'ਹੈਲੋ' ਸ਼ਬਦ ਕਿੱਥੋਂ ਆਇਆ, ਸਾਰੀ ਦੁਨੀਆਂ ਨੇ ਇਸ ਸ਼ਬਦ ਨੂੰ ਕਿਵੇਂ ਅਪਣਾਇਆ

    • ਲੇਖਕ, ਜੋਨਾਥਨ ਵੇਲਜ਼

"ਹੈਲੋ" ਸ਼ਬਦ ਪਹਿਲੀ ਵਾਰ 200 ਸਾਲ ਪਹਿਲਾਂ ਕਿਸੇ ਛਪਾਈ ਵਿੱਚ ਵਰਤਿਆ ਗਿਆ ਸੀ, ਹਾਲਾਂਕਿ ਇਸ ਦੀ ਸ਼ੁਰੂਆਤ 15ਵੀਂ ਸਦੀ ਵਿੱਚ ਹੋਈ ਸੀ। ਦੁਨੀਆ ਭਰ ਵਿੱਚ ਇੱਕ-ਦੂਜੇ ਨੂੰ ਨਮਸਕਾਰ ਕਰਨ ਦੀ ਇਹ ਭਾਸ਼ਾ ਕਿਵੇਂ ਵਿਕਸਿਤ ਹੋਈ ਹੈ ਅਤੇ ਇਹ ਸਾਡੇ ਬਾਰੇ ਕੀ ਦੱਸਦੀ ਹੈ?

ਅਸੀਂ ਬਿਨਾਂ ਸੋਚੇ-ਸਮਝੇ ਦਿਨ ਭਰ ਵਿੱਚ ਦਰਜਨਾਂ ਵਾਰ "ਹੈਲੋ" ਸ਼ਬਦ ਦਾ ਇਸਤੇਮਾਲ ਕਰ ਲੈਂਦੇ ਹਾਂ – ਫੋਨ ਕਾਲਾਂ 'ਤੇ, ਈਮੇਲਾਂ ਵਿੱਚ ਅਤੇ ਆਹਮੋ-ਸਾਹਮਣੇ ਮਿਲਣ ਵੇਲੇ ਵੀ।

ਅਸੀਂ ਇਸਨੂੰ ਐਡੇਲ ਅਤੇ ਲਾਇਓਨਲ ਰਿਚੀ ਨਾਲ ਗੁਣਗੁਣਾਉਂਦੇ ਹਾਂ, ਅਤੇ ਅਸੀਂ ਇਸਨੂੰ ਕਈ ਫ਼ਿਲਮਾਂ ਅਤੇ ਗਾਣਿਆਂ ਵਿੱਚ ਵੀ ਸੁਣਦੇ ਆਏ ਹਾਂ। ਇਸ ਸ਼ਬਦ ਦਾ ਇਸਤੇਮਾਲ ਮੋਬਾਇਲ ਫੋਨਾਂ (ਜਿਵੇ ਮੋਟੋਰੋਲਾ ਦਾ "ਹੈਲੋ, ਮੋਟੋ") ਤੋਂ ਲੈ ਕੇ ਲਾਂਜਰੀ (ਵੰਡਰਬਰਾ ਦੇ ਮਸ਼ਹੂਰ "ਹੈਲੋ ਬੌਇਜ਼") ਤੱਕ ਹਰ ਕਿਸਮ ਦੀ ਚੀਜ਼ ਵੇਚਣ ਲਈ ਕੀਤਾ ਗਿਆ ਹੈ। ਇੱਥੋਂ ਤੱਕ ਕਿ ਇਸਨੂੰ ਕੰਪਿਊਟਰ ਪ੍ਰੋਗਰਾਮਾਂ ਅਤੇ ਸੈਲੀਬ੍ਰਿਟੀ ਮੈਗਜ਼ੀਨਾਂ ਦੇ ਨਾਮ ਰੱਖਣ ਲਈ ਵੀ ਵਰਤਿਆ ਗਿਆ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਹਰ ਥਾਂ ਵਰਤਿਆ ਜਾਣ ਵਾਲੇ ਇਸ ਦੋਸਤਾਨਾ ਸ਼ਬਦ ਦਾ ਪ੍ਰਿੰਟ ਵਿੱਚ ਇਤਿਹਾਸ ਬਹੁਤ ਛੋਟਾ ਹੈ। ਦੋ ਸਦੀ ਪਹਿਲਾਂ, 18 ਜਨਵਰੀ 1826 ਨੂੰ "ਹੈਲੋ" ਨੇ ਪਹਿਲੀ ਵਾਰ ਕਨੈਕਟੀਕਟ ਦੇ ਇੱਕ ਅਖ਼ਬਾਰ 'ਦਿ ਨੌਰਵਿਚ ਕੂਰੀਅਰ' ਦੇ ਪੰਨਿਆਂ 'ਤੇ ਆਪਣੀ ਮੌਜੂਦਗੀ ਦਰਜ ਕਰਵਾਈ। ਅਖਬਾਰ ਦੇ ਕਾਲਮਾਂ ਵਿਚਕਾਰ ਲੁਕਿਆ ਹੋਇਆ ਇਹ ਇੱਕ ਅਜਿਹੇ ਸ਼ਬਦ ਦੀ ਸ਼ੁਰੂਆਤ ਸੀ ਜੋ ਬਾਅਦ ਵਿੱਚ ਆਧੁਨਿਕ ਦੁਨੀਆ ਦੇ ਵੱਡੇ ਹਿੱਸੇ ਲਈ ਸਲਾਮ-ਨਮਸਤੇ ਦਾ ਮੁੱਖ ਜ਼ਰੀਆ ਬਣ ਗਿਆ।

1850 ਦੇ ਦਹਾਕੇ ਤੱਕ ਇਹ ਅਟਲਾਂਟਿਕ ਸਮੁੰਦਰ ਪਾਰ ਕਰਕੇ ਬ੍ਰਿਟੇਨ ਪਹੁੰਚ ਗਿਆ ਸੀ, ਜਿੱਥੇ ਇਹ ਲੰਦਨ ਲਿਟਰੇਰੀ ਗਜ਼ਟ ਵਰਗੀਆਂ ਪ੍ਰਕਾਸ਼ਨਾਂ ਵਿੱਚ ਨਜ਼ਰ ਆਇਆ ਅਤੇ ਫਿਰ ਛਪਾਈ ਵਿੱਚ ਤੇਜ਼ੀ ਨਾਲ ਆਮ ਹੋ ਗਿਆ।

ਹੋਰ ਭਾਸ਼ਾਵਾਂ ਵਿੱਚ ਵਰਤੇ ਜਾਂਦੇ ਆਮ ਅਭਿਵਾਦਨ ਸ਼ਬਦਾਂ ਵਾਂਗ, "ਹੈਲੋ" ਵੀ ਅੰਗਰੇਜ਼ੀ ਬੋਲਣ ਵਾਲੀ ਦੁਨੀਆ ਬਾਰੇ ਕੁਝ ਦੱਸਦਾ ਹੈ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਸ਼ਬਦ ਦਾ ਕਿਹੜਾ ਰੂਪ, ਸੰਖੇਪ ਰੂਪ ਜਾਂ ਉਚਾਰਣ ਚੁਣਦੇ ਹਾਂ।

ਇਸ ਦੇ ਕਈ ਰੂਪ ਹਨ। ਚਾਹੇ ਇਹ ਬੋਲੀ ਜਾਂ ਉਚਾਰਣ ਦੇ ਪ੍ਰਭਾਵ ਕਾਰਨ ਹੋਣ, ਜਾਂ ਆਨਲਾਈਨ ਗੱਲਬਾਤ ਲਈ ਲੋੜੀਂਦੀ ਸੰਖੇਪਤਾ ਕਰਕੇ, ਤੁਸੀਂ ਕਿਹੜਾ "ਹੈਲੋ" ਵਰਤਦੇ ਹੋ, ਇਹ ਤੁਹਾਡੇ ਬਾਰੇ ਕਾਫ਼ੀ ਕੁਝ ਦੱਸਦਾ ਹੈ, ਅਤੇ ਤੁਹਾਡੀ ਉਮਰ, ਦੇਸ਼ ਜਾਂ ਇੱਥੋਂ ਤੱਕ ਕਿ ਮੂਡ ਬਾਰੇ ਵੀ ਦੱਸ ਸਕਦਾ ਹੈ।

ਭਾਸ਼ਾ ਵਿਗਿਆਨੀਆਂ ਦੇ ਮੁਤਾਬਕ, "ਹੇਯ" (heyyy) ਵਰਗੇ ਲੰਮੇ ਰੂਪਾਂ ਨੂੰ ਛੇੜਛਾੜ (ਫਲਰਟ) ਵਾਲਾ ਸਮਝਿਆ ਜਾ ਸਕਦਾ ਹੈ, "ਹੈਲਾਵ" ਦੱਸ ਸਕਦਾ ਹੈ ਕਿ ਤੁਸੀਂ ਸ਼ਾਇਦ ਦੱਖਣੀ ਅਮਰੀਕਾ ਤੋਂ ਹੋ, "ਹਾਉਡੀ" ਪੱਛਮੀ ਅਮਰੀਕਾ ਨਾਲ ਜੋੜਿਆ ਜਾਂਦਾ ਹੈ, ਅਤੇ ਛੋਟਾ "ਹਾਇ" ਇੱਕ ਰੁਖੇ ਸੁਭਾਅ ਦਾ ਸੰਕੇਤ ਦੇ ਸਕਦਾ ਹੈ।

ਲੌਸ ਐਂਜਲਿਸ ਦੀ ਯੂਨੀਵਰਸਿਟੀ ਆਫ਼ ਕੈਲੀਫ਼ੋਰਨੀਆ ਵਿੱਚ ਲਿੰਗਵਿਸਟਿਕ ਐਂਥਰੋਪੋਲੋਜੀ ਦੇ ਪ੍ਰੋਫੈਸਰ ਅਲੇਸਾਂਦ੍ਰੋ ਦੁਰਾਂਤੀ ਕਹਿੰਦੇ ਹਨ, "ਇਸਨੂੰ ਕਈ ਵੱਖ-ਵੱਖ ਤਰੀਕਿਆਂ ਨਾਲ ਬੋਲਿਆ ਅਤੇ ਮੋੜਿਆ ਜਾ ਸਕਦਾ ਹੈ, ਅਤੇ ਇਹ ਮਹੀਨ ਸੁਰਾਤਮਕ ਤਬਦੀਲੀਆਂ ਇਸਦਾ ਅਰਥ ਬਦਲ ਸਕਦੀਆਂ ਹਨ।"

ਉਹ ਮਿਸਾਲ ਦਿੰਦਿਆਂ ਕਹਿੰਦੇ ਹਨ, "ਜਦੋਂ ਕੋਈ 'ਹੈਲੋ' ਸ਼ਬਦ ਦੇ ਆਖ਼ਰੀ ਸੁਰ ਨੂੰ ਖਿੱਚ ਕੇ ਬੋਲਦਾ ਹੈ, ਤਾਂ ਇਹ ਦੂਜੇ ਵਿਅਕਤੀ ਦੀ ਗੱਲ 'ਤੇ ਸਵਾਲ ਚੁੱਕਣ ਦੀ ਭਾਵਨਾ ਵਾਲਾ ਹੋ ਸਕਦਾ ਹੈ, ਜਿਵੇਂ 'ਹੈਲੋ, ਕੀ ਤੁਸੀਂ ਸੁਣ ਰਹੇ ਹੋ?' ਜਾਂ 'ਹੈਲੋ, ਤੁਸੀਂ ਮਜ਼ਾਕ ਕਰ ਰਹੇ ਹੋ ਨਾ'।"

ਲਹਿਜ਼ੇ ਅਤੇ ਪ੍ਰਕਾਰ (ਟੋਨ ਅਤੇ ਫਾਰਮ) ਰਾਹੀਂ ਬਾਰੀਕ ਅਰਥ ਦੱਸਣ ਦੀ ਇਹ ਸਮਰਥਾ ਕੋਈ ਆਧੁਨਿਕ ਖੋਜ ਨਹੀਂ ਹੈ; ਸ਼ੁਰੂਆਤੀ ਪ੍ਰਕਾਸ਼ਨ ਵਿੱਚ ਵੀ "ਹੈਲੋ" ਕਈ ਭਾਸ਼ਾਵਾਂ ਤੋਂ ਆਏ ਪ੍ਰਭਾਵਾਂ, ਰੂਪਾਂ ਅਤੇ ਇਸਤੇਮਾਲ ਦਾ ਇੱਕ ਸੁਮੇਲ ਸੀ।

ਹੈਲੋ ਦੀ ਉਤਪੱਤੀ

"ਹੈਲੋ" ਸ਼ਬਦ ਦੀ ਛਪਾਈ ਤੋਂ ਪਹਿਲਾਂ ਦੀ ਉਤਪੱਤੀ ਬਾਰੇ ਵਿਵਾਦ ਹੈ। ਜਿਸ ਤੱਥ ਨੂੰ ਸਭ ਤੋਂ ਵੱਧ ਮਾਨਤਾ ਮਿਲਦੀ ਹੈ ਉਹ ਇਹ ਹੈ ਕਿ ਇਸ ਸ਼ਬਦ ਦਾ ਭਾਸ਼ਾਈ ਮੂਲ ਪੁਰਾਤਨ ਹਾਈ ਜਰਮਨ ਦਾ "ਹਾਲਾ" ਹੈ, ਜੋ ਕਿ ਇੱਕ ਪ੍ਰਕਾਰ ਦਾ ਆਵਾਜ਼ ਲਗਾਉਣ ਵਾਲਾ ਸ਼ਬਦ ਸੀ ਅਤੇ ਇਤਿਹਾਸਕ ਤੌਰ 'ਤੇ ਜਿਸ ਦਾ ਇਸਤੇਮਾਲ ਕਿਸ਼ਤੀ ਵਾਲੇ ਨੂੰ ਬੁਲਾਣ ਲਈ ਕੀਤਾ ਜਾਂਦਾ ਸੀ।

ਆਕਸਫ਼ੋਰਡ ਇੰਗਲਿਸ਼ ਡਿਕਸ਼ਨਰੀ "ਹੈਲੂ" ਵੱਲ ਵੀ ਇਸ਼ਾਰਾ ਕਰਦੀ ਹੈ (ਸ਼ਿਕਾਰ ਦੌਰਾਨ ਕੁੱਤਿਆਂ ਨੂੰ ਤੇਜ਼ ਦੌੜਣ ਲਈ ਉਕਸਾਉਣ ਵਾਲੀ ਪੁਕਾਰ), ਇਸ ਨੂੰ ਵੀ ਇੱਕ ਸੰਭਾਵਿਤ ਭਾਸ਼ਾਈ ਮੂਲ ਮੰਨਿਆ ਜਾਂਦਾ ਹੈ। ਇਸ ਵਿੱਚ ਕਈ ਸ਼ੁਰੂਆਤੀ ਸਪੈਲਿੰਗ (ਸ਼ਬਦਜੋੜ) ਦਰਜ ਹਨ, ਜਿਵੇਂ "ਹੁਲੋ", "ਹਿਲੋ" ਅਤੇ "ਹੋਲਾ" – ਇਨ੍ਹਾਂ ਵਿੱਚੋਂ ਹੋਲਾ ਬਾਰੇ ਮੰਨਿਆ ਜਾਂਦਾ ਹੈ ਕਿ ਇਹ 15ਵੀਂ ਸਦੀ ਦੇ ਫ਼ਰਾਂਸੀਸੀ ਸ਼ਬਦ "ਹੋਲ" ਤੋਂ ਆਇਆ ਹੈ, ਜਿਸਦਾ ਮਤਲਬ ਹੈ "ਅਰੇ!" ਜਾਂ "ਰੁਕੋ!"। ਅੰਗਰੇਜ਼ੀ ਸਰੋਤਾਂ ਵਿੱਚ, OED ਸਭ ਤੋਂ ਪਹਿਲਾ ਰੂਪ 16ਵੀਂ ਸਦੀ ਦੇ ਅੰਤ ਦਾ "ਹੋਲੋ" ਨੂੰ ਦੱਸਦਾ ਹੈ।

ਆਕਸਫ਼ੋਰਡ ਦੇ ਮੈਗਡੇਲਨ ਕਾਲਜ ਵਿੱਚ ਅੰਗਰੇਜ਼ੀ ਭਾਸ਼ਾ ਅਤੇ ਸਾਹਿਤ ਦੇ ਪ੍ਰੋਫੈਸਰ ਸਾਇਮਨ ਹੋਰੋਬਿਨ ਦੱਸਦੇ ਹਨ ਕਿ ਇਸ ਤਰ੍ਹਾਂ ਦੇ ਅਰਥ ਸਬੰਧੀ ਬਦਲਾਅ ਅਤੇ ਸਪੈਲਿੰਗ ਵਿੱਚ ਤਬਦੀਲੀਆਂ ਨੂੰ ਖੇਤਰੀ ਲਹਿਜ਼ਿਆਂ ਅਤੇ ਉਚਾਰਣ ਦੇ ਅੰਤਰਾਂ ਨਾਲ ਵੀ ਸਮਝਾਇਆ ਜਾ ਸਕਦਾ ਹੈ।

ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ 'h' ਛੱਡਣ ਨਾਲ ਜੁੜੀ ਵਰਗਵਾਦੀ ਅੰਗਰੇਜ਼ੀ ਧਾਰਨਾ, ਜਿਸਨੂੰ ਸਿੱਖਿਆ ਦੀ ਘਾਟ ਨਾਲ ਜੋੜਿਆ ਜਾਂਦਾ ਹੈ, ਵੱਲ ਇਸ਼ਾਰਾ ਕਰਦਿਆਂ ਦੱਸਿਆ ਕਿ "ਖ਼ਾਸ ਕਰਕੇ 'ਏਲੋ' ਦੇ ਉਦਾਹਰਨ ਵਿੱਚ, ਜੋ 'h' ਛੱਡਣ (ਨਾ ਵਰਤਣ) ਦੀ ਰਿਵਾਇਤ ਨੂੰ ਦਰਸਾਉਂਦਾ ਹੈ।''

ਉਹ ਅੱਗੇ ਕਹਿੰਦੇ ਹਨ "ਪਰ ਉਤਪੱਤੀ ਅਤੇ ਸ਼ੁਰੂਆਤੀ ਇਤਿਹਾਸ ਲਈ ਅਸੀਂ ਲਿਖਤੀ ਸਬੂਤਾਂ 'ਤੇ ਨਿਰਭਰ ਹਾਂ, ਜੋ ਅਕਸਰ ਅਧੂਰੇ ਹੁੰਦੇ ਹਨ। ਇਸ ਤਰ੍ਹਾਂ ਦੇ ਬੋਲਚਾਲ ਵਾਲੇ ਸ਼ਬਦ ਲਈ, ਜੋ ਲਿਖਤ ਨਾਲੋਂ ਕਾਫ਼ੀ ਪਹਿਲਾਂ ਅਤੇ ਜ਼ਿਆਦਾ ਵਾਰ ਬੋਲਚਾਲ ਵਿੱਚ ਵਰਤਿਆ ਗਿਆ ਹੋਵੇਗਾ, ਇੱਕ ਪੱਕੀ ਸਮਾਂ-ਰੇਖਾ ਤੈਅ ਕਰਨੀ ਖ਼ਾਸ ਤੌਰ 'ਤੇ ਮੁਸ਼ਕਲ ਹੈ।"

ਹੋਰੋਬਿਨ ਸਮਝਾਉਂਦੇ ਹਨ ਕਿ ਕਿਸੇ ਸ਼ਬਦ ਦੇ ਸਟੈਂਡਰਡ (ਮਿਆਰੀ) ਰੂਪ ਦੀ ਚੋਣ ਆਮ ਤੌਰ 'ਤੇ ਲੈਕਸੀਕੋਗ੍ਰਾਫਰਾਂ ਦੇ ਹੱਥ ਵਿੱਚ ਹੁੰਦੀ ਹੈ - ਉਹ ਲੋਕ ਜੋ ਸ਼ਬਦਕੋਸ਼/ਡਿਕਸ਼ਨਰੀ ਤਿਆਰ ਕਰਦੇ ਹਨ।

ਉਨ੍ਹਾਂ ਕਿਹਾ, "ਉਹ ਆਪਣੀ ਚੋਣ ਕਿਸੇ ਖ਼ਾਸ ਸਪੈਲਿੰਗ (ਸ਼ਬਦ) ਦੀ ਤੁਲਨਾਤਮਕ ਵੱਧ ਵਰਤੋਂ ਦੇ ਆਧਾਰ 'ਤੇ ਕਰਦੇ ਹਨ, ਹਾਲਾਂਕਿ ਇਹ ਚੋਣ ਲਾਜ਼ਮੀ ਤੌਰ 'ਤੇ ਕੁਝ ਹੱਦ ਤੱਕ ਅਸਥਾਈ ਅਤੇ ਮਨਮਰਜ਼ੀ ਵਾਲੀ ਵੀ ਹੁੰਦੀ ਹੈ।"

ਜਦੋਂ 1884 ਵਿੱਚ ਆਕਸਫ਼ੋਰਡ ਇੰਗਲਿਸ਼ ਡਿਕਸ਼ਨਰੀ ਪਹਿਲੀ ਵਾਰ ਛਪੀ, ਉਦੋਂ ਤੱਕ "hello" ਅਭਿਵਾਦਨ ਦੇ ਪ੍ਰਮੁੱਖ ਰੂਪ ਵਜੋਂ ਉੱਭਰ ਰਿਹਾ ਸੀ। ਹਾਲਾਂਕਿ, ਚਾਰਲਜ਼ ਡਿਕਨਜ਼ ਨੇ 19ਵੀਂ ਸਦੀ ਦੌਰਾਨ ਆਪਣੀਆਂ ਲਿਖਤਾਂ ਵਿੱਚ "hullo" ਨੂੰ ਵਰਤਿਆ ਹੈ ਅਤੇ ਅਲੈਕਜ਼ੈਂਡਰ ਗ੍ਰਾਹਮ ਬੈਲ (ਜਿਨ੍ਹਾਂ ਨੇ ਕਦੇ ਇਹ ਦਲੀਲ ਦਿੱਤੀ ਸੀ ਕਿ "ahoy!" (ਅਹੋਏ) ਟੈਲੀਫ਼ੋਨ ਲਈ ਹੋਰ ਵਧੀਆ ਸਲਾਮ/ਨਮਸਤੇ (ਅਭਿਵਾਦਨ) ਹੋਵੇਗਾ) "halloo" ਨਾਲ ਜੁੜੇ ਰਹੇ। ਬੈਲ ਦੇ ਪਰਸਪਰ ਵਿਰੋਧੀ, ਥੋਮਸ ਐਡੀਸਨ ਨੇ "hello" ਦਾ ਸਮਰਥਨ ਕੀਤਾ, ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਇਹ ਸ਼ਬਦ ਸਭ ਤੋਂ ਖ਼ਰਾਬ ਫ਼ੋਨ ਲਾਈਨਾਂ 'ਤੇ ਵੀ ਸਾਫ਼ ਸੁਣਾਈ ਦੇਵੇਗਾ। (ਉਨ੍ਹਾਂ ਤੋਂ ਪਹਿਲਾਂ) 'ਦਿ ਨੌਰਵਿਚ ਕੂਰੀਅਰ' ਵਾਂਗ ਐਡੀਸਨ ਦੀ ਹਿਮਾਇਤ ਨੇ ਵੀ ਮਦਦ ਕੀਤੀ - ਅਤੇ "hello" ਅੰਗਰੇਜ਼ੀ ਭਾਸ਼ਾ ਦਾ ਸਭ ਤੋਂ ਪ੍ਰਮੁੱਖ ਅਭਿਵਾਦਨ ਵਾਲਾ ਸ਼ਬਦ ਬਣ ਗਿਆ।

ਦੁਨੀਆ ਭਰ ਵਿੱਚ ਹੈਲੋ

ਇੱਕ ਪਾਸੇ ਅੰਗਰੇਜ਼ੀ ਭਾਸ਼ਾ ਨੇ "hello" ਨੂੰ ਆਪਣਾ ਰਵਾਇਤੀ ਸਲਾਮ/ਨਮਸਤੇ ਬਣਾ ਲਿਆ, ਅਤੇ ਹੋਰ ਭਾਸ਼ਾਵਾਂ ਨੇ ਆਪਣੇ-ਆਪਣੇ ਰਸਤੇ ਚੁਣੇ। ਕੁਝ ਅੰਗਰੇਜ਼ੀ ਤੋਂ ਪ੍ਰਭਾਵਿਤ ਸਨ, ਕੁਝ ਸੁਤੰਤਰ ਤੌਰ 'ਤੇ ਵਿਕਸਿਤ ਹੋਏ ਪਰ ਹਰੇਕ ਆਪਣੇ ਨਾਲ ਇੱਕ ਵੱਖਰਾ ਸਾਂਸਕ੍ਰਿਤਿਕ ਰੰਗ ਲਿਆਉਂਦਾ ਹੈ, ਜੋ ਉਨ੍ਹਾਂ ਲੋਕਾਂ ਦੀਆਂ ਸਮਾਜਿਕ ਰੀਤਾਂ ਅਤੇ ਧਾਰਨਾਵਾਂ ਵੱਲ ਇਸ਼ਾਰਾ ਕਰਦਾ ਹੈ ਜੋ ਇਸ ਨੂੰ ਵਰਤਦੇ ਹਨ।

ਉਦਾਹਰਨ ਵਜੋਂ, ਜਰਮਨਿਕ ਅਤੇ ਸਕੈਂਡੀਨੇਵੀਅਨ ਭਾਸ਼ਾਵਾਂ ਵਿੱਚ "hallo" ਅਤੇ "hallå" ਧੁਨੀਕ ਤੌਰ 'ਤੇ (ਫ਼ੋਨੈਟਿਕਲੀ) ਮੁਸ਼ਕਿਲ ਹਨ ਅਤੇ "hola" ਅਤੇ "olá" ਦੀ ਲਿਰਿਕਲ, ਲਗਭਗ ਕਿਸੇ ਕਵਿਤਾ ਵਰਗੀ ਸ਼ੁਨੀ ਨਾਲੋਂ ਜ਼ਿਆਦਾ ਸਿੱਧੇ ਅਤੇ ਕਾਰਗਰ ਮਹਿਸੂਸ ਹੁੰਦੇ ਹਨ। "hola" ਅਤੇ "olá" ਰੋਮਾਂਸ ਵਾਲੀਆਂ ਭਾਸ਼ਾਵਾਂ ਵਿੱਚ ਪਸੰਦ ਕੀਤੇ ਜਾਂਦੇ ਹਨ।

ਹੋਰ ਥਾਵਾਂ 'ਤੇ ਸਲਾਮ/ਨਮਸਤੇ ਵਿੱਚ ਕੌਮੀ ਇਤਿਹਾਸ ਦੇ ਨਿਸ਼ਾਨ ਝਲਕਦੇ ਹਨ, ਜਿਵੇਂ ਕਿ ਡੱਚ ਤੋਂ ਆਇਆ ਅਫ਼ਰੀਕਾਨਸ ਦਾ "hallo" ਹੋਵੇ ਜਾਂ ਵਿੱਚ ਟੀਟਮ ਭਾਸ਼ਾ ਦਾ "óla", ਜੋ ਟਿਮੋਰ-ਲੇਸਤੇ ਵਿੱਚ ਪੁਰਤਗਾਲੀ ਪ੍ਰਭਾਵ ਦੀ ਯਾਦ ਦਿਵਾਉਂਦਾ ਹੈ। ਅਜਿਹੇ ਕਈ ਸ਼ਬਦ ਜਾਣ-ਪਛਾਣ ਅਤੇ ਪਛਾਣ-ਚਿੰਨ੍ਹ ਦੋਹਾਂ ਵਜੋਂ ਕੰਮ ਕਰਦੇ ਨਜ਼ਰ ਆਉਂਦੇ ਹਨ। ਪਰ ਪ੍ਰੋਫੈਸਰ ਦੁਰਾਂਤੀ ਕਹਿੰਦੇ ਹਨ ਕਿ ਇਹ ਇੰਨੀ ਸੌਖੀ ਚੀਜ਼ ਨਹੀਂ।

ਉਨ੍ਹਾਂ ਬੀਬੀਸੀ ਨੂੰ ਦੱਸਿਆ, "ਕਿਸੇ ਖ਼ਾਸ ਸਲਾਮ/ਨਮਸਤੇ ਦੀ ਵਰਤੋਂ ਤੋਂ ਸਿੱਧਾ ਕਿਸੇ ਕੌਮੀ ਚਰਿੱਤਰ ਤੱਕ ਪਹੁੰਚਣਾ ਔਖਾ ਹੈ, ਭਾਵੇਂ ਇਹ ਲੁਭਾਉਣ ਵਾਲਾ ਹੀ ਕਿਉਂ ਨਾ ਲੱਗਦਾ ਹੋਵੇ।"

ਦੁਰਾਂਤੀ ਦੇ ਮੁਤਾਬਕ, ਬਦਲ ਵਾਲੇ ਜਾਂ ਦੂਜੇ ਦਰਜੇ ਦੇ ਸਲਾਮ/ਨਮਸਤੇ ਹੋਰ ਵਧੀਆ ਸੰਕੇਤ ਦੇ ਸਕਦੇ ਹਨ। "ਅੰਗਰੇਜ਼ੀ ਵਿੱਚ, 'ਹਾਓ ਆਰ ਯੂ?' ਦੀ ਵਰਤੋਂ ਆਮ ਹੈ, ਜਿਸ ਵਿੱਚ ਲੋਕਾਂ ਦੀ ਭਲਾਈ ਵਿੱਚ ਦਿਲਚਸਪੀ ਸਾਫ਼ ਨਜ਼ਰ ਆਉਂਦੀ ਹੈ।"

ਉਹ ਅੱਗੇ ਕਹਿੰਦੇ ਹਨ, ਕੁਝ ਪੋਲੀਨੇਸ਼ੀਅਨ ਸਮਾਜਾਂ ਵਿੱਚ ਸਲਾਮ/ਨਮਸਤੇ ਸਿਰਫ਼ ਸ਼ਬਦ-ਬ-ਸ਼ਬਦ "hello" ਨਹੀਂ ਹੁੰਦਾ, ਬਲਕਿ ਕਿਸੇ ਦੇ ਯੋਜਨਾਵਾਂ ਜਾਂ ਆਉਣ-ਜਾਣ ਬਾਰੇ ਪੁੱਛਣਾ ਹੁੰਦਾ ਹੈ - ਜਿਵੇਂ ਕਿ ਸਿੱਧਾ ਪੁੱਛਣਾ ਕਿ "ਤੁਸੀਂ ਕਿੱਥੇ ਜਾ ਰਹੇ ਹੋ?" ਗ੍ਰੀਕ ਭਾਸ਼ਾ ਵਿੱਚ ਇਸ ਦੇ ਲਈ, "Γειά σου" (ਉਚਾਰਣ - "ਯਾ-ਸੂ") ਇੱਕ ਆਮ ਗੈਰ-ਰਸਮੀ ਸਲਾਮ/ਨਮਸਤੇ ਹੈ, ਜੋ ਸਧਾਰਨ ਸਲਾਮ/ਨਮਸਤੇ ਦੀ ਬਜਾਏ ਸਿਹਤਯਾਬੀ ਦੀ ਕਾਮਨਾ ਕਰਦਾ ਹੈ। ਇਹ "ਅਲਵਿਦਾ" ਲਈ ਵੀ ਵਰਤਿਆ ਜਾ ਸਕਦਾ ਹੈ।

ਹੋਰ ਭਾਸ਼ਾਵਾਂ ਵੀ ਅਬਸਟਰੈਕਟ ਕਾਨਸੈਪਟਸ ਨੂੰ ਬਹੁ-ਅਰਥੀ ਗ੍ਰੀਟਿੰਗਸ (ਸਲੈਮ/ਨਮਸਤੇ) ਵਿੱਚ ਬਦਲ ਦਿੰਦੀਆਂ ਹਨ, ਜੋ "ਹਾਇ" ਅਤੇ "ਬਾਇ" ਦੋਹਾਂ ਲਈ ਵਰਤੇ ਜਾਂਦੇ ਹਨ।

"Ciao" (ਚਾਓ) ਵੇਨੇਸ਼ੀਅਨ ਬੋਲੀ ਦੇ ਇੱਕ ਵਾਕ ਤੋਂ ਆਇਆ ਹੈ, ਜਿਸ ਦਾ ਅਰਥ ਹੈ "ਤੁਹਾਡੀ ਸੇਵਾ ਵਿੱਚ", ਅਤੇ ਫਰਾਂਸੀਸੀ "salut" (ਸੈਲਯੂ) ਇੱਕ ਗੈਰ-ਰਸਮੀ ਅਭਿਵਾਦਨ ਹੈ ਜੋ ਮਿਲਣ ਅਤੇ ਵਿਦਾ ਲੈਣ ਦੋਹਾਂ ਸਮੇਂ ਵਰਤਿਆ ਜਾਂਦਾ ਹੈ। ਇਸੇ ਤਰ੍ਹਾਂ, ਹਵਾਈ ਦਾ "aloha" (ਅਲੋਹਾ) ਪਿਆਰ ਜਾਂ ਕਰੁਣਾ ਪ੍ਰਗਟ ਕਰ ਸਕਦਾ ਹੈ, ਅਤੇ ਹਿਬਰੂ ਦਾ "shalom" (ਸ਼ਾਲੋਮ) ਸ਼ਾਂਤੀ ਜਾਂ ਪੂਰਨਤਾ ਪਗਰਤਾਉਂਦਾ ਹੈ। ਫਿਰ ਵੀ, ਦੁਰਾਂਤੀ ਚੇਤਾਵਨੀ ਦਿੰਦੇ ਹਨ ਕਿ ਇਨ੍ਹਾਂ ਭਾਵਨਾ ਭਰੀਆਂ ਉਦਾਹਰਣਾਂ ਨੂੰ ਵੀ ਕੌਮੀ ਚਰਿੱਤਰ ਦੇ ਸਪਸ਼ਟ ਸੰਕੇਤ ਵਜੋਂ ਨਹੀਂ ਦੇਖਣਾ ਚਾਹੀਦਾ।

ਉਹ ਸਮਝਾਉਂਦੇ ਹਨ, "ਮੈਂ ਇਸ ਕਿਸਮ ਦੇ ਸੰਬੰਧ ਬਣਾਉਣ ਵਿੱਚ ਸਾਵਧਾਨੀ ਵਰਤਾਂਗਾ, ਖ਼ਾਸ ਕਰਕੇ ਇਸਦੀ ਅਰਥ ਬਾਰੇ: ਸਿਹਤ, ਬਨਾਮ ਸੰਵੇਦਨਾ ਬਨਾਮ ਟਿਕਾਣਾ। ਪਰ ਗਰੀਟਿੰਗਜ਼ (ਅਭਿਵਾਦਨ) ਦਾ ਇੱਕ ਪੱਖ ਅਜਿਹਾ ਵੀ ਹੁੰਦਾ ਹੈ ਜੋ ਕਿਸੇ ਸਮਾਜ ਦੀ ਸਮਾਜਿਕ ਬਣਤਰ ਪ੍ਰਤੀ ਸੰਵੇਦਨਸ਼ੀਲ ਹੁੰਦਾ ਹੈ, ਅਤੇ ਉਹ ਇਹ ਹੈ ਕਿ - ਬਰਾਬਰੀ ਵਾਲੇ ਲੋਕ ਇਕ-ਦੂਜੇ ਨੂੰ ਵੱਖਰੇ ਢੰਗ ਨਾਲ ਸਲਾਮ/ਨਮਸਤੇ ਕਰਦੇ ਹਨ, ਬਜਾਏ ਕਿ ਵੱਖ-ਵੱਖ ਦਰਜੇ ਵਾਲੇ ਲੋਕਾਂ ਦੇ।"

''ਬਲਕਿ ਇਸ ਤਰ੍ਹਾਂ ਨਾਲ ਅਭਿਵਾਦਨ ਵਾਲੇ ਸ਼ਬਦ, ਲੋਕਾਂ ਵਿਚਕਾਰ ਨੇੜਤਾ ਜਾਂ ਸਮਾਜਿਕ ਦੂਰੀ ਦੇ ਪੱਧਰ ਵੀ ਨਿਰਧਾਰਤ ਕਰਦੇ ਨਜ਼ਰ ਆਉਂਦੇ ਹਨ।''

ਉਹ ਕਹਿੰਦੇ ਹਨ ਕਿ ਇਸ ਮਾਅਨੇ ਵਿੱਚ ਸਲਾਮ/ਨਮਸਤੇ ਚੁੰਬਕਾਂ ਵਾਂਗ ਹੁੰਦੇ ਹਨ — ਜੋ ਪੂਰੀ ਦ੍ਰਿੜਤਾ ਨਾਲ ਦੱਸਦੇ ਹਨ ਕਿ ਅਸੀਂ ਕੌਣ ਹਾਂ, ਅਤੇ ਉਨ੍ਹਾਂ ਲੋਕਾਂ ਨੂੰ ਆਪਣੇ ਵੱਲ ਖਿੱਚਦੇ ਹਨ ਜਿਨ੍ਹਾਂ ਨਾਲ ਅਸੀਂ ਜੁੜਨਾ ਚਾਹੁੰਦੇ ਹਾਂ।

ਡਿਜ਼ੀਟਲ ਯੁੱਗ ਵਿੱਚ ਹੈਲੋ

ਜੇ ਸਲਾਮ/ਨਮਸਤੇ ਜਾਂ ਆਮ ਭਾਸ਼ਾ ਵਿੱਚ ਕਹੀਏ ਕਿ ਗ੍ਰੀਟਿੰਗਜ਼ ਵਾਲੇ ਸ਼ਬਦ ਸਮਾਜਿਕ ਚੁੰਬਕ ਵਾਂਗ ਕੰਮ ਕਰਦੇ ਹਨ ਤਾਂ ਤਕਨਾਲੋਜੀ ਨੇ ਚੁੱਪਚਾਪ ਉਨ੍ਹਾਂ ਦੀ ਖਿੱਚ ਨੂੰ ਬਦਲ ਦਿੱਤਾ ਹੈ। ਪਿਛਲੇ ਕੁਝ ਦਹਾਕਿਆਂ ਦੌਰਾਨ, ਈਮੇਲ, ਟੈਕਸ ਮੈਸੇਜ ਅਤੇ ਸੋਸ਼ਲ ਮੀਡੀਆ ਦੇ ਉਭਾਰ ਨੇ ਨਾ ਸਿਰਫ਼ ਇਹ ਬਦਲਿਆ ਹੈ ਕਿ ਅਸੀਂ "hello" ਕਿੰਨੀ ਵਾਰ ਕਹਿੰਦੇ ਹਾਂ, ਬਲਕਿ ਇਹ ਵੀ ਕਿ ਅਸੀਂ ਕਿ ਅਸੀਂ ਇਸ ਦੀ ਥਾਂ ਹੋਰ ਕੀ ਵਰਤਦੇ ਹਾਂ — ਜਾਂ ਅਸੀਂ ਇਸ ਨੂੰ ਵਰਤਦੇ ਵੀ ਹਾਂ ਜਾਂ ਨਹੀਂ।

ਐਡਿਨਬਰਗ ਯੂਨੀਵਰਸਿਟੀ ਵਿੱਚ ਭਾਸ਼ਾਵਿਗਿਆਨ ਅਤੇ ਅੰਗਰੇਜ਼ੀ ਭਾਸ਼ਾ ਦੇ ਸੀਨੀਅਰ ਲੈਕਚਰਾਰ ਕ੍ਰਿਸਚਨ ਇਲਬਰੀ ਕਹਿੰਦੇ ਹਨ, "ਜੇ ਤੁਸੀਂ ਵ੍ਹਟਸਐਪ ਬਾਰੇ ਸੋਚੋ ਤਾਂ ਅਸੀਂ ਅਸਲ ਵਿੱਚ ਹਮੇਸ਼ਾ ਗੱਲਬਾਤ ਦੇ ਪ੍ਰੋਸੈਸ ਵਿੱਚ ਰਹਿੰਦੇ ਹਾਂ - ਅਸੀਂ ਹਮੇਸ਼ਾ ਆਨਲਾਈਨ ਹੁੰਦੇ ਹਾਂ।"

"ਜਦੋਂ ਕੋਈ ਤੁਹਾਨੂੰ ਪੁੱਛਦਾ ਹੈ ਕਿ ਤੁਹਾਡਾ ਦਿਨ ਕਿਵੇਂ ਰਿਹਾ ਜਾਂ ਤੁਸੀਂ ਖਾਣੇ ਲਈ ਸਮੇਂ 'ਤੇ ਪਹੁੰਚੋਗੇ ਜਾਂ ਨਹੀਂ, ਤਾਂ ਹਰ ਵਾਰ ਪਹਿਲਾਂ 'hello' ਕਹਿਣ ਦੀ ਲੋੜ ਨਹੀਂ ਹੁੰਦੀ, ਕਿਉਂਕਿ ਸੰਭਾਵਨਾ ਘੱਟ ਹੀ ਹੁੰਦੀ ਹੈ ਕਿ ਪਿਛਲਾ ਸੁਨੇਹਾ 'bye' ਨਾਲ ਖਤਮ ਹੋਇਆ ਹੋਵੇ।"

ਟੈਸਟ ਮੈਸਜ-ਅਧਾਰਿਤ ਇਸ ਹਮੇਸ਼ਾ ਚਾਲੂ ਦੁਨੀਆ ਵਿੱਚ, ਸਲਾਮ/ਨਮਸਤੇ ਖ਼ਾਸ ਤੌਰ 'ਤੇ ਬਦਲਾਅ ਲਈ ਸੰਵੇਦਨਸ਼ੀਲ ਸਾਬਤ ਹੋਏ ਹਨ, ਕਿਉਂਕਿ ਇਹ ਬਹੁਤ ਵਾਰ ਵਰਤੇ ਜਾਂਦੇ ਹਨ, ਇਸ ਲਈ ਉਨ੍ਹਾਂ ਦਾ ਵਿਕਾਸ ਬਹੁਤ ਤੇਜ਼ ਹੋ ਗਿਆ ਹੈ।

ਇਲਬਰੀ ਨੇ ਡਿਜ਼ੀਟਲ ਭਾਸ਼ਾ 'ਤੇ ਆਪਣੇ ਅਧਿਐਨਾਂ ਦੌਰਾਨ "hello" ਦੀਆਂ ਕਈ ਗੈਰ-ਮਿਆਰੀ ਅਤੇ ਰਚਨਾਤਮਕ ਸਪੈਲਿੰਗਾਂ ਦੀ ਪਛਾਣ ਕੀਤੀ ਹੈ, ਜਿਵੇਂ "hellooooo" ਅਤੇ "hiiiiiii" ਤੋਂ ਲੈ ਕੇ "heyyyyy" ਤੱਕ। ਹਾਲਾਂਕਿ ਤਕਨਾਲੋਜੀ ਨੇ ਅਜਿਹੇ ਸ਼ਬਦਾਂ ਨੂੰ ਇਸ ਤਰ੍ਹਾਂ ਖਿੱਚ ਕੇ ਲਿਖਣਾ ਸਾਡੇ ਲਈ ਸੌਖਾ ਬਣਾ ਦਿੱਤਾ ਹੈ, ਇਲਬਰੀ ਕਹਿੰਦੇ ਹਨ ਕਿ ਅੱਜਕੱਲ੍ਹ ਦੇ ਜ਼ਿਆਦਾਤਰ ਅਭਿਵਾਦਨ (ਸਲੈਮ/ਨਮਸਤੇ) ਛੋਟੇ, ਸਟੀਕ ਅਤੇ ਸੰਖੇਪ ਹੁੰਦੇ ਹਨ।

ਇਲਬਰੀ ਕਹਿੰਦੇ ਹਨ, "ਸਭ ਤੋਂ ਸਪਸ਼ਟ ਗੱਲ ਇਹ ਹੈ ਕਿ ਲੋਕ ਹੁਣ ਕਈ ਵਾਰ 'ਹੈਲੋ' ਸ਼ਬਦ ਦੀ ਥਾਂ ਹੱਥ ਹਿਲਾਉਣ ਵਾਲਾ ਇਮੋਜੀ ਵਰਤਦੇ ਹਨ। ਪਰ ਤਕਨਾਲੋਜੀ ਹਮੇਸ਼ਾ ਤੋਂ ਹੀ ਭਾਸ਼ਾ ਵਿੱਚ ਬਦਲਾਅ ਲਈ ਯੋਗਦਾਨ ਪਾਉਂਦੀ ਆਈ ਹੈ। ਹੁਣ ਅਸੀਂ ਚੀਜ਼ਾਂ ਨੂੰ 'ਗੂਗਲ' ਕਰਦੇ ਹਾਂ ਅਤੇ ਲੋਕਾਂ ਨੂੰ 'ਅਨਫ੍ਰੈਂਡ' ਕਰਦੇ ਹਾਂ। ਕਿਸੇ ਵੀ ਵੱਡੀ ਖੋਜ ਵਾਂਗ ਜਿਵੇਂ ਕਿ ਏਆਈ, ਸਾਨੂੰ ਉਸ ਸਰੋਤ ਤੋਂ ਕੁਝ ਨਵੀਂ ਸ਼ਬਦਾਵਲੀ ਮਿਲਣੀ ਹੀ ਹੈ।"

ਕਈ ਮਾਅਨਿਆਂ ਵਿੱਚ, ਇਹ 19ਵੀਂ ਸਦੀ ਦੀ ਸ਼ੁਰੂਆਤ ਵਿੱਚ "ਹੈਲੋ" ਦੀ ਅਸਥਿਰਤਾ ਨੂੰ ਦਰਸਾਉਂਦਾ ਹੈ, ਜਦੋਂ ਇਹ (ਅਭਿਵਾਦਨ) ਬੋਲਣ ਵੇਲੇ ਸ਼ਾਇਦ ਹਮੇਸ਼ਾ ਇੱਕੋ-ਜਿਹਾ ਲੱਗਦਾ ਸੀ, ਪਰ ਲਿਖਣ ਵੇਲੇ ਇਸ ਦੀ ਸਪੈਲਿੰਗ ਵਿੱਚ ਬਹੁਤ ਫਰਕ ਹੁੰਦਾ ਸੀ। ਅਭਿਵਾਦਨਾਂ ਨੂੰ ਛੋਟਾ ਕਰਕੇ ਜਾਂ ਉਹਨਾਂ ਦੀ ਥਾਂ ਆਇਕਨ ਅਤੇ ਸ਼ਾਰਟ ਫਾਰਮ ਵਰਤ ਕੇ ਇਹ ਸਪਸ਼ਟ ਹੋ ਜਾਂਦਾ ਹੈ ਕਿ ਅਜਿਹੇ ਅਭਿਵਾਦਨ ਓਨੇ ਹੀ ਬਦਲਦੇ ਰਹਿੰਦੇ ਹਨ, ਜਿੰਨੇ ਉਹ 1826 ਵਿੱਚ 'ਦਿ ਨੌਰਵਿਚ ਕੂਰੀਅਰ ਵੱਲੋਂ ਆਪਣੀ ਇਤਿਹਾਸਕ ਭਾਸ਼ਾਈ ਚੋਣ ਕਰਨ ਤੋਂ ਪਹਿਲਾਂ ਸਨ।

ਪਰ ਆਪਣੇ ਕਥਿਤ ਸਟੈਂਡਰਡ ਰੂਪ ਦੇ ਬਾਵਜੂਦ, "ਹੈਲੋ" ਕਦੇ ਵੀ ਵਾਕਈ ਸਥਿਰ ਨਹੀਂ ਰਿਹਾ। ਇਸ ਤੋਂ ਪਹਿਲਾਂ ਕਿ ਇਹ (ਥੋੜ੍ਹੇ ਸਮੇਂ ਲਈ ਹੀ ਸਹੀ) ਇੱਕ ਮਾਨਤਾ ਪ੍ਰਾਪਤ ਸਪੈਲਿੰਗ ਅਤੇ ਵਰਤੋਂ ਵਿੱਚ ਆ ਸਕੇ, ਇਹ ਇੱਕ ਚੀਖ, ਇੱਕ ਸੱਦਾ, ਧਿਆਨ ਖਿੱਚਣ ਦਾ ਇੱਕ ਤਰੀਕਾ ਸੀ।

ਛਪਾਈ ਵਿੱਚ ਆਉਣ ਤੋਂ ਦੋ ਸਦੀਆਂ ਬਾਅਦ ਇਹ (ਸ਼ਬਦ/ਅਭਿਵਾਦਨ) ਇੱਕ ਵਾਰ ਫਿਰ ਖਿੱਚਿਆ ਜਾ ਰਿਹਾ ਹੈ, ਛੋਟਾ ਕੀਤਾ ਜਾ ਰਿਹਾ ਹੈ, ਬਦਲਿਆ ਜਾ ਰਿਹਾ ਹੈ ਜਾਂ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਫਿਰ ਵੀ, ਚਾਹੇ ਇਹ ਉੱਚੀ ਆਵਾਜ਼ ਵਿੱਚ ਕਿਹਾ ਜਾਵੇ, ਸ਼ਾਰਟ ਫਾਰਮ 'ਚ ਟਾਈਪ ਕੀਤਾ ਜਾਵੇ, ਜਾਂ ਸਕਰੀਨ 'ਤੇ ਇੱਕ ਛੋਟੇ ਜਿਹੇ ਹੱਥ ਹਿਲਾਉਣ ਵਾਲੇ ਆਇਕਨ ਵਿੱਚ ਬਦਲ ਦਿੱਤਾ ਜਾਵੇ, ਇਸ ਦੇ ਪਿੱਛੇ ਦੀ ਭਾਵਨਾ ਉਹੀ ਰਹਿੰਦੀ ਹੈ - ਪਛਾਣ ਦਾ ਇੱਕ ਕੰਮ, ਆਪਣੀ ਮੌਜੂਦਗੀ ਦਾ ਐਲਾਨ ਕਰਨਾ ਅਤੇ ਚਾਹੇ ਕਿੰਨੇ ਵੀ ਹਲਕੇ-ਫੁਲਕੇ ਢੰਗ ਨਾਲ ਹੋਵੇ... ਬਦਲੇ ਵਿੱਚ ਪਛਾਣੇ ਜਾਣ ਦੀ ਬੇਨਤੀ ਕਰਨਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)