ਭਾਰਤ ਦੇ ਇਹਨਾਂ ਦੋ ਪਿੰਡਾਂ ਦੇ ਲੋਕ ਇੱਕ ਦੂਜੇ 'ਤੇ ਹਰ ਸਾਲ ਪੱਥਰ ਸੁੱਟਦੇ ਹਨ, ਕੀ ਹੈ ਪੂਰੀ ਕਹਾਣੀ

ਗੋਟਮਾਰ ਮੇਲਾ

ਤਸਵੀਰ ਸਰੋਤ, Rohit Lohia/BBC

ਤਸਵੀਰ ਕੈਪਸ਼ਨ, ਮੱਧ ਪ੍ਰਦੇਸ਼ ਦੇ ਦੋ ਪਿੰਡਾਂ ਵਿਚਕਾਰ ਇੱਕ-ਦੂਜੇ 'ਤੇ ਪੱਥਰ ਸੁੱਟਣ ਦੀ ਇਹ ਰਿਵਾਇਤ 300 ਸਾਲ ਪੁਰਾਣੀ ਦੱਸੀ ਜਾਂਦੀ ਹੈ
    • ਲੇਖਕ, ਵਿਸ਼ਣੂਕਾਂਤ ਤਿਵਾਰੀ
    • ਰੋਲ, ਬੀਬੀਸੀ ਪੱਤਰਕਾਰ

ਇੱਕ ਵਿਅਕਤੀ ਨਦੀ ਦੇ ਵਿਚਕਾਰ ਲੱਗੇ ਪਲਾਸ਼ ਦੇ ਦਰੱਖਤ ਨੂੰ ਵੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੁਝ ਲੋਕ ਉਸਦੇ ਪਿੱਛੇ ਟੀਨ ਦੀ ਚਾਦਰ ਲੈ ਕੇ ਖੜ੍ਹੇ ਹਨ। ਦਰੱਖਤ ਵੱਢਣ ਵਾਲੇ ਵਿਅਕਤੀ 'ਤੇ ਲਗਾਤਾਰ ਪੱਥਰ ਸੁੱਟੇ ਜਾ ਰਹੇ ਹਨ।

ਕੁਝ ਹੀ ਸਕਿੰਟਾਂ ਵਿੱਚ ਉਸਨੂੰ ਕਈ ਪੱਥਰ ਵੱਜਦੇ ਹਨ ਅਤੇ ਉਹ ਦਰੱਖਤ ਦੀ ਕਟਾਈ ਛੱਡ ਕੇ ਆਪਣੀ ਜਾਨ ਬਚਾਉਣ ਲਈ ਟੀਨ ਦੀ ਚਾਦਰ ਦੇ ਪਿੱਛੇ ਭੱਜਦਾ ਹੈ।

ਹਜ਼ਾਰਾਂ ਲੋਕ ਇਸ ਦ੍ਰਿਸ਼ ਦਾ ਆਨੰਦ ਮਾਣਦੇ ਹਨ ਅਤੇ ਤਾੜੀਆਂ ਵਜਾਉਂਦੇ ਹਨ ਅਤੇ ਚੀਕਾਂ ਮਾਰਦੇ ਹਨ।

ਮੱਧ ਪ੍ਰਦੇਸ਼ ਦੇ ਪਾਂਡੂਰਣਾ ਜ਼ਿਲ੍ਹੇ ਵਿੱਚ ਸਾਲ ਵਿੱਚ ਇੱਕ ਵਾਰ ਅਜਿਹਾ ਦ੍ਰਿਸ਼ ਦੇਖਣ ਨੂੰ ਮਿਲਦਾ ਹੈ ਜਦੋਂ ਕੋਈ ਵੀ ਹੈਰਾਨ ਰਹਿ ਜਾਵੇ। ਜਾਮ ਨਦੀ ਦੇ ਦੋਵੇਂ ਪਾਸੇ ਭੀੜ ਵਿੱਚੋਂ "ਹੂ...ਹਾ...ਮਾਰੋ..." ਵਰਗੀਆਂ ਆਵਾਜ਼ਾਂ ਗੂੰਜਦੀਆਂ ਹਨ।

ਗੋਟਮਾਰ ਮੇਲਾ

ਤਸਵੀਰ ਸਰੋਤ, Rohit Lohia/BBC

ਤਸਵੀਰ ਕੈਪਸ਼ਨ, ਪੱਥਰਬਾਜ਼ੀ ਦੇ ਇਸ ਸਾਲਾਨਾ ਸਮਾਗਮ ਨੂੰ ਇੱਥੇ 'ਗੋਟਮਾਰ ਮੇਲਾ' ਕਿਹਾ ਜਾਂਦਾ ਹੈ

ਅੱਖਾਂ ਇੱਧਰ-ਉੱਧਰ ਭੱਜਦੀਆਂ ਹਨ ਕਿ ਕੀ ਦੇਖੀਏ, ਕਿੱਥੇ ਦੇਖੀਏ। ਪੱਥਰ ਸੁੱਟ ਰਹੇ ਲੋਕਾਂ ਨੂੰ ਦੇਖੀਏ ਜਾਂ ਅਸਮਾਨ ਵੱਲ ਦੇਖੀਏ ਜਿੱਥੋਂ ਅਚਾਨਕ ਕਿਤੋਂ ਵੀ ਕੋਈ ਪੱਥਰ ਅੱਕ ਕੇ ਤੁਹਾਡੇ 'ਤੇ ਡਿੱਗ ਸਕਦਾ ਹੈ ਅਤੇ ਤੁਹਾਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਸਕਦਾ ਹੈ।

ਇਸ ਦੌਰਾਨ, ਇੱਕ ਬਜ਼ੁਰਗ ਵਿਅਕਤੀ ਮੋਬਾਈਲ ਨਾਲ ਵੀਡੀਓ ਬਣਾਉਂਦੇ ਕੁਝ ਨੌਜਵਾਨਾਂ ਨੂੰ ਕਹਿੰਦਾ ਹੈ, "ਥੋੜਾ ਦੂਰ ਹੋ ਜਾਓ, ਪੱਥਰ ਦੀਆਂ ਅੱਖਾਂ ਨਹੀਂ ਹੁੰਦੀਆਂ।"

ਅਚਾਨਕ ਭੀੜ ਦੀ ਆਵਾਜ਼ ਵਧ ਜਾਂਦੀ ਹੈ। ਪੂਰੇ ਇਲਾਕੇ ਵਿੱਚ ਬਹੁਤ ਹਫੜਾ-ਦਫੜੀ ਮੱਚ ਜਾਂਦੀ ਹੈ ਅਤੇ ਕੁਝ ਹੀ ਸਕਿੰਟਾਂ ਵਿੱਚ ਦੋ ਲੋਕ ਇੱਕ ਜ਼ਖਮੀ ਵਿਅਕਤੀ ਨੂੰ ਫੜ ਕੇ ਭੀੜ ਵਿੱਚੋਂ ਲੰਘਦੇ ਹੋਏ ਭੱਜਦੇ ਹਨ।

ਅੱਖਾਂ ਫਿਰ ਜਾਮ ਨਦੀ ਵੱਲ ਘੁੰਮੀਆਂ...।

ਨਦੀ ਦੇ ਇੱਕ ਪਾਸੇ ਪਾਂਡੂਰਣਾ ਹੈ ਅਤੇ ਦੂਜੇ ਪਾਸੇ ਸਾਵਰਗਾਓਂ ਹੈ। ਨਦੀ ਦੇ ਵਿਚਕਾਰ ਖੜ੍ਹਾ ਪਲਾਸ਼ ਦਾ ਰੁੱਖ ਦੋਵਾਂ ਪਾਸਿਆਂ ਦੇ ਲੋਕਾਂ ਲਈ ਜਿੱਤ ਦਾ ਪ੍ਰਤੀਕ ਹੈ।

ਇਸੇ ਰੁੱਖ ਲਈ ਇੱਥੇ ਸਵੇਰੇ 9 ਵਜੇ ਤੋਂ ਪੱਥਰਬਾਜ਼ੀ ਹੋ ਰਹੀ ਹੈ।

ਪਾਂਡੂਰਣਾ ਜ਼ਿਲ੍ਹੇ ਦੇ ਪੁਲਿਸ ਸੁਪਰਿਟੇਂਡੈਂਟ ਸੁੰਦਰ ਸਿੰਘ ਕਨੇਸ਼

ਪੱਥਰਬਾਜ਼ੀ ਦੇ ਇਸ ਸਾਲਾਨਾ ਸਮਾਗਮ ਨੂੰ ਇੱਥੇ 'ਗੋਟਮਾਰ ਮੇਲਾ' ਕਿਹਾ ਜਾਂਦਾ ਹੈ। ਇਸਦਾ ਨਾਮ ਤਾਂ ਮੇਲਾ ਹੈ ਪਰ ਅਸਲ ਵਿੱਚ ਇਹ ਇੱਕ ਖ਼ਤਰਨਾਕ ਖੇਡ ਹੈ।

ਪੱਥਰਬਾਜ਼ੀ ਦੇ ਇਸ ਸਾਲਾਨਾ ਸਮਾਰੋਹ 'ਚ ਸੈਂਕੜੇ ਲੋਕ ਜ਼ਖਮੀ ਹੁੰਦੇ ਹਨ, ਕਈ ਤਾਂ ਉਮਰ ਭਰ ਲਈ ਅਪਾਹਜ ਹੋ ਜਾਂਦੇ ਹਨ ਅਤੇ ਕਦੇ-ਕਦੇ ਕੋਈ ਜਾਨ ਵੀ ਗੁਆ ਬੈਠਦਾ ਹੈ।

ਸ਼ਾਮ ਤੱਕ, ਲਗਭਗ 1 ਹਜ਼ਾਰ ਲੋਕ ਜ਼ਖਮੀ ਹੋ ਚੁੱਕੇ ਸਨ।

ਬੀਬੀਸੀ ਨਾਲ ਗੱਲ ਕਰਦੇ ਹੋਏ ਪਾਂਡੂਰਣਾ ਜ਼ਿਲ੍ਹੇ ਦੇ ਪੁਲਿਸ ਸੁਪਰਿਟੇਂਡੈਂਟ ਸੁੰਦਰ ਸਿੰਘ ਕਨੇਸ਼ ਕਹਿੰਦੇ ਹਨ, "ਹਰ ਸਾਲ 500-600 ਲੋਕ ਜ਼ਖਮੀ ਹੁੰਦੇ ਹਨ। ਪ੍ਰਸ਼ਾਸਨ ਨੇ ਇਸਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਸਥਾਨਕ ਲੋਕ ਇਸਨੂੰ ਰਿਵਾਇਤ ਸਮਝਦੇ ਹਨ ਅਤੇ ਇਸੇ ਕਾਰਨ ਸਾਡੀਆਂ ਕੋਸ਼ਿਸ਼ਾਂ ਅਸਫਲ ਰਹੀਆਂ।"

ਪ੍ਰਸ਼ਾਸਨਿਕ ਅਧਿਕਾਰੀ ਇਲਾਕੇ ਦੀ ਇੱਕ ਉੱਚੀ ਇਮਾਰਤ ਤੋਂ ਨਿਗਰਾਨੀ ਕਰ ਰਹੇ ਸਨ। ਜੇਕਰ ਤੁਸੀਂ ਨਦੀ ਵੱਲ ਦੇਖੋਗੇ ਤਾਂ ਅਸਮਾਨ ਪੱਥਰਾਂ ਨਾਲ ਭਰਿਆ ਹੋਇਆ ਦਿਖਾਈ ਦੇਵੇਗਾ।

ਹਜ਼ਾਰਾਂ ਦਰਸ਼ਕਾਂ ਵਿਚਕਾਰ 'ਪੱਥਰਾਂ ਦੀ ਜੰਗ'

ਗੋਟਮਾਰ ਮੇਲਾ

ਤਸਵੀਰ ਸਰੋਤ, Rohit Lohia/BBC

ਤਸਵੀਰ ਕੈਪਸ਼ਨ, ਇਹ ਕਹਿਣ ਨੂੰ ਤਾਂ ਇੱਕ ਮੇਲਾ ਹੈ ਪਰ ਇਹ ਇੱਕ ਖਤਰਨਾਕ ਖੇਡ ਹੈ

ਕਿਸਾਨਾਂ ਦਾ ਪੋਲਾ ਤਿਉਹਾਰ ਭਾਦੋਂ ਮਹੀਨੇ (ਹਿੰਦੂ ਕੈਲੰਡਰ ਦਾ ਇੱਕ ਮਹੀਨਾ, ਜੋ ਅਗਸਤ ਅਤੇ ਸਤੰਬਰ ਵਿੱਚ ਆਉਂਦਾ ਹੈ) ਦੀ ਮੱਸਿਆ ਵਾਲੇ ਦਿਨ ਆਉਂਦਾ ਹੈ। ਇਹ ਖਰੀਫ ਫਸਲ ਦੇ ਦੂਜੇ ਪੜਾਅ ਯਾਨੀ ਕਿ ਨਿਰਾਈ-ਗੁਡਾਈ ਦੇ ਪੂਰੇ ਹੋਣ ਤੋਂ ਬਾਅਦ ਸ਼ੁਰੂ ਹੁੰਦਾ ਹੈ।

ਇਹ ਤਿਉਹਾਰ ਕਿਸਾਨਾਂ ਲਈ ਮਹੱਤਵਪੂਰਨ ਹੈ। ਪੋਲਾ ਦੇ ਦੂਜੇ ਦਿਨ ਜਾਮ ਨਦੀ ਦੇ ਵਿਚਕਾਰ ਇੱਕ ਪਲਾਸ਼ ਦਾ ਰੁੱਖ ਝੰਡੇ ਵਾਂਗ ਗੱਡਿਆ ਜਾਂਦਾ ਹੈ ਅਤੇ ਫਿਰ ਦੋਵੇਂ ਪਿੰਡ ਇੱਕ-ਦੂਜੇ 'ਤੇ ਪੱਥਰ ਬਰਸਾਉਂਦੇ ਹਨ।

ਇਸ ਸਮਾਗਮ ਵਿੱਚ ਸਿਰਫ਼ ਪਿੰਡ ਵਾਸੀ ਹੀ ਨਹੀਂ ਸਗੋਂ ਆਲੇ ਦੁਆਲੇ ਦੇ ਜ਼ਿਲ੍ਹਿਆਂ ਦੇ ਹਜ਼ਾਰਾਂ ਲੋਕ ਵੀ ਦਰਸ਼ਕਾਂ ਵਜੋਂ ਆਉਂਦੇ ਹਨ। ਲੋਕ ਜੋਸ਼ ਨਾਲ ਨਾਅਰੇ ਲਗਾਉਂਦੇ ਹਨ, ਜ਼ਖਮੀ ਖਿਡਾਰੀਆਂ ਨੂੰ ਦੇਖਦੇ ਹਨ ਅਤੇ ਕਈ ਵਾਰ ਇਹ ਦ੍ਰਿਸ਼ ਮਨੋਰੰਜਨ ਵਜੋਂ ਕੈਮਰੇ 'ਤੇ ਕੈਦ ਕੀਤੇ ਜਾਂਦੇ ਹਨ।

ਗੋਟਮਾਰ ਮੇਲਾ

ਤਸਵੀਰ ਸਰੋਤ, Rohit Lohia/BBC

ਤਸਵੀਰ ਕੈਪਸ਼ਨ, ਹਰ ਸਾਲ ਸੈਂਕੜੇ ਲੋਕ ਇਸ ਦੌਰਾਨ ਜ਼ਖਮੀ ਹੁੰਦੇ ਹਨ ਅਤੇ ਕੁਝ ਤਾਂ ਜਾਨ ਵੀ ਗੁਆ ਬੈਠਦੇ ਹਨ

ਪਾਂਡੂਰਣਾ ਦੇ ਵਸਨੀਕ 43 ਸਾਲਾ ਅਰਵਿੰਦ ਥੋਮਰੇ ਕਹਿੰਦੇ ਹਨ, "ਮੈਂ ਬਚਪਨ ਤੋਂ ਹੀ ਇਸ ਵਿੱਚ ਹਿੱਸਾ ਲੈ ਰਿਹਾ ਹਾਂ। ਸਾਡੇ ਲਈ ਇਹ ਸਿਰਫ਼ ਇੱਕ ਖੇਡ ਨਹੀਂ ਹੈ, ਇਹ ਪਿੰਡ ਦਾ ਮਾਣ ਹੈ। ਜ਼ਖਮੀ ਹੋਣਾ ਆਮ ਗੱਲ ਹੈ ਪਰ ਜਿੱਤ ਦੀ ਖੁਸ਼ੀ ਇਸ ਤੋਂ ਵੀ ਵੱਡੀ ਹੁੰਦੀ ਹੈ।"

ਅਰਵਿੰਦ ਕਹਿੰਦੇ ਹਨ ਕਿ ਇਸ ਖੇਡ ਵਿੱਚ ਉਨ੍ਹਾਂ ਦਾ ਸਿਰ ਫੁੱਟ ਚੁੱਕਿਆ ਹੈ, ਚਿਹਰੇ 'ਤੇ ਸੱਟ ਲੱਗੀ ਹੈ, ਨੱਕ ਫੁੱਟੀ ਹੈ ਅਤੇ ਸੱਜਾ ਪੈਰ ਵੀ ਟੁੱਟ ਚੁੱਕਿਆ ਹੈ।

ਉਨ੍ਹਾਂ ਦੇ ਕੋਲ ਖੜ੍ਹੇ ਗੋਪਾਲ ਬਾਲਪਾਂਡੇ ਕਹਿੰਦੇ ਹਨ, "ਸਾਡੇ ਲਈ ਇਹ ਜਾਨ ਤੋਂ ਵੱਡਾ ਤਿਉਹਾਰ ਹੈ।"

ਗੋਪਾਲ ਵੀ ਪਿਛਲੇ 16 ਸਾਲਾਂ ਤੋਂ ਇਸ ਖੇਡ ਵਿੱਚ ਹਿੱਸਾ ਲੈ ਰਹੇ ਹਨ ਅਤੇ ਉਨ੍ਹਾਂ ਦੇ ਸਰੀਰ 'ਤੇ ਇਸਦੇ ਨਿਸ਼ਾਨ ਹਨ।

ਅਰਵਿੰਦ ਅਤੇ ਗੋਪਾਲ ਦੇ ਆਲੇ-ਦੁਆਲੇ ਖੜ੍ਹੇ ਬਹੁਤ ਸਾਰੇ ਨੌਜਵਾਨ ਗੋਟਮਾਰ ਨੂੰ ਆਪਣੀ 'ਮਰਦਾਨਗੀ ਅਤੇ ਹਿੰਮਤ' ਦਿਖਾਉਣ ਦਾ ਇੱਕ ਮੰਚ ਮੰਨਦੇ ਹਨ।

300 ਸਾਲ ਪੁਰਾਣਾ ਇਤਿਹਾਸ, ਪਰ ਕੋਈ ਸਬੂਤ ਨਹੀਂ

ਗੋਟਮਾਰ ਮੇਲਾ

ਤਸਵੀਰ ਸਰੋਤ, Rohit Lohia/BBC

ਤਸਵੀਰ ਕੈਪਸ਼ਨ, ਇਹ ਪਰੰਪਰਾ ਹਰ ਸਾਲ ਪਲਾਸ਼ ਦੇ ਰੁੱਖ ਨੂੰ ਕੇਂਦਰ ਵਿੱਚ ਰੱਖ ਕੇ ਕੀਤੀ ਜਾਂਦੀ ਹੈ

ਸਥਾਨਕ ਦੰਤਕਥਾ ਮੁਤਾਬਕ, ਸਦੀਆਂ ਪਹਿਲਾਂ ਸਾਵਰਗਾਓਂ ਦੀ ਇੱਕ ਕੁੜੀ ਅਤੇ ਪਾਂਡੂਰਣਾ ਪਿੰਡ ਦੇ ਇੱਕ ਮੁੰਡੇ ਨੂੰ ਆਪਸ 'ਚ ਪਿਆਰ ਹੋ ਗਿਆ ਸੀ ਅਤੇ ਇਸ ਨੂੰ ਦੋਵਾਂ ਧਿਰਾਂ ਵਿਚਕਾਰ ਝੜਪ ਹੋ ਗਈ ਸੀ। ਕੁੜੀ ਨੂੰ ਛੁਡਾਉਣ ਲਈ ਹੋਈ ਲੜਾਈ ਹੌਲੀ-ਹੌਲੀ ਇੱਕ ਪਰੰਪਰਾ ਬਣ ਗਈ।

ਇਹ ਪਰੰਪਰਾ ਹਰ ਸਾਲ ਪਲਾਸ਼ ਦੇ ਰੁੱਖ ਨੂੰ ਕੇਂਦਰ ਵਿੱਚ ਰੱਖ ਕੇ ਕੀਤੀ ਜਾਂਦੀ ਹੈ।

ਸਥਾਨਕ ਬਜ਼ੁਰਗਾਂ ਦੇ ਅਨੁਸਾਰ, ਗੋਟਮਾਰ ਮੇਲੇ ਦਾ ਜ਼ਿਕਰ ਲਗਭਗ 300 ਸਾਲ ਪੁਰਾਣਾ ਹੈ। ਪਰ ਇਸਦਾ ਕੋਈ ਸਬੂਤ ਨਹੀਂ ਹੈ।

ਮੇਲਾ ਸਾਵਰਗਾਓਂ ਦੇ ਕਾਵਲੇ ਪਰਿਵਾਰ ਨਾਲ ਸ਼ੁਰੂ ਹੁੰਦਾ ਹੈ, ਜੋ ਹਰ ਸਾਲ ਇੱਕ ਪਲਾਸ਼ ਦੇ ਰੁੱਖ ਨੂੰ ਕੱਟ ਕੇ ਜਾਮ ਨਦੀ ਦੇ ਵਿਚਕਾਰ ਗੱਡ ਦਿੰਦੇ ਹਨ। ਇਸਦੀ ਪੂਜਾ ਕਰਨ ਤੋਂ ਬਾਅਦ ਸਵੇਰੇ 8-9 ਵਜੇ ਪੱਥਰਬਾਜ਼ੀ ਸ਼ੁਰੂ ਹੋ ਜਾਂਦੀ ਹੈ।

ਪਲਾਸ਼ ਦਾ ਰੁੱਖ ਲਗਾਉਣ ਵਾਲੇ ਸੁਭਾਸ਼ ਕਾਵਲੇ ਕਹਿੰਦੇ ਹਨ, "ਮੇਰੇ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਹ ਪੱਥਰਬਾਜ਼ੀ ਕਿਉਂ ਹੁੰਦੀ ਹੈ। ਸਾਡੇ ਪੁਰਖੇ ਵੀ ਝੰਡੇ ਦੇ ਰੂਪ ਵਿੱਚ ਦਰੱਖਤ ਨੂੰ ਨਦੀ ਵਿੱਚ ਗੱਡਦੇ ਸਨ। ਅਸੀਂ ਵੀ ਉਸੇ ਪਰੰਪਰਾ ਦਾ ਪਾਲਣ ਕਰ ਰਹੇ ਹਾਂ।"

ਇਹ ਵੀ ਪੜ੍ਹੋ-

ਪਰੰਪਰਾ ਦੀ ਕੀਮਤ: ਟੁੱਟੀਆਂ ਹੱਡੀਆਂ, ਉੱਜੜੇ ਸੁਪਨੇ

ਅਮਿਤ ਦੇ ਪਰਿਵਾਰਿਕ ਮੈਂਬਰ

ਤਸਵੀਰ ਸਰੋਤ, Rohit Lohia/BBC

ਤਸਵੀਰ ਕੈਪਸ਼ਨ, ਅਮਿਤ ਦੀ ਗੋਟਮਾਰ ਮੇਲੇ ਵਿੱਚ ਮੌਤ ਹੋ ਗਈ ਸੀ। ਅਮਿਤ ਆਪਣੇ ਪਿੱਛੇ ਚਾਰ ਬੱਚੇ ਅਤੇ ਇੱਕ ਪਤਨੀ ਛੱਡ ਗਏ ਹਨ।

ਗੋਟਮਾਰ ਮੇਲੇ ਵਿੱਚ ਸ਼ਾਮਲ ਹਰ ਪਰਿਵਾਰ ਦੀ ਆਪਣੀ ਕਹਾਣੀ ਹੈ। ਕਿਸੇ ਦਾ ਪੁੱਤਰ ਪੱਥਰਬਾਜ਼ੀ ਵਿੱਚ ਮਾਰਿਆ ਗਿਆ, ਕੋਈ ਅਪਾਹਜ ਹੋ ਗਿਆ।

ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ 1955 ਤੋਂ ਲੈ ਕੇ ਹੁਣ ਤੱਕ ਪੱਥਰਬਾਜ਼ੀ ਦੇ ਇਸ ਖੇਡ ਵਿੱਚ ਇੱਕ ਦਰਜਨ ਤੋਂ ਵੱਧ ਲੋਕ ਮਾਰੇ ਗਏ ਹਨ।

ਲਗਭਗ ਇੱਕ ਦਹਾਕਾ ਪਹਿਲਾਂ, ਇਸ ਇਲਾਕੇ ਦੇ ਅਮਿਤ (ਸੁਰੱਖਿਆ ਕਾਰਨਾਂ ਕਰਕੇ ਨਾਮ ਬਦਲਿਆ ਗਿਆ) ਦੀ ਗੋਟਮਾਰ ਮੇਲੇ ਵਿੱਚ ਮੌਤ ਹੋ ਗਈ ਸੀ।

ਅਮਿਤ ਆਪਣੇ ਪਿੱਛੇ ਚਾਰ ਬੱਚੇ ਅਤੇ ਇੱਕ ਪਤਨੀ ਛੱਡ ਗਏ ਹਨ।

ਉਨ੍ਹਾਂ ਦੇ ਪਰਿਵਾਰ ਦੇ ਇੱਕ ਮੈਂਬਰ ਦਾ ਕਹਿਣਾ ਹੈ ਕਿ "ਮੇਰੇ ਪਿਤਾ ਗੋਟਮਾਰ ਖੇਡਣ ਗਏ ਸਨ। ਇੱਥੇ ਲੋਕ ਕਹਿੰਦੇ ਹਨ ਕਿ ਉਹ ਗੋਟਮਾਰ ਦੇ ਚੰਗੇ ਖਿਡਾਰੀ ਸੀ, ਪਰ ਇੱਕ ਵਾਰ ਉੱਥੇ ਉਨ੍ਹਾਂ ਦੇ ਸਿਰ ਵਿੱਚ ਪੱਥਰ ਲੱਗ ਗਿਆ। ਅਸੀਂ ਉਸ ਸਮੇਂ ਬਹੁਤ ਛੋਟੇ ਸੀ। ਮੇਰੇ ਪਾਪਾ ਦੀ ਮੇਲੇ ਵਿੱਚ ਹੀ ਮੌਤ ਹੋ ਗਈ ਸੀ।"

ਅਮਿਤ ਦੇ ਪਰਿਵਾਰਿਕ ਮੈਂਬਰ

ਪਿਛਲੇ 10 ਸਾਲ ਅਮਿਤ ਦੇ ਪਰਿਵਾਰ ਲਈ ਬਹੁਤ ਮੁਸ਼ਕਲ ਰਹੇ ਹਨ। ਪਰਿਵਾਰ ਦੇ ਇੱਕੋ-ਇੱਕ ਕਮਾਉਣ ਵਾਲੇ ਵਿਅਕਤੀ ਦੀ ਮੌਤ ਨੇ ਉਨ੍ਹਾਂ ਦੇ ਬੱਚਿਆਂ ਲਈ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਸਨ।

ਉਨ੍ਹਾਂ ਦੇ ਪਰਿਵਾਰਕ ਮੈਂਬਰ ਪੱਥਰਬਾਜ਼ੀ ਦੇ ਇਸ ਖੇਡ ਪ੍ਰਤੀ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਕਹਿੰਦੇ ਹਨ, "ਹਰ ਸਾਲ ਇਸ ਤਿਉਹਾਰ ਦੌਰਾਨ ਪੁਰਾਣੀਆਂ ਗੱਲਾਂ ਯਾਦ ਆਉਂਦੀਆਂ ਹਨ... ਕਈ ਵਾਰ ਮੈਨੂੰ ਲੱਗਦਾ ਹੈ ਕਿ ਜੇ ਉਹ ਹੁੰਦੇ, ਤਾਂ ਪਤਾ ਨਹੀਂ ਅੱਜ ਕੀ-ਕੀ ਹੁੰਦਾ। ਹੁਣ ਮੈਨੂੰ ਇਸ ਤਿਉਹਾਰ ਤੋਂ ਡਰ ਲੱਗਦਾ ਹੈ। ਮੈਨੂੰ ਉਨ੍ਹਾਂ ਦਾ ਚਿਹਰਾ ਵੀ ਯਾਦ ਨਹੀਂ ਹੈ। ਮੇਰੇ ਕੋਲ ਉਨ੍ਹਾਂ ਦੀ ਸਿਰਫ਼ ਇੱਕ ਫੋਟੋ ਹੈ।"

ਇੱਕ ਹੋਰ ਪਿੰਡ ਵਾਸੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ, "ਮੇਰੇ ਭਰਾ ਦੀ ਜਾਨ ਚਲੀ ਗਈ। ਪਿੰਡ ਵਾਲੇ ਕਹਿੰਦੇ ਹਨ ਕਿ ਇਹ ਇੱਕ ਪਰੰਪਰਾ ਹੈ, ਪਰ ਸਾਡੀ ਮਾਂ ਦੀਆਂ ਅੱਖਾਂ ਵਿੱਚੋਂ ਹੰਝੂ ਕਦੇ ਨਹੀਂ ਸੁੱਕਣਗੇ। ਕੀ ਇਹ ਪਰੰਪਰਾ ਇੰਨੀ ਵੱਡੀ ਹੈ ਕਿ ਕਿਸੇ ਦਾ ਪੁੱਤ ਕੁਰਬਾਨ ਹੋ ਜਾਵੇ।

ਸੋਸ਼ਲ ਮੀਡੀਆ ਨੇ ਇਸਨੂੰ ਹੋਰ ਪਾਪੁਲਰ ਬਣਾ ਦਿੱਤਾ

ਗੋਟਮਾਰ ਮੇਲਾ

ਤਸਵੀਰ ਸਰੋਤ, Rohit Lohia/BBC

ਤਸਵੀਰ ਕੈਪਸ਼ਨ, ਪੁਲਿਸ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਨੇ ਇਸਨੂੰ ਇੱਕ ਵਾਇਰਲ ਈਵੈਂਟ ਬਣਾ ਦਿੱਤਾ, ਪਰ ਹਿੰਸਾ ਹੋਰ ਵਧ ਗਈ

ਪਿਛਲੇ ਕੁਝ ਸਾਲਾਂ ਤੋਂ ਮੇਲੇ ਦੀਆਂ ਵੀਡੀਓ ਇੰਸਟਾਗ੍ਰਾਮ, ਯੂਟਿਊਬ ਅਤੇ ਫੇਸਬੁੱਕ 'ਤੇ ਵਾਇਰਲ ਹੋ ਰਹੀਆਂ ਹਨ। ਲੋਕ ਉਨ੍ਹਾਂ ਨੂੰ ਮਨੋਰੰਜਨ ਵਜੋਂ ਸਾਂਝਾ ਕਰਦੇ ਹਨ।

ਪਾਂਡੂਰਣਾ ਨਿਵਾਸੀ ਧਰਮੇਸ਼ ਹਿੰਮਤਭਾਈ ਪੋਪਟ ਕਹਿੰਦੇ ਹਨ, "ਭੀੜ ਵਧ ਗਈ ਹੈ। ਨੌਜਵਾਨ ਇਸਨੂੰ ਹੀਰੋਈਜ਼ਮ ਸਮਝ ਰਹੇ ਹਨ, ਜਦਕਿ ਇਹ ਸਮਾਜ ਲਈ ਸ਼ਰਮਨਾਕ ਹੈ।"

ਪੁਲਿਸ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਨੇ ਇਸਨੂੰ ਇੱਕ ਵਾਇਰਲ ਈਵੈਂਟ ਬਣਾ ਦਿੱਤਾ, ਪਰ ਹਿੰਸਾ ਹੋਰ ਵਧ ਗਈ।

ਮਹਾਰਾਸ਼ਟਰ ਦੇ ਅਮਰਾਵਤੀ ਤੋਂ ਪਹਿਲੀ ਵਾਰ ਆਪਣੇ ਸਹੁਰੇ ਘਰ ਆਏ ਮਯੂਰ ਚੌਧਰੀ ਨੇ ਯੂਟਿਊਬ 'ਤੇ ਗੋਟਮਾਰ ਮੇਲਾ ਦੇਖਿਆ ਸੀ। ਇਸ ਵਾਰ ਉਹ ਸਾਹਮਣੇ ਤੋਂ ਮੇਲਾ ਦੇਖਣ ਆਏ ਸਨ।

ਮੇਲੇ ਤੋਂ ਬਾਅਦ ਉਨ੍ਹਾਂ ਕਿਹਾ, "ਇਹ ਖੇਡ ਬਹੁਤ ਖਤਰਨਾਕ ਹੈ। ਰੱਬ ਜਾਣੇ ਕਿੰਨੇ ਲੋਕਾਂ ਦਾ ਖੂਨ ਵਗਦਾ ਹੈ। ਜਦੋਂ ਮੈਂ ਇਸਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਤਾਂ ਮੈਨੂੰ ਲੱਗਾ ਕਿ ਇਸਨੂੰ ਬੰਦ ਕਰ ਦੇਣਾ ਚਾਹੀਦਾ ਹੈ। ਇਸਨੂੰ ਅੰਧਵਿਸ਼ਵਾਸ ਵੀ ਕਿਹਾ ਜਾ ਸਕਦਾ ਹੈ, ਪਰ ਇੱਥੇ ਲੋਕ ਇਸਨੂੰ ਆਪਣੀ ਪਰੰਪਰਾ ਨਾਲ ਜੋੜਦੇ ਹਨ।"

ਇੰਨੀ ਹਿੰਸਾ ਦੇ ਬਾਵਜੂਦ ਇਸ ਖੇਡ ਨੂੰ ਕਿਉਂ ਨਹੀਂ ਰੋਕਿਆ ਗਿਆ?

ਗੋਟਮਾਰ ਮੇਲਾ

ਤਸਵੀਰ ਸਰੋਤ, Rohit Lohia/BBC

ਤਸਵੀਰ ਕੈਪਸ਼ਨ, ਮੇਲੇ 'ਚ ਸ਼ਾਮਲ ਹੋਣ ਵਾਲਿਆਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਲਈ ਜਾਨ ਤੋਂ ਵੀ ਵਧ ਕੇ ਹੈ

ਸਥਾਨਕ ਪੱਧਰ 'ਤੇ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਇਸ ਸਮਾਗਮ ਕਾਰਨ ਸੈਂਕੜੇ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਚੁੱਕੀਆਂ ਹਨ। ਪਤਾ ਨਹੀਂ ਕਿੰਨੇ ਪਰਿਵਾਰਾਂ ਨੇ ਆਪਣੇ ਪਰਿਵਾਰ ਦੇ ਇਕਲੌਤੇ ਕਮਾਉਣ ਵਾਲੇ ਵਿਅਕਤੀ ਨੂੰ ਅਪਾਹਜ ਹੁੰਦੇ ਦੇਖਿਆ ਹੈ।

ਹਰ ਕੋਈ ਇਸ ਹਿੰਸਕ ਪਰੰਪਰਾ ਦੇ ਹੱਕ ਵਿੱਚ ਨਹੀਂ ਹੈ। ਸਾਵਰਗਾਓਂ ਦੇ 73 ਸਾਲਾ ਵਿਅਕਤੀ ਵਿੱਠਲ ਭੰਗੇ ਹੱਥ ਜੋੜ ਕੇ ਕਹਿੰਦੇ ਹਨ, "ਮੇਰੇ ਹਿਸਾਬ ਨਾਲ ਤਾਂ ਇਸਨੂੰ ਬੰਦ ਕਰ ਦੇਣਾ ਚਾਹੀਦਾ ਹੈ। ਸਿਰਫ਼ ਗਰੀਬ ਲੋਕ ਹੀ ਇਸ ਵਿੱਚ ਹਿੱਸਾ ਲੈਂਦੇ ਹਨ। ਜਦੋਂ ਉਨ੍ਹਾਂ ਦੇ ਹੱਥ-ਪੈਰ ਟੁੱਟ ਜਾਂਦੇ ਹਨ ਜਾਂ ਉਹ ਮਰ ਜਾਂਦੇ ਹਨ, ਤਾਂ ਪਰਿਵਾਰ ਤਬਾਹ ਹੋ ਜਾਂਦਾ ਹੈ।"

ਇੱਕ ਸਥਾਨਕ ਸਮਾਜ ਸੇਵਕ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ, "ਇਹ ਮੇਲਾ ਜੂਆ ਅਤੇ ਸੱਟੇਬਾਜ਼ੀ ਵਿੱਚ ਸ਼ਾਮਲ ਲੋਕਾਂ ਦਾ ਕਾਰੋਬਾਰ ਹੈ। ਇਸ ਮੇਲੇ ਵਿੱਚ ਲੱਖਾਂ ਰੁਪਏ ਦਾ ਦਾਨ ਇਕੱਠਾ ਕੀਤਾ ਜਾਂਦਾ ਹੈ। ਬਹੁਤ ਸਾਰੇ ਲੋਕ ਇਸਦੀ ਆੜ ਵਿੱਚ ਆਪਣੀ ਦੁਸ਼ਮਣੀ ਕੱਢਦੇ ਹਨ। ਅਜਿਹੀ ਸਥਿਤੀ ਵਿੱਚ ਇਸ 'ਤੇ ਰੋਕ ਕਿਵੇਂ ਲੱਗੇਗੀ?''

ਸਾਵਰਗਾਓਂ ਦੇ ਇਸਮਾਈਲ ਖਾਨ ਦਾ ਘਰ ਨਦੀ ਦੇ ਮੁਹਾਣੇ 'ਤੇ ਹੈ। ਹਰ ਸਾਲ ਉਨ੍ਹਾਂ ਦੇ ਘਰ 'ਤੇ ਗੋਟਮਾਰ ਪੱਥਰਾਂ ਦੇ ਨਿਸ਼ਾਨ ਰਹਿ ਜਾਂਦੇ ਹਨ। ਉਹ ਕਹਿੰਦੇ ਹਨ ਕਿ ਉਹ ਵੀ ਆਪਣੀ ਜਵਾਨੀ ਵਿੱਚ ਗੋਟਮਾਰ ਖੇਡਦੇ ਸਨ।

ਇਸਮਾਈਲ ਕਹਿੰਦੇ ਹਨ, "ਪਿੰਡ ਵਿੱਚ ਹਰ ਕੋਈ ਖੇਡਦਾ ਸੀ, ਇਸ ਲਈ ਮੈਂ ਵੀ ਖੇਡਿਆ। ਅੱਜ ਮੈਂ 78 ਸਾਲਾਂ ਦਾ ਹਾਂ। ਇੱਕ ਵਾਰ ਪੱਥਰ ਮੇਰੀ ਛਾਤੀ 'ਤੇ ਲੱਗਿਆ, ਉਸ ਤੋਂ ਬਾਅਦ ਮੈਂ ਖੇਡਣਾ ਬੰਦ ਕਰ ਦਿੱਤਾ। ਮੇਰੇ ਬੱਚੇ ਵੀ ਨਹੀਂ ਖੇਡਦੇ, ਡਰ ਲੱਗਦਾ ਹੈ ਕਿਤੇ ਜਾਨ ਚਲੀ ਗਈ ਤਾਂ?''

ਪੁਲਿਸ ਸੁਪਰਿਟੇਂਡੈਂਟ ਸੁੰਦਰ ਸਿੰਘ ਕਨੇਸ਼

ਤਸਵੀਰ ਸਰੋਤ, Rohit Lohia/BBC

ਤਸਵੀਰ ਕੈਪਸ਼ਨ, ਪੁਲਿਸ ਸੁਪਰਿਟੇਂਡੈਂਟ ਸੁੰਦਰ ਸਿੰਘ ਕਨੇਸ਼ ਕਹਿੰਦੇ ਹਨ, ਪਿਛਲੇ ਕੁਝ ਸਾਲਾਂ ਵਿੱਚ ਪ੍ਰਸ਼ਾਸਨ ਨੇ ਗੋਟਮਾਰ ਮੇਲੇ ਨੂੰ ਘੱਟ ਹਿੰਸਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਬਹੁਤ ਕਾਮਯਾਬੀ ਨਹੀਂ ਮਿਲੀ

ਇਸ ਸਵਾਲ 'ਤੇ, ਪੁਲਿਸ ਸੁਪਰਿਟੇਂਡੈਂਟ ਸੁੰਦਰ ਸਿੰਘ ਕਨੇਸ਼ ਕਹਿੰਦੇ ਹਨ, "ਪਿਛਲੇ ਕੁਝ ਸਾਲਾਂ ਵਿੱਚ ਪ੍ਰਸ਼ਾਸਨ ਨੇ ਗੋਟਮਾਰ ਮੇਲੇ ਨੂੰ ਘੱਟ ਹਿੰਸਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇੱਥੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਜਾਂਦੀ ਹੈ। ਅਸੀਂ ਪਲਾਸਟਿਕ ਦੀਆਂ ਗੇਂਦਾਂ ਨਾਲ ਖੇਡਣ ਦਾ ਪ੍ਰਸਤਾਵ ਵੀ ਰੱਖਿਆ ਸੀ, ਪਰ ਅਸੀਂ ਇਸਨੂੰ ਅਜੇ ਤੱਕ ਪੂਰੀ ਤਰ੍ਹਾਂ ਨਹੀਂ ਰੋਕ ਸਕੇ ਹਾਂ ਕਿਉਂਕਿ ਲੋਕਾਂ ਨੂੰ ਲੱਗਦਾ ਹੈ ਕਿ ਇਹ ਉਨ੍ਹਾਂ ਦੀ ਰਵਾਇਤੀ ਖੇਡ ਹੈ।"

ਹਾਲਾਂਕਿ, ਪਾਂਡੂਰਣਾ ਦੇ ਇੱਕ ਸਮਾਜ ਸੇਵਕ ਨੇ ਕੁਝ ਹੋਰ ਸਵਾਲ ਉਠਾਏ।

ਉਨ੍ਹਾਂ ਇਲਜ਼ਾਮ ਲਾਇਆ ਕਿ "ਪ੍ਰਸ਼ਾਸਨ ਹਰ ਵਾਰ ਕਹਿੰਦਾ ਹੈ ਕਿ ਸੁਰੱਖਿਆ ਪ੍ਰਬੰਧ ਮਜ਼ਬੂਤ ਹਨ। ਪਰ ਅਸਲੀਅਤ ਇਹ ਹੈ ਕਿ ਲੋਕ ਸ਼ਰਾਬ ਪੀ ਕੇ ਆਉਂਦੇ ਹਨ, ਪੱਥਰਬਾਜ਼ੀ ਬੇਕਾਬੂ ਹੋ ਜਾਂਦੀ ਹੈ ਅਤੇ ਫਿਰ ਉਹੀ ਖੂਨੀ ਦ੍ਰਿਸ਼ ਸਾਹਮਣੇ ਆਉਂਦੇ ਹਨ। ਸੱਚ ਕਹਾਂ ਤਾਂ ਪ੍ਰਸ਼ਾਸਨ ਵੀ ਕਿਤੇ ਨਾ ਕਿਤੇ ਇਸ ਪਰੰਪਰਾ ਦੇ ਦਬਾਅ ਹੇਠ ਹੈ।"

ਇੰਨੀਆਂ ਮੌਤਾਂ ਅਤੇ ਜ਼ਖਮੀਆਂ ਦੇ ਬਾਵਜੂਦ ਗੋਟਮਾਰ ਮੇਲਾ ਅਜੇ ਵੀ ਉਸੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦੇ ਪਿੱਛੇ ਦੋ ਪਿੰਡਾਂ ਵਿਚਕਾਰ ਪੁਰਾਣੀ ਦੁਸ਼ਮਣੀ, ਹਿੰਸਾ ਅਤੇ ਵਿਸ਼ਵਾਸ ਨੂੰ ਪਰੰਪਰਾ ਨਾਲ ਜੋੜਨਾ, ਪ੍ਰਸ਼ਾਸਨ ਅਤੇ ਆਗੂਆਂ ਦਾ ਮੂਕ ਸਮਰਥਨ ਅਤੇ ਸੋਸ਼ਲ ਮੀਡੀਆ ਦਾ ਪ੍ਰਭਾਵ ਮੁੱਖ ਕਾਰਨ ਹਨ।

ਇਸ ਲਈ ਵਿਰੋਧ ਦੀਆਂ ਆਵਾਜ਼ਾਂ ਦਬ ਜਾਂਦੀਆਂ ਹਨ ਅਤੇ ਪਰੰਪਰਾ ਦੇ ਨਾਮ 'ਤੇ ਹਰ ਸਾਲ ਖੂਨ-ਖਰਾਬਾ ਹੁੰਦਾ ਹੈ। ਜਦੋਂ ਅਸੀਂ ਪਾਂਡੂਰਣਾ ਤੋਂ ਨਿੱਕਲੇ ਤਾਂ ਸੈਂਕੜੇ ਨੌਜਵਾਨ ਅਗਲੇ ਸਾਲ ਵਾਪਸ ਆਉਣ ਦੀ ਗੱਲ ਕਰ ਰਹੇ ਸਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)