'ਸਾਡੀ ਕਿਹੜਾ ਤਨਖ਼ਾਹ ਆਉਣੀ, ਘਰ ਫ਼ਸਲ ਨਾਲ ਚੱਲਦਾ, ਪਾਣੀ ਉਤਰ ਗਿਆ ਪਰ ਕਰਜ਼ਾ ਵਧਾ ਗਿਆ', ਹੜ੍ਹ ਦੀ ਮਾਰ ਝੱਲ ਰਹੇ ਕਿਸਾਨਾਂ ਦਾ ਦਰਦ

- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
"ਮੈਨੂੰ ਕਿਹੜਾ ਮਹੀਨੇਵਾਰ ਤਨਖ਼ਾਹ ਆਉਣੀ ਹੈ, ਘਰ ਦਾ ਖ਼ਰਚਾ ਤਾਂ ਫ਼ਸਲ ਨਾਲ ਹੀ ਚੱਲਦਾ ਸੀ, ਜੋ ਕਿ ਹੁਣ ਬਰਬਾਦ ਹੋ ਗਈ ਹੈ, ਭਵਿੱਖ ਰੱਬ ਦੇ ਸਹਾਰੇ ਹੈ।"
ਹਰਵਿੰਦਰ ਸਿੰਘ ਦੇ ਇਹ ਬੋਲ ਹੜ੍ਹਾਂ ਦੇ ਪਾਣੀ ਵਿੱਚ ਫ਼ਸਲਾਂ ਗੁਆਉਣ ਵਾਲੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਕਿਸਾਨਾਂ ਦੇ ਹਾਲਾਤ ਦੀ ਤਰਜ਼ਮਾਨੀ ਕਰਨ ਲਈ ਕਾਫ਼ੀ ਹਨ।
ਭਾਰਤ-ਪਾਕਿਸਤਾਨ ਸਰਹੱਦ ਦੇ ਬਿਲਕੁਲ ਨੇੜੇ ਪੈਂਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਘਣੀਏ-ਕਾ-ਬੇਟ ਦੇ ਵਾਸੀ ਹਰਵਿੰਦਰ ਸਿੰਘ ਨੇ ਦਸ ਏਕੜ ਜ਼ਮੀਨ ਵਿੱਚ ਝੋਨਾ ਲਾਇਆ ਸੀ, ਪਰ ਰਾਵੀ ਦਰਿਆ ਦੇ ਪਾਣੀ ਨੇ ਸਾਰੀ ਫ਼ਸਲ ਬਰਬਾਦ ਕਰ ਦਿੱਤੀ ਹੈ।
ਸਥਿਤੀ ਇਹ ਹੈ ਕਿ ਪਾਣੀ ਅਜੇ ਵੀ ਉਨ੍ਹਾਂ ਦੀ ਜ਼ਮੀਨ ਵਿੱਚ ਖੜਾ ਹੈ, ਜਿਸ ਕਰ ਕੇ ਉਨ੍ਹਾਂ ਨੂੰ ਚਿੰਤਾ ਅਗਲੀ ਫ਼ਸਲ ਦੀ ਪੈਦਾ ਹੋ ਗਈ ਹੈ।
'ਉੱਤੋਂ ਠੀਕ ਲੱਗਦੇ, ਅੰਦਰੋਂ ਅਸੀਂ ਸਾਰੇ ਦੁਖੀ ਹਾਂ'
ਰਾਵੀ ਦਰਿਆ ਦਾ ਪਾਣੀ ਆਉਣ ਨਾਲ ਬਰਬਾਦ ਹੋਈ ਆਪਣੀ ਝੋਨੇ ਦੀ ਫ਼ਸਲ ਦਿਖਾਉਂਦੇ ਹੋਏ ਹਰਵਿੰਦਰ ਸਿੰਘ ਆਖਦੇ ਹਨ, "ਇਸ ਵਿੱਚ ਕੁਝ ਵੀ ਨਹੀਂ ਬਚਿਆ, ਰਾਤ ਸੋਚਾਂ ਵਿੱਚ ਗੁਜ਼ਰਦੀ ਹੈ, ਅੱਗੇ ਕੀ ਹੋਵੇਗਾ ਕੁਝ ਵੀ ਸਮਝ ਨਹੀਂ ਆ ਰਿਹਾ।"
"ਮੇਰੇ ਵਾਂਗ ਹੀ ਪਿੰਡ ਦੇ ਬਾਕੀ ਕਿਸਾਨਾਂ ਦੇ ਚਿਹਰੇ ਉੱਪਰੋਂ ਤਾਂ ਤੁਹਾਨੂੰ ਠੀਕ ਨਜ਼ਰ ਆਉਣਗੇ, ਪਰ ਅੰਦਰੋਂ ਸਾਰੇ ਹੀ ਦੁਖੀ ਹਨ, ਫ਼ਸਲਾਂ ਦੇ ਸਿਰ ਉੱਤੇ ਹੀ ਕਿਸਾਨਾਂ ਦਾ ਘਰ ਚੱਲਦਾ ਹੈ ਪਰ ਜਦੋਂ ਉਹ ਹੀ ਖ਼ਤਮ ਜਾਵੇ, ਤਾਂ ਪਿੱਛੇ ਕੁਝ ਵੀ ਨਹੀਂ ਰਹਿ ਜਾਂਦਾ।"
ਹਰਵਿੰਦਰ ਸਿੰਘ ਨੇ ਦੱਸਿਆ ਬੇਸ਼ੱਕ ਹੜ੍ਹ ਦਾ ਪਾਣੀ ਉਤਰ ਗਿਆ ਪਰ ਕਰਜ਼ੇ ਦੀ ਪੰਡ ਹੋਰ ਭਾਰੀ ਕਰ ਗਿਆ ਹੈ।
ਹਰਵਿੰਦਰ ਸਿੰਘ ਨੇ ਦੱਸਿਆ, "ਹੜ੍ਹ ਦਾ ਪਾਣੀ ਚਾਰ ਲੱਖ ਰੁਪਏ ਦਾ ਕਰਜਾਈ ਕਰ ਗਿਆ ਹੈ।"
ਉਨ੍ਹਾਂ ਮੁਤਾਬਕ ਹੜ੍ਹਾਂ ਦੌਰਾਨ ਨਾ ਸਿਰਫ਼ ਝੋਨੇ ਦੀ ਫ਼ਸਲ ਤਬਾਹ ਹੋਈ ਹੈ, ਬਲਕਿ ਕਣਕ ਦੀ ਫ਼ਸਲ ਦੀ ਬਿਜਾਈ ਬਾਰੇ ਵੀ ਉਹ ਸੋਚ ਨਹੀਂ ਸਕਦੇ ਕਿਉਂਕਿ ਖੇਤਾਂ ਵਿੱਚ ਅਜੇ ਵੀ ਪਾਣੀ ਖੜਾ ਹੈ।
ਅਗਸਤ- ਸਤੰਬਰ ਮਹੀਨੇ ਵਿੱਚ ਪਹਾੜੀ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਬੱਦਲ ਫਟਣ ਕਾਰਨ ਪੰਜਾਬ ਨੂੰ ਹੜ੍ਹਾਂ ਦੀ ਮਾਰ ਪਈ ਹੈ।
ਜਿਸ ਵਿੱਚ 57 ਲੋਕਾਂ ਦੀ ਮੌਤ ਹੋਈ ਅਤੇ ਕਈ ਲੋਕ ਬੇਘਰ ਹੋਏ ਇਸ ਤੋਂ ਇਲਾਵਾ ਫ਼ਸਲਾਂ ਵੀ ਬੁਰੀ ਤਰਾਂ ਨੁਕਸਾਨੀਆਂ ਗਈਆਂ ਹਨ।
ਹੜ੍ਹਾਂ ਕਾਰਨ ਖ਼ਾਸ ਕਰ ਕੇ ਪੰਜਾਬ ਦੇ ਉੱਤਰੀ ਜ਼ਿਲ੍ਹੇ ਅੰਮ੍ਰਿਤਸਰ, ਗੁਰਦਾਸਪੁਰ, ਕਪੂਰਥਲਾ, ਤਰਨ ਤਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ ਫ਼ਿਰੋਜ਼ਪੁਰ, ਫ਼ਾਜ਼ਿਲਕਾ ਇਲਾਕਿਆਂ ਵਿੱਚ ਵੀ ਹੜ੍ਹਾਂ ਦੀ ਮਾਰ ਲੋਕਾਂ ਨੂੰ ਪਈ ਹੈ।
ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਡੇਰਾ ਬਾਬਾ ਨਾਨਕ ਤੋਂ 15 ਕਿੱਲੋਮੀਟਰ ਦੂਰ ਵਸੇ ਪਿੰਡ ਘਣੀਏ-ਕਾ-ਬੇਟ ਦੇ 70 ਸਾਲਾ ਕਿਸਾਨ ਸਤਨਾਮ ਸਿੰਘ ਕਹਿੰਦੇ ਹਨ, "ਪਾਣੀ ਦਾ ਵਹਾਅ ਇੰਨਾ ਜ਼ਿਆਦਾ ਸੀ ਕਿ ਉਨ੍ਹਾਂ ਨੂੰ ਘਰ ਨੂੰ ਛੱਡੇ ਕੇ ਸੁਰੱਖਿਅਤ ਥਾਂ ਉੱਤੇ ਪਹੁੰਚਣ ਦਾ ਵੀ ਵਕਤ ਨਹੀਂ ਮਿਲਿਆ।"
ਘਰ ਦੇ ਕਮਰੇ ਜਦੋਂ ਡਿੱਗਣੇ ਸ਼ੁਰੂ ਹੋ ਗਏ ਤਾਂ ਉਨ੍ਹਾਂ ਟਰਾਲੀ ਉੱਤੇ ਟੈਂਟ ਲੱਗਾ ਕੇ ਰਹਿਣਾ ਸ਼ੁਰੂ ਕਰ ਦਿੱਤਾ ਅਤੇ ਪਾਣੀ ਉਤਰਣ ਤੋਂ ਬਾਅਦ ਵੀ ਸਤਨਾਮ ਸਿੰਘ ਟਿਕਾਣਾ ਫ਼ਿਲਹਾਲ ਇਹ ਹੀ ਹੈ।"
ਸਤਨਾਮ ਸਿੰਘ ਦੱਸਦੇ ਹਨ, "ਸੱਤ ਏਕੜ ਝੋਨੇ ਦੀ ਫ਼ਸਲ ਪੂਰੀ ਤਰਾਂ ਬਰਬਾਦ ਹੋ ਗਈ ਹੈ ਅਤੇ ਅੱਗੇ ਕੀ ਕਰਨਾ ਹੈ ਇਹ ਸਮਝ ਨਹੀਂ ਆ ਰਿਹਾ, ਕਿਉਂਕਿ ਖੇਤਾਂ ਵਿੱਚ ਮਿੱਟੀ ਜਮ੍ਹਾਂ ਹੋ ਗਈ ਹੈ।"

ਭਾਰਤੀ ਫ਼ੌਜ ਦੇ ਸਾਬਕਾ ਮੁਲਾਜ਼ਮ ਸਤਨਾਮ ਸਿੰਘ ਮੁਤਾਬਕ ਫ਼ਸਲ ਦੀ ਬਿਜਾਈ ਆੜ੍ਹਤੀਏ ਤੋਂ ਕਰਜ਼ਾ ਲੈ ਕੇ ਕੀਤੀ ਗਈ ਸੀ, ਫ਼ਸਲ ਬਰਬਾਦ ਹੋ ਗਈ ਹੈ ਅਤੇ ਹੁਣ ਜ਼ਮੀਨ ਠੀਕ ਕਰਨ ਦੇ ਲਈ ਹੋਰ ਕਰਜ਼ਾ ਲੈਣਾ ਪਵੇਗਾ।
ਇਸੇ ਪਿੰਡ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ, "1988 ਵਿੱਚ ਆਏ ਹੜ੍ਹ ਨਾਲੋਂ ਇਸ ਵਾਰ ਜ਼ਿਆਦਾ ਪਾਣੀ ਆਇਆ ਹੈ ਅਤੇ ਇਸ ਨੇ ਝੋਨੇ ਦੀ ਫ਼ਸਲ ਨੂੰ ਵੱਡੇ ਪੱਧਰ ਉੱਤੇ ਨੁਕਸਾਨ ਪਹੁੰਚਿਆ ਹੈ।"
ਉਨ੍ਹਾਂ ਦੱਸਿਆ ਕਿ ਜੋ ਫ਼ਸਲ ਬਚੀ ਵੀ ਹੈ, ਉਸ ਵਿਚੋਂ ਦਾਣਾ ਲਗਭਗ ਖ਼ਤਮ ਹੋ ਗਿਆ ਹੈ।
ਉਨ੍ਹਾਂ ਆਖਿਆ ਕਿ ਪਿੰਡ ਤੱਕ ਪਹੁੰਚਣ ਵਾਲੇ ਰਸਤੇ ਵੀ ਸਾਰੇ ਬੰਦ ਹੋ ਗਏ ਸਨ, ਜਿਸ ਕਾਰਨ ਮਦਦ ਵੀ ਕਈ ਦਿਨਾਂ ਤੱਕ ਉਨ੍ਹਾਂ ਤੱਕ ਨਹੀਂ ਪਹੁੰਚ ਪਾਈ।
ਪਿੰਡ ਦੇ ਰਸਤੇ ਵਿੱਚ ਥਾਂ-ਥਾਂ ਉੱਤੇ ਰਾਵੀ ਦਰਿਆ ਦੇ ਪਾਣੀ ਦੀ ਤਬਾਹੀ ਦੀਆਂ ਨਿਸ਼ਾਨੀਆਂ ਟੁੱਟੇ ਬਿਜਲੀ ਦੇ ਖੰਭੇ, ਟੁੱਟੇ ਦਰਖ਼ਤ, ਬਰਬਾਦ ਫ਼ਸਲਾਂ ਹਰ ਪਾਸੇ ਦਿਖਾਈ ਦਿੰਦੀਆਂ ਹਨ।

ਸੁਖਦੇਵ ਸਿੰਘ ਨੇ ਦੱਸਿਆ ਪਾਣੀ ਇੰਨਾ ਜ਼ਿਆਦਾ ਸੀ ਕਿ ਦਸ ਫੁੱਟ ਤੱਕ ਫ਼ਸਲ ਪਾਣੀ ਵਿੱਚ ਡੁੱਬ ਗਈ ਸੀ, ਹਾਲਤ ਇਹ ਸੀ ਕਿ ਬਿਜਲੀ ਦੇ ਟਰਾਂਸਫਾਰਮਰ ਵੀ ਪਾਣੀ ਵਿੱਚ ਡੁੱਬ ਗਏ ਸਨ, ਜਿਸ ਦੇ ਨਿਸ਼ਾਨ ਇਸ ਪਿੰਡ ਵਿੱਚ ਹੁਣ ਵੀ ਦੇਖੇ ਜਾ ਸਕਦੇ ਹਨ।
ਸੁਖਦੇਵ ਸਿੰਘ ਆਖਦੇ ਹਨ, "ਸਰਹੱਦ ਉੱਤੇ ਰਹਿਣ ਵਾਲੇ ਕਿਸਾਨਾਂ ਦੀ ਸਾਰ ਕੋਈ ਵੀ ਨਹੀਂ ਲੈਂਦਾ, ਪਹਿਲਾਂ ਭਾਰਤ-ਪਾਕਿਸਤਾਨ ਤਣਾਅ ਦੌਰਾਨ ਸੁਰੱਖਿਆ ਬਲਾਂ ਨੇ ਪਿੰਡ ਨੂੰ ਖ਼ਾਲੀ ਕਰਵਾ ਲਿਆ ਅਤੇ ਇੱਕ ਮਹੀਨੇ ਬਾਅਦ ਉਹ ਵਾਪਸ ਘਰ ਪਰਤ ਸਕੇ।"
"ਹੁਣ ਝੋਨੇ ਦੀ ਫ਼ਸਲ ਤੋਂ ਉਮੀਦ ਸੀ ਕਿ ਨੁਕਸਾਨ ਦੀ ਭਰਪਾਈ ਹੋਵੇਗੀ, ਪਰ ਹੜ੍ਹ ਦਾ ਪਾਣੀ ਸਭ ਕੁਝ ਬਰਬਾਦ ਕਰ ਗਿਆ।"
ਬੀਬੀਸੀ ਦੀ ਟੀਮ ਨੇ ਦੇਖਿਆ ਕਿ ਭਾਰਤ-ਪਾਕਿਸਤਾਨ ਸਰਹੱਦ ਉੱਤੇ ਲੱਗੀ ਕੰਡਿਆਲੀ ਤਾਰ ਨੇੜੇ ਬੀਐੱਸਐੱਫ਼ ਦੀਆਂ ਕਈ ਚੌਂਕੀਆਂ ਦਾ ਵੀ ਹੜ੍ਹ ਦੌਰਾਨ ਨੁਕਸਾਨ ਹੋਇਆ ਹੈ।
ਇਸ ਪਿੰਡ ਦੇ 36 ਸਾਲਾ ਨੌਜਵਾਨ ਹਰਕੰਵਲ ਸਿੰਘ ਨੇ ਕਿਹਾ, "ਖੇਤਾਂ ਵਿੱਚ ਆਉਣ ਨੂੰ ਦਿਲ ਨਹੀਂ ਕਰਦਾ, ਕਿਉਂਕਿ ਜਿੱਥੇ ਕੁਝ ਦਿਨ ਪਹਿਲਾਂ ਝੋਨੇ ਦੀ ਫ਼ਸਲ ਸੀ, ਉੱਥੇ ਹੁਣ ਉਜਾੜਾ ਹੀ ਉਜਾੜਾ ਨਜ਼ਰ ਆਉਂਦਾ ਹੈ, ਫ਼ਸਲ ਤਾਂ ਕਿਤੇ ਨਜ਼ਰ ਨਹੀਂ ਆਉਂਦੀ।
ਉਨ੍ਹਾਂ ਕਿਹਾ ਫ਼ਸਲਾਂ ਤੋਂ ਇਲਾਵਾ ਖੇਤੀ ਦੇ ਕੰਮ ਵਿੱਚ ਇਸਤੇਮਾਲ ਆਉਣ ਵਾਲੀ ਮਸ਼ਨੀਰੀ ਖ਼ਾਸ ਤੌਰ ਉੱਤੇ ਟਰੈਕਟਰ, ਟਿਊਬਲਾਂ ਦਾ ਵੀ ਪਾਣੀ ਨੇ ਭਾਰੀ ਨੁਕਸਾਨ ਕੀਤਾ ਹੈ।
ਪੰਜਾਬ ਵਿੱਚ ਫ਼ਸਲਾਂ ਨੂੰ ਕਿੰਨੀ ਪਈ ਮਾਰ

ਪੰਜਾਬ ਸਰਕਾਰ ਦੇ ਮੁਤਾਬਕ ਹਾਲ ਹੀ ਵਿੱਚ ਆਏ ਹੜ੍ਹਾਂ ਕਾਰਨ ਪੰਜਾਬ ਦੇ 2185 ਪਿੰਡਾਂ ਵਿੱਚ 5 ਲੱਖ ਏਕੜ ਖੇਤਰ ਵਿੱਚ ਫ਼ਸਲ ਤਬਾਹ ਹੋਈ ਹੈ।
ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਹੈ, "ਹੜ੍ਹਾਂ ਕਾਰਨ ਖੇਤੀਬਾੜੀ ਅਧੀਨ ਰਕਬੇ ਅਤੇ ਖੜੀਆਂ ਫ਼ਸਲਾਂ ਦੀ ਵੱਡੇ ਪੈਮਾਨੇ 'ਤੇ ਤਬਾਹੀ ਹੋਈ ਹੈ, ਸਰਹੱਦੀ ਜਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ, ਪਠਾਨਕੋਟ, ਕਪੂਰਥਲਾ, ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਸਭ ਤੋਂ ਵਧੇਰੇ ਪ੍ਰਭਾਵਿਤ ਹੋਏ ਹਨ ਅਤੇ ਇੱਥੇ ਜ਼ਮੀਨਾਂ ਵਿੱਚ 5-5 ਫੁੱਟ ਤੱਕ ਗਾਰ ਜਮਾਂ ਹੋ ਗਈ ਹੈ।"
ਗੁਰਦਾਸਪੁਰ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਅਮਰੀਕ ਸਿੰਘ ਮੁਤਾਬਕ ਕਿਸਾਨਾਂ ਦਾ ਕਿੰਨਾ ਨੁਕਸਾਨ ਹੋਇਆ ਹੈ ਇਸ ਬਾਰੇ ਤਾਂ ਗਿਰਦਾਵਰੀ ਤੋਂ ਬਾਅਦ ਹੀ ਪੂਰੀ ਜਾਣਕਾਰੀ ਮਿਲ ਪਾਵੇਗੀ ਪਰ ਮੁੱਢਲੇ ਸਰਵੇ ਇਹ ਹੀ ਦਰਸਾਂਦੇ ਹਨ ਕਿ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਝੋਨੇ ਤੋਂ ਇਲਾਵਾ ਗੰਨਾ, ਸਬਜ਼ੀਆਂ ਅਤੇ ਹਰੇ ਚਾਰੇ ਦਾ ਵੀ ਭਰਵਾਂ ਨੁਕਸਾਨ ਹੋਇਆ ਹੈ।
ਅਮਰੀਕ ਸਿੰਘ ਨੇ ਕਿਹਾ ਜਿਹੜੇ ਖੇਤਾਂ ਵਿੱਚ ਪਾਣੀ ਅਜੇ ਵੀ ਖੜਾ ਹੈ, ਉੱਥੇ ਕਣਕ ਦੀ ਬਿਜਾਈ ਕਰਨੀ ਔਖੀ ਹੋਵੇਗੀ। ਯਾਦ ਰਹੇ ਪੰਜਾਬ ਵਿੱਚ ਕਣਕ ਦੀ ਬਿਜਾਈ ਨਵੰਬਰ ਦੇ ਪਹਿਲੇ ਹਫ਼ਤੇ ਸ਼ੁਰੂ ਹੁੰਦੀ ਹੈ।

ਅਮਰੀਕ ਸਿੰਘ ਮੁਤਾਬਕ ਕਈ ਏਕੜ ਜ਼ਮੀਨ ਵਿੱਚ ਮਿੱਟੀ ਜਮ੍ਹਾਂ ਹੋ ਗਈ ਹੈ, ਜੋ ਕਣਕ ਦੀ ਬਿਜਾਈ ਵਿੱਚ ਸਭ ਤੋਂ ਵੱਧ ਅੜਿੱਕਾ ਹੈ।
ਅੰਮ੍ਰਿਤਸਰ ਜ਼ਿਲ੍ਹੇ ਦੇ ਹਰਦੋਬਾਲ ਪਿੰਡ ਦੇ ਜਸਵੀਰ ਸਿੰਘ ਕਹਿੰਦੇ ਹਨ ਫ਼ਸਲਾਂ ਦੇ ਨਾਲ-ਨਾਲ ਲੋਕਾਂ ਦੇ ਘਰ, ਸੰਦ ਸਭ ਕੁਝ ਬਰਬਾਦ ਹੋ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਪਿੰਡ ਵਿੱਚ ਝੋਨੇ ਦੀ ਫ਼ਸਲ 100 ਫ਼ੀਸਦੀ ਖ਼ਰਾਬ ਹੋ ਗਈ ਹੈ।

ਇਸੇ ਪਿੰਡ ਦੇ ਸੁੱਚਾ ਸਿੰਘ ਨੇ ਕਿਹਾ, "ਅਗਲੀ ਫ਼ਸਲ ਲਈ ਬੀਜ ਤੋਂ ਇਲਾਵਾ ਖਾਦ ਅਤੇ ਦਵਾਈਆਂ ਦੀ ਲੋੜ ਹੈ ਪਤਾ ਨਹੀਂ ਇਸ ਲਈ ਪੈਸੇ ਕਿੱਥੋਂ ਆਉਣਗੇ"।
ਉਨ੍ਹਾਂ ਆਖਿਆ ਕਿ ਹੜ੍ਹ ਨੇ ਕਿਸਾਨਾਂ ਨੂੰ ਵਿੱਤੀ ਪੱਖੋਂ ਬਹੁਤ ਮਾਰ ਦਿੱਤੀ ਹੈ, ਆਮਦਨੀ ਖ਼ਤਮ ਹੋ ਗਈ ਅਤੇ ਖ਼ਰਚੇ ਵੱਧ ਗਏ ਹਨ।
ਸਰਕਾਰ ਵੱਲੋਂ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੇ ਐਲਾਨ ਉੱਤੇ ਟਿੱਪਣੀ ਕਰਦਿਆਂ ਸੁੱਚਾ ਸਿੰਘ ਕਹਿੰਦੇ ਹਨ, "ਇਸ ਨਾਲ ਕੁਝ ਨਹੀਂ ਹੋਣਾ, ਕਿਉਂਕਿ ਇੰਨਾ ਖ਼ਰਚਾ ਤਾਂ ਬਿਜਾਈ ਸਮੇਂ ਹੋ ਜਾਂਦਾ ਹੈ।"
ਅੰਮ੍ਰਿਤਸਰ ਤੋਂ ਗੁਰਦਾਸਪੁਰ ਤੱਕ ਦੇ ਸਫ਼ਰ ਦੌਰਾਨ ਥਾਂ-ਥਾਂ ਉੱਤੇ ਹੜ੍ਹ ਦੇ ਪਾਣੀ ਨਾਲ ਬਰਬਾਦ ਹੋਈ ਝੋਨੇ ਦੀ ਹਜ਼ਾਰਾਂ ਏਕੜ ਫ਼ਸਲ ਦੇਖੀ ਜਾ ਸਕਦੀ ਹੈ।
ਕਿਸਾਨਾਂ ਦਾ ਕਹਿਣਾ ਹੈ, "ਖੇਤਾਂ ਵਿਚੋਂ ਝੋਨੇ ਦੀ ਫ਼ਸਲ ਬਾਹਰ ਕਿਵੇਂ ਕੱਢਣੀ ਹੈ, ਇਹ ਵੀ ਉਨ੍ਹਾਂ ਲਈ ਚੁਣੌਤੀ ਹੈ ਕਿਉਂਕਿ ਜ਼ਮੀਨ ਗਿੱਲੀ ਹੋਣ ਕਾਰਨ ਕੰਬਾਇਨ ਜਾਂ ਟਰੈਕਟਰ ਫ਼ਿਲਹਾਲ ਖੇਤਾਂ ਵਿੱਚ ਵਾੜਿਆ ਨਹੀਂ ਜਾ ਸਕਦਾ।
ਕੌਮੀ ਅਨਾਜ ਭੰਡਾਰਨ ਲਈ ਖ਼ਤਰਾ

ਤਸਵੀਰ ਸਰੋਤ, Getty Images
ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਕ ਇਸ ਵਾਰ ਸੂਬੇ ਵਿੱਚ ਝੋਨੇ ਦੀ ਕਾਸ਼ਤ ਕਰੀਬ 32 ਲੱਖ ਹੈਕਟੇਅਰ ਵਿੱਚ ਹੋਈ ਸੀ, ਜਿਸ ਵਿੱਚ ਕਰੀਬ 6 ਲੱਖ ਹੈਕਟੇਅਰ ਬਾਸਮਤੀ ਵੀ ਸ਼ਾਮਲ ਹੈ। ਦੇਸ਼ ਵਿੱਚ ਚੌਲ ਪੈਦਾ ਕਰਨ ਵਾਲੇ ਸੂਬਿਆਂ ਵਿਚੋਂ ਪੰਜਾਬ ਤੀਜੇ ਨੰਬਰ ਉੱਤੇ ਹੈ।
ਗੁਰਦਾਸਪੁਰ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਅਮਰੀਕ ਸਿੰਘ ਦੱਸਦੇ ਹਨ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਝੋਨੇ ਦੀ ਕੁੱਲ ਪੈਦਾਵਾਰ ਪੰਜਾਬ ਵਿੱਚ ਘੱਟ ਹੋਵੇਗੀ।
ਪੰਜਾਬ ਸਰਕਾਰ ਦੇ 2023-24 ਅੰਕੜੇ ਦੱਸਦੇ ਹਨ ਕਿ ਚੌਲਾਂ ਨੂੰ ਲੈ ਕੇ ਪੰਜਾਬ ਦੇ ਕੇਂਦਰੀ ਅਨਾਜ ਭੰਡਾਰਨ ਵਿੱਚ 23.7 ਫ਼ੀਸਦੀ ਸੀ।
ਆਰਥਿਕ ਮਾਹਰ ਰਣਜੀਤ ਸਿੰਘ ਘੁੰਮਣ ਮੁਤਾਬਕ ਹੜ੍ਹਾਂ ਕਾਰਨ ਝੋਨੇ ਦੀ ਹੋਈ ਬਰਬਾਦੀ ਕੌਮੀ ਭੋਜਨ ਸੁਰੱਖਿਆ ਲਈ ਵੀ ਚੁਣੌਤੀ ਹੈ।
ਉਨ੍ਹਾਂ ਕਿਹਾ ਕਿ ਕੇਂਦਰੀ ਅਨਾਜ ਭੰਡਾਰਨ ਵਿੱਚ ਚੌਲ ਰਾਹੀਂ ਪੰਜਾਬ ਹਰ ਸਾਲ 22 ਤੋਂ 25 ਫ਼ੀਸਦ ਯੋਗਦਾਨ ਪਾਉਂਦਾ ਹੈ ਜਿਸ ਤਰੀਕੇ ਨਾਲ ਇਸ ਵਾਰ ਝੋਨੇ ਦੀ ਫ਼ਸਲ ਨੂੰ ਹੜ੍ਹਾਂ ਦੀ ਮਾਰ ਪਈ ਹੈ, ਉਸ ਨਾਲ ਪੰਜਾਬ ਦੀ ਹਿੱਸੇਦਾਰੀ ਸੱਤ ਤੋਂ ਅੱਠ ਫ਼ੀਸਦੀ ਘੱਟ ਹੋ ਸਕਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












