You’re viewing a text-only version of this website that uses less data. View the main version of the website including all images and videos.
ਅੱਧੀ ਰਾਤ ਮਹਿਲਾ ਦੀ ਨੀਂਦ ਖੁੱਲ੍ਹੀ ਤਾਂ ਉਸ ਦੀ ਛਾਤੀ 'ਤੇ ਇੱਕ ਵੱਡਾ ਅਜਗਰ ਬੈਠਾ ਸੀ, ਫਿਰ ਕੀ ਹੋਇਆ
- ਲੇਖਕ, ਟਿਫ਼ਨੀ ਟਰਨਬੁੱਲ
- ਰੋਲ, ਸਿਡਨੀ
ਸੋਮਵਾਰ ਦੀ ਰਾਤ ਸੀ, ਰੇਚਲ ਬਲੂਰ ਆਪਣੇ ਬਿਸਤਰ ਵਿੱਚ ਸੌਂ ਰਹੇ ਸਨ ਜਦੋਂ ਉਨ੍ਹਾਂ ਨੂੰ ਲੱਗਿਆ ਕਿ ਉਨ੍ਹਾਂ ਦੀ ਛਾਤੀ 'ਤੇ ਕੋਈ ਭਾਰੀ ਚੀਜ਼ ਲਿਪਟੀ ਹੋਈ ਹੈ।
ਅੱਧ ਸੁੱਤਿਆਂ ਹੀ ਉਨ੍ਹਾਂ ਨੇ ਹੱਥਾਂ ਨਾਲ ਆਪਣੇ ਕੁੱਤੇ ਨੂੰ ਬਿਸਤਰੇ 'ਚ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਹੱਥ ਨੂੰ ਇੱਕ ਚੀਕਣੀ, ਫਿਸਲਦੀ ਹੋਈ ਚੀਜ਼ ਮਹਿਸੂਸ ਹੋਈ।
ਜਦੋਂ ਬਲੂਰ ਨੇ ਹੋਰ ਚਾਦਰ ਹੇਠਾਂ ਸਰਕਾਈ ਅਤੇ ਉਸ ਚੀਜ਼ ਨੂੰ ਆਪਣੀ ਗਰਦਨ ਵੱਲ ਖਿੱਚਿਆ ਅਤੇ ਦੂਜੇ ਪਾਸਿਓਂ ਉਨ੍ਹਾਂ ਦੇ ਪਤੀ ਨੇ ਬਿਸਤਰ ਦੇ ਨਾਲ ਰੱਖਿਆ ਲੈਂਪ ਜਗਾਇਆ ਤਾਂ ਇਹ ਜੋੜਾ ਬੁਰੀ ਤਰ੍ਹਾਂ ਡਰ ਗਿਆ।
'ਓ ਬੇਬੀ, ਹਿਲਣਾ ਨਹੀਂ'
ਰੇਚਲ ਨੇ ਬੀਬੀਸੀ ਨੂੰ ਦੱਸਿਆ "ਉਨ੍ਹਾਂ ਕਿਹਾ 'ਓ ਬੇਬੀ, ਹਿਲਣਾ ਨਹੀਂ। ਤੁਹਾਡੇ ਉੱਤੇ ਲਗਭਗ 2.5 ਮੀਟਰ ਦਾ ਅਜਗਰ ਹੈ'।"
ਰੇਸ਼ਲ ਦੱਸਦੇ ਹਨ ਕਿ ਉਨ੍ਹਾਂ ਦੇ ਮੂੰਹੋਂ ਸਭ ਤੋਂ ਪਹਿਲਾਂ ਗਾਲਾਂ ਨਿਕਲੀਆਂ। ਦੂਜੀ ਗੱਲ ਜੋ ਉਨ੍ਹਾਂ ਕਹੀ, ਉਹ ਇਹ ਸੀ ਕਿ ਕੁੱਤਿਆਂ ਨੂੰ ਬਾਹਰ ਕੱਢ ਦਿੱਤਾ ਜਾਵੇ।
ਰੇਚਲ ਕਹਿੰਦੇ ਹਨ, "ਮੈਂ ਸੋਚਿਆ ਜੇ ਮੇਰੀ ਡਾਲਮੇਸ਼ੀਅਨ ਨੂੰ ਅਹਿਸਾਸ ਹੋ ਗਿਆ ਕਿ ਉੱਥੇ ਸੱਪ ਹੈ… ਤਾਂ ਹੜਕੰਪ ਮਚ ਜਾਵੇਗਾ।"
ਕੁੱਤਿਆਂ ਨੂੰ ਕਮਰੇ ਤੋਂ ਬਾਹਰ ਸੁਰੱਖਿਅਤ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੇ ਪਤੀ ਸੋਚ ਰਹੇ ਸਨ ਕਿ ਕਾਸ਼ ਉਹ ਵੀ ਉਨ੍ਹਾਂ ਨਾਲ ਹੀ ਹੁੰਦੇ। ਫਿਰ ਰੇਚਲ ਨੇ ਬੜੀ ਸਾਵਧਾਨੀ ਨਾਲ ਆਪਣੇ ਆਪ ਨੂੰ ਅਜਗਰ ਤੋਂ ਅਲੱਗ ਕਰਨਾ ਸ਼ੁਰੂ ਕੀਤਾ।
ਉਨ੍ਹਾਂ ਦੱਸਿਆ, "ਮੈਂ ਸਿਰਫ਼ ਚਾਦਰਾਂ ਹੇਠੋਂ ਹੌਲੀ-ਹੌਲੀ ਖਿਸਕਣ ਦੀ ਕੋਸ਼ਿਸ਼ ਕਰ ਰਹੀ ਸੀ… ਤੇ ਮਨ ਵਿੱਚ ਸੋਚ ਰਹੀ ਸੀ, 'ਕੀ ਇਹ ਸੱਚਮੁੱਚ ਹੋ ਰਿਹਾ ਹੈ? ਇਹ ਤਾਂ ਬਹੁਤ ਅਜੀਬ ਹੈ'।"
'ਉਹ ਮੇਰੇ ਹੱਥ ਵਿੱਚ ਹੌਲੀ-ਹੌਲੀ ਹਿੱਲਦਾ ਰਿਹਾ'
ਉਨ੍ਹਾਂ ਦਾ ਮੰਨਣਾ ਹੈ ਕਿ ਕਾਰਪੇਟ ਅਜਗਰ, ਜੋ ਕਿ ਜ਼ਹਿਰੀਲਾ ਨਹੀਂ ਹੁੰਦਾ, ਉਨ੍ਹਾਂ ਦੀ ਖਿੜਕੀ ਦੇ ਸ਼ਟਰਾਂ ਹੇਠੋਂ ਰੇਂਗ ਕੇ ਅੰਦਰ ਆਇਆ ਹੋਵੇਗਾ ਅਤੇ ਉਨ੍ਹਾਂ ਦੇ ਬਿਸਤਰ 'ਤੇ ਆ ਗਿਆ ਹੋਵੇਗਾ।
ਅਜਗਰ ਤੋਂ ਵੱਖ ਹੋਣ ਤੋਂ ਬਾਅਦ ਉਨ੍ਹਾਂ ਨੇ ਆਰਾਮ ਨਾਲ ਉਸ ਨੂੰ ਉਸੇ ਰਸਤੇ ਬਾਹਰ ਵੱਲ ਧੱਕਣਾ ਸ਼ੁਰੂ ਕਰ ਦਿੱਤਾ ਜਿਥੋਂ ਉਹ ਅੰਦਰ ਆਇਆ ਸੀ।
ਰੇਚਲ ਨੇ ਕਿਹਾ, "ਉਹ ਇੰਨਾ ਵੱਡਾ ਸੀ ਕਿ ਭਾਵੇਂ ਉਹ ਮੇਰੇ ਉੱਤੇ ਲਿਪਟਿਆ ਹੋਇਆ ਸੀ, ਫਿਰ ਵੀ ਉਸ ਦੀ ਪੂੰਛ ਦਾ ਕੁਝ ਹਿੱਸਾ ਸ਼ਟਰ ਦੇ ਬਾਹਰ ਹੀ ਸੀ।"
"ਮੈਂ ਉਸਨੂੰ ਫੜ੍ਹਿਆ, [ਅਤੇ] ਫਿਰ ਵੀ ਉਹ ਜ਼ਿਆਦਾ ਘਬਰਾਇਆ ਹੋਇਆ ਨਹੀਂ ਲੱਗ ਰਿਹਾ ਸੀ। ਉਹ ਮੇਰੇ ਹੱਥ ਵਿੱਚ ਹੌਲੀ-ਹੌਲੀ ਹਿੱਲਦਾ ਰਿਹਾ।"
'ਜੇ ਤੁਸੀਂ ਸ਼ਾਂਤ ਰਹੋ, ਤਾਂ ਉਹ ਵੀ ਸ਼ਾਂਤ ਰਹਿੰਦੇ ਹਨ'
ਬਲੂਰ ਇਸ ਦੌਰਾਨ ਖੁਦ ਕਾਫ਼ੀ ਸ਼ਾਂਤ ਰਹੇ, ਕਿਉਂਕਿ ਉਹ ਖੁੱਲ੍ਹੀ ਜ਼ਮੀਨ 'ਤੇ ਵੱਡੇ ਹੋਏ ਸਨ ਜਿੱਥੇ ਸੱਪ ਅਕਸਰ ਹੀ ਆਉਂਦੇ ਰਹਿੰਦੇ ਸਨ। ਪਰ ਰੇਚਲ ਦੇ ਪਤੀ ਉਨ੍ਹਾਂ ਜਿੰਨੇ ਸ਼ਾਂਤ ਨਹੀਂ ਸਨ।
ਰੇਚਲ ਨੇ ਬੀਬੀਸੀ ਨੂੰ ਦੱਸਿਆ, "ਮੈਂ ਸਮਝਦੀ ਹਾਂ ਕਿ ਜੇ ਤੁਸੀਂ ਸ਼ਾਂਤ ਰਹੋ, ਤਾਂ ਉਹ (ਸੱਪ) ਵੀ ਸ਼ਾਂਤ ਰਹਿੰਦੇ ਹਨ।"
ਉਨ੍ਹਾਂ ਕਿਹਾ, ਪਰ ਜੇ ਉਹ ਕੇਨ ਟੋਡ ਹੁੰਦਾ, ਜੋ ਦੇਸ਼ ਦੇ ਸਭ ਤੋਂ ਨੁਕਸਾਨਦਾਇਕ ਅਤੇ ਬਦਸੂਰਤ ਕੀੜਿਆਂ ਵਿੱਚੋਂ ਇੱਕ ਹੈ, ਤਾਂ ਗੱਲ ਹੋਰ ਹੁੰਦੀ।
"ਮੈਨੂੰ ਉਹ ਬਿਲਕੁਲ ਪਸੰਦ ਨਹੀਂ, ਉਹ ਮੈਨੂੰ ਇੰਨਾ ਘਿਨਾਉਣਾ ਮਹਿਸੂਸ ਕਰਾਉਂਦੇ ਹਨ ਕਿ ਉਲਟੀ ਆਉਣ ਲੱਗਦੀ ਹੈ। ਇਸ ਲਈ ਜੇ ਉਹ ਕੇਨ ਟੋਡ ਹੁੰਦਾ, ਤਾਂ ਮੈਂ ਡਰ ਜਾਂਦੀ।"
ਇਸ ਪੂਰੇ ਵਕੀਏ ਵਿੱਚ ਦੋਵਾਂ ਪਤੀ-ਪਤਨੀ ਅਤੇ ਅਜਗਰ ਵਿੱਚੋਂ ਕਿਸੇ ਨੂੰ ਵੀ ਨੁਕਸਾਨ ਨਹੀਂ ਪਹੁੰਚਿਆ।
ਕਾਰਪੇਟ ਅਜਗਰ ਸ਼ਰਮੀਲੇ ਸੁਭਾਅ ਵਾਲੇ ਹੁੰਦੇ ਹਨ ਜੋ ਆਸਟ੍ਰੇਲੀਆ ਦੇ ਤਟਵਰਤੀ ਇਲਾਕਿਆਂ ਵਿੱਚ ਆਮ ਮਿਲਦੇ ਹਨ ਅਤੇ ਆਮ ਤੌਰ 'ਤੇ ਪੰਛੀਆਂ ਵਰਗੇ ਛੋਟੇ ਜਾਨਵਰਾਂ ਨੂੰ ਖਾਂਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ