ਕੀਤੇ ਜਾਣਗੇ ਅਤੇ ਜਿਵੇਂ ਹੀ ਮਨਜ਼ੂਰੀ ਮਿਲੇਗੀ, ਉਹ ਰਕਮ ਉਨ੍ਹਾਂ ਨੂੰ ਅਦਾ ਕਰ ਦਿੱਤੀ ਜਾਵੇਗੀ।
ਉਨ੍ਹਾਂ ਅਨੁਸਾਰ ਅਜਿਹਾ ਨਹੀਂ ਹੈ ਕਿ ਇਹ ਖ਼ਰਚ ਕਿਸੇ ਇੱਕ ਵਿਅਕਤੀ ’ਤੇ ਪਾਇਆ ਗਿਆ ਹੋਵੇ, ਬਲਕਿ ਫੈਡਰੇਸ਼ਨ ਦੇ ਆਪਣੇ ਸਪੌਂਨਸਰ ਅਤੇ ਆਮਦਨੀ ਦੇ ਦੂਜੇ ਸਰੋਤ ਹਨ।
ਹਾਕੀ ਫੈਡਰੇਸ਼ਨ ਦੇ ਮੁਖੀ ਦਾ ਇਹ ਵੀ ਦਾਅਵਾ ਹੈ ਕਿ ਭਾਰਤ ਸਰਕਾਰ ਆਪਣੀ ਹਾਕੀ ਟੀਮ ’ਤੇ ਤਿੰਨ ਅਰਬ ਰੁਪਏ ਖ਼ਰਚ ਕਰ ਰਹੀ ਹੈ ਅਤੇ ਉਨ੍ਹਾਂ ਦੀ ਰੈਂਕਿੰਗ ਪੰਜਵੇਂ-ਛੇਵੇਂ ਨੰਬਰ ’ਤੇ ਆ ਗਈ ਹੈ। ਜਦਕਿ ਪਾਕਿਸਤਾਨ ਹਾਕੀ ਟੀਮ ਪਿਛਲੇ ਪੰਜ ਮਹੀਨਿਆਂ ’ਚ 17 ਤੋਂ 15ਵੇਂ ਨੰਬਰ ਤੱਕ ਆਉਣ ’ਚ ਕਾਮਯਾਬ ਹੋਈ ਹੈ।
ਪਾਕਿਸਤਾਨ ’ਚ ਹਾਕੀ ਦੀ ਅਣਦੇਖੀ

ਤਸਵੀਰ ਸਰੋਤ, DAWN
ਪਾਕਿਸਤਾਨ ਹਾਕੀ ਟੀਮ ਦੇ ਸਾਬਕਾ ਖਿਡਾਰੀ ਹਸਨ ਅੱਬਾਸ ਨਾਲ ਬੀਬੀਸੀ ਨੇ ਇਸ ਮਾਮਲੇ ਬਾਰੇ ਗੱਲ ਕਰਨ ਲਈ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਉਧਾਰ ਅਤੇ ਫੰਡ ਦੇ ਮਾਮਲੇ ’ਤੇ ਗੱਲ ਕਰਨ ਤੋਂ ਮਨ੍ਹਾ ਕਰ ਦਿੱਤਾ।
ਪਰ ਜਦੋਂ ਸਵਾਲ ਕੀਤਾ ਗਿਆ ਕਿ ਟੀਮ ਦੇ ਹੌਸਲੇ ਅਤੇ ਹੁਨਰ ਦਾ ਕੀ ਹੋਵੇਗਾ ਤਾਂ ਹਸਨ ਨੇ ਕਾਮਯਾਬੀ ਨੂੰ ਮਿਹਨਤ ਨਾਲ ਜੋੜਿਆ।
ਉਨ੍ਹਾਂ ਕਿਹਾ ਕਿ ਮਿਹਨਤ ਇਸ ਯਕੀਨ ਨਾਲ ਕੀਤੀ ਜਾਵੇ ਕਿ ਉਸ ਦਾ ਫਲ ਮਿਲੇਗਾ ਅਤੇ ਇਮਾਨਦਾਰੀ ਨਾਲ ਮਿਹਨਤ ਕੀਤੀ ਜਾਵੇ ਤਾਂ ਉਸ ਨਾਲ ਕਾਬਲੀਅਤ ਆਉਂਦੀ ਹੈ ਅਤੇ ਕਾਮਯਾਬੀ ਖੁਦ ਮਿਲ ਜਾਂਦੀ ਹੈ।
ਆਖ਼ਰ ਕੌਮੀ ਖੇਡ ਹੋਣ ਦੇ ਬਾਵਜੂਦ ਕ੍ਰਿਕਟ ਦੇ ਮੁਕਾਬਲੇ ਨੌਜਵਾਨ ਹਾਕੀ ਵੱਲ ਰੁਖ਼ ਕਿਉਂ ਨਹੀਂ ਕਰਦੇ?
ਇਸ ਸਵਾਲ ਦੇ ਜਵਾਬ ’ਚ ਹਸਨ ਅੱਬਾਸ ਨੇ ਕਿਹਾ ਕਿ ਜੇ ਹਾਕੀ ਦਾ ਵੀ ਉਸੇ ਤਰ੍ਹਾਂ ਸਮਰਥਨ ਕੀਤਾ ਜਾਵੇ, ਜਿਵੇਂ ਦੂਜੀਆਂ ਖੇਡਾਂ ਦਾ ਕੀਤਾ ਜਾਂਦਾ ਹੈ, ਤਾਂ ਹੀ ਨੌਜਵਾਨ ਇਸ ਖੇਡ ਨਾਲ ਜੁੜਨਗੇ।
ਏਸ਼ੀਆਈ ਚੈਂਪੀਅਨਜ਼ ਟਰਾਫੀ 2024 ’ਚ ਪਾਕਿਸਤਾਨੀ ਟੀਮ ਬਾਰੇ ਪੁੱਛੇ ਗਏ ਸਵਾਲ ’ਤੇ ਉਨ੍ਹਾਂ ਨੇ ਕਿਹਾ,“ਮਿਹਨਤ ਕਰਨ, ਦੇਸ਼ ਲਈ ਕੰਮ ਕਰਨ ਦਾ ਮੌਕਾ ਕਿਤੇ ਵੀ ਮਿਲੇ, ਉਥੋਂ ਸਿੱਖਣ।”
ਧਿਆਨ ਰਹੇ ਕਿ ਸੰਨ 1960 ’ਚ ਹੋਈ ਰੋਮ ਓਲੰਪਿਕ ’ਚ ਪਾਕਿਸਤਾਨ ਨੇ ਹਾਕੀ ’ਚ ਪਹਿਲਾ ਗੋਲਡ ਮੈਡਲ ਜਿੱਤਿਆ ਸੀ, ਜਿਸ ਨੇ ਹਾਕੀ ਨੂੰ ਪਾਕਿਸਤਾਨ ਦਾ ਕੌਮੀ ਖੇਡ ਬਣਾ ਦਿੱਤਾ ਸੀ।
ਓਲੰਪਿਕ ਗੋਲਡ ਮੈਡਲ ਜਿੱਤ ਕੇ ਪਾਕਿਸਤਾਨ ਟੀਮ ਜਦੋਂ ਦੇਸ਼ ਪਰਤੀ ਤਾਂ ਰਾਸ਼ਟਰਪਤੀ ਜਨਰਲ ਅਯੂਬ ਖ਼ਾਨ ਨੇ ਕਰਾਚੀ ’ਚ ਚੈਂਪੀਅਨ ਟੀਮ ਨੂੰ ਦਾਵਤ ’ਤੇ ਬੁਲਾਇਆ ਸੀ।
ਇਸ ਮੁਲਾਕਾਤ ’ਚ ਉਨ੍ਹਾਂ ਨੇ ਹਾਕੀ ਨੂੰ ਕੌਮੀ ਖੇਡ ਦਾ ਦਰਜਾ ਦੇਣ ਦਾ ਰਸਮੀ ਐਲਾਨ ਕੀਤਾ ਸੀ।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












