ਅਰਿਜੀਤ ਸਿੰਘ ਨੇ ਫ਼ਿਲਮਾਂ ਵਿੱਚ ਗਾਉਣਾ ਕਿਉਂ ਛੱਡਿਆ, ਕਰੀਬੀਆਂ ਨੇ ਦੱਸੀ ਇਹ ਵਜ੍ਹਾ

    • ਲੇਖਕ, ਰਵੀ ਜੈਨ
    • ਰੋਲ, ਬੀਬੀਸੀ ਸਹਿਯੋਗੀ

ਦੇਸ਼ ਦੇ ਮਸ਼ਹੂਰ ਗਾਇਕਾਂ ਵਿੱਚੋਂ ਇੱਕ ਪਲੇਬੈਕ ਸਿੰਗਿੰਗ ਦੀ ਦੁਨੀਆ ਵਿੱਚ ਜਾਣਿਆ-ਪਛਾਣਿਆ ਨਾਮ ਅਰਿਜੀਤ ਸਿੰਘ ਨੇ ਕਈ ਸੁਪਰਹਿੱਟ ਗਾਣਿਆਂ ਨੂੰ ਆਪਣੀ ਆਵਾਜ਼ ਦਿੱਤੀ ਹੈ।

ਉਹਨਾਂ ਨੇ ਮੰਗਲਵਾਰ ਸ਼ਾਮ ਨੂੰ ਅਚਾਨਕ ਸੋਸ਼ਲ ਮੀਡੀਆ ਪੋਸਟ ਰਾਹੀਂ ਐਲਾਨ ਕੀਤਾ ਕਿ ਉਹ ਪਲੇਬੈਕ ਸਿੰਗਿੰਗ ਨੂੰ ਅਲਵਿਦਾ ਕਹਿ ਰਹੇ ਹਨI ਇਹ ਦੇਖ ਉਹਨਾਂ ਦੇ ਕਈ ਪ੍ਰਸ਼ੰਸਕ ਹੈਰਾਨ ਰਹਿ ਗਏ ਅਤੇ ਸੋਸ਼ਲ ਮੀਡੀਆ 'ਤੇ ਇਸਦੀ ਚਰਚਾ ਹੋਣ ਲੱਗੀI

ਹਾਲਾਂਕਿ ਅਰਿਜੀਤ ਸਿੰਘ ਨੇ ਇਹ ਵੀ ਲਿਖਿਆ ਕਿ ਸੰਗੀਤ ਨਾਲ ਉਨ੍ਹਾਂ ਦਾ ਸਬੰਧ ਜਾਰੀ ਰਹੇਗਾ ਅਤੇ ਉਹ ਸੰਗੀਤ ਤਿਆਰ ਕਰਦੇ ਰਹਿਣਗੇI

ਪਰ ਜਿਸ ਪਲੇਬੈਕ ਸਿੰਗਿੰਗ ਕਾਰਨ ਅਰਿਜੀਤ ਸਿੰਘ ਨੂੰ ਨਾ ਕੇਵਲ ਦੇਸ਼ ਸਗੋਂ ਪੂਰੀ ਦੁਨੀਆ ਵਿਚ ਪਛਾਣ ਮਿਲੀ, ਉਸਨੂੰ ਉਨ੍ਹਾਂ ਨੇ ਸਿਰਫ 40 ਸਾਲ ਦੀ ਉਮਰ ਵਿਚ ਹੀ ਛੱਡਣ ਦਾ ਐਲਾਨ ਕਿਉਂ ਕੀਤਾ?

ਬੀਬੀਸੀ ਨੇ ਅਰਿਜੀਤ ਸਿੰਘ ਦੇ ਕਰੀਬੀਆਂ ਨਾਲ ਗੱਲ ਕਰਕੇ ਉਹਨਾਂ ਦੇ ਇਸ ਫ਼ੈਸਲੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀI

ਅਰਿਜੀਤ ਨੇ ਅਨੁਰਾਗ ਬਸੁ ਦੀਆਂ ਕਈ ਫ਼ਿਲਮਾਂ ਜਿਵੇਂ 'ਬਰਫ਼ੀ', 'ਜੱਗਾ ਜਾਸੂਸ', 'ਲੁਡੋ', 'ਮੈਟਰੋ ਇਨ ਦਿਨੋਂ' ਦੇ ਗੀਤ ਗਾਏ ਅਤੇ ਇਨ੍ਹਾਂ ਫ਼ਿਲਮਾਂ ਦੇ ਕੁਝ ਗੀਤ ਬਹੁਤ ਹਿੱਟ ਸਾਬਤ ਹੋਏI

ਅਨੁਰਾਗ ਨੇ ਬੀਬੀਸੀ ਨੂੰ ਕਿਹਾ, "ਦੁਨੀਆ ਭਰ ਦੇ ਲੋਕ ਭਾਵੇਂ ਇਸ ਗੱਲ ਨਾਲ ਹੈਰਾਨ ਹੋਏ ਹੋਣ ਪਰ ਮੈਨੂੰ ਇਸ ਫ਼ੈਸਲੇ ਨਾਲ ਬਿਲਕੁਲ ਵੀ ਹੈਰਾਨੀ ਨਹੀਂ ਹੋਈI ਮੈਂ ਬਹੁਤ ਸਮੇਂ ਤੋਂ ਜਾਣਦਾ ਹਾਂ ਕਿ ਅਰਿਜੀਤ ਕਿੰਨਾ ਪ੍ਰਤਿਭਾਸ਼ਾਲੀ ਹੈ ਅਤੇ ਉਹ ਗਾਉਣ ਤੋਂ ਇਲਾਵਾ ਜ਼ਿੰਦਗੀ ਵਿੱਚ ਬਹੁਤ ਕੁਝ ਕਰਨਾ ਚਾਹੁੰਦਾ ਹੈ।"

ਉਹਨਾਂ ਨੇ ਕਿਹਾ, "ਮੈਨੂੰ ਪਤਾ ਹੈ ਕਿ ਅਰਿਜੀਤ ਸਿੰਘ ਵਿਚ ਫ਼ਿਲਮ ਨਿਰਮਾਣ ਪ੍ਰਤੀ ਬਹੁਤ ਜਨੂੰਨ ਰਿਹਾ ਹੈI ਮੈਂ ਜਦੋਂ ਬਰਫ਼ੀ ਫ਼ਿਲਮ ਬਣਾ ਰਿਹਾ ਸੀ, ਉਦੋਂ ਅਰਿਜੀਤ ਨੇ ਮੈਨੂੰ ਆਪਣੇ ਸਹਾਇਕ ਵਜੋਂ ਕੰਮ ਕਰਨ ਲਈ ਕਿਹਾ ਸੀ। ਉਹ ਇੱਕ ਸਕੂਲ ਵੀ ਖੋਲ੍ਹਣਾ ਚਾਹੁੰਦੇ ਹਨ ਅਤੇ ਬੱਚਿਆਂ ਨਾਲ ਬਹੁਤ ਸਾਰਾ ਸਮਾਂ ਬਿਤਾਉਣਾ ਚਾਹੁੰਦੇ ਹਨ। ਉਨ੍ਹਾਂ ਦੇ ਹੋਰ ਵੀ ਬਹੁਤ ਸਾਰੇ ਪਲਾਨ ਹਨ, ਜਿਸ ਨਾਲ ਉਹਨਾਂ ਦਾ ਵੱਖਰਾ ਰੂਪ ਦੇਖਣ ਨੂੰ ਮਿਲੇਗਾI”

'ਫ਼ਿਲਮ ਨਿਰਮਾਤਾ ਬਣਨਾ ਚਾਹੁੰਦੇ ਹਨ ਅਰਿਜੀਤ'

ਬੀਬੀਸੀ ਨਿਊਜ਼ ਨੂੰ ਇੱਕ ਭਰੋਸੇਯੋਗ ਸੂਤਰ ਤੋਂ ਪਤਾ ਲੱਗਾ ਕਿ ਅਰਿਜੀਤ ਸਿੰਘ ਇੱਕ ਨਿਰਦੇਸ਼ਕ ਵਜੋਂ ਆਪਣੀ ਪਹਿਲੀ ਹਿੰਦੀ ਫ਼ਿਲਮ 'ਤੇ ਕੰਮ ਸ਼ੁਰੂ ਕਰ ਚੁੱਕੇ ਹਨI

ਇਹ ਇੱਕ ਜੰਗਲ ਐਡਵੈਂਚਰ ਫ਼ਿਲਮ ਹੋਵੇਗੀ ਅਤੇ ਨਵਾਜ਼ੂਦੀਨ ਸਿੱਦੀਕੀ ਇਸ ਦੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇI ਫਿਲਹਾਲ ਇਸ ਫ਼ਿਲਮ ਦੀ ਸ਼ੂਟਿੰਗ ਸ਼ਾਂਤੀ ਨਿਕੇਤਨ ਵਿੱਚ ਚੱਲ ਰਹੀ ਹੈI

ਇਹ ਫ਼ਿਲਮ ਅਰਿਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਕੋਇਲ ਸਿੰਘ ਨੇ ਸਾਂਝੇ ਤੌਰ 'ਤੇ ਲਿਖੀ ਹੈI

ਅਨੁਰਾਗ ਬਸੁ ਕਹਿੰਦੇ ਹਨ, "ਅਰਿਜੀਤ ਨੂੰ ਫ਼ਿਲਮ ਨਿਰਮਾਣ ਦੀ ਡੂੰਘੀ ਸਮਝ ਹੈI"

ਆਪਣੇ ਸ਼ੁਰੂਆਤੀ ਕਰੀਅਰ 'ਚ ਅਰਿਜੀਤ ਸਿੰਘ ਨੇ ਕੁਝ ਸਮਾਂ ਪ੍ਰਸਿੱਧ ਸੰਗੀਤਕਾਰ ਪ੍ਰੀਤਮ ਦੀ ਮਦਦ ਲੈ ਕੇ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂI

ਪ੍ਰੀਤਮ ਦੇ ਸੰਗੀਤ ਨਿਰਦੇਸ਼ਨ ਹੇਠ ਉਹਨਾਂ ਨੇ ਫ਼ਿਲਮ ਬਰਫ਼ੀ, ਯੇ ਜਵਾਨੀ ਹੈ ਦੀਵਾਨੀ, ਜੱਗਾ ਜਾਸੂਸ, ਤਮਾਸ਼ਾ, ਐ ਦਿਲ ਹੈ ਮੁਸ਼ਕਿਲ ਅਤੇ ਬ੍ਰਹਮਾਸਤਰ ਦੇ ਗੀਤ ਗਾਏ, ਜੋ ਬਹੁਤ ਹਿੱਟ ਸਾਬਤ ਹੋਏI

ਦੋਵਾਂ ਦੀ ਜੋੜੀ ਨੂੰ ਬਹੁਤ ਸਫ਼ਲ ਮੰਨਿਆ ਜਾਂਦਾ ਹੈI

ਪ੍ਰੀਤਮ ਤੋਂ ਇਲਾਵਾ, ਅਰਿਜੀਤ ਸਿੰਘ ਨੇ ਬਤੌਰ ਨਿਰਦੇਸ਼ਕ ਸ਼ੰਕਰ-ਅਹਿਸਾਨ-ਲੋਏ, ਵਿਸ਼ਾਲ-ਸ਼ੇਖਰ, ਮਿਥੁਨ, ਮੋਂਟੀ ਸ਼ਰਮਾ ਵਰਗੇ ਸੰਗੀਤਕਾਰਾਂ ਨਾਲ ਵੀ ਕੰਮ ਕੀਤਾI

ਮੁੰਬਈ ਵਿਚ ਨਹੀਂ ਰਹਿੰਦੇ ਅਰਿਜੀਤ

ਬਾਲੀਵੁੱਡ ਵਿੱਚ ਆਪਣੇ ਗੀਤਾਂ ਨਾਲ ਪਛਾਣ ਬਣਾਉਣ ਵਾਲੇ ਅਰਿਜੀਤ ਸਿੰਘ ਆਪਣਾ ਜ਼ਿਆਦਾਤਰ ਸਮਾਂ ਮੁੰਬਈ ਨਹੀਂ ਸਗੋਂ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਵਿੱਚ ਬਿਤਾਉਂਦੇ ਹਨI

ਉਥੇ ਉਹ ਆਪਣੀ ਪਤਨੀ, ਕੋਇਲ ਅਤੇ ਦੋ ਪੁੱਤਰਾਂ ਨਾਲ ਰਹਿੰਦੇ ਹਨI ਉਥੋਂ ਹੀ ਉਹ ਆਪਣਾ ਗਾਇਕੀ ਕਰੀਅਰ, ਕੁਝ ਸਾਲ ਪਹਿਲਾਂ ਖੋਲ੍ਹੀ ਮਿਊਜ਼ਿਕ ਕੰਪਨੀ ਅਤੇ ਫ਼ਿਲਮ ਪ੍ਰੋਡਕਸ਼ਨ ਹਾਊਸ ਦੀ ਜ਼ਿੰਮੇਵਾਰੀ ਸਾਂਭਦੇ ਹਨI

ਉਹਨਾਂ ਨੇ ਆਪਣੇ ਜੱਦੀ ਸ਼ਹਿਰ ਮੁਰਸ਼ਿਦਾਬਾਦ ਦੇ ਆਪਣੇ ਘਰ ਵਿੱਚ ਰਿਕਾਰਡਿੰਗ ਸਟੂਡੀਓ ਸਥਾਪਤ ਕੀਤਾ ਹੈI ਪਿਛਲੇ ਕੁਝ ਸਮੇਂ ਤੋਂ ਉਹ ਉਥੋਂ ਹੀ ਆਪਣੇ ਗੀਤ ਰਿਕਾਰਡ ਅਤੇ ਕੰਪੋਜ਼ ਕਰਦੇ ਹਨI

ਹਾਲ ਹੀ ਵਿਚ ਸੰਗੀਤਕਾਰ ਜੋੜੀ ਸਲੀਮ-ਸੁਲੇਮਾਨ ਦੇ ਸਲੀਮ ਮਰਚੈਂਟ ਨੇ ਉਸੇ ਸਟੂਡੀਓ ਵਿੱਚ ਜਾ ਕੇ ਅਰਿਜੀਤ ਸਿੰਘ ਦੀ ਆਵਾਜ਼ ਵਿੱਚ ਇੱਕ ਗੀਤ ਰਿਕਾਰਡ ਕਰਵਾਇਆ ਸੀI

ਇਸੇ ਜੋੜੀ ਦੇ ਸੁਲੇਮਾਨ ਕਹਿੰਦੇ ਹਨ, "ਫ਼ਿਲਮ ਨਿਰਮਾਣ ਅਰਿਜੀਤ ਦਾ ਇੱਕ ਪੁਰਾਣਾ ਸੁਪਨਾ ਹੈ ਜਿਸ 'ਤੇ ਹੁਣ ਉਹ ਪੂਰਾ ਧਿਆਨ ਲਗਾਉਣਾ ਚਾਹੁੰਦੇ ਹਨI ਉਹ ਬਹੁਤ ਹੀ ਵੱਡੇ ਸੁਪਨੇ ਦੇਖਣ ਵਾਲੇ ਵਿਅਕਤੀ ਹਨ ਅਤੇ ਮੈਂ ਉਹਨਾਂ ਦੇ ਫ਼ੈਸਲੇ ਦੀ ਬਹੁਤ ਇੱਜ਼ਤ ਕਰਦਾ ਹਾਂI"

ਅਰਿਜੀਤ ਸਿੰਘ, ਸੱਤਿਆਜੀਤ ਰੇਅ ਦੇ ਸਿਨੇਮਾ ਤੋਂ ਬਹੁਤ ਪ੍ਰਭਾਵਿਤ ਰਹੇ ਹਨ ਅਤੇ ਕੁਝ ਸਾਲ ਪਹਿਲਾਂ ਉਨ੍ਹਾਂ ਨੇ ਆਪਣੇ ਸੰਗੀਤ ਗੁਰੂ ਰਾਜੇਂਦਰ ਪ੍ਰਸਾਦ ਹਜ਼ਾਰੀ ਦੇ ਜੀਵਨ 'ਤੇ ਇੱਕ ਬੰਗਾਲੀ ਫਿਲਮ ਦਾ ਨਿਰਮਾਣ ਅਤੇ ਨਿਰਦੇਸ਼ਨ ਕੀਤਾ ਸੀ।

ਅਰਿਜੀਤ ਸਿੰਘ ਦੇ ਪਰਿਵਾਰਕ ਦੋਸਤ ਅਤੇ ਮੁਰਸ਼ਿਦਾਬਾਦ ਦੇ ਰਹਿਣ ਵਾਲੇ ਅਨਿਲਵਾ ਚੈਟਰਜੀ ਦੱਸਦੇ ਹਨ, "ਇਸ ਸਮੇਂ ਅਰਿਜੀਤ ਇੱਕ ਹਿੰਦੀ ਅਤੇ ਇੱਕ ਬੰਗਾਲੀ ਫਿਲਮ ਬਣਾਉਣ ਵਿੱਚ ਰੁੱਝੇ ਹੋਏ ਹਨ ਅਤੇ ਦੋਵੇਂ ਫਿਲਮਾਂ ਦੀ ਸ਼ੂਟਿੰਗ ਪੱਛਮੀ ਬੰਗਾਲ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋ ਰਹੀ ਹੈ।"

ਅਨਿਲਵਾ ਚੈਟਰਜੀ ਦਾ ਕਹਿਣਾ ਹੈ ਕਿ ਅਰਿਜੀਤ ਜਿੰਨੇ ਜਨੂੰਨੀ ਗਾਇਕ ਅਤੇ ਸੰਗੀਤਕਾਰ ਹਨ, ਓਨੇ ਹੀ ਦਿਲਦਾਰ ਵੀ ਹਨ ਅਤੇ ਸਥਾਨਕ ਪੱਧਰ 'ਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਵਿੱਚ ਉਹ ਹਮੇਸ਼ਾ ਸਭ ਤੋਂ ਅੱਗੇ ਰਹਿੰਦੇ ਹਨ।

ਰਿਐਲਿਟੀ ਸ਼ੋਅ 'ਫੇਮ ਗੁਰੂਕੁਲ' ਨਾਲ ਸ਼ੁਰੂ ਹੋਇਆ ਸਫ਼ਰ

ਅਰਿਜੀਤ ਸਿੰਘ ਨੇ 2005 ਵਿੱਚ 18 ਸਾਲ ਦੀ ਉਮਰ 'ਚ ਸਿੰਗਿੰਗ ਰਿਐਲਿਟੀ ਸ਼ੋਅ 'ਫੇਮ ਗੁਰੂਕੁਲ' ਵਿੱਚ ਹਿੱਸਾ ਲਿਆ ਸੀ।

ਸ਼ਾਇਰ ਅਤੇ ਗੀਤਕਾਰ ਜਾਵੇਦ ਅਖ਼ਤਰ, ਸੰਗੀਤਕਾਰ ਸ਼ੰਕਰ ਮਹਾਦੇਵਨ ਅਤੇ ਗਾਇਕ ਕੇ.ਕੇ., ਇਸ ਸ਼ੋਅ ਦੇ ਜੱਜ ਸਨ।

ਅਰਿਜੀਤ ਦੇ ਸ਼ੋਅ ਤੋਂ ਬਾਹਰ ਹੋਣ 'ਤੇ, ਜੱਜ ਜਾਵੇਦ ਅਖ਼ਤਰ ਨੇ ਉਹਨਾਂ ਨੂੰ ਇਹ ਕਹਿ ਕੇ ਉਤਸ਼ਾਹਿਤ ਕੀਤਾ ਕਿ, "ਇਹ ਤੁਹਾਡੇ ਲਈ ਘੱਟ ਅਤੇ ਸ਼ੋਅ ਲਈ ਜ਼ਿਆਦਾ ਨੁਕਸਾਨ ਹੈ।"

ਉਹਨਾਂ ਨੂੰ ਬਾਲੀਵੁੱਡ ਵਿੱਚ ਪਹਿਲਾ ਬ੍ਰੇਕ ਸਾਲ 2011 ਵਿੱਚ ਰਿਲੀਜ਼ ਹੋਈ ਫਿਲਮ ਮਰਡਰ 2 ਵਿੱਚ ਮਿਲਿਆ, ਜਿਸ ਦਾ ਗੀਤ 'ਫਿਰ ਮੁਹੱਬਤ' ਬਹੁਤ ਹਿੱਟ ਸਾਬਤ ਹੋਇਆI ਇਸ ਗੀਤ ਵਿੱਚ ਇਮਰਾਨ ਹਾਸ਼ਮੀ ਮੁੱਖ ਭੂਮਿਕਾ ਵਿੱਚ ਸਨ ਅਤੇ ਮੋਹਿਤ ਸੂਰੀ ਇਸ ਫਿਲਮ ਦੇ ਨਿਰਦੇਸ਼ਕ ਸਨ।

ਇਸ ਗੀਤ ਦੀ ਸਫਲਤਾ ਤੋਂ ਬਾਅਦ, ਅਰਿਜੀਤ ਸਿੰਘ ਨੂੰ ਕਈ ਪੇਸ਼ਕਸ਼ਾਂ ਮਿਲਣ ਲੱਗੀਆਂ।

ਸਾਲ 2013 ਵਿਚ ਆਈ ਫਿਲਮ 'ਆਸ਼ਿਕੀ 2' ਦੇ ਗੀਤ 'ਤੁਮ ਹੀ ਹੋ' ਨੇ ਅਰਿਜੀਤ ਨੂੰ ਇੰਡਸਟਰੀ ਦੇ ਚੋਟੀ ਦੇ ਗਾਇਕਾਂ ਦੀ ਸੂਚੀ ਵਿੱਚ ਸ਼ਾਮਲ ਕਰ ਦਿੱਤਾ।

ਸੁਪਰਹਿੱਟ ਗੀਤਾਂ ਦਾ ਸਿਲਸਿਲਾ

'ਫਿਰ ਮੁਹੱਬਤ', 'ਤੁਮ ਹੀ ਹੋ' ਅਤੇ 'ਬਿਨਤੇ ਦਿਲ' ਵਰਗੇ ਸੁਪਰਹਿੱਟ ਗੀਤਾਂ ਤੋਂ ਇਲਾਵਾ 'ਫਿਰ ਲੇ ਆਇਆ ਦਿਲ', 'ਬਦਤਮੀਜ਼ ਦਿਲ', 'ਕਬੀਰਾ', 'ਇਲਾਹੀ', 'ਐ ਦਿਲ ਹੈ ਮੁਸ਼ਕਿਲ', 'ਚੰਨਾ ਮੇਰਿਆ', 'ਕਲੰਕ', 'ਕੇਸਰੀਆ', 'ਕਭੀ ਜੋ ਬਾਦਲ ਬਰਸੇ' ਵਰਗੇ ਗੀਤਾਂ ਨੂੰ ਆਪਣੀ ਆਵਾਜ਼ ਦੇ ਕੇ ਅਰਿਜੀਤ ਸਿੰਘ ਨੇ ਸਫਲਤਾ ਦੀ ਨਵੀਂ ਕਹਾਣੀ ਲਿਖੀ।

ਉਹ ਨੌਜਵਾਨਾਂ ਵਿੱਚ ਬਹੁਤ ਮਸ਼ਹੂਰ ਸਾਬਤ ਹੋਏ ਅਤੇ ਭਾਵੇਂ ਇੰਸਟਾਗ੍ਰਾਮ ਰੀਲਜ਼ ਹੋਣ, ਯੂਟਿਊਬ ਹੋਵੇ ਜਾਂ ਸਪੌਟੀਫਾਈ, ਅਰਿਜੀਤ ਸਿੰਘ ਪਿਛਲੇ ਕੁਝ ਸਾਲਾਂ ਵਿੱਚ ਸਭ ਤੋਂ ਵੱਧ ਸਟ੍ਰੀਮ ਕੀਤੇ ਜਾਣ ਵਾਲੇ ਗਾਇਕਾਂ ਵਿੱਚੋਂ ਇੱਕ ਬਣ ਗਏ ਹਨ।

ਕੌਮੀ ਪੁਰਸਕਾਰ ਅਤੇ ਪਦਮਸ਼੍ਰੀ ਵੀ ਮਿਲਿਆ

ਅਰਿਜੀਤ ਸਿੰਘ ਨੂੰ ਦੋ ਵਾਰ ਕੌਮੀ ਪੁਰਸਕਾਰ ਅਤੇ ਅੱਠ ਵਾਰ ਫਿਲਮਫੇਅਰ ਪੁਰਸਕਾਰ ਮਿਲ ਚੁੱਕਾ ਹੈI

ਸਾਲ 2025 ਵਿੱਚ ਭਾਰਤ ਸਰਕਾਰ ਨੂੰ ਉਹਨਾਂ ਨੂੰ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾI

ਅਰਿਜੀਤ ਨੇ ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ ਪਦਮਾਵਤ (2018) ਦੇ ਵਿਲੱਖਣ ਗੀਤ 'ਬਿਨਤੇ ਦਿਲ' ਲਈ ਪਹਿਲਾ ਰਾਸ਼ਟਰੀ ਪੁਰਸਕਾਰ ਜਿੱਤਿਆI ਇਸ ਗੀਤ ਦੀ ਰਚਨਾ, ਸੰਜੇ ਲੀਲਾ ਭੰਸਾਲੀ ਨੇ ਆਪ ਕੀਤੀ ਸੀI

ਦਿਲਚਸਪ ਗੱਲ ਇਹ ਹੈ ਕਿ 2007 ਵਿੱਚ ਰਿਲੀਜ਼ ਹੋਈ ਫਿਲਮ 'ਸਾਂਵਰੀਆ' ਲਈ ਭੰਸਾਲੀ ਨੇ ਅਰਿਜੀਤ ਨੂੰ ਇੱਕ ਗੀਤ ਗਾਉਣ ਲਈ ਕਿਹਾ ਸੀ, ਪਰ ਬਾਅਦ ਵਿੱਚ ਨਿਰਦੇਸ਼ਕ ਨੇ ਉਹਨਾਂ ਨੂੰ ਹਟਾ ਦਿੱਤਾ ਅਤੇ ਉਹੀ ਗੀਤ ਕਿਸੇ ਹੋਰ ਤੋਂ ਗਵਾ ਲਿਆ।

ਦੂਜੀ ਵਾਰ ਅਰਿਜੀਤ ਨੂੰ ਫ਼ਿਲਮ ਬ੍ਰਹਮਾਸਤਰ (2022) ਦੇ ਗੀਤ 'ਕੇਸਰੀਆ' ਲਈ ਰਾਸ਼ਟਰੀ ਪੁਰਸਕਾਰ ਮਿਲਿਆI ਇਹ ਗੀਤ ਰਣਬੀਰ ਕਪੂਰ ਅਤੇ ਆਲੀਆ ਭੱਟ 'ਤੇ ਫਿਲਮਾਇਆ ਗਿਆ ਸੀI

ਸਲਮਾਨ ਖਾਨ ਨਾਲ ਵਿਵਾਦ ਅਤੇ ਫਿਰ ਪੈਚ-ਅੱਪ

ਅਰਿਜੀਤ ਸਿੰਘ ਦੀ ਗਿਣਤੀ ਲਾਇਮਲਾਇਟ ਤੋਂ ਬਹੁਤ ਦੂਰ ਰਹਿਣ ਵਾਲੇ, ਘੱਟ ਬੋਲਣ ਵਾਲੇ, ਆਪਣੇ ਕੰਮ 'ਤੇ ਧਿਆਨ ਕੇਂਦਰਿਤ ਕਰਨ ਵਾਲੇ ਲੋਕਾਂ ਵਿੱਚ ਹੁੰਦੀ ਹੈI ਉਹ ਇੰਟਰਵਿਊ ਦੇਣ ਅਤੇ ਪੱਤਰਕਾਰਾਂ ਨਾਲ ਜ਼ਿਆਦਾ ਗੱਲਬਾਤ ਨਾ ਕਰਨ ਲਈ ਜਾਣੇ ਜਾਂਦੇ ਹਨ।

ਅਰਿਜੀਤ ਸਿੰਘ ਦੇ ਕਰੀਅਰ ਦਾ ਸਭ ਤੋਂ ਵੱਡਾ ਵਿਵਾਦ ਸਲਮਾਨ ਖਾਨ ਨਾਲ ਹੋਇਆ ਸੀI

ਸਾਲ 2014 ਵਿੱਚ ਇੱਕ ਪੁਰਸਕਾਰ ਸਮਾਰੋਹ ਦੌਰਾਨ ਸਲਮਾਨ ਨੇ ਅਰਿਜੀਤ ਸਿੰਘ ਨੂੰ ਸਨਮਾਨਿਤ ਕਰਨ ਲਈ ਸਟੇਜ 'ਤੇ ਬੁਲਾਇਆI ਜਦੋਂ ਅਰਿਜੀਤ ਪਹੁੰਚੇ ਤਾਂ ਸਲਮਾਨ ਨੇ ਮਜ਼ਾਕ ਵਿਚ ਕਿਹਾ, "ਸੋ ਗਏ ਸੀ?" ਇਹ ਸੁਣ ਕੇ ਅਰਿਜੀਤ ਨੇ ਐਂਕਰਿੰਗ ਕਰ ਰਹੇ ਸਲਮਾਨ ਨੂੰ ਜਵਾਬ ਦਿੱਤਾ, "ਤੁਸੀਂ ਲੋਕਾਂ ਨੇ ਮੈਨੂੰ ਸਵਾ ਦਿੱਤਾ, ਯਾਰ।"

ਇਸ ਤੋਂ ਬਾਅਦ ਸਲਮਾਨ ਖਾਨ ਅਤੇ ਅਰਿਜੀਤ ਸਿੰਘ ਦੇ ਰਿਸ਼ਤੇ ਵਿਗੜ ਗਏ।

ਜਲਦੀ ਹੀ ਇਹ ਚਰਚਾ ਹੋਣ ਲੱਗੀ ਕਿ ਸਲਮਾਨ ਲਈ ਗਾਏ ਗਏ ਗੀਤਾਂ ਨੂੰ ਅਰਿਜੀਤ ਦੀ ਥਾਂ ਦੂਜੇ ਗਾਇਕਾਂ ਦੀਆਂ ਆਵਾਜ਼ਾਂ ਨੂੰ ਸ਼ਾਮਲ ਕੀਤਾ ਜਾਵੇਗਾ।

ਫਿਰ ਇਹ ਖ਼ਬਰ ਵੀ ਆਈ ਕਿ ਸਲਮਾਨ ਨੇ ਆਪਣੀ ਫਿਲਮ 'ਸੁਲਤਾਨ' ਵਿੱਚ ਅਰਿਜੀਤ ਦੇ ਗਾਏ ਗਾਣੇ 'ਜਗ ਘੁੰਮਿਆ' ਨੂੰ ਰਾਹਤ ਫਤਿਹ ਅਲੀ ਖਾਨ ਤੋਂ ਗਵਾ ਲਿਆ ਅਤੇ ਫਿਲਮ ਵਿੱਚ ਉਸੇ ਵਰਜ਼ਨ ਦੀ ਵਰਤੋਂ ਕੀਤੀ।

ਹਾਲਾਂਕਿ, ਉਸ ਤੋਂ ਪਹਿਲਾਂ, ਅਰਿਜੀਤ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਰਾਹੀਂ ਸਲਮਾਨ ਨੂੰ ਬੇਨਤੀ ਕੀਤੀ ਸੀ ਕਿ ਉਹ ਗੀਤਾਂ ਵਿੱਚ ਉਹਨਾਂ ਦੀ ਆਵਾਜ਼ ਨਾ ਬਦਲਣ।

ਲੰਬੇ ਸਮੇਂ ਤੱਕ ਅਰਿਜੀਤ ਦੀ ਆਵਾਜ਼, ਸਲਮਾਨ ਲਈ ਦੁਬਾਰਾ ਨਹੀਂ ਵਰਤੀ ਗਈ।

ਪਰ ਇਸ ਵਿਵਾਦ ਤੋਂ ਸੱਤ ਸਾਲ ਬਾਅਦ ਆਈ ਫ਼ਿਲਮ 'ਟਾਈਗਰ 3' ਵਿੱਚ ਅਰਿਜੀਤ ਸਿੰਘ ਨੇ ਸਲਮਾਨ ਲਈ ਆਪਣੀ ਆਵਾਜ਼ ਦਿੱਤੀI

ਬਾਅਦ ਵਿੱਚ ਸਲਮਾਨ ਨੇ ਮੰਨਿਆ ਕਿ ਉਨ੍ਹਾਂ ਨੂੰ ਖੁਦ ਅਰਿਜੀਤ ਬਾਰੇ ਗਲਤਫਹਿਮੀ ਹੋ ਗਈ ਸੀ, ਇਸ ਵਿੱਚ ਅਰਿਜੀਤ ਦੀ ਕੋਈ ਗਲਤੀ ਨਹੀਂ ਸੀ ਅਤੇ ਹੁਣ ਦੋਵੇਂ ਬਹੁਤ ਚੰਗੇ ਦੋਸਤ ਹਨ।

17 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਸਲਮਾਨ ਖਾਨ ਦੀ ਅਗਲੀ ਫਿਲਮ 'ਦਿ ਬੈਟਲ ਆਫ ਗਲਵਾਨ' ਵਿੱਚ ਅਰਿਜੀਤ ਸਿੰਘ ਨੇ 'ਮਾਤ੍ਰਭੂਮੀ' ਗੀਤ ਵੀ ਗਾਇਆ ਹੈI

ਪਿਛਲੇ ਸਾਲ ਦਸੰਬਰ ਵਿੱਚ ਰਿਲੀਜ਼ ਹੋਈ ਬਲੌਕਬਸਟਰ ਫਿਲਮ ਧੁਰੰਧਰ ਦਾ ਹਿੱਟ ਰੋਮਾਂਟਿਕ ਗੀਤ 'ਗਹਰਾ ਹੂਆ' ਵੀ ਅਰਿਜੀਤ ਸਿੰਘ ਨੇ ਗਾਇਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)