ਸ਼ਿਵ ਕੁਮਾਰ ਬਟਾਲਵੀ 'ਤੇ ਆ ਰਹੀ ਫਿਲਮ ਬਾਰੇ ਬੇਟੇ ਨੇ ਕੀ ਦੱਸਿਆ, 'ਏਕ ਓਂਕਾਰ' ਤੋਂ ਮਹਾਂਕਾਵਿ ਲਿਖਣ ਤੱਕ ਦੀ ਕਹਾਣੀ ਕਿਹੋ ਜਿਹੀ ਹੋਵੇਗੀ

ਸ਼ਿਵ ਕੁਮਾਰ ਅਤੇ ਬਟਾਲਵੀ ਮਿਹਰਬਾਨ ਬਟਾਲਵੀ
ਤਸਵੀਰ ਕੈਪਸ਼ਨ, ਮਿਹਰਬਾਨ ਬਟਾਲਵੀ ਸ਼ਿਵ ਕੁਮਾਰ ਬਟਾਲਵੀ ਦੇ ਪੁੱਤਰ ਹਨ
    • ਲੇਖਕ, ਅਰਸ਼ਦੀਪ ਅਰਸ਼ੀ
    • ਰੋਲ, ਬੀਬੀਸੀ ਸਹਿਯੋਗੀ

'ਬਿਰਹਾ ਦੇ ਸੁਲਤਾਨ', ਪੰਜਾਬੀ ਦੇ ਕੀਟਸ ਆਖੇ ਜਾਂਦੇ ਸ਼ਿਵ ਕੁਮਾਰ ਬਟਾਲਵੀ ਦੇ ਦੇਹਾਂਤ ਤੋਂ 52 ਸਾਲ ਬਾਅਦ ਉਨ੍ਹਾਂ ਦੀ ਜ਼ਿੰਦਗੀ ਉੱਤੇ ਫਿਲਮ ਬਣਨ ਜਾ ਰਹੀ ਹੈ, ਜਿਸ ਦੇ ਸਿਲਸਿਲੇ ਵਿੱਚ ਬਟਾਲਵੀ ਦੇ ਬੇਟੇ ਮਿਹਰਬਾਨ ਬਟਾਲਵੀ ਅਤੇ ਫਿਲਮ ਨਿਰਦੇਸ਼ਕ ਹਨੀ ਤ੍ਰੇਹਨ ਪੰਜਾਬ ਅਤੇ ਹਿਮਾਚਲ ਦਾ ਦੌਰਾ ਕਰ ਰਹੇ ਹਨ।

ਮਿਹਰਬਾਨ ਫਿਲਮ ਦੀ ਰਿਸਰਚ ਲਈ ਉਨ੍ਹਾਂ ਥਾਵਾਂ 'ਤੇ ਗਏ ਜਿੱਥੇ ਉਨ੍ਹਾਂ ਦੇ ਪਿਤਾ ਰਹੇ ਜਾਂ ਪੜ੍ਹੇ ਸਨ। ਉਹ ਆਪਣੇ ਪਿਤਾ ਦੇ ਪੁਰਾਣੇ ਦੋਸਤਾਂ, ਸਬੰਧੀਆਂ ਨੂੰ ਮਿਲ ਰਹੇ ਹਨ।

ਮਿਹਰਬਾਨ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੇ ਪਿਤਾ ਨੂੰ ਉਨ੍ਹਾਂ ਦੀ ਸ਼ਾਇਰੀ ਤੇ ਉਨ੍ਹਾਂ ਦੇ ਦੋਸਤਾਂ ਜ਼ਰੀਏ ਜਾਣਿਆ ਕਿਉਂਕਿ ਉਹ ਆਪਣੇ ਪਿਤਾ ਦੇ ਦੇਹਾਂਤ ਵੇਲੇ ਬਹੁਤ ਛੋਟੇ ਸਨ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਮਿਹਰਬਾਨ ਨੇ ਕਿਹਾ, "ਮੈਨੂੰ ਹੌਲੀ-ਹੌਲੀ ਪਤਾ ਲੱਗਿਆ ਕਿ ਮੇਰੇ ਪਿਤਾ ਕਿੰਨੇ ਵੱਡੇ ਸ਼ਖਸ ਸਨ।"

ਉਨ੍ਹਾਂ ਦੱਸਿਆ ਕਿ ਤਕਰੀਬਨ ਹਰ ਸਾਲ ਕੋਈ ਨਾ ਕੋਈ ਫਿਲਮ ਨਿਰਦੇਸ਼ਕ ਸ਼ਿਵ ਉੱਤੇ ਫਿਲਮ ਬਣਾਉਣ ਲਈ ਸੰਪਰਕ ਕਰਦਾ ਸੀ ਪਰ "ਉਨ੍ਹਾਂ ਦੀ ਕਹਾਣੀ ਵਿੱਚ ਸ਼ਿਵ ਕਿਤੇ ਪਿੱਛੇ ਸੀ।"

ਸ਼ਿਵ ਕੁਮਾਰ ਬਟਾਲਵੀ

ਅਕਸਰ ਸ਼ਿਵ ਨੂੰ ਸ਼ਰਾਬ ਜਾਂ ਪ੍ਰੇਮ ਕਹਾਣੀਆਂ ਨਾਲ ਜੋੜਿਆ ਜਾਂਦਾ ਹੈ, ਪਰ ਮਿਹਰਬਾਨ ਕਹਿੰਦੇ ਹਨ ਕਿ ਇਸ ਵਿੱਚ ਬਹੁਤਾ ਕੁਝ ਉਨ੍ਹਾਂ ਨੂੰ ਛੋਟਾ ਕਰਨ ਲਈ ਕਿਹਾ ਜਾਂਦਾ ਹੈ।

"ਸ਼ਿਵ ਨੂੰ ਤੁਸੀਂ ਉਨ੍ਹਾਂ ਦੀ ਸ਼ਾਇਰੀ ਵਿੱਚੋਂ ਹੀ ਜਾਣ ਸਕਦੇ ਹੋ ਕਿ ਉਹ ਕਿਹੋ-ਜਿਹੇ ਇਨਸਾਨ ਸਨ।"

ਉਨ੍ਹਾਂ ਦੱਸਿਆ ਕਿ ਸ਼ਿਵ ਕੋਈ ਵੀ ਕਵਿਤਾ ਲਿਖਣ ਤੋਂ ਪਹਿਲਾਂ ਕਾਗ਼ਜ਼ ਉੱਤੇ ਸਭ ਤੋਂ ਉੱਤੇ 'ਏਕ ਓਂਕਾਰ' ਲਿਖਦੇ ਸਨ। ਲਿਖਦੇ ਉਹ ਹਮੇਸ਼ਾ ਇਕੱਲੇ ਬੈਠ ਕੇ ਸਨ ਅਤੇ ਲਿਖੇ ਹੋਏ ਨੂੰ ਠੀਕ ਵੀ ਕਰਦੇ ਸਨ।

ਸ਼ਿਵ ਨੂੰ 26-27 ਵਰ੍ਹਿਆਂ ਦੀ ਉਮਰ ਵਿੱਚ ਹੀ ਸਾਹਿਤ ਅਕਾਦਮੀ ਪੁਰਸਕਾਰ ਮਿਲ ਗਿਆ ਸੀ।

ਸ਼ਿਵ ਆਪਣੇ ਪਿੱਛੇ ਪਤਨੀ ਅਰੁਣਾ ਬਟਾਲਵੀ, ਪੁੱਤਰ ਮਿਹਰਬਾਨ ਅਤੇ ਧੀ ਪੂਜਾ ਨੂੰ ਛੱਡ ਗਏ ਸਨ।

ਮਿਹਰਬਾਨ ਪੰਜਾਬੀ ਵਿੱਚ ਪੀਐੱਚਡੀ ਅਤੇ ਬੇਟੀ ਪੂਜਾ ਇਕਨੌਮਿਕਸ ਵਿੱਚ ਪੀਐੱਚਡੀ ਹਨ।

ਮਿਹਰਬਾਨ ਨੇ ਕੁਝ ਸਮਾਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਪੜ੍ਹਾਇਆ ਅਤੇ ਕਰੀਬ 12-13 ਸਾਲ ਪਹਿਲਾਂ ਪੂਰਾ ਪਰਿਵਾਰ ਕੈਨੇਡਾ ਚਲਾ ਗਿਆ, ਜਿੱਥੇ ਮਿਹਰਬਾਨ ਆਪਣੀ ਮਾਂ ਅਰੁਣਾ ਬਟਾਲਵੀ, ਆਪਣੀ ਪਤਨੀ ਅਤੇ ਬੱਚਿਆਂ ਨਾਲ ਰਹਿੰਦੇ ਹਨ।

ਸ਼ਿਵ ਦੇ ਜਾਣ ਤੋਂ ਬਾਅਦ ਅਰੁਣਾ ਬਟਾਲਵੀ ਅਤੇ ਮਿਹਰਬਾਨ ਨੇ ਉਨ੍ਹਾਂ ਦੀਆਂ ਲਿਖਤਾਂ ਸਾਂਭੀਆਂ ਅਤੇ ਸੰਪਾਦਤ ਕੀਤੀਆਂ। ਕਈ ਸਾਰੀਆਂ ਲਿਖਤਾਂ ਜੋ ਕਿਤੇ ਨਹੀਂ ਛਪੀਆਂ, ਉਹ ਵੀ ਪਰਿਵਾਰ ਨੇ ਸਾਂਭੀਆਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਕੁਝ ਨੂੰ ਉਨ੍ਹਾਂ ਨੇ ਛਪਵਾਇਆ ਵੀ ਹੈ।

'ਮਜ਼ਾਕੀਆ ਅਤੇ ਹਾਜ਼ਰ ਜਵਾਬ ਸਨ ਸ਼ਿਵ'

ਸ਼ਿਵ ਆਪਣੀ ਸੁਰੀਲੀ ਆਵਾਜ਼ ਵਿੱਚ ਮਿਹਰਬਾਨ ਤੇ ਪੂਜਾ ਨੂੰ ਲੋਰੀਆਂ ਵੀ ਸੁਣਾਉਂਦੇ ਹੁੰਦੇ ਸਨ।

ਤਸਵੀਰ ਸਰੋਤ, Arshdeep Arshi/BBC

ਤਸਵੀਰ ਕੈਪਸ਼ਨ, ਸ਼ਿਵ ਆਪਣੀ ਸੁਰੀਲੀ ਆਵਾਜ਼ ਵਿੱਚ ਮਿਹਰਬਾਨ ਤੇ ਪੂਜਾ ਨੂੰ ਲੋਰੀਆਂ ਵੀ ਸੁਣਾਉਂਦੇ ਹੁੰਦੇ ਸਨ।

ਮਿਹਰਬਾਨ ਨੇ ਦੱਸਿਆ ਕਿ ਸ਼ਿਵ ਬਹੁਤ ਹੀ ਮਜ਼ਾਕੀਆ ਤੇ ਹਾਜ਼ਰ-ਜਵਾਬ ਇਨਸਾਨ ਸਨ ਅਤੇ ਜੇ ਉਹ ਕੁਝ ਕਹਿ ਦਿੰਦੇ ਤਾਂ ਅੱਗੋਂ ਕਿਸੇ ਨੂੰ ਗੱਲ ਨਹੀਂ ਸੀ ਔੜਦੀ।

"ਜਿਸ ਵੇਲੇ ਉਹ ਪਟਵਾਰੀ ਸਨ, ਉਹ ਇੱਕ ਬੋਲੀ ਲਗਵਾ ਰਹੇ ਸਨ। ਤਕੜੇ ਪੈਸੇ ਵਧਾਈ ਜਾ ਰਹੇ ਸਨ ਤੇ ਗ਼ਰੀਬ ਵੀ ਬਣਦੀ-ਸਰਦੀ ਕੋਸ਼ਿਸ਼ ਕਰ ਰਹੇ ਸਨ। ਜਦੋਂ ਤਕੜਿਆਂ ਨੇ 5500 ਰੁਪਏ ਦੀ ਬੋਲੀ ਲਾਈ ਤਾਂ ਗ਼ਰੀਬ ਧਿਰ ਨੇ ਆਵਾਜ਼ ਦਿੱਤੀ 5500 ਉੱਤੇ ਪਟਵਾਰੀ ਨੂੰ ਕੁੜੀ ਦਾ ਰਿਸ਼ਤਾ...।"

ਉਨ੍ਹਾਂ ਦੱਸਿਆ ਕਿ ਇਹ ਗੱਲ ਸ਼ਿਵ ਆਪ ਸੁਣਾਉਂਦੇ ਰਹੇ ਹਨ।

ਬਟਾਲਾ ਤੋਂ ਇਲਾਵਾ ਸ਼ਿਵ ਕਾਫ਼ੀ ਸਮਾਂ ਚੰਡੀਗੜ੍ਹ ਦੇ ਸੈਕਟਰ 21 ਵਿੱਚ ਰਹੇ ਅਤੇ ਹਰ ਸ਼ਾਮ ਆਪਣੇ ਦੋਸਤਾਂ ਨੂੰ ਸੈਕਟਰ 22 ਵਿੱਚ ਕਿਰਨ ਸਿਨੇਮਾ ਦੇ ਸਾਹਮਣੇ ਵਾਲੇ ਕੋਨੇ 'ਤੇ ਮਿਲਦੇ ਸਨ।

ਮਿਹਰਬਾਨ ਨੇ ਦੱਸਿਆ ਕਿ ਇਹ Writers' Corner (ਲ਼ੇਖਕਾਂ ਦਾ ਕੋਨਾ) ਦੇ ਨਾਂ ਨਾਲ ਮਸ਼ਹੂਰ ਸੀ।

"ਇੱਥੇ ਇੱਕ ਬੋਰਡ ਵੀ ਲਾਇਆ ਗਿਆ ਸੀ ਤੇ ਪਾਪਾ ਨੇ ਫੀਤਾ ਕੱਟਿਆ ਸੀ। ਅਖ਼ਬਾਰ ਵਿੱਚ ਫੋਟੋ ਵੀ ਛਪੀ ਸੀ। ਹੁਣ ਇਸ ਜਗ੍ਹਾ ਉੱਤੇ ਨਾ ਕੋਈ ਬੋਰਡ ਨਜ਼ਰ ਆਉਂਦਾ ਹੈ, ਨਾ ਹੀ ਟਹਿਲਦੇ ਕਵੀ ਜਾਂ ਲੇਖਕ।"

ਇੱਕ ਵੇਰ ਇੱਥੇ ਹੀ ਉਨ੍ਹਾਂ ਦੇ ਨਾਲ ਦੇ ਇੱਕ ਕਵੀ ਨੇ ਸ਼ਿਵ ਨੂੰ ਕਿਹਾ ਸੀ ਕਿ ਜੇ ਉਹ ਸ਼ਰਾਬ ਉੱਤੇ ਖਰਚ ਬੰਦ ਕਰ ਦੇਣ ਤਾਂ ਉਨ੍ਹਾਂ ਵਾਂਗ ਸ਼ਿਵ ਦੀਆਂ ਵੀ ਚੰਡੀਗੜ੍ਹ ਵਿੱਚ ਦੋ ਕੋਠੀਆਂ ਹੋਣ। ਸ਼ਿਵ ਨੇ ਉਨ੍ਹਾਂ ਨੂੰ ਜਵਾਬ ਦਿੱਤਾ ਕਿ ਫੇਰ ਉਹ ਸ਼ਿਵ ਕੁਮਾਰ ਨਾ ਹੁੰਦੇ, ਸਗੋਂ ਉਹਦੇ ਵਰਗੇ ਕਵੀ ਹੁੰਦੇ।

ਮਿਹਰਬਾਨ ਉਮੀਦ ਕਰ ਰਹੇ ਹਨ ਕਿ ਹਨੀ ਤ੍ਰੇਹਨ ਦੁਆਰਾ ਬਣਾਈ ਫਿਲਮ ਵਿੱਚ ਸ਼ਿਵ ਦਾ ਅਸਲ ਰੂਪ ਉੱਘੜ ਕੇ ਲੋਕਾਂ ਸਾਹਮਣੇ ਆਵੇਗਾ।

ਤਸਵੀਰ ਸਰੋਤ, Arshdeep Arshi/BBC

ਤਸਵੀਰ ਕੈਪਸ਼ਨ, ਮਿਹਰਬਾਨ ਬਟਾਲਵੀ ਫਿਲਮ ਦੀ ਰਿਸਰਚ ਦੌਰਾਨ ਵੱਖ-ਵੱਖ ਥਾਵਾਂ ਉਪਰ ਘੁੰਮੇ ਹਨ ਜੋ ਸ਼ਿਵ ਨਾਲ ਸਬੰਧਤ ਹਨ।
ਇਹ ਵੀ ਪੜ੍ਹੋ-

ਮਹਿਮਾਨਨਵਾਜ਼ ਸ਼ਿਵ

ਲੇਖਕ ਬਲਵੰਤ ਗਾਰਗੀ, ਭੂਸ਼ਨ ਧਿਆਨਪੁਰੀ, ਦੀਪਕ ਮਨਮੋਹਨ ਸਭ ਸ਼ਿਵ ਦੇ ਕਰੀਬੀਆਂ ਵਿੱਚੋਂ ਸਨ। ਇਸ ਤੋਂ ਇਲਾਵਾ ਉਹ ਅੰਮ੍ਰਿਤਾ ਪ੍ਰੀਤਮ ਦੇ ਬੜਾ ਨੇੜੇ ਸਨ ਅਤੇ ਉਨ੍ਹਾਂ ਨੂੰ ਅਕਸਰ 'ਦੀਦੂਆ' ਕਹਿ ਕੇ ਬੁਲਾਉਂਦੇ ਸਨ।

ਉਨ੍ਹਾਂ ਦੇ ਕਰੀਬ ਰਹੇ ਕਵੀਆਂ ਤੇ ਲੇਖਕਾਂ ਨੇ ਉਨ੍ਹਾਂ ਦੇ ਬਾਰੇ ਰੇਖਾ ਚਿੱਤਰ ਵੀ ਲਿਖੇ ਹਨ ਜਿਹਨਾਂ ਤੋਂ ਸ਼ਿਵ ਬਾਰੇ ਕਾਫ਼ੀ ਕੁਝ ਜਾਣਨ ਨੂੰ ਮਿਲਦਾ ਹੈ।

ਸ਼ਿਵ ਅਕਸਰ ਹੀ ਖੁੱਲ੍ਹਾ ਖ਼ਰਚ ਕਰਦੇ ਸਨ ਤੇ ਮਹਿਮਾਨਨਵਾਜ਼ ਵੀ ਬਹੁਤ ਸਨ। ਅਕਸਰ ਹੀ ਨਾਲ ਵਾਲਿਆਂ ਲਈ ਵੀ ਪੈਸੇ ਦਾ ਹਿਸਾਬ ਕਰ ਦਿੰਦੇ ਸਨ।

ਮਿਹਰਬਾਨ ਨੇ ਦੱਸਿਆ ਕਿ ਜਦ ਅਰੁਣਾ ਬਟਾਲਵੀ ਨੇ ਉਨ੍ਹਾਂ ਨੂੰ ਪੈਸੇ ਦੇ ਕੇ ਚੰਡੀਗੜ੍ਹ ਘਰ ਕਿਰਾਏ 'ਤੇ ਲੈ ਕੇ ਘਰ ਦਾ ਸਮਾਨ ਲੈਣ ਲਈ ਭੇਜਿਆ ਤਾਂ ਉਨ੍ਹਾਂ ਨੇ ਸਾਰੇ ਪੈਸੇ ਖ਼ਰਚ ਦਿੱਤੇ। ਫੇਰ ਉਨ੍ਹਾਂ ਦੇ ਦੋਸਤ ਦੀਪਕ ਮਨਮੋਹਨ ਨੇ ਚਿੰਤਾ ਜਤਾਈ ਅਤੇ ਕਿਤੋਂ ਮੰਜਿਆਂ ਦਾ ਪ੍ਰਬੰਧ ਕੀਤਾ, ਕਿਤੋਂ ਸੋਫੇ ਬਣਨੇ ਦਿੱਤੇ ਅਤੇ ਹੋਸਟਲਾਂ ਵਿੱਚੋਂ ਪੁਰਾਣਾ ਫਰਨੀਚਰ ਲਿਆ ਕੇ ਅਰੁਣਾ ਦੇ ਆਉਣ ਤੋਂ ਪਹਿਲਾਂ ਘਰ ਰਹਿਣ ਜੋਗਾ ਕੀਤਾ।

ਪਰਿਵਾਰ ਨੇ ਅੱਜ ਵੀ ਸ਼ਿਵ ਨਾਲ ਜੁੜੀ ਹਰ ਚੀਜ਼ ਸੰਭਾਲ ਕੇ ਰੱਖੀ ਹੈ। ਬੀਬੀਸੀ ਉੱਤੇ ਹੋਈ ਇੱਕ ਇੰਟਰਵਿਊ ਵਿੱਚ ਪਾਇਆ ਸ਼ਿਵ ਦਾ ਕੋਟ-ਪੈਂਟ ਵੀ ਉਨ੍ਹਾਂ ਨੇ ਹੁਣ ਤੱਕ ਸੰਭਾਲ ਕੇ ਰੱਖਿਆ ਹੈ।

ਫਿਲਮ ਦੀ ਰਿਸਰਚ ਦੌਰਾਨ ਸ਼ਿਵ ਨੂੰ ਜਾਣਨ ਅਤੇ ਨੇੜਿਉਂ ਦੇਖਣ ਵਾਲੇ ਲੋਕਾਂ ਨੇ ਦੱਸਿਆ ਕਿ ਸ਼ਿਵ ਨੂੰ ਸੁਣਨ ਲਈ ਮੁਸ਼ਾਇਰਿਆਂ 'ਤੇ ਭੀੜ ਲੱਗੀ ਹੁੰਦੀ ਸੀ ਅਤੇ ਉਨ੍ਹਾਂ ਨੂੰ ਅਕਸਰ ਸਭ ਤੋਂ ਬਾਅਦ ਵਿੱਚ ਬੁਲਾਇਆ ਜਾਂਦਾ ਸੀ।

ਸ਼ਿਵ ਕੁਮਾਰ ਬਟਾਲਵੀ
ਤਸਵੀਰ ਕੈਪਸ਼ਨ, 1965 ਵਿੱਚ ਲਿਖੇ ਗਏ ਮਹਾਂਕਾਵਿ 'ਲੂਣਾ' ਲਈ ਸ਼ਿਵ ਨੂੰ 1967 ਵਿੱਚ ਇਸ ਸਨਮਾਨ ਨਾਲ ਨਵਾਜਿਆ ਗਿਆ ਸੀ

ਗੀਤਕਾਰ ਸ਼ਮਸ਼ੇਰ ਸੰਧੂ ਨੇ ਦੱਸਿਆ ਕਿ ਜਿਸ ਵੇਲੇ ਉਹ ਪਹੁੰਚਦੇ ਸਨ, ਸਟੇਜ ਉੱਤੇ ਮੌਜੂਦ ਸ਼ਾਇਰ ਕਵਿਤਾ ਪੜ੍ਹਨੀ ਬੰਦ ਕਰ ਦਿੰਦੇ ਸਨ। ਜਦ ਉਹ ਗਾਉਂਦੇ ਤਾਂ ਕੁੜੀਆਂ-ਬੁੜ੍ਹੀਆਂ ਤਾਂ ਰੋਣ ਹੀ ਲੱਗ ਪੈਂਦੀਆਂ ਸਨ ਅਤੇ ਹਮੇਸ਼ਾ ਹੀ ਮੁੜ-ਮੁੜ ਫ਼ਰਮਾਇਸ਼ ਹੁੰਦੀ। ਉਨ੍ਹਾਂ ਤੋਂ ਆਟੋਗ੍ਰਾਫ਼ ਲੈਣ ਲਈ ਭੀੜ ਲੱਗ ਜਾਂਦੀ।

ਇੱਕ ਜਗ੍ਹਾ ਲੇਖਕ ਗੁਰਬਚਨ ਨੇ ਲਿਖਿਆ ਹੈ, "ਉਹਦੀ ਹੂਕ ਮਾਈਕ ਵਿਚੋਂ ਗੁਜ਼ਰਦੀ ਤਾਂ ਚਿੜੀਆਂ ਦੇ ਦਿਲ ਦਹਿਕ ਜਾਂਦੇ, ਕਬਰਾਂ ਦੇ ਸੀਨੇ ਕੰਬ ਉੱਠਦੇ, ਹਵਾ ਦੇ ਪਿੰਡੇ ਤੇ ਖੰਜਰ ਮੌਤ ਵਰਗਾ ਹਰਫ ਵਾਹ ਦੇਂਦਾ। ਜਿਵੇਂ ਅੱਧੀ ਰਾਤੀਂ ਕੋਈ ਅੰਨ੍ਹੇ ਖੂਹ ਚੋਂ ਡੋਲ ਭਰ ਰਿਹਾ ਹੋਵੇ।"

ਸ਼ਿਵ ਆਪਣੀ ਸੁਰੀਲੀ ਆਵਾਜ਼ ਵਿੱਚ ਮਿਹਰਬਾਨ ਤੇ ਪੂਜਾ ਨੂੰ ਲੋਰੀਆਂ ਵੀ ਸੁਣਾਉਂਦੇ ਹੁੰਦੇ ਸਨ।

ਸ਼ਿਵ ਦੇ ਇੰਗਲੈਂਡ ਦੌਰੇ ਤੋਂ ਬਾਅਦ ਉਹ ਬਹੁਤ ਬੀਮਾਰ ਹੋ ਗਏ, ਹਸਪਤਾਲ ਵਿੱਚ ਵੀ ਦਾਖਲ ਰਹੇ। ਤੇ ਫੇਰ ਚੰਡੀਗੜ੍ਹ ਛੱਡ ਕੇ ਪਰਿਵਾਰ ਸਮੇਤ ਪਹਿਲਾਂ ਬਟਾਲੇ ਅਤੇ ਫੇਰ ਆਪਣੇ ਸਹੁਰੇ ਮੰਗਿਆਲ (ਪਠਾਨਕੋਟ) ਚਲੇ ਗਏ ਸਨ। ਉੱਥੇ ਉਨ੍ਹਾਂ ਦੀ ਦੋਸਤੀ ਸਕੂਲੀ ਅਧਿਆਪਕਾਂ ਨਾਲ ਸੀ ਜੋ ਅਕਸਰ ਉਨ੍ਹਾਂ ਤੋਂ ਕਵਿਤਾਵਾਂ ਸੁਣਨ ਆਉਂਦੇ ਰਹੇ।

ਪਰ ਹੌਲੀ-ਹੌਲੀ ਸ਼ਿਵ ਦੀ ਤਬੀਅਤ ਜ਼ਿਆਦਾ ਖ਼ਰਾਬ ਹੋ ਗਈ, ਤੇ 6 ਮਈ 1973 ਨੂੰ ਉਹ ਮਹਿਜ਼ 36 ਸਾਲ ਦੀ ਉਮਰ ਵਿੱਚ ਦੁਨੀਆ ਤੋਂ ਚਲੇ ਗਏ। ਮਿਹਰਬਾਨ ਬਟਾਲਵੀ ਨੂੰ ਅੱਜ ਵੀ ਉਹ ਰਾਤ ਯਾਦ ਹੈ।

ਮਿਹਰਬਾਨ ਉਮੀਦ ਕਰ ਰਹੇ ਹਨ ਕਿ ਹਨੀ ਤ੍ਰੇਹਨ ਦੁਆਰਾ ਬਣਾਈ ਫਿਲਮ ਵਿੱਚ ਸ਼ਿਵ ਦਾ ਅਸਲ ਰੂਪ ਉੱਘੜ ਕੇ ਲੋਕਾਂ ਸਾਹਮਣੇ ਆਵੇਗਾ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)