ਪੰਜਾਬ ਦੇ ਹੜ੍ਹਾਂ 'ਚ ਆਪਣਿਆਂ ਨੂੰ ਗੁਆਉਣ ਵਾਲਿਆਂ ਦਾ ਦਰਦ: ਭੈਣ ਦੇ ਵਿਆਹ ਦੀਆਂ ਤਿਆਰੀਆਂ ਸਨ, ਭਰਾ ਲੋਕਾਂ ਦੀ ਮਦਦ ਕਰਦੇ ਹੋਏ ਜਾਨ ਗੁਆ ਬੈਠਾ

ਰੇਸ਼ਮਾ
ਤਸਵੀਰ ਕੈਪਸ਼ਨ, ਲਾਪਤਾ ਬੱਚਿਆਂ ਦੀ ਮਾਂ, ਰੇਸ਼ਮਾ ਦੱਸਦੇ ਹਨ ਕਿ ਪਾਣੀ ਮੇਰੇ ਤਿੰਨੇ ਬੱਚਿਆਂ ਅਤੇ ਸੱਸ ਨੂੰ ਰੋੜ੍ਹ ਕੇ ਲੈ ਗਿਆ।
    • ਲੇਖਕ, ਗੁਰਪ੍ਰੀਤ ਚਾਵਲਾ
    • ਰੋਲ, ਬੀਬੀਸੀ ਸਹਿਯੋਗੀ

ਪੰਜਾਬ ਭਰ ਵਿੱਚ ਬੀਤੇ ਦਿਨਾਂ 'ਚ ਆਏ ਹੜ੍ਹ ਨਾਲ ਕਈ ਜਾਨਾਂ ਵੀ ਗਈਆਂ ਹਨ।

ਉੱਥੇ ਹੀ ਪਠਾਨਕੋਟ ਦੇ ਕੋਲੀਆ ਪਿੰਡ ਵਿੱਚ ਵੱਸਦੇ ਗੁੱਜਰ ਪਰਿਵਾਰ ਲਈ ਤਾਂ ਰਾਵੀ ਦਰਿਆ ਜਿਵੇਂ ਕਹਿਰ ਹੀ ਢਾਹ ਗਿਆ।

ਇੱਥੇ ਰਹਿੰਦੇ ਹੁਸੈਨ ਪਰਿਵਾਰ ਦੇ ਚਾਰ ਜੀਅ, ਜਿਨ੍ਹਾਂ ਵਿੱਚ ਇੱਕ ਬਜ਼ੁਰਗ ਮਾਤਾ ਅਤੇ ਤਿੰਨ ਛੋਟੇ ਬੱਚੇ ਸ਼ਾਮਲ ਸਨ, ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ।

ਪਰਿਵਾਰ ਦੇ ਦੋ ਜੀਅ ਮਾਤਾ ਅਤੇ ਇੱਕ 12 ਸਾਲ ਦੀ ਧੀ ਦੀ ਲਾਸ਼ ਤਾਂ ਕੁਝ ਦਿਨਾਂ ਬਾਅਦ ਮਿਲ ਗਈ, ਪਰ ਅਜੇ ਤੱਕ ਦੋ ਛੋਟੇ ਪੁੱਤਰਾਂ ਦਾ ਕੋਈ ਪਤਾ ਨਹੀਂ ਹੈ।

ਇੱਥੇ ਹੋਰ ਪਰਿਵਾਰਾਂ ਨਾਲ ਰਹਿ ਰਿਹਾ ਬਾਗ ਹੁਸੈਨ ਦਾ ਪਰਿਵਾਰ 26 ਅਗਸਤ ਦੀ ਤੜਕੇ ਸਵੇਰ ਕਹਿਰ ਦਾ ਸ਼ਿਕਾਰ ਹੋਇਆ।

ਲਾਪਤਾ ਬੱਚਿਆਂ ਦੀ ਮਾਂ, ਰੇਸ਼ਮਾ ਦੱਸਦੇ ਹਨ, "ਪਾਣੀ ਮੇਰੇ ਤਿੰਨੇ ਬੱਚਿਆਂ ਅਤੇ ਸੱਸ ਨੂੰ ਰੋੜ੍ਹ ਕੇ ਲੈ ਗਿਆ। ਮੈਂ ਉਨ੍ਹਾਂ ਨੂੰ ਬਚਾਉਣ ਲਈ ਭੱਜੀ ਸੀ ਪਰ ਪਾਣੀ ਇੱਕਦਮ ਇੰਨਾ ਤੇਜ਼ ਆਇਆ ਕਿ ਮੇਰਾ ਸਾਹ ਰੁਕ ਗਿਆ। ਮੈਨੂੰ ਵੀ ਕੁਝ ਸਮੇਂ ਬਾਅਦ ਫੌਜ ਨੇ ਬਚਾ ਕੇ ਬਾਹਰ ਕੱਢਿਆ।"

'ਮਾਂ ਨੂੰ ਤਾਂ ਅੱਖੀਂ ਰੁੜ੍ਹਦਿਆਂ ਦੇਖਿਆ'

ਬਾਗ ਹੁਸੈਨ ਦੇ ਭਰਾ ਫਕੀਰ ਹੁਸੈਨ
ਤਸਵੀਰ ਕੈਪਸ਼ਨ, ਬਾਗ ਹੁਸੈਨ ਦੱਸਦੇ ਹਨ ਕਿ ਪਾਣੀ ਨੇ ਉਨ੍ਹਾਂ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਸੀ

ਪਰਿਵਾਰ ਦੱਸਦਾ ਹੈ ਕਿ ਉਹਨਾਂ ਨੇ ਆਪਣੀ ਮਾਤਾ ਕਿਆਨ ਨੂੰ ਆਪਣੇ ਸਾਹਮਣੇ ਰੁੜ੍ਹਦੇ ਵੇਖਿਆ, ਪਰ ਕੁਝ ਨਹੀਂ ਕਰ ਸਕੇ। ਬੱਚੇ ਕਦੋਂ ਵਹਿ ਗਏ, ਇਹ ਸਮਝ ਨਹੀਂ ਆਇਆ।

ਬਾਗ ਹੁਸੈਨ ਦੇ ਭਰਾ ਫਕੀਰ ਹੁਸੈਨ ਦੱਸਦੇ ਹਨ, "ਦਰਿਆ ਦਾ ਪਾਣੀ ਚੜ੍ਹ ਰਿਹਾ ਸੀ, ਪਰ ਅਸੀਂ ਲੋਕ ਧੁੱਸੀ ਤੋਂ ਪਾਰ ਸੀ। ਪਰ ਅਚਾਨਕ ਧੁੱਸੀ ਬੰਨ੍ਹ ਪਿੱਛੋਂ ਟੁੱਟ ਗਿਆ ਅਤੇ ਅਸੀਂ ਪਾਣੀ ਨਾਲ ਘਿਰ ਗਏ। ਹੋਰ ਪਰਿਵਾਰਕ ਮੈਂਬਰ ਉੱਚੀ ਥਾਂ ’ਤੇ ਚੜ੍ਹਕੇ ਬਚ ਗਏ, ਪਰ ਬਾਗ ਹੁਸੈਨ ਦੇ ਬੱਚੇ ਅਤੇ ਮਾਂ ਘਰ ਅੰਦਰ ਇੱਕ ਕੋਠੀ ਵਿੱਚ ਸੌਂ ਰਹੇ ਸਨ, ਜਿਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।"

ਹੁਣ ਪਿੱਛੇ ਸਿਰਫ ਬਾਗ ਹੁਸੈਨ ਅਤੇ ਉਨ੍ਹਾਂ ਦੀ ਪਤਨੀ ਰੇਸ਼ਮਾ ਹੀ ਬਚੇ ਹਨ। ਉਨ੍ਹਾਂ ਦੀ 70 ਸਾਲਾਂ ਮਾਂ ਕਿਆਨ, 14 ਸਾਲ ਦੀ ਧੀ ਮੀਨਾ, 8 ਸਾਲ ਦਾ ਪੁੱਤ ਲਾਡੀ ਅਤੇ 6 ਸਾਲ ਦਾ ਪੁੱਤ ਲੱਛੋ ਉਸ ਪਾਣੀ ਵਿੱਚ ਵਹਿ ਗਏ ਹਨ।

ਹਾਲਾਂਕਿ ਕੁਝ ਦਿਨਾਂ ਬਾਅਦ ਧੀ ਅਤੇ ਬਜ਼ੁਰਗ ਮਾਤਾ ਦੀ ਲਾਸ਼ ਮਿਲ ਗਈ ਸੀ, ਪਰ ਬਹੁਤ ਭਾਲ ਕਰਨ ਦੇ ਬਾਵਜੂਦ ਵੀ ਦੋਵੇਂ ਛੋਟੇ ਪੁੱਤਰ ਅਜੇ ਵੀ ਲਾਪਤਾ ਹਨ।

ਪਰਿਵਾਰ ਕਹਿੰਦਾ ਹੈ ਕਿ ਉਹਨਾਂ ਦਾ ਸਭ ਕੁਝ ਖ਼ਤਮ ਹੋ ਗਿਆ ਹੈ। ਘਰ, ਜ਼ਮੀਨ, ਸਾਮਾਨ ਸਭ ਕੁਝ ਰੁੜ੍ਹ ਗਿਆ ਹੈ ਅਤੇ ਬੱਚੇ ਵੀ ਚਲੇ ਗਏ।

ਬਾਗ ਦੇ ਭਰਾ ਫਕੀਰ ਹੁਸੈਨ ਦੱਸਦੇ ਹਨ, "ਮੇਰੀ ਮਾਂ ਅਤੇ ਬੱਚਿਆਂ ਨੂੰ ਉਮੀਦ ਸੀ ਕਿ ਉੱਥੇ ਪਾਣੀ ਨਹੀਂ ਆਵੇਗਾ। ਪਰ ਜਦ ਬੰਨ੍ਹ ਟੁੱਟਿਆ ਤਾਂ ਪਾਣੀ ਇੰਨਾ ਤੇਜ਼ ਅੰਦਰ ਆਇਆ ਕਿ ਸਾਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ। ਮੈਂ ਆਪਣੀਆਂ ਅੱਖੀਂ ਆਪਣੀ ਮਾਂ ਨੂੰ ਰੁੜ੍ਹਦਿਆਂ ਵੇਖਿਆ।"

ਦਰਿਆ 'ਚ ਸਮਾਈਆਂ ਜ਼ਮੀਨਾਂ

ਰਾਵੀ ਦਰਿਆ
ਤਸਵੀਰ ਕੈਪਸ਼ਨ, ਰਾਵੀ ਦਰਿਆ ਨੇ ਪਠਾਨਕੋਟ ਦੇ ਕਈ ਘਰਾਂ ਅਤੇ ਦੁਕਾਨਾਂ ਦਾ ਨੁਕਸਾਨ ਕੀਤਾ ਹੈ।

ਪਠਾਨਕੋਟ ਦੀ ਬਮਿਆਲ ਮੁੱਖ ਸੜਕ ਤੇ ਕੈਥਲੋਰ ਪੁਲ ਦੇ ਨੇੜੇ ਰਾਵੀ ਦਰਿਆ ਨੇ ਬੀਤੇ ਇੱਕ ਮਹੀਨੇ ਪਹਿਲਾਂ ਕਾਫ਼ੀ ਨੁਕਸਾਨ ਕੀਤਾ ਸੀ।

ਕਈ ਘਰ ਅਤੇ ਦੁਕਾਨਾਂ ਇਸ ਪਾਣੀ ਦੀ ਚਪੇਟ ਵਿੱਚ ਆ ਗਈਆਂ। ਇੱਥੇ ਵੱਸਦੇ ਕੁਝ ਗੁੱਜਰ ਪਰਿਵਾਰ, ਜੋ ਰਾਵੀ ਕੰਢੇ ਧੁੱਸੀ ਬੰਨ੍ਹ ਦੇ ਨਾਲ ਲੱਗਦੀ ਜ਼ਮੀਨ 'ਤੇ ਕਈ ਸਾਲਾਂ ਤੋਂ ਵੱਸਦੇ ਆ ਰਹੇ ਸਨ, ਉਨ੍ਹਾਂ ਲਈ ਵੀ ਇਹ ਹੜ੍ਹ ਕਹਿਰ ਬਣ ਕੇ ਆਇਆ।

ਉਹਨਾਂ ਦੇ ਘਰ ਪਾਣੀ ਵਿੱਚ ਰੁੜ ਗਏ ਅਤੇ ਧੁੱਸੀ ਬੰਨ੍ਹ ਟੁੱਟਣ ਨਾਲ ਦਰਿਆ ਅੱਗੇ ਨੂੰ ਵਧ ਆਇਆ।

ਹੁਣ ਵੀ ਉਹਨਾਂ ਦੇ ਘਰ ਮਲਬੇ ਨਾਲ ਭਰੇ ਪਏ ਹਨ ਅਤੇ ਜ਼ਮੀਨਾਂ ਦਰਿਆ ਵਿੱਚ ਸਮਾ ਗਈਆਂ ਹਨ।

ਜ਼ਿਲ੍ਹਾ ਪਠਾਨਕੋਟ ਦੇ ਡਿਸਟ੍ਰਿਕਟ ਰਿਵੈਨਿਊ ਅਫ਼ਸਰ ਪਵਨ ਕੁਮਾਰ ਮੁਤਾਬਕ, ਹੜ ਦੌਰਾਨ ਹੁਣ ਤੱਕ 6 ਮੌਤਾਂ ਦਰਜ ਹੋਈਆਂ ਹਨ, ਜਦਕਿ ਤਿੰਨ ਲੋਕ ਅਜੇ ਵੀ ਲਾਪਤਾ ਹਨ।

ਉਹ ਕਹਿੰਦੇ ਹਨ, "ਮ੍ਰਿਤਕਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਚੁੱਕੀ ਹੈ। ਗੁੱਜਰ ਪਰਿਵਾਰ ਦੇ ਚਾਰ ਜੀਅ ਮਾਮਲੇ ਵਿੱਚ ਲਾਪਤਾ ਜੀਆਂ ਦੀ ਰਿਪੋਰਟ ਵੀ ਬਣਾਕੇ ਸੂਬਾ ਸਰਕਾਰ ਨੂੰ ਭੇਜੀ ਗਈ ਹੈ।"

ਹੜ੍ਹ ਪ੍ਰਭਾਵਿਤਾਂ ਦੀ ਸੇਵਾ ਕਰਦੇ ਵਿਕਰਮ ਨੂੰ ਵਹਾਅ ਲੈ ਗਿਆ ਪਾਣੀ

ਮ੍ਰਿਤਕ ਵਿਕਰਮ ਕੁਮਾਰ ਦੇ ਪਿਤਾ ਨਾਨਕ ਚੰਦ

ਗੁਰਦਾਸਪੁਰ ਦੇ ਕਸਬਾ ਕਲਾਨੌਰ ਅਧੀਨ ਆਉਂਦੇ ਪਿੰਡ ਹਰੀਮਾਂਬਾਦ ਵਿੱਚ ਆਏ ਹੜ ਦੌਰਾਨ ਲੋਕਾਂ ਦੀ ਸੇਵਾ ਕਰਨ ਗਏ ਨੌਜਵਾਨਾਂ ਵਿੱਚੋਂ ਇੱਕ 21 ਸਾਲ ਦਾ ਵਿਕਰਮ ਕੁਮਾਰ (ਉਰਫ਼ ਵਿਨੇ), ਪੁੱਤਰ ਨਾਨਕ ਚੰਦ ਵਾਸੀ ਕਲਾਨੌਰ, ਲਾਪਤਾ ਹੋ ਗਿਆ ਸੀ।

ਕਈ ਦਿਨਾਂ ਤੱਕ ਉਸਦੀ ਭਾਲ ਕੀਤੀ ਗਈ। ਸੀਐੱਨਡੀਆਰਐੱਫ ਅਤੇ ਆਰਮੀ ਦੀਆਂ ਟੀਮਾਂ ਨੇ ਵੀ ਉਸਦੀ ਭਾਲ ਕੀਤੀ ਪਰ ਕੋਈ ਪਤਾ ਨਹੀਂ ਲੱਗਿਆ।

ਆਖ਼ਰਕਾਰ ਪੂਰੇ ਇੱਕ ਮਹੀਨੇ ਬਾਅਦ, ਜਦ ਖੇਤਾਂ ਵਿੱਚੋਂ ਪਾਣੀ ਘਟਿਆ ਤਾਂ ਨੌਜਵਾਨ ਦੀ ਲਾਸ਼ ਬਰਾਮਦ ਹੋਈ।

ਪਿੰਡ ਵਾਸੀਆਂ ਵੱਲੋਂ ਪਰਿਵਾਰ ਨੂੰ ਮੌਕੇ ’ਤੇ ਬੁਲਾਇਆ ਗਿਆ ਅਤੇ ਲਾਸ਼ ਦੀ ਸ਼ਨਾਖ਼ਤ ਕਰਵਾਈ ਗਈ।

ਮ੍ਰਿਤਕ ਵਿਕਰਮ ਕੁਮਾਰ (ਉਰਫ਼ ਵਿਨੇ) ਦੇ ਪਿਤਾ ਨਾਨਕ ਚੰਦ ਜਜ਼ਬਾਤੀ ਹੁੰਦੇ ਹੋਏ ਕਹਿੰਦੇ ਹਨ, "ਲਾਸ਼ ਦੇ ਹਾਲਾਤ ਬਹੁਤ ਮਾੜੇ ਸਨ। ਮੇਰੀ ਪਤਨੀ ਅਤੇ ਧੀ ਨੇ ਉਸ ਨੂੰ ਕੱਪੜਿਆਂ ਤੋਂ ਅਤੇ ਗੁੱਟ ਤੇ ਬਣੀ ਰੱਖੜੀ ਤੋਂ ਪਛਾਣਿਆ। ਮੇਰਾ ਬੇਟਾ ਬਹੁਤ ਲਾਇਕ ਸੀ।"

ਉਹ ਕਹਿੰਦੇ ਹਨ ਕਿ ਉਹਨਾਂ ਦੇ ਘਰ ਵਿੱਚ ਹੜ੍ਹ ਦਾ ਪਾਣੀ ਨਹੀਂ ਆਇਆ, ਪਰ ਇਹ ਹੜ ਉਹਨਾਂ ਦਾ ਪੁੱਤਰ ਲੈ ਗਿਆ। ਇਸ ਦੁੱਖਾਂਤ ਨੂੰ ਉਹ ਕਦੇ ਭੁੱਲ ਨਹੀਂ ਸਕਦੇ।

ਘਰ ’ਚ ਵਿਆਹ ਸੀ, ਹੁਣ ਸੋਗ ਦਾ ਮਾਹੌਲ

ਮ੍ਰਿਤਕ ਵਿਕਰਮ ਕੁਮਾਰ ਦੇ ਮਾਤਾ ਜੋਤੀ
ਤਸਵੀਰ ਕੈਪਸ਼ਨ, ਮ੍ਰਿਤਕ ਵਿਕਰਮ ਕੁਮਾਰ ਦੇ ਮਾਤਾ ਜੋਤੀ

ਮਾਂ ਜੋਤੀ ਦੱਸਦੀ ਹੈ ਕਿ ਪਿਛਲੇ ਮਹੀਨੇ 28 ਅਗਸਤ ਦੀ ਦੁਪਹਿਰ, ਵਿਨੇ ਘਰੋਂ ਰੋਟੀ ਖਾ ਕੇ ਆਪਣੇ ਕੰਮ 'ਤੇ ਗਿਆ ਸੀ। ਪਰ ਪਿੰਡ ਹਰੀਮਾਂਬਾਦ ਵਿੱਚ ਆਏ ਪਾਣੀ ਦੌਰਾਨ, ਆਪਣੇ ਸਾਥੀਆਂ ਨਾਲ ਮਿਲਕੇ ਲੋਕਾਂ ਦੀ ਸੇਵਾ ਲਈ ਗਿਆ ਅਤੇ ਉੱਥੇ ਹੀ ਪਾਣੀ ਵਿੱਚ ਲਾਪਤਾ ਹੋ ਗਿਆ।

ਐੱਨਡੀਆਰਐੱਫ ਅਤੇ ਆਰਮੀ ਦੀਆਂ ਟੀਮਾਂ ਵਲੋਂ ਬਹੁਤ ਕੋਸ਼ਿਸ਼ ਕੀਤੀ ਗਈ, ਪਰ ਉਸਦਾ ਕੋਈ ਪਤਾ ਨਹੀਂ ਲੱਗਿਆ। ਪਰਿਵਾਰ ਇੱਕ ਮਹੀਨੇ ਲਗਾਤਾਰ ਭਾਲ ਕਰਦਾ ਰਿਹਾ। ਘਰ ਵਿੱਚ ਧੀ ਦਾ ਵਿਆਹ ਅਗਲੇ ਮਹੀਨੇ ਨਵੰਬਰ ਵਿੱਚ ਸੀ, ਪਰ ਹੁਣ ਸੋਗ ਛਾ ਗਿਆ ਹੈ।

ਪੂਰੇ ਇੱਕ ਮਹੀਨੇ ਬਾਅਦ, ਖੇਤਾਂ ਵਿੱਚੋਂ ਪਾਣੀ ਘਟਿਆ ਤਾਂ ਕਿਸਾਨਾਂ ਨੂੰ ਟ੍ਰੈਕਟਰ ਨਾਲ ਕੰਮ ਕਰਦਿਆਂ ਵਿਨੇ ਦੀ ਲਾਸ਼ ਮਿਲੀ। ਪਰਿਵਾਰ ਨੂੰ ਸੂਚਿਤ ਕਰਕੇ ਬੁਲਾਇਆ ਗਿਆ।

ਹੁਣ ਤੱਕ ਪੰਜਾਬ 'ਚ ਕਿੰਨਾ ਨੁਕਸਾਨ ਹੋਇਆ

ਪੰਜਾਬ ਵਿੱਚ ਆਏ ਹੜ੍ਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹੁਣ ਤੱਕ 59 ਲੋਕ ਇਨ੍ਹਾਂ ਹੜ੍ਹਾਂ 'ਚ ਜਾਨ ਗਵਾਂ ਚੁੱਕੇ ਹਨ।

ਪੰਜਾਬ ਵਿੱਚ ਆਏ ਹੜ੍ਹਾਂ ਨੇ 29 ਸਤੰਬਰ 2025 ਤੱਕ 23 ਜਿਲ੍ਹਿਆਂ ਵਿੱਚ 2,614 ਪਿੰਡਾਂ ਨੂੰ ਪ੍ਰਭਾਵਿਤ ਕੀਤਾ ਹੈ।

ਸਭ ਤੋਂ ਜ਼ਿਆਦਾ ਅਸਰ ਗੁਰਦਾਸਪੁਰ (343 ਪਿੰਡ), ਹੁਸ਼ਿਆਰਪੁਰ (384 ਪਿੰਡ), ਅੰਮ੍ਰਿਤਸਰ (196 ਪਿੰਡ) ਅਤੇ ਫ਼ਾਜ਼ਿਲਕਾ ਦੇ ਕੁਝ ਇਲਾਕਿਆਂ 'ਤੇ ਪਿਆ ਹੈ।

ਹੁਣ ਤੱਕ 59 ਲੋਕ ਇਨ੍ਹਾਂ ਹੜ੍ਹਾਂ 'ਚ ਜਾਨ ਗੁਆ ਚੁੱਕੇ ਹਨ।

ਇਸ ਦੌਰਾਨ ਕੁੱਲ 4 ਲੋਕ ਲਾਪਤਾ ਹਨ।

ਜੇਕਰ ਗੱਲ ਖੇਤੀਬਾੜੀ ਦੀ ਕੀਤੀ ਜਾਵੇ ਤਾਂ ਕੁੱਲ 2,00,170 ਹੈਕਟਰ ਫਸਲਾਂ ਨੂੰ ਨੁਕਸਾਨ ਹੋਇਆ ਹੈ।

ਹੜ੍ਹਾਂ ਨਾਲ ਜੁੜੇ ਕਾਰਣਾਂ ਕਰਕੇ 23,340 ਲੋਕਾਂ ਨੂੰ ਆਪਣੀਆਂ ਜਗ੍ਹਾ ਛੱਡਣੀਆਂ ਪਈਆਂ।

ਸਰਕਾਰ ਨੇ ਮੁੜ ਮਦਦ ਲਈ 219 ਰਾਹਤ ਕੈਂਪ ਖੋਲ੍ਹੇ ਸਨ, ਪਰ ਹੁਣ ਇਹ ਸਾਰੇ ਕੈਂਪ ਬੰਦ ਹੋ ਚੁੱਕੇ ਹਨ। ਪਹਿਲਾਂ ਇਨ੍ਹਾਂ ਕੈਂਪਾਂ ਵਿੱਚ 8,270 ਲੋਕ ਰਹਿ ਰਹੇ ਸਨ।

ਅਜੇ ਵੀ ਮਕਾਨਾਂ, ਪਸ਼ੂਆਂ ਅਤੇ ਹੋਰ ਨੁਕਸਾਨ ਦੇ ਪੂਰੇ ਵੇਰਵੇ ਉਪਲਬੱਧ ਨਹੀਂ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)