ਜਾਦੂ-ਟੂਣੇ ਦੇ ਨਾਮ 'ਤੇ ਭਾਰਤ ਵਿੱਚ ਲੋਕਾਂ ਤੋਂ ਕਿਵੇਂ ਸੋਨਾ ਲੁੱਟਦੇ ਸਨ ਇਹ ਈਰਾਨੀ ਲੁਟੇਰੇ, ਪੁਲਿਸ ਨੇ ਇੰਝ ਕੀਤਾ ਕਾਬੂ

ਮੁਲਜ਼ਮ ਵਿਅਕਤੀ
ਤਸਵੀਰ ਕੈਪਸ਼ਨ, ਕੋਇੰਬਟੂਰ ਪੁਲਿਸ ਨੇ ਨਾਗਪੁਰ ਤੋਂ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ
    • ਲੇਖਕ, ਜ਼ੈਵੀਅਰ ਸੇਲਵਾਕੁਮਾਰ
    • ਰੋਲ, ਬੀਬੀਸੀ ਪੱਤਰਕਾਰ

ਕੋਇੰਬਟੂਰ ਸਿਟੀ ਪੁਲਿਸ ਨੇ ਈਰਾਨੀ ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਸੋਨਾ ਅਤੇ ਗਹਿਣਾ ਵਪਾਰੀਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਨੂੰ ਲੁੱਟਦੇ ਸਨ। ਪੁਲਿਸ ਨੇ ਉਨ੍ਹਾਂ ਨੂੰ ਮਹਾਰਾਸ਼ਟਰ ਦੇ ਨਾਗਪੁਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਦਾ ਕਹਿਣਾ ਹੈ ਕਿ ਇਹ ਗਿਰੋਹ ਜਾਦੂ-ਟੂਣਾ ਦੇ ਨਾਮ 'ਤੇ ਲੋਕਾਂ ਨੂੰ ਭਰਮਾਉਂਦਾ ਤੇ ਉਨ੍ਹਾਂ ਦੇ ਚਿਹਰੇ 'ਤੇ ਪਾਣੀ ਸੁੱਟਦਾ ਹੈ ਤੇ ਉਨ੍ਹਾਂ ਦੇ ਗਹਿਣੇ ਖੋਹ ਲੈਂਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਗਿਰੋਹ ਨੂੰ ਫੜਨ ਲਈ ਉਨ੍ਹਾਂ ਨੇ 200 ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਹੈ।

ਸੰਜੇ ਮਿਥਿਆ ਪੱਛਮੀ ਬੰਗਾਲ ਤੋਂ ਹਨ। ਉਹ 20 ਸਾਲ ਪਹਿਲਾਂ ਕੋਇੰਬਟੂਰ ਆਏ ਅਤੇ ਆਪਣਾ ਸੁਨਿਆਰੇ ਦਾ ਕਾਰੋਬਾਰ ਸ਼ੁਰੂ ਕੀਤਾ। ਇਦਯਾਰਵੀਡੀ ਵਿੱਚ ਉਹ ਆਪਣਾ ਸਰਾਫੇ ਦਾ ਕਾਰੋਬਾਰ ਚਲਾ ਰਹੇ ਹਨ। ਪੱਛਮੀ ਬੰਗਾਲ ਦੇ ਪੰਜ ਕਾਮੇ ਉਨ੍ਹਾਂ ਕੋਲ ਕੰਮ ਕਰਦੇ ਹਨ।

ਲੁਟੇਰੇ ਜਾਦੂ-ਟੂਣਾ ਕਰਨ ਦੀ ਦਿੰਦੇ ਸੀ ਧਮਕੀ

ਸੰਜੇ ਦੀ ਦੁਕਾਨ ਵਿੱਚ ਸੁਬੋਮਨਜੀ ਨਾਮ ਦਾ ਇੱਕ ਕਰਮਚਾਰੀ ਕੰਮ ਕਰਦਾ ਹੈ। 13 ਅਗਸਤ ਨੂੰ ਸੰਜੇ ਨੇ ਉਸ ਨੂੰ 59 ਗ੍ਰਾਮ ਸੋਨਾ ਦੇ ਕੇ ਤੇਲਗੁ ਸਟਰੀਟ ਸਥਿਤ ਇੱਕ ਰੰਗਾਈ ਕੰਪਨੀ ਵਿੱਚ ਭੇਜਿਆ।

ਜਦੋਂ ਉਹ ਸੋਨਾ ਲੈ ਕੇ ਜਾ ਰਿਹਾ ਸੀ, ਉਸ ਸਮੇਂ ਇੱਕ ਗਿਰੋਹ ਨੇ ਉਸ ਨੂੰ ਧੋਖੇ ਨਾਲ ਲੁੱਟ ਲਿਆ ਅਤੇ ਸੋਨਾ ਖੋਹ ਲਿਆ।

ਇਸ ਡਕੈਤੀ ਸਬੰਧੀ ਕੋਇੰਬਟੂਰ ਸਿਟੀ ਪੁਲਿਸ ਦੇ ਅਧੀਨ ਵੈਰਾਇਟੀ ਹਾਲ ਰੋਡ ਪੁਲਿਸ ਸਟੇਸ਼ਨ ਵਿੱਚ ਦਰਜ ਕਰਵਾਈ ਗਈ ਐੱਫਆਈਆਰ ਵਿੱਚ ਘਟਨਾ ਦਾ ਵਰਣਨ ਕੀਤਾ ਗਿਆ ਹੈ।

ਐੱਫਆਈਆਰ ਵਿੱਚ ਕਿਹਾ ਗਿਆ ਹੈ ਕਿ ਜਦੋਂ ਸੁਬੋਮਨਜੀ ਸੋਨਾ ਲੈ ਕੇ ਬਾਹਰ ਗਿਆ ਤਾਂ ਇੱਕ 60 ਸਾਲਾ ਵਿਅਕਤੀ ਉਸ ਕੋਲ ਆਇਆ ਅਤੇ ਹਿੰਦੀ ਵਿੱਚ ਪੁੱਛਣ ਲੱਗਾ ਕਿ ਕੀ ਉਨ੍ਹਾਂ ਦੀ ਛਾਤੀ ਵਿੱਚ ਦਰਦ ਹੋ ਰਿਹਾ ਹੈ ਅਤੇ ਕੀ ਨੇੜੇ ਕੋਈ ਹਸਪਤਾਲ ਹੈ।

ਜਦੋਂ ਸੁਬੋਮਨਜੀ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਤਾਂ ਲਗਭਗ 52 ਸਾਲ ਦਾ ਇੱਕ ਹੋਰ ਆਦਮੀ ਆਇਆ ਅਤੇ ਉਨ੍ਹਾਂ ਨਾਲ ਹਿੰਦੀ ਵਿੱਚ ਗੱਲ ਕੀਤੀ। ਐੱਫਆਈਆਰ ਵਿੱਚ ਇਹ ਵੀ ਲਿਖਿਆ ਗਿਆ ਕਿ ਦੋਵਾਂ ਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਤੋਂ ਹਨ।

ਸੁਬੋਮਨਜੀ ਦੇ ਬਿਆਨ ਅਨੁਸਾਰ, "ਉਨ੍ਹਾਂ ਕਿਹਾ ਕਿ ਮੇਰੇ ਪਰਿਵਾਰ ਵਿੱਚ ਕੁਝ ਸਮੱਸਿਆਵਾਂ ਹਨ ਅਤੇ ਅਸੀਂ ਜਾਦੂ-ਟੂਣਾ ਕਰਕੇ ਉਨ੍ਹਾਂ ਨੂੰ ਤੁਰੰਤ ਠੀਕ ਕਰ ਦੇਵਾਂਗੇ। ਫਿਰ ਇੱਕ ਹੋਰ ਵਿਅਕਤੀ ਦੌੜ ਕੇ ਆਇਆ ਅਤੇ ਇੱਕ ਅਗਰਬੱਤੀ ਖਰੀਦ ਲਿਆਇਆ। ਫਿਰ ਉਨ੍ਹਾਂ ਨੇ ਕੁਝ ਕਿਹਾ ਅਤੇ ਮੇਰੇ ਚਿਹਰੇ 'ਤੇ ਵਿਭੂਤੀ ਵਰਗਾ ਕੁਝ ਮਿਲਿਆ ਹੋਇਆ ਪਾਣੀ ਛਿੜਕ ਦਿੱਤਾ।''

''ਉਨ੍ਹਾਂ ਨੇ ਕਿਹਾ ਕਿ ਜੇ ਤੁਸੀਂ ਜਾਦੂ ਕਰੋ ਅਤੇ ਜੋ ਚੀਜ਼ ਤੁਹਾਡੇ ਕੋਲ ਹੈ, ਉਸ ਨੂੰ ਖਰੀਦ ਲਓ ਤਾਂ ਸਭ ਠੀਕ ਹੋ ਜਾਵੇਗਾ। ਇਹ ਮੰਨ ਕੇ ਮੈਂ ਆਪਣੀ ਜੇਬ ਵਿੱਚ ਰੱਖਿਆ 59 ਗ੍ਰਾਮ ਸੋਨਾ ਉਨ੍ਹਾਂ ਨੂੰ ਦੇ ਦਿੱਤਾ। ਉਨ੍ਹਾਂ ਨੇ ਕਿਹਾ ਕਿ ਬਿਨ੍ਹਾਂ ਪਿੱਛੇ ਦੇਖੇ ਥੋੜ੍ਹੀ ਦੇਰ ਤੱਕ ਚੱਲੋ ਅਤੇ ਬਾਅਦ ਵਿੱਚ ਖਰੀਦਣ ਲਈ ਵਾਪਸ ਆਇਓ। ਮੈਂ ਉਨ੍ਹਾਂ ਨੂੰ ਸੋਨਾ ਦੇਣ ਤੋਂ ਬਾਅਦ ਥੋੜ੍ਹੀ ਦੇਰ ਲਈ ਚੱਲਿਆ ਅਤੇ ਜਦੋਂ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਉਹ ਦੋਵੇਂ ਜਾ ਚੁੱਕੇ ਸਨ।"

ਪੁਲਿਸ ਨੇ ਬੀਬੀਸੀ ਨੂੰ ਦੱਸਿਆ ਕਿ ਸੁਬੋਮਨਜੀ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਕਿ ਉਸ ਸਮੇਂ ਉਨ੍ਹਾਂ ਨਾਲ ਕੀ ਹੋਇਆ ਸੀ।

ਸੁਬੋਮਨਜੀ ਦੇ ਬਿਆਨ ਦੇ ਆਧਾਰ 'ਤੇ ਵੈਰਾਇਟੀ ਹਾਲ ਰੋਡ ਪੁਲਿਸ ਸਟੇਸ਼ਨ ਵਿੱਚ ਆਈਪੀਸੀ ਦੀ ਧਾਰਾ 318 (4) ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਸਬ-ਇੰਸਪੈਕਟਰ ਵਿਗਨੇਸ਼ ਦੀ ਅਗਵਾਈ ਵਿੱਚ ਕਾਂਸਟੇਬਲ ਗਿਲਬਰਟ, ਕਾਰਥੀ, ਮਹਾਰਾਜਨ, ਨਾਗੋਰ ਮੀਰਾਨ ਅਤੇ ਤਮਿਲਾਰਾਸਨ ਦੀ ਵਿਸ਼ੇਸ਼ ਟੀਮ ਨੇ ਮੌਕੇ 'ਤੇ ਜਾ ਕੇ ਜਾਂਚ ਸ਼ੁਰੂ ਕੀਤੀ।

ਵਿਗਨੇਸ਼ ਨੇ ਕਿਹਾ, "ਜਦੋਂ ਅਸੀਂ ਘਟਨਾ ਸਥਾਨ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਲੁਟੇਰੇ ਸੁਬੋਮਨਜੀ ਦਾ ਧਿਆਨ ਭਟਕਾਉਣ ਤੋਂ ਬਾਅਦ ਇੱਕ ਆਟੋ ਰਿਕਸ਼ਾ ਵਿੱਚ ਬੈਠ ਕੇ ਚਲੇ ਗਏ ਸਨ। ਅਸੀਂ ਸ਼ਹਿਰ ਦੇ 50 ਤੋਂ ਜ਼ਿਆਦਾ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖੀ ਤਾਂਕਿ ਪਤਾ ਚੱਲ ਸਕੇ ਕਿ ਉਹ ਕਿੱਥੇ ਗਏ ਸਨ।''

''ਉਦੋਂ ਪਤਾ ਚੱਲਿਆ ਕਿ ਉਨ੍ਹਾਂ ਨੇ ਕੋਇੰਬਟੂਰ ਵਿੱਚ 100 ਫੁੱਟ ਰੋਡ 'ਤੇ ਇੱਕ ਸਿਨੇਮਾਘਰ ਦੀ ਪਾਰਕਿੰਗ ਵਿੱਚ ਆਪਣੀ ਗੱਡੀ ਖੜ੍ਹੀ ਕੀਤੀ ਸੀ ਅਤੇ ਫਿਲਮ ਦੀ ਟਿਕਟ ਖਰੀਦੇ ਬਿਨ੍ਹਾਂ ਉਹ ਸੁਬੋਮਨਜੀ ਨੂੰ ਲੁੱਟਣ ਲਈ ਇੱਕ ਆਟੋਰਿਕਸ਼ਾ ਵਿੱਚ ਸਵਾਰ ਹੋ ਗਏ ਸਨ ਅਤੇ ਆਟੋ ਵਿੱਚ ਹੀ ਵੱਖ-ਵੱਖ ਥਾਵਾਂ ਉਪਰ ਗਏ ਸਨ।"

ਪੁਲਿਸ ਦਾ ਬਿਆਨ

ਕਿਵੇਂ ਹੋਈ ਗ੍ਰਿਫ਼ਤਾਰੀ

ਲੁਟੇਰਿਆਂ ਦੀ ਗੱਡੀ

ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਹੈ ਜਿੱਥੇ ਸਿਨੇਮਾ ਵਿੱਚ ਖੜ੍ਹੀ ਮਹਾਰਾਸ਼ਟਰ ਨੰਬਰ ਪਲੇਟ ਵਾਲੀ ਕਾਰ ਗਈ ਸੀ।

ਉਨ੍ਹਾਂ ਨੇ ਕੋਇੰਬਟੂਰ ਤੋਂ ਉੱਤਰੀ ਸੂਬਿਆਂ ਵੱਲ ਜਾਣ ਵਾਲੇ ਰਾਸ਼ਟਰੀ ਰਾਜਮਾਰਗਾਂ 'ਤੇ ਟੋਲ ਬੂਥਾਂ 'ਤੇ ਲਗਾਏ ਗਏ ਕੈਮਰਿਆਂ ਦੀਆਂ ਰਿਕਾਰਡਿੰਗਾਂ ਦੀ ਵੀ ਜਾਂਚ ਕੀਤੀ।

ਟੋਲ ਬੂਥਾਂ 'ਤੇ ਵਾਰ-ਵਾਰ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਕਾਰ ਤੇਲੰਗਾਨਾ-ਮਹਾਰਾਸ਼ਟਰ ਸਰਹੱਦ 'ਤੇ ਸਥਿਤ ਕਸਬੇ ਕਾਮਰੇਡੀ ਵਿੱਚੋਂ ਨਹੀਂ ਲੰਘੀ ਸੀ। ਉਨ੍ਹਾਂ ਨੇ ਉਸ ਹੋਟਲ ਦੀ ਪਛਾਣ ਕੀਤੀ ਹੈ ਜਿੱਥੇ ਕਾਰ ਰੁਕੀ ਸੀ ਅਤੇ ਉੱਥੋਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਹੈ। ਉਨ੍ਹਾਂ ਨੇ ਉਸ ਹੋਟਲ ਦੀ ਪਛਾਣ ਕੀਤੀ, ਜਿੱਥੇ ਉਹ ਰੁਕੇ ਸੀ ਅਤੇ ਉੱਥੋਂ ਦੇ ਸੀਸੀਟੀਵੀ ਦੀ ਵੀ ਜਾਂਚ ਕੀਤੀ।

ਵਿਸ਼ੇਸ਼ ਟੀਮ ਦੇ ਇੱਕ ਪੁਲਿਸ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ, "ਸਾਨੂੰ ਪਤਾ ਚੱਲਿਆ ਕਿ ਉਨ੍ਹਾਂ ਦੀ ਕਾਰ ਉਥੋਂ ਨਿਕਲ ਕੇ ਨਾਗਪੁਰ ਦੇ ਖੇਮੜੀ ਨਾਮ ਦੇ ਇਲਾਕੇ ਵਿੱਚ ਚਲੀ ਗਈ ਸੀ। ਜਦੋਂ ਅਸੀਂ ਉਸ ਇਲਾਕੇ ਦੀ ਤਲਾਸ਼ੀ ਲਈ ਤਾਂ ਪਾਇਆ ਕਿ ਕਾਰ ਉਥੇ ਇੱਕ ਗਲੀ ਵਿੱਚ ਖੜ੍ਹੀ ਸੀ। ਜਦੋਂ ਅਸੀਂ ਉਥੇ ਨਜ਼ਰ ਰੱਖੀ ਤਾਂ ਪਤਾ ਚੱਲਿਆ ਕਿ ਡਕੈਤੀ ਵਿੱਚ ਸ਼ਾਮਲ ਤਿੰਨ ਲੋਕ ਆਪਣੇ ਪਰਿਵਾਰਾਂ ਦੇ ਨਾਲ ਉਸੇ ਇਲਾਕੇ ਵਿੱਚ ਰਹਿੰਦੇ ਸਨ।''

''ਜਦੋਂ ਅਸੀਂ ਉਨ੍ਹਾਂ ਦੇ ਘਰ ਅੰਦਰ ਜਾ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਘਰ ਵਿੱਚ ਮੌਜੂਦ ਔਰਤਾਂ ਤੇ ਬੱਚੇ ਰੌਲਾਂ ਪਾਉਣ ਲੱਗੇ ਅਤੇ ਸਾਡੇ ਪੈਰ ਫੜ ਲਏ। ਅਸੀਂ ਫਿਰ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ।"

ਕੋਇੰਬਟੂਰ ਪੁਲਿਸ ਨੇ ਨਾਗਪੁਰ ਵਿੱਚ ਜਿਨ੍ਹਾਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਉਨ੍ਹਾਂ ਵਿੱਚ ਯਾਸ਼ਿਮ ਅਲੀ (57), ਗੁਰਬਾਨੀ (27) ਅਤੇ ਮੁਹੰਮਦ ਫਰੀਦ (25) ਸ਼ਾਮਲ ਹਨ। ਪੁਲਿਸ ਨੇ ਦੱਸਿਆ ਕਿ ਇਹ ਤਿੰਨੋਂ ਈਰਾਨੀ ਲੁਟੇਰੇ ਹਨ।

ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਨਾਗਪੁਰ ਵਿੱਚ ਇੱਕ ਕਾਰ ਰਾਹੀਂ ਪਿੰਡ-ਪਿੰਡ ਜਾਂਦੇ ਸੀ, ਆਪਣੀ ਕਾਰ ਕਿਤੇ ਪਾਰਕ ਕਰਦੇ ਸੀ ਅਤੇ ਫਿਰ ਆਟੋ ਵਿੱਚ ਸਵਾਰ ਹੋ ਕੇ ਲੁੱਟਾਂ ਕਰਨ ਨਿਕਲ ਜਾਂਦੇ ਸਨ।

ਪੁਲਿਸ ਨੇ ਦੱਸਿਆ ਕਿ ਇਹ ਖੁਲਾਸਾ ਹੋਇਆ ਹੈ ਕਿ ਕੋਇੰਬਟੂਰ ਵਿੱਚ ਸੁਬੋਮਨਜੀ ਹੀ ਨਹੀਂ, ਬਲਕਿ ਇੱਕ ਸਾਲ ਦੌਰਾਨ ਦੋ ਹੋਰ ਲੋਕਾਂ ਦੇ ਨਾਲ ਵੀ ਇਸੇ ਤਰ੍ਹਾਂ ਦੀ ਧੋਖਾਧੜੀ ਕਰਕੇ ਸੋਨਾ ਠੱਗਿਆ ਗਿਆ। ਪੁਲਿਸ ਨੇ ਦੱਸਿਆ ਕਿ 5 ਲੋਕਾਂ ਦੇ ਇਸ ਈਰਾਨੀ ਡਕੈਤੀ ਗਿਰੋਹ ਦਾ ਲੀਡਰ ਸਲੀਮ ਅਲੀ ਹਾਲੇ ਵੀ ਫਰਾਰ ਹੈ।

ਲੁੱਟ ਦੀਆਂ ਵਾਰਦਾਤਾਂ ਨੂੰ ਕਿਵੇਂ ਦਿੰਦੇ ਸੀ ਅੰਜਾਮ

ਗਿਰੋਹ ਦਾ ਮੁੱਖ ਲੀਡਰ ਸਲੀਮ ਅਲੀ
ਤਸਵੀਰ ਕੈਪਸ਼ਨ, ਗਿਰੋਹ ਦਾ ਮੁੱਖ ਲੀਡਰ ਸਲੀਮ ਅਲੀ

ਪੁਲਿਸ ਜਾਂਚ ਤੋਂ ਪਤਾ ਚੱਲਿਆ ਹੈ ਕਿ ਇਨ੍ਹਾਂ ਈਰਾਨੀ ਲੁਟੇਰਿਆਂ ਵਿੱਚੋਂ ਇੱਕ ਪੱਛਮੀ ਬੰਗਾਲ ਦਾ ਹੈ ਅਤੇ ਇੱਕ ਵੱਖ-ਵੱਖ ਭਾਸ਼ਾਵਾਂ ਬੋਲਣੀਆਂ ਜਾਣਦਾ ਹੈ। ਇਨ੍ਹਾਂ ਈਰਾਨੀ ਲੁਟੇਰਿਆਂ ਨੇ ਨਾ ਸਿਰਫ਼ ਤਮਿਲ ਨਾਡੂ, ਬਲਕਿ ਆਂਧਰਾ ਪ੍ਰਦੇਸ਼, ਤੇਲੰਗਾਨਾ, ਮਹਾਰਾਸ਼ਟਰ, ਕਰਨਾਟਕ ਅਤੇ ਦਿੱਲੀ ਵਿੱਚ ਵੀ ਕਈ ਲੁੱਟਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।

ਪੁਲਿਸ ਨੂੰ ਇਹ ਵੀ ਪਤਾ ਚੱਲਿਆ ਹੈ ਕਿ ਉਹ ਮਹੀਨੇ ਵਿੱਚ 25 ਦਿਨ ਸੂਬੇ ਦੇ ਬਾਹਰ ਡਕੈਤੀਆਂ ਕਰਦੇ ਸਨ ਅਤੇ ਆਪਣੇ ਪਰਿਵਾਰ ਨਾਲ ਸਿਰਫ਼ 5 ਦਿਨ ਹੀ ਘਰ ਰਹਿੰਦੇ ਸਨ।

ਕੋਇੰਬਟੂਰ ਸਿਟੀ ਪੁਲਿਸ ਦੇ ਡਿਪਟੀ ਕਮਿਸ਼ਨਰ (ਦੱਖਣ) ਕਾਰਤੀਕੇਯਾਨ ਨੇ ਬੀਬੀਸੀ ਨੂੰ ਦੱਸਿਆ, "ਇਨ੍ਹਾਂ ਲੁਟੇਰਿਆਂ ਦਾ ਨਿਸ਼ਾਨਾ ਉੱਤਰੀ ਤਮਿਲ ਨਾਡੂ ਦੇ ਕਰਮਚਾਰੀ ਹਨ। ਉਨ੍ਹਾਂ ਨੇ ਜ਼ਿਆਦਾਤਰ 20 ਸਾਲ ਤੋਂ ਘੱਟ ਅਤੇ 50 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ।''

''ਉਹ ਉਨ੍ਹਾਂ ਨੂੰ ਗੱਲਾਂ ਵਿੱਚ ਉਲਝਾ ਕੇ ਕੁਝ ਹੀ ਮਿੰਟਾਂ ਵਿੱਚ ਆਪਣੇ ਰਾਸਤੇ 'ਤੇ ਲੈ ਆਉਂਦੇ ਸਨ। ਉਹ ਜਾਦੂ-ਟੂਣਾ ਦੀ ਗੱਲ ਕਹਿ ਕੇ ਅਤੇ ਉਨ੍ਹਾਂ ਦੇ ਚਿਹਰੇ 'ਤੇ ਪਾਣੀ ਛਿੜਕ ਕੇ ਉਨ੍ਹਾਂ ਵਿੱਚ ਇੱਕ ਤਰ੍ਹਾਂ ਦਾ ਡਰ ਪੈਦਾ ਕਰਦੇ ਸਨ। ਇਸ ਤੋਂ ਬਾਅਦ ਉਹ ਲੁੱਟ-ਖੋਹ ਕਰਕੇ ਭੱਜ ਜਾਂਦੇ ਸਨ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)