ਪੰਜਾਬ ਵਿੱਚ ਬਿਆਸ ਕੰਢੇ ਵੱਸੇ ਕਿਸਾਨਾਂ ਨੇ 4500 ਏਕੜ ਜ਼ਮੀਨ ਡੁੱਬਣੋਂ ਇੰਝ ਬਚਾਈ, ਜਾਣੋ ਰਿੰਗ ਬੰਨ੍ਹ, ਐਡਵਾਂਸ ਬੰਨ੍ਹ ਅਤੇ ਧੁੱਸੀ ਬੰਨ੍ਹ ਕੀ ਹਨ

ਕਿਸਾਨ
ਤਸਵੀਰ ਕੈਪਸ਼ਨ, ਪਿੰਡਾਂ ਦੇ ਕਿਸਾਨ ਨੇ ਆਪਣੇ ਬਲਬੂਤੇ ਉੱਤੇ ਪਹਿਲਾਂ ਅੱਠ ਕਿਲੋਮੀਟਰ ਲੰਬਾ ਐਡਵਾਂਸ ਬੰਨ੍ਹ ਬਣਾਇਆ ਸੀ
    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ

"ਜੇ ਇਹ ਬੰਨ੍ਹ ਨਾ ਬੱਝਦਾ ਤਾਂ ਕਈ ਘਰ ਅਤੇ ਇੱਕ ਸਕੂਲ ਡੁੱਬ ਜਾਣਾ ਸੀ। ਧੁੱਸੀ ਬੰਨ੍ਹ ਵੀ ਢਹਿ ਜਾਣਾ ਸੀ।"

ਇਹ ਕਹਿੰਦਿਆਂ ਨੁਰੂਵਾਲ ਪਿੰਡ ਦੇ ਵਸਨੀਕ 51 ਸਾਲਾ ਹੁਕਮ ਸਿੰਘ ਖੁੱਦ ਉੱਤੇ ਮਾਣ ਮਹਿਸੂਸ ਕਰਦੇ ਹਨ। ਹੁਕਮ ਸਿੰਘ ਉਨ੍ਹਾਂ ਕਿਸਾਨਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੇ ਬਿਆਸ ਦਰਿਆ ਨਾਲ ਟਾਕਰਾ ਕਰ ਕੇ ਆਪਣੀਆਂ ਜ਼ਮੀਨਾਂ ਅਤੇ ਘਰ ਬਚਾਏ।

ਮੰਗੂਪੁਰ, ਹੂਸੇਨਪੁਰ, ਦੂਲੋਵਾਲ, ਨੂਰੁਵਾਲ, ਬਾਜਾ, ਛੱਟਾ, ਮੁੰਡੀ ਮੋੜ, ਮਹਿਮਦਵਾਲ ਸੁਲਤਾਨਪੁਰ ਲੋਧੀ ਤਹਿਸੀਲ ਦੇ ਇਹ ਉਹ ਪਿੰਡ ਹਨ, ਜਿੱਥੋਂ ਦੇ ਵਸਨੀਕਾਂ ਨੇ ਇੱਕੋ ਰਾਤ ਵਿੱਚ ਲਗਭਗ 4500 ਏਕੜ ਜ਼ਮੀਨ ਬਰਬਾਦ ਹੋਣ ਤੋਂ ਬਚਾ ਲਈ।

ਇਨ੍ਹਾਂ ਪਿੰਡਾਂ ਦੇ ਕਿਸਾਨ ਨੇ ਆਪਣੇ ਬਲਬੂਤੇ ਉੱਤੇ ਪਹਿਲਾਂ ਅੱਠ ਕਿਲੋਮੀਟਰ ਲੰਬਾ ਐਡਵਾਂਸ ਬੰਨ੍ਹ ਬਣਾਇਆ ਸੀ ਤੇ ਫਿਰ ਇਸ ਐਡਵਾਂਸ ਬੰਨ੍ਹ ਪਿੱਛੇ ਇੱਕੋ ਰਾਤ ਵਿੱਚ 500 ਮੀਟਰ ਲੰਬਾ ਰਿੰਗ ਬੰਨ੍ਹ ਬਣਾਇਆ।

2023 ਦੇ ਹੜ੍ਹਾਂ ਵਿੱਚ ਫ਼ਸਲਾਂ ਬਰਬਾਦ ਹੋਣ ਮਗਰੋਂ ਕਿਸਾਨਾਂ ਨੇ ਡੇਢ ਸਾਲ ਵਿੱਚ ਅੱਠ ਕਿਲੋਮੀਟਰ ਲੰਬਾ ਐਡਵਾਂਸ ਬੰਨ੍ਹ ਬਣਾਇਆ ਸੀ ਅਤੇ ਸੱਤ ਸਤੰਬਰ ਨੂੰ ਜਦੋਂ ਇਹ ਬੰਨ੍ਹ ਟੁੱਟਾ ਤਾਂ ਕਿਸਾਨਾਂ ਨੇ ਇੱਕੋ ਰਾਤ ਵਿੱਚ ਰਿੰਗ ਬਣਾ ਲਿਆ।

ਕਪੂਰਥਲਾ ਜ਼ਿਲ੍ਹੇ ਦੀ ਸੁਲਤਾਨਪੁਰ ਤਹਿਸੀਲ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਪੰਜਾਬ ਵਿੱਚ ਸਭ ਤੋਂ ਪਹਿਲਾਂ ਹੜ੍ਹਾਂ ਦੀ ਮਾਰ ਇਸੇ ਇਲਾਕੇ ਵਿੱਚ ਪਈ ਸੀ।

ਇਸ ਮਾਰ ਦੌਰਾਨ ਵੀ ਪਿੰਡਾਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਧੁੱਸੀ ਬੰਨ੍ਹ ਦੇ ਅੰਦਰ ਹੋਣ ਦੇ ਬਾਵਜੂਦ ਵੀ ਬੱਚ ਗਈਆਂ।

 ਰੇਸ਼ਮ ਸਿੰਘ

ਜ਼ਮੀਨਾਂ ਕਿਵੇਂ ਬਚੀਆਂ

ਮੰਗੂਪੁਰ ਪਿੰਡ ਦੇ ਸਰਪੰਚ ਅਤੇ ਸਾਬਕਾ ਖੇਤੀਬਾੜੀ ਅਫਸਰ 62 ਸਾਲ ਰੇਸ਼ਮ ਸਿੰਘ ਉਨ੍ਹਾਂ ਕਿਸਾਨਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੇ ਇਨ੍ਹਾਂ ਪਿੰਡਾਂ ਦੀਆਂ ਜ਼ਮੀਨਾਂ ਬਚਾਉਣ ਦੀ ਮੁਹਿੰਮ ਵਿੱਚ ਅਗਵਾਈ ਕੀਤੀ।

ਰੇਸ਼ਮ ਸਿੰਘ ਦੱਸਦੇ ਹਨ ਕਿ ਸਾਲ 2023 ਵਿੱਚ ਇੰਨਾ ਪਿੰਡਾਂ ਦੀ ਸਾਰੀ ਜ਼ਮੀਨ ਹੜ੍ਹਾਂ ਦੀ ਮਾਰ ਕਾਰਨ ਨੁਕਸਾਨੀ ਗਈ ਸੀ।

"ਸਾਲ 2023 ਵਿੱਚ ਹੜ੍ਹਾਂ ਦੀ ਮਾਰ ਝੱਲਣ ਤੋਂ ਬਾਅਦ ਅਸੀਂ ਇੱਕ ਐਡਵਾਂਸ ਬੰਨ੍ਹ ਬਣਾਉਣ ਦਾ ਫੈਸਲਾ ਕੀਤਾ। ਲਗਭਗ ਡੇਢ ਸਾਲ ਵਿੱਚ ਅਸੀਂ 8 ਕਿਲੋਮੀਟਰ ਲੰਬਾ ਐਡਵਾਂਸ ਬੰਨ੍ਹ ਬਣਾਉਣ ਵਿੱਚ ਕਾਮਯਾਬ ਹੋ ਗਏ।"

ਰੇਸ਼ਮ ਸਿੰਘ ਮੁਤਾਬਕ ਉਨ੍ਹਾਂ ਨੂੰ ਉਮੀਦ ਸੀ ਕਿ ਇਹ ਐਡਵਾਂਸ ਬੰਨ੍ਹ ਹੜ੍ਹਾਂ ਦੀ ਮਾਰ ਝੱਲ ਲਵੇਗਾ ਪਰ ਅਜਿਹਾ ਨਹੀਂ ਹੋਇਆ।

ਉਨ੍ਹਾਂ ਨੇ ਦੱਸਿਆ, "ਇੱਕ ਰਾਤ ਸਾਨੂੰ ਸੁਨੇਹੇ ਮਿਲਿਆ ਬੰਨ੍ਹ ਟੁੱਟ ਗਿਆ ਹੈ। ਇਸ ਖ਼ਬਰ ਨਾਲ ਸਾਰਿਆਂ ਦੇ ਸਬਰ ਵੀ ਟੁੱਟ ਗਏ।"

ਰੇਸ਼ਮ ਸਿੰਘ ਦੱਸਦੇ ਹਨ ਕਿ ਐਡਵਾਂਸ ਬੰਨ੍ਹ ਟੁੱਟਣ ਮਗਰੋਂ ਉਨ੍ਹਾਂ ਨੇ ਇੱਕੋ ਰਾਤ ਵਿੱਚ 500 ਮੀਟਰ ਲੰਬਾ ਇੱਕ ਹੋਰ ਰਿੰਗ ਬੰਨ੍ਹ ਬਣਾਇਆ। ਇਹ ਰਿੰਗ ਬੰਨ੍ਹ ਐਡਵਾਂਸ ਬੰਨ੍ਹ ਦੇ ਮਗਰ ਬਣਾਇਆ ਗਿਆ।

ਉਨ੍ਹਾਂ ਦਾ ਕਹਿਣਾ ਹੈ, "ਇਹ ਰਿੰਗ ਬੰਨ੍ਹ ਲਗਭਗ 12 ਘੰਟਿਆਂ ਵਿੱਚ ਬਣਾ ਦਿੱਤਾ ਗਿਆ। ਸੰਗਤਾਂ ਦੀ ਮਿਹਨਤ ਸਫ਼ਲ ਹੋਈ ਅਤੇ ਅਸੀਂ ਇਸ ਏਰੀਏ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਵਿੱਚ ਕਾਮਯਾਬ ਹੋਏ।"

ਹੁਕਮ ਸਿੰਘ

ਕਿੰਨਾ ਖ਼ਰਚਾ ਆਇਆ

ਰੇਸ਼ਮ ਸਿੰਘ ਦੱਸਦੇ ਹਨ ਕਿ ਕਿਸਾਨਾਂ ਨੇ ਐਡਵਾਂਸ ਬੰਨ੍ਹ ਬਣਾਉਣ ਉੱਤੇ ਲਗਭਗ 85 ਲੱਖ ਰੁਪਏ ਖਰਚੇ ਸਨ ਅਤੇ ਹੁਣ ਰਿੰਗ ਬੰਨ੍ਹ ਬਣਾਉਣ ਉੱਤੇ ਲਗਭਗ 36 ਲੱਖ ਰੁਪਏ ਤੋਂ ਵੱਧ ਖਰਚ ਚੁੱਕੇ ਹਨ।

ਰੇਸ਼ਮ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੇ ਆਪਣੀ ਜੇਬ ਵਿੱਚੋਂ ਪੈਸੇ ਖ਼ਰਚੇ ਹਨ। ਇਸ ਤੋਂ ਇਲਾਵਾ ਨਜ਼ਦੀਕੀ ਧਾਰਮਿਕ ਸੰਸਥਾਵਾਂ ਨੇ ਵੀ ਵੱਡੇ ਪੱਧਰ ਉੱਤੇ ਆਰਥਿਕ ਅਤੇ ਹੋਰ ਸਾਧਨਾਂ ਜ਼ਰੀਏ ਉਨ੍ਹਾਂ ਦੀ ਮੱਦਦ ਕੀਤੀ ਹੈ।

ਸੁਲਤਾਨਪੁਰ ਲੋਧੀ ਦੇ ਐੱਮਐੱਲਏ ਨੇ ਵੀ ਜੇਸੀਬੀ ਅਤੇ ਪੋਕਲੇਨ ਮਸ਼ੀਨਾਂ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਮੱਦਦ ਕੀਤੀ ਹੈ।

ਨੁਰੂਵਾਲ ਪਿੰਡ ਦੇ ਵਸਨੀਕ ਹੁਕਮ ਸਿੰਘ ਨੇ ਦੱਸਿਆ, "ਕਿਸਾਨਾਂ ਤੋਂ ਪ੍ਰਤੀ ਏਕੜ ਦੇ ਹਿਸਾਬ ਨਾਲ ਪੈਸੇ ਲਏ ਗਏ ਸਨ। ਜਿਸ ਕਿਸਾਨ ਦੀ ਜ਼ਮੀਨ ਵਿੱਚ ਰਿੰਗ ਬੰਨ੍ਹ ਬਣਾਇਆ ਗਿਆ ਹੈ, ਉਸ ਨੂੰ 16 ਲੱਖ ਰੁਪਏ ਦਿੱਤੇ ਗਏ। ਇਸ ਤੋਂ ਇਲਾਵਾ 16 ਲੱਖ ਰੁਪਏ ਡੀਜ਼ਲ ਉੱਤੇ ਖ਼ਰਚਾ ਆਇਆ। ਬੋਰੀਆਂ ਦੀਆਂ ਕਰੇਟਾ ਬਣਾਉਣ ਵਾਸਤੇ ਲੋਹੇ ਦੀਆਂ ਤਾਰਾਂ ਖ਼ਰੀਦਣ ਉੱਤੇ ਵੀ ਖਰਚਾ ਆਇਆ ਹੈ।"

 ਪਿੰਡ ਵਾਲੇ

ਰਿੰਗ ਬੰਨ੍ਹ, ਐਡਵਾਂਸ ਬੰਨ੍ਹ ਅਤੇ ਧੁੱਸੀ ਬੰਨ੍ਹ ਕੀ ਹਨ

ਦਰਿਆਵਾਂ ਦੇ ਦੋਵੇਂ ਕਿਨਾਰਿਆਂ ਉੱਤੇ ਬਣੇ ਬੰਨ੍ਹਾਂ ਨੂੰ ਧੁੱਸੀ ਬੰਨ੍ਹ ਕਿਹਾ ਜਾਂਦਾ ਹੈ। ਇਸ ਨਾਲ ਬੰਨ੍ਹ ਦੀ ਦੇਖ-ਰੇਖ ਅਤੇ ਸੁਰੱਖਿਆ ਸਰਕਾਰ ਕਰਦੀ ਹੈ।

ਦਰਿਆਵਾਂ ਦੇ ਤਲ ਵੱਲ ਇਨ੍ਹਾਂ ਧੁੱਸੀ ਬੰਨ੍ਹਾਂ ਤੋਂ ਅੱਗੇ ਬਣੇ ਬੰਨ੍ਹਾਂ ਨੂੰ ਐਡਵਾਂਸ ਬੰਨ੍ਹ ਆਖਿਆ ਜਾਂਦਾ ਹੈ। ਇਨ੍ਹਾਂ ਬੰਨ੍ਹਾਂ ਨੂੰ ਅਸਥਾਈ ਬੰਨ੍ਹ ਵੀ ਆਖਿਆ ਜਾਂਦਾ ਹੈ। ਇਹ ਲੋਕਾਂ ਵੱਲੋਂ ਖੁਦ ਉਸਾਰੇ ਜਾਂਦੇ ਹਨ।

ਸਾਬਕਾ ਖੇਤੀਬਾੜੀ ਅਫਸਰ ਰੇਸ਼ਮ ਸਿੰਘ ਦੱਸਦੇ ਹਨ ਕਿ ਧੁੱਸੀ ਬੰਨ੍ਹ ਵਿਚਕਾਰ ਅਤੇ ਦਰਿਆਵਾਂ ਦੇ ਕੰਢੇ ਖੇਤੀ ਕਰਦੇ ਕਿਸਾਨ ਆਪਣੀਆਂ ਜ਼ਮੀਨਾਂ ਨੂੰ ਹੜ੍ਹਾਂ ਤੋਂ ਬਚਾਉਣ ਵਾਸਤੇ ਐਡਵਾਂਸ ਬੰਨ੍ਹ ਉਸਾਰਦੇ ਹਨ।

ਰਿੰਗ ਬੰਨ੍ਹ ਧੁੱਸੀ ਬੰਨ੍ਹਾ ਜਾਂ ਐਡਵਾਂਸ ਬੰਨ੍ਹਾਂ ਦੇ ਪਿੱਛੇ ਉਸਾਰੇ ਜਾਂਦੇ ਹਨ। ਇਹ ਰਿੰਗ ਬੰਨ੍ਹ ਦੇ ਦੋਵੇਂ ਸਿਰੇ ਇਸ ਤੋਂ ਅੱਗੇ ਸਥਿਤ ਬੰਨ੍ਹ ਨਾਲ ਜੁੜੇ ਹੁੰਦੇ ਹਨ।

ਰੇਸ਼ਮ ਸਿੰਘ ਦੱਸਦੇ ਹਨ ਕਿ ਜਦੋਂ ਐਡਵਾਂਸ ਜਾਂ ਧੁੱਸੀ ਬੰਨ੍ਹ ਟੁੱਟਣ ਵਾਲਾ ਹੁੰਦਾ ਹੈ ਤਾਂ ਪਿੱਛੇ ਇੱਕ ਹੋਰ ਬੰਨ੍ਹ ਬਣਾਕੇ ਦਰਿਆ ਦੇ ਪਾਣੀ ਨੂੰ ਅੱਗੇ ਵੱਧਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਸਰੂਪ ਸਿੰਘ
ਤਸਵੀਰ ਕੈਪਸ਼ਨ, ਸਰੂਪ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਦੀ 25 ਏਕੜ ਫ਼ਸਲ ਬਚ ਗਈ

ਸੁੱਖ ਦਾ ਸਾਹ

ਪਿੰਡ ਖਿਜ਼ਰਪੁਰ ਦੇ ਵਸਨੀਕ ਸਰੂਪ ਸਿੰਘ ਹੁਣ ਸੁੱਖ ਦਾ ਸਾਹ ਲਿਆ ਹੈ।

ਉਹ ਆਖਦੇ ਹਨ, "ਮੇਰੀ 15 ਏਕੜ ਝੋਨੇ ਦੀ ਫ਼ਸਲ ਬਰਬਾਦ ਹੋਣ ਤੋਂ ਬੱਚ ਗਈ ਹੈ। ਜੇਕਰ ਪਾਣੀ ਨਾਲ ਫ਼ਸਲ ਖਰਾਬ ਹੋ ਜਾਂਦੀ ਤਾਂ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਦਿਹਾੜੀ ਕਰਨੀ ਪੈਂਦੀ ਜਾਂ ਪੈਸੇ ਉਧਾਰ ਲੈਣੇ ਪੈਂਦੇ।"

"ਜੇਕਰ ਇਹ ਰਿੰਗ ਬੰਨ੍ਹ ਨਾ ਬਣਦਾ ਤਾਂ ਸਕੂਲ ਅਤੇ ਘਰਾਂ ਦਾ ਵੱਡਾ ਨੁਕਸਾਨ ਹੋਣਾ ਸੀ। ਇਸ ਤੋਂ ਵੀ ਵੱਡਾ ਨੁਕਸਾਨ ਧੁੱਸੀ ਬੰਨ੍ਹ ਨੂੰ ਹੋ ਸਕਦਾ ਸੀ। ਧੁੱਸੀ ਬੰਨ੍ਹ ਐਡਵਾਂਸ ਬੰਨ੍ਹ ਕਾਫੀ ਨੀਵਾਂ ਹੈ। ਰਿੰਗ ਬੰਨ੍ਹ ਨਾਲ ਹੋਰ ਬਹੁਤ ਪਿੰਡਾਂ ਦਾ ਨੁਕਸਾਨ ਹੋਣ ਤੋਂ ਬੱਚ ਗਿਆ।"

ਦਰਿਆ

ਪ੍ਰਸ਼ਾਸਨ ਨੇ ਕੀ ਕਿਹਾ

ਇਲਾਕੇ ਦੇ ਕਿਸਾਨਾਂ ਅਤੇ ਲੋਕਾਂ ਦਾ ਇਲਜ਼ਾਮ ਹੈ ਕਿ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ।

ਏਡੀਸੀ ਜਨਰਲ ਨਵਨੀਤ ਕੌਰ ਬੱਲ ਨੇ ਕਿਸਾਨਾਂ ਦੇ ਇੰਨਾਂ ਇਲਜ਼ਾਮਾਂ ਉੱਤੇ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਇਹ ਇੱਕ ਨੀਤੀਗਤ ਮਸਲਾ ਹੈ। ਇਸ ਲਈ ਉਹ ਟਿੱਪਣੀ ਨਹੀਂ ਕਰਨਗੇ।

ਉਨ੍ਹਾਂ ਕਿਹਾ, "ਐਡਵਾਂਸ ਬੰਨ੍ਹ ਤਕਨੀਕ ਦੀ ਵਰਤੋਂ ਬਹੁਤ ਥਾਵਾਂ ਉੱਤੇ ਕੀਤੀ ਜਾਂਦੀ ਹੈ। ਕਪੂਰਥਲਾ ਜ਼ਿਲ੍ਹੇ ਵਿੱਚ ਵੀ ਇਸ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਪਾਣੀ ਦੇ ਤੇਜ਼ ਵਹਾਅ ਕਾਰਨ ਐਡਵਾਂਸ ਬੰਨ੍ਹਾਂ ਦਾ ਵੀ ਨੁਕਸਾਨ ਹੋਇਆ ਹੈ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)