'ਰੋਜ਼ ਇੱਕ ਸੇਬ ਖਾਓ ਅਤੇ ਡਾਕਟਰ ਨੂੰ ਦੂਰ ਰੱਖੋ' ਇਹ ਕਹਾਵਤ ਕਿੰਨੀ ਸੱਚ ਹੈ? ਸੇਬ ਵਿੱਚ ਅਜਿਹਾ ਕੀ ਹੈ ਜੋ ਦੂਜੇ ਫਲਾਂ ਵਿੱਚ ਨਹੀਂ?

ਤਸਵੀਰ ਸਰੋਤ, Getty Images
- ਲੇਖਕ, ਜੈਸਿਕਾ ਬ੍ਰੈਡਲੀ
- ਰੋਲ, ਬੀਬੀਸੀ ਪੱਤਰਕਾਰ
'ਰੋਜ਼ ਇੱਕ ਸੇਬ ਖਾਓ ਅਤੇ ਡਾਕਟਰ ਨੂੰ ਦੂਰ ਰੱਖੋ।' ਸੇਬ ਬਾਰੇ ਇਹ ਕਹਾਵਤ ਕਾਫ਼ੀ ਮਸ਼ਹੂਰ ਹੈ।
ਸੇਬ ਪੂਰੀ ਦੁਨੀਆ ਵਿੱਚ ਖਾਦੇ ਜਾਂਦੇ ਹਨ। ਸੇਬ ਕਈ ਰੰਗਾਂ ਅਤੇ ਸੁਆਦਾਂ ਵਿੱਚ ਮੌਜੂਦ ਹਨ ਅਤੇ ਕਿਹਾ ਜਾਂਦਾ ਹੈ ਕਿ ਇਹ ਸਾਨੂੰ ਸਿਹਤਮੰਦ ਰਹਿਣ ਵਿੱਚ ਮਦਦ ਕਰ ਸਕਦੇ ਹਨ।
ਹਰ ਸਾਲ ਦੁਨੀਆ ਵਿੱਚ 10 ਕਰੋੜ ਟਨ ਸੇਬ ਪੈਦਾ ਹੁੰਦੇ ਹਨ।
'ਰੋਜ਼ਾਨਾ ਇੱਕ ਸੇਬ ਡਾਕਟਰ ਨੂੰ ਦੂਰ ਰੱਖਦਾ ਹੈ' ਇਹ ਕਹਾਵਤ 1866 ਵਿੱਚ ਵੇਲਜ਼ ਦੀ ਲਿਖੀ ਇੱਕ ਗੱਲ ਤੋਂ ਆਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਸੌਣ ਤੋਂ ਪਹਿਲਾਂ ਇੱਕ ਸੇਬ ਖਾਣ ਨਾਲ ਤੁਸੀਂ ਕਿਸੇ ਡਾਕਟਰ ਨੂੰ ਦੂੂਰ ਰੱਖ ਸਕਦੇ ਹੋ।
ਪਰ ਕੀ ਇਸ ਪ੍ਰਸਿੱਧ ਕਹਾਵਤ ਵਿੱਚ ਕੋਈ ਸੱਚਾਈ ਹੈ?
ਕੀ ਸੇਬ ਸਿਹਤ ਲਈ ਦੂਜੇ ਫ਼ਲਾਂ ਨਾਲੋਂ ਚੰਗੇ ਹਨ?
ਸਭ ਤੋਂ ਪਹਿਲਾਂ, ਆਓ ਜਾਣਦੇ ਹਾਂ ਕਿ ਸੇਬ ਵਿੱਚ ਕਿਹੜੇ-ਕਿਹੜੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ।
ਸੇਬ ਫਾਈਟੋਕੈਮੀਕਲਸ ਦਾ ਇੱਕ ਚੰਗਾ ਸਰੋਤ ਹਨ, ਜਿਸ ਵਿੱਚ ਫਲੇਵਾਨਲ ਵੀ ਸ਼ਾਮਲ ਹਨ।
ਇਸਦੇ ਬਹੁਤ ਸਾਰੇ ਫਾਇਦੇ ਹਨ। ਇਹ ਦਿਲ ਨੂੰ ਸਿਹਤਮੰਦ ਰੱਖਣ ਅਤੇ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ।
ਜ਼ਾਹਰ ਹੈ ਕਿ ਇਹ ਤੱਤ ਦਿਲ ਦੀ ਬਿਮਾਰੀ ਦੇ ਜੋਖਮ ਨੂੰ ਘਟਾਉਂਦਾ ਹੈ।
ਸੇਬ ਨੂੰ ਸਿਹਤ ਲਈ ਇੰਨਾ ਚੰਗਾ ਕਿਉਂ ਮੰਨਿਆ ਜਾਂਦਾ ਹੈ?
ਸੇਬਾਂ ਵਿੱਚ ਕਈ ਕਿਸਮਾਂ ਦੇ ਪੌਲੀਫੇਨਲਜ਼ ਹੁੰਦੇ ਹਨ, ਜਿਸ ਵਿੱਚ ਐਂਥੋਸਾਇਨਿਨ ਵੀ ਸ਼ਾਮਲ ਹਨ।
ਇਹ ਸੇਬ ਦੇ ਛਿਲਕੇ ਨੂੰ ਲਾਲ ਰੰਗ ਦਿੰਦਾ ਹੈ ਅਤੇ ਇਹ ਦਿਲ ਨੂੰ ਸਿਹਤਮੰਦ ਰੱਖਣ ਵਿੱਚ ਵੀ ਮਦਦ ਕਰਦਾ ਹੈ।
ਫਲੋਰੀਡੀਜ਼ਿਨ ਸੇਬਾਂ ਵਿੱਚ ਪਾਇਆ ਜਾਣ ਵਾਲਾ ਇੱਕ ਹੋਰ ਪੌਲੀਫੇਨਲ ਹੈ।
ਇਹ ਖੂਨ ਵਿੱਚ ਗਲੂਕੋਜ਼ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ ਮੰਨਿਆਂ ਜਾਂਦਾ ਹੈ।
ਸੇਬ ਫਾਈਬਰ ਦਾ ਇੱਕ ਭਰਪੂਰ ਸਰੋਤ ਹਨ, ਜੋ ਜ਼ਿਆਦਾਤਰ ਪੈਕਟਿਨ ਵਿੱਚ ਪਾਇਆ ਜਾਂਦਾ ਹੈ, ਜੋ ਘੱਟ-ਘਣਤਾ ਵਾਲੇ ਲਿਪੋਪ੍ਰੋਟੀਨ (ਐੱਲਡੀਐੱਲ - ਜਿਸਨੂੰ ਮਾੜਾ ਕੋਲੈਸਟ੍ਰੋਲ ਵੀ ਕਿਹਾ ਜਾਂਦਾ ਹੈ) ਦੇ ਖੂਨ ਵਿੱਚ ਪੱਧਰ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।
ਪੈਕਟਿਨ ਸਾਡੇ ਭੋਜਨ ਵਿੱਚੋਂ ਖਪਤ ਕੀਤੀ ਜਾਣ ਵਾਲੀ ਸ਼ੂਗਰ ਅਤੇ ਚਰਬੀ ਦੀ ਮਾਤਰਾ ਨੂੰ ਘਟਾਉਂਦਾ ਹੈ। ਇਸ ਤਰ੍ਹਾਂ ਇਹ ਸਾਡੇ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਸਥਿਰ ਰੱਖਦਾ ਹੈ।
ਸੇਬ ਵਿੱਚ ਮੌਜੂਦ ਇਹ ਪੌਸ਼ਟਿਕ ਤੱਤ ਸਰੀਰ ਨੂੰ ਸਿਹਤਮੰਦ ਰੱਖਣ ਵਿੱਚ ਕਾਰਗਰ ਜਾਪਦੇ ਹਨ।
2017 ਵਿੱਚ ਕੀਤੇ ਗਏ ਪੰਜ ਅਧਿਐਨਾਂ ਦੀ ਸਮੀਖਿਆ ਵਿੱਚ ਸਾਹਮਣੇ ਆਇਆ ਕਿ ਨਿਯਮਿਤ ਤੌਰ 'ਤੇ ਸੇਬ ਖਾਣ ਨਾਲ ਟਾਈਪ 2 ਸ਼ੂਗਰ ਹੋਣ ਦਾ ਖ਼ਤਰਾ 18 ਫ਼ੀਸਦ ਘੱਟ ਸਕਦਾ ਹੈ।
2022 ਵਿੱਚ 18 ਅਧਿਐਨਾਂ ਦੀ ਇੱਕ ਹੋਰ ਸਮੀਖਿਆ ਵਿੱਚ ਪਾਇਆ ਗਿਆ ਕਿ ਜ਼ਿਆਦਾ ਸੇਬ ਖਾਣ ਜਾਂ ਸੇਬ ਦਾ ਜੂਸ ਪੀਣ ਨਾਲ ਕੋਲੈਸਟ੍ਰੋਲ ਘੱਟ ਹੋ ਸਕਦਾ ਹੈ।
ਪਰ ਇਹ ਸਿਰਫ਼ ਉਦੋਂ ਹੀ ਪ੍ਰਭਾਵਸ਼ਾਲੀ ਹੁੰਦਾ ਹੈ ਜਦੋਂ ਤੁਸੀਂ ਇਸ ਆਦਤ ਨੂੰ ਇੱਕ ਹਫ਼ਤੇ ਤੋਂ ਵੱਧ ਸਮੇਂ ਲਈ ਬਣਾਈ ਰੱਖਦੇ ਹੋ।
ਆਮ ਤੌਰ 'ਤੇ, ਪੌਸ਼ਟਿਕ ਭੋਜਨ ਕੈਂਸਰ ਦੇ ਜੋਖਮ ਨੂੰ 40 ਫ਼ੀਸਦ ਤੱਕ ਘਟਾਉਂਦਾ ਹੈ।
ਪੌਸ਼ਟਿਕ ਭੋਜਨ ਵਿੱਚ ਮੌਜੂਦ ਬਾਇਓਐਕਟਿਵ ਮਿਸ਼ਰਣ ਅਤੇ ਫੋਟੋਕੈਮੀਕਲ ਇਸ ਜੋਖ਼ਮ ਨੂੰ ਘਟਾਉਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ।

ਤਸਵੀਰ ਸਰੋਤ, Getty Images
ਪਰ ਵੱਡਾ ਸਵਾਲ ਇਹ ਹੈ ਕਿ ਕੀ ਸੇਬ ਪੌਦਿਆਂ ਤੋਂ ਆਉਣ ਵਾਲੇ ਹੋਰ ਭੋਜਨਾਂ ਨਾਲੋਂ ਬਿਹਤਰ ਹਨ?
ਅਮਰੀਕਾ ਦੀ ਮਿਡਲ ਟੈਨੇਸੀ ਯੂਨੀਵਰਸਿਟੀ ਵਿੱਚ ਪੋਸ਼ਣ ਅਤੇ ਭੋਜਨ ਵਿਗਿਆਨ ਦੀ ਪ੍ਰੋਫੈਸਰ ਜੈਨੇਟ ਕੋਲਸਨ ਕਹਿੰਦੇ ਹਨ, "ਸੇਬ ਵਿੱਚ ਬਹੁਤ ਜ਼ਿਆਦਾ ਵਿਟਾਮਿਨ ਸੀ ਨਹੀਂ ਹੁੰਦਾ। ਉਨ੍ਹਾਂ ਵਿੱਚ ਬਹੁਤ ਜ਼ਿਆਦਾ ਆਇਰਨ ਅਤੇ ਕੈਲਸ਼ੀਅਮ ਵੀ ਨਹੀਂ ਹੁੰਦਾ। ਪਰ ਉਨ੍ਹਾਂ ਵਿੱਚ ਬਹੁਤ ਸਾਰੇ ਹੋਰ ਤੱਤ ਹੁੰਦੇ ਹਨ ਜੋ ਚੰਗੀ ਸਿਹਤ ਬਣਾਈ ਰੱਖਣ ਵਿੱਚ ਪ੍ਰਭਾਵਸ਼ਾਲੀ ਸਾਬਤ ਹੁੰਦੇ ਹਨ।"
ਇਟਲੀ ਦੀ ਵੇਰੋਨਾ ਯੂਨੀਵਰਸਿਟੀ ਦੇ ਪਲਾਂਟ ਬਾਇਓਲੋਜੀ ਵਿਭਾਗ ਵਿੱਚ ਐਸੋਸੀਏਟ ਪ੍ਰੋਫ਼ੈਸਰ ਫਲਾਵੀਆ ਗੋਜ਼ੋ ਦਾ ਕਹਿਣਾ ਹੈ ਕਿ ਸੇਬਾਂ ਵਿੱਚ ਬਹੁਤ ਸਾਰੇ ਮਿਸ਼ਰਣ ਹੁੰਦੇ ਹਨ ਜੋ ਬਹੁਤ ਸਾਰੇ ਫਲਾਂ ਅਤੇ ਸਬਜ਼ੀਆਂ ਵਿੱਚ ਵੀ ਪਾਏ ਜਾਂਦੇ ਹਨ। ਇਨ੍ਹਾਂ ਵਿੱਚ ਲਾਭਦਾਇਕ ਪੌਲੀਫੇਨਲ ਸ਼ਾਮਲ ਹਨ।
ਪੌਲੀਫੇਨਲ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਅਣੂ ਹਨ।
ਇਹ ਸਾਡੇ ਸਰੀਰ ਵਿੱਚ ਐਂਟੀਆਕਸੀਡੈਂਟਸ ਅਤੇ ਫ੍ਰੀ ਰੈਡੀਕਲਸ ਦੇ ਅਨੁਪਾਤ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਦੇ ਹਨ।
ਫ੍ਰੀ ਰੈਡੀਕਲ ਆਕਸੀਜਨ ਦੇ ਅਣੂ ਹੁੰਦੇ ਹਨ ਜੋ ਤੇਜ਼ੀ ਨਾਲ ਪ੍ਰਤੀਕਿਰਿਆ ਕਰਦੇ ਹਨ ਅਤੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਫ੍ਰੀ ਰੈਡੀਕਲਸ ਨੂੰ ਕਾਬੂ ਵਿੱਚ ਰੱਖ ਕੇ ਅਸੀਂ ਲੰਬੇ ਸਮੇਂ ਵਿੱਚ ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਰੋਕਥਾਮ ਕਰ ਸਕਦੇ ਹਾਂ।

ਤਸਵੀਰ ਸਰੋਤ, Getty Images
ਸੇਬ ਕੈਂਸਰ, ਦਮਾ, ਸ਼ੂਗਰ ਅਤੇ ਮੋਟਾਪੇ ਵਰਗੀਆਂ ਸਮੱਸਿਆਵਾਂ ਨੂੰ ਘਟਾ ਸਕਦੇ ਹਨ
ਕੁਝ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਸੇਬ ਵਿੱਚ ਦੂਜੇ ਫਲਾਂ ਨਾਲੋਂ ਜ਼ਿਆਦਾ ਐਂਟੀਆਕਸੀਡੈਂਟ ਹੁੰਦੇ ਹਨ। ਐਂਟੀਆਕਸੀਡੈਂਟਸ ਦੇ ਮਾਮਲੇ ਵਿੱਚ ਇਹ ਫ਼ਲਾਂ ਵਿੱਚ ਦੂਜੇ ਨੰਬਰ ਉੱਤੇ ਆਉਂਦਾ ਹੈ।
ਸੇਬ ਫੀਨੋਲਿਕ ਮਿਸ਼ਰਣਾਂ ਦਾ ਇੱਕ ਚੰਗਾ ਸਰੋਤ ਵੀ ਹਨ, ਜੋ ਕਿ ਫਾਈਟੋਕੈਮੀਕਲ ਦਾ ਇੱਕ ਹੋਰ ਰੂਪ ਹੈ। ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਅਮਰੀਕੀ ਆਪਣੀਆਂ ਕੁੱਲ ਫੀਨੋਲਿਕ ਜ਼ਰੂਰਤਾਂ ਦਾ 20 ਫ਼ੀਸਦ ਸੇਬਾਂ ਤੋਂ ਪੂਰਾ ਕਰਦੇ ਹਨ।
ਖੋਜ ਦੇ ਅਨੁਸਾਰ, ਸੇਬਾਂ ਵਿੱਚ ਮੌਜੂਦ ਫੀਨੋਲਿਕ ਮਿਸ਼ਰਣ ਦਿਲ ਦੀ ਬਿਮਾਰੀ, ਕੈਂਸਰ, ਦਮਾ, ਸ਼ੂਗਰ ਅਤੇ ਮੋਟਾਪਾ ਵਰਗੀਆਂ ਸਮੱਸਿਆਵਾਂ ਨੂੰ ਘਟਾ ਸਕਦੇ ਹਨ।
ਅਜਿਹਾ ਨਹੀਂ ਹੈ ਕਿ ਵਿਗਿਆਨੀ ਦੂਜੇ ਫਲਾਂ ਨਾਲੋਂ ਸੇਬ ਖਾਣ ਦੀ ਸਿਫਾਰਸ਼ ਕਰਦੇ ਹਨ ਕਿਉਂਕਿ ਉਨ੍ਹਾਂ ਵਿੱਚ ਸ਼ਕਤੀਸ਼ਾਲੀ ਪੌਲੀਫੇਨਲ ਅਤੇ ਐਂਟੀਆਕਸੀਡੈਂਟ ਹੁੰਦੇ ਹਨ।
ਇਸਨੂੰ ਖਾਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਕਿਉਂਕਿ ਇਹ ਆਸਾਨੀ ਨਾਲ ਉੱਪਲਬਧ ਹੈ ਅਤੇ ਜ਼ਿਆਦਾਤਰ ਲੋਕਾਂ ਦੀ ਪਹੁੰਚ ਵਿੱਚ ਹੈ।
ਇਹ ਸਪੱਸ਼ਟ ਹੈ ਕਿ ਸੇਬਾਂ ਵਿੱਚ ਸਾਡੀ ਸਿਹਤ ਨੂੰ ਬਿਹਤਰ ਬਣਾਉਣ ਦੀ ਸਮਰੱਥਾ ਹੈ। ਪਰ ਇਹ ਕਹਿਣਾ ਕਿ ਰੋਜ਼ਾਨਾ ਇੱਕ ਸੇਬ ਖਾਣ ਨਾਲ ਡਾਕਟਰ ਦੂਰ ਰਹਿ ਸਕਦਾ ਹੈ, ਇੱਕ ਬਹੁਤ ਵੱਡਾ ਦਾਅਵਾ ਹੈ।
ਸ਼ੁਕਰ ਹੈ ਕਿ 2015 ਦਾ ਇੱਕ ਅਧਿਐਨ ਇਸ ਸਵਾਲ ਦਾ ਜਵਾਬ ਦਿੰਦਾ ਹੈ।
ਖੋਜਕਰਤਾਵਾਂ ਨੇ 9,000 ਲੋਕਾਂ 'ਤੇ ਇੱਕ ਅਧਿਐਨ ਕੀਤਾ। ਇਸ ਵਿੱਚ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ 24 ਘੰਟਿਆਂ ਵਿੱਚ ਕੀ ਖਾਧਾ ਹੈ?
ਇਸ ਅਧਿਐਨ ਵਿੱਚ, ਉਨ੍ਹਾਂ ਨੇ ਪਾਇਆ ਕਿ ਸੇਬ ਖਾਣ ਵਾਲੇ ਲੋਕ ਉਨ੍ਹਾਂ ਲੋਕਾਂ ਨਾਲੋਂ ਘੱਟ ਡਾਕਟਰਾਂ ਕੋਲ ਜਾਂਦੇ ਹਨ ਜੋ ਸੇਬ ਨਹੀਂ ਖਾਂਦੇ। ਪਰ ਨਤੀਜਾ ਅੰਕੜਿਆਂ ਦੇ ਹਿਸਾਬ ਨਾਲ ਠੀਕ ਨਹੀਂ ਕਿਹਾ ਜਾ ਸਕਦਾ।
ਉਹ ਵੀ ਉਦੋਂ ਜਦੋਂ ਅਸੀਂ ਕਹੀਏ ਕਿ ਹੋ ਸਕਦਾ ਹੈ ਸੇਬ ਖਾਣ ਵਾਲੇ ਲੋਕ ਜ਼ਿਆਦਾ ਪੜ੍ਹੇ-ਲਿਖੇ ਹੋਣ ਅਤੇ ਆਮ ਤੌਰ 'ਤੇ ਸਿਗਰਟ ਨਾ ਪੀਂਦੇ ਹੋਣ।

ਤਸਵੀਰ ਸਰੋਤ, Getty Images
'ਰੋਜ਼ਾਨਾ ਇੱਕ ਸੇਬ ਖਾਓ, ਡਾਕਟਰ ਤੋਂ ਦੂਰ ਰਹੋ'
ਅਮਰੀਕਾ ਦੇ ਨਿਊ ਹੈਂਪਸ਼ਾਇਰ ਵਿੱਚ ਡਾਰਟਮਾਊਥ ਗੀਜ਼ਲ ਸਕੂਲ ਆਫ਼ ਮੈਡੀਸਨ ਵਿੱਚ ਮਹਾਂਮਾਰੀ ਵਿਗਿਆਨ ਦੇ ਸਹਾਇਕ ਐਸੋਸੀਏਟ ਪ੍ਰੋਫੈਸਰ ਮੈਥਿਊ ਡੇਵਿਸ ਦਾ ਕਹਿਣਾ ਹੈ ਕਿ ਹਰ ਰੋਜ਼ ਇੱਕ ਸੇਬ ਖਾਣ ਅਤੇ ਡਾਕਟਰ ਕੋਲ ਜਾਣ ਦੀ ਸੰਭਾਵਨਾ ਵਿਚਕਾਰ ਕੋਈ ਮਹੱਤਵਪੂਰਨ ਸਬੰਧ ਨਹੀਂ ਹੈ।
ਉਹ ਕਹਿੰਦੇ ਹਨ, "ਸਾਡੇ ਵਿਸ਼ਲੇਸ਼ਣ ਦੇ ਆਧਾਰ 'ਤੇ, ਇਹ ਸਿੱਟਾ ਨਿਕਲਿਆ ਹੈ ਕਿ ਜੋ ਲੋਕ ਸੇਬ ਖਾਂਦੇ ਹਨ, ਉਹ ਆਮ ਤੌਰ 'ਤੇ ਸਿਹਤਮੰਦ ਹੁੰਦੇ ਹਨ।"
ਪਰ ਖੋਜਕਰਤਾਵਾਂ ਨੇ ਇਹ ਵੀ ਪਾਇਆ ਕਿ ਜੋ ਲੋਕ ਹਰ ਰੋਜ਼ ਸੇਬ ਖਾਂਦੇ ਸਨ, ਉਨ੍ਹਾਂ ਵਿੱਚ ਨਸ਼ਿਆਂ ਦੇ ਆਦੀ ਹੋਣ ਦੀ ਸੰਭਾਵਨਾ ਘੱਟ ਹੁੰਦੀ ਸੀ।
ਇਹ ਖੋਜ ਉਦੋਂ ਵੀ ਅਹਿਮ ਰਹੀ ਜਦੋਂ ਵਿਸ਼ਲੇਸ਼ਣ ਭਾਗੀਦਾਰਾਂ ਦੀ ਸਮਾਜਿਕ-ਆਰਥਿਕ ਸਥਿਤੀ ਵਿੱਚ ਪਾੜੇ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਸੀ।
ਇਸ ਲਈ, ਅਧਿਐਨ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਕਹਾਵਤ ਨੂੰ ਥੋੜ੍ਹਾ ਬਦਲ ਕੇ "ਰੋਜ਼ਾਨਾ ਇੱਕ ਸੇਬ ਖਾਓ, ਫਾਰਮਾਸਿਸਟ ਨੂੰ ਦੂਰ ਰੱਖੋ" ਵਿੱਚ ਬਦਲਿਆ ਜਾ ਸਕਦਾ ਹੈ।
ਹਾਲਾਂਕਿ, ਡੇਵਿਸ ਨੂੰ 'ਐਪਲ ਏ ਡੇ...' ਕਹਾਵਤ 'ਤੇ ਕੁਝ ਇਤਰਾਜ਼ ਹਨ।
ਉਹ ਕਹਿੰਦੇ ਹਨ ਕਿ ਇਹ ਸੰਭਵ ਹੈ ਕਿ ਉਸਨੂੰ ਅਤੇ ਉਸਦੇ ਸਾਥੀਆਂ ਨੂੰ ਹਰ ਰੋਜ਼ ਇੱਕ ਸੇਬ ਖਾਣ ਅਤੇ ਡਾਕਟਰ ਕੋਲ ਜਾਣ ਵਿਚਕਾਰ ਕੋਈ ਠੋਸ ਸਬੰਧ ਨਾ ਮਿਲਿਆ ਹੋਵੇ ਕਿਉਂਕਿ ਇਸਦੇ ਪਿੱਛੇ ਕੁਝ ਹੋਰ ਕਾਰਨ ਹੋ ਸਕਦੇ ਹਨ।
ਉਹ ਕਹਿੰਦੇ ਹਨ, "ਇਹ ਕਹਾਵਤ ਮੰਨਦੀ ਹੈ ਕਿ ਲੋਕ ਡਾਕਟਰ ਕੋਲ ਸਿਰਫ਼ ਉਦੋਂ ਹੀ ਜਾਂਦੇ ਹਨ ਜਦੋਂ ਉਹ ਬਿਮਾਰ ਹੁੰਦੇ ਹਨ। ਪਰ ਲੋਕ ਸਾਲਾਨਾ ਸਿਹਤ ਜਾਂਚ ਲਈ ਅਤੇ ਬਿਮਾਰੀ ਦੀ ਰੋਕਥਾਮ ਬਾਰੇ ਜ਼ਰੂਰੀ ਸਲਾਹ ਲੈਣ ਲਈ ਵੀ ਡਾਕਟਰ ਕੋਲ ਜਾਂਦੇ ਹਨ।"
ਪਰ ਅੰਤ ਵਿੱਚ ਉਹ ਕਹਿੰਦੇ ਹਨ ਕਿ ਇਹ ਧਾਰਨਾ ਜੋ ਕਹਿੰਦੀ ਹੈ ਕਿ ਸਿਰਫ਼ ਸੇਬ ਖਾਣ ਨਾਲ ਤੁਹਾਡੀ ਡਾਕਟਰ ਕੋਲ ਜਾਣ ਦੀ ਜ਼ਰੂਰਤ ਤੋਂ ਬਚਾਇਆ ਜਾ ਸਕਦਾ ਹੈ, ਗ਼ਲਤ ਹੈ। ਦਰਅਸਲ, ਤੁਹਾਡੀ ਪੂਰੀ ਖੁਰਾਕ ਪੌਸ਼ਟਿਕ ਅਤੇ ਸਿਹਤਮੰਦ ਹੋਣੀ ਚਾਹੀਦੀ ਹੈ।
ਕੋਲਸਨ ਇਸ ਗੱਲ ਨਾਲ ਸਹਿਮਤ ਹਨ ਕਿ "ਰੋਜ਼ਾਨਾ ਇੱਕ ਸੇਬ" ਕਹਾਵਤ ਦਾ ਅਰਥ ਹੈ ਕਿ ਲੋਕਾਂ ਨੂੰ ਨਿਯਮਿਤ ਤੌਰ 'ਤੇ ਪੌਦੇ-ਅਧਾਰਿਤ ਭੋਜਨ ਖਾਣਾ ਚਾਹੀਦਾ ਹੈ।
ਸੇਬ ਇੱਕ ਚੰਗੀ ਉਦਾਹਰਣ ਹਨ ਕਿਉਂਕਿ ਇਹ ਆਸਾਨੀ ਨਾਲ ਉਪੱਲਬਧ ਹਨ, ਕਿਫ਼ਾਇਤੀ ਹਨ ਅਤੇ ਲੰਬੇ ਸਮੇਂ ਲਈ ਸਟੋਰ ਕੀਤੇ ਜਾ ਸਕਦੇ ਹਨ।
ਕੋਲਸਨ ਕਹਿੰਦੇ ਹੈ, "ਫਰਿੱਜ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ, ਲੋਕ ਸੇਬਾਂ ਨੂੰ ਤਹਿਖ਼ਾਨਿਆਂ ਵਿੱਚ ਰੱਖਦੇ ਸਨ ਅਤੇ ਉਹ ਲੰਬੇ ਸਮੇਂ ਤੱਕ ਤਾਜ਼ੇ ਰਹਿੰਦੇ ਸਨ। ਉਨ੍ਹਾਂ ਵਿੱਚ ਉੱਲੀ ਵੀ ਨਹੀਂ ਪੈਂਦੀ ਸੀ।"

ਤਸਵੀਰ ਸਰੋਤ, Getty Images
ਇੱਕ ਦਿਨ ਵਿੱਚ ਕਿੰਨੇ ਸੇਬ ਖਾਣੇ ਚਾਹੀਦੇ ਹਨ?
ਹੋਰ ਖੋਜਾਂ ਤੋਂ ਪਤਾ ਲੱਗਾ ਹੈ ਕਿ ਹਰ ਰੋਜ਼ ਇੱਕ ਸੇਬ ਖਾਣ ਨਾਲ ਸਿਹਤ ਨੂੰ ਫ਼ਾਇਦਾ ਹੁੰਦਾ ਹੈ। ਪਰ ਇਹ ਸਿਰਫ਼ ਉਦੋਂ ਹੁੰਦਾ ਹੈ ਜਦੋਂ ਲੋਕ ਇੱਕ ਦਿਨ ਵਿੱਚ ਇੱਕ ਤੋਂ ਵੱਧ ਸੇਬ ਖਾਂਦੇ ਹਨ।
ਇੱਕ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਦਿਨ ਵਿੱਚ ਤਿੰਨ ਸੇਬ ਖਾਣ ਨਾਲ ਲੋਕਾਂ ਦਾ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ।
2020 ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ, ਖੋਜਕਰਤਾਵਾਂ ਨੇ 40 ਭਾਗੀਦਾਰਾਂ (ਜਿਨ੍ਹਾਂ ਸਾਰਿਆਂ ਵਿੱਚ ਕੋਲੈਸਟ੍ਰੋਲ ਦਾ ਪੱਧਰ ਥੋੜ੍ਹਾ ਉੱਚਾ ਸੀ) ਨੂੰ ਦੋ ਸਮੂਹਾਂ ਵਿੱਚ ਵੰਡਿਆ।
ਇੱਕ ਸਮੂਹ ਨੂੰ ਰੋਜ਼ਾਨਾ ਦੋ ਸੇਬ ਖਾਣ ਲਈ ਕਿਹਾ ਗਿਆ, ਜਦੋਂ ਕਿ ਦੂਜੇ ਸਮੂਹ ਨੂੰ ਓਨੀਆਂ ਹੀ ਕੈਲੋਰੀਜ਼ ਵਾਲਾ ਸੇਬ ਤੋਂ ਬਣਿਆਂ ਪੀਣ ਵਾਲਾ ਪਦਾਰਥ ਦਿੱਤਾ ਗਿਆ।
ਇਹ ਪ੍ਰਯੋਗ ਅੱਠ ਹਫ਼ਤਿਆਂ ਤੱਕ ਚੱਲਿਆ ਅਤੇ ਭਾਗੀਦਾਰਾਂ ਨੇ ਸੇਬ ਜਾਂ ਉਨ੍ਹਾਂ ਤੋਂ ਬਣੇ ਪੀਣ ਵਾਲੇ ਪਦਾਰਥਾਂ ਤੋਂ ਇਲਾਵਾ ਆਪਣੀ ਖੁਰਾਕ ਵਿੱਚ ਕੋਈ ਬਦਲਾਅ ਨਹੀਂ ਕੀਤਾ।
ਖੋਜਕਰਤਾਵਾਂ ਨੇ ਪਾਇਆ ਕਿ ਅਧਿਐਨ ਦੇ ਅੰਤ ਵਿੱਚ ਸੇਬ ਖਾਣ ਵਾਲੇ ਭਾਗੀਦਾਰਾਂ ਵਿੱਚ ਕੋਲੈਸਟ੍ਰੋਲ ਦਾ ਪੱਧਰ ਕਾਫ਼ੀ ਘੱਟ ਗਿਆ।
ਹਾਲਾਂਕਿ, ਇਸ ਅਧਿਐਨ ਦੀ ਇੱਕ ਕਮਜ਼ੋਰੀ ਇਹ ਸੀ ਕਿ ਇਸ ਵਿੱਚ ਮਹਿਜ਼ 40 ਭਾਗੀਦਾਰ ਸਨ, ਜੋ ਕਿ ਕਿਸੇ ਵੀ ਵੱਡੇ ਸਿੱਟੇ 'ਤੇ ਪਹੁੰਚਣ ਲਈ ਲੋੜੀਂਦੇ ਨਮੂਨੇ ਦੀ ਗਿਣਤੀ ਤੋਂ ਘੱਟ ਸੀ।
ਇੱਕ ਹੋਰ ਅਧਿਐਨ ਵਿੱਚ ਪਾਇਆ ਗਿਆ ਕਿ ਦਿਨ ਵਿੱਚ ਤਿੰਨ ਸੇਬ ਖਾਣ ਨਾਲ ਲੋਕਾਂ ਦਾ ਭਾਰ ਘਟਾਉਣ ਅਤੇ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਸੁਧਾਰਨ ਵਿੱਚ ਮਦਦ ਮਿਲਦੀ ਹੈ। ਇਹ ਅਧਿਐਨ 40 ਤੋਂ ਵੱਧ ਔਰਤਾਂ 'ਤੇ ਕੀਤਾ ਗਿਆ ਸੀ।
ਜਿੱਥੋਂ ਤੱਕ ਸੇਬ ਖਾਣ ਦੇ ਸਭ ਤੋਂ ਵਧੀਆ ਤਰੀਕੇ ਦਾ ਸਵਾਲ ਹੈ, ਖੋਜਕਰਤਾਵਾਂ ਦਾ ਕਹਿਣਾ ਹੈ ਕਿ ਸੇਬ ਨੂੰ ਛਿੱਲਣਾ ਨਹੀਂ ਚਾਹੀਦਾ ਕਿਉਂਕਿ ਸੇਬ ਦੇ ਛਿਲਕੇ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਅਤੇ ਐਂਟੀਆਕਸੀਡੈਂਟ ਹੁੰਦੇ ਹਨ।

ਤਸਵੀਰ ਸਰੋਤ, Getty Images
ਕੋਲਸਨ ਕਹਿੰਦੇ ਹਨ, "ਸਾਨੂੰ ਸੇਬ ਦਾ ਛਿਲਕਾ ਜ਼ਰੂਰ ਖਾਣਾ ਚਾਹੀਦਾ ਹੈ, ਕਿਉਂਕਿ ਸੇਬ ਦੇ ਜ਼ਿਆਦਾਤਰ ਪੌਲੀਫੇਨਲ ਛਿਲਕੇ ਵਿੱਚ ਪਾਏ ਜਾਂਦੇ ਹਨ। ਸੇਬ ਦੀ ਕਿਸਮ ਜਿੰਨੀ ਪੁਰਾਣੀ ਹੋਵੇਗੀ, ਇਹ ਨਵੀਂ ਕਿਸਮ ਨਾਲੋਂ ਓਨੀ ਹੀ ਵਧੀਆ ਹੋਵੇਗੀ।"
2021 ਵਿੱਚ, ਉਨ੍ਹਾਂ ਨੇ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਟਲੀ ਦੇ ਉੱਤਰੀ ਹਿੱਸੇ ਵਿੱਚ ਪਾਏ ਜਾਣ ਵਾਲੇ 'ਪੋਮੇ ਪ੍ਰੂਸ਼ੀਅਨ' ਨਾਮਕ ਇੱਕ ਪ੍ਰਾਚੀਨ ਸੇਬ ਦਾ ਅਧਿਐਨ ਕਰਦੇ ਹੋਏ ਇੱਕ ਖੋਜ ਪੱਤਰ ਪ੍ਰਕਾਸ਼ਿਤ ਕੀਤਾ। ਉਨ੍ਹਾਂ ਨੇ ਪਾਇਆ ਕਿ ਇਸ ਕਿਸਮ ਵਿੱਚ ਆਧੁਨਿਕ ਸੇਬਾਂ ਨਾਲੋਂ ਜ਼ਿਆਦਾ ਪੌਲੀਫੇਨਲ ਸਨ।
ਕੋਲਸਨ ਕਹਿੰਦੇ ਹਨ, "ਹਾਲਾਂਕਿ, ਸੇਬ ਦੀਆਂ ਨਵੀਆਂ ਕਿਸਮਾਂ ਵਿਕਸਤ ਕਰਦੇ ਸਮੇਂ, ਆਮ ਤੌਰ 'ਤੇ ਹੋਰ ਗੁਣਾਂ 'ਤੇ ਵਿਚਾਰ ਕੀਤਾ ਜਾਂਦਾ ਹੈ, ਜਿਵੇਂ ਕਿ ਆਕਾਰ, ਸੁਆਦ ਅਤੇ ਰੁੱਖਾਂ ਦੀ ਤਾਕਤ।"
ਉਨ੍ਹਾਂ ਮੁਤਾਬਕ ਜਿੱਥੋਂ ਤੱਕ ਰੰਗ ਦਾ ਸਵਾਲ ਹੈ, ਇਹ ਇੰਨਾ ਮਹੱਤਵਪੂਰਨ ਨਹੀਂ ਹੈ। ਸੇਬ ਦੇ ਛਿਲਕਿਆਂ ਦਾ ਰੰਗ ਲਾਲ ਜਾਂ ਹਰਾ ਹੋ ਸਕਦਾ ਹੈ।
ਆਖ਼ਰਕਾਰ, ਰੋਜ਼ਾਨਾ ਇੱਕ ਸੇਬ ਖਾਣ ਨਾਲ ਡਾਕਟਰ ਕੋਲ ਜਾਣ ਦੀ ਜ਼ਰੂਰਤ ਖ਼ਤਮ ਨਹੀਂ ਹੋ ਸਕਦੀ, ਪਰ ਇਹ ਤੁਹਾਡੀ ਸਮੁੱਚੀ ਸਿਹਤ ਜਾਂ ਦਵਾਈਆਂ 'ਤੇ ਲੰਬੇ ਸਮੇਂ ਦੀ ਨਿਰਭਰਤਾ ਨੂੰ ਜ਼ਰੂਰ ਸਕਾਰਾਤਮਕ ਤੌਰ 'ਤੇ ਪ੍ਰਭਾਵਿਤ ਕਰ ਸਕਦਾ ਹੈ।
ਗੋਜੋ ਕਹਿੰਦੇ ਹਨ ਕਿ ਰੋਜ਼ਾਨਾ ਇੱਕ ਸੇਬ ਖਾਣਾ ਲਾਭਦਾਇਕ ਹੈ, ਪਰ ਸਿਰਫ਼ ਤਾਂ ਹੀ ਜੇਕਰ ਇਹ ਉਸ ਖੁਰਾਕ ਦਾ ਹਿੱਸਾ ਹੋਵੇ ਜਿਸ ਵਿੱਚ ਕਈ ਤਰ੍ਹਾਂ ਦੇ ਪੌਦੇ-ਅਧਾਰਿਤ ਭੋਜਨ ਸ਼ਾਮਲ ਹੋਣ।
ਕਿਉਂਕਿ ਇਹ ਚੰਗੀ ਸਿਹਤ ਦੀ ਅਸਲ ਨੀਂਹ ਹੈ।















