'ਇੰਨਾ ਸਮਾਂ ਵੀ ਨਾ ਮਿਲਿਆ ਕਿ ਖਾਣ ਨੂੰ ਕਣਕ ਚੁੱਕ ਲਈਏ, ਸਤਲੁਜ ਦਾ ਪਾਣੀ ਇੱਕੋ-ਦਮ ਘਰ ਆ ਵੜਿਆ', "ਉੱਜੜਿਆਂ ਦੇ ਪਿੰਡ" ਰਹਿੰਦੇ ਬੇਘਰ ਲੋਕਾਂ ਦਾ ਦਰਦ

ਪੰਜਾਬ ਹੜ੍ਹ
ਤਸਵੀਰ ਕੈਪਸ਼ਨ, ਹੜ੍ਹ ਦੇ ਪਾਣੀ ਵਿੱਚ ਖ਼ਰਾਬ ਹੋਈ ਫ਼ਸਲ ਨੂੰ ਦੇਖਦੀ ਇੱਕ ਔਰਤ
    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ

"ਇਹ ਹੁਣ ਉੱਜੜੇ ਹੋਏ ਲੋਕਾਂ ਦੀ ਥਾਂ ਹੈ। ਇੱਥੇ ਸਾਰੇ ਲੋਕ ਉੱਜੜਕੇ ਅਤੇ ਘਰੋਂ ਬੇਘਰ ਹੋ ਕੇ ਆਏ ਹਨ।"

ਇਹ ਬੋਲ 40 ਸਾਲਾਂ ਜਸਵਿੰਦਰ ਕੌਰ ਦੇ ਹਨ, ਜੋ ਹੜ੍ਹਾਂ ਦੀ ਮਾਰ ਕਰਕੇ ਬੇਘਰ ਹੋਏ 1000 ਦੇ ਕਰੀਬ ਲੋਕਾਂ ਸਣੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਲਾਧੂਕਾ ਪਿੰਡ ਦੀ ਦਾਣਾ ਮੰਡੀ ਵਿੱਚ ਰਹਿ ਰਹੇ ਹਨ।

ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਦੀ ਸਰਹੱਦ ਨੇੜੇ ਸਥਿਤ ਚਾਰ ਪਿੰਡਾਂ ਦੇ ਲੋਕ ਇਸ ਦਾਣਾ ਮੰਡੀ ਵਿੱਚ ਤੰਬੂਆਂ, ਟੈਂਟਾਂ ਅਤੇ ਆੜ੍ਹਤੀਆਂ ਦੀਆਂ ਦੁਕਾਨਾਂ ਵਿੱਚ ਰਹਿ ਰਹੇ ਹਨ।

ਹੜ੍ਹਾਂ ਦੀ ਮਾਰ ਹੇਠ ਆਏ ਚਾਰ ਪਿੰਡਾਂ ਦੇ ਲੋਕ ਇੱਕੋ ਜਗ੍ਹਾ ਇਕੱਠੇ ਰਹਿਣ ਕਰਕੇ ਹੁਣ ਇਹ ਦਾਣਾ ਮੰਡੀ ਹੜ੍ਹਾਂ ਕਾਰਨ, "ਉੱਜੜੇ ਹੋਏ ਲੋਕਾਂ ਦਾ ਪਿੰਡ" ਪ੍ਰਤੀਤ ਹੁੰਦਾ ਹੈ।

ਇੱਥੇ ਰਹਿੰਦੇ ਲੋਕਾਂ ਵਿੱਚ ਵੱਡੀ ਗਿਣਤੀ ਛੋਟੀ ਖੇਤੀ ਵਾਲੇ ਕਿਸਾਨ ਅਤੇ ਮਜ਼ਦੂਰ ਪਰਿਵਾਰਾਂ ਦੀ ਹੈ।

ਆਪਣੇ ਦੁਧਾਰੂ ਪਸ਼ੂਆਂ ਮੱਝਾਂ ਅਤੇ ਗਾਵਾਂ ਸਣੇ ਇਹ ਲੋਕ ਪਿਛਲੇ ਦੋ ਹਫ਼ਤਿਆਂ ਤੋਂ ਇਸ ਰਾਹਤ ਕੈਂਪ ਵਿੱਚ ਰਹਿ ਰਹੇ ਹਨ। ਇਨ੍ਹਾਂ ਦੇ ਘਰ ਅਤੇ ਜ਼ਮੀਨਾਂ ਸਤਲੁਜ ਦੇ ਪਾਣੀ ਵਿੱਚ ਡੁੱਬੇ ਚੁੱਕੇ ਹਨ।

ਛੋਟੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਦਰਦ

ਤਾਰੋ ਬਾਈ
ਤਸਵੀਰ ਕੈਪਸ਼ਨ, ਬਜ਼ੁਰਗ ਤਾਰੋ ਬਾਈ ਆਪਣੇ ਪੁੱਤਰ ਨਾਲ ਇੱਕ ਕਮਰੇ ਦੇ ਘਰ ਵਿੱਚ ਰਹਿੰਦੇ ਸੀ ਹੁਣ ਉਹ ਵੀ ਬੇਘਰ ਹਨ

ਇਸ ਪਿੰਡ ਦੀ ਦਾਣਾ ਮੰਡੀ ਵਿੱਚ ਭਾਰਤ-ਪਾਕਿਸਤਾਨ ਦੀ ਸਰਹੱਦ ਨੇੜੇ ਵਸੇ ਚਾਰ ਪਿੰਡ ਗੁੱਦੜ ਭੈਣੀ, ਘੁਰਕਾ, ਵੱਲੇ ਸ਼ਾਹ ਉਤਾੜ, ਵੱਲੇ ਸ਼ਾਹ ਹਿੱਠਾੜ ਦੇ ਵਸਨੀਕ ਰਹਿ ਰਹੇ ਹਨ।

ਗੁੱਦੜ ਭੈਣੀ ਪਿੰਡ ਦੇ ਕਿਸਾਨ ਮੱਲ ਸਿੰਘ ਚਾਰ ਏਕੜ ਦੇ ਮਾਲਕ ਹਨ। ਉਹ ਰਾਹਤ ਕੈਂਪ ਵਿੱਚ ਆਪਣੇ ਪਰਿਵਾਰ ਸਮੇਤ ਰਹਿ ਰਹੇ ਹਨ।

ਫ਼ਸਲਾਂ ਅਤੇ ਘਰ ਪਾਣੀ ਵਿੱਚ ਡੁੱਬਣ ਕਰਕੇ ਕਿਸਾਨ ਮੱਲ ਸਿੰਘ ਦੀਆਂ ਕਈ ਆਸਾਂ ਉੱਤੇ ਪਾਣੀ ਫਿਰ ਗਿਆ ਹੈ।

ਮੱਲ ਸਿੰਘ ਕਹਿੰਦੇ ਹਨ, "ਮੇਰੇ ਬੱਚੇ ਕਾਲਜ ਵਿੱਚ ਪੜ੍ਹਦੇ ਹਨ ਅਤੇ ਉਨ੍ਹਾਂ ਨੂੰ ਲੈਪਟਾਪ ਦੀ ਲੋੜ ਸੀ। ਲੈਪਟਾਪ ਦੀ ਘਾਟ ਕਾਰਨ ਉਹ ਪੜ੍ਹਾਈ ਵਿੱਚ ਪੱਛੜ ਰਹੇ ਹਨ।"

"ਇਸ ਵਾਰ ਮੈਂ ਫ਼ਸਲ ਵੇਚ ਕੇ ਉਨ੍ਹਾਂ ਨੂੰ ਲੈਪਟਾਪ ਲੈ ਕੇ ਦੇਣਾ ਸੀ। ਪਰ ਹੁਣ ਕਈ ਸਾਲਾਂ ਤੱਕ ਮੈਂ ਆਪਣੇ ਬੱਚਿਆਂ ਦੀ ਇਹ ਲੋੜ ਪੂਰੀ ਨਹੀਂ ਕਰ ਸਕਾਂਗਾ।"

ਇਨ੍ਹਾਂ ਪਿੰਡਾਂ ਦੇ ਜ਼ਿਆਦਾਤਰ ਵਸਨੀਕ ਰਾਏ ਸਿੱਖ ਭਾਈਚਾਰੇ ਨਾਲ ਸਬੰਧਤ ਹਨ।

ਹੜ੍ਹ
ਤਸਵੀਰ ਕੈਪਸ਼ਨ, ਹੜ੍ਹਾਂ ਵਿੱਚ ਇਨਸਾਨ ਹੀ ਨਹੀਂ ਪਸ਼ੂ ਵੀ ਬੇਘਰ ਹੋਏ ਹਨ

ਇਨ੍ਹਾਂ ਹੜ੍ਹ ਪੀੜਤਾਂ ਵਿੱਚ ਕੁਝ ਪਰਿਵਾਰਾਂ ਨੂੰ ਛੱਡ ਕੇ ਬਾਕੀ ਸਾਰੇ ਪਰਿਵਾਰ ਛੋਟੇ ਕਿਸਾਨ ਹਨ, ਜਿਨ੍ਹਾਂ ਕੋਲ ਇੱਕ ਕਨਾਲ਼ ਤੋਂ ਲੈ ਕੇ 4 ਏਕੜ ਤੱਕ ਦੀ ਜ਼ਮੀਨ ਹੈ, ਜਾਂ ਮਜ਼ਦੂਰੀ ਕਰਕੇ ਗੁਜ਼ਾਰਾ ਕਰਨ ਵਾਲੇ ਪਰਿਵਾਰ ਸ਼ਾਮਲ ਹਨ।

ਬਜ਼ੁਰਗ ਤਾਰੋ ਬਾਈ ਆਪਣੇ ਪੁੱਤਰ ਨਾਲ ਇੱਕ ਕਮਰੇ ਦੇ ਘਰ ਵਿੱਚ ਰਹਿੰਦੀ ਸੀ। ਉਸਨੂੰ ਵੀ ਬੇਘਰ ਹੋਣਾ ਪਿਆ ਹੈ।

ਰੋਂਦੀ ਹੋਈ ਤਾਰੋ ਬਾਈ ਕਹਿੰਦੀ ਹੈ, "ਮੇਰਾ ਮੁੰਡਾ ਨਸ਼ੇ ਦਾ ਆਦੀ ਹੋਣ ਕਰਕੇ ਕੰਮਕਾਰ ਘੱਟ ਕਰਦਾ ਹੈ। ਮੈਂ ਵਿਧਵਾ ਪੈਨਸ਼ਨ ਅਤੇ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਚਲਾਉਂਦੀ ਸੀ।"

"ਮੇਰੇ ਘਰ ਵਿੱਚ ਕਈ ਦਿਨਾਂ ਤੋਂ ਪਾਣੀ ਖੜ੍ਹਾ ਹੈ। ਪਾਣੀ ਕਰਕੇ ਮੇਰਾ ਘਰ ਡਿੱਗ ਪਵੇਗਾ। ਮੈਂ ਕਿੱਥੇ ਰਹਾਂਗੀ।"

ਇਸੇ ਰਾਹਤ ਕੈਂਪ ਵਿੱਚ ਰਹਿੰਦੀ ਜਸਵਿੰਦਰ ਕੌਰ ਕਹਿੰਦੀ ਹੈ, "ਅਸੀਂ ਮਜ਼ਦੂਰੀ ਕਰਕੇ, ਲੋਕਾਂ ਦੇ ਘਰਾਂ ਵਿੱਚ ਪੋਚੇ ਲਾਕੇ ਆਪਣੇ ਘਰ ਬਣਾਏ ਸੀ ਪਰ ਹੁਣ ਘਰਾਂ ਦਾ ਬੁਰੀ ਤਰ੍ਹਾਂ ਨੁਕਸਾਨ ਹੋ ਗਿਆ ਹੈ।"

ਕਦੋਂ-ਕਦੋਂ ਬੇਘਰ ਹੋਣਾ ਪਿਆ

ਹੜ੍ਹ
ਤਸਵੀਰ ਕੈਪਸ਼ਨ, ਚਾਰ ਪਿੰਡਾਂ ਦੇ ਹੜ੍ਹ ਪੀੜਤ ਪਰਿਵਾਰ ਹੁਣ ਇੱਕ ਥਾਂ ਰਹਿ ਰਹੇ ਹਨ

ਇੱਥੇ ਰਹਿੰਦੇ ਹੜ੍ਹ ਪੀੜਤਾਂ ਨੇ ਦੱਸਿਆ ਕਿ ਉਹ ਪਹਿਲੀ ਵਾਰ ਬੇਘਰ ਨਹੀਂ ਹੋਏ ਹਨ। ਇਹ ਲੋਕ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਦੀ ਸਰਹੱਦ ਨੇੜੇ ਰਹਿੰਦੇ ਹਨ।

ਪਿਛਲੇ ਪੰਜ ਦਹਾਕਿਆਂ ਵਿੱਚ ਜਦੋਂ ਵੀ ਪੰਜਾਬ ਉੱਤੇ ਹੜ੍ਹਾਂ ਦੀ ਮਾਰ ਪਈ ਹੈ ਜਾਂ ਜਦੋਂ ਵੀ ਭਾਰਤ-ਪਾਕਿਸਤਾਨ ਦੇ ਰਿਸ਼ਤੇ ਵਿਗੜੇ ਹਨ, ਇਹ ਲੋਕ ਘਰ ਛੱਡਣ ਲਈ ਮਜਬੂਰ ਹੋਏ ਹਨ।

ਉਨ੍ਹਾਂ ਦੱਸਿਆ ਕਿ ਸਾਲ 1988 ਤੋਂ ਲੈ ਕੇ ਇਸ ਸਾਲ ਦੇ ਹੜ੍ਹਾਂ ਤੱਕ ਕਈ ਵਾਰ ਪੰਜਾਬ ਵਿੱਚ ਹੜ੍ਹ ਆਏ ਹਨ ਅਤੇ ਉਨ੍ਹਾਂ ਨੂੰ ਹਰ ਵਾਰੀ ਆਪਣਾ ਘਰ ਛੱਡਣ ਵਾਸਤੇ ਮਜਬੂਰ ਹੋਣਾ ਪਿਆ ਹੈ।

ਭਜਨੋ ਬਾਈ
ਤਸਵੀਰ ਕੈਪਸ਼ਨ, ਭਜਨੋ ਬਾਈ ਕਹਿੰਦੇ ਹਨ ਕਿ ਸਰਹੱਦ ਉੱਤੇ ਰਹਿਣ ਕਾਰਨ ਕਦੀ ਕੁਦਰਤੀ ਆਫ਼ਤ ਤਾਂ ਕਦੀ ਜੰਗ ਉਨ੍ਹਾਂ ਨੂੰ ਉਜਾੜ ਦਿੰਦੀ ਹੈ

ਗੁੱਦੜ ਭੈਣੀ ਪਿੰਡ ਦੀ ਰਹਿਣ ਵਾਲੀ ਭਜਨੋ ਬਾਈ ਨੇ ਦੱਸਿਆ ਕਿ ਇਸ ਸਾਲ ਜਦੋਂ ਭਾਰਤ- ਪਾਕਿਸਤਾਨ ਦੇ ਰਿਸ਼ਤੇ ਵਿਗੜੇ ਸਨ ਤਾਂ ਉਦੋਂ ਵੀ ਉਸਦੇ ਪਰਿਵਾਰ ਨੂੰ ਘਰ ਛੱਡਣਾ ਪਿਆ ਸੀ।

ਉਨ੍ਹਾਂ ਕਿਹਾ, "ਕਦੇ ਸਾਨੂੰ ਜੰਗ ਦੀ ਮਾਰ ਪੈਂਦੀ ਹੈਂ। ਕਦੀ ਸਾਨੂੰ ਪਾਣੀ ਦੀ ਮਾਰ ਪੈਂਦੀ ਹੈ। ਜਦੋਂ ਹੀ ਚੰਗੀ ਫ਼ਸਲ ਹੁੰਦੀ ਹੈ, ਕੋਈ ਨਾ ਕੋਈ ਮਾਰ ਪੈ ਜਾਂਦੀ ਹੈ।

ਇਸੇ ਪਿੰਡ ਦੀ ਰਹਿਣ ਵਾਸੀ ਜਸਵਿੰਦਰ ਕੌਰ ਦਾ ਕਹਿਣਾ ਹੈ, "ਸਾਨੂੰ ਹਰ ਵਾਰ ਆਫ਼ਤ ਪੈਂਦੀ ਹੈ। ਕਦੀ ਜੰਗ ਦੇ ਰੌਲੇ, ਕਦੀ ਪਾਣੀਆਂ ਦੇ ਰੌਲੇ। ਅਸੀਂ ਕਦੀ ਵੀ ਆਰਾਮ ਨਾਲ ਆਪਣੀ ਜ਼ਿੰਦਗੀ ਬਤੀਤ ਨਹੀਂ ਕਰ ਸਕੇ।"

ਵੀਡੀਓ ਕੈਪਸ਼ਨ, ਰਾਹਤ ਕੈਂਪ ਬਣਿਆ ਉੱਜੜੇ ਹੋਏ ਲੋਕਾਂ ਦਾ ਪਿੰਡ

ਫ਼ਸਲਾਂ ਅਤੇ ਘਰਾਂ ਤੋਂ ਬਿਨ੍ਹਾਂ ਕਿਹੜਾ ਨੁਕਸਾਨ ਹੋਇਆ

ਮੰਜੂ
ਤਸਵੀਰ ਕੈਪਸ਼ਨ, ਮੰਜੂ ਆਪਣੀ ਪੜ੍ਹਾਈ ਨੂੰ ਲੈਕੇ ਚਿੰਤਿਤ ਹਨ

ਘਰਾਂ ਅਤੇ ਫ਼ਸਲਾਂ ਤੋਂ ਬਿਨ੍ਹਾਂ ਹੜ੍ਹਾਂ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋਈ ਹੈ। ਰਾਹਤ ਕੈਂਪ ਵਿੱਚ ਰਹਿੰਦੀ 21 ਸਾਲਾ ਮੰਜੂ ਦੀ ਪੜ੍ਹਾਈ ਵੀ ਛੁੱਟ ਗਈ ਹੈ।

ਮੰਜੂ ਦਾ ਕਹਿਣਾ ਹੈ, "ਮੇਰੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਪਹਿਲਾਂ ਜਦੋਂ ਘਰ ਸੀ ਤਾਂ ਰੋਜ਼ਾਨਾ ਕਾਲਜ ਜਾਂਦੀ ਸੀ। ਪਰ ਰਾਹਤ ਕੈਂਪ ਤੋਂ ਕਾਲਜ ਜਾਣ ਮੁਸ਼ਕਿਲ ਹੈ।"

ਮੰਜੂ ਨੇ ਦੱਸਿਆ ਕਿ ਰਾਹਤ ਕੈਂਪ ਵਿੱਚ ਲੋਕਾਂ ਦੀ ਗਿਣਤੀ ਵੱਧ ਹੈ ਅਤੇ ਬਾਥਰੂਮਾਂ ਦੀ ਘਾਟ ਹੋਣ ਕਰਕੇ, ਕਾਲਜ ਜਾਣ ਵਾਸਤੇ ਤਿਆਰ ਹੋਣ ਦਾ ਸਮਾਂ ਹੀ ਨਹੀਂ ਮਿਲਦਾ।

ਰਾਹਤ ਕੈਂਪ ਵਿੱਚ ਜ਼ਿੰਦਗੀ

ਐੱਸਡੀਉ ਮਨਪ੍ਰੀਤ ਸਿੰਘ
ਤਸਵੀਰ ਕੈਪਸ਼ਨ, ਪੰਚਾਇਤ ਰਾਜ ਵਿਭਾਗ ਵਿੱਚ ਐੱਸਡੀਉ ਮਨਪ੍ਰੀਤ ਸਿੰਘ ਇਸ ਰਾਹਤ ਕੈਂਪ ਦੇ ਨੋਡਲ ਅਫ਼ਸਰ ਹਨ।

ਰਾਹਤ ਕੈਂਪ ਵਿੱਚ ਹੜ੍ਹ ਪੀੜਤ, ਤੰਬੂ ਅਤੇ ਟੈਂਟ ਲਗਾ ਕੇ ਰਹਿ ਰਹੇ ਹਨ। ਕਈ ਪੀੜਤ ਦਾਣਾ ਮੰਡੀ ਵਿੱਚ ਸਥਿਤ ਆੜ੍ਹਤੀਆਂ ਦੀਆਂ ਦੁਕਾਨਾਂ ਵਿੱਚ ਵੀ ਰਹਿ ਰਹੇ ਹਨ।

ਪੰਚਾਇਤ ਰਾਜ ਵਿਭਾਗ ਵਿੱਚ ਐੱਸਡੀਉ ਮਨਪ੍ਰੀਤ ਸਿੰਘ ਇਸ ਰਾਹਤ ਕੈਂਪ ਦੇ ਨੋਡਲ ਅਫ਼ਸਰ ਹਨ।

ਉਨ੍ਹਾਂ ਦੱਸਿਆ ਕਿ ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰਸ਼ਾਸਨ ਵੱਲੋਂ ਹੜ੍ਹ ਪੀੜਤ ਲੋਕਾਂ ਨੂੰ ਤੰਬੂ ਲਗਾਉਣ ਵਾਸਤੇ ਤਰਪਾਲਾਂ ਦਿੱਤੀਆਂ ਗਈਆਂ ਹਨ। ਆੜ੍ਹਤੀਆਂ ਦੀਆਂ ਦੁਕਾਨਾਂ ਖੁੱਲ੍ਹਵਾਕੇ ਰਹਿਣ ਲਈ ਦਿੱਤੀਆਂ ਗਈਆਂ ਹਨ।

ਲੋਕ ਇੱਥੇ ਆਪਣੇ ਦੁਧਾਰੂ ਪਸ਼ੂਆਂ, ਮੱਝਾਂ, ਗਾਵਾਂ, ਫਰਨੀਚਰ, ਵਾਹਨ ਅਤੇ ਕਣਕ ਲੈ ਕੇ ਇੱਥੇ ਪਹੁੰਚੇ ਹੋਏ ਹਨ।

ਹਾਲਾਂਕਿ ਕਈ ਲੋਕਾਂ ਨੂੰ ਆਪਣੇ ਫ਼ਰਨੀਚਰ ਅਤੇ ਖਾਣ ਜੋਗੇ ਘਰ ਵਿੱਚ ਰੱਖੇ ਦਾਣੇ ਸਾਂਭਣ ਦਾ ਮੌਕਾ ਵੀ ਨਹੀਂ ਮਿਲਿਆ।

ਘੁਰਕਾ ਪਿੰਡ ਦੀ ਰਹਿਣ ਵਾਲੀ 21 ਸਾਲਾ ਮੰਜੂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੂੰ ਕਣਕ ਚੁੱਕਣ ਦਾ ਸਮਾਂ ਵੀ ਨਹੀਂ ਮਿਲਿਆ। ਉਹ ਸੁੱਤੇ ਹੋਏ ਸਨ ਜਦੋਂ ਉਨ੍ਹਾਂ ਦੇ ਘਰ ਤੱਕ ਸਤਲੁਜ ਦਰਿਆ ਦਾ ਪਾਣੀ ਪਹੁੰਚ ਗਿਆ ਸੀ।

"ਮੈਨੂੰ ਆਪਣੀਆ ਕਿਤਾਬਾਂ ਨਾਲ ਲਿਆਉਣ ਦਾ ਸਮਾਂ ਵੀ ਨਹੀਂ ਮਿਲਿਆ।"

ਜਸਵਿੰਦਰ ਕੌਰ
ਇਹ ਵੀ ਪੜ੍ਹੋ-

ਹੜ੍ਹ ਪੀੜਤਾਂ ਦੀ ਮਦਦ

ਸਮਾਜ ਸੇਵੀ ਸੰਸਥਾਵਾਂ ਵੱਲੋਂ ਰਾਹਤ ਕੈਂਪ ਵਿੱਚ ਹਰ ਰੋਜ਼ ਪਸ਼ੂਆਂ ਵਾਸਤੇ ਇੱਥੇ ਹਰਾ ਚਾਰਾ, ਸੁੱਕਾ ਚਾਰਾ ਅਤੇ ਸਾਇਲੇਜ਼ (ਪਸ਼ੂਆਂ ਵਾਸਤੇ ਮੱਕੀ ਦਾ ਆਚਾਰ) ਮੁਹੱਈਆ ਕਰਵਾਇਆ ਜਾਂਦਾ ਹੈ।

ਇਸ ਤੋਂ ਇਲਾਵਾ ਕੈਂਪ ਵਿੱਚ ਰੋਟੀ-ਸ਼ਬਜੀ ਅਤੇ ਚਾਹ ਦੇ ਦੋ ਲੰਗਰ ਸਾਰਾ ਦਿਨ ਚੱਲਦੇ ਹਨ।

ਇਸ ਤੋਂ ਇਲਾਵਾ ਪੰਜਾਬ ਦੇ ਕੋਨੇ-ਕੋਨੇ ਤੋਂ ਰਾਸ਼ਨ ਲੈ ਕੇ ਪਹੁੰਚੇ ਲੋਕ ਵੀ ਆਪਣਾ ਲੰਗਰ ਚਲਾਉਂਦੇ ਹਨ।

ਐੱਸਡੀਓ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਅਤੇ ਵੈਟਰਨਰੀ ਵੀ ਰਾਹਤ ਕੈਂਪ ਵਿੱਚ ਮੌਜੂਦ ਰਹਿੰਦੇ ਹਨ।

ਹੜ੍ਹ ਪੀੜਤ ਭੈਣਾਂ ਨੇ ਸਕੂਲ ਖੋਲ੍ਹਿਆ

ਅਮਰਜੋਤ ਅਤੇ ਸੁਮਨਜੋਤ
ਤਸਵੀਰ ਕੈਪਸ਼ਨ, ਹੜ੍ਹਾਂ ਵਿੱਚ ਘਰ ਅਤੇ ਫ਼ਸਲ ਖਰਾਬ ਹੋਣ ਤੋਂ ਬਾਅਦ ਅਮਰਜੋਤ ਅਤੇ ਸੁਮਨਜੋਤ ਰਾਹਤ ਕੈਂਪ ਵਿੱਚ ਰਹਿ ਰਹੀਆਂ ਹਨ।

ਫ਼ਾਜ਼ਿਲਕਾ ਜ਼ਿਲ੍ਹੇ ਦੇ ਗੁੱਦੜ ਭੈਣੀ ਪਿੰਡ ਦੀਆਂ ਦੋ ਸਕੀਆਂ ਭੈਣਾਂ ਦਾ ਘਰ ਪਾਣੀ ਵਿੱਚ ਡੁੱਬਿਆ ਹੋਇਆ ਹੈ।

ਫ਼ਸਲ ਵੀ ਹੜ੍ਹਾਂ ਕਾਰਨ ਬਰਬਾਦ ਹੋ ਗਈ ਹੈ। ਪਰ ਦੋਵੇਂ ਭੈਣਾਂ ਆਪਣੇ ਨੁਕਸਾਨ ਉੱਤੇ ਸੋਗ ਕਰਨ ਦੀ ਬਜਾਏ ਹੜ੍ਹਾਂ ਦੀ ਮਾਰ ਝੱਲ ਰਹੇ ਬੇਘਰ ਬੱਚਿਆਂ ਵਾਸਤੇ ਉਮੀਦ ਦੀ ਕਿਰਨ ਬਣੀਆਂ ਹਨ।

ਦੋਵਾਂ ਭੈਣਾਂ ਨੇ ਲਾਧੂਕਾ ਪਿੰਡ ਦੀ ਦਾਣਾ ਮੰਡੀ ਵਿੱਚ ਬਣੇ ਰਾਹਤ ਕੈਂਪ ਵਿੱਚ ਰਹਿੰਦੇ ਬੇਘਰ ਬੱਚਿਆਂ ਵਾਸਤੇ ਸਕੂਲ ਸ਼ੁਰੂ ਕੀਤਾ ਹੈ।

22 ਸਾਲਾ ਅਮਨਜੋਤ ਕੌਰ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ। ਹੁਣ ਉਸਨੇ ਸਰਕਾਰੀ ਨੌਕਰੀ ਦੀ ਤਿਆਰੀ ਵਾਸਤੇ ਕੋਚਿੰਗ ਕਲਾਸਾਂ ਦੀ ਫ਼ੀਸ ਭਰੀ ਸੀ। ਪਰ ਹੜ੍ਹਾਂ ਕਾਰਨ ਉਸਦਾ ਸੁਪਨਾ ਟੁੱਟ ਗਿਆ।

ਛੋਟੀ ਭੈਣ ਸੁਮਨਜੋਤ ਕੌਰ ਵੀ ਬੱਚਿਆਂ ਨੂੰ ਪੜ੍ਹਾਉਣ ਵਿੱਚ ਆਪਣੀ ਭੈਣ ਦਾ ਸਾਥ ਦਿੰਦੀ ਹੈ। ਉਹ ਆਈਟੀਆਈ ਦਾ ਡਿਪਲੋਮਾ ਕਰ ਰਹੀ ਸੀ। ਡਿਪਲੋਮੇ ਦੀ ਫੀਸ ਦਾ ਕੁੱਝ ਹਿੱਸਾ ਬਾਕੀ ਸੀ।

ਇਸ ਲਈ ਸੁਮਨ ਨੂੰ ਫ਼ਿਕਰ ਹੈ ਉਸਦਾ ਪਰਿਵਾਰ ਉਸਦੀ ਪੜ੍ਹਾਈ ਦੀ ਰਹਿੰਦੀ ਫ਼ੀਸ ਨਹੀਂ ਭਰ ਸਕੇਗਾ। ਪਰ ਉਸ ਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕੀ ਉਹ ਬਾਕੀ ਹੜ੍ਹ ਪੀੜਤਾਂ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਵਿੱਚ ਮਦਦ ਕਰ ਰਹੀ ਹੈ।

ਅਮਨਜੋਤ ਕੌਰ ਕਹਿੰਦੀ ਹੈ, "ਪੜ੍ਹਾਈ ਛੱਡੇ ਜਾਣ ਕਰਕੇ ਬੱਚਿਆਂ ਦਾ ਭਵਿੱਖ ਖ਼ਰਾਬ ਹੋ ਰਿਹਾ ਸੀ। ਅਸੀਂ ਦੋਵਾਂ ਭੈਣਾਂ ਨੇ ਸੋਚਿਆ ਕੀ ਅਸੀਂ ਬੱਚਿਆਂ ਦਾ ਭਵਿੱਖ ਖ਼ਰਾਬ ਨਹੀਂ ਹੋਣ ਦੇਣਾ।

ਸੁਮਨਜੋਤ ਕਹਿੰਦੀ ਹੈ, "ਸਕੂਲ ਬੰਦ ਹਨ। ਅਸੀਂ ਸੋਚਿਆ ਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ, ਇਸ ਲਈ ਅਸੀਂ ਰਾਹਤ ਕੈਂਪ ਵਿੱਚ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ।"

ਦੋਵੇਂ ਭੈਣਾਂ ਦੀਆਂ ਕੋਸ਼ਿਸ਼ਾਂ ਵਿਅਰਥ ਨਹੀਂ ਗਈਆਂ। ਇਨ੍ਹਾਂ ਵੱਲੋਂ ਸਕੂਲ ਸ਼ੁਰੂ ਕੀਤੇ ਜਾਣ ਮਗਰੋਂ ਹੁਣ ਸਰਕਾਰੀ ਅਧਿਆਪਕ ਵੀ ਰਾਹਤ ਕੈਂਪ ਵਿੱਚ ਬੱਚਿਆਂ ਨੂੰ ਪੜ੍ਹਾਉਣ ਲਈ ਆਉਣ ਲੱਗੇ ਹਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)