You’re viewing a text-only version of this website that uses less data. View the main version of the website including all images and videos.
ਭਾਰਤ ਵਿੱਚ ਮਿਲਣ ਵਾਲੇ 4 ਸਭ ਤੋਂ ਖ਼ਤਰਨਾਕ ਜ਼ਹਿਰੀਲੇ ਸੱਪ ਕਿਹੜੇ ਹਨ, ਜੇ ਇਨ੍ਹਾਂ ਨਾਲ ਤੁਹਾਡਾ ਸਾਹਮਣਾ ਹੋ ਜਾਵੇ ਤਾਂ ਕਿਵੇਂ ਪਛਾਣੋਗੇ
- ਲੇਖਕ, ਕੇ. ਸੁਭਾਗੁਣਮ
- ਰੋਲ, ਬੀਬੀਸੀ ਤਮਿਲ
ਭਾਰਤ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਸੱਪ ਦੇ ਡੰਗਣ ਦੀਆਂ ਘਟਨਾਵਾਂ ਸਭ ਤੋਂ ਵੱਧ ਹੁੰਦੀਆਂ ਹਨ। ਭਾਰਤ ਵਿੱਚ ਹਰ ਸਾਲ ਸੱਪ ਦੇ ਡੰਗ ਮਾਰਨ ਕਾਰਨ ਹਜ਼ਾਰਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ।
ਯੂਨੀਵਰਸਲ ਸਨੇਕਬਾਈਟ ਰਿਸਰਚ ਇੰਸਟੀਚਿਊਟ ਦੇ ਸੰਸਥਾਪਕ ਅਤੇ ਪ੍ਰਿੰਸਿਪਲ ਸਾਇੰਟਿਸਟ ਡਾਕਟਰ ਐਨ ਐਸ ਮਨੋਜ ਕਹਿੰਦੇ ਹਨ, "ਤਮਿਲਨਾਡੂ ਵਿੱਚ ਲਗਭਗ 95% ਸੱਪ ਡੰਗਣ ਦੀਆਂ ਘਟਨਾਵਾਂ ਬਿਨਾਂ ਜ਼ਹਿਰ ਵਾਲੇ ਸੱਪਾਂ ਕਾਰਨ ਹੁੰਦੀਆਂ ਹਨ। ਬਾਕੀ 5% ਮਾਮਲੇ ਜ਼ਿਆਦਾਤਰ ਚਾਰ ਕਿਸਮਾਂ ਦੇ ਜ਼ਹਿਰੀਲੇ ਸੱਪਾਂ - ਰਸਲਜ਼ ਵਾਈਪਰ, ਕੋਬਰਾ, ਸਾਅ-ਸਕੇਲਡ ਵਾਈਪਰ, ਅਤੇ ਕਾਮਨ ਕਰੇਟ ਕਾਰਨ ਹੁੰਦੇ ਹਨ।"
ਪਿਛਲੇ ਨੌਂ ਸਾਲਾਂ ਤੋਂ ਸੱਪ ਬਚਾਅ ਅਤੇ ਰਿਸਰਚ ਨਾਲ ਜੁੜੇ ਹੋਏ ਅਤੇ ਮਦੁਰੈ ਦੇ ਰਹਿਣ ਵਾਲੇ ਸੈਮਸਨ ਕ੍ਰਿਪਾਕਰਨ ਕਹਿੰਦੇ ਹਨ ਕਿ "ਕਿਉਂਕਿ ਜ਼ਹਿਰੀਲੇ ਅਤੇ ਬਿਨਾਂ ਜ਼ਹਿਰ ਵਾਲੇ ਸੱਪਾਂ ਵਿੱਚ ਫ਼ਰਕ ਕਰਨਾ ਔਖਾ ਹੁੰਦਾ ਹੈ, ਲੋਕ ਅਕਸਰ ਇਹ ਮੰਨ ਕੇ ਲਾਪਰਵਾਹੀ ਕਰ ਬੈਠਦੇ ਹਨ ਕਿ ਇਹ ਬਿਨਾਂ ਜ਼ਹਿਰ ਵਾਲੇ ਹਨ, ਜਿਸ ਕਾਰਨ ਜਾਨਲੇਵਾ ਸੱਪ ਡੰਗਣ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ।''
ਇਸ ਲਈ ਮਾਹਰਾਂ ਦੀ ਆਮ ਰਾਇ ਇਹ ਹੈ ਕਿ ਜੇ ਜ਼ਹਿਰੀਲੇ ਸੱਪਾਂ ਨੂੰ ਪਛਾਣਿਆ ਜਾ ਸਕੇ ਤਾਂ ਸੱਪ ਅਤੇ ਇਨਸਾਨ ਦੇ ਆਹਮੋ-ਸਾਹਮਣੇ ਹੋਣ 'ਤੇ ਹੋਣ ਵਾਲੇ ਹਾਦਸਿਆਂ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ।
ਆਓ ਜਾਣਦੇ ਹਾਂ ਭਾਰਤ 'ਚ ਸਭ ਤੋਂ ਵੱਧ ਮੌਤਾਂ ਲਈ ਜ਼ਿੰਮੇਵਾਰ ਮੰਨੇ ਜਾਂਦੇ 'ਬਿਗ 4' ਸੱਪਾਂ ਦੇ ਬਾਰੇ। ਨਾਲ ਹੀ ਉਨ੍ਹਾਂ ਖ਼ਤਰਨਾਕ ਜ਼ਹਿਰੀਲੇ ਸੱਪਾਂ ਦੇ ਨਾਮ ਅਤੇ ਸਰੀਰਕ ਬਣਤਰ ਦੀਆਂ ਕੁਝ ਮਹੱਤਵਪੂਰਨ ਵਿਸ਼ੇਸ਼ਤਾਵਾਂ ਬਾਰੇ ਵੀ ਗੱਲ ਕਰਾਂਗੇ ਤਾਂ ਜੋ ਉਨ੍ਹਾਂ ਨੂੰ ਵੇਖਦੇ ਹੀ ਆਸਾਨੀ ਨਾਲ ਪਛਾਣਨ ਵਿੱਚ ਮਦਦ ਮਿਲ ਸਕੇ।
ਕੋਬਰਾ ਨੂੰ ਦੇਖ ਕੇ ਕਿਵੇਂ ਪਛਾਣੀਏ?
ਸਾਡੇ ਵਿੱਚੋਂ ਬਹੁਤ ਸਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਜਿਵੇਂ ਹੀ ਅਸੀਂ ਕਿਸੇ ਸੱਪ ਨੂੰ ਵੇਖਦੇ ਹਾਂ ਤਾਂ ਉਹ ਆਪਣਾ ਫਣ ਫੈਲਾਅ ਲੈਂਦਾ ਹੈ।
ਸੈਮਸਨ ਸਮਝਾਉਂਦੇ ਹਨ, “ਜਦੋਂ ਉਹ ਡਰ ਜਾਂ ਗੁੱਸੇ ਵਿੱਚ ਹੁੰਦਾ ਹੈ ਤਾਂ "ਸਾਹਮਣੇ ਵੱਲ ਦੋ ਵੱਡੇ ਕਾਲੇ ਧੱਬੇ ਹੁੰਦੇ ਹਨ। ਪਿੱਠ ਵੱਲ ਵੀ ਇਸੇ ਤਰ੍ਹਾਂ ਦਾ ਇੱਕ ਕਾਲਾ ਧੱਬਾ ਹੁੰਦਾ ਹੈ, ਨਾਲ ਹੀ ਇੱਕ ਭੂਰੇ ਰੰਗ ਦਾ 'V' ਆਕਾਰ ਹੁੰਦਾ ਹੈ।''
ਡਾਕਟਰ ਮਨੋਜ ਕਹਿੰਦੇ ਹਨ, “ਇਸ ਤੋਂ ਇਲਾਵਾ ਇੱਕ ਅਸਲੀ ਕੋਬਰਾ ਦੀਆਂ ਅੱਖਾਂ ਪੂਰੀ ਤਰ੍ਹਾਂ ਕਾਲੀਆਂ ਹੁੰਦੀਆਂ ਹਨ। ਉਨ੍ਹਾਂ ਅੱਖਾਂ ਦੇ ਹੇਠਾਂ ਇੱਕ ਪਤਲੀ, ਗੂੜ੍ਹੇ ਰੰਗ ਦੀ ਲਕੀਰ ਹੁੰਦੀ ਹੈ, ਜੋ ਫੈਲੀ ਹੋਈ ਪਲਕ ਵਾਂਗ ਦਿਖਾਈ ਦਿੰਦੀ ਹੈ।''
ਉਹ ਕਹਿੰਦੇ ਹਨ ਕਿ ਬਹੁਤ ਸਾਰੇ ਲੋਕ ਅਕਸਰ ਰੈਟ ਸਨੇਕ ਨੂੰ ਕੋਬਰਾ ਸਮਝ ਲੈਂਦੇ ਹਨ। ਇਸ ਤਰ੍ਹਾਂ ਦੇ ਭੁਲੇਖੇ ਤੋਂ ਬਚਣ ਲਈ ਇਸ ਸੱਪ ਦੀਆਂ ਅੱਖਾਂ ਬਾਰੇ ਜਾਣਕਾਰੀ ਮਦਦਗਾਰ ਹੋ ਸਕਦੀ ਹੈ।
ਉਹ ਕਹਿੰਦੇ ਹਨ ਕਿ "ਰੈਟ ਸਨੇਕ ਦੀ ਅੱਖ ਵਿੱਚ ਦੋ ਰੰਗ ਹੁੰਦੇ ਹਨ। ਕਾਲੀ ਪੁਤਲੀ 'ਤੇ ਸੁਨਹਿਰੀ ਕਿਨਾਰੇ। ਜਦਕਿ ਕੋਬਰਾ ਦੀਆਂ ਅੱਖਾਂ ਬਿਲਕੁਲ ਕਾਲੀਆਂ ਹੁੰਦੀਆਂ ਹਨ।"
ਸੈਮਸਨ ਨੇ ਸਮਝਾਇਆ ਕਿ "ਇੱਕ ਕੋਬਰਾ ਦਾ ਸਰੀਰ ਸਿਰ ਤੋਂ ਗਰਦਨ ਤੱਕ ਮੋਟਾਈ ਵਿੱਚ ਮੁਕਾਬਲਤਨ ਇਕਸਾਰ ਰਹਿੰਦਾ ਹੈ ਜਦਕਿ ਰੈਟ ਸਨੇਕ ਦਾ ਸਿਰ ਵੱਡਾ, ਗਰਦਨ ਛੋਟੀ ਅਤੇ ਸਰੀਰ ਮੋਟਾ ਹੁੰਦਾ ਹੈ। ਕੋਬਰਾ ਦਾ ਰੰਗ ਅਕਸਰ ਇਕਸਾਰ ਭੂਰਾ ਹੁੰਦਾ ਹੈ, ਜਦਕਿ ਰੈਟ ਸਨੇਕ ਦਾ ਸਰੀਰ ਪੀਲੇ, ਭੂਰੇ ਅਤੇ ਸਲੇਟੀ ਰੰਗਾਂ ਦਾ ਹੋ ਸਕਦਾ ਹੈ। ਇਸ ਤਰੀਕੇ ਨਾਲ ਉਨ੍ਹਾਂ ਨੂੰ ਪਛਾਣਿਆ ਜਾ ਸਕਦਾ ਹੈ।''
ਇਸ ਤੋਂ ਇਲਾਵਾ, ਸਟ੍ਰੀਕਡ ਕੁਕਰੀ ਸੱਪ ਦੀ ਇੱਕ ਬਿਨਾਂ ਜ਼ਹਿਰ ਵਾਲੀ ਪ੍ਰਜਾਤੀ ਨੂੰ ਵੀ ਅਕਸਰ ਕੋਬਰਾ ਸਮਝ ਲਿਆ ਜਾਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਸਟ੍ਰੀਕਡ ਕੁਕਰੀ ਸੱਪ ਦੇ ਸਿਰ 'ਤੇ ਵੀ ਫਣ ਵਰਗਾ ਆਕਾਰ ਹੁੰਦਾ ਹੈ। ਹਾਲਾਂਕਿ, ਸੈਮਸਨ ਕਹਿੰਦੇ ਹਨ ਕਿ ਇਹ ਆਕਾਰ ਕੋਬਰਾ ਦੇ ਫਣ ਤੋਂ ਬਿਲਕੁਲ ਵੱਖਰਾ ਹੁੰਦਾ ਹੈ।
ਇਸ ਤੋਂ ਇਲਾਵਾ, ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਮੋਨੋਕਲਡ ਕੋਬਰਾ ਪਾਇਆ ਜਾਂਦਾ ਹੈ ਜਿਸ 'ਤੇ V ਪੈਟਰਨ ਦੀ ਬਜਾਏ ਗੋਲਾਕਾਰ ਕਾਲਾ ਆਕਾਰ ਹੁੰਦਾ ਹੈ।
ਇੰਡੀਅਨ ਕਰੇਟ ਦੀ ਪਛਾਣ ਕਿਵੇਂ ਕਰੀਏ?
ਇੰਡੀਅਨ ਕਰੇਟ ਦੀ ਸਭ ਤੋਂ ਵਿਲੱਖਣ ਚੀਜ਼ ਹੈ ਉਨ੍ਹਾਂ ਦੀ ਜੀਭ।
ਬੈਂਡਡ ਵਾਈਪਰ ਬਾਰੇ ਡਾਕਟਰ ਮਨੋਜ ਕਹਿੰਦੇ ਹਨ ਕਿ ਜਿੱਥੇ ''ਹੋਰ ਸੱਪਾਂ ਦੀ ਜੀਭ ਆਮ ਤੌਰ 'ਤੇ ਕਾਲੀ ਹੁੰਦੀ ਹੈ, ਉੱਥੇ ਸਿਰਫ਼ ਇਸ ਸੱਪ ਦੀ ਜੀਭ ਗੁਲਾਬੀ ਹੁੰਦੀ ਹੈ।''
ਸੈਮਸਨ ਕਹਿੰਦੇ ਹਨ ਕਿ ਹੋਰ ਸੱਪਾਂ ਦੇ ਮੁਕਾਬਲੇ ਇਸ ਦੀ ਬਣਤਰ ਕੁਝ ਅਲੱਗ ਹੁੰਦੀ ਹੈ। "ਇੰਡੀਅਨ ਕਰੇਟ ਦਾ ਸਰੀਰ ਪੂਰੀ ਤਰ੍ਹਾਂ ਗੂੜ੍ਹਾ ਕਾਲਾ ਅਤੇ ਚਮਕਦਾਰ ਹੁੰਦਾ ਹੈ।"
ਉਹ ਅੱਗੇ ਦੱਸਦੇ ਹਨ ਕਿ "ਇਨ੍ਹਾਂ ਦੇ ਸਰੀਰ 'ਤੇ '=' ਦੇ ਨਿਸ਼ਾਨ ਵਰਗੀਆਂ ਚਿੱਟੀਆਂ ਜਿਹੀਆਂ ਪਤਲੀਆਂ ਸਮਾਂਤਰ ਲਕੀਰਾਂ ਹੁੰਦੀਆਂ ਹਨ। ਇਹ ਲਕੀਰਾਂ ਗਰਦਨ ਤੋਂ ਪੂੰਛ ਤੱਕ ਹੁੰਦੀਆਂ ਹਨ ਪਰ ਸਿਰ 'ਤੇ ਨਹੀਂ ਹੁੰਦੀਆਂ।"
ਸੈਮਸਨ ਨੇ ਦੱਸਿਆ ਕਿ ਕਈ ਵਾਰ ਜੇ ਸੱਪ ਕੰਜ ਬਦਲਣ ਵਾਲੀ ਅਵਸਥਾ ਵਿੱਚ ਹੋਵੇ ਤਾਂ ਇਹ ਲਕੀਰਾਂ ਸਾਫ਼ ਦਿਖਾਈ ਨਹੀਂ ਦਿੰਦੀਆਂ। ਅਜਿਹੀ ਸਥਿਤੀ ਵਿੱਚ, "ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਗੂੜ੍ਹੇ ਕਾਲੇ ਚਮਕਦਾਰ ਰੰਗ ਨਾਲ ਪਛਾਣ ਸਕਦੇ ਹੋ।"
ਸੈਮਸਨ ਨੇ ਕਿਹਾ ਕਿ ਲੋਕ ਅਕਸਰ ਇਨ੍ਹਾਂ ਨੂੰ ਰੱਸਲ ਵੋਲਫ਼ ਸਨੇਕ ਸਮਝ ਲੈਂਦੇ ਹਨ। ਉਹ ਕਹਿੰਦੇ ਹਨ ਕਿ ਧਾਰੀਆਂ ਨੇ ਦੇਖ ਕੇ ਦੋਵਾਂ 'ਚ ਫਰਕ ਨੂੰ ਸਮਝਿਆ ਜਾ ਸਕਦਾ ਹੈ। ''ਰੱਸਲ ਵੋਲਫ਼ ਸਨੇਕ ਦੀਆਂ ਧਾਰੀਆਂ ਸਿਰ ਤੋਂ ਹੀ ਸ਼ੁਰੂ ਹੋ ਜਾਂਦੀਆਂ ਹਨ।''
ਇਸੇ ਤਰ੍ਹਾਂ, ਕਰੇਟ ਨੂੰ ਕਈ ਵਾਰ ਬੈਂਡਡ ਕੁਕਰੀ ਸੱਪ ਵੀ ਸਮਝ ਲਿਆ ਜਾਂਦਾ ਹੈ, ਇੱਕ ਗੈਰ-ਜ਼ਹਿਰੀਲੀ ਪ੍ਰਜਾਤੀ ਜਿਸਦਾ ਜੈਤੂਨੀ-ਹਰੇ ਰੰਗ ਦਾ ਸਰੀਰ ਹੁੰਦਾ ਹੈ ਅਤੇ ਉਸ 'ਤੇ ਕਾਲੀਆਂ ਧਾਰੀਆਂ ਹੁੰਦੀਆਂ ਹਨ। ਹਾਲਾਂਕਿ, ਮਾਹਰ ਦੱਸਦੇ ਹਨ ਕਿ ਕੁਕਰੀ ਸੱਪ ਦਾ ਸਮੁੱਚਾ ਰੰਗ ਅਤੇ ਚਮਕ ਕਰੇਟ ਦੀ ਇੱਕਸਾਰ ਚਮਕਦਾਰ ਕਾਲੀ ਦਿੱਖ ਤੋਂ ਕਾਫ਼ੀ ਵੱਖਰਾ ਹੁੰਦਾ ਹੈ।
ਇਸ ਦੇ ਸਰੀਰ ਦੀ ਬਣਤਰ ਇੱਕ ਹੋਰ ਮਹੱਤਵਪੂਰਨ ਅੰਤਰ ਹੈ। ਇਸੇ ਤਰ੍ਹਾਂ, ਡਾਕਟਰ ਮਨੋਜ ਦੱਸਦੇ ਹਨ ਕਿ ਵੋਲਫ਼ ਸੱਪ ਦਾ ਸਰੀਰ ਗੋਲਾਕਾਰ ਹੁੰਦਾ ਹੈ। "ਪਰ ਇੰਡੀਅਨ ਕਰੇਟ ਦਾ ਸਰੀਰ ਤਿਕੋਣੇ ਆਕਾਰ ਦਾ ਹੁੰਦਾ ਹੈ, ਜਿਸ ਦਾ ਉੱਪਰੀ ਹਿੱਸਾ ਉੱਪਰ ਵੱਲ ਉਭਰਿਆ ਹੁੰਦਾ ਹੈ।"
ਮਾਹਰਾਂ ਦਾ ਕਹਿਣਾ ਹੈ ਕਿ ਇਸ ਦੀ ਵਿਸ਼ੇਸ਼ਤਾ ਇਸ ਦਾ ਗੂੜ੍ਹਾ ਕਾਲਾ ਰੰਗ ਅਤੇ ਚਮਕ ਹੈ ਅਤੇ ਤਿਕੋਣੀ ਸਰੀਰਕ ਬਣਤਰ ਹੈ, ਜਿਸ ਨਾਲ ਇਸ ਦੀ ਪਛਾਣ ਕੀਤੀ ਜਾ ਸਕਦੀ ਹੈ।
ਮਾਹਰ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਸੰਘਣੀ, ਚਮਕਦਾਰ ਕਾਲੇ ਸਰੀਰ ਅਤੇ ਤਿਕੋਣੀ ਕਰਾਸ-ਸੈਕਸ਼ਨ ਦਾ ਇਹ ਸੁਮੇਲ ਭਾਰਤੀ ਕ੍ਰੇਟ ਦੀ ਸਹੀ ਪਛਾਣ ਕਰਨ ਦੀ ਕੁੰਜੀ ਹੈ।
ਰੱਸਲ ਵਾਈਪਰ ਕਿਹੋ ਜਿਹਾ ਹੁੰਦਾ ਹੈ?
ਡਾਕਟਰ ਮਨੋਜ ਕਹਿੰਦੇ ਹਨ ਕਿ ਆਮ ਤੌਰ 'ਤੇ ਜਦੋਂ ਅਸੀਂ ਵਾਈਪਰ ਸੱਪਾਂ ਦੀ ਗੱਲ ਕਰਦੇ ਹਾਂ ਤਾਂ ਉਨ੍ਹਾਂ ਦਾ ਸਿਰ ਤਿਕੋਣੇ ਆਕਾਰ ਦਾ ਹੁੰਦਾ ਹੈ ਅਤੇ ਗਰਦਨ ਛੋਟੀ ਅਤੇ ਪਤਲੀ ਹੁੰਦੀ ਹੈ। ਮਨੋਜ ਦੱਸਦੇ ਹਨ ਕਿ ਰੱਸਲ ਵਾਈਪਰ ਦੇ ਮਾਮਲੇ ਵਿੱਚ ਵੀ ਸਿਰ ਤਿਕੋਣੇ ਆਕਾਰ ਦਾ ਹੀ ਹੁੰਦਾ ਹੈ।
ਇਸ ਤੋਂ ਇਲਾਵਾ, ਉਹ ਦੱਸਦੇ ਹਨ ਕਿ "ਇਸ ਦੇ ਪੂਰੇ ਸਰੀਰ 'ਤੇ ਬਦਾਮ ਦੇ ਆਕਾਰ ਦੇ ਲੰਬੇ ਗੋਲ ਚਿੰਨ੍ਹ ਹੁੰਦੇ ਹਨ, ਜਿਨ੍ਹਾਂ ਦੀ ਉੱਪਰੀ ਪਿੱਠ 'ਤੇ ਕਾਲੇ ਕਿਨਾਰੇ ਹੁੰਦੇ ਹਨ, ਜੋ ਇਕ ਜੰਜੀਰ ਵਾਂਗ ਫੈਲੇ ਹੋਏ ਹੁੰਦੇ ਹਨ।"
ਸੈਮਸਨ ਕ੍ਰਿਪਾਕਰਨ ਨੇ ਸਮਝਾਇਆ ਕਿ ਇਨ੍ਹਾਂ ਅੰਡਾਕਾਰ ਚਿੰਨ੍ਹਾਂ ਦੀ ਲੜੀ ਸਿਰ ਤੋਂ ਪੂੰਛ ਤੱਕ ਇੱਕੋ-ਜਿਹੀ ਹੁੰਦੀ ਹੈ ਅਤੇ ਪਾਸਿਆਂ 'ਤੇ ਮੌਜੂਦ ਅਜਿਹੇ ਹੀ ਅੰਡਾਕਾਰ ਚਿੰਨ੍ਹ ਆਕਾਰ ਵਿੱਚ ਛੋਟੇ ਹੁੰਦੇ ਹਨ।
ਇੱਕ ਹੋਰ ਖਾਸ ਪਛਾਣ ਸੱਪ ਦੇ ਨੱਕ ਦੇ ਛੇਕ ਹਨ। ਡਾਕਟਰ ਮਨੋਜ ਦੱਸਦੇ ਹਨ ਕਿ "ਰੱਸਲ ਵਾਈਪਰ ਦੇ ਸਿਰ ਦੇ ਦੋਵੇਂ ਪਾਸਿਆਂ 'ਤੇ ਨੱਕ ਦੇ ਛੇਕ ਵੱਡੇ-ਵੱਡੇ ਹੁੰਦੇ ਹਨ।"
ਹਾਲਾਂਕਿ ਇਹ ਨਿਸ਼ਾਨ ਇਸ ਪ੍ਰਜਾਤੀ ਦੀ ਖਾਸ ਵਿਸ਼ੇਸ਼ਤਾ ਹਨ, ਡਾਕਟਰ ਮਨੋਜ ਕਹਿੰਦੇ ਹਨ ਕਿ ਬਹੁਤ ਹੀ ਵਿਰਲੇ ਮਾਮਲਿਆਂ ਵਿੱਚ ਰੱਸਲ ਵਾਈਪਰ ਵਿੱਚ ਇਹ ਪੈਟਰਨ ਬਿਲਕੁਲ ਵੀ ਨਹੀਂ ਹੁੰਦੇ ਅਤੇ ਉਹ ਪੂਰੀ ਤਰ੍ਹਾਂ ਗੇਹੂੰਏਂ ਰੰਗ ਦੇ ਦਿਖਾਈ ਦੇ ਸਕਦੇ ਹਨ। ਉਹ ਕਹਿੰਦੇ ਹਨ, "ਅਜਿਹੇ ਮਾਮਲੇ ਬਹੁਤ ਹੀ ਘੱਟ ਵੇਖਣ ਨੂੰ ਮਿਲਦੇ ਹਨ।"
ਸੈਮਸਨ ਚੇਤਾਵਨੀ ਦਿੰਦੇ ਹਨ ਕਿ ਰੱਸਲ ਵਾਈਪਰ ਨੂੰ ਅਕਸਰ ਇੰਡੀਅਨ ਰਾਕ ਪਾਈਥਨ ਸਮਝ ਲਿਆ ਜਾਂਦਾ ਹੈ, ਜੋ ਕਿ ਇੱਕ ਬਿਨਾਂ ਜ਼ਹਿਰ ਵਾਲੀ ਪ੍ਰਜਾਤੀ ਹੈ।
ਉਹ ਕਹਿੰਦੇ ਹਨ, "ਕਿਉਂਕਿ ਵਾਈਪਰ ਦਾ ਸਰੀਰ ਮੋਟਾ ਹੁੰਦਾ ਹੈ, ਜੋ ਅਜਗਰ ਵਰਗਾ ਲੱਗਦਾ ਹੈ, ਲੋਕ ਕਈ ਵਾਰ ਇਹ ਮੰਨ ਲੈਂਦੇ ਹਨ ਕਿ ਇਹ ਨੁਕਸਾਨ ਰਹਿਤ ਹੈ ਅਤੇ ਇਸ ਦੇ ਨੇੜੇ ਚਲੇ ਜਾਂਦੇ ਹਨ।''
ਉਹ ਦੱਸਦੇ ਹਨ ਕਿ ਇਸ ਗਲਤ ਪਛਾਣ ਕਾਰਨ ਸੱਪ ਡੰਗਣ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ।
ਸੈਮਸਨ ਦੱਸਦੇ ਹਨ ਕਿ "ਮੁੱਖ ਅੰਤਰ ਨਿਸ਼ਾਨਾਂ ਵਿੱਚ ਹੁੰਦਾ ਹੈ। ਅਜਗਰ ਦੇ ਸਰੀਰ 'ਤੇ ਪੈਟਰਨ ਅਨਿਯਮਿਤ ਹੁੰਦੇ ਹਨ, ਜਦਕਿ ਰੱਸਲ ਵਾਈਪਰ ਵਿੱਚ ਇੱਕ ਵੱਖਰਾ ਅਤੇ ਇਕਸਾਰ ਜੰਜੀਰ ਵਰਗਾ ਡਿਜ਼ਾਈਨ ਹੁੰਦਾ ਹੈ।"
ਸਾਅ-ਸਕੇਲਡ ਵਾਈਪਰ ਦੀ ਪਛਾਣ ਕਿਵੇਂ ਕਰੀਏ
ਸਾਅ-ਸਕੇਲਡ ਵਾਈਪਰ ਆਮ ਤੌਰ 'ਤੇ ਖੁਸ਼ਕ ਅਤੇ ਅਰਧ-ਖੁਸ਼ਕ ਖੇਤਰਾਂ ਵਿੱਚ ਮਿਲਦਾ ਹੈ ਅਤੇ ਜ਼ਿਆਦਾਤਰ ਡੰਗਣ ਦੀਆਂ ਘਟਨਾਵਾਂ ਪਿੰਡਾਂ ਵਿੱਚ ਵਾਪਰਦੀਆਂ ਹਨ।
ਡਾਕਟਰ ਐਨ ਐਸ ਮਨੋਜ ਕਹਿੰਦੇ ਹਨ, "ਸਿਰ ਤੋਂ ਪੂੰਛ ਤੱਕ, ਸਾਅ-ਸਕੇਲਡ ਵਾਈਪਰ ਦੇ ਸਰੀਰ ਦੇ ਦੋਵੇਂ ਪਾਸਿਆਂ 'ਤੇ ਇੱਕ ਖਾਸ ਪੈਟਰਨ ਹੁੰਦਾ ਹੈ ਜੋ ਆਰੀ ਦੇ ਦੰਦਾਂ ਵਾਲੇ ਕਿਨਾਰੇ ਵਰਗਾ ਦਿਖਾਈ ਦਿੰਦਾ ਹੈ।"
ਸੈਮਸਨ ਕਹਿੰਦੇ ਹਨ ਕਿ ਉੱਪਰੋਂ ਵੇਖਿਆ ਜਾਵੇ ਤਾਂ ਇਸ ਸੱਪ ਦੀ ਪਿੱਠ 'ਤੇ 'X' ਆਕਾਰ ਦੇ ਸਾਫ਼ ਨਿਸ਼ਾਨ ਦਿਖਾਈ ਦਿੰਦੇ ਹਨ।
ਡਾਕਟਰ ਮਨੋਜ ਇਸ ਦੇ ਸਿਰ 'ਤੇ ਇੱਕ ਹੋਰ ਮੁੱਖ ਵਿਸ਼ੇਸ਼ਤਾ ਬਾਰੇ ਦੱਸਦੀਆਂਕਹਿੰਦੇ ਹਨ, "ਸਾਅ-ਸਕੇਲਡ ਵਾਈਪਰ ਦੇ ਸਿਰ 'ਤੇ 'ਪਲੱਸ' (+) ਆਕਾਰ ਦਾ ਨਿਸ਼ਾਨ ਹੁੰਦਾ ਹੈ। ਇਸ ਦੀਆਂ ਅੱਖਾਂ ਵੀ ਖਾਸ ਹੁੰਦੀਆਂ ਹਨ - ਬਿੱਲੀ ਵਰਗੀਆਂ ਅੰਡਾਕਾਰ ਪੁਤਲੀਆਂ ਹੁੰਦੀਆਂ ਹਨ, ਜੋ ਪਤਲੀ ਖੜ੍ਹੀ ਲਕੀਰ ਵਾਂਗ ਦਿਖਾਈ ਦਿੰਦੀਆਂ ਹਨ।''
ਇਸ ਦੀ ਚਾਲ ਵੀ ਇਸ ਦੀ ਪਛਾਣ ਲਈ ਇੱਕ ਮਹੱਤਵਪੂਰਨ ਸੰਕੇਤ ਹੈ।
ਡਾਕਟਰ ਮਨੋਜ ਕਹਿੰਦੇ ਹਨ, "ਜ਼ਿਆਦਾਤਰ ਸੱਪ ਸਿੱਧੀ ਰੇਖਾ ਵਿੱਚ ਅੱਗੇ ਵਧਦੇ ਹਨ, ਪਰ ਸਾਅ-ਸਕੇਲਡ ਵਾਈਪਰ ਰੇਗਿਸਤਾਨ ਵਿੱਚ ਰਹਿਣ ਵਾਲੇ ਸੱਪਾਂ ਵਾਂਗ ਤਿਰਛੀ ਜਾਂ ਸਾਈਡਵਾਈਂਡਿੰਗ ਗਤੀ ਦਿਖਾਉਂਦਾ ਹੈ। ਇਹ ਸਿੱਧਾ ਰੇਂਗਣ ਦੀ ਬਜਾਏ ਆਪਣੇ ਸਰੀਰ ਨੂੰ ਮੋੜਦਾ ਹੈ ਅਤੇ ਸਾਈਡ ਵੱਲ ਖਿਸਕਦਾ ਹੈ।"
ਉਹ ਦੱਸਦੇ ਹਨ ਕਿ ਤਮਿਲਨਾਡੂ ਵਿੱਚ ਮਿਲਣ ਵਾਲੀਆਂ ਸੱਪਾਂ ਦੀਆਂ ਪ੍ਰਜਾਤੀਆਂ ਵਿੱਚ ਸਾਅ-ਸਕੇਲਡ ਵਾਈਪਰ ਹੀ ਇੱਕ ਅਜਿਹਾ ਸੱਪ ਹੈ ਜੋ ਨਿਯਮਿਤ ਤੌਰ 'ਤੇ ਇਸ ਤਿਰਛੇ ਢੰਗ ਨਾਲ ਚਲਦਾ ਹੈ ਅਤੇ ਸਿੱਧੀ ਚਾਲ ਬਹੁਤ ਹੌਲੀ ਹੀ ਚੱਲ ਸਕਦਾ ਹੈ।
ਸੈਮਸਨ ਮੁਤਾਬਕ, ਸਾਅ-ਸਕੇਲਡ ਵਾਈਪਰ ਨੂੰ ਅਕਸਰ ਕੈਟ ਸਨੇਕ ਸਮਝ ਲਿਆ ਜਾਂਦਾ ਹੈ, ਜੋ ਇੱਕ ਬਿਨਾਂ ਜ਼ਹਿਰ ਵਾਲੀ ਪ੍ਰਜਾਤੀ ਹੈ ਅਤੇ ਖੁਸ਼ਕ ਖੇਤਰਾਂ ਵਿੱਚ ਵੀ ਮਿਲਦੀ ਹੈ।
ਉਹ ਕਹਿੰਦੇ ਹਨ, "ਸਾਅ-ਸਕੇਲਡ ਵਾਈਪਰ ਦੀ ਲੰਬਾਈ ਲਗਭਗ ਇੱਕ ਫੁੱਟ ਹੁੰਦੀ ਹੈ ਅਤੇ ਇਸ ਦਾ ਸਰੀਰ ਕਾਫ਼ੀ ਮੋਟਾ ਹੁੰਦਾ ਹੈ। ਇਸ ਦੇ ਉਲਟ, ਕੈਟ ਸਨੇਕ ਡੇਢ ਫੁੱਟ ਤੱਕ ਲੰਬਾ ਹੋ ਸਕਦਾ ਹੈ ਅਤੇ ਇਸ ਦਾ ਸਰੀਰ ਪਤਲਾ ਅਤੇ ਲੰਮਾ ਹੁੰਦਾ ਹੈ।''
"ਸਿਰ ਦੇ ਨਿਸ਼ਾਨਾਂ ਵਿੱਚ ਵੀ ਸਾਫ਼ ਅੰਤਰ ਹੁੰਦਾ ਹੈ। ਸਾਅ-ਸਕੇਲਡ ਵਾਈਪਰ ਦੇ ਸਿਰ 'ਤੇ ਪਲੱਸ (+) ਵਰਗਾ ਨਿਸ਼ਾਨ ਹੁੰਦਾ ਹੈ, ਜਦਕਿ ਕੈਟ ਸਨੇਕ ਦੇ ਸਿਰ 'ਤੇ 'Y' ਵਰਗਾ ਪੈਟਰਨ ਹੁੰਦਾ ਹੈ।"
ਕੀ ਜ਼ਹਿਰੀਲੇ ਸੱਪ ਦੇ ਡੰਗ ਨੂੰ ਜ਼ਖਮ ਦੇ ਆਧਾਰ 'ਤੇ ਵੀ ਪਛਾਣਿਆ ਜਾ ਸਕਦਾ ਹੈ?
ਡਾਕਟਰ ਐਨ ਐਸ ਮਨੋਜ ਮੁਤਾਬਕ, ਕਈ ਵਾਰ ਡੰਗ ਦੇ ਨਿਸ਼ਾਨ ਨੂੰ ਦੇਖ ਕੇ ਸ਼ੁਰੂਆਤੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੱਪ ਦਾ ਡੰਗ ਜ਼ਹਿਰੀਲਾ ਸੀ ਜਾਂ ਨਹੀਂ, ਪਰ ਪੂਰੇ ਯਕੀਨ ਨਾਲ ਅਜਿਹਾ ਨਹੀਂ ਕਿਹਾ ਜਾ ਸਦਕਾ।
ਉਹ ਦੱਸਦੇ ਹਨ ਕਿ "ਇਹ ਇੱਕ ਆਮ ਗਲਤਫ਼ਹਮੀ ਹੈ ਕਿ ਜ਼ਹਿਰੀਲੇ ਸੱਪ ਦੇ ਡੰਗ ਨਾਲ ਹਮੇਸ਼ਾਂ ਦੋ ਵੱਖ-ਵੱਖ ਦੰਦਾਂ ਦੇ ਨਿਸ਼ਾਨ ਬਣਦੇ ਹਨ। ਜੇ ਕੋਈ ਦੰਦ ਟੁੱਟਿਆ ਹੋਵੇ, ਤਾਂ ਉਸਦੇ ਕੋਲ ਹੀ ਦੂਜਾ ਦੰਦ ਨਿਕਲ ਰਿਹਾ ਹੋ ਸਕਦਾ ਹੈ। ਅਜਿਹੇ ਮਾਮਲਿਆਂ ਵਿੱਚ, ਡੰਗ ਨਾਲ ਦੋ ਦੀ ਬਜਾਏ ਤਿੰਨ ਨਿਸ਼ਾਨ ਵੀ ਬਣ ਸਕਦੇ ਹਨ।"
ਡਾਕਟਰ ਮਨੋਜ ਕਹਿੰਦੇ ਹਨ ਕਿ ਸੱਪ ਆਪਣੀ ਪੂਰੀ ਜ਼ਿੰਦਗੀ ਦੌਰਾਨ ਲਗਾਤਾਰ ਆਪਣੇ ਦੰਦ ਬਦਲਦੇ ਰਹਿੰਦੇ ਹਨ। ਇਸ ਕਾਰਨ ਡੰਗ ਦੇ ਨਿਸ਼ਾਨ ਕਾਫ਼ੀ ਵੱਖ-ਵੱਖ ਹੋ ਸਕਦੇ ਹਨ।
ਉਹ ਦੱਸਦੇ ਹਨ ਕਿ "ਡੰਗ ਵਾਲੀ ਥਾਂ 'ਤੇ ਦੋ, ਤਿੰਨ ਜਾਂ ਚਾਰ ਨਿਸ਼ਾਨ ਵੀ ਹੋ ਸਕਦੇ ਹਨ। ਕੁਝ ਮਾਮਲਿਆਂ ਵਿੱਚ ਸਿਰਫ਼ ਇੱਕ ਦੰਦ ਦਾ ਨਿਸ਼ਾਨ ਵੀ ਹੋ ਸਕਦਾ ਹੈ। ਕਈ ਵਾਰ ਡੰਗ ਦਾ ਨਿਸ਼ਾਨ ਸਿਰਫ਼ ਕਿਸੇ ਝਰੀਟ ਵਰਗਾ ਲੱਗ ਸਕਦਾ ਹੈ, ਫਿਰ ਵੀ ਉਹ ਜ਼ਹਿਰ ਫੈਲਣ ਲਈ ਕਾਫ਼ੀ ਹੋ ਸਕਦਾ ਹੈ।''
ਹਾਲਾਂਕਿ, ਕੁਝ ਬਾਹਰੀ ਲੱਛਣ ਮਹੱਤਵਪੂਰਨ ਸੰਕੇਤ ਦੇ ਸਕਦੇ ਹਨ।
ਡਾਕਟਰ ਮਨੋਜ ਕਹਿੰਦੇ ਹਨ, "ਕੁਝ ਪ੍ਰਜਾਤੀਆਂ ਵਿੱਚ, ਖ਼ਾਸ ਕਰਕੇ ਵਾਈਪਰਾਂ ਵਿੱਚ, ਸੋਜਸ਼, ਖੂਨ ਵਹਿਣਾ ਅਤੇ ਟਿਸ਼ੂ ਨੂੰ ਨੁਕਸਾਨ ਪਹੁੰਚਣ ਵਰਗੇ ਲੱਛਣ ਡੰਗ ਵਾਲੀ ਥਾਂ 'ਤੇ ਸਾਫ਼ ਦਿਖਾਈ ਦਿੰਦੇ ਹਨ। ਇਹ ਲੱਛਣ ਦਰਸਾ ਸਕਦੇ ਹਨ ਕਿ ਡੰਗ ਜ਼ਹਿਰੀਲਾ ਸੀ, ਹਾਲਾਂਕਿ ਮੈਡੀਕਲ ਪੁਸ਼ਟੀ ਹਮੇਸ਼ਾ ਜ਼ਰੂਰੀ ਹੁੰਦੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ