ਗ੍ਰਿਫ਼ਤਾਰੀ ਦੇ ਕੁਝ ਮਿੰਟਾਂ ਬਾਅਦ ਹੀ 'ਆਪ' ਵਿਧਾਇਕ ਪਠਾਨਮਾਜਰਾ ਹੋਏ ਪੁਲਿਸ ਦੀ ਹਿਰਾਸਤ 'ਚੋਂ ਫ਼ਰਾਰ, ਜਾਣੋ ਕੀ ਹੈ ਪੂਰਾ ਮਾਮਲਾ

ਤਸਵੀਰ ਸਰੋਤ, IG/harmeetsinghpathanmajra
- ਲੇਖਕ, ਗੁਰਮਿੰਦਰ ਗਰੇਵਾਲ
- ਰੋਲ, ਬੀਬੀਸੀ ਸਹਿਯੋਗੀ
ਆਮ ਆਦਮੀ ਪਾਰਟੀ ਦੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਪੰਜਾਬ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਹੁਣ ਫਰਾਰ ਹੋਣ ਦੀ ਖ਼ਬਰ ਹੈ।
ਪੰਜਾਬ ਦੇ ਹੜ੍ਹਾਂ ਬਾਰੇ ਹਾਲ ਹੀ ਵਿੱਚ ਆਪਣੀ ਹੀ ਪਾਰਟੀ ਵਿਰੁੱਧ ਤਿੱਖੇ ਬਿਆਨ ਦੇਣ ਤੋਂ ਬਾਅਦ ਹਰਮੀਤ ਸਿੰਘ ਢਿੱਲੋਂ ਪਠਾਨਮਾਜਰਾ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ।
ਦਰਅਸਲ, ਸਰਕਾਰ ਵੱਲੋਂ ਦਿੱਤੀ ਗਈ ਸੁਰੱਖਿਆ ਵਾਪਸ ਲਏ ਜਾਣ ਤੋਂ ਇੱਕ ਦਿਨ ਬਾਅਦ ਮੰਗਲਵਾਰ ਸਵੇਰੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਹੁਕਮ ਜਾਰੀ ਕੀਤੇ ਗਏ।
ਇਹ ਗ੍ਰਿਫ਼ਤਾਰੀ ਦੇ ਹੁਕਮ ਉਨ੍ਹਾਂ ਵਿਰੁੱਧ ਚੱਲ ਰਹੇ ਇੱਕ ਪੁਰਾਣੇ ਸਰੀਰਕ ਸ਼ੋਸ਼ਣ ਦੇ ਮਾਮਲੇ ਨਾਲ ਸਬੰਧਤ ਸਨ।
ਪਰ ਇਸ ਸਾਰੀ ਘਟਨਾ ਨੂੰ ਇੱਕ ਨਾਟਕੀ ਮੋੜ ਦਿੰਦੇ ਹੋਏ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਤੋਂ ਕੁਝ ਮਿੰਟਾਂ ਬਾਅਦ ਹੀ ਪਠਾਨਮਾਜਰਾ ਪੁਲਿਸ ਹਿਰਾਸਤ 'ਚੋ ਫ਼ਰਾਰ ਹੋ ਗਏ।
ਇਸ ਗੱਲ ਦੀ ਪੁਸ਼ਟੀ ਪਟਿਆਲਾ ਦੀ ਡੀਆਈਜੀ ਕੁਲਦੀਪ ਸਿੰਘ ਚਾਹਲ ਨੇ ਕੀਤੀ ਹੈ।
ਆਪਣੀ ਗ੍ਰਿਫ਼ਤਾਰੀ ਤੋਂ ਠੀਕ ਪਹਿਲਾਂ ਵੀ, ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਜ਼ 'ਤੇ ਇੱਕ ਵੀਡੀਓ ਬਿਆਨ ਜਾਰੀ ਕੀਤਾ ਸੀ।
ਇਸ ਵੀਡੀਓ ਬਿਆਨ ਵਿੱਚ ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਪਟਿਆਲਾ ਦੇ ਡੀਸੀ ਅਤੇ ਐੱਸਐੱਸਪੀ ਦਫ਼ਤਰ ਦਾ ਘਿਰਾਓ ਕਰਨ ਦੀ ਗੱਲ ਆਖੀ ਸੀ।
ਵਿਵਾਦ ਕਿੱਥੋਂ ਸ਼ੁਰੂ ਹੋਇਆ?
ਪੰਜਾਬ 'ਚ ਆਏ ਹੜ੍ਹਾਂ ਤੋਂ ਬਾਅਦ ਬੀਤੇ ਸ਼ਨੀਵਾਰ ਨੂੰ ਪਠਾਨਮਾਜਰਾ ਨੇ ਜਨਤਕ ਤੌਰ 'ਤੇ ਆਪਣੀ ਪਾਰਟੀ 'ਤੇ ਹੜ੍ਹ ਦੀ ਰੋਕਥਾਮ ਦਾ ਸਹੀ ਢੰਗ ਨਾਲ ਪ੍ਰਬੰਧਨ ਨਾ ਕਰਨ ਦਾ ਇਲਜ਼ਾਮ ਲਗਾਇਆ ਸੀ।
ਉਨ੍ਹਾਂ ਨੇ ਇੱਕ ਜਨਤਕ ਬਿਆਨ 'ਚ ਖੁੱਲ੍ਹ ਕੇ ਸੀਨੀਅਰ ਸਿੰਚਾਈ ਅਧਿਕਾਰੀ ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਵੱਲੋਂ ਦਾਅਵਾ ਕੀਤਾ ਗਿਆ ਕਿ ਉਸ ਅਧਿਕਾਰੀ ਨੇ ਸਰਕਾਰ ਨੂੰ ਗੁੰਮਰਾਹ ਕੀਤਾ ਅਤੇ ਰੋਕਥਾਮ ਉਪਾਵਾਂ ਲਈ ਵਾਰ-ਵਾਰ ਬੇਨਤੀਆਂ ਨੂੰ ਅਣਡਿੱਠਾ ਕੀਤਾ।
ਆਪਣੇ ਬਿਆਨ 'ਚ ਉਨ੍ਹਾਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਸਰਕਾਰੀ ਅਫਸਰਾਂ ਦੀ ਲਾਪਰਵਾਹੀ ਕਰਕੇ ਹੀ ਉਨ੍ਹਾਂ ਦੇ ਹਲਕੇ ਦੇ ਕਈ ਪਿੰਡਾਂ ਵਿੱਚ ਹੜ੍ਹ ਦੇ ਹਾਲਾਤ ਬਦਤਰ ਹੋ ਗਏ ਹਨ।
ਪਠਾਨਮਾਜਰਾ ਨੇ ਕਿਹਾ, "ਜੇ ਅਸੀਂ ਸ਼ਹਿਰਾਂ ਵਿੱਚ ਅਧਿਕਾਰੀਆਂ ਦੀ ਗੱਲ ਸੁਣਦੇ ਰਹੇ, ਤਾਂ ਸੂਬਾ ਡੁੱਬ ਜਾਵੇਗਾ। ਮੈਂ ਆਪਣੇ ਹਲਕੇ ਦੇ ਲੋਕਾਂ ਨਾਲ ਖੜ੍ਹਾ ਰਹਾਂਗਾ, ਉਨ੍ਹਾਂ ਦੇ ਹੱਕ ਲਈ ਬੋਲਾਂਗਾ ਭਾਵੇਂ ਪਾਰਟੀ ਤੋਂ ਮੁਅੱਤਲ ਜਾਂ ਕੱਢ ਦਿੱਤਾ ਜਾਵੇ। "
ਉਨ੍ਹਾਂ ਵੱਲੋਂ ਜਨਤਕ ਤੌਰ 'ਤੇ ਕੀਤੀ ਗਈ ਇਸ ਆਲੋਚਨਾ ਤੋਂ ਇੱਕ ਦਿਨ ਬਾਅਦ ਹੀ ਉਨ੍ਹਾਂ ਦੀ ਸਰਕਾਰੀ ਸੁਰੱਖਿਆ ਵਾਪਸ ਲੈ ਲਈ ਗਈ ਸੀ।
ਪਠਾਨਮਾਜਰਾ ਨੇ ਵੀਡੀਓ ਬਿਆਨ ਵਿੱਚ ਕੀ ਕਿਹਾ?
ਗ੍ਰਿਫ਼ਤਾਰੀ ਤੋਂ ਕੁਝ ਮਿੰਟ ਪਹਿਲਾਂ ਹੀ ਵਿਧਾਇਕ ਪਠਾਨਮਾਜਰਾ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਿਆਨ ਜਾਰੀ ਕੀਤਾ ਗਿਆ ਸੀ।
ਜਿਸ 'ਚ ਉਨ੍ਹਾਂ ਨੇ ਕਿਹਾ, "ਮਾੜੇ ਅਫ਼ਸਰ ਖਿਲਾਫ਼ ਆਵਾਜ਼ ਚੁੱਕਣ ਮਗਰੋਂ ਕੱਲ੍ਹ ਮੇਰੇ ਗਨਮੈਨ ਵਾਪਸ ਲੈ ਲਏ ਗਏ ਅਤੇ ਅੱਜ ਹੁਣ 376 ਦਾ ਮੇਰੇ 'ਤੇ ਪਰਚਾ ਦਰਜ ਕੀਤਾ ਗਿਆ ਹੈ। ਪੰਜਾਬ ਪੁਲਿਸ ਮੈਨੂੰ ਇੱਥੋਂ ਲੈ ਕੇ ਗਈ।"
ਦੱਸਿਆ ਜਾ ਰਿਹਾ ਹੈ ਕਿ ਪਠਾਨਮਾਜਰਾ ਨੂੰ ਹਰਿਆਣਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਉਨ੍ਹਾਂ ਨੇ ਵੀਡੀਓ 'ਚ ਅੱਗੇ ਕਿਹਾ, "ਮੈਂ ਅੱਜ ਸਾਰੇ ਪੰਜਾਬ ਵਾਸੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਹ ਤੁਹਾਡੇ ਭਰਾ ਦੀ ਗੱਲ ਹੈ। ਜੋ ਵੀ ਹੋਇਆ, ਇਹ ਪੰਜਾਬ ਦੀ ਆਵਾਜ਼ ਚੁੱਕਣ ਕਰਕੇ ਹੋਇਆ ਹੈ। ਜੋ ਲੋਕ ਕਹਿੰਦੇ ਸਨ ਕਿ ਦਿੱਲੀ ਵਾਲਿਆਂ ਦੇ ਖਿਲਾਫ ਕੋਈ ਨਹੀਂ ਉੱਠਦਾ, ਤੇ ਤੁਹਾਡੇ ਭਰਾ ਨੇ ਆਪਣਾ ਕਰੀਅਰ ਖ਼ਤਮ ਕਰਕੇ ਇਹ ਮੁੱਦਾ ਚੁੱਕਿਆ ਹੈ। ਮੈਂ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਤੁਸੀਂ ਜਾਵੋ ਅਤੇ ਇਹ ਮਾਮਲਾ ਵੱਖ-ਵੱਖ ਲੋਕਾਂ ਤੱਕ ਪਹੁੰਚਾਓ।"
"ਮੇਰੇ ਸੱਜਣ ਮਿੱਤਰ ਜੋ ਪੰਜਾਬ ਵਿੱਚ ਹਰਿਆਣਾ ਵਿੱਚ ਕਿਸੇ ਵੀ ਥਾਂ ਬੈਠੇ ਹਨ, ਜਿਹੜੇ ਮੈਨੂੰ ਪਿਆਰ ਕਰਦੇ ਹਨ ਤੇ ਸਮਝਦੇ ਹਨ ਕਿ ਮੈਂ ਚੰਗਾ ਕੰਮ ਕੀਤਾ, ਉਹ ਮੇਰੀ ਮਦਦ ਕਰਨ। ਟਰੈਕਟਰ, ਟਰਾਲੀਆਂ, ਗੱਡੀਆਂ, ਬੱਸਾਂ, ਜੋ ਵੀ ਤੁਹਾਡੇ ਕੋਲ ਹੈ, ਉਸ ਨਾਲ ਪਟਿਆਲਾ ਦੇ ਐੱਸਐੱਸਪੀ ਤੇ ਡੀਸੀ ਦਫਤਰ ਦਾ ਘੇਰਾਓ ਕਰੋ।"
ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪਟਿਆਲਾ ਦੇ ਡੀਸੀ ਅਤੇ ਐੱਸਐੱਸਪੀ ਦਫ਼ਤਰ ਬਾਹਰ ਪੰਜਾਬ ਪੁਲਿਸ ਵੱਲੋ ਸੁਰੱਖਿਆ ਵਧਾ ਦਿੱਤੀ ਗਈ ਹੈ।

ਪੂਰਾ ਮਾਮਲਾ ਕੀ ਹੈ
ਪਠਾਨਮਾਜਰਾ ਖ਼ਿਲਾਫ 1 ਸਤੰਬਰ 2025 ਨੂੰ ਆਈਪੀਸੀ ਦੀ ਧਾਰਾ 376, 420 ਅਤੇ 506 ਦੇ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ।
ਐੱਫਆਈਆਰ ਵਿੱਚ ਦਿੱਤੀ ਜਾਣਕਾਰੀ ਮੁਤਾਬਕ ਮਾਮਲਾ ਕੁਝ ਸਾਲ ਪੁਰਾਣਾ ਹੈ, ਇੱਕ ਮਹਿਲਾ ਜੋ ਸਾਲ 2013-14 ਚ ਪਠਾਨਮਾਜਰਾ ਦੇ ਸਪੰਰਕ ਵਿੱਚ ਆਈ ਉਸ ਨੇ ਪਠਾਨਮਾਜਰਾ ਉੱਤੇ ਗੁੰਮਰਾਹ ਕਰਕੇ ਵਿਆਹ ਕਰਵਾਉਣ ਅਤੇ ਸਰੀਰਕ ਸੋਸ਼ਣ ਕਰਨ ਦੇ ਇਲਜ਼ਾਮ ਲਾਏ ਹਨ ਅਤੇ ਕਾਰਵਾਈ ਦੀ ਮੰਗ ਕੀਤੀ ਹੈ।
ਪਠਾਨਮਾਜਰਾ ਦੀ ਕਥਿਤ ਸਾਬਕਾ ਪਤਨੀ ਵੱਲੋਂ ਸੋਮਵਾਰ ਰਾਤ ਨੂੰ 10 ਵਜੇ ਦੇ ਕਰੀਬ ਪਟਿਆਲਾ ਦੇ ਸਿਵਲ ਲਾਈਨਜ਼ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਐੱਫਆਈਆਰ ਦੇ ਅਨੁਸਾਰ, ਕਥਿਤ ਅਪਰਾਧ 12 ਫਰਵਰੀ, 2014 ਤੋਂ 12 ਜੂਨ, 2024 ਤੱਕ ਕੀਤਾ ਗਿਆ ਸੀ। ਵਿਧਾਇਕ 'ਤੇ ਬਲਾਤਕਾਰ, ਧੋਖਾਧੜੀ ਅਤੇ ਅਪਰਾਧਿਕ ਧਮਕੀ ਦੇ ਇਲਜ਼ਾਮਾਂ ਹੇਠ ਵਿੱਚ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 376, 420 ਅਤੇ 506 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਕੀ ਕਹਿੰਦੇ ਹਨ ਪਠਾਨਮਾਜਰਾ ਦੇ ਵਕੀਲ ?
ਇਸ ਦੌਰਾਨ, ਪਠਾਨਮਾਜਰਾ ਦੇ ਵਕੀਲ, ਐਡਵੋਕੇਟ ਸਿਮਰਨਜੀਤ ਸਿੰਘ ਸੱਗੂ ਨੇ ਕਿਹਾ ਕਿ ਉਨ੍ਹਾਂ ਨੂੰ ਗੈਰ-ਕਾਨੂੰਨੀ ਤੌਰ 'ਤੇ ਗ੍ਰਿਫਤਾਰ ਕੀਤਾ ਗਿਆ ਹੈ ਕਿਉਂਕਿ ਇਹ ਮਾਮਲਾ ਹਾਈ ਕੋਰਟ ਵਿੱਚ ਵਿਚਾਰ ਅਧੀਨ ਸੀ ਅਤੇ ਜਾਂਚ ਰੋਪੜ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਨੂੰ ਸੌਂਪ ਦਿੱਤੀ ਗਈ ਸੀ।
ਸੱਗੂ ਨੇ ਕਿਹਾ "ਇਹ ਐਫਆਈਆਰ ਵਿਧਾਇਕ ਵੱਲੋਂ ਪਾਰਟੀ ਵਿਰੁੱਧ ਭੜਕੇ ਗੁੱਸੇ ਦਾ ਨਤੀਜਾ ਹੈ। ਇਹ ਕਾਨੂੰਨ ਦੇ ਵਿਰੁੱਧ ਹੈ, ਨਿਯਮਾਂ ਦੇ ਵਿਰੁੱਧ ਹੈ। ਇਹ ਮੂਲ ਰੂਪ ਵਿੱਚ ਅਫ਼ਸਰਸ਼ਾਹੀ ਅਤੇ ਵਿਧਾਇਕਾਂ ਵਿਚਕਾਰ ਇੱਕ ਰੱਸਾਕਸ਼ੀ ਹੈ। ਸ਼ਿਕਾਇਤਕਰਤਾ ਨੇ ਮੋਹਾਲੀ ਪੁਲਿਸ ਸਟੇਸ਼ਨ ਵਿੱਚ ਇੱਕ ਅਰਜ਼ੀ ਦਾਇਰ ਕੀਤੀ ਹੈ। ਪੀੜਤਾ ਨੇ ਕਿਹਾ ਕਿ ਉਹ ਪਠਾਣਮਾਜਰਾ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਸੀ ਅਤੇ ਉਸੇ ਪ੍ਰਬੰਧ ਹੇਠ ਉਹ ਪਠਾਨਮਾਜਰਾ ਨਾਲ ਰਹਿਣ ਲਈ ਤਿਆਰ ਸੀ"
ਵਕੀਲ਼ ਨੇ ਅੱਗੇ ਕਿਹਾ "ਪਠਾਨਮਾਜਰਾ ਹਰਿਆਣਾ 'ਚ ਸਨ ਤੇ ਉਨ੍ਹਾਂ ਨੂੰ ਉੱਥੇ ਹੀ ਹਿਰਾਸਤ 'ਚ ਲਿਆ ਗਿਆ ਸੀ। ਹੁਣ, ਪੁਲਿਸ ਦੱਸੇਗੀ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਹਰਿਆਣਾ ਵਿੱਚ ਕੀਤਾ ਗਿਆ ਸੀ ਜਾਂ ਪਟਿਆਲਾ ਵਿੱਚ।"
'ਆਪ' ਨੇ ਕੀ ਕਿਹਾ?

ਪਾਰਟੀ ਆਗੂ ਬਲਤੇਜ ਪੰਨੂ ਨੇ ਹਰਮੀਤ ਸਿੰਘ ਢਿੱਲੋਂ ਪਠਾਨਮਾਜਰਾ ਦੀ ਗ੍ਰਿਫ਼ਤਾਰੀ ਅਤੇ ਫਰਾਰ ਹੋਣ ਵਾਲੇ ਮਾਮਲੇ 'ਤੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ, "ਸਾਡੀ ਪਾਰਟੀ ਦੇ ਵਿਧਾਇਕ ਨੂੰ ਹਰਿਆਣਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਗੱਡੀ ਤੋਂ ਕੁਝ ਹੱਥਿਆਰ ਵੀ ਬਰਾਮਦ ਹੋਏ ਹਨ।"
ਉਹਨਾਂ ਦੱਸਿਆ ਕਿ ਇੱਕ ਔਰਤ ਨੇ ਪਠਾਨਮਾਜਰਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਇਸ ਔਰਤ ਦਾ ਦਾਅਵਾ ਹੈ ਕਿ ਉਹ ਪਹਿਲਾਂ ਉਸ ਨਾਲ ਵਿਆਹੇ ਹੋਏ ਸਨ ਪਰ 2020 ਤੋਂ ਵੱਖਰੇ ਰਹਿਣ ਲੱਗੇ।
"ਅਗਸਤ ਮਹੀਨੇ ਦੇ ਅਖੀਰਲੇ ਹਫ਼ਤੇ, ਉਸ ਔਰਤ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਕਿ ਪਠਾਨਮਾਜਰਾ ਉਸ 'ਤੇ ਸੰਬੰਧ ਬਣਾਉਣ ਦਾ ਦਬਾਅ ਪਾ ਰਹੇ ਸਨ।
ਜਦੋਂ ਔਰਤ ਨੇ ਪੁਲਿਸ ਕਾਰਵਾਈ ਦੀ ਧਮਕੀ ਦਿੱਤੀ, ਤਾਂ ਢਿੱਲੋਂ ਨੇ ਪਾਰਟੀ ਦੇ ਸੀਨੀਅਰ ਆਗੂਆਂ ਤੋਂ ਮਦਦ ਮੰਗੀ। ਪਰ ਪਾਰਟੀ ਵੱਲੋਂ ਕਿਸੇ ਮਦਦ ਨਾ ਮਿਲਣ 'ਤੇ, ਢਿੱਲੋਂ ਨੇ ਧਿਆਣ ਭਟਕਾਉਣ ਲਈ ਪਾਣੀ ਤੇ ਹੜ੍ਹਾਂ 'ਤੇ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ। "
ਉਨ੍ਹਾਂ ਕਿਹਾ, "ਉਨ੍ਹਾਂ ਨੇ ਮਹਿਲਾ ਨੂੰ ਧਮਕੀ ਦਿੱਤੀ ਕਿ ਉਹ ਕੋਲ ਉਸ ਦੀਆਂ ਨਿੱਜੀ ਤਸਵੀਰਾਂ ਹਨ ਜਿਹੜੀਆਂ ਵਾਇਰਲ ਕੀਤੀਆਂ ਜਾ ਸਕਦੀਆਂ ਹਨ। ਇਸ ਮਾਮਲੇ ਵਿੱਚ ਢਿੱਲੋਂ ਖ਼ਿਲਾਫ ਰੇਪ ਅਤੇ ਧਮਕਾਉਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।"
ਉਨ੍ਹਾਂ ਕਿਹਾ, "ਪਾਰਟੀ ਇਸ ਮਾਮਲੇ 'ਤੇ ਅਜੇ ਸਪਸ਼ਟ ਫੈਸਲਾ ਕਰੇਗੀ ਕਿ ਉਨ੍ਹਾਂ ਉੱਤੇ ਕੀ ਕਾਰਵਾਈ ਕੀਤੀ ਜਾਵੇ।"
ਪੰਜਾਬ 'ਚ ਹੁਣ ਤੱਕ ਹੜ੍ਹਾਂ ਕਰਕੇ ਕਿੰਨਾ ਨੁਕਸਾਨ ਹੋਇਆ ?

ਤਸਵੀਰ ਸਰੋਤ, Getty Images
ਪੰਜਾਬ ਸਰਕਾਰ ਵੱਲੋਂ 1 ਸਤੰਬਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਹੁਣ ਤੱਕ ਸੂਬੇ ਵਿੱਚ 29 ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਪਠਾਨਕੋਟ ਦੇ 3 ਲੋਕ ਲਾਪਤਾ ਵੀ ਹਨ।
ਪੰਜਾਬ ਦੇ 12 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਹਨ ਅਤੇ ਇਹਨਾਂ ਜ਼ਿਲਿਆਂ ਚੋਂ 1044 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹਨ।
ਅੰਕੜਿਆਂ ਮੁਤਾਬਕ ਗੁਰਦਾਸਪੁਰ ਦੇ ਸਭ ਤੋਂ ਵੱਧ 321 ਪਿੰਡ ਹੜ੍ਹਾਂ ਦਾ ਮਾਰ ਹੇਠ ਆਏ ਹਨ।
ਸਰਕਾਰੀ ਅੰਕੜਿਆਂ ਮੁਤਾਬਿਕ 2 ਲੱਖ 56 ਹਜ਼ਾਰ 107 ਲੋਕ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ।
ਸਰਕਾਰ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਹੁਣ ਤੱਕ 15688 ਲੋਕਾਂ ਨੂੰ ਰੈਸਕਿਊ ਕੀਤਾ ਜਾ ਚੁੱਕਿਆ। ਸਰਕਾਰ ਨੇ ਕਿਸੇ ਵੀ ਮੁਸੀਬਤ ਸਮੇਂ ਮਦਦ ਲਈ 12 ਜ਼ਿਲਿਆਂ ਵਿੱਚ 129 ਰਾਹਤ ਕੈਂਪ ਵੀ ਸਥਾਪਿਤ ਕੀਤੇ ਹੋਏ ਹਨ।
ਪੰਜਾਬ ਵਿੱਚ ਹੜ੍ਹਾਂ ਨਾਲ ਫਸਲਾਂ ਨੂੰ ਵੀ ਕਾਫੀ ਨੁਕਸਾਨ ਪੁੱਜਿਆ ਹੈ। ਸਰਕਾਰ ਦੇ ਅੰਕੜੇ ਮੁਤਾਬਕ ਹੁਣ ਤੱਕ ਕਰੀਬ 94,061 ਹੈਕਟੇਅਰ ਫਸਲੀ ਖੇਤਰ ਨੂੰ ਨੁਕਸਾਨ ਪੁੱਜਿਆ ਹੈ।
ਪੰਜਾਬ ਵਿੱਚ 20 ਐਨਡੀਐਰਐਫ ਦੀਆਂ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। ਇਸ ਤੋਂ ਬਿਨ੍ਹਾਂ ਏਅਰ ਫੋਰਸ, ਨੇਵੀ ਅਤੇ ਆਰਮੀ ਦੇ ਕਈ ਜਵਾਨ ਵੀ ਬਚਾਅ ਕਾਰਜ ਵਿੱਚ ਜੁਟੇ ਹੋਏ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












