ਪੰਜਾਬ ਦੇ ਪਿੰਡਾਂ 'ਚ ਲਵ ਮੈਰਿਜ ਕਰਨ ਵਾਲੇ ਮੁੰਡੇ-ਕੁੜੀਆਂ ਦਾ ਕਿਉਂ ਕੀਤਾ ਜਾ ਰਿਹਾ ਬਾਈਕਾਟ, ਇਨ੍ਹਾਂ ਪੰਚਾਇਤੀ ਮਤਿਆਂ ਦਾ ਕੀ ਹੈ ਕਾਨੂੰਨੀ ਆਧਾਰ

- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
"ਅਸੀਂ ਨੌਂ ਸਾਲ ਪਹਿਲਾਂ ਭੱਜ ਕੇ ਵਿਆਹ ਕਰਵਾਇਆ ਸੀ, ਹੁਣ ਸਾਡੇ ਦੋ ਬੱਚੇ ਹਨ, ਆਪਣੇ ਜੱਦੀ ਘਰ ਵਿੱਚ ਰਹਿ ਰਹੇ ਹਾਂ, ਪੰਚਾਇਤ ਦੇ ਕਹਿਣ ਉੱਤੇ ਅਸੀਂ ਕਿਵੇਂ ਪਿੰਡ ਛੱਡ ਕੇ ਚਲੇ ਜਾਈਏ।"
ਇਹ ਸ਼ਬਦ ਪਟਿਆਲਾ ਜ਼ਿਲ੍ਹੇ ਦੇ ਪਿੰਡ ਗਲਵੱਟੀ ਦੇ ਰਹਿਣ ਵਾਲੇ 28 ਸਾਲਾ ਨੌਜਵਾਨ ਤਰਨਜੀਤ ਸਿੰਘ ਦੇ ਹਨ।
ਤਰਨਜੀਤ ਸਿੰਘ ਨੇ 2016 ਵਿੱਚ ਆਪਣੇ ਹੀ ਪਿੰਡ ਦੀ ਇੱਕ ਕੁੜੀ ਨਾਲ ਘਰ ਤੋਂ ਭੱਜ ਕੇ ਪ੍ਰੇਮ ਵਿਆਹ ਕਰਵਾਇਆ ਸੀ। ਕੁਝ ਸਾਲ ਪਿੰਡ ਤੋਂ ਬਾਹਰ ਰਹਿਣ ਤੋਂ ਬਾਅਦ ਤਰਨਜੀਤ ਸਿੰਘ ਅਤੇ ਉਨ੍ਹਾਂ ਦੇ ਪਤਨੀ ਦੋ ਸਾਲ ਪਹਿਲਾਂ ਮੁੜ ਆਪਣੇ ਪਿੰਡ ਵਿੱਚ ਹੀ ਆ ਕੇ ਰਹਿਣ ਲੱਗ ਗਏ ਸਨ।
ਪਰ ਹੁਣ ਕੁਝ ਦਿਨ ਪਹਿਲਾਂ ਪਿੰਡ ਦੀ ਪੰਚਾਇਤ ਅਤੇ ਆਮ ਨਾਗਰਿਕਾਂ ਨੇ ਇਕੱਠੇ ਦਸਤਖ਼ਤ ਕਰਕੇ ਇਸ ਜੋੜੇ ਨੂੰ ਪਿੰਡ ਛੱਡ ਕੇ ਚਲੇ ਜਾਣ ਦਾ ਹੁਕਮ ਸੁਣਾਇਆ ਹੈ।

ਪਰ ਤਰਨਜੀਤ ਅਤੇ ਉਨ੍ਹਾਂ ਦੇ ਪਤਨੀ ਪਿੰਡ ਛੱਡ ਕੇ ਜਾਣ ਲਈ ਰਾਜ਼ੀ ਨਹੀਂ ਹਨ। ਉਹ ਪੰਚਾਇਤ ਦੇ ਇਸ ਹੁਕਮ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੇ ਹਨ।
ਇਹ ਕਹਾਣੀ ਪੰਜਾਬ ਦੇ ਇੱਕ ਪਿੰਡ ਦੀ ਨਹੀਂ ਹੈ, ਇਸ ਤੋਂ ਇਲਾਵਾ ਵੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸਿਰਸੜੀ ਅਤੇ ਅਨੋਖਪੁਰਾ ਵਿੱਚ ਤੇ ਜ਼ਿਲ੍ਹਾ ਮੁਹਾਲੀ ਦੇ ਪਿੰਡ ਮਾਣਕਪੁਰ ਸ਼ਰੀਫ ਵਿੱਚ ਵੀ ਮੁੰਡੇ-ਕੁੜੀਆਂ ਵੱਲੋਂ ਇੱਕੋਂ ਪਿੰਡ ਵਿੱਚ ਲਵ ਮੈਰਿਜ ਕਰਵਾਉਣ ਉੱਤੇ ਸਮਾਜਿਕ ਬਾਈਕਾਟ ਕਰਨ ਦਾ ਮਤਾ ਪਾਇਆ ਗਿਆ ਹੈ।
ਇਹ ਮਤਾ ਪਿੰਡ ਦੀ ਪੰਚਾਇਤ ਵੱਲੋਂ ਪਾਇਆ ਗਿਆ ਹੈ।
ਪੰਚਾਇਤਾਂ ਵੱਲੋਂ ਹੋਰ ਕੀ ਮਤੇ ਪਾਏ ਗਏ

ਇੱਕੋ ਪਿੰਡ ਦੇ ਮੁੰਡਾ-ਕੁੜੀ ਜਾਂ ਪਿੰਡ ਦੀ ਨੂੰਹ ਵੱਲੋਂ ਪਿੰਡ ਦੇ ਹੀ ਕਿਸੇ ਮੁੰਡੇ ਨਾਲ ਵਿਆਹ ਕਰਵਾਉਣ ਦਾ ਵਿਰੋਧ ਕਰਦਿਆਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸਿਰਸੜੀ ਅਤੇ ਅਨੋਖਪੁਰਾ ਦੀਆਂ ਗ੍ਰਾਮ ਪੰਚਾਇਤਾਂ ਵੱਲੋਂ ਸਾਂਝਾ ਮਤਾ ਪਾਸ ਕੀਤਾ ਗਿਆ ਹੈ।
ਲਿਖਤੀ ਤੌਰ ਉੱਤੇ ਪਾਸ ਕੀਤੇ ਗਏ ਮਤੇ ਵਿੱਚ ਲਿਖਿਆ ਗਿਆ ਹੈ ਕਿ ਪਿੰਡ ਦਾ ਵਸਨੀਕ ਮੁੰਡਾ/ਕੁੜੀ/ਨੂੰਹ ਜੇਕਰ ਪਿੰਡ ਵਿਚ ਵਿਆਹ ਕਰਵਾਉਣਗੇ ਤਾਂ ਸਮੁੱਚੀ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਵਲੋਂ ਬਾਈਕਾਟ ਕਰਕੇ ਪੂਰਾ ਵਿਰੋਧ ਕੀਤਾ ਜਾਵੇਗਾ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
"ਅਸੀਂ ਪੰਜਾਬ ਸਰਕਾਰ, ਸਿਵਲ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਪੰਜਾਬ ਦੇ ਕਿਸੇ ਵੀ ਪਿੰਡ ਵਿਚ ਮੁੰਡਾ-ਕੁੜੀ ਦੇ ਆਪਸ ਵਿੱਚ ਵਿਆਹ ਕਰਵਾਉਣ ਅਤੇ ਨੂੰਹਾਂ ਦੇ ਪਿੰਡ ਵਿਚ ਹੀ ਵਿਆਹ ਕਰਵਾਉਣ 'ਤੇ ਪਾਬੰਦੀ ਲਾਈ ਜਾਵੇ। ਇਸ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਪੰਜਾਬ ਵਿਧਾਨ ਸਭਾ ਵਿਚ ਵਿਚਾਰਿਆ ਜਾਵੇ ਤਾਂ ਜੋ ਅਣਖ ਦੀ ਖ਼ਾਤਰ ਮਰਨ ਵਾਲੇ ਪਰਿਵਾਰ ਇਸ ਮਾਰ ਤੋਂ ਬਚ ਸਕਣ।"
ਇਹ ਵੀ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਕਿ ਪਿੰਡ ਵਿਚ ਪਿੰਡ ਦੇ ਵਸਨੀਕ ਹੋਣ ਸਬੰਧੀ ਆਧਾਰ ਕਾਰਡ ਜਾਂ ਵੋਟਰ ਕਾਰਡ ਤੋਂ ਬਿਨ੍ਹਾਂ ਕੋਈ ਵੀ ਵਿਅਕਤੀ ਨਹੀਂ ਰਹਿ ਸਕੇਗਾ।
ਅਜਿਹਾ ਹੀ ਮਤਾ ਮੁਹਾਲੀ ਜ਼ਿਲ੍ਹੇ ਦੇ ਪਿੰਡ ਮਾਣਕਪੁਰ ਸ਼ਰੀਫ ਦੀ ਪੰਚਾਇਤ ਵੱਲੋਂ ਵੀ ਪਾਸ ਕੀਤਾ ਗਿਆ ਹੈ।
9 ਸਾਲ ਦੇ ਵਿਆਹ ਮਗਰੋਂ ਪੰਚਾਇਤ ਨੇ ਪਿੰਡ ਛੱਡਣ ਲਈ ਕਿਹਾ

ਗਲਵੱਟੀ ਦੀ ਪੰਚਾਇਤ ਵੱਲੋਂ ਦਿੱਤੇ ਪਿੰਡ ਛੱਡਣ ਦੇ ਹੁਕਮ ਦਾ ਸਾਹਮਣਾ ਕਰ ਰਹੇ ਤਰਨਜੀਤ ਸਿੰਘ ਦੱਸਦੇ ਹਨ ਕਿ ਵਿਆਹ ਵੇਲੇ ਉਨ੍ਹਾਂ ਦੀ ਉਮਰ 19 ਸਾਲ ਸੀ ਜਦਕਿ ਉਨ੍ਹਾਂ ਦੀ ਪਤਨੀ ਦੀ ਉਮਰ 20 ਸਾਲ ਸੀ।
ਦੋਵਾਂ ਦਾ ਘਰ ਪਿੰਡ ਦੀ ਇੱਕ ਗਲੀ ਵਿੱਚ ਲਗਭਗ ਆਹਮੋ-ਸਾਹਮਣੇ ਹੀ ਹੈ ਅਤੇ ਦੋਵਾਂ ਦੇ ਪਰਿਵਾਰ ਉਨ੍ਹਾਂ ਦੇ ਵਿਆਹ ਕਰਵਾਉਣ ਦੇ ਫੈਸਲੇ ਤੋਂ ਨਾਖੁਸ਼ ਸਨ।
ਇਸ ਲਈ ਉਨ੍ਹਾਂ ਨੇ ਘਰੋਂ ਭੱਜ ਕੇ ਵਿਆਹ ਕਰਵਾ ਲਿਆ। ਇਸ ਮਗਰੋਂ ਉਹ 5-6 ਸਾਲ ਵੱਖ-ਵੱਖ ਥਾਵਾਂ ਉੱਤੇ ਕਿਰਾਏ 'ਤੇ ਰਹੇ। ਪਰ ਪਿੱਛਲੇ ਦੋ ਸਾਲ ਤੋਂ ਮੁੰਡੇ ਦੇ ਪਰਿਵਾਰ ਨੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਤਰਨਜੀਤ ਆਪਣੀ ਪਤਨੀ ਨਾਲ ਮੁੜ ਪਿੰਡ ਆ ਕੇ ਰਹਿਣ ਲੱਗ ਗਏ ।
ਤਰਨਜੀਤ ਕਹਿੰਦੇ ਹਨ, "ਕਿਸੇ ਵੇਲੇ ਸਾਡੇ ਤੋਂ ਇੱਕ ਗਲਤੀ ਹੋ ਗਈ ਪਰ ਹੁਣ ਅਸੀਂ ਉਸ ਨੂੰ ਕਿਵੇਂ ਬਦਲ ਸਕਦੇ ਹਾਂ। ਹੁਣ ਤਾਂ ਸਾਡੇ ਕੋਲ ਦੋ ਬੱਚੇ ਹਨ, ਸਾਡੇ ਪਿੰਡ ਵਿੱਚ ਰਹਿਣ ਉੱਤੇ ਮੇਰੇ ਪਰਿਵਾਰ ਨੂੰ ਕੋਈ ਪਰੇਸ਼ਾਨੀ ਨਹੀਂ ਹੈ, ਪਰ ਮੇਰੀ ਪਤਨੀ ਦੇ ਪਰਿਵਾਰ ਵਾਲੇ ਸਾਨੂੰ ਧਮਕੀ ਦਿੰਦੇ ਰਹਿੰਦੇ ਹਨ। ਉਹ ਨਹੀਂ ਚਾਹੁੰਦੇ ਕਿ ਅਸੀਂ ਪਿੰਡ ਵਿੱਚ ਰਹੀਏ। ਮੈਂ ਮਜ਼ਦੂਰੀ ਕਰਦਾ ਹਾਂ, ਸਾਡੇ ਦੋ ਬੱਚੇ ਹਨ, ਦੋਵੇਂ ਸਕੂਲ ਜਾਂਦੇ ਹਨ.. ਪਿੰਡ ਛੱਡ ਕੇ ਕਿੱਥੇ ਰਹਾਂਗੇ ਤੇ ਬੱਚਿਆਂ ਦਾ ਪਾਲਣ-ਪੋਸ਼ਣ ਕਿਵੇਂ ਕਰਾਂਗੇ।"
ਤਰਨਜੀਤ ਸਿੰਘ ਦੇ ਪਤਨੀ ਦੱਸਦੇ ਹਨ, "ਸਾਨੂੰ ਪਿੰਡ ਛੱਡ ਕੇ ਜਾਣ ਲਈ 30 ਜੁਲਾਈ ਤੱਕ ਦਾ ਸਮਾਂ ਦਿੱਤਾ ਗਿਆ ਸੀ, ਧਮਕਾਇਆ ਵੀ ਗਿਆ ਪਰ ਅਸੀਂ ਇਹ ਘਰ ਛੱਡ ਕੇ ਨਹੀਂ ਜਾ ਸਕਦੇ। ਮੇਰੀ ਜ਼ਿੰਦਗੀ ਦੇ ਫੈਸਲੇ ਕੋਈ ਹੋਰ ਕਿਵੇਂ ਕਰ ਸਦਕਾ ਹੈ, ਪੰਚਾਇਤ ਨੂੰ ਸਾਨੂੰ ਪਿੰਡ ਤੋਂ ਬਾਹਰ ਕੱਢਣ ਦਾ ਕੀ ਹੱਕ ਹੈ।"

ਪੰਚਾਇਤ ਨੇ ਕਿਉਂ ਲਿਆ ਅਜਿਹਾ ਫੈਸਲਾ?
ਗਲਵੱਟੀ ਪਿੰਡ ਦੇ ਸਰਪੰਚ ਗੁਰਚਰਨ ਸਿੰਘ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ਜੋੜੇ ਦਾ ਸਮਾਜਿਕ ਬਾਈਕਾਟ ਕਰਨ ਦਾ ਫੈਸਲਾ ਕੁੜੀ ਦੇ ਪਰਿਵਾਰਕ ਮੈਂਬਰਾਂ ਦੀ ਅਪੀਲ ਉੱਤੇ ਕੀਤਾ ਗਿਆ ਹੈ। ਕਿਉਂਕਿ ਇੱਕੋ ਗਲੀ ਵਿੱਚ ਰਹਿਣ ਕਰਕੇ ਹਰ ਵੇਲੇ ਦੋਵਾਂ ਪਰਿਵਾਰਾਂ ਵਿੱਚ ਲੜਾਈ ਝਗੜੇ ਹੋਣ ਦਾ ਡਰ ਬਣਿਆ ਰਹਿੰਦਾ ਹੈ।
ਗੁਰਚਰਨ ਸਿੰਘ ਨੇ ਇਹ ਵੀ ਕਿਹਾ ਕਿ ਮੁੰਡੇ ਦੇ ਪਰਿਵਾਰ ਨੂੰ ਪਹਿਲਾਂ ਪਿਆਰ ਨਾਲ ਸਮਝਾਇਆ ਗਿਆ ਸੀ ਕਿ ਪਿੰਡ ਦਾ ਮਾਹੌਲ ਖਰਾਬ ਹੋ ਰਿਹਾ ਹੈ, ਇਸ ਕਰਕੇ ਉਹ ਜੋੜੇ ਨੂੰ ਪਿੰਡ ਤੋਂ ਬਾਹਰ ਜਾਣ ਲਈ ਕਹਿਣ ਅਤੇ ਮੁੰਡੇ ਦੇ ਪਿਤਾ ਕੁਲਵਿੰਦਰ ਸਿੰਘ ਨੇ ਦੋਵਾਂ ਨੂੰ ਪਿੰਡ ਤੋਂ ਬਾਹਰ ਭੇਜਣ ਦਾ ਯਕੀਨ ਵੀ ਦਿਵਾਇਆ ਸੀ।
ਪਰ ਉਨ੍ਹਾਂ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ, ਜਿਸ ਤੋਂ ਬਾਅਦ ਕੁੜੀ ਦੇ ਪਰਿਵਾਰ ਦੇ ਕਹਿਣ ਉੱਤੇ ਪੂਰੇ ਪਿੰਡ ਨੇ ਸਹਿਮਤੀ ਦਿੱਤੀ ਅਤੇ ਫੇਰ ਇਹ ਫੈਸਲਾ ਲਿਆ ਗਿਆ।
ਪਿੰਡ ਦੀਆਂ ਨੂੰਹਾਂ ਵੱਲੋਂ ਭੱਜ ਕੇ ਵਿਆਹ ਕਰਵਾਉਣ ਤੋਂ ਪ੍ਰੇਸ਼ਾਨ ਲੋਕ

ਫਰੀਦਕੋਟ ਦੇ ਪਿੰਡ ਸਿਰਸੜੀ ਅਤੇ ਅਨੋਖਪੁਰਾ ਦੇ ਪੰਚਾਇਤ ਮੈਂਬਰਾਂ ਅਤੇ ਆਮ ਲੋਕਾਂ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਮਤੇ ਪਾਸ ਕਰਨ ਪਿਛਲੇ ਕਈ ਕਾਰਨਾਂ ਦਾ ਹਵਾਲਾ ਦਿੱਤਾ।
ਸਿਰਸੜੀ ਪਿੰਡ ਦੇ ਮਹਿਲਾ ਸਰਪੰਚ ਗਿਆਨ ਕੌਰ ਕਹਿੰਦੇ ਹਨ, "ਸਾਡੇ ਪਿੰਡ ਵਿੱਚ 8-9 ਕੇਸ ਅਜਿਹੇ ਹਨ ਜਿਨ੍ਹਾਂ ਵਿੱਚ ਪਿੰਡ ਦੀਆਂ ਨੂੰਹਾਂ ਨੇ ਪਿੰਡ ਦੇ ਹੀ ਹੋਰ ਨੌਜਵਾਨ ਨਾਲ ਭੱਜ ਕੇ ਕਰਵਾ ਲਿਆ ਅਤੇ ਆਪਣੇ ਬੱਚਿਆਂ ਨੂੰ ਘਰਾਂ ਵਿੱਚ ਭੁੱਖਾ ਮਰਨ ਲਈ ਛੱਡ ਦਿੱਤਾ।''
''ਅਸੀਂ ਇਹ ਮਤੇ ਉਨ੍ਹਾਂ ਬੱਚਿਆਂ ਦੀ ਹਾਲਤ ਦੇਖ ਕੇ ਪਾਏ ਹਨ। ਵਿਆਹੁਤਾ ਔਰਤਾਂ ਜਦੋਂ ਬਿਨ੍ਹਾਂ ਤਲਾਕ ਦੇ ਕਿਸੇ ਹੋਰ ਮਰਦ ਨਾਲ ਭੱਜ ਕੇ ਵਿਆਹ ਕਰਵਾ ਲੈਂਦੀਆਂ ਹਨ ਤਾਂ ਪਿੱਛੇ ਬੱਚਿਆਂ ਨੂੰ ਦੇਖਣ ਵਾਲਾ ਕੋਈ ਵੀ ਨਹੀਂ ਹੁੰਦਾ, ਉਹ ਬੱਚੇ ਲੋਕਾਂ ਦੇ ਘਰਾਂ ਵਿੱਚ ਰੋਟੀ ਮੰਗਦੇ ਫਿਰਦੇ ਹਨ। ਪਿੰਡ ਦੇ ਅੰਦਰ ਵਿਆਹਾਂ ਕਰਕੇ ਲੋਕਾਂ ਦੇ ਆਪਸੀ ਝਗੜੇ, ਕਤਲ ਤੱਕ ਦੀ ਨੌਬਤ ਬਣ ਜਾਂਦੀ ਹੈ, ਜਿਸਨੂੰ ਅਸੀਂ ਰੋਕਣਾ ਚਾਹੁੰਦੇ ਹਾਂ।''
ਕਈ ਦਿਨਾਂ ਤੋਂ ਗਾਇਬ ਪਤਨੀ ਨੂੰ ਯਾਦ ਕਰਕੇ ਰੋ ਰਿਹਾ ਪਤੀ

ਸਿਰਸੜੀ ਅਤੇ ਅਨੋਖਪੁਰਾ ਦੀਆਂ ਪੰਚਾਇਤਾਂ ਵੱਲੋਂ ਪਾਸ ਕੀਤੇ ਗਏ ਮਤੇ ਨੂੰ ਚੰਗਾ ਦੱਸਦਿਆਂ 30 ਸਾਲਾ ਬਰਿੰਦਰ ਸਿੰਘ ਨੇ ਸੰਤੁਸ਼ਟੀ ਜ਼ਾਹਰ ਕੀਤੀ।
ਉਨ੍ਹਾਂ ਦੀ ਪਤਨੀ ਪਿਛਲੇ ਕਈ ਦਿਨਾਂ ਤੋਂ ਘਰ ਤੋਂ ਗਾਇਬ ਹਨ। ਬਰਿੰਦਰ ਸਿੰਘ ਮਜ਼ਦੂਰੀ ਕਰਦੇ ਹਨ ਅਤੇ ਪਤਨੀ ਨੂੰ ਯਾਦ ਕਰਕੇ ਰੋ ਰਹੇ ਸਨ।
ਉਨ੍ਹਾਂ ਦੱਸਿਆ, "ਮੇਰੀ ਪਤਨੀ ਮੇਰੇ ਸਾਹਮਣੇ ਘਰ ਵਿੱਚ ਰਹਿੰਦੇ 22 ਸਾਲ ਦੇ ਨੌਜਵਾਨ ਨਾਲ ਭੱਜ ਗਈ ਹੈ। ਉਹ ਮੁੰਡਾ ਮੈਨੂੰ ਬਾਈ ਕਹਿ ਕੇ ਬੁਲਾਉਂਦਾ ਸੀ। ਮੇਰੇ ਦੋ ਬੱਚੇ ਹਨ, ਬੱਚੇ ਆਪਣੀ ਮਾਂ ਨੂੰ ਉਡੀਕਦੇ ਹਨ। ਮੇਰੇ ਨਾਲ ਤਲਾਕ ਦੀ ਕੋਈ ਗੱਲ ਨਹੀਂ ਹੋਈ। ਮੇਰਾ ਸਹੁਰਾ ਪਰਿਵਾਰ ਮੇਰੇ ਨਾਲ ਖੜ੍ਹਾ ਹੈ। ਮੈਂ ਹੁਣ ਵੀ ਆਪਣੀ ਪਤਨੀ ਨੂੰ ਕਹਿੰਦਾ ਹਾਂ ਕਿ ਉਹ ਵਾਪਸ ਆ ਜਾਵੇ ਅਤੇ ਆਪਣੇ ਬੱਚੇ ਸੰਭਾਲ ਲਵੇ, ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ।"
ਪੰਚਾਇਤੀ ਮਤਿਆਂ ਦਾ ਕਾਨੂੰਨੀ ਅਧਾਰ ਕੀ?

ਪੰਜਾਬ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਰਾਜਵਿੰਦਰ ਬੈਂਸ ਪੰਚਾਇਤਾਂ ਵੱਲੋਂ ਪਾਸ ਕੀਤੇ ਜਾ ਰਹੇ ਇਨ੍ਹਾਂ ਮਤਿਆਂ ਨੂੰ ਗ਼ਲਤ ਮੰਨਦੇ ਹਨ।
ਉਹ ਕਹਿੰਦੇ ਹਨ, "ਦੋ ਬਾਲਗ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਸਕਦੇ ਹਨ, ਪੰਚਾਇਤਾਂ ਨੂੰ ਉਨ੍ਹਾਂ ਖਿਲਾਫ ਕਾਰਵਾਈ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਇਹ ਅਦਾਲਤੀ ਪ੍ਰਕਿਰਿਆ ਹੈ, ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੇ ਅਜਿਹੇ ਮਤੇ ਪਾਸ ਕਰਨ ਵਾਲੀ ਪੰਚਾਇਤ ਖਿਲਾਫ ਕਾਰਵਾਈ ਹੋ ਸਕਦੀ ਹੈ।''
ਨੌਜਵਾਨ ਤਰਨਜੀਤ ਸਿੰਘ ਦੇ ਵਕੀਲ ਅਮਰਦੀਪ ਸਿੰਘ ਦਾ ਕਹਿਣਾ ਕਿ ''ਪੰਚਾਇਤ ਦਾ ਫੈਸਲਾ ਬਿਲਕੁਲ ਗਲਤ ਹੈ, ਇਸਦੇ ਖਿਲਾਫ ਅਸੀਂ ਪੰਜਾਬ ਹਰਿਆਣਾ ਹਾਈਕੋਰਟ ਦਾ ਰੁਖ ਵੀ ਕਰਾਂਗੇ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













