You’re viewing a text-only version of this website that uses less data. View the main version of the website including all images and videos.
ਸੋਨੇ ਦਾ ਰੇਟ ਅਤੇ ਕੁਆਲਿਟੀ ਕਿਵੇਂ ਤੈਅ ਹੁੰਦੀ ਹੈ, ਰੋਜ਼ ਗੋਲਡ ਅਤੇ ਵ੍ਹਾਈਟ ਗੋਲਡ ਵਿੱਚ ਕੀ ਫਰਕ ਹੈ
- ਲੇਖਕ, ਕੇ ਸੁਭਾਗੁਣਮ
- ਰੋਲ, ਬੀਬੀਸੀ ਤਮਿਲ
ਸੋਨੇ ਦੇ ਗਹਿਣਿਆਂ ਦਾ ਉਤਪਾਦਨ ਅਤੇ ਵਿਕਰੀ ਸੋਨੇ ਦੀ ਸਾਲਾਨਾ ਮੰਗ ਦਾ ਵੱਡਾ ਹਿੱਸਾ ਹੈ। ਇੰਟਰਨੈਸ਼ਨਲ ਗੋਲਡ ਕੌਂਸਲ ਦੇ ਅਨੁਸਾਰ, ਇਹ ਦੁਨੀਆ ਦੀ ਕੁੱਲ ਸੋਨੇ ਦੀ ਮੰਗ ਦਾ 50% ਬਣਦਾ ਹੈ।
ਇੰਟਰਨੈਸ਼ਨਲ ਗੋਲਡ ਕੌਂਸਲ ਦੇ ਅਨੁਸਾਰ, ਭਾਰਤ ਅਤੇ ਚੀਨ ਦੁਨੀਆ ਵਿੱਚ ਗਹਿਣਿਆਂ ਦੇ ਸਭ ਤੋਂ ਵੱਡੇ ਬਾਜ਼ਾਰ ਹਨ, ਜੋ ਕਿ ਗਲੋਬਲ ਮੰਗ ਦਾ 50% ਬਣਦਾ ਹੈ।
ਹਾਲਾਂਕਿ, ਹਾਲ ਹੀ ਦੇ ਸਮੇਂ ਵਿੱਚ ਸੋਨੇ ਦੀ ਕੀਮਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਨਾਲ ਲੋਕਾਂ ਵਿੱਚ ਮਿਲੀ-ਜੁਲੀ ਭਾਵਨਾ ਪੈਦਾ ਹੋਈ ਹੈ।
ਇਸ ਦੌਰਾਨ, ਇਸ ਬਾਰੇ ਵੀ ਸ਼ੱਕ ਪੈਦਾ ਹੋਇਆ ਹੈ ਕਿ ਕੈਰੇਟ ਕੀ ਹੁੰਦੇ ਹਨ ਜੋ ਸੋਨੇ ਦੇ ਗਹਿਣਿਆਂ ਦੀ ਗੁਣਵੱਤਾ ਜਾਂ ਕੁਆਲਿਟੀ ਨੂੰ ਪਰਿਭਾਸ਼ਿਤ ਕਰਨ ਲਈ ਵਰਤੇ ਜਾਣ ਵਾਲੇ ਹਨ.. ਅਤੇ ਉਨ੍ਹਾਂ ਨੂੰ ਕਿਵੇਂ ਮਾਪਿਆ ਜਾਂਦਾ ਹੈ।
ਕੈਰੇਟ ਕੀ ਹੈ ਜੋ ਸੋਨੇ ਦੀ ਗੁਣਵੱਤਾ ਨੂੰ ਦਰਸਾਉਂਦਾ ਹੈ?
ਕੈਰੇਟ ਕੈਰੇਟੇਜ ਲਈ ਵਰਤਿਆ ਜਾਣ ਵਾਲਾ ਛੋਟਾ ਨਾਮ ਹੈ, ਜੋ ਸੋਨੇ ਦੀ ਸ਼ੁੱਧਤਾ ਦਾ ਮਾਪ ਹੈ।
ਕੈਰੇਟ ਹੋਰ ਧਾਤਾਂ ਨਾਲ ਮਿਲਾਏ ਗਏ ਮਿਸ਼ਰਣ ਵਿੱਚ ਸੋਨੇ ਦੀ ਸ਼ੁੱਧਤਾ ਨੂੰ ਮਾਪਣ ਦਾ ਇੱਕ ਤਰੀਕਾ ਹੈ।
ਸੋਨਾ ਕਹੀ ਜਾਣ ਵਾਲੀ ਕਿਸੇ ਵਸਤੂ ਲਈ ਘੱਟੋ-ਘੱਟ ਕੈਰੇਟ ਹਰੇਕ ਦੇਸ਼ ਵਿੱਚ ਵੱਖ-ਵੱਖ ਹੁੰਦਾ ਹੈ। ਜਿਵੇਂ ਸੰਯੁਕਤ ਰਾਜ ਅਮਰੀਕਾ ਵਿੱਚ 10 ਕੈਰੇਟ ਕਾਨੂੰਨੀ ਤੌਰ 'ਤੇ ਪ੍ਰਵਾਨਿਤ ਘੱਟੋ-ਘੱਟ ਗ੍ਰੇਡ ਹੈ।
ਇਸੇ ਤਰ੍ਹਾਂ ਫਰਾਂਸ, ਬ੍ਰਿਟੇਨ, ਆਸਟ੍ਰੀਆ, ਪੁਰਤਗਾਲ ਅਤੇ ਆਇਰਲੈਂਡ ਵਰਗੇ ਦੇਸ਼ਾਂ ਵਿੱਚ ਸੋਨੇ ਦੇ ਸਭ ਤੋਂ ਹੇਠਲੇ ਗ੍ਰੇਡ ਨੂੰ ਸੋਨਾ ਕਿਹਾ ਜਾ ਸਕਦਾ ਹੈ, ਜੋ ਕਿ 9 ਕੈਰੇਟ ਹੈ।
ਭਾਰਤ ਵਿੱਚ, ਪਿਛਲੇ ਸਾਲ ਜੁਲਾਈ ਮਹੀਨੇ ਤੋਂ ਬੀਆਈਐਸ (BIS) ਨੇ 9 ਕੈਰੇਟ ਨੂੰ ਸੋਨੇ ਦੇ ਸਭ ਤੋਂ ਹੇਠਲੇ ਗ੍ਰੇਡ ਵਜੋਂ ਮਾਨਤਾ ਦੇ ਕੇ ਇਸ ਦੀ ਵਿਕਰੀ ਲਈ ਆਗਿਆ ਦਿੱਤੀ ਹੈ।
ਸੋਨੇ ਅਤੇ ਹੋਰ ਧਾਤਾਂ ਦਾ ਅਨੁਪਾਤ ਕੈਰੇਟ ਮਾਪ ਦੇ ਆਧਾਰ 'ਤੇ ਵੱਖ-ਵੱਖ ਹੁੰਦਾ ਹੈ। ਮਿਸਾਲ ਵਜੋਂ, 18 ਕੈਰੇਟ ਸੋਨੇ ਵਿੱਚ 75% ਸ਼ੁੱਧ ਸੋਨਾ ਅਤੇ 25% ਹੋਰ ਧਾਤਾਂ ਜਿਵੇਂ ਕਿ ਤਾਂਬਾ ਅਤੇ ਚਾਂਦੀ ਹੁੰਦੀ ਹੈ।
ਗਹਿਣੇ ਬਣਾਉਣ ਵਿੱਚ 45 ਸਾਲਾਂ ਦਾ ਤਜਰਬਾ ਰੱਖਣ ਵਾਲਾ ਸੁਨਿਆਰ ਸੁਬਰਾਮਨੀ ਕਹਿੰਦੇ ਹਨ, 24 ਕੈਰੇਟ ਸ਼ੁੱਧ ਸੋਨਾ ਹੈ ਜਿਸ ਵਿੱਚ ਕੋਈ ਹੋਰ ਧਾਤਾਂ ਨਹੀਂ ਮਿਲਾਈਆਂ ਜਾਂਦੀਆਂ। ਤਾਂਬਾ ਅਤੇ ਚਾਂਦੀ ਵਰਗੀਆਂ ਹੋਰ ਧਾਤਾਂ ਨਾਲ ਮਿਲਾਉਣ ਦੀ ਪ੍ਰਕਿਰਿਆ ਸੋਨੇ ਨੂੰ ਟਿਕਾਊ ਬਣਾਉਂਦੀ ਹੈ ਮਜ਼ਬੂਤੀ ਦਿੰਦੀ ਹੈ।
ਕੈਰੇਟ ਦੁਆਰਾ ਸੋਨੇ ਦੀ ਗੁਣਵੱਤਾ ਕਿਵੇਂ ਨਿਰਧਾਰਤ ਹੁੰਦੀ ਹੈ?
ਆਮ ਤੌਰ 'ਤੇ ਸੋਨੇ ਦੇ ਗਹਿਣੇ 22 ਕੈਰੇਟ, 18 ਕੈਰੇਟ, 14 ਕੈਰੇਟ, 10 ਕੈਰੇਟ ਅਤੇ 9 ਕੈਰੇਟ ਦੇ ਵੱਖ-ਵੱਖ ਗ੍ਰੇਡਾਂ ਵਿੱਚ ਬਣਦੇ ਹਨ।
ਕੋਇੰਬਟੂਰ ਗੋਲਡ ਪ੍ਰੋਡਿਊਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਮੁਥੂ ਵੈਂਕਟਰਮਨ ਕਹਿੰਦੇ ਹਨ, ਇਨ੍ਹਾਂ ਵਿੱਚੋਂ, "22 ਕੈਰੇਟ ਵਿੱਚ 91.6% ਸ਼ੁੱਧ ਸੋਨਾ ਹੁੰਦਾ ਹੈ।"
ਕੈਰੇਟ ਦੇ ਇਨ੍ਹਾਂ ਅੰਤਰਾਂ ਬਾਰੇ ਬੀਬੀਸੀ ਤਮਿਲ ਨੂੰ ਦੱਸਦੇ ਹੋਏ ਉਨ੍ਹਾਂ ਸਮਝਾਇਆ, "21 ਕੈਰੇਟ ਵਿੱਚ 88% ਸੋਨਾ ਹੁੰਦਾ ਹੈ। ਇਸਦਾ ਮਤਲਬ ਹੈ ਕਿ 100 ਗ੍ਰਾਮ ਵਿੱਚ 88 ਗ੍ਰਾਮ ਸ਼ੁੱਧ ਸੋਨਾ। ਇਸ ਤਰ੍ਹਾਂ, ਜੇਕਰ 100 ਗ੍ਰਾਮ ਵਿੱਚ 8.400 ਗ੍ਰਾਮ ਤਾਂਬਾ ਅਤੇ ਚਾਂਦੀ ਮਿਲਾਈ ਜਾਵੇ, ਅਤੇ 91.600 ਗ੍ਰਾਮ ਸ਼ੁੱਧ ਸੋਨਾ ਹੋਵੇ ਤਾਂ ਇਹ 22 ਕੈਰੇਟ ਸੋਨੇ ਦੇ ਗਹਿਣੇ ਹਨ।"
"ਇਸੇ ਤਰ੍ਹਾਂ, 14 ਕੈਰੇਟ ਵਿੱਚ 58.3% ਸ਼ੁੱਧ ਸੋਨਾ ਹੁੰਦਾ ਹੈ ਅਤੇ ਬਾਕੀ ਤਾਂਬੇ ਅਤੇ ਚਾਂਦੀ ਦੀ ਮਿਸ਼ਰਤ ਧਾਤ ਹੁੰਦੀ ਹੈ। 18 ਕੈਰੇਟ ਵਿੱਚ 75% ਸੋਨਾ ਹੁੰਦਾ ਹੈ ਅਤੇ 25% ਤਾਂਬੇ ਅਤੇ ਚਾਂਦੀ ਦੀ ਮਿਸ਼ਰਤ ਧਾਤ ਹੁੰਦੀ ਹੈ।"
ਮੁਥੂ ਵੈਂਕਟਰਮਨ ਸਮਝਾਉਂਦੇ ਹਨ ਕਿ ਇਨ੍ਹਾਂ ਦੇ ਉਲਟ, ਜੇਕਰ ਸ਼ੁੱਧ ਸੋਨੇ ਦੀ ਮਾਤਰਾ ਬਹੁਤ ਘੱਟ ਹੈ, ਭਾਵ 37.5 ਪ੍ਰਤੀਸ਼ਤ ਅਤੇ ਤਾਂਬਾ ਅਤੇ ਚਾਂਦੀ ਦੀ ਮਿਸ਼ਰਤ ਧਾਤ 62.5 ਪ੍ਰਤੀਸ਼ਤ ਹੈ, ਤਾਂ ਇਹ 9 ਕੈਰੇਟ ਸੋਨਾ ਹੈ।
ਉਨ੍ਹਾਂ ਅਨੁਸਾਰ, ਕੈਰੇਟ ਗ੍ਰੇਡ ਦੀ ਗਣਨਾ ਸੋਨੇ ਦੇ ਗਹਿਣਿਆਂ ਦੇ ਉਤਪਾਦਨ ਵਿੱਚ ਮਿਲਾਈਆਂ ਗਈਆਂ ਹੋਰ ਧਾਤਾਂ ਦੀ ਮਾਤਰਾ ਅਤੇ ਸ਼ੁੱਧ ਸੋਨੇ ਦੀ ਮਾਤਰਾ 'ਤੇ ਨਿਰਭਰ ਕਰਦੀ ਹੈ।
ਸੋਨੇ ਦੇ ਗਹਿਣਿਆਂ ਦੀ ਗੁਣਵੱਤਾ ਵਿੱਚ ਕੀ ਅੰਤਰ ਹੁੰਦਾ ਹੈ?
ਸੁਨਿਆਰ ਸੁਬਰਾਮਨੀ ਕਹਿੰਦੇ ਹਨ ਕਿ ਆਮ ਤੌਰ 'ਤੇ 18 ਕੈਰੇਟ ਤੋਂ ਘੱਟ ਸਟੈਂਡਰਡ ਵਿੱਚ ਬਣੇ ਸੋਨੇ ਦੇ ਗਹਿਣੇ 18 ਕੈਰੇਟ ਜਾਨ ਇਸ ਤੋਂ ਉੱਪਰ ਦੇ ਕੈਰੇਟ ਦੇ ਮੁਕਾਬਲੇ ਵਧੀਆ ਗੁਣਵੱਤਾ ਦੇ ਨਹੀਂ ਹੁੰਦੇ।
ਸੁਨਿਆਰ ਸੁਬਰਾਮਨੀ ਦੇ ਅਨੁਸਾਰ, "14 ਜਾਂ 9 ਕੈਰੇਟ ਆਦਿ ਵਿੱਚ ਗਹਿਣੇ ਬਣਾਉਂਦੇ ਸਮੇਂ ਸ਼ੁੱਧ ਸੋਨੇ ਦੀ ਇੱਕ ਵੱਡੀ ਮਾਤਰਾ ਮਿਸ਼ਰਤ ਧਾਤ ਨਾਲ ਜੁੜਨ ਦੀ ਬਜਾਏ ਭਾਫ਼ ਬਣ ਜਾਂਦੀ ਹੈ। ਇਹ ਗਹਿਣਿਆਂ 'ਤੇ ਇੱਕ ਪਰਤ ਵਾਂਗ ਹੈ, ਪਰ ਇਹ ਇੰਨੀ ਉੱਚ ਗੁਣਵੱਤਾ ਵਾਲੀ ਨਹੀਂ ਹੈ।
ਇਸ ਬਾਰੇ ਗੱਲ ਕਰਦਿਆਂ ਮੁਥੂ ਵੈਂਕਟਰਮਨ ਨੇ ਕਿਹਾ, "ਸ਼ੁਰੂ ਵਿੱਚ ਹੀਰੇ ਨਾਲ ਜੜੇ ਗਹਿਣੇ ਬਣਾਉਣ ਲਈ 18 ਕੈਰੇਟ ਦੀ ਵਰਤੋਂ ਕੀਤੀ ਜਾਂਦੀ ਸੀ। ਬਾਅਦ ਵਿੱਚ 14 ਕੈਰੇਟ ਦੀ ਵੀ ਆਮ ਤੌਰ 'ਤੇ ਵਰਤੋਂ ਸ਼ੁਰੂ ਹੋ ਗਈ। ਪਰ ਜੇ ਤੁਸੀਂ ਇਸ ਤੋਂ ਹੇਠਾਂ ਜਾਂਦੇ ਹੋ ਤਾਂ ਸੋਨੇ ਦੇ ਗਹਿਣਿਆਂ ਵਿੱਚ ਸ਼ੁੱਧ ਸੋਨੇ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ।"
ਸੁਬਰਾਮਨੀ ਨੇ ਅੱਗੇ ਦੱਸਿਆ, "ਜਦੋਂ ਸ਼ੁੱਧ ਸੋਨੇ ਨੂੰ ਕੁਝ ਧਾਤਾਂ ਨਾਲ ਮਿਲਾਏ ਗਏ ਲਾਖ ਦੀ ਥੋੜ੍ਹੀ ਜਿਹੀ ਮਾਤਰਾ ਵਿੱਚ ਡੁਬੋਇਆ ਜਾਂਦਾ ਹੈ, ਤਾਂ ਸੋਨੇ ਦੇ ਗਹਿਣੇ ਪੀਲੇ ਰੰਗ ਵਿੱਚ ਚਮਕਦੇ ਹਨ। ਇਹ ਪ੍ਰਕਿਰਿਆ ਨਾ ਸਿਰਫ਼ 22-ਕੈਰੇਟ ਸੋਨੇ ਦੇ ਗਹਿਣਿਆਂ ਨੂੰ ਸਗੋਂ 14 ਕੈਰੇਟ ਜਾਂ 9 ਕੈਰੇਟ ਸੋਨੇ ਦੇ ਗਹਿਣਿਆਂ ਨੂੰ ਵੀ ਚਮਕਾਉਂਦੀ ਹੈ।"
"ਪਰ, ਜਿਵੇਂ-ਜਿਵੇਂ ਤੁਸੀਂ ਉਨ੍ਹਾਂ ਨੂੰ ਪਹਿਨਦੇ ਹੋ, ਪਸੀਨਾ ਉਨ੍ਹਾਂ ਦੇ ਨਾਲ ਲੱਗਦਾ ਹੈ ਤਾਂ 14 ਕੈਰੇਟ ਸੋਨੇ ਦਾ ਅਸਲੀ ਰੰਗ ਨਜ਼ਰ ਆਉਣ ਲੱਗਦਾ ਹੈ। ਉਨ੍ਹਾਂ ਨੂੰ ਸੋਨੇ ਦੇ ਪਾਣੀ ਵਿੱਚ ਡੁਬੋਣ ਨਾਲ ਆਈ ਫਿਨਿਸ਼ ਇਨ੍ਹਾਂ ਗਹਿਣਿਆਂ 'ਤੇ ਓਨੀ ਦੇਰ ਨਹੀਂ ਰਹਿੰਦੀ ਜਿੰਨੀ 22 ਕੈਰੇਟ ਅਤੇ 18 ਕੈਰੇਟ ਸੋਨੇ ਦੇ ਗਹਿਣਿਆਂ 'ਤੇ ਹੁੰਦੀ ਹੈ।"
ਪੀਲੇ, ਰੋਜ਼ ਅਤੇ ਵ੍ਹਾਈਟ ਗੋਲਡ ਵਿੱਚ ਕੀ ਫਰਕ ਹੈ?
ਸਾਡੇ ਵਿੱਚੋਂ ਬਹੁਤ ਸਾਰੇ ਇਹ ਸੋਚਦੇ ਹਨ ਜਦੋਂ ਸੋਨੇ ਦੇ ਗਿਹਣੇ ਸਿਰਫ਼ ਪੀਲੇ ਹੀ ਚਮਕਦੇ ਹਨ। ਹਾਲਾਂਕਿ, ਹਾਲ ਹੀ ਵਿੱਚ ਸੋਨੇ ਦੇ ਗਹਿਣੇ ਬਾਜ਼ਾਰ ਵਿੱਚ ਪੀਲੇ, ਰੋਜ਼ ਅਤੇ ਵ੍ਹਾਈਟ ਸਮੇਤ ਕਈ ਰੰਗਾਂ ਵਿੱਚ ਆਉਣ ਲੱਗ ਪਏ ਹਨ।
ਵ੍ਹਾਈਟ ਸੋਨਾ, ਸ਼ੁੱਧ ਸੋਨੇ ਨੂੰ ਚਿੱਟੀਆਂ ਧਾਤਾਂ ਜਿਵੇਂ ਕਿ ਪੈਲੇਡੀਅਮ ਜਾਂ ਚਾਂਦੀ ਨਾਲ ਮਿਲਾ ਕੇ ਬਣਾਇਆ ਜਾਂਦਾ ਹੈ।
ਇਸ ਤੋਂ ਇਲਾਵਾ, ਸਖ਼ਤ ਸਤ੍ਹਾ ਬਣਾਉਣ ਲਈ ਰੋਡੀਅਮ ਦੀ ਪਲੇਟਿੰਗ ਕੀਤੀ ਜਾਂਦੀ ਹੈ। ਇਹ 22 ਕੈਰੇਟ ਸੋਨੇ ਤੋਂ ਨਹੀਂ ਬਣਾਇਆ ਜਾਂਦਾ। 18 ਕੈਰੇਟ ਵ੍ਹਾਈਟ ਗੋਲਡ 75% ਸ਼ੁੱਧ ਸੋਨੇ ਅਤੇ 25% ਪੈਲੇਡੀਅਮ ਧਾਤ ਤੋਂ ਬਣਾਇਆ ਜਾਂਦਾ ਹੈ।
ਇਹ ਮੁੱਖ ਤੌਰ 'ਤੇ 14, 10 ਅਤੇ 9 ਕੈਰੇਟ ਵਿੱਚ ਤਿਆਰ ਕੀਤਾ ਜਾਂਦਾ ਹੈ। 14 ਕੈਰੇਟ ਵ੍ਹਾਈਟ ਗੋਲਡ ਵਿੱਚ 58.3% ਸ਼ੁੱਧ ਸੋਨਾ, 32.2% ਚਾਂਦੀ ਅਤੇ 9.5% ਪੈਲੇਡੀਅਮ ਹੁੰਦਾ ਹੈ। ਇਸੇ ਤਰ੍ਹਾਂ 10 ਅਤੇ 9 ਕੈਰੇਟ ਵਿੱਚ ਕ੍ਰਮਵਾਰ 41.7% ਅਤੇ 37.5% ਸ਼ੁੱਧ ਸੋਨਾ ਹੁੰਦਾ ਹੈ।
ਇੰਟਰਨੈਸ਼ਨਲ ਗੋਲਡ ਕੌਂਸਲ ਦਾ ਕਹਿਣਾ ਹੈ ਕਿ ਰੋਜ਼ ਗੋਲਡ ਦੇ ਗਹਿਣੇ ਜ਼ਿਆਦਾ ਤਾਂਬਾ ਪਾ ਕੇ ਬਣਾਏ ਜਾਂਦੇ ਹਨ। ਕੌਂਸਲ ਇਹ ਵੀ ਕਹਿੰਦੀ ਹੈ ਕਿ ਤਾਂਬਾ ਪਾਉਣ ਨਾਲ ਰੋਜ਼ ਗੋਲਡ ਨੂੰ ਇਸਦਾ ਹਲਕਾ ਗੁਲਾਬੀ ਰੰਗ ਮਿਲਦਾ ਹੈ।
ਇਨ੍ਹਾਂ ਵਿੱਚੋਂ 22 ਕੈਰੇਟ ਰੋਜ਼ ਗੋਲਡ ਵਿੱਚ 91.6% ਸ਼ੁੱਧ ਸੋਨਾ ਅਤੇ 8.4% ਤਾਂਬਾ ਹੁੰਦਾ ਹੈ। 18 ਕੈਰੇਟ ਰੋਜ਼ ਗੋਲਡ ਵਿੱਚ 75% ਸ਼ੁੱਧ ਸੋਨਾ, 22.2% ਤਾਂਬਾ ਅਤੇ 9.2% ਚਾਂਦੀ ਹੁੰਦੀ ਹੈ।
ਰੋਜ਼ ਗੋਲਡ ਦੇ ਨਿਚਲੇ ਗ੍ਰੇਡ, ਜਿਵੇਂ 14, 10, ਅਤੇ 9 ਕੈਰੇਟ ਵਿੱਚ ਜ਼ਿਆਦਾ ਤਾਂਬਾ ਪਾਇਆ ਜਾਂਦਾ ਹੈ। 14 ਕੈਰੇਟ ਰੋਜ਼ ਗੋਲਡ ਵਿੱਚ 32.5% ਤਾਂਬਾ ਹੁੰਦਾ ਹੈ, ਜਦੋਂ ਕਿ 10 ਅਤੇ 9 ਕੈਰੇਟ ਵਿੱਚ ਕ੍ਰਮਵਾਰ 38.3% ਅਤੇ 42.5% ਤਾਂਬਾ ਹੁੰਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ