You’re viewing a text-only version of this website that uses less data. View the main version of the website including all images and videos.
'ਖੇਤਾਂ ਨੂੰ ਗਏ ਸੀ ਪਰ ਵਾਪਸ ਘਰ ਨਹੀਂ ਮੁੜੇ', ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਕੈਦ ਪੰਜਾਬੀ ਨੌਜਵਾਨਾਂ ਦੀ ਕਹਾਣੀ
- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
23 ਸਾਲਾ ਅਮ੍ਰਿਤਪਾਲ ਸਿੰਘ ਪਿਛਲੇ ਸਾਲ ਦੀ 21 ਜੂਨ ਨੂੰ ਘਰੋਂ ਆਪਣੇ ਖੇਤਾਂ ਨੂੰ ਗਿਆ ਸੀ। ਉਹ ਅਣਜਾਣ ਸੀ ਕਿ ਉਸ ਦਾ ਹੁਣ ਆਪਣੇ ਘਰ ਵਾਪਸ ਮੁੜਨਾ ਹੀ ਸੁਪਨਾ ਹੋ ਜਾਵੇਗਾ।
ਪਰਿਵਾਰ ਪਿਛਲੇ ਸੱਤ ਮਹੀਨਿਆਂ ਤੋਂ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਅਮ੍ਰਿਤਪਾਲ ਦੀ ਘਰ ਵਾਪਸੀ ਦਾ ਇੰਤਜ਼ਾਰ ਕਰ ਰਿਹਾ ਹੈ। ਪਰ ਉਡੀਕ ਲੰਬੀ ਹੁੰਦੀ ਜਾ ਰਹੀ ਹੈ।
ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਖੈਰੇ ਕੇ ਉਤਾੜ ਦਾ ਵਾਸੀ ਅਮ੍ਰਿਤਪਾਲ ਸਿੰਘ ਭਾਰਤ-ਪਾਕਿਸਤਾਨ ਸਰਹੱਦ ਦੇ ਬਿਲਕੁਲ ਨੇੜੇ ਸਥਿਤ ਆਪਣੇ ਖੇਤ ਕੰਮ ਕਰਨ ਵਾਸਤੇ ਗਿਆ ਸੀ ਅਤੇ ਗਲਤੀ ਨਾਲ ਪਾਕਿਸਤਾਨ ਵਿੱਚ ਦਾਖ਼ਲ ਹੋ ਗਿਆ ਸੀ। ਉਸ ਦਿਨ ਤੋਂ ਹੀ ਉਹ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਹੈ।
ਇਹ ਕਹਾਣੀ ਇਕੱਲੇ ਅਮ੍ਰਿਤਪਾਲ ਸਿੰਘ ਦੀ ਨਹੀਂ ਹੈ। ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਹਸਤੇ ਕੇ ਦਾ ਨੌਜਵਾਨ ਹਰਪ੍ਰੀਤ ਸਿੰਘ ਵੀ ਅਗਸਤ 2023 ਵਿੱਚ ਗਲਤੀ ਨਾਲ ਸਰਹੱਦ ਪਾਰ ਕਰ ਗਿਆ ਸੀ। ਉਹ ਪਾਕਿਸਤਾਨ ਪੰਜਾਬ ਦੀ ਜੇਲ੍ਹ ਵਿੱਚ ਬੰਦ ਹੈ।
ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ ਇਨ੍ਹਾਂ ਪੰਜਾਬੀ ਨੌਜਵਾਨਾਂ ਦੇ ਮਾਪੇ ਰੋਜ਼ਾਨਾ ਉਨ੍ਹਾਂ ਦੇ ਘਰ ਵਾਪਸ ਆਉਣ ਦੀ ਉਮੀਦ ਲਗਾਉਂਦੇ ਹਨ, ਜੋ ਫਿਲਹਾਲ ਪੂਰੀ ਨਹੀਂ ਹੋਈ।
ਦੋਵਾਂ ਨੌਜਵਾਨਾਂ ਨੂੰ ਪਾਕਿਸਤਾਨ ਸਰਹੱਦ ਅੰਦਰ ਗ਼ੈਰ ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਕਰਕੇ ਸਜ਼ਾਵਾਂ ਸੁਣਾਈਆਂ ਗਈਆਂ ਸਨ। ਉਨ੍ਹਾਂ ਨੇ ਇਹ ਸਜ਼ਾਵਾਂ ਭੁਗਤ ਲਈਆਂ ਹਨ।
ਸਜ਼ਾਵਾਂ ਭੁਗਤਣ ਦੇ ਕਈ ਮਹੀਨਿਆਂ ਬਾਅਦ ਵੀ ਨੌਜਵਾਨਾਂ ਨੂੰ ਡਿਪੋਰਟ ਨਹੀਂ ਕੀਤਾ ਗਿਆ। ਨੌਜਵਾਨਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੀਆਂ ਫ਼ਿਕਰਾਂ ਵਿੱਚ ਡੁੱਬੇ ਹੋਏ ਹਨ।
ਪਾਕਿਸਤਾਨ 'ਚ ਕਿੰਨੇ ਭਾਰਤੀ ਬੰਦ ਹਨ?
ਬੀਬੀਸੀ ਉਰਦੂ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਇੱਕ ਸੂਚੀ ਸਾਂਝੀ ਕੀਤੀ ਗਈ ਹੈ, ਜਿਸ ਮੁਤਾਬਕ 257 ਭਾਰਤੀ ਨਾਗਰਿਕ ਪਾਕਿਸਤਾਨ ਦੀ ਕੈਦ ਵਿੱਚ ਹਨ। ਇਨ੍ਹਾਂ ਵਿੱਚੋਂ 58 ਆਮ ਸ਼ਹਿਰੀ ਹਨ ਅਤੇ ਬਾਕੀ ਮਛੇਰੇ ਹਨ।
ਇਹ ਪਾਕਿਸਤਾਨ ਕਿਵੇਂ ਪਹੁੰਚੇ ਇਸ ਸਵਾਲ ਦੇ ਜਵਾਬ ਵਿੱਚ ਅਮ੍ਰਿਤਪਾਲ ਸਿੰਘ ਦੇ ਪਿਤਾ ਜੁਗਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਬਾਕੀ ਕਿਸਾਨਾਂ ਵਾਂਗ ਰੋਜ਼ਾਨਾ ਭਾਰਤ ਵਾਲੇ ਪਾਸੇ ਦੇ ਫੈਂਸਿੰਗ ਗੇਟ ਰਾਹੀਂ ਆਪਣੀ ਖੇਤੀ ਵਾਲੀ ਜ਼ਮੀਨ 'ਤੇ ਕੰਮ ਕਰਨ ਜਾਂਦਾ ਸੀ।
21 ਜੂਨ ਦੀ ਦੁਪਹਿਰ ਨੂੰ ਵੀ ਉਹ ਖੇਤਾਂ ਵੱਲ ਗਿਆ ਸੀ ਅਤੇ ਅਣਜਾਣੇ ਵਿੱਚ ਪਾਕਿਸਤਾਨ ਦੀ ਸਰਹੱਦ ਪਾਰ ਕਰ ਗਿਆ।
ਉਸ ਨੂੰ ਪਾਕਿਸਤਾਨ ਰੇਂਜਰਜ਼ ਨੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਮਗਰੋਂ ਕਸੂਰ ਜ਼ਿਲ੍ਹੇ ਦੇ ਕੰਗਨਪੁਰ ਥਾਣੇ ਵਿੱਚ ਉਸ ਦੇ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ।
ਹਰਪ੍ਰੀਤ ਸਿੰਘ ਦੇ ਪਿਤਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਹੁਸੈਨੀ ਵਾਲਾ ਵਿੱਚ ਸਥਿਤ ਭਾਰਤ-ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ ਦੇ ਨੇੜ੍ਹੇ ਠੇਕੇ 'ਤੇ ਜ਼ਮੀਨ ਲਈ ਸੀ ਅਤੇ ਹਰਪ੍ਰੀਤ ਸਿੰਘ ਖੇਤੀਬਾੜੀ ਦੇ ਕੰਮ ਲਈ ਜ਼ਮੀਨ 'ਤੇ ਜਾਂਦਾ ਸੀ।
"21 ਅਗਸਤ ਨੂੰ ਮੇਰਾ ਪੁੱਤਰ ਹਰਪ੍ਰੀਤ ਸਿੰਘ ਪਸ਼ੂਆਂ ਲਈ ਹਰਾ ਚਾਰਾ ਕੱਟਣ ਲਈ ਘਰੋਂ ਖੇਤ ਗਏ ਸੀ। ਪਰ ਉਹ ਘਰ ਵਾਪਸ ਨਹੀਂ ਆਏ। ਮੈਂ ਰਿਸ਼ਤੇਦਾਰਾਂ ਅਤੇ ਪੁੱਤਰ ਦੇ ਦੋਸਤਾਂ ਤੋਂ ਉਸ ਬਾਰੇ ਪੁੱਛਗਿੱਛ ਕੀਤੀ। ਪਰ ਮੇਰੇ ਪੁੱਤਰ ਬਾਰੇ ਜਾਣਕਾਰੀ ਨਹੀਂ ਮਿਲੀ।"
"ਮਗਰੋਂ ਮੈਨੂੰ ਪਤਾ ਲੱਗਿਆ ਕਿ ਮੇਰੇ ਪੁੱਤਰ ਨੂੰ ਪਾਕਿਸਤਾਨ ਰੇਂਜਰਾਂ ਨੇ ਫੜ ਲਿਆ ਸੀ। ਉਨ੍ਹਾਂ 'ਤੇ ਕਸੂਰ ਜ਼ਿਲ੍ਹੇ ਦੇ ਗੰਡਾ ਸਿੰਘ ਵਾਲਾ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ।"
ਉਹ ਕਹਿੰਦੇ ਹਨ ਕਿ ਉਨ੍ਹਾਂ ਦਾ ਪੁੱਤਰ ਖੇਤਾਂ ਕੋਲ ਲੰਘਦੇ ਸਤਲੁਜ ਦਰਿਆ ਵਿੱਚ ਡਿੱਗ ਗਿਆ ਸੀ ਅਤੇ ਰੁੜ੍ਹ ਕੇ ਪਾਕਿਸਤਾਨ ਚਲਾ ਗਿਆ।
ਅਮ੍ਰਿਤਪਾਲ ਨੇ ਕਿਹੜੀ ਕਿਹੜੀ ਸਜ਼ਾ ਕੱਟੀ
ਜੁਗਰਾਜ ਸਿੰਘ ਨੇ ਦੱਸਿਆ ਕਿ ਚੁਨਿਆਨ ਦੇ ਇੱਕ ਸਿਵਲ ਜੱਜ ਦੀ ਅਦਾਲਤ ਨੇ 28 ਜੁਲਾਈ ਨੂੰ ਅਮ੍ਰਿਤਪਾਲ ਸਿੰਘ ਨੂੰ ਪਾਕਿਸਤਾਨ (ਕੰਟਰੋਲ ਆਫ਼ ਐਂਟਰੀ) ਐਕਟ 1952 ਦੀ ਧਾਰਾ 4 ਅਤੇ ਫ਼ੋਰਿਨਰ ਐਕਟ 1946 ਦੀ ਧਾਰਾ 14 ਅਧੀਨ ਦੋਸ਼ੀ ਕਰਾਰ ਦਿੱਤਾ ਸੀ। ਉਸ ਨੂੰ ਇੱਕ ਮਹੀਨੇ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਇਲਾਵਾ 1 ਲੱਖ ਦਾ ਜ਼ੁਰਮਾਨਾ ਵੀ ਕੀਤਾ ਗਿਆ ਸੀ।
ਉਹ ਕਹਿੰਦੇ ਹਨ ਜੁਰਮਾਨਾ ਨਾ ਭਰਨ ਕਰਕੇ ਉਸ ਦੇ ਪੁੱਤਰ ਨੇ ਵੱਧ ਸਜ਼ਾ ਕੱਟੀ ਸੀ। 25 ਸਤੰਬਰ ਨੂੰ ਉਸ ਦੀ ਸਾਰੀ ਸਜ਼ਾ ਪੂਰੀ ਹੋ ਗਈ ਸੀ। ਮਗਰੋਂ ਪਾਕਿਸਤਾਨ ਸਰਕਾਰ ਨੇ 26 ਦਸੰਬਰ ਤੱਕ ਤਿੰਨ ਮਹੀਨੇ ਲਈ ਇੰਟਰਨਮੈਂਟ (ਨਜ਼ਰਬੰਦੀ) ਦੇ ਹੁਕਮ ਜਾਰੀ ਕਰ ਦਿੱਤੇ ਅਤੇ ਉਸ ਨੂੰ ਜੇਲ੍ਹ ਵਿੱਚ ਇੰਟਰਨੀ ਵਜੋਂ ਰੱਖਿਆ ਗਿਆ।
ਇੰਟਰਨਮੈਂਟ ਦਾ ਮਤਲਬ ਹੈ ਕਿਸੇ ਵਿਅਕਤੀ ਨੂੰ ਮੁੱਖ ਤੌਰ 'ਤੇ ਰਾਜਨੀਤਿਕ ਜਾਂ ਸੈਨਿਕ ਕਾਰਨਾਂ ਕਰਕੇ ਕੈਦੀ ਵਜੋਂ ਨਜ਼ਰਬੰਦ ਕਰਨਾ।
ਜੁਗਰਾਜ ਨੇ ਆਪਣੇ ਪੁੱਤਰ ਲਈ ਕਾਨੂੰਨੀ ਲੜਾਈ ਲੜਨ ਵਾਸਤੇ ਪਾਕਿਸਤਾਨ ਵਿੱਚ ਇੱਕ ਨਿੱਜੀ ਵਕੀਲ ਵੀ ਕੀਤਾ ਹੋਇਆ ਹੈ।
ਹਰਪ੍ਰੀਤ ਨੂੰ ਕਿੰਨੀ ਸਜ਼ਾ ਹੋਈ ਸੀ
ਹਰਪ੍ਰੀਤ ਸਿੰਘ ਦੇ ਪਰਿਵਾਰ ਮੁਤਾਬਕ ਉਹ ਵੀ ਆਪਣੀ ਸਜ਼ਾ ਭੁਗਤ ਚੁੱਕੇ ਹਨ।
ਉਨ੍ਹਾਂ ਦੇ ਪਿਤਾ ਜੋਗਿੰਦਰ ਸਿੰਘ ਕਹਿੰਦੇ ਹਨ, "ਹਰਪ੍ਰੀਤ ਸਿੰਘ ਨੂੰ 1 ਮਹੀਨੇ ਦੀ ਕੈਦ ਅਤੇ 3000/- ਰੁਪਏ ਜੁਰਮਾਨਾ ਕੀਤਾ ਗਿਆ ਸੀ। ਮੇਰੇ ਪੁੱਤਰ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਅਤੇ ਉਸ ਨੇ ਅਦਾਲਤ ਵਿੱਚ ਜੁਰਮਾਨਾ ਵੀ ਭਰ ਦਿੱਤਾ ਸੀ।"
ਜੋਗਿੰਦਰ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੇ ਕੋਈ ਵੀ ਨਿੱਜੀ ਵਕੀਲ ਨਹੀਂ ਕੀਤਾ ਸੀ। ਪਾਕਿਸਤਾਨ ਦੇ ਸਰਕਾਰੀ ਵਕੀਲ ਨੇ ਹੀ ਅਦਾਲਤ ਵਿੱਚ ਉਨ੍ਹਾਂ ਦੇ ਪੁੱਤ ਦਾ ਪੱਖ ਪੇਸ਼ ਕੀਤਾ ਸੀ।
ਹਰਪ੍ਰੀਤ ਸਿੰਘ 16 ਮਹੀਨਿਆਂ ਤੋਂ ਜਦਕਿ ਅਮ੍ਰਿਤਪਾਲ 5 ਮਹੀਨਿਆਂ ਤੋਂ ਪਾਕਿਸਤਾਨ ਵਿੱਚ ਕੈਦ ਹੈ।
ਹਰਪ੍ਰੀਤ ਸਿੰਘ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ, ਦੋ ਬੱਚੇ ਅਤੇ ਬਜ਼ੁਰਗ ਮਾਤਾ-ਪਿਤਾ ਹਨ। ਉਨ੍ਹਾਂ ਦਾ ਭਰਾ ਵੀ ਪਰਿਵਾਰ ਨਾਲ ਰਹਿੰਦਾ ਹੈ।
ਅਮ੍ਰਿਤਪਾਲ ਸਿੰਘ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਅੱਠ ਮਹੀਨਿਆਂ ਦਾ ਪੁੱਤਰ, ਬਜ਼ੁਰਗ ਮਾਤਾ-ਪਿਤਾ ਅਤੇ ਛੋਟੀ ਭੈਣ ਹੈ। ਅਮ੍ਰਿਤਪਾਲ ਦਾ ਪੁੱਤ ਉਦੋਂ ਮਹਿਜ਼ ਤਿੰਨ ਮਹੀਨਿਆਂ ਦਾ ਸੀ ਜਿਸ ਦਿਨ ਉਹ ਅਣਜਾਣੇ ਵਿੱਚ ਪਾਕਿਸਤਾਨ ਦਾਖ਼ਲ ਹੋਇਆ ਸੀ।
ਜੋਗਿੰਦਰ ਸਿੰਘ ਕਹਿੰਦੇ ਹਨ, "ਜਦੋਂ ਪੁੱਤਰ ਦੀ ਯਾਦ ਆਉਂਦੀ ਹੈ ਤਾਂ ਮਨ ਨੂੰ ਸਮਝਾ ਲਈਦਾ ਹੈ। ਹਰਪ੍ਰੀਤ ਦੇ ਬੱਚੇ ਪੁੱਛਦੇ ਹਨ ਕਿ ਉਨ੍ਹਾਂ ਦਾ ਪਿਉ ਕਦੋਂ ਵਾਪਸ ਆਵੇਗਾ। ਸਾਡੇ ਕੋਲ ਕੋਈ ਜਵਾਬ ਨਹੀਂ ਹੁੰਦਾ। ਇਸ ਲਈ ਝੂਠੀ ਉਮੀਦ ਦੇ ਦਿੰਦੇ ਹਾਂ।"
ਜੁਗਰਾਜ ਸਿੰਘ ਕਹਿੰਦੇ ਹਨ, "ਬੱਚਿਆਂ ਦੇ ਨਾਲ ਘਰ ਵਿੱਚ ਰੌਣਕ ਹੁੰਦੀ ਹੈ। ਮਨ ਬਹੁਤ ਦੁਖੀ ਹੁੰਦਾ ਹੈ। ਦਿਨ ਬਹੁਤ ਔਖੇ ਲੰਘ ਰਹੇ ਹਨ।"
"ਸਾਨੂੰ 26 ਦਸੰਬਰ ਨੂੰ ਉਮੀਦ ਸੀ ਕਿ ਅਮ੍ਰਿਤਪਾਲ ਘਰ ਆ ਜਾਵੇਗਾ। ਪਰ ਉਹ ਨਹੀਂ ਆਇਆ। ਇਸ ਦੁੱਖ ਵਿੱਚ ਉਨ੍ਹਾਂ ਦੀ ਦਾਦੀ ਉਸ ਦਿਨ ਤੋਂ ਮੰਜੇ ਤੋਂ ਨਹੀਂ ਉੱਠ ਸਕੇ।"
ਅਮ੍ਰਿਤਪਾਲ ਦੀ ਮਾਂ ਅਮਨਦੀਪ ਕੌਰ ਕਹਿੰਦੇ ਹਨ, "ਪੁੱਤਰ ਦੀ ਬਹੁਤ ਯਾਦ ਆਉਂਦੀ ਹੈ। ਦਿਨ ਗਿਣ-ਗਿਣ ਕੇ ਲੰਘਾਂ ਰਹੇ ਹਾਂ। ਜਦੋਂ ਕੋਈ ਉਮੀਦ ਮਿਲਦੀ ਹੈ ਤਾਂ ਦਿਨ ਗਿਣਨ ਲੱਗ ਜਾਂਦੇ ਹਾਂ।"
ਅਮ੍ਰਿਤਪਾਲ ਦੇ ਵਕੀਲ ਨੇ ਕੀ ਕਿਹਾ
ਅਮ੍ਰਿਤਪਾਲ ਦੇ ਵਕੀਲ ਸੁਹੇਲ ਅਹਿਮਦ ਅੰਸਾਰੀ ਨੇ ਬੀਬੀਸੀ ਉਰਦੂ ਨੂੰ ਦੱਸਿਆ ਕਿ ਦਸੰਬਰ ਮਹੀਨੇ ਫੈਡਰਲ ਰਿਵਿਊ ਬੋਰਡ ਦੀ ਮੀਟਿੰਗ ਵਿੱਚ ਅਮ੍ਰਿਤਪਾਲ ਦੇ ਨਾਮ ਉੱਤੇ ਚਰਚਾ ਹੋਈ ਸੀ। ਪਰ ਮਨਜ਼ੂਰੀ ਨਹੀਂ ਬਣ ਸਕੀ।
ਉਨ੍ਹਾਂ ਦੱਸਿਆ ਕਿ ਜਦੋਂ ਕੋਈ ਕੈਦੀ ਸਜ਼ਾ ਪੂਰੀ ਕਰ ਲੈਂਦਾ ਹੈ ਤਾਂ ਫੈਡਰਲ ਰਿਵਿਊ ਬੋਰਡ ਉਸ ਕੈਦੀ ਦੇ ਕੇਸ ਦਾ ਮੁਲਾਂਕਣ ਕਰਦਾ ਹੈ। ਜੇਕਰ ਇਸ ਮੀਟਿੰਗ ਵਿੱਚ ਮਨਜ਼ੂਰੀ ਮਿਲ ਜਾਵੇ ਤਾਂ ਸਬੰਧਤ ਕੈਦੀ ਨੂੰ ਉਸ ਦੇ ਦੇਸ਼ ਵਿੱਚ ਡਿਪੋਰਟ ਕਰ ਦਿੱਤਾ ਜਾਂਦਾ ਹੈ।
ਭਾਰਤ ਸਰਕਾਰ ਤੋਂ ਦਖ਼ਲ ਦੀ ਮੰਗ
ਅਮ੍ਰਿਤਪਾਲ ਸਿੰਘ ਅਤੇ ਹਰਪ੍ਰੀਤ ਸਿੰਘ ਦਾ ਪਰਿਵਾਰ ਕੇਂਦਰ ਸਰਕਾਰ ਤੋਂ ਦਖ਼ਲ ਦੀ ਮੰਗ ਕਰ ਰਿਹਾ ਹੈ।
ਦੋਵਾਂ ਪਰਿਵਾਰਾਂ ਮੁਤਾਬਕ ਹਰਪ੍ਰੀਤ ਸਿੰਘ ਅਤੇ ਅਮ੍ਰਿਤਪਾਲ ਸਿੰਘ ਦੀ ਘਰ ਵਾਪਸੀ ਕੇਂਦਰ ਸਰਕਾਰ ਉੱਤੇ ਨਿਰਭਰ ਹੈ। ਉਹ ਚਾਹੁੰਦੇ ਹਨ ਕਿ ਕੇਂਦਰ ਸਰਕਾਰ ਪਹਿਲ ਦੇ ਆਧਾਰ ਉੱਤੇ ਪਾਕਿਸਤਾਨ ਸਰਕਾਰ ਕੋਲ ਉਨ੍ਹਾਂ ਦੇ ਪੁੱਤਰਾਂ ਦਾ ਮਸਲਾ ਚੁੱਕੇ।
ਜੋਗਿੰਦਰ ਸਿੰਘ ਕਹਿੰਦੇ ਹਨ, "ਜੇਕਰ ਸਰਕਾਰ ਚਾਹੇ ਤਾਂ ਮੇਰਾ ਪੁੱਤ ਜਲਦ ਘਰ ਵਾਪਸ ਆ ਸਕਦਾ ਹੈ। ਅਸੀਂ ਸਰਕਾਰ ਨੂੰ ਗੁਹਾਰ ਲਗਾਈ ਹੈ। ਭਾਰਤ ਸਰਕਾਰ ਦੇ ਕਈ ਨੁਮਾਇੰਦਿਆਂ ਅਤੇ ਮੰਤਰੀਆਂ ਨੂੰ ਈਮੇਲ ਭੇਜ ਕੇ ਮਦਦ ਦੀ ਮੰਗ ਕੀਤੀ ਹੈ।"
ਜੁਗਰਾਜ ਸਿੰਘ ਕਹਿੰਦੇ ਹਨ, "ਅਸੀਂ ਪੰਜਾਬ ਦੇ ਗਵਰਨਰ ਨਾਲ ਵੀ ਮੁਲਾਕਾਤ ਕਰਕੇ ਉਨ੍ਹਾਂ ਦੀ ਮਦਦ ਦੀ ਮੰਗ ਕੀਤੀ ਹੈ। ਅਸੀਂ ਕੇਂਦਰ ਸਰਕਾਰ ਅਤੇ ਭਾਰਤੀ ਅੰਬੈਸੀ ਨੂੰ ਬੇਨਤੀ ਕਰਦੇ ਹਾਂ ਕਿ ਮੇਰੇ ਪੁੱਤ ਨੂੰ ਭਾਰਤ ਵਾਪਸ ਲਿਆਂਦਾ ਜਾਵੇ।"
ਸਰਕਾਰ ਦਾ ਕੀ ਕਹਿਣਾ ਹੈ
ਮੁੱਖ ਮੰਤਰੀ ਦੇ ਫ਼ੀਲਡ ਅਫ਼ਸਰ ਵਜੋਂ ਫ਼ਿਰੋਜ਼ਪੁਰ ਵਿੱਚ ਤੈਨਾਤ ਰਾਜਬੀਰ ਸਿੰਘ ਨੇ ਦੱਸਿਆ, "ਜਦੋਂ ਕੋਈ ਵਿਅਕਤੀ ਗ਼ਲਤੀ ਨਾਲ ਬਾਰਡਰ ਪਾਰ ਕਰਕੇ ਪਾਕਿਸਤਾਨ ਪਹੁੰਚ ਜਾਂਦਾ ਹੈ ਤਾਂ ਪ੍ਰਸ਼ਾਸਨ ਦੀ ਡਿਊਟੀ ਸਥਾਨਕ ਪੱਧਰ ਉੱਤੇ ਜਾਂਚ ਕਰਵਾਉਣਾ ਹੁੰਦਾ ਹੈ। ਜਾਂਚ ਪੂਰੀ ਹੋਣ ਮਗਰੋਂ ਰਿਪੋਰਟ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੂੰ ਭੇਜ ਦਿੱਤੀ ਜਾਂਦੀ ਹੈ। ਪੰਜਾਬ ਸਰਕਾਰ ਦਾ ਗ੍ਰਹਿ ਵਿਭਾਗ ਕੇਂਦਰ ਦੇ ਗ੍ਰਹਿ ਵਿਭਾਗ ਨੂੰ ਅੱਗੇ ਜਾਣਕਾਰੀ ਭੇਜਦਾ ਹੈ।"
ਉਨ੍ਹਾਂ ਕਿਹਾ, "ਹਰਪ੍ਰੀਤ ਸਿੰਘ ਦੇ ਮਾਪਿਆਂ ਨੇ ਪ੍ਰਸ਼ਾਸਨ ਕੋਲ ਪਹੁੰਚ ਨਹੀਂ ਕੀਤੀ। ਅੰਮ੍ਰਿਤਪਾਲ ਬਾਰੇ ਅਸੀਂ ਜਾਣਕਾਰੀ ਇਕੱਠੀ ਕਰ ਰਹੇ ਹਾਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ