ਪਾਕਿਸਤਾਨ ਪੰਜਾਬ 'ਚ ਇੱਕ ਮਹਿਲਾ ਦੇ ਕਤਲ ਕੇਸ ਨੂੰ ਖੋਜੀ ਨੇ ਪੈੜ ਦਾ ਪਿੱਛ ਕਰਕੇ ਇੰਝ ਸੁਲਝਾਇਆ, ਖੋਜੀ ਕੌਣ ਹੁੰਦੇ ਹਨ ਤੇ ਕਿਵੇਂ ਕੰਮ ਕਰਦੇ ਹਨ

ਤਸਵੀਰ ਸਰੋਤ, EHTISHAM SHAMI
- ਲੇਖਕ, ਈਹਤਿਸ਼ਾਮ ਸ਼ਾਮੀ
- ਰੋਲ, ਪੱਤਰਕਾਰ, ਬੀਬੀਸੀ ਉਰਦੂ ਲਈ
ਪਾਕਿਸਤਾਨੀ ਪੰਜਾਬ ਦੇ ਫੈਸਲਾਬਾਦ ਜ਼ਿਲ੍ਹੇ ਦੇ ਕਿਸੇ ਪਿੰਡ ਦੀ ਦੁਪਹਿਰ।
ਖੋਜੀ ਅੱਲ੍ਹਾ ਦਿੱਤਾ ਮਿੱਟੀ ਵਿੱਚੋਂ ਬਹੁਤ ਧਿਆਨ ਨਾਲ ਕਿਸੇ ਦੀ ਪੈੜ ਨੱਪਦੇ ਹੋਏ ਅੱਗੇ ਵਧ ਰਹੇ ਹਨ। ਕੁਝ ਦੂਰੀ ਤੋਂ ਕੁਝ ਪਿੰਡ ਵਾਲੇ ਵੀ ਅੱਲ੍ਹਾ ਦਿੱਤਾ ਦਾ ਪਿੱਛਾ ਕਰ ਰਹੇ ਹਨ।
ਖੋਜੀ, ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜੋ ਅਪਰਾਧੀ ਦੀ ਪੈੜ ਦਾ ਪਿੱਛਾ ਕਰਦਾ ਹੋਇਆ ਉਸਦੇ ਟਿਕਾਣੇ ਤੱਕ ਪਹੁੰਚ ਜਾਵੇ।
ਥੋੜ੍ਹੀ-ਥੋੜ੍ਹੀ ਦੇਰ ਮਗਰੋਂ ਅੱਲ੍ਹਾ ਦਿੱਤਾ ਪਿੰਡ ਵਾਲਿਆਂ ਨੂੰ ਚੁੱਪ ਰਹਿਣ ਅਤੇ ਉਚਿਤ ਦੂਰੀ ਉੱਤੇ ਰਹਿਣ ਦੀ ਤਾਕੀਦ ਦੁਹਰਾਉਂਦੇ ਹਨ। ਪਿੱਛਾ ਕਰਨ ਵਾਲ਼ੇ ਪੇਂਡੂਆਂ ਦੀ ਦਿਲਚਸਪੀ ਇਸ ਗੱਲ ਵਿੱਚ ਹੈ ਕਿ ਪੈੜ (ਜਿਸ ਨੂੰ ਖੁਰਾ ਕਿਹਾ ਜਾਂਦਾ ਹੈ) ਹੋਰ ਕਿੰਨੀ ਕੁ ਦੂਰ ਤੱਕ ਜਾਂਦੀ ਹੈ।
ਖੋਜੀ ਅੱਲ੍ਹਾ ਦਿੱਤਾ ਨੂੰ ਫੈਸਲਾਬਾਦ ਦੇ ਜ਼ਿਮੀਂਦਾਰ ਖੁਸ਼ੀ ਮੁਹੰਮਦ (ਬਦਲਿਆ ਨਾਮ) ਨੇ ਸੱਦਿਆ ਹੈ। ਖੁਸ਼ੀ ਮੁਹੰਮਦ ਦੀ 50 ਸਾਲ ਦੀ ਪਤਨੀ ਦਾ ਅਗਿਆਤ ਹਮਲਾਵਰਾਂ ਨੇ ਕਤਲ ਕਰ ਦਿੱਤਾ ਸੀ, ਜੋ 30-31 ਜੁਲਾਈ ਦੀ ਦਰਮਿਆਨੀ ਰਾਤ ਨੂੰ ਉਨ੍ਹਾਂ ਦੇ ਘਰ ਆਣ ਵੜੇ ਸਨ।
ਘਟਨਾ ਦੀ ਇਤਲਾਹ ਸਥਾਨਕ ਪੁਲਿਸ ਨੂੰ ਦਿੱਤੀ ਗਈ। ਜਿਵੇਂ ਖੁਸ਼ੀ ਮੁਹੰਮਦ ਦੱਸਦੇ ਹਨ, ਉਨ੍ਹਾਂ ਨੂੰ ਲੱਗਿਆ ਕਿ ਛਾਣਬੀਣ ਅਤੇ ਮੁਜਰਮਾਂ ਦਾ ਖੁਰਾ-ਖੋਜ ਕੱਢਣ ਲਈ ਉਨ੍ਹਾਂ ਦੀਆਂ ਪੈੜਾਂ ਦੀ ਮਦਦ ਲੈਣ ਦਾ ਰਵਾਇਤੀ ਢੰਗ ਉਨ੍ਹਾਂ ਨੂੰ ਬਿਹਤਰ ਲੱਗਿਆ।
ਅੱਲ੍ਹਾ ਦਿੱਤਾ ਨੇ ਆਪਣੇ ਜਜਮਾਨ (ਖੁਸ਼ੀ ਮੁਹੰਮਦ, ਜਿਨ੍ਹਾਂ ਨੇ ਇਹ ਜ਼ਿੰਮਾ ਦਿੱਤਾ ਸੀ) ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਖੁਰਾ (ਪੈੜ) ਕੱਢਣ ਦੀ ਪ੍ਰਕਿਰਿਆ ਸਮਾਂ ਖਾਊ ਅਤੇ ਪੇਚੀਦਾ ਹੈ। ਇਸ ਲਈ ਕੋਈ ਵੀ ਉਨ੍ਹਾਂ ਦੇ ਰਸਤੇ ਵਿੱਚ ਨਾ ਆਵੇ ਕਿਉਂਕਿ ਜੇ ਪੈੜ ਹੋਰ ਲੋਕਾਂ ਨਾਲ ਘੁਲ-ਮਿਲ ਗਈ ਤਾਂ ਖੁਰਾ ਕੱਢਣਾ ਬਿਲਕੁਲ ਹੀ ਅਸੰਭਵ ਹੋ ਜਾਵੇਗਾ।
ਜਿਸ ਘਰ ਵਿੱਚ ਖੁਸ਼ੀ ਮੁਹੰਮਦ ਦੀ ਬੇਗ਼ਮ ਦਾ ਕਤਲ ਹੋਇਆ ਸੀ ਉਹ ਪਿੰਡ ਦੇ ਬਾਹਰਵਾਰ ਹੈ।
ਖੋਜੀ ਅੱਲ੍ਹਾ ਦਿੱਤਾ ਪੈੜ ਦਾ ਪਿੱਛਾ ਕਰ ਹੀ ਰਹੇ ਸਨ ਕਿ ਅਚਾਨਕ ਉਨ੍ਹਾਂ ਦਾ ਰੁਖ਼ ਉਸ ਪਿੰਡ ਵੱਲ ਹੋ ਗਿਆ ਜਿੱਥੇ ਖੁਸ਼ੀ ਮੁਹੰਮਦ ਖੁਦ ਰਹਿ ਰਹੇ ਸਨ। ਖੁਸ਼ੀ ਮੁਹੰਮਦ ਇੱਥੇ ਆਪਣੀ ਪਹਿਲੀ ਬੇਗਮ ਅਤੇ ਬੱਚਿਆਂ ਨਾਲ ਰਹਿ ਰਹੇ ਸਨ। ਪੈੜ ਪਿੰਡ ਵੱਲ ਜਾਂਦੀ ਦੇਖ ਕੇ ਖੋਜੀ ਅੱਲ੍ਹਾ ਦਿੱਤਾ ਦਾ ਪਿੱਛਾ ਕਰ ਰਹੇ ਲੋਕਾਂ ਵਿੱਚ ਕੁਝ ਅਣਸੁਖਾਵਾਂਪਣ ਫੈਲਿਆ।

ਤਸਵੀਰ ਸਰੋਤ, Getty Images
ਖੁਸ਼ੀ ਮੁਹੰਮਦ ਨੇ ਅੱਲ੍ਹਾ ਦਿੱਤਾ ਦੀਆਂ ਸੇਵਾਵਾਂ 25,000 ਪਾਕਿਸਤਾਨੀ ਰੁਪਏ ਵਿੱਚ ਲਈਆਂ ਸਨ।
ਤਿਰਕਾਲਾਂ ਦੇ ਕਰੀਬ ਛੇ ਵਜੇ, ਪੈੜ ਖੁਸ਼ੀ ਮੁਹੰਮਦ ਦੇ ਜੱਦੀ ਘਰ ਵੱਲ ਨੂੰ ਲਿਜਾਣ ਲੱਗੀ। ਉਹੀ ਘਰ ਜਿੱਥੇ ਉਹ ਆਪਣੀ ਪਹਿਲੀ ਬੇਗ਼ਮ ਅਤੇ ਬੱਚਿਆਂ ਨਾਲ ਰਹਿੰਦੇ ਸਨ। ਇਹ ਇੱਕ ਅਜਿਹਾ ਰਾਨੀਜਨਕ ਵਾਕਿਆ ਸੀ, ਜਿਸ ਤੋਂ ਬਾਕੌਲ ਖੁਸ਼ੀ ਮੁਹੰਮਦ, ਉਹ ਆਪ ਵੀ ਸਦਮੇ ਵਿੱਚ ਸਨ।
ਆਖਰ ਜਿਸ ਦਾ ਡਰ ਸੀ ਉਹੀ ਗੱਲ ਹੋ ਗਈ। ਖੋਜੀ ਅੱਲ੍ਹਾ ਦਿੱਤਾ, ਖੁਸ਼ੀ ਮੁਹੰਮਦ ਦੇ ਘਰ ਦੇ ਬਾਹਰ ਰੁਕ ਗਏ। ਫਿਰ ਉਹ ਸਾਵਧਾਨੀ ਨਾਲ ਕੁਝ ਕਦਮ ਅੱਗੇ ਵਧਕੇ ਫਿਰ ਰੁਕ ਗਏ ਕਿਉਂਕਿ ਪੈੜ ਵੀ ਇੱਥੇ ਹੀ ਰੁਕ ਗਈ ਸੀ।
ਮੌਕੇ ਉੱਤੇ ਮੌਜੂਦ ਸਥਾਨਕ ਲੋਕਾਂ ਮੁਤਾਬਕ, ਅੱਲ੍ਹਾ ਦਿੱਤਾ ਨੇ ਜ਼ਿਮੀਂਦਾਰ ਖੁਸ਼ੀ ਮੁਹੰਮਦ ਨੂੰ ਸੱਦਿਆ ਅਤੇ ਕੰਨ ਵਿੱਚ ਕੁਝ ਕਿਹਾ। ਦੋਵੇਂ ਜਣੇ ਹਜੂਮ ਤੋਂ ਅਲਹਿਦਾ ਹੋ ਕੇ 10-15 ਮਿੰਟ ਇੱਕ-ਦੂਜੇ ਨਾਲ ਜ਼ੇਰੇ-ਗੁਫ਼ਤਗੂ ਹੋਏ (ਗੱਲਬਾਤ ਕਰਦੇ ਰਹੇ)। ਗੱਲਬਾਤ ਤੋਂ ਬਾਅਦ ਅੱਲ੍ਹਾ ਦਿੱਤਾ ਨੂੰ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਤੈਅ ਸ਼ੁਦਾ ਰਕਮ ਅਦਾ ਕਰ ਦਿੱਤੀ ਗਈ।
ਇਹ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਕਿ ਪੈੜ ਖੁਸ਼ੀ ਮੁਹੰਮਦ ਦੇ ਉਸ ਘਰ ਤੋਂ ਸ਼ੁਰੂ ਹੋਈ ਜਿੱਥੇ ਉਨ੍ਹਾਂ ਦੀ ਦੂਜੀ ਪਤਨੀ ਦਾ ਕਤਲ ਕੀਤਾ ਗਿਆ ਸੀ ਅਤੇ ਉਸ ਘਰ ਆ ਕੇ ਬੰਦ ਹੋ ਗਈ ਜਿੱਥੇ ਖੁਸ਼ੀ ਮੁਹੰਮਦ ਦੀ ਪਹਿਲੀ ਪਤਨੀ ਰਹਿੰਦੀ ਹੈ। ਇਸੇ ਦੌਰਾਨ ਸਥਾਨਕ ਪੁਲਿਸ ਨੇ ਵੀ ਆਪਣੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਸੀ।
ਸਬ-ਇੰਸਪੈਕਟਰ ਅਬਦੁੱਲ ਸਤਾਰ ਇਸ ਕੇਸ ਦੇ ਪੜਤਾਲੀਆ ਅਫ਼ਸਰ ਸਨ। ਉਨ੍ਹਾਂ ਨੇ ਬੀਬੀਸੀ ਕੋਲ ਪੁਸ਼ਟੀ ਕੀਤੀ, "ਇਸ ਕੇਸ ਵਿੱਚ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਇੱਕ ਖੋਜੀ ਦੀਆਂ ਸੇਵਾਵਾਂ ਲਈਆਂ ਗਈਆਂ।"
ਉਨ੍ਹਾਂ ਨੇ ਕਿਹਾ, "ਹਾਲਾਂਕਿ ਖੋਜੀਆਂ ਦੀ ਗਵਾਹੀ ਅਦਾਲਤਾਂ ਵਿੱਚ ਕਾਰਗਰ ਨਹੀਂ ਹੈ ਪਰ ਉਨ੍ਹਾਂ ਨੂੰ ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚ ਅਜੇ ਵੀ ਸਫ਼ਲ ਸਮਝਿਆ ਜਾਂਦਾ ਹੈ। ਇਹ ਕੇਸ ਦੀਆਂ ਪੇਚੀਦਗੀਆਂ ਨੂੰ ਸੁਲਝਾਉਣ ਵਿੱਚ ਬੇਸ਼ੱਕ ਮਦਦਗਾਰ ਹਨ।"
'ਮੈਂ ਖ਼ੁਦ ਆਪਣੀ ਬੇਟੀ ਨੂੰ ਪੁਲਿਸ ਦੇ ਹਵਾਲੇ ਕੀਤਾ'

ਤਸਵੀਰ ਸਰੋਤ, Getty Images
ਖੁਸ਼ੀ ਮੁਹੰਮਦ ਨੇ ਬੀਬੀਸੀ ਉਰਦੂ ਨੂੰ ਇਸ ਤੋਂ ਮਗਰਲੇ ਘਟਨਾਕ੍ਰਮ ਬਾਰੇ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਦੀ ਪੈੜ ਦਾ ਪਿੱਛਾ ਕਰਦਿਆਂ ਖੋਜੀ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਪੈੜਾਂ ਇੱਕ ਮਰਦ ਅਤੇ ਇੱਕ ਔਰਤ, ਦੋ ਲੋਕਾਂ ਦੀਆਂ ਸਨ, ਭਾਵ ਕਿ ਸ਼ੱਕੀਆਂ ਵਿੱਚ ਇੱਕ ਔਰਤ ਵੀ ਸ਼ਾਮਿਲ ਸੀ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਲਈ ਇਹ ਸਥਿਤੀ ਬਹੁਤ ਪਰੇਸ਼ਾਨੀਜਨਕ ਸੀ। ਖੁਸ਼ੀ ਮੁਹੰਮਦ ਮੁਤਾਬਕ, ਜਦੋਂ ਉਨ੍ਹਾਂ ਨੇ ਘਰ ਜਾ ਕੇ ਇਸ ਬਾਰੇ ਆਪਣੀ ਪਤਨੀ ਅਤੇ ਬੱਚਿਆਂ ਤੋਂ ਪੁੱਛ-ਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਉਨ੍ਹਾਂ ਦੀ ਇੱਕ ਬੇਟੀ ਵਾਰਦਾਤ ਵਾਲੀ ਰਾਤ ਘਰ ਤੋਂ ਗਾਇਬ ਸੀ।
ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਪਣੀ ਬੇਟੀ ਨਾਲ ਗੱਲ ਕੀਤੀ ਤਾਂ ਸ਼ੁਰੂ ਵਿੱਚ ਤਾਂ ਉਸ ਨੇ ਸਾਫ਼ ਹੀ ਇਨਕਾਰ ਕੀਤਾ। "ਮੇਰੇ ਵਾਰ-ਵਾਰ ਪੁੱਛਣ 'ਤੇ ਉਸ ਨੇ ਕਿਹਾ ਕਿ ਉਹ ਗੁਆਂਢੀਆਂ ਦੇ ਘਰ ਗਈ ਸੀ। ਜਦੋਂ ਮੈਂ ਗੁਆਂਢੀਆਂ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਇਸ ਤੋਂ ਇਨਕਾਰ ਕੀਤਾ। ਜਦੋਂ ਮੈਂ ਕੁਝ ਤਲਖ਼ੀ ਨਾਲ ਬੇਟੀ ਤੋਂ ਪੁੱਛਿਆ ਤਾਂ ਉਹ ਮੰਨ ਗਈ ਅਤੇ ਦੱਸਿਆ ਕਿ ਉਸਨੇ ਆਪਣੇ ਮੰਗੇਤਰ ਦੀ ਮਦਦ ਨਾਲ ਔਰਤ ਦਾ ਕਤਲ ਕੀਤਾ ਹੈ, ਜੋ ਕਿ ਉਸ ਰਾਤ ਉਸਦੇ ਨਾਲ ਸੀ ਅਤੇ ਪਿਸਤੌਲ ਲਿਆਇਆ ਸੀ।"
ਖੁਸ਼ੀ ਮੁਹੰਮਦ ਮੁਤਾਬਕ, ਫਿਰ ਉਸ ਨੇ ਸਥਾਨਕ ਪੁਲਿਸ ਨੂੰ ਇਤਲਾਹ ਕੀਤੀ ਜੋ ਕਿ ਪਹਿਲਾਂ ਤੋਂ ਹੀ ਉਨ੍ਹਾਂ ਦੇ ਰਾਬਤੇ ਵਿੱਚ ਸੀ। ਪੁਲਿਸ ਨੂੰ ਦੱਸਿਆ ਗਿਆ ਕਿ ਸ਼ੱਕੀ ਮੁਲਜ਼ਮ ਮਿਲ ਗਏ ਹਨ। ਖੁਸ਼ੀ ਮੁਹੰਮਦ ਮੁਤਾਬਕ, "ਜਦੋਂ ਉਨ੍ਹਾਂ ਨੇ ਆਪਣੀ ਬੇਟੀ ਨੂੰ ਪੁਲਿਸ ਦੇ ਹਵਾਲੇ ਕੀਤਾ ਤਾਂ ਉਨ੍ਹਾਂ ਦੀਆਂ ਲੱਤਾਂ ਕੰਬ ਰਹੀਆਂ ਸਨ"।
ਮਾਮਲੇ ਦੇ ਜਾਂਚ ਅਧਿਕਾਰੀ ਅਬਦੁੱਲ ਸਤਾਰ ਮੁਤਾਬਕ, ਦਿਜਕੋਟ ਪੁਲਿਸ ਥਾਣੇ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਰਿਪੋਰਟ ਛੇ ਅਗਸਤ ਨੂੰ ਲਿਖੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਚਾਰ ਦਿਨਾਂ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ।
ਅਬਦੁੱਲ ਸਤਾਰ ਮੁਤਾਬਕ, "ਮੁਲਜ਼ਮਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਸ਼ੱਕ ਸੀ ਕਿ ਉਸਦੀ ਮਤਰੇਈ ਮਾਂ ਇੱਕ ਜਾਦੂਗਰਨੀ ਸੀ ਜੋ ਟੂਣੇ ਕਰ ਰਹੀ ਸੀ, ਜਿਸ ਕਾਰਨ ਉਸ ਦੇ ਘਰ ਰੋਜ਼ਾਨਾ ਕਲੇਸ਼ ਰਹਿੰਦਾ ਸੀ। ਉਸ ਨੇ ਆਪਣੇ ਮੰਗੇਤਰ ਨਾਲ ਇਸ ਬਾਬਤ ਗੱਲ ਕੀਤੀ ਅਤੇ ਮਤਰੇਈ ਮਾਂ ਨੂੰ ਮਾਰਨ ਦੀ ਵਿਉਂਤ ਬਣਾਈ ਗਈ।"
ਜਾਂਚ ਅਧਿਕਾਰੀ ਨੇ ਦਾਅਵਾ ਕੀਤਾ ਕਿ "ਕਤਲ ਦਾ ਹਥਿਆਰ ਮੁਲਜ਼ਮ ਦੇ ਮੰਗਤੇਰ ਦੁਆਰਾ ਉਸਦੇ ਪਿਤਾ ਤੋਂ ਛੁਪਾ ਕੇ ਲਿਆਂਦਾ ਗਿਆ ਸੀ। ਮੁੰਡੇ ਨੇ ਪੁਸਤੌਲ ਆਪਣੀ ਮੰਗੇਤਰ ਨੂੰ ਫੜਾਇਆ ਅਤੇ ਦੋਵੇਂ ਮਤਰੇਈ ਮਾਂ ਦੇ ਘਰ ਰਾਤ ਕਰੀਬ 11 ਵਜੇ ਪਹੁੰਚੇ, ਜਿੱਥੇ ਕੁੜੀ ਨੇ ਆਪਣੀ ਮਤਰੇਈ ਮਾਂ ਉੱਤੇ ਦੋ ਗੋਲੀਆਂ ਦਾਗੀਆਂ, ਜਿਸ ਤੋਂ ਤੁਰੰਤ ਮਗਰੋਂ ਦੋਵੇਂ ਜਣੇ ਵਾਪਸ ਆ ਗਏ।"
ਚਾਰ ਦਿਨਾਂ ਦਾ ਪੁਲਿਸ ਰਿਮਾਂਡ ਪੂਰਾ ਹੋਣ ਤੋਂ ਬਾਅਦ ਮੁਲਜ਼ਮਾਂ ਨੂੰ ਡਿਊਟੀ ਜੁਡੀਸ਼ੀਅਲ ਮੈਜਿਸਟਰੇਟ ਦੇ ਸਨਮੁੱਖ ਪੇਸ਼ ਕੀਤਾ ਗਿਆ, ਜਿੱਥੇ ਜਾਂਚ ਅਧਿਕਾਰੀ ਅਬਦੁੱਲ ਸਤਾਰ ਨੇ ਅਦਾਲਤ ਨੂੰ ਜਾਣੂ ਕਰਵਾਇਆ ਕਿ ਦੋਵਾਂ ਮੁਲਜ਼ਮਾਂ ਤੋਂ ਜਾਂਚ ਪੂਰੀ ਕਰ ਲਈ ਗਈ ਹੈ, 'ਜਿਨ੍ਹਾਂ ਨੇ ਨਾ ਸਿਰਫ ਜੁਰਮ ਦਾ ਇਕਬਾਲ ਕੀਤਾ ਹੈ ਸਗੋਂ ਔਰਤ ਦਾ ਕਤਲ ਕਰਨ ਲਈ ਵਰਤਿਆ ਗਿਆ ਹਥਿਆਰ ਵੀ ਬਰਾਮਦ ਹੋ ਚੁੱਕਿਆ ਹੈ।'
ਜਾਂਚ ਅਧਿਕਾਰੀ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਤੋਂ ਹੋਰ ਪੁੱਛ-ਗਿੱਛ ਦੀ ਕੋਈ ਲੋੜ ਨਹੀਂ ਸੀ, ਇਸ ਤੋਂ ਬਾਅਦ ਅਦਾਲਤ ਨੇ ਦੋਵਾਂ ਮੁਜਰਮਾਂ ਨੂੰ ਨਿਆਂਇਕ ਹਿਰਾਸਤ 'ਚ ਫੈਸਲਾਬਾਦ ਜੇਲ੍ਹ ਭੇਜ ਦਿੱਤਾ।
ਇਹ ਯਾਦ ਰੱਖਣਯੋਗ ਹੈ ਕਿ ਅੱਜ ਵੀ ਪਾਕਿਸਤਾਨੀ ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚ ਅਪਰਾਧਿਕ ਮਾਮਲਿਆਂ ਵਿੱਚ, ਖਾਸ ਕਰਕੇ ਮਾਲ-ਡੰਗਰ ਦੀ ਚੋਰੀ ਆਦਿ ਦੇ ਕੇਸਾਂ ਵਿੱਚ ਖੋਜੀਆਂ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਹਨ। ਇਹ ਕੰਮ ਕਿਵੇਂ ਕੀਤਾ ਜਾਂਦਾ ਹੈ, ਇਹ ਜਾਣਨ ਲਈ ਬੀਬੀਸੀ ਨੇ ਇੱਕ ਖੋਜੀ ਨਾਲ ਗੱਲਬਾਤ ਕੀਤੀ।
'ਖੁਰਾ-ਖੋਜਣਾ ਸੌਖਾ ਨਹੀਂ, ਇਹ ਕਲਾ ਹੈ ਜੋ ਸਾਲਾਂ ਦੀ ਮਿਹਨਤ ਤੋਂ ਬਾਅਦ ਸਿੱਖੀ ਜਾਂਦੀ ਹੈ'

ਤਸਵੀਰ ਸਰੋਤ, EHTISHAM SHAMI
ਬਸ਼ਰਤ ਹੁਸੈਨ ਜੋ ਕਿ ਕੇਂਦਰੀ ਪੰਜਾਬ ਦੀ ਵਾਹਿੰਦੂ ਤਹਿਸੀਲ ਦੇ ਰਹਿਣ ਵਾਲੇ ਹਨ। ਉਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਦਾ ਪਰਿਵਾਰ ਪਿਛਲੀਆਂ ਪੰਜ ਪੀੜ੍ਹੀਆਂ ਤੋਂ ਇਸ ਪੇਸ਼ੇ ਵਿੱਚ ਹੈ।
ਬਸ਼ਰਤ ਹੁਸੈਨ ਨੇ ਬੀਬੀਸੀ ਨੂੰ ਦੱਸਿਆ ਕਿ ਖੋਜੀ ਪਰਿਵਾਰ ਪੰਜਾਬ ਦੇ ਲਗਭਗ ਹਰ ਜ਼ਿਲ੍ਹੇ ਵਿੱਚ ਹੀ ਮੌਜੂਦ ਹਨ। ਉਨ੍ਹਾਂ ਮੁਤਾਬਕ, ਕੇਂਦਰੀ ਪੰਜਾਬ ਦੇ ਇਲਾਕਿਆਂ ਵਿੱਚ ਖੋਜੀਆਂ ਦੀ ਸਭ ਤੋਂ ਵੱਡੀ ਤਾਦਾਦ ਹਾਫ਼ਿਜ਼ਾਬਾਦ ਅਤੇ ਸ਼ੇਖਪੁਰਾ ਜ਼ਿਲ੍ਹਿਆਂ ਵਿੱਚ ਹੈ ਕਿਉਂਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ ਖਾਸ ਕਰ ਮੱਝ ਚੋਰੀ ਦੇ ਅਪਰਾਧ ਬਹੁਤ ਜ਼ਿਆਦਾ ਹਨ।
ਉਨ੍ਹਾਂ ਕਿਹਾ, "ਇਹ ਕਲਾ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਾਈ ਜਾਂਦੀ ਹੈ। ਮੇਰੇ ਦਾਦਾ ਆਪਣੇ ਚਾਰਾਂ ਪੁੱਤਰਾਂ ਨੂੰ ਕੰਮ ਉੱਤੇ ਆਪਣੇ ਨਾਲ ਲੈ ਕੇ ਜਾਂਦੇ ਅਤੇ ਉਨ੍ਹਾਂ ਨੂੰ ਖੁਰਾ-ਖੋਜ ਕੱਢਣ ਦੀ ਕਲਾ ਸਿਖਾਈ। ਮੇਰੇ ਵਾਲਦ ਨੇ ਮੈਨੂੰ ਤੇ ਮੇਰੇ ਭਰਾਵਾਂ ਨੂੰ ਖੁਰਾ-ਖੋਜਣ ਦੀ ਇਸ ਕਲਾ ਬਾਰੇ ਸਿਖਾਇਆ।"
ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਭਾਵੇਂ ਇਹ ਕੰਮ ਹੁਣ ਘਟ ਗਿਆ ਹੈ ਪਰ "ਅੱਜ ਵੀ ਖੋਜੀ ਇੰਨਾ ਕਮਾ ਲੈਂਦੇ ਹਨ ਕਿ ਉਨ੍ਹਾਂ ਦਾ ਗੁਜ਼ਾਰਾ ਅਰਾਮ ਨਾਲ ਹੋ ਜਾਂਦਾ ਹੈ।"

ਕੰਮ ਦੇ ਤੌਰ-ਤਰੀਕਿਆਂ ਬਾਰੇ ਗੱਲ ਕਰਦੇ ਹੋਏ ਬਸ਼ਰਤ ਹੁਸੈਨ ਨੇ ਕਿਹਾ, ''ਇੱਕ ਖੋਜੀ ਮੁਲਜ਼ਮ ਦੀ ਪੈੜ ਲੱਭਣ ਤੋਂ ਆਪਣਾ ਕੰਮ ਸ਼ੁਰੂ ਕਰਦਾ ਹੈ। ਹਰ ਕਿਸੇ ਦੀ ਪੈੜ ਦੂਜਿਆਂ ਨਾਲੋਂ ਵੱਖਰੀ ਹੁੰਦੀ ਹੈ। ਕਥਿਤ ਕਾਤਲ ਜਾਂ ਚੋਰ ਦੇ ਕੱਦ-ਬੁੱਤ ਦਾ ਅੰਦਾਜ਼ਾ ਵੀ ਉਸਦੀ ਪੈੜ ਤੋਂ ਲਾਇਆ ਜਾ ਸਕਦਾ ਹੈ। ਜੇ ਕਥਿਤ ਵਿੱਚ ਕੋਈ ਅਪੰਗਤਾ ਹੋਵੇ ਤਾਂ ਉਸਦਾ ਵੀ ਪਤਾ ਲਾਇਆ ਜਾਂਦਾ ਹੈ।"
"ਅਤੇ ਜੇ ਕਿਸੇ ਅਪਰਾਧ ਵਿੱਚ ਕੋਈ ਮਹਿਲਾ ਸ਼ੱਕੀ ਵੀ ਸ਼ਾਮਲ ਹੈ ਤਾਂ ਪੈੜ ਨੂੰ ਧਿਆਨ ਨਾਲ ਦੇਖਣ ਤੋਂ ਇਹ ਵੀ ਬੜੀ ਅਸਾਨੀ ਨਾਲ ਪਤਾ ਕੀਤਾ ਜਾ ਸਕਦਾ ਹੈ। ਕੁਝ ਲੋਕ ਆਪਣੀ ਅੱਡੀ ਜ਼ਮੀਨ ਨਾਲ ਦੱਬ ਕੇ ਤੁਰਦੇ ਹਨ, ਕੁਝ ਆਪਣੇ ਪੱਬਾਂ ਭਾਰ ਤੁਰਦੇ ਹਨ। ਕੁਝ ਲੋਕ ਆਪਣਾ ਪੈਰ ਜ਼ਰਾ ਜ਼ਮੀਨ ਉੱਤੇ ਘਿਸਾ ਕੇ ਤੁਰਦੇ ਹਨ। ਅਤੇ ਜੇ ਪੈੜ ਸਪੱਸ਼ਟ ਹੋਵੇ ਤਾਂ ਅਸੀਂ ਕਿਆਸ ਲਾ ਸਕਦੇ ਹਾਂ ਕਿ ਜਿਸ ਵਿਅਕਤੀ ਦੀ ਤਲਾਸ਼ ਕੀਤੀ ਜਾ ਰਹੀ ਹੈ ਉਹ ਮੋਟਾ ਇਨਸਾਨ ਹੈ, ਪਤਲਾ ਜਾਂ ਕੋਈ ਔਰਤ ਹੈ।"
ਬਸ਼ਰਤ ਦੇ ਮੁਤਾਬਕ ਇਹ ਕੰਮ ਸੌਖਾ ਨਹੀਂ ਹੈ। ਇਹ ਕੰਮ ਬਹੁਤ ਨਾਜ਼ੁਕ ਹੈ ਅਤੇ ਜੇ ਮੀਂਹ ਪੈ ਰਿਹਾ ਹੈ ਜਾਂ ਜਿੱਥੇ ਤੁਸੀਂ ਪੈੜ ਲੱਭਣੀ ਹੈ ਉੱਥੇ ਬਹੁਤ ਸਾਰੇ ਲੋਕਾਂ ਦੀ ਆਵਾਜਾਈ ਹੈ ਤਾਂ ਪੈੜ ਲੱਭਣੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ। ਕੱਚੀ ਜ਼ਮੀਨ ਉੱਤੇ ਪੈੜ ਸੌਖਿਆਂ ਲੱਭੀ ਜਾ ਸਕਦੀ ਹੈ, ਪਰ ਪੱਕੀ ਜ਼ਮੀਨ ਜਾਂ ਸੀਮਿੰਟ ਵਾਲੀਆਂ ਸੜਕਾਂ ਉੱਤੇ ਇਹ ਮੁਸ਼ਕਿਲ ਹੋ ਜਾਂਦਾ ਹੈ। ਪੱਕੀਆਂ ਸੜਕਾਂ ਉੱਤੇ ਕਈ ਵਾਰ ਦੋ ਦਿਨ ਕੰਮ ਕਰਕੇ ਵੀ ਪੈੜ ਨਹੀਂ ਲੱਭਦੀ।"
ਉਹ ਕਹਿੰਦੇ ਹਨ,"ਤਲਾਸ਼ ਹਮੇਸ਼ਾ ਕਾਮਯਾਬ ਨਹੀਂ ਰਹਿੰਦੀ ਅਤੇ ਕੁਝ ਮਾਮਲਿਆਂ ਵਿੱਚ ਮਾਹਰ ਖੋਜੀ ਵੀ ਪੈੜ-ਕੱਢਣ ਵਿੱਚ ਨਾਕਾਮ ਰਹਿੰਦੇ ਹਨ।"
ਪੰਜਾਬੀ ਫਿਲਮਾਂ ਦੇ ਨਾਇਕ ਸੁਲਤਾਨ ਰਾਹੀ ਦੇ ਕਤਲ ਕੇਸ ਵਿੱਚ ਖੋਜੀਆਂ ਦੀ ਮਦਦ

ਤਸਵੀਰ ਸਰੋਤ, SMVP
ਭਾਵੇਂ ਕਿ ਖੋਜੀ ਦੀ ਮੁਹਾਰਤ ਅਸਲੀ ਮੁਲਜ਼ਮ ਦਾ ਪਤਾ ਕਰਨ ਵਿੱਚ ਮਦਦ ਕਰਦੀ ਹੈ, ਲੇਕਿਨ ਇਸਦੀ ਕੋਈ ਕਨੂੰਨੀ ਵੈਧਤਾ ਨਹੀਂ ਹੈ। ਫਿਰ ਵੀ ਪੰਜਾਬ ਵਿੱਚ ਪੁਲਿਸ ਵੀ ਕਈ ਵਾਰ ਇਨ੍ਹਾਂ ਦੀ ਮਦਦ ਲੈਂਦੀ ਹੈ।
ਅਜਿਹਾ ਹੀ ਇੱਕ ਮਸ਼ਹੂਰ ਕੇਸ ਸੁਲਤਾਨ ਰਾਹੀ ਦੇ ਕਤਲ ਦਾ ਸੀ। ਜਿਸ ਵਿੱਚ ਕਾਤਲਾਂ ਦਾ ਪਤਾ ਲਾਉਣ ਲਈ ਪੰਜਾਬ ਪੁਲਿਸ ਨੇ ਉਸ ਸਮੇਂ ਦੇ ਸਭ ਤੋਂ ਮਾਹਰ ਖੋਜੀਆਂ ਨੂੰ ਕੰਮ ਉੱਤੇ ਲਾਇਆ ਸੀ।
ਅੱਠ ਅਤੇ ਨੌਂ ਜਨਵਰੀ, 1996 ਦੀ ਦਰਮਿਆਨੀ ਰਾਤ ਨੂੰ ਜਦੋਂ ਸੁਲਤਾਨ ਰਾਹੀ ਇਸਲਾਮਾਬਾਦ ਤੋਂ ਲਾਹੌਰ ਜਾ ਰਹੇ ਸਨ। ਉਨ੍ਹਾਂ ਦੀ ਗੱਡੀ ਗੁੱਜਰਾਂਵਾਲਾ ਬਾਈਪਾਸ ਕੋਲ ਖ਼ਰਾਬ ਹੋ ਗਈ। ਮਜਬੂਰਨ ਉਨ੍ਹਾਂ ਨੂੰ ਇੱਕ ਸੁੰਨਸਾਨ ਥਾਂ ਉੱਤੇ ਰੁਕਣਾ ਪਿਆ, ਜਿੱਥੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ।
ਉਸ ਸਮੇਂ ਉਹ ਇਲਾਕਾ ਗੁੱਜਰਾਂਵਾਲਾ ਪੁਲਿਸ ਥਾਣੇ ਦੇ ਅਧੀਨ ਆਉਂਦਾ ਸੀ। ਜਿੱਥੋਂ ਦੇ ਐੱਸਐੱਚਓ ਰਾਸ਼ਿਦ ਮੁਹਿਮੂਦ ਸਿੰਧੂ ਸਨ। ਉਹ ਪੁਲਿਸ ਮਹਿਕਮੇ ਵਿੱਚੋਂ ਡੀਐੱਸਪੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ।
ਬੀਬੀਸੀ ਵੱਲੋਂ ਸੰਪਰਕ ਕੀਤੇ ਜਾਣ ਉੱਤੇ ਰਾਸ਼ਿਦ ਮੁਹਿਮੂਦ ਨੇ ਕਿਹਾ, "ਇਹ ਆਪਣੇ ਸਮੇਂ ਦੀ ਪ੍ਰਮੁੱਖ ਜਾਂਚ ਸੀ। ਜਿਸ ਵਿੱਚ ਪੁਲਿਸ ਨੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਲਈ ਖੋਜੀਆਂ ਸਮੇਤ ਆਪਣੇ ਸਾਰੇ ਸਰੋਤਾਂ ਦੀ ਵਰਤੋਂ ਕੀਤੀ।"
ਉਨ੍ਹਾਂ ਮੁਤਾਬਕ, "ਭਾਲ ਮੌਕਾ-ਏ-ਵਾਰਦਾਤ ਤੋਂ ਸ਼ੁਰੂ ਹੋਈ ਅਤੇ ਕੁਝ ਦੂਰ ਬਾਈਪਾਸ ਵਾਪਸ ਆਉਣ ਤੋਂ ਪਹਿਲਾਂ ਸਮਾਨਾਬਾਦ ਚੁੰਗੀ ਦੇ ਰਿਹਾਇਸ਼ੀ ਵਿੱਚੋਂ ਲੰਘੀ। ਜਿਸ ਨੇ ਉਜਾਗਰ ਕੀਤਾ ਕਿ ਕਾਤਲ ਘਟਨਾ ਤੋਂ ਬਾਅਦ ਇਲਾਕੇ ਦੇ ਅੰਦਰ ਭੱਜ ਗਿਆ ਅਤੇ ਸੜਕ ਵੱਲ ਕਈ ਰਸਤਿਆਂ ਤੋਂ ਗੁਜ਼ਰਦਾ ਹੋਇਆ ਬੱਸ ਜਾਂ ਕਾਰ ਰਾਹੀਂ ਫਰਾਰ ਹੋ ਗਿਆ।"
ਸੇਵਾ ਮੁਕਤ ਡੀਐੱਸਪੀ ਰਾਸ਼ਿਦ ਮੁਹਿਮੂਦ ਸਿੰਧੂ ਕਹਿੰਦੇ ਹਨ, "ਖੋਜੀ ਹਮੇਸ਼ਾ ਤੋਂ ਹੀ ਵਰਤੇ ਗਏ ਹਨ। ਖਾਸ ਕਰਕੇ ਕਤਲ ਅਤੇ ਡੰਗਰਾਂ ਦੀ ਚੋਰੀ ਦੇ ਬੇਸੁਰਾਗ ਮਾਮਲਿਆਂ ਵਿੱਚ। ਖੋਜੀ 99% ਸਟੀਕ ਨਤੀਜਾ ਦਿੰਦੇ ਹਨ। ਉਹ ਇਲਾਕੇ ਜਿੱਥੇ ਕੋਈ ਸੀਸੀਟੀਵੀ ਕੈਮਰੇ ਨਹੀਂ ਹੈ ਜਾਂ ਜਿੱਥੇ ਮੋਬਾਈਲ ਲੋਕੇਸ਼ਨ ਸੇਵਾਵਾਂ ਕੰਮ ਨਹੀਂ ਕਰਦੀਆਂ, ਉੱਥੇ ਅੱਜ ਵੀ ਖੋਜੀ ਮੁਲਜ਼ਮ ਦੇ ਸੁਰਾਗ ਤਲਾਸ਼ ਸਕਦੇ ਹਨ।"
ਉਨ੍ਹਾਂ ਨੇ ਕਿਹਾ ਕਿ ਜਾਂਚ-ਪੜਤਾਲ ਦੇ ਆਧੁਨਿਕ ਤਰੀਕੇ ਤਾਂ ਹੁਣ ਆਏ ਹਨ, ਜਿਨ੍ਹਾਂ ਨੇ ਖੋਜੀਆਂ ਦੇ ਮਹੱਤਵ ਨੂੰ ਘਟਾ ਦਿੱਤਾ ਹੈ।
ਬ੍ਰਿਟਿਸ਼ ਕਾਲ ਦੌਰਾਨ ਖੋਜੀ ਪੁਲਿਸ ਪ੍ਰਣਾਲੀ ਦੇ ਨਿਯਮਤ ਅੰਗ ਸਨ

ਤਸਵੀਰ ਸਰੋਤ, Getty Images
ਪੱਤਰਕਾਰ ਅਤੇ ਰਿਸਰਚਰ ਵਕਾਰ ਮੁਸਤਫ਼ਾ ਨੇ ਬੀਬੀਸੀ ਉਰਦੂ ਲਈ ਇਸ ਵਿਸ਼ੇ ਉੱਤੇ ਕੁਝ ਖੋਜ ਕੀਤੀ ਹੈ। ਜੋ ਹੇਠਾਂ ਦਿੱਤੀ ਗਈ ਹੈ—
ਖੋਜੀ ਹਰ ਸਮਾਜ, ਖਾਸ ਕਰਕੇ ਪੇਂਡੂ ਸਮਾਜਾਂ ਦਾ ਅਨਿੱਖੜ ਅੰਗ ਰਹੇ ਹਨ। ਪ੍ਰਾਚੀਨ ਕਾਲ ਵਿੱਚ ਦੁੱਧ ਅਤੇ ਸਵਾਰੀ ਲਈ ਰੱਖੇ ਗਏ ਪਸ਼ੂ ਲੋਕਾਂ ਲਈ ਸਭ ਤੋਂ ਕੀਮਤੀ ਸਰਮਾਇਆ ਹੁੰਦੇ ਸਨ। ਇਸ ਲਈ ਜਦੋਂ ਇਹ ਪਸ਼ੂ ਚੋਰੀ ਕਰ ਲਏ ਜਾਂਦੇ ਸਨ ਜਾਂ ਕੋਈ ਰਾਤ ਦੇ ਹਨ੍ਹੇਰੇ ਵਿੱਚ ਘਰ ਦੀਆਂ ਗਾਰੇ ਦੀਆਂ ਕੰਧਾਂ ਵਿੱਚ ਸੰਨ੍ਹ ਲਾ ਕੇ ਹੋਰ ਵਸਤੂਆਂ ਚੋਰੀ ਕਰ ਲੈ ਜਾਂਦਾ ਸੀ ਤਾਂ ਪੀੜਤ ਲੋਕ ਚੋਰ ਦਾ ਪਤਾ ਕਰਨ ਲਈ ਇਨ੍ਹਾਂ ਖੋਜੀਆਂ ਦੀ ਮਦਦ ਲੈਂਦੇ ਸਨ।
ਬ੍ਰਿਟਿਸ਼ ਭਾਰਤ ਵਿੱਚ ਖੋਜੀ ਨੂੰ 'ਪਿੱਗੀ', ਕਦੇ 'ਪੈੜੀ' ਕਦੇ 'ਸੁਰਾਗ-ਪਾਮ' ਅਤੇ ਕਦੇ 'ਖੁਰੇ-ਪੱਟ' ਕਿਹਾ ਜਾਂਦਾ ਸੀ। ਹਾਲਾਂਕਿ ਸਭ ਤੋਂ ਆਮ ਅਤੇ ਵਧੇਰੇ ਕਰਕੇ ਵਰਤਿਆ ਜਾਣ ਵਾਲਾ ਸ਼ਬਦ ਖੋਜੀ ਹੀ ਰਿਹਾ ਹੈ, ਜਿਸ ਦਾ ਭਾਵ ਹੈ- ਖੋਜ ਕਰਨ ਵਾਲਾ।
ਉੱਨੀਵੀਂ ਸਦੀ ਦੇ ਅੱਧ ਵਿੱਚ ਸਾਨੂੰ ਬ੍ਰਿਟਿਸ਼ ਕਾਲ ਦੌਰਾਨ ਖੋਜੀਆਂ ਅਤੇ ਪੁਲਿਸ ਦਰਮਿਆਨ ਰਿਸ਼ਤਿਆਂ ਦੇ ਵਿਕਾਸ ਬਾਰੇ ਕੁਝ ਝਲਕ ਮਿਲਦੀ ਹੈ।
ਪਾਕਿਸਤਾਨ ਦੀ ਮੌਜੂਦਾ ਪ੍ਰਣਾਲੀ ਸਭ ਤੋਂ ਪਹਿਲਾਂ ਬ੍ਰਿਟਿਸ਼ ਸਰਕਾਰ ਦੁਆਰਾ ਪਾਕਿਸਤਾਨ ਵਿੱਚ ਸ਼ਾਮਿਲ ਸਿੰਧ ਸੂਬੇ ਦੇ ਇਲਾਕਿਆਂ ਵਿੱਚ ਲਾਗੂ ਕੀਤੀ ਗਈ ਸੀ। ਖੋਜੀ ਇਸ ਪ੍ਰਣਾਲੀ ਦਾ ਅਨਿੱਖੜ ਅੰਗ ਬਣਾਏ ਗਏ। ਇਹ ਖੋਜੀ ਆਪਣੇ ਤਜ਼ਰਬੇ ਅਤੇ ਮੁਹਾਰਤ ਮੁਤਾਬਕ ਤਫ਼ਤੀਸ਼ ਵਿੱਚ ਪੁਲਿਸ ਦੀ ਮਦਦ ਕਰਦੇ ਸਨ।
ਸਿੰਧ ਅਜਾਇਬ ਘਰ ਵਿੱਚ ਪਈ ਤਿੰਨ ਜਨਵਰੀ, 1883 ਦੀ ਇੱਕ ਪੁਲਿਸ ਰਿਪੋਰਟ ਮੁਤਾਬਕ, "ਜਦੋਂ ਥੱਟਾ ਜ਼ਿਲ੍ਹੇ ਦੇ ਵਸਨੀਕ ਉਮਰ ਜਾਰੋ ਦੀ ਗਾਂ ਚੋਰੀ ਹੋ ਗਈ ਤਾਂ ਉਸ ਨੇ ਇੱਕ ਅਨੁਭਵੀ ਖੋਜੀ ਦੀ ਮਦਦ ਲਈ। ਖੋਜੀ ਨੇ ਪੁਲਿਸ ਕਾਂਸਟੇਬਲ ਬੱਚਲ ਸ਼ਾਹ ਨਾਲ ਪੈੜ ਦਾ ਪਿੱਛਾ ਕੀਤਾ ਅਤੇ ਹੈਦਰਾਬਾਦ ਦੇ ਨਜ਼ਦੀਕ ਇੱਕ ਘਰ ਤੋਂ ਚੋਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।"

ਤਸਵੀਰ ਸਰੋਤ, EHTISHAM SHAMI
ਖੁਸ਼ਵੰਤ ਸਿੰਘ ਦੀ ਕਿਤਾਬ 'ਏ ਹਿਸਟਰੀ ਆਫ਼ ਦਿ ਸਿਖਸ' ਮੁਤਾਬਕ, 'ਜਦੋਂ 1849 ਵਿੱਚ ਪੰਜਾਬ ਵਿੱਚ ਅੰਗੇਰਜ਼ ਕਾਬਜ਼ ਹੋਏ, ਪੇਸ਼ੇਵਰ ਖੋਜੀ ਵੀ ਪੁਲਿਸ ਵਿਭਾਗ ਨਾਲ ਜੋੜੇ ਗਏ ਜੋ ਲੰਬੇ ਅਤੇ ਧੂੜ ਭਰੇ ਰਾਹਾਂ ਉੱਤੇ ਵੀ ਹੈਰਾਨ ਕਰ ਦੇਣ ਵਾਲੇ ਕਸਬ ਦੇ ਨਾਲ ਗੁੰਮਸ਼ੁਦਾ ਮਾਲ-ਡੰਗਰ ਦੀ ਪੈੜ ਲੱਭ ਲੈਂਦੇ ਸਨ।'
ਜੌਰਜ ਹਚਿਨਸਨ, ਜੋ ਉਸ ਸਮੇਂ ਸੂਬੇ ਦੀ ਪੁਲਿਸ ਦੇ ਮੁਖੀ ਸਨ। ਉਨ੍ਹਾਂ ਨੇ 1861 ਵਿੱਚ ਸੂਬੇ ਵਿੱਚ ਖੋਜ ਦੀ ਰਵਾਇਤ ਦੀ ਮੌਜੂਦਗੀ ਬਾਰੇ ਇੱਕ ਸਰਵੇਖਣ ਕਰਵਾਇਆ।
'ਗਲੋਬਲ ਫੋਰੈਂਸਿਕ ਕਲਚਰਜ਼' ਨਾਮਕ ਕਿਤਾਬ ਵਿੱਚ ਗਗਨਪ੍ਰੀਤ ਸਿੰਘ ਨੇ ਆਪਣੇ ਲੇਖ, 'ਟਰੈਕਿੰਗ ਐਂਡ ਡਿਟੈਕਸ਼ਨ ਇਨ ਦਿ ਲੇਟ ਨਾਈਨਟੀਨਥ ਸੈਂਚੁਰੀ' ਵਿੱਚ ਇਸ ਸਰਵੇਖਣ ਦਾ ਹਵਾਲਾ ਦਿੱਤਾ ਹੈ। ਉਹ ਇਸ ਪੈੜ-ਨੱਪਣ ਦੀ ਰਵਾਇਤ ਦੇ ਉੱਤਰ-ਪੱਛਮੀ ਜ਼ਿਲ੍ਹਿਆਂ ਵਿੱਚ ਮਸ਼ਹੂਰ ਹੋਣ ਦਾ ਜ਼ਿਕਰ ਕਰਦੇ ਹਨ।
ਉਹ ਲਿਖਦੇ ਹਨ, "ਇਹ ਪ੍ਰਣਾਲੀ ਜੇਹਲਮ, ਗੁਜਰਾਤ, ਗੁੱਜਰਾਂਵਾਲਾ, ਝੰਗ, ਮੋਂਟਗੁਮਰੀ (ਅਜੋਕਾ ਸਾਹੀਵਾਲ), ਲਾਹੌਰ, ਮੁਲਤਾਨ, ਮੁਜ਼ੱਫਰਗੜ੍ਹ ਅਤੇ ਸ਼ਾਹਪੁਰ ਵਿੱਚ ਮੌਜੂਦ ਸੀ। ਬੇਸ਼ੱਕ, ਇਹ ਪ੍ਰਣਾਲੀ ਹੋਰ ਜ਼ਿਲ੍ਹਿਆਂ ਵਿੱਚ ਵੀ ਪ੍ਰਚਲਿਤ ਰਹੀ ਹੋਵੇਗੀ ਜੋ ਹੁਣ ਭਾਰਤ ਦਾ ਹਿੱਸਾ ਹਨ, ਲੇਕਿਨ ਸਰਵੇਖਣ ਵਿੱਚ ਸਿਰਫ ਸਿਰਸਾ ਅਤੇ ਹਿਸਾਰ ਦਾ ਹੀ ਜ਼ਿਕਰ ਹੈ।"
ਗਗਨਪ੍ਰੀਤ ਸਿੰਘ ਅੱਗੇ ਲਿਖਦੇ ਹਨ, "ਬ੍ਰਿਟਿਸ਼, ਲੱਭਣ ਦੀ ਪਹਿਲਾਂ ਤੋਂ ਮੌਜੂਦ ਪ੍ਰਣਾਲੀ (ਖੋਜੀ) ਦੀ ਵਰਤੋਂ ਆਪਣੀ ਪੁਲਿਸ ਪ੍ਰਣਾਲੀ ਵਿੱਚ ਕਰਨੀ ਚਾਹੁੰਦੇ ਸਨ। ਜਦੋਂ 1861 ਵਿੱਚ ਖੋਜੀਆਂ ਨੂੰ ਪੰਜਾਬ ਦੀ ਪੁਲਿਸ ਪ੍ਰਣਾਲੀ ਦਾ ਹਿੱਸਾ ਬਣਾ ਦਿੱਤਾ ਗਿਆ ਤਾਂ ਜੌਰਜ ਹਚਿਨਸਨ ਵਰਗੇ ਪੁਲਿਸ ਮੁਖੀਆਂ ਨੇ ਇਨ੍ਹਾਂ ਨੂੰ ਉਨ੍ਹਾਂ ਜ਼ਿਲ੍ਹਿਆਂ ਵਿੱਚ ਵੀ ਕੰਮ 'ਤੇ ਲਗਾਇਆ ਜਿੱਥੇ ਇਹ ਪਹਿਲਾਂ ਤੋਂ ਮੌਜੂਦ ਨਹੀਂ ਸੀ।"
"ਲੇਕਿਨ 1861 ਦੇ ਪੁਲਿਸ ਐਕਟ ਵਿੱਚ ਕਿਸੇ ਖੋਜੀ ਨੂੰ ਨੌਕਰੀ 'ਤੇ ਰੱਖਣ ਦਾ ਕੋਈ ਵਿਸ਼ੇਸ਼ ਢੰਗ ਨਿਰਧਾਰਿਤ ਨਹੀਂ ਕੀਤਾ ਗਿਆ। ਸਥਾਨਕ ਖੋਜੀਆਂ ਨੂੰ ਕਾਂਸਟੇਬਲ ਲਾਇਆ ਜਾਂਦਾ ਸੀ, ਇਸ ਲਈ ਅਨਪੜ੍ਹ ਖੋਜੀਆਂ ਨੂੰ ਵੀ ਕਾਂਸਟੇਬਲ ਲਾ ਦਿੱਤਾ ਜਾਂਦਾ ਸੀ।"
"ਹਾਲਾਂਕਿ, ਖੋਜੀਆਂ ਨੂੰ ਰੁਜ਼ਗਾਰ ਦੀਆਂ ਬੰਦਿਸ਼ਾਂ ਪ੍ਰਵਾਨ ਨਹੀਂ ਸਨ ਅਤੇ ਉਹ ਨਿੱਜੀ ਕੰਮ ਨੂੰ ਤਰਜੀਹ ਦਿੰਦੇ ਸਨ। ਇੱਕ ਸਰਕਾਰੀ ਰਿਪੋਰਟ ਮੁਤਾਬਕ, ਜਿਨ੍ਹਾਂ ਇਲਾਕਿਆਂ ਵਿੱਚ ਪਸ਼ੂਆਂ ਦੀ ਚੋਰੀ ਆਮ ਸੀ, ਉੱਥੇ ਵਧੀਆ ਖੋਜੀ ਸਰਕਾਰੀ ਪੁਲਿਸ ਕਾਂਸਟੇਬਲ ਤੋਂ ਦੁੱਗਣਾ ਕਮਾ ਲੈਂਦੇ ਸਨ।"
"ਪੁਲਿਸ ਲਈ ਉਨ੍ਹਾਂ ਨੂੰ ਨੌਕਰੀ ਉੱਤੇ ਰੱਖਣਾ ਵੀ ਮੁਸ਼ਕਿਲ ਸੀ। ਨਿੱਜੀ ਕੰਮ ਕਰਨ ਵਾਲੇ ਖੋਜੀ ਆਪਣਾ ਮਿਹਨਤਾਨਾ ਚੋਰੀ ਹੋਏ ਸਮਾਨ ਦੇ ਮੁੱਲ ਦੇ ਹਿਸਾਬ ਨਾਲ ਤੈਅ ਕਰਦੇ ਸਨ। ਜਦੋਂ ਪੁਲਿਸ ਵੀ ਉਨ੍ਹਾਂ ਤੋਂ ਨਿੱਜੀ ਰੂਪ ਵਿੱਚ ਕੰਮ ਲੈਂਦੀ ਸੀ ਤਾਂ ਬਦਲੇ ਵਿੱਚ ਉਨ੍ਹਾਂ ਨੂੰ ਦਿਹਾੜੀ ਦੇ ਅੱਠ ਆਨੇ ਮਿਹਨਤਾਨਾ ਦਿੱਤਾ ਜਾਂਦਾ ਸੀ ਜੋ ਕਿ ਪੁਲਿਸ ਦੀ ਮੁਲਾਜ਼ਮਤ ਵਿੱਚ ਲੱਗੇ ਖੋਜੀਆਂ ਦੀ ਤਨਖ਼ਾਹ ਨਾਲੋਂ ਜ਼ਿਆਦਾ ਸੀ।"
"ਵੀਹਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ਵਿੱਚ, 150 ਖੋਜੀ ਪੰਜਾਬ ਪੁਲਿਸ ਦੇ ਨਿਯਮਤ ਕਰਮਚਾਰੀ ਸਨ, ਲੇਕਿਨ ਉਹ ਨੌਕਰੀ ਛੱਡ ਕੇ ਨਾ ਚਲੇ ਜਾਣ ਇਸ ਲਈ ਉਨ੍ਹਾਂ ਨੂੰ ਕਈ ਛੋਟਾਂ ਦੇਣੀਆਂ ਪੈਂਦੀਆਂ ਸੀ।"

ਖੁਸ਼ਵੰਤ ਸਿੰਘ ਜਿਡੋਨ ਪੋਵੈੱਲ ਦਾ ਹਵਾਲਾ ਦਿੰਦੇ ਹਨ ਕਿ ਭਾਰਤ ਦੇ ਕੁਝ ਹਿੱਸਿਆਂ ਵਿੱਚ, ਹਰ ਪਿੰਡ ਵਿੱਚ ਇੱਕ ਜਾਂ ਦੋ ਸਿਖਲਾਈ ਪ੍ਰਾਪਤ ਖੋਜੀ ਮਿਲ ਜਾਂਦੇ ਸਨ।
"ਲੁੱਟ ਦੇ ਮਾਮਲੇ ਵਿੱਚ ਖੋਜੀ ਉਦੋਂ ਤੱਕ ਚੋਰ ਦੀ ਭਾਲ ਕਰਦੇ ਸਨ ਜਦੋਂ ਤੱਕ ਕਿ ਉਹ ਅਗਲੇ ਪਿੰਡ ਨਹੀਂ ਵੜ ਜਾਂਦਾ ਸੀ। ਉਸ ਤੋਂ ਅੱਗੇ ਅਗਲਾ ਖੋਜੀ ਕੰਮ ਸਾਂਭ ਲੈਂਦਾ ਸੀ। ਜੇ ਚੋਰ ਅਗਲੇ ਪਿੰਡ ਤੋਂ ਬਾਹਰ ਨਹੀਂ ਜਾਂਦਾ ਸੀ ਤਾਂ ਸਾਰੇ ਪਿੰਡ ਨੂੰ ਲੁੱਟੇ ਗਏ ਮਾਲ ਦਾ ਜੁਰਮਾਨਾ ਦੇਣਾ ਪੈਂਦਾ ਸੀ।"
ਜੌਰਜ ਹਚਿਨਸਨ ਦੁਆਰਾ ਲਿਖੀ ਪੁਲਿਸ ਮੈਨੂਅਲ ਵਿੱਚ ਵੀ ਖੋਜੀਆਂ ਦਾ ਜ਼ਿਕਰ ਹੈ। ਉਨ੍ਹਾਂ ਨੇ ਆਪਣੀ 1866 ਦੀ ਰਿਪੋਰਟ ਵਿੱਚ ਗੁੱਜਰਾਂਵਾਲਾ, ਮੋਂਟਗੁਮਰੀ ਅਤੇ ਮੁਲਤਾਨ ਵਿੱਚ ਖੋਜੀਆਂ ਦੀਆਂ ਸੇਵਾਵਾਂ ਦੀ ਵਰਤੋਂ ਘਟਣ ਦਾ ਜ਼ਿਕਰ ਕੀਤਾ ਹੈ।
ਉਨ੍ਹਾਂ ਨੇ ਲਿਖਿਆ ਕਿ ਜੇ ਸਰਕਾਰ ਨੇ ਤਫ਼ਤੀਸ਼ ਦੀ ਇਸ ਉਪਯੋਗੀ ਪ੍ਰਣਾਲੀ ਨੂੰ ਉਤਸ਼ਾਹਿਤ ਨਾ ਕੀਤਾ ਤਾਂ ਇਹ ਹੌਲੀ-ਹੌਲੀ ਕੁਦਰਤੀ ਮੌਤ ਮਰ ਜਾਵੇਗੀ ਅਤੇ ਅਲੋਪ ਹੋ ਜਾਵੇਗੀ। ਤਿੰਨ ਸਾਲ ਬਾਅਦ ਉਨ੍ਹਾਂ ਨੇ ਫਿਰ ਖੋਜੀਆਂ ਦੀ ਵਰਤੋਂ ਘਟਣ ਉੱਤੇ ਪਛਤਾਵਾ ਜ਼ਾਹਰ ਕੀਤਾ।
ਉਨ੍ਹਾਂ ਲਿਖਿਆ, "ਇਸਦੇ ਮੁੜ ਸੁਰਜੀਤ ਹੋਣ ਦੀ ਬਹੁਤ ਘੱਟ ਉਮੀਦ ਹੈ ਕਿਉਂਕਿ ਖੇਤੀ ਵਧ ਰਹੀ ਹੈ, ਸੜਕਾਂ ਬਣਾਈਆਂ ਜਾ ਰਹੀਆਂ ਹਨ, ਵਸੋਂ ਵਧ ਰਹੀ ਹੈ, ਜਿਸ ਕਾਰਨ ਪੈੜ ਲੱਭਣੀ ਵਧੇਰੇ ਮੁਸ਼ਕਿਲ ਹੁੰਦੀ ਜਾ ਰਹੀ ਹੈ। ਸਿਖਲਾਈ ਪ੍ਰਾਪਤ ਖੋਜੀ ਵੀ ਥੋੜ੍ਹੇ ਹੁੰਦੇ ਜਾ ਰਹੇ ਹਨ!"
ਆਪਣੀ ਰਿਪੋਰਟ ਵਿੱਚ ਹਚਿਨਸਨ ਨੇ ਇਸ ਕਲਾ ਦੇ ਪਤਨ ਲਈ ਅਦਾਲਤਾਂ ਦੀ ਇਸ ਫੌਰੈਂਸਿਕ ਸਬੂਤ ਪ੍ਰਤੀ ਹਮਦਰਦੀ ਦੀ ਕਮੀ ਨੂੰ ਜ਼ਿੰਮੇਵਾਰ ਠਹਿਰਾਇਆ। ਇਸਦਾ ਮਤਲਬ ਸੀ ਕਿ ਅਦਾਲਤਾਂ ਖੋਜੀਆਂ ਤੋਂ ਮਿਲੇ ਪੈਰਾਂ ਦੀ ਪੈੜ ਦੇ ਸਬੂਤ ਨੂੰ ਨਹੀਂ ਵਿਚਾਰਦੀਆਂ ਸਨ।
ਖੁਸ਼ਵੰਤ ਸਿੰਘ ਮੁਤਾਬਕ, ਅਦਾਲਤਾਂ ਖੋਜੀਆਂ ਦੇ ਸਬੂਤਾਂ ਉੱਤੇ ਯਕੀਨ ਨਹੀਂ ਕਰਦੀਆਂ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਪ੍ਰਣਾਲੀ ਰਾਹੀਂ ਪੁਲਿਸ ਬੇਕਸੂਰ ਲੋਕਾਂ ਨੂੰ ਵੀ ਫਸਾ ਸਕਦੀ ਹੈ। ਫਿਰ ਵੀ ਖੋਜੀ ਬ੍ਰਿਟਿਸ਼ ਕਾਲ ਦੇ ਅੰਤ ਤੱਕ ਪੁਲਿਸ ਪ੍ਰਣਾਲੀ ਦਾ ਅੰਗ ਬਣੇ ਰਹੇ।
ਚੋਰ ਦੇ ਸਰੀਰਕ ਵੇਰਵੇ ਵੀ ਦੱਸ ਦੇਣ ਵਾਲਾ ਇੱਕ ਖੋਜੀ

ਤਸਵੀਰ ਸਰੋਤ, Getty Images
ਜੌਰਜ ਹਚਿਨਸਨ ਨੂੰ ਇਸ ਪ੍ਰਣਾਲੀ ਵਿੱਚ ਭਰੋਸਾ ਸੀ। ਉਨ੍ਹਾਂ ਨੇ ਇਸਦੀ ਵਰਤੋਂ ਅਪਰਾਧੀਆਂ ਦਾ ਪਿੱਛਾ ਕਰਨ, ਚੋਰੀ ਹੋਇਆ ਸਮਾਨ ਬਰਾਮਦ ਕਰਨ ਅਤੇ ਸਬੂਤ ਇਕੱਠੇ ਕਰਨ ਲਈ ਸ਼ੁਰੂ ਕੀਤੀ।
ਬ੍ਰਿਟਿਸ਼ ਕਾਲ ਦੌਰਾਨ, 1912 ਦੇ ਇੱਕ ਅਖ਼ਬਾਰ 'ਦਿ ਨੇਸ਼ਨ' ਵਿੱਚ "ਫੁਟ ਪ੍ਰਿੰਟਸ ਐਂਡ ਬਲੱਡ ਮਾਰਕ" ਸਿਰਲੇਖ ਹੇਠ ਛਪੇ ਲੇਖ ਮੁਤਾਬਕ, ਪੈਰ ਦੇ ਨਿਸ਼ਾਨਾਂ ਦੀ ਪਛਾਣ ਕਰਨਾ ਇੱਕ ਪੇਚੀਦਾ ਸਮੱਸਿਆ ਹੈ। "ਫਰਾਂਸ, ਜਰਮਨੀ ਅਤੇ ਅਮਰੀਕਾ ਵਿੱਚ ਡੂੰਘੇ ਅਧਿਐਨ ਕੀਤੇ ਜਾ ਰਹੇ ਹਨ ਲੇਕਿਨ ਪੂਰਬ ਵਿੱਚ ਅਪਰਾਧੀਆਂ ਨੂੰ ਸਿਰਫ ਉਨ੍ਹਾਂ ਦੇ ਪੈਰਾਂ ਦੀਆਂ ਪੈੜਾਂ ਤੋਂ ਫੜਿਆ ਜਾ ਸਕਦਾ ਹੈ। ਉੱਤਰੀ ਭਾਰਤ ਦੇ ਇਹ ਖੋਜੀ ਇਹ ਕਲਾ ਆਪਣੇ ਪੁਰਖਿਆਂ ਤੋਂ ਸਿੱਖ ਰਹੇ ਸਨ।"
ਇਹੀ ਲੇਖ ਕਹਿੰਦਾ ਹੈ ਕਿ ਕੋਈ ਯੂਰੋਪੀਅਨ ਕਿਸੇ ਖੋਜੀ ਦੇ ਕਸਬ/ਹੁਨਰ ਨੂੰ ਅਜ਼ਮਾਉਣਾ ਚਾਹੁੰਦਾ ਸੀ। 'ਮਿਲਟਰੀ ਦੇ ਕੈਂਪ ਤੋਂ ਇੱਕ ਗਾਂ ਕਿਤੇ ਦੂਰ ਲਿਜਾਈ ਗਈ ਅਤੇ ਫਿਰ ਕਿਸੇ ਹੋਰ ਰਸਤੇ ਤੋਂ ਵਾਪਸ ਲਿਆਂਦੀ ਗਈ। ਖੋਜੀ ਨੂੰ ਕਿਹਾ ਗਿਆ ਕਿ ਗਾਂ ਚੋਰੀ ਗਈ ਹੈ ਅਤੇ ਉਹ ਉਸਨੂੰ ਲੱਭੇ।'
ਖੋਜੀ ਨੇ 'ਨੀਵੀਂ ਪਾਈ, ਅੱਧ ਖੁੱਲ੍ਹੀਆਂ ਅੱਖਾਂ ਨਾਲ ਬੇਝਿਜਕ ਖੋਜੀ ਨੇ ਰੇਤਲੀਆਂ ਅਤੇ ਘੱਟੇ ਭਰੀਆਂ ਰਾਹਾਂ ਵਿੱਚ ਪੈੜ ਦਾ ਪਿੱਛਾ ਕੀਤਾ। ਇਹ ਪੈੜਾਂ ਅਜਿਹੀਆਂ ਸਨ ਜਿਨ੍ਹਾਂ ਨੂੰ ਉਸਦੇ ਨਾਲ ਗਏ ਵੀ ਨਹੀਂ ਪਛਾਣ ਸਕੇ ਸਨ। ਇਨ੍ਹਾਂ ਨਿਸ਼ਾਨਾਂ ਦਾ ਪਿੱਛਾ ਕਰਦੇ ਹੋਏ ਉਸਨੇ ਦੱਸਿਆ ਕਿ ਗਾਂ ਦੇ ਪੈਰਾਂ ਦੇ ਨਿਸ਼ਾਨ ਕਿਸ ਤਰ੍ਹਾਂ ਦੇ ਸਨ। ਚੋਰ ਦੀਆਂ ਜੁੱਤੀਆਂ ਦੋ ਥਾਵਾਂ ਤੋਂ ਟੁੱਟੀਆਂ ਹੋਈਆਂ ਸਨ ਅਤੇ ਇੱਕ ਥਾਂ 'ਤੇ ਤਾਂ ਉਸ ਨੇ ਜੁੱਤੀਆਂ ਲਾਹ ਵੀ ਦਿੱਤੀਆਂ ਸਨ, ਤੇ ਇਹ ਕਿ ਚੋਰ ਦੇ ਪੈਰ ਚਪਟੇ ਸਨ ਅਤੇ ਉਸਦੇ ਇੱਕ ਪੈਰ ਦਾ ਅੰਗੂਠਾ ਵੱਡਾ ਸੀ, (ਚੋਰ) ਬੁੱਢਾ ਸੀ ਅਤੇ ਆਮ ਤੌਰ 'ਤੇ ਘੁਮਿਆਰ ਦਾ ਕੰਮ ਕਰਦਾ ਸੀ....ਤਲਾਸ਼ਦੇ ਅਤੇ ਤਲਾਸ਼ਦੇ ਖੋਜੀ ਕੈਂਪ ਵਿੱਚ ਉੱਥੇ ਹੀ ਵਾਪਸ ਆ ਗਿਆ ਜਿੱਥੇ ਕਿ ਗਾਂ ਅਤੇ ਗਾਂ ਨੂੰ ਲਿਜਾਣ ਵਾਲਾ ਵਿਅਕਤੀ ਮੌਜੂਦ ਸਨ। ਜੋ ਕੁਝ ਵੀ ਖੋਜੀ ਨੇ ਕਿਹਾ ਸੀ, ਸਭ ਕੁਝ ਸੱਚ ਸਾਬਤ ਹੋਇਆ।'
ਆਪਣੀਆਂ ਸਮ੍ਰਿਤੀਆਂ 'ਮੇਮੋਇਰਸ ਆਫ਼ ਹਿਸਟਰੀ' ਵਿੱਚ ਇੱਕ ਅੰਗੇਰਜ਼ ਅਧਿਕਾਰੀ ਸਰ ਹੈਨਰੀ ਮੇਅਰ ਇਲੀਅਟ ਨੇ ਮੁਲਤਾਨ ਦੀ ਊਠ ਮੰਡੀ ਵਿੱਚੋਂ ਇੱਕ ਊਠ ਚੋਰੀ ਹੋਣ ਬਾਰੇ ਲਿਖਿਆ ਹੈ।
ਉਨ੍ਹਾਂ ਲਿਖਿਆ, "ਊਠ ਦੇ ਮਾਲਕ ਨੇ ਉਸਦੀ ਲੱਤ ਉੱਤੇ ਇੱਕ ਖਾਸ ਨਿਸ਼ਾਨ ਲਾਇਆ ਸੀ। ਖੋਜੀ ਨੇ ਦੇਖਿਆ ਕਿ ਇਹ ਨਿਸ਼ਾਨ ਉੱਤਰ ਵੱਲ ਜਾ ਰਿਹਾ ਸੀ। ਇੱਕ ਹੋਰ ਊਠ ਉੱਤੇ ਬੈਠ ਕੇ ਖੋਜੀ ਨੇ ਦੋ ਸੌ ਮੀਲ ਤੋਂ ਜ਼ਿਆਦਾ ਦੂਰ ਤੱਕ ਇਸ ਨਿਸ਼ਾਨ ਦਾ ਪਿੱਛਾ ਕੀਤਾ। ਹੁਣ ਉਹ ਗੁਜਰਾਤ ਜ਼ਿਲ੍ਹੇ ਵਿੱਚ ਸੀ, ਜਿੱਥੇ ਜ਼ਮੀਨ ਉਪਜਾਊ ਹੈ ਅਤੇ ਬਹੁਤ ਜ਼ਿਆਦਾ ਖੇਤੀ ਹੁੰਦੀ ਹੈ।"
"ਇੱਥੇ ਕੁਝ ਦੇਰ ਲਈ ਪੈੜ ਗੁਆਚ ਗਈ। ਲੇਕਿਨ ਫਿਰ ਲੱਭ ਲਈ ਗਈ ਅਤੇ ਆਖਰ ਊਠ ਕਸ਼ਮੀਰ ਦੀਆਂ ਪਹਾੜੀਆਂ ਹੇਠ ਇੱਕ ਛੋਟੇ ਜਿਹੇ ਕਸਬੇ ਦੀ ਮੰਡੀ ਵਿੱਚ ਮਿਲਿਆ ਅਤੇ (ਖੋਜੀ) ਸਫਲ ਹੋ ਕੇ ਗੁਜਰਾਤ ਵਾਪਸ ਆਇਆ।"
ਇਲੀਅਟ ਦੇ ਮੁਤਾਬਕ, "ਕਿਸੇ ਪੈੜ ਦਾ ਪਿੱਛਾ ਕਰਦੇ ਹੋਏ ਖੋਜੀ ਅਕਸਰ ਤਿੰਨ ਛੋਟੀਆਂ ਡੰਡੀਆਂ ਦੀ ਵਰਤੋਂ ਕਰਦੇ ਹਨ। ਇਨ੍ਹਾਂ ਦੇ ਨਾਲ ਉਹ ਪੈੜ ਦੀ ਲੰਬਾਈ-ਚੌੜਾਈ ਅਤੇ ਇਸ ਦੇ ਵੱਖੋ-ਵੱਖ ਹਿੱਸਿਆਂ ਦਾ ਮਾਪ ਲੈਂਦੇ ਹਨ। ਲੇਕਿਨ ਕਈ ਚੰਗੇ ਖੋਜੀ ਅਜਿਹੇ ਸਹਾਰਿਆਂ ਨੂੰ ਚੰਗਾ ਨਹੀਂ ਸਮਝਦੇ ਅਤੇ ਆਪਣੀਆਂ ਅੱਖਾਂ ਉੱਤੇ ਨਿਰਭਰ ਕਰਦੇ ਹਨ।"
'ਦਿ ਨੇਸ਼ਨ' ਵਿੱਚ ਪ੍ਰਕਾਸ਼ਿਤ ਇੱਕ ਲੇਖ ਮੁਤਾਬਕ, ਸਰ ਐਡਮੰਡ ਕੌਕਸ ਨੇ ਕਿਹਾ ਸੀ ਕਿ ਮਨੁੱਖੀ ਵਿਰਾਸਤ ਦੀ ਇਹ ਹੈਰਾਨੀਜਨਕ ਸੰਭਾਵਨਾ ਹੌਲੀ-ਹੌਲੀ ਅਲੋਪ ਹੁੰਦੀ ਜਾ ਰਹੀ ਹੈ।
ਹਾਲਾਂਕਿ ਪੰਜਾਬ ਦੇ ਉਨ੍ਹਾਂ ਜ਼ਿਲ੍ਹਿਆਂ ਵਿੱਚ ਜਿੱਥੇ ਮਾਲ-ਡੰਗਰ ਦੀ ਚੋਰੀ ਆਮ ਹੈ, ਪੁਲਿਸ ਦੀਆਂ ਵੈਬਸਾਈਟਾਂ ਉੱਤੇ ਖੋਜੀ ਦੇ ਕਸਬਾਂ ਦੀ ਵਰਤੋਂ ਕਰਨ ਦਾ ਜ਼ਿਕਰ ਅਜੇ ਵੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












