ਜੇਕਰ ਤੁਸੀਂ ਵੀ ਟੁੱਥਬ੍ਰਸ਼ ਵਾਸ਼ਰੂਮ 'ਚ ਰੱਖਦੇ ਹੋ ਤਾਂ ਉਸ 'ਚ ਪੈਦਾ ਹੋ ਸਕਦੇ ਹਨ ਕਰੋੜਾਂ ਬੈਕਟੀਰੀਆ, ਜਾਣੋ ਇਹ ਕਿੰਨੇ ਨੁਕਸਾਨਦੇਹ ਹੋ ਸਕਦੇ ਹਨ

ਤਸਵੀਰ ਸਰੋਤ, Getty Images
- ਲੇਖਕ, ਰਿਚਰਡ ਗ੍ਰੇਅ
- ਰੋਲ, ਬੀਬੀਸੀ ਨਿਊਜ਼
ਤੁਹਾਡਾ ਦੰਦਾਂ ਵਾਲਾ ਬੁਰਸ਼ ਇੱਕ ਛੋਟਾ ਜਿਹਾ ਈਕੋਸਿਸਟਮ ਹੈ, ਜਿਸ ਵਿੱਚ ਹਰ ਰੋਜ਼ ਕਰੋੜਾਂ ਸੂਖ਼ਮ ਜੀਵ (ਮਾਈਕ੍ਰੋਬਸ) ਪੈਦਾ ਹੁੰਦੇ ਹਨ। ਇਸ ਦੇ ਫੈਲੇ ਹੋਏ ਰੇਸ਼ੇ ਹਰ ਵਾਰ ਪਾਣੀ ਲੱਗਣ 'ਤੇ ਕੁਝ ਸਮੇਂ ਲਈ ਗਿੱਲੇ ਹੋ ਕੇ ਕੁਝ ਤੱਤਾਂ ਨਾਲ ਭਰ ਜਾਂਦੇ ਹਨ ਅਤੇ ਫਿਰ ਇਨ੍ਹਾਂ ਪਲਾਸਟਿਕ ਦੇ ਪਤਲੇ ਰੇਸ਼ਿਆਂ ਦੇ ਵਿਚਕਾਰ ਲੱਖਾਂ ਜੀਵ ਰਹਿੰਦੇ ਹਨ।
ਇਸ ਸਮੇਂ ਤੁਹਾਡੇ ਬੁਰਸ਼ 'ਤੇ ਲਗਭਗ 10 ਲੱਖ ਤੋਂ 1.2 ਕਰੋੜ ਬੈਕਟੀਰੀਆ ਅਤੇ ਉੱਲੀ (ਫੰਗਸ) ਮੌਜੂਦ ਹੋ ਸਕਦੀ ਹੈ। ਇਹ ਸੈਂਕੜੇ ਵੱਖ-ਵੱਖ ਸਰੋਤਾਂ ਤੋਂ ਇਕੱਠੇ ਹੁੰਦੇ ਹਨ ਅਤੇ ਬੁਰਸ਼ ਦੀ ਸਤਹਿ 'ਤੇ ਇੱਕ ਜੈਵਿਕ ਪਰਤ ਬਣਾ ਲੈਂਦੇ ਹਨ। ਕੁਝ ਇਨ੍ਹਾਂ ਵਿੱਚੋਂ ਪੁਰਾਣੇ ਰੇਸ਼ਿਆਂ ਦੀਆਂ ਦਰਾਰਾਂ ਵਿੱਚ ਵੀ ਦਾਖ਼ਲ ਹੋ ਜਾਂਦੇ ਹਨ।
ਹਰ ਰੋਜ਼ ਜਦੋਂ ਅਸੀਂ ਬ੍ਰਸ਼ ਕਰਦੇ ਹਾਂ ਤਾਂ ਇਸ ਵਿੱਚ ਪਾਣੀ, ਲਾਰ, ਚਮੜੀ ਦੇ ਸੈੱਲ ਅਤੇ ਰੋਟੀ ਦੇ ਛੋਟੇ-ਛੋਟੇ ਕਣ ਇਕੱਠੇ ਹੋ ਜਾਂਦੇ ਹਨ। ਇਹ ਸਭ ਮਿਲ ਕੇ ਇਨ੍ਹਾਂ ਜੀਵਾਣੂਆਂ ਨੂੰ ਵਧਣ ਦਾ ਮੌਕਾ ਦਿੰਦੇ ਹਨ।
ਕਈ ਵਾਰ ਨੇੜੇ ਦੇ ਟਾਇਲਟ ਫਲੱਸ਼ ਜਾਂ ਖਿੜਕੀ ਖੁੱਲ੍ਹਣ 'ਤੇ ਹਵਾ ਨਾਲ ਆਉਣ ਵਾਲੇ ਸੂਖ਼ਮ ਜੀਵ ਵੀ ਇਸ ਵਿੱਚ ਸ਼ਾਮਲ ਹੋ ਜਾਂਦੇ ਹਨ। ਫਿਰ ਅਸੀਂ ਦਿਨ ਵਿੱਚ ਦੋ ਵਾਰ ਇਸੇ ਮਿਸ਼ਰਣ ਨੂੰ ਆਪਣੇ ਮੂੰਹ ਵਿੱਚ ਪਾ ਕੇ ਚੰਗੀ ਤਰ੍ਹਾਂ ਘੁਮਾਉਂਦੇ ਹਾਂ।
ਸਾਡਾ ਟੁੱਥਬ੍ਰਸ਼ ਕਿੰਨਾ ਸਾਫ਼ ਹੈ?

ਤਸਵੀਰ ਸਰੋਤ, Getty Images
ਇਹ ਸਵਾਲ ਕਈ ਸਾਲਾਂ ਤੋਂ ਦੰਦਾਂ ਦੇ ਡਾਕਟਰਾਂ ਅਤੇ ਵਿਗਿਆਨੀਆਂ ਨੂੰ ਪਰੇਸ਼ਾਨ ਕਰਦਾ ਰਿਹਾ ਹੈ। ਇਸੇ ਕਾਰਨ ਉਨ੍ਹਾਂ ਨੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੇ ਟੁੱਥਬ੍ਰਸ਼ 'ਤੇ ਕਿਹੜੇ-ਕਿਹੜੇ ਜੀਵ ਰਹਿੰਦੇ ਹਨ। ਇਹ ਕਿੰਨੇ ਖ਼ਤਰਨਾਕ ਹੋ ਸਕਦੇ ਹਨ ਅਤੇ ਸਾਨੂੰ ਆਪਣੇ ਬੁਰਸ਼ ਨੂੰ ਕਿਵੇਂ ਸਾਫ਼ ਰੱਖਣਾ ਚਾਹੀਦਾ ਹੈ।
ਜਰਮਨੀ ਦੀ ਰਾਈਨ-ਵੇਲ ਯੂਨੀਵਰਸਿਟੀ ਆਫ ਐਪਲਾਈਡ ਸਾਇੰਸਜ਼ ਦੇ ਮਾਈਕ੍ਰੋਬਾਇਓਲੋਜਿਸਟ ਮਾਰਕ-ਕੇਵਿਨ ਜ਼ਿਨ ਦੱਸਦੇ ਹਨ, "ਟੁੱਥਬ੍ਰਸ਼ 'ਤੇ ਮੌਜੂਦ ਸੂਖ਼ਮ ਜੀਵ ਮੁੱਖ ਤੌਰ 'ਤੇ ਤਿੰਨ ਥਾਵਾਂ ਤੋਂ ਆਉਂਦੇ ਹਨ। ਸਾਡਾ ਮੂੰਹ, ਸਾਡੀ ਚਮੜੀ ਅਤੇ ਉਹ ਥਾਂ ਜਿੱਥੇ ਟੁੱਥਬ੍ਰਸ਼ ਰੱਖਿਆ ਜਾਂਦਾ ਹੈ।"
ਪਰ ਹੈਰਾਨੀ ਦੀ ਗੱਲ ਹੈ ਕਿ ਟੁੱਥਬ੍ਰਸ਼ ਦੀ ਵਰਤੋਂ ਸ਼ੁਰੂ ਕਰਨ ਤੋਂ ਪਹਿਲਾਂ ਹੀ ਇਸ 'ਤੇ ਵੱਡੀ ਗਿਣਤੀ ਵਿੱਚ ਸੂਖ਼ਮ ਜੀਵ ਮੌਜੂਦ ਹੋ ਸਕਦੇ ਹਨ।
ਬ੍ਰਾਜ਼ੀਲ ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ 40 ਨਵੇਂ ਟੁੱਥਬ੍ਰਸ਼ਾਂ ਦੀ ਜਾਂਚ ਕੀਤੀ ਗਈ, ਜੋ ਵੱਖ-ਵੱਖ ਕੰਪਨੀਆਂ ਤੋਂ ਖਰੀਦੇ ਗਏ ਸਨ। ਨਤੀਜਿਆਂ ਵਿੱਚ ਪਾਇਆ ਗਿਆ ਕਿ ਉਨ੍ਹਾਂ ਵਿੱਚੋਂ ਅੱਧੇ ਪਹਿਲਾਂ ਹੀ ਕਈ ਕਿਸਮ ਦੇ ਬੈਕਟੀਰੀਆ ਨਾਲ ਸੰਕਰਮਿਤ ਸਨ।
ਇਹ ਗੱਲ ਚੰਗੀ ਹੈ ਕਿ ਜ਼ਿਆਦਾਤਰ ਸੂਖ਼ਮ ਜੀਵ ਹਾਨੀਕਾਰਕ ਨਹੀਂ ਹੁੰਦੇ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸਾਡੇ ਮੂੰਹ ਤੋਂ ਹੀ ਆਉਂਦੇ ਹਨ। ਹਰ ਵਾਰ ਜਦੋਂ ਅਸੀਂ ਬੁਰਸ਼ ਕਰਦੇ ਹਾਂ ਤਾਂ ਇਸ ਦੇ ਰੇਸ਼ੇ ਸਾਡੇ ਮੂੰਹ ਵਿੱਚ ਮੌਜੂਦ ਸੂਖ਼ਮ ਜੀਵਾਂ ਜਿਵੇਂ ਕਿ ਰੋਥੀਆ ਡੈਂਟੋਕੈਰੀਓਸਾ, ਸਟ੍ਰੈਪਟੋਕੋਕਸ ਮਾਈਟਿਸ ਅਤੇ ਐਕਟਿਨੋਮਾਈਸੀਜ਼ ਸਮੂਹ ਦੇ ਬੈਕਟੀਰੀਆ ਨੂੰ ਆਪਣੇ ਵਿੱਚ ਸਮੇਟ ਲੈਂਦੇ ਹਨ।
ਇਹ ਸਾਰੇ ਸੂਖ਼ਮ ਜੀਵ ਆਮ ਤੌਰ 'ਤੇ ਸਾਡੇ ਮੂੰਹ ਵਿੱਚ ਪਾਏ ਜਾਂਦੇ ਹਨ ਅਤੇ ਨੁਕਸਾਨ ਨਹੀਂ ਪਹੁੰਚਾਉਂਦੇ। ਇਨ੍ਹਾਂ ਵਿੱਚੋਂ ਕੁਝ ਸਾਡੇ ਦੰਦਾਂ ਨੂੰ ਸੜਨ ਪੈਦਾ ਕਰਨ ਵਾਲੇ ਜੀਵਾਣੂਆਂ ਤੋਂ ਵੀ ਬਚਾਉਣ ਵਿੱਚ ਮਦਦ ਕਰਦੇ ਹਨ। ਹਾਲਾਂਕਿ, ਇਨ੍ਹਾਂ ਦੇ ਵਿਚਕਾਰ ਕੁਝ ਅਜਿਹੇ ਜੀਵ ਵੀ ਲੁਕੇ ਹੁੰਦੇ ਹਨ, ਜੋ ਸਾਡੇ ਲਈ ਨੁਕਸਾਨਦੇਹ ਹੋ ਸਕਦੇ ਹਨ।
ਟੁੱਥਬ੍ਰਸ਼ 'ਤੇ ਹਾਨੀਕਾਰਕ ਬੈਕਟੀਰੀਆ

ਬ੍ਰਾਜ਼ੀਲ ਦੀ ਯੂਨੀਵਰਸਿਟੀ ਆਫ ਸਾਓ ਪਾਉਲੋ ਦੇ ਦੰਦਸਾਜ਼ੀ ਪ੍ਰੋਫੈਸਰ ਵਿਨੀਸੀਅਸ ਪੇਦਰਾਜ਼ੀ ਦੱਸਦੇ ਹਨ, "ਸਭ ਤੋਂ ਖ਼ਤਰਨਾਕ ਸਟ੍ਰੈਪਟੋਕੋਕਾਈ ਅਤੇ ਸਟੈਫੀਲੋਕੋਕਾਈ ਬੈਕਟੀਰੀਆ ਹਨ, ਜੋ ਦੰਦਾਂ ਵਿੱਚ ਸੜਨ ਦਾ ਕਾਰਨ ਬਣਦੇ ਹਨ। ਕੁਝ ਹੋਰ ਜੀਵ ਮਸੂੜਿਆਂ ਵਿੱਚ ਸੋਜਸ਼ ਪੈਦਾ ਕਰਦੇ ਹਨ, ਜਿਸ ਨੂੰ ਪੀਰੀਓਡੌਂਟਲ ਬਿਮਾਰੀ ਕਿਹਾ ਜਾਂਦਾ ਹੈ।"
ਖੋਜਕਾਰਾਂ ਨੂੰ ਅਜਿਹੀ ਉੱਲੀ ਅਤੇ ਬੈਕਟੀਰੀਆ ਵੀ ਮਿਲੇ ਹਨ, ਜੋ ਆਮ ਤੌਰ 'ਤੇ ਟੁੱਥਬ੍ਰਸ਼ 'ਤੇ ਨਹੀਂ ਹੋਣੇ ਚਾਹੀਦੇ। ਜਿਵੇਂ ਕਿ ਐਸਕੇਰੀਕੀਆ ਕੋਲਾਈ, ਸੂਡੋਮੋਨਸ ਐਰੂਜਿਨੋਸਾ ਅਤੇ ਐਂਟਰੋਬੈਕਟੀਰੀਆ, ਜੋ ਪੇਟ ਦੀ ਲਾਗ ਅਤੇ ਭੋਜਨ ਦੇ ਜ਼ਹਿਰੀਲੇਪਣ ਨਾਲ ਜੁੜੇ ਹੁੰਦੇ ਹਨ। ਖੋਜਾਂ ਵਿੱਚ ਕਲੈਬਸੀਏਲਾ ਨਿਊਮੋਨੀਏ ਵਰਗੇ ਜੀਵਾਣੂ (ਜੋ ਹਸਪਤਾਲਾਂ ਵਿੱਚ ਲਾਗ ਦਾ ਆਮ ਕਾਰਨ ਹਨ) ਅਤੇ ਕੈਂਡੀਡਾ ਯੀਸਟ (ਜੋ ਥਰੱਸ਼ ਨਾਮਕ ਸਮੱਸਿਆ ਪੈਦਾ ਕਰ ਸਕਦਾ ਹੈ) ਵੀ ਟੁੱਥਬ੍ਰਸ਼ 'ਤੇ ਪਾਏ ਗਏ ਹਨ।
ਇਹ ਸੂਖ਼ਮ ਜੀਵ ਉਸ ਪਾਣੀ ਤੋਂ ਆ ਸਕਦੇ ਹਨ, ਜਿਸ ਨਾਲ ਅਸੀਂ ਬੁਰਸ਼ ਧੋਂਦੇ ਹਾਂ ਜਾਂ ਸਾਡੇ ਹੱਥਾਂ ਤੋਂ ਜਾਂ ਫਿਰ ਉਸ ਵਾਤਾਵਰਣ ਤੋਂ ਜਿੱਥੇ ਬ੍ਰਸ਼ ਰੱਖਿਆ ਹੁੰਦਾ ਹੈ। ਜੇਕਰ ਸੋਚਿਆ ਜਾਵੇ ਤਾਂ ਇਹ ਵਾਤਾਵਰਣ ਜ਼ਿਆਦਾਤਰ ਮਾਮਲਿਆਂ ਵਿੱਚ ਸਾਡਾ ਬਾਥਰੂਮ ਹੀ ਹੁੰਦਾ ਹੈ।
ਬਾਥਰੂਮ ਇੱਕ ਗਰਮ ਅਤੇ ਨਮੀ ਵਾਲੀ ਥਾਂ ਹੁੰਦਾ ਹੈ, ਜਿੱਥੇ ਹਵਾ ਵਿੱਚ ਪਾਣੀ ਦੀਆਂ ਬਾਰੀਕ ਬੂੰਦਾਂ ਯਾਨੀ ਐਰੋਸੋਲ ਬਣਦੀਆਂ ਰਹਿੰਦੀਆਂ ਹਨ। ਇਨ੍ਹਾਂ ਬੂੰਦਾਂ ਦੇ ਨਾਲ ਬੈਕਟੀਰੀਆ ਅਤੇ ਵਾਇਰਸ ਹਵਾ ਵਿੱਚ ਫੈਲ ਸਕਦੇ ਹਨ। ਮਾਰਕ-ਕੇਵਿਨ ਜ਼ਿਨ ਦੇ ਅਨੁਸਾਰ ਇਸੇ ਕਾਰਨ ਬਾਥਰੂਮ ਵਿੱਚ ਰੱਖੇ ਟੁੱਥਬ੍ਰਸ਼ ਜਲਦੀ ਸੰਕਰਮਿਤ ਹੋ ਜਾਂਦੇ ਹਨ।
ਜ਼ਿਆਦਾਤਰ ਲੋਕ ਆਪਣੇ ਬਾਥਰੂਮ ਵਿੱਚ ਟਾਇਲਟ ਸੀਟ ਵੀ ਰਖਾਉਂਦੇ ਹਨ ਅਤੇ ਇੱਥੋਂ ਹੀ ਮਾਮਲਾ ਥੋੜ੍ਹਾ ਵਿਗੜ ਜਾਂਦਾ ਹੈ।
ਟਾਇਲਟ ਪਲੂਮ ਯਾਨੀ ਫਲੱਸ਼ ਤੋਂ ਉੱਠਣ ਵਾਲੀਆਂ ਬਰੀਕ ਬੂੰਦਾਂ ਬ੍ਰਸ਼ ਤੱਕ ਪਹੁੰਚ ਸਕਦੀਆਂ

ਤਸਵੀਰ ਸਰੋਤ, Getty Images
ਹਰ ਵਾਰ ਜਦੋਂ ਤੁਸੀਂ ਟਾਇਲਟ ਫਲੱਸ਼ ਕਰਦੇ ਹੋ, ਤਾਂ ਪਾਣੀ ਅਤੇ ਮਲ ਦੀਆਂ ਸੂਖ਼ਮ ਬੂੰਦਾਂ ਲਗਭਗ 1.5 ਮੀਟਰ (ਕਰੀਬ ਪੰਜ ਫੁੱਟ) ਤੱਕ ਹਵਾ ਵਿੱਚ ਫੈਲ ਜਾਂਦੀਆਂ ਹਨ। ਇਨ੍ਹਾਂ ਐਰੋਸੋਲ ਵਰਗੀਆਂ ਬੂੰਦਾਂ ਵਿੱਚ ਬੈਕਟੀਰੀਆ ਅਤੇ ਲਾਗਕਾਰੀ ਵਾਇਰਸ ਵੀ ਹੋ ਸਕਦੇ ਹਨ, ਜਿਹਨਾਂ ਵਿੱਚ ਫਲੂ, ਕੋਵਿਡ-19 ਜਾਂ ਨੋਰੋਵਾਇਰਸ ਸ਼ਾਮਲ ਹਨ, ਜੋ ਉਲਟੀਆਂ ਅਤੇ ਦਸਤ ਵਰਗੀਆਂ ਬਿਮਾਰੀਆਂ ਦਾ ਕਾਰਨ ਬਣਦੇ ਹਨ।
ਜੇਕਰ ਤੁਹਾਡਾ ਟੁੱਥਬ੍ਰਸ਼ ਟਾਇਲਟ ਦੇ ਨੇੜੇ ਰੱਖਿਆ ਹੈ, ਤਾਂ ਸੰਭਵ ਹੈ ਕਿ ਫਲੱਸ਼ ਕਰਨ ਤੋਂ ਬਾਅਦ ਇਨ੍ਹਾਂ ਬੂੰਦਾਂ ਦੇ ਕਣ ਇਸ ਦੇ ਰੇਸ਼ਿਆਂ 'ਤੇ ਜਮ੍ਹਾਂ ਹੋ ਜਾਣਗੇ। ਇਹ ਉਹੀ ਰੇਸ਼ੇ ਹਨ, ਜਿਨ੍ਹਾਂ ਨੂੰ ਤੁਸੀਂ ਬਾਅਦ ਵਿੱਚ ਆਪਣੇ ਮੂੰਹ ਵਿੱਚ ਪਾਉਂਦੇ ਹੋ। ਹਾਲਾਂਕਿ ਲਾਗ ਦਾ ਸਭ ਤੋਂ ਵੱਡਾ ਖ਼ਤਰਾ ਫਲੱਸ਼ ਕਰਦੇ ਸਮੇਂ ਸਾਹ ਰਾਹੀਂ ਹੁੰਦਾ ਹੈ, ਪਰ ਫਿਰ ਵੀ ਬਿਹਤਰ ਹੈ ਕਿ ਭਵਿੱਖ ਵਿੱਚ ਫਲੱਸ਼ ਕਰਨ ਤੋਂ ਪਹਿਲਾਂ ਟਾਇਲਟ ਦੀ ਸੀਟ ਨੂੰ ਢੱਕ ਲਿਆ ਜਾਵੇ।
ਆਮ ਬਾਥਰੂਮਾਂ ਵਿੱਚ ਇਹ ਸਮੱਸਿਆ ਹੋਰ ਵੀ ਵਧ ਜਾਂਦੀ ਹੈ। ਇੱਕ ਯੂਨੀਵਰਸਿਟੀ ਦੀ ਖੋਜ ਵਿੱਚ ਪਾਇਆ ਗਿਆ ਕਿ ਅਜਿਹੇ ਬਾਥਰੂਮਾਂ ਵਿੱਚ ਰੱਖੇ 60 ਫੀਸਦੀ ਵਿਦਿਆਰਥੀਆਂ ਦੇ ਟੁੱਥਬ੍ਰਸ਼ਾਂ 'ਤੇ ਮਲ ਨਾਲ ਜੁੜੇ ਬੈਕਟੀਰੀਆ ਮੌਜੂਦ ਸਨ ਅਤੇ ਕਈ ਵਾਰ ਇੱਕ ਵਿਅਕਤੀ ਦੇ ਬ੍ਰਸ਼ 'ਤੇ ਦੂਜਿਆਂ ਦੇ ਜੀਵਾਣੂ ਵੀ ਪਹੁੰਚ ਜਾਂਦੇ ਸਨ।
ਪਰ ਅਮਰੀਕਾ ਦੀ ਇਲੀਨੌਏ ਸਥਿਤ ਨਾਰਥਵੈਸਟਰਨ ਯੂਨੀਵਰਸਿਟੀ ਦੇ ਪ੍ਰੋਫੈਸਰ ਐਰਿਕਾ ਹਾਰਟਮੈਨ, ਜੋ ਅਸਲ ਵਾਤਾਵਰਣ ਵਿੱਚ ਸੂਖ਼ਮ ਜੀਵਾਂ ਦੇ ਜਿਉਂਦੇ ਰਹਿਣ 'ਤੇ ਖੋਜ ਕਰ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਟਾਇਲਟ ਫਲੱਸ਼ ਦੀਆਂ ਬੂੰਦਾਂ ਨੂੰ ਲੈ ਕੇ ਜਿੰਨੀ ਚਿੰਤਾ ਕੀਤੀ ਜਾ ਰਹੀ ਹੈ ਓਨੀ ਕਰਨ ਦੀ ਜ਼ਰੂਰਤ ਨਹੀਂ ਹੈ।
ਉਨ੍ਹਾਂ ਦੀ ਖੋਜ ਵਿੱਚ ਇਲੀਨੌਏ ਦੇ ਲੋਕਾਂ ਤੋਂ ਲਏ ਗਏ 34 ਟੁੱਥਬ੍ਰਸ਼ਾਂ 'ਤੇ ਮਲ ਨਾਲ ਸੰਬੰਧਿਤ ਬੈਕਟੀਰੀਆ ਅਨੁਮਾਨ ਨਾਲੋਂ ਬਹੁਤ ਘੱਟ ਪਾਏ ਗਏ। ਐਰਿਕਾ ਹਾਰਟਮੈਨ ਦੱਸਦੇ ਹਨ ਕਿ ਅੰਤੜੀਆਂ ਨਾਲ ਜੁੜੇ ਕਈ ਸੂਖ਼ਮ ਜੀਵ ਹਵਾ ਵਿੱਚ ਆਉਣ ਤੋਂ ਬਾਅਦ ਜ਼ਿਆਦਾ ਸਮੇਂ ਤੱਕ ਜਿਉਂਦੇ ਨਹੀਂ ਰਹਿੰਦੇ। ਉਨ੍ਹਾਂ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਜ਼ਿਆਦਾਤਰ ਲੋਕ ਆਪਣੇ ਟੁੱਥਬ੍ਰਸ਼ ਕਾਰਨ ਬਿਮਾਰ ਪੈਂਦੇ ਹਨ।

ਤਸਵੀਰ ਸਰੋਤ, Getty Images
ਹਾਲਾਂਕਿ ਕੁਝ ਅਧਿਐਨ ਦੱਸਦੇ ਹਨ ਕਿ ਇਨਫਲੂਐਂਜ਼ਾ ਅਤੇ ਕੋਰੋਨਾਵਾਇਰਸ ਵਰਗੇ ਵਾਇਰਸ ਟੁੱਥਬ੍ਰਸ਼ 'ਤੇ ਕਈ ਘੰਟਿਆਂ ਤੱਕ ਜਿਉਂਦੇ ਰਹਿ ਸਕਦੇ ਹਨ। ਹਰਪੀਜ਼ ਸਿੰਪਲੈਕਸ ਵਾਇਰਸ-1, ਜੋ ਛਾਲਿਆਂ (ਕੋਲਡ ਸੋਰਸ) ਦਾ ਕਾਰਨ ਬਣਦਾ ਹੈ, ਇਹ 48 ਘੰਟਿਆਂ ਤੱਕ ਜਿਉਂਦਾ ਰਹਿ ਸਕਦਾ ਹੈ।
ਇਸੇ ਕਾਰਨ ਜਨ ਸਿਹਤ ਏਜੰਸੀਆਂ ਕਿਸੇ ਟੁੱਥਬ੍ਰਸ਼ ਸਾਂਝਾ ਨਾ ਕਰਨ ਦੀ ਸਲਾਹ ਦਿੰਦੀਆਂ ਹਨ। ਜੇਕਰ ਇੱਕ ਹੀ ਥਾਂ 'ਤੇ ਕਈ ਲੋਕਾਂ ਦੇ ਟੁੱਥਬ੍ਰਸ਼ ਰੱਖੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਇੱਕ-ਦੂਜੇ ਨਾਲ ਛੂਹਣ ਤੋਂ ਵੀ ਬਚਾਉਣਾ ਚਾਹੀਦਾ ਹੈ। ਖ਼ਾਸਕਰ ਜੇਕਰ ਉਹ ਕਿਸੇ ਅਜਿਹੇ ਵਿਅਕਤੀ ਦੇ ਹੋਣ ਜਿਨ੍ਹਾਂ ਨਾਲ ਤੁਸੀਂ ਨਹੀਂ ਰਹਿੰਦੇ ਹੋ।
ਹਾਲਾਂਕਿ, ਅਮਰੀਕਾ ਦੀ ਨਾਰਥਵੈਸਟਰਨ ਯੂਨੀਵਰਸਿਟੀ ਦੀ ਪ੍ਰੋਫੈਸਰ ਐਰਿਕਾ ਹਾਰਟਮੈਨ ਦਾ ਮੰਨਣਾ ਹੈ ਕਿ ਇਕੱਠੇ ਰਹਿਣ ਵਾਲੇ ਲੋਕਾਂ ਲਈ ਇਹ ਇੰਨੀ ਵੱਡੀ ਚਿੰਤਾ ਨਹੀਂ ਹੈ।
ਇਕੱਠੇ ਰਹਿਣ ਵਾਲੇ ਲੋਕਾਂ ਦੇ ਮੂੰਹ ਵਿੱਚ ਪਹਿਲਾਂ ਹੀ ਬਹੁਤ ਸਾਰੇ ਸਮਾਨ ਸੂਖਮ ਜੀਵ ਹੁੰਦੇ ਹਨ। ਇਸ ਲਈ ਮੈਨੂੰ ਨਹੀਂ ਲੱਗਦਾ ਕਿ ਇਹ ਨੇੜੇ-ਨੇੜੇ ਰੱਖੇ ਟੁੱਥਬ੍ਰਸ਼ਾਂ ਕਾਰਨ ਹੁੰਦਾ ਹੈ, ਸਗੋਂ ਇਸ ਦਾ ਸਿੱਧਾ ਕਾਰਨ ਹੋਰ ਚੀਜ਼ਾਂ ਹਨ, ਜਿਵੇਂ ਕਿ ਚੁੰਮਣ ਜਾਂ ਸਾਂਝੀਆਂ ਚੀਜ਼ਾਂ ਦੀ ਵਰਤੋਂ ਕਰਨਾ।
ਦਿਲਚਸਪ ਗੱਲ ਇਹ ਹੈ ਕਿ ਟੁੱਥਬ੍ਰਸ਼ 'ਤੇ ਪਾਏ ਜਾਣ ਵਾਲੇ ਕੁਝ ਵਾਇਰਸ ਸਾਡੇ ਲਈ ਫਾਇਦੇਮੰਦ ਵੀ ਹੋ ਸਕਦੇ ਹਨ। ਹਾਰਟਮੈਨ ਅਤੇ ਉਨ੍ਹਾਂ ਦੀ ਟੀਮ ਨੇ ਪਾਇਆ ਕਿ ਟੁੱਥਬ੍ਰਸ਼ 'ਤੇ ਬੈਕਟੀਰੀਓਫੇਜ ਨਾਮ ਦੇ ਵਾਇਰਸ ਵੀ ਮੌਜੂਦ ਹੁੰਦੇ ਹਨ, ਜੋ ਮਨੁੱਖਾਂ ਨੂੰ ਨਹੀਂ ਸਗੋਂ ਬੈਕਟੀਰੀਆ ਨੂੰ ਸੰਕਰਮਿਤ ਕਰਦੇ ਹਨ ਅਤੇ ਉਨ੍ਹਾਂ ਦੀ ਗਿਣਤੀ ਨੂੰ ਕੰਟ੍ਰੋਲ ਕਰਨ ਵਿੱਚ ਮਦਦ ਕਰਦੇ ਹਨ।
ਲਾਗ ਦਾ ਜੋਖ਼ਮ ਕਿੰਨਾ ਹੈ?

ਤਸਵੀਰ ਸਰੋਤ, Getty Images
ਜ਼ਿਆਦਾਤਰ ਮਾਮਲਿਆਂ ਵਿੱਚ ਲਾਗ ਦਾ ਜੋਖ਼ਮ ਬਹੁਤ ਘੱਟ ਹੁੰਦਾ ਹੈ ਅਤੇ ਮਾਰਕ-ਕੇਵਿਨ ਜ਼ਿਨ ਵੀ ਇਸ ਨਾਲ ਸਹਿਮਤ ਹਨ। ਪਰ ਜਿਨ੍ਹਾਂ ਲੋਕਾਂ ਦੀ ਰੋਗ-ਪ੍ਰਤੀਰੋਧਕ ਸਮਰੱਥਾ (ਇਮਿਊਨ ਸਿਸਟਮ) ਕਮਜ਼ੋਰ ਹੁੰਦੀ ਹੈ, ਉਨ੍ਹਾਂ ਲਈ ਇਹ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ, ਕਿਉਂਕਿ ਉਨ੍ਹਾਂ ਨੂੰ ਲਾਗ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਕੇਵਿਨ ਜ਼ਿਨ ਦੀ ਖੋਜ ਅਤੇ ਹੋਰ ਖੋਜਾਂ ਵਿੱਚ ਜਿਨ੍ਹਾਂ 'ਚ ਟੁੱਥਬ੍ਰਸ਼ 'ਤੇ ਪਾਏ ਗਏ ਬੈਕਟੀਰੀਆ ਦੇ ਡੀਐੱਨਏ ਦਾ ਵਿਸ਼ਲੇਸ਼ਣ ਕੀਤਾ ਗਿਆ, ਉਨ੍ਹਾਂ 'ਚ ਪਾਇਆ ਗਿਆ ਕਿ ਕੁਝ ਬੈਕਟੀਰੀਆ ਵਿੱਚ ਅਜਿਹੇ ਜੀਨ ਹੁੰਦੇ ਹਨ, ਜੋ ਉਨ੍ਹਾਂ ਨੂੰ ਐਂਟੀਬਾਇਓਟਿਕਸ ਦੇ ਵਿਰੁੱਧ ਪ੍ਰਤੀਰੋਧੀ ਬਣਾਉਂਦੇ ਹਨ।
ਇਸ ਦਾ ਮਤਲਬ ਹੈ ਕਿ ਜੇਕਰ ਇਹ ਬੈਕਟੀਰੀਆ ਲਾਗ ਫੈਲਾਉਂਦੇ ਹਨ ਤਾਂ ਉਨ੍ਹਾਂ ਦਾ ਇਲਾਜ ਕਰਨਾ ਮੁਸ਼ਕਲ ਹੋ ਸਕਦਾ ਹੈ। ਹਾਲਾਂਕਿ, ਜ਼ਿਨ ਦੱਸਦੇ ਹਨ ਕਿ ਉਨ੍ਹਾਂ ਦੀ ਸਟੱਡੀ ਵਿੱਚ ਇਹ ਜੀਨ ਕਾਫ਼ੀ ਘੱਟ ਪੱਧਰ 'ਤੇ ਪਾਏ ਗਏ ਅਤੇ ਜਨ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਮੱਧਮ ਪੱਧਰ ਦੀ ਚਿੰਤਾ ਦਾ ਵਿਸ਼ਾ ਹਨ।
ਇਟਲੀ ਵਿੱਚ ਵਿਦਿਆਰਥੀਆਂ ਦੇ 50 ਟੁੱਥਬ੍ਰਸ਼ਾਂ 'ਤੇ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਸਾਰੇ ਬ੍ਰਸ਼ਾਂ 'ਤੇ ਅਜਿਹੇ ਬੈਕਟੀਰੀਆ ਮੌਜੂਦ ਸਨ, ਜੋ ਕਈ ਦਵਾਈਆਂ ਦੇ ਵਿਰੁੱਧ ਪ੍ਰਤੀਰੋਧੀ ਸਨ।
ਕੁਝ ਟੁੱਥਬ੍ਰਸ਼ ਅਜਿਹੇ ਵੀ ਆਉਂਦੇ ਹਨ, ਜਿਨ੍ਹਾਂ 'ਤੇ ਐਂਟੀਮਾਈਕ੍ਰੋਬਾਇਲ ਪਰਤ ਲਗਾਈ ਜਾਂਦੀ ਹੈ ਅਤੇ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਬ੍ਰਸ਼ 'ਤੇ ਬੈਕਟੀਰੀਆ ਦੀ ਗਿਣਤੀ ਨੂੰ ਕੰਟਰੋਲ ਕਰਦੀ ਹੈ। ਪਰ ਜ਼ਿਆਦਾਤਰ ਖੋਜਾਂ ਵਿੱਚ ਪਾਇਆ ਗਿਆ ਹੈ ਕਿ ਇਨ੍ਹਾਂ ਉਪਾਵਾਂ ਦਾ ਕੋਈ ਖ਼ਾਸ ਅਸਰ ਨਹੀਂ ਹੁੰਦਾ ਅਤੇ ਕਈ ਵਾਰ ਇਹ ਪ੍ਰਤੀਰੋਧੀ ਬੈਕਟੀਰੀਆ ਦੀਆਂ ਕਿਸਮਾਂ ਨੂੰ ਵੀ ਵਧਾ ਸਕਦੇ ਹਨ।
ਅਸਲ ਵਿੱਚ ਬੁਰਸ਼ ਕਰਨ ਤੋਂ ਬਾਅਦ ਟੁੱਥਬ੍ਰਸ਼ ਨੂੰ ਸਿੱਧੀ ਸਥਿਤੀ ਵਿੱਚ ਕਮਰੇ ਦੇ ਤਾਪਮਾਨ 'ਤੇ ਸੁੱਕਣ ਦੇਣਾ ਹੀ ਬੈਕਟੀਰੀਆ ਦੀ ਗਿਣਤੀ ਘਟਾਉਣ ਦਾ ਸਭ ਤੋਂ ਸੌਖਾ ਤਰੀਕਾ ਹੈ। ਕਈ ਵਾਇਰਸ ਜਿਵੇਂ ਕਿ ਇਨਫਲੂਐਂਜ਼ਾ ਅਤੇ ਕੋਰੋਨਾਵਾਇਰਸ ਸੁੱਕਣ 'ਤੇ ਇਨ੍ਹਾਂ ਦਾ ਅਸਰ ਘਟਣ ਲੱਗ ਜਾਂਦਾ ਹੈ।
ਸਟ੍ਰੈਪਟੋਕੋਕਸ ਮਿਊਟੈਂਸ ਵਰਗੇ ਬੈਕਟੀਰੀਆ, ਜੋ ਦੰਦਾਂ ਵਿੱਚ ਸੜਨ ਦਾ ਮੁੱਖ ਕਾਰਨ ਹਨ, ਇਹ ਟੁੱਥਬ੍ਰਸ਼ ਦੇ ਰੇਸ਼ਿਆਂ 'ਤੇ ਅੱਠ ਘੰਟਿਆਂ ਤੱਕ ਜਿਉਂਦੇ ਰਹਿ ਸਕਦੇ ਹਨ। ਹਲਾਂਕਿ ਇਹ ਬੈਕਟੀਰੀਆ ਵੀ 12 ਘੰਟਿਆਂ ਬਾਅਦ ਮਰਨ ਲੱਗ ਜਾਂਦੇ ਹਨ।
ਅਮਰੀਕਨ ਡੈਂਟਲ ਐਸੋਸੀਏਸ਼ਨ ਅਤੇ ਅਮਰੀਕੀ ਰੋਗ ਨਿਯੰਤਰਣ ਕੇਂਦਰ (ਸੀਡੀਸੀ) ਵੀ ਸਲਾਹ ਦਿੰਦਾ ਹੈ ਕਿ ਟੁੱਥਬ੍ਰਸ਼ ਦੇ ਸਿਰ ਨੂੰ ਢੱਕ ਕੇ ਜਾਂ ਬੰਦ ਡੱਬੇ ਵਿੱਚ ਪਾ ਕੇ ਰੱਖਣਾ ਚਾਹੀਦਾ ਹੈ। ਕਿਉਂਕਿ ਇਸ ਨਾਲ ਸੂਖ਼ਮ ਜੀਵਾਂ ਨੂੰ ਹੋਰ ਫੈਲਣ ਜਾਂ ਪੈਦਾ ਹੋਣ ਤੋਂ ਰੋਕਣ ਲਈ ਮੁੱਢਲਾ ਪੜਾਅ ਹੈ।
ਟੁੱਥਬ੍ਰਸ਼ ਨੂੰ ਸਾਫ਼ ਕਿਵੇਂ ਰੱਖਿਆ ਜਾਵੇ?

ਤਸਵੀਰ ਸਰੋਤ, Getty Images
ਟੁੱਥਬ੍ਰਸ਼ ਨੂੰ ਬੈਕਟੀਰੀਆ ਮੁਕਤ ਕਰਨ ਦੇ ਕਈ ਤਰੀਕੇ ਸੁਝਾਏ ਜਾਂਦੇ ਹਨ, ਜਿਵੇਂ ਕਿ ਅਲਟ੍ਰਾਵਾਇਲਟ ਰੋਸ਼ਨੀ ਤੋਂ ਲੈ ਕੇ ਡਿਸ਼ਵਾਸ਼ਰ ਜਾਂ ਮਾਈਕ੍ਰੋਵੇਵ ਵਿੱਚ ਰੱਖਣਾ ਤੱਕ। ਕੁਝ ਤਰੀਕੇ ਬਿਲਕੁਲ ਬੇਅਸਰ ਸਾਬਤ ਹੋਏ ਹਨ, ਜਿਵੇਂ ਕਿ ਹੇਅਰ ਡ੍ਰਾਇਰ ਨਾਲ ਸੁਕਾਉਣਾ ਜਾਂ ਬ੍ਰਸ਼ ਨੂੰ ਵਿਸਕੀ ਦੇ ਗਲਾਸ ਵਿੱਚ ਡੁਬੋ ਕੇ ਰੱਖਣਾ ਹੋਵੇ।
ਮਾਈਕ੍ਰੋਵੇਵ ਨੂੰ ਆਮ ਤੌਰ 'ਤੇ ਸਭ ਤੋਂ ਪ੍ਰਭਾਵੀ ਮੰਨਿਆ ਜਾਂਦਾ ਹੈ, ਪਰ ਇਸ ਨਾਲ ਬ੍ਰਸ਼ ਦੇ ਰੇਸ਼ੇ ਪਿਘਲਣ ਜਾਂ ਖਰਾਬ ਹੋਣ ਦਾ ਖ਼ਤਰਾ ਵੀ ਹੁੰਦਾ ਹੈ।
ਤੁਹਾਡਾ ਟੁੱਥਪੇਸਟ, ਜਿਸ ਵਿੱਚ ਆਮ ਤੌਰ 'ਤੇ ਜੀਵਾਣੂਰੋਧੀ ਤੱਤ ਹੁੰਦੇ ਹਨ, ਬ੍ਰਸ਼ 'ਤੇ ਮੌਜੂਦ ਸੂਖ਼ਮ ਜੀਵਾਂ ਨੂੰ ਕੁਝ ਹੱਦ ਤੱਕ ਘਟਾ ਸਕਦਾ ਹੈ। ਪਾਣੀ ਨਾਲ ਧੋਣ ਨਾਲ ਵੀ ਕੁਝ ਬੈਕਟੀਰੀਆ ਨਿਕਲ ਜਾਂਦੇ ਹਨ, ਪਰ ਬਹੁਤ ਸਾਰੇ ਫਿਰ ਵੀ ਚਿਪਕੇ ਰਹਿੰਦੇ ਹਨ ਅਤੇ ਵਧਦੇ ਰਹਿੰਦੇ ਹਨ।
ਕੁਝ ਖੋਜਕਾਰ ਸੁਝਾਅ ਦਿੰਦੇ ਹਨ ਕਿ 1% ਸਿਰਕੇ ਦਾ ਘੋਲ ਬੈਕਟੀਰੀਆ ਘਟਾਉਣ ਦਾ ਸਭ ਤੋਂ ਪ੍ਰਭਾਵੀ ਤਰੀਕਾ ਹੋ ਸਕਦਾ ਹੈ, ਪਰ ਇਸ ਨਾਲ ਬ੍ਰਸ਼ 'ਤੇ ਹਲਕਾ ਸਵਾਦ ਰਹਿ ਜਾਂਦਾ ਹੈ, ਜੋ ਅਗਲੀ ਵਾਰ ਬੁਰਸ਼ ਕਰਦੇ ਸਮੇਂ ਖ਼ਰਾਬ ਲੱਗ ਸਕਦਾ ਹੈ। ਬੁਰਸ਼ ਦੇ ਸਿਰੇ ਨੂੰ ਐਂਟੀਸੈਪਟਿਕ ਮਾਊਥਵਾਸ਼ ਵਿੱਚ 5 ਤੋਂ 10 ਮਿੰਟਾਂ ਤੱਕ ਭਿਉਂਣਾ ਵੀ ਇੱਕ ਪ੍ਰਭਾਵੀ ਤਰੀਕਾ ਹੈ।
ਪੁਰਾਣੇ ਬੁਰਸ਼ਾਂ ਦੇ ਟੁੱਟੇ ਅਤੇ ਘਸੇ ਹੋਏ ਰੇਸ਼ੇ ਬੈਕਟੀਰੀਆ, ਨਮੀ ਅਤੇ ਪੌਸ਼ਟਿਕ ਤੱਤਾਂ ਨੂੰ ਜ਼ਿਆਦਾ ਸਮੇਂ ਤੱਕ ਫੜੀ ਰੱਖਦੇ ਹਨ, ਜਿਸ ਨਾਲ ਸੂਖਮ ਜੀਵਾਂ ਨੂੰ ਫੈਲਣ ਅਤੇ ਵਧਣ ਦਾ ਮੌਕਾ ਮਿਲਦਾ ਹੈ। ਇਸੇ ਕਾਰਨ ਅਮਰੀਕਨ ਡੈਂਟਲ ਐਸੋਸੀਏਸ਼ਨ ਵਰਗੀਆਂ ਸੰਸਥਾਵਾਂ ਹਰ ਤਿੰਨ ਮਹੀਨਿਆਂ ਵਿੱਚ ਟੁੱਥਬ੍ਰਸ਼ ਬਦਲਣ ਦੀ ਸਲਾਹ ਦਿੰਦੀਆਂ ਹਨ। ਹਲਾਂਕਿ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਟੁੱਥਬ੍ਰਸ਼ ਜਲਦੀ ਬਦਲਣਾ ਚਾਹੀਦਾ ਹੈ।
ਮਾਰਕ-ਕੇਵਿਨ ਜ਼ਿਨ ਦੀ ਖੋਜ ਵਿੱਚ ਵੀ ਪਾਇਆ ਗਿਆ ਕਿ ਟੁੱਥਬ੍ਰਸ਼ 'ਤੇ ਬੈਕਟੀਰੀਆ ਦੀ ਗਿਣਤੀ ਵਰਤੋਂ ਸ਼ੁਰੂ ਕਰਨ ਦੇ ਲਗਭਗ 12 ਹਫਤਿਆਂ ਬਾਅਦ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਜਾਂਦੀ ਹੈ।
ਕੁਝ ਖੋਜਕਰਤਾ ਹੁਣ ਇੱਕ ਵੱਖਰੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ। ਅਜਿਹੇ ਟੁੱਥਪੇਸਟ 'ਤੇ ਰਿਸਰਚ ਕੀਤੀ ਜਾ ਰਹੀ ਹੈ ਜੋ ਚੰਗੇ ਬੈਕਟੀਰੀਆ ਦੇ ਵਿਕਾਸ ਨੂੰ ਉਤਸ਼ਾਹਿਤ ਕਰਦੇ ਹਨ। ਇਨ੍ਹਾਂ ਪ੍ਰੋਬਾਇਓਟਿਕ ਟੁੱਥਪੇਸਟ ਦਾ ਉਦੇਸ਼ ਮੂੰਹ ਵਿੱਚ ਲਾਭਦਾਇਕ ਜੀਵਾਣੂਆਂ ਦੀ ਗਿਣਤੀ ਨੂੰ ਵਧਾਉਣਾ ਹੈ।
ਜਿਵੇਂ ਸਟ੍ਰੈਪਟੋਕੋਕਸ ਸੈਲੀਵੇਰੀਅਸ ਬੈਕਟੀਰੀਆ ਹਾਨੀਕਾਰਕ ਜੀਵਾਂ ਨੂੰ ਦਬਾਉਣ ਵਿੱਚ ਮਦਦ ਕਰਦਾ ਹੈ। ਇਸ 'ਤੇ ਨਿਊਜ਼ੀਲੈਂਡ ਦੀ ਇੱਕ ਕੰਪਨੀ ਟੈਸਟਿੰਗ ਕਰ ਰਹੀ ਹੈ। ਇੱਕ ਹੋਰ ਬੈਕਟੀਰੀਆ ਲਿਮੋਸੀਲੈਕਟੋਬੈਸੀਲਸ ਰੋਇਟੇਰੀ, ਸਟ੍ਰੈਪਟੋਕੋਕਸ ਮਿਊਟੈਂਸ ਨਾਲ ਮਜ਼ਬੂਤ ਮੁਕਾਬਲਾ ਕਰਦਾ ਹੈ, ਜਿਸ ਨਾਲ ਦੰਦਾਂ ਦੀ ਸੜਨ ਤੋਂ ਬਚਾਅ ਸੰਭਵ ਹੋ ਸਕਦਾ ਹੈ।
ਜ਼ਿਨ ਦਾ ਕਹਿਣਾ ਹੈ, "ਪ੍ਰੋਬਾਇਓਟਿਕ ਕੋਟਿੰਗਸ ਜਾਂ ਬਾਇਓਐਕਟਿਵ ਬ੍ਰਿਸਲ ਮੈਟੀਰੀਅਲ ਵਰਗੀਆਂ ਖੋਜਾਂ ਭਵਿੱਖ ਵਿੱਚ ਸਿਹਤਮੰਦ ਸੂਖ਼ਮ ਜੀਵ ਸੰਤੁਲਨ ਬਣਾਈ ਰੱਖਣ ਦੇ ਨਵੇਂ ਤਰੀਕੇ ਪੈਦਾ ਕਰ ਸਕਦੀਆਂ ਹਨ। ਇਸ ਨਾਲ ਟੁੱਥਬ੍ਰਸ਼ ਨੂੰ ਲਾਗ ਦਾ ਸਰੋਤ ਨਹੀਂ ਸਗੋਂ ਸੁਰੱਖਿਆ ਦਾ ਸਾਧਨ ਬਣਾਇਆ ਜਾ ਸਕਦਾ ਹੈ।"
ਪਰ ਜ਼ਿਨ ਇਹ ਵੀ ਮੰਨਦੇ ਹਨ ਕਿ ਇਸ ਖੇਤਰ ਵਿੱਚ ਅਜੇ ਬਹੁਤ ਸਾਰੀਆਂ ਖੋਜਾਂ ਬਾਕੀ ਹੈ। ਉਦੋਂ ਤਕ ਆਪਣੇ ਬਾਥਰੂਮ ਵਿੱਚ ਰੱਖੇ ਟੁੱਥਬ੍ਰਸ਼ ਨੂੰ ਧਿਆਨ ਨਾਲ ਵੇਖੋ, ਕੀ ਇਸ ਨੂੰ ਬਦਲਣ ਦਾ ਸਮਾਂ ਆ ਗਿਆ ਹੈ? ਜਾਂ ਸ਼ਾਇਦ ਇਸ ਨੂੰ ਸਿਰਫ਼ ਟਾਇਲਟ ਤੋਂ ਥੋੜ੍ਹਾ ਦੂਰ ਰੱਖਣਾ ਹੀ ਬਿਹਤਰ ਹੋਵੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












