You’re viewing a text-only version of this website that uses less data. View the main version of the website including all images and videos.
ਦੁਨੀਆਂ ਦੇ 10 ਸਭ ਤੋਂ ਜ਼ਹਿਰੀਲੇ ਅਤੇ ਖ਼ਤਰਨਾਕ ਸੱਪ ਕਿਹੜੇ ਹਨ, ਕੀ ਸੱਪਾਂ ਦੇ ਜ਼ਹਿਰ ਵੱਖ-ਵੱਖ ਹੁੰਦੇ ਹਨ?
- ਲੇਖਕ, ਭਰਤ ਸ਼ਰਮਾ
- ਰੋਲ, ਬੀਬੀਸੀ ਪੱਤਰਕਾਰ
ਵਿਸ਼ਵ ਸਿਹਤ ਸੰਗਠਨ ਦੇ ਇੱਕ ਅੰਦਾਜ਼ੇ ਅਨੁਸਾਰ, ਸੱਪ ਦੇ ਕੱਟਣ ਨਾਲ ਹਰ ਸਾਲ 81,410 ਤੋਂ 1,37,880 ਲੋਕ ਮਰਦੇ ਹਨ।
ਇਸ ਤੋਂ ਇਲਾਵਾ, 2000 ਤੋਂ 2019 ਦੇ ਵਿਚਕਾਰ, ਭਾਰਤ ਵਿੱਚ ਸੱਪ ਦੇ ਕੱਟਣ ਨਾਲ 12 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਔਸਤਨ, ਹਰ ਸਾਲ 58,000 ਲੋਕ ਮਰਦੇ ਹਨ।
ਹਰ ਸਾਲ ਦੁਨੀਆ ਭਰ ਵਿੱਚ ਸੱਪ ਦੇ ਕੱਟਣ ਦੇ 50 ਲੱਖ ਮਾਮਲੇ ਸਾਹਮਣੇ ਆਉਂਦੇ ਹਨ। ਤਕਰੀਬਨ 4 ਲੱਖ ਮਾਮਲਿਆਂ ਵਿੱਚ ਸਰੀਰ ਦਾ ਕੋਈ ਨਾ ਕੋਈ ਹਿੱਸਾ ਕੱਟਣਾ ਪੈਂਦਾ ਹੈ ਜਾਂ ਸਥਾਈ ਡਿਸਏਬਿਲੀਟੀ ਹੁੰਦੀ ਹੈ।
ਇਹ ਸਾਰੇ ਅੰਕੜੇ ਡਰਾਉਣੇ ਹਨ। ਅਤੇ ਇਸ ਸਭ ਦੇ ਪਿੱਛੇ ਇੱਕ ਹੀ ਕਾਰਨ ਹੈ - ਸੱਪ।
ਦੁਨੀਆਂ ਦੀਆਂ ਕਈ ਸੱਭਿਅਤਾਵਾਂ ਅਤੇ ਰਵਾਇਤਾਂ ਵਿੱਚ ਸੱਪ ਇੱਕ ਅਹਿਮ ਕਿਰਦਾਰ ਹੈ। ਕੁਝ ਸਮਾਜ ਇਸਦੀ ਪੂਜਾ ਕਰਦੇ ਹਨ, ਕੁਝ ਇਸ ਤੋਂ ਡਰਦੇ ਹਨ।
ਕੁਝ ਅਸਲ ਵਿੱਚ ਬਹੁਤ ਖ਼ਤਰਨਾਕ ਹੁੰਦੇ ਹਨ ਅਤੇ ਕੁਝ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੇ।
ਕੁਝ ਨੂਡਲਜ਼ ਜਿੰਨੇ ਪਤਲੇ ਹੁੰਦੇ ਹਨ, ਦੂਸਰੇ ਇੰਨੇ ਲੰਬੇ ਹੁੰਦੇ ਹਨ ਕਿ ਜਿਰਾਫ਼ ਦੇ ਕੱਦ ਨੂੰ ਵੀ ਪਿੱਛੇ ਛੱਡ ਦੇਣ ਅਤੇ ਇੱਕ ਪੂਰੀ ਬੱਕਰੀ ਜਾਂ ਸੂਰ ਨੂੰ ਨਿਗਲ ਜਾਂਦਾ ਹੈ।
ਸੋਫ਼ੀਆ ਕੁਆਗਲੀਆ ਬੀਬੀਸੀ ਅਰਥ ਵਿੱਚ ਲਿਖਦੇ ਹਨ ਕਿ ਮੰਨਿਆ ਜਾਂਦਾ ਹੈ ਕਿ ਸੱਪ ਤਕਰੀਬਨ 17 ਕਰੋੜ ਸਾਲ ਪਹਿਲਾਂ ਪ੍ਰਾਚੀਨ ਕਿਰਲੀਆਂ ਤੋਂ ਵੱਖ ਹੋ ਗਏ ਸਨ ਅਤੇ ਫ਼ਿਰ ਉਨ੍ਹਾਂ ਦੇ ਪੈਰ ਵੀ ਖ਼ਤਮ ਹੋ ਗਏ ਸਨ।
ਜੈਨੇਟਿਕ ਖੋਜ ਸੁਝਾਅ ਦਿੰਦੀ ਹੈ ਕਿ ਸੱਪਾਂ ਦਾ ਅਸਲੀ ਪੂਰਵਜ ਛੋਟੇ ਪੈਰਾਂ ਅਤੇ ਪਤਲੀਆਂ ਉਂਗਲੀਆਂ ਵਾਲੀ ਇੱਕ ਲੰਬੀ, ਪਤਲੀ ਕਿਰਲੀ ਹੋ ਸਕਦੀ ਹੈ।
ਇਹ ਜਾਨਵਰ ਲੌਰੇਸ਼ੀਆ ਦੇ ਗਰਮ ਜੰਗਲਾਂ ਵਿੱਚ ਪਾਇਆ ਜਾਂਦਾ ਸੀ, ਉਹ ਮਹਾਂਦੀਪ ਜੋ ਅੱਜ ਉੱਤਰੀ ਅਮਰੀਕਾ, ਗ੍ਰੀਨਲੈਂਡ, ਯੂਰਪ ਅਤੇ ਏਸ਼ੀਆ ਵਿੱਚ ਵੰਡਿਆ ਹੋਇਆ ਹੈ।
ਦੁਨੀਆਂ ਭਰ ਵਿੱਚ ਸੱਪਾਂ ਦੀਆਂ ਤਕਰੀਬਨ 3900 ਕਿਸਮਾਂ ਪਾਈਆਂ ਜਾਂਦੀਆਂ ਹਨ, ਪਰ ਉਨ੍ਹਾਂ ਵਿੱਚੋਂ ਸਿਰਫ਼ 725 ਹੀ ਜ਼ਹਿਰੀਲੀਆਂ ਹਨ। ਅਤੇ ਇਨ੍ਹਾਂ ਵਿੱਚੋਂ, 250 ਕਿਸਮਾਂ ਇੱਕ ਵਾਰ ਡੰਗਣ ਨਾਲ ਮਨੁੱਖ ਨੂੰ ਮਾਰ ਸਕਦੀਆਂ ਹਨ।
ਜੋ ਸੱਪ ਜ਼ਹਿਰੀਲੇ ਨਹੀਂ ਹੁੰਦੇ, ਉਹ ਵੀ ਮਨੁੱਖਾਂ ਨੂੰ ਮਾਰ ਸਕਦੇ ਹਨ, ਪਰ ਅਜਿਹੇ ਮਾਮਲੇ ਬਹੁਤ ਘੱਟ ਹੁੰਦੇ ਹਨ। ਇਨ੍ਹਾਂ ਨਾਲ ਹਰ ਸਾਲ ਇੱਕ ਜਾਂ ਦੋ ਮੌਤਾਂ ਹੁੰਦੀਆਂ ਹਨ। ਉਦਾਹਰਣ ਵਜੋਂ ਅਜਗਰ ਆਪਣੇ ਸ਼ਿਕਾਰ ਨੂੰ ਆਪਣੇ ਆਲੇ-ਦੁਆਲੇ ਲਪੇਟ ਲਵੇ ਤਾਂ ਦਮ ਘੁੱਟਣ ਨਾਲ ਮੌਤ ਹੋ ਸਕਦੀ ਹੈ।
ਦੁਨੀਆ ਦੇ 10 ਸਭ ਤੋਂ ਖਤਰਨਾਕ ਸੱਪ
ਜਦੋਂ ਅਸੀਂ ਜ਼ਹਿਰੀਲੇ ਸੱਪਾਂ ਬਾਰੇ ਗੱਲ ਕਰਦੇ ਹਾਂ, ਤਾਂ ਇਸਦੇ ਦੋ ਅਰਥ ਹੋ ਸਕਦੇ ਹਨ।
ਪਹਿਲਾ ਉਹ ਸੱਪ ਜੋ ਸਭ ਤੋਂ ਵੱਧ ਲੋਕਾਂ ਨੂੰ ਮਾਰਦਾ ਹੈ, ਜਾਂ ਦੂਜਾ ਉਹ ਸੱਪ ਜੋ ਸਭ ਤੋਂ ਵੱਧ ਜ਼ਹਿਰੀਲਾ ਹੈ। ਇਹ ਦੋਵੇਂ ਅਲੱਗ-ਅਲੱਗ ਹਨ।
ਇਹ ਸੰਭਵ ਹੈ ਕਿ ਸਭ ਤੋਂ ਜ਼ਹਿਰੀਲਾ ਜਾਂ ਘਾਤਕ ਜ਼ਹਿਰ ਵਾਲਾ ਸੱਪ ਮਨੁੱਖਾਂ ਦੇ ਨੇੜੇ ਜਾਂ ਉਨ੍ਹਾਂ ਵਿੱਚ ਨਹੀਂ ਰਹਿੰਦਾ ਹੋਵੇ ਅਤੇ ਹਮਲਾਵਰ ਨਾ ਹੋਵੇ।
ਮੌਤਾਂ ਤੋਂ ਇਲਾਵਾ ਸੱਪ ਦੇ ਕੱਟਣ ਨਾਲ ਟਿਸ਼ੂ ਨੈਕਰੋਸਿਸ ਵਰਗੇ ਜਖ਼ਮ ਵੀ ਹੋ ਸਕਦੇ ਹਨ, ਜਿਸ ਲਈ ਸਰੀਰ ਦੇ ਕਿਸੇ ਹਿੱਸੇ ਨੂੰ ਹਟਾਉਣ ਦੀ ਲੋੜ ਹੋ ਸਕਦੀ ਹੈ।
ਜਾਨਵਰਾਂ ਦੇ ਵਿਵਹਾਰ ਖੋਜਕਰਤਾ ਅਤੇ ਵਿਗਿਆਨ ਲੇਖਕ ਲੀਓਮਾ ਵਿਲੀਅਮਜ਼ ਨੇ ਬੀਬੀਸੀ ਵਾਈਲਡਲਾਈਫ਼ ਮੈਗਜ਼ੀਨ ਡਿਸਕਵਰ ਵਾਈਲਡਲਾਈਫ਼ ਵਿੱਚ ਦੁਨੀਆ ਦੇ ਦਸ ਸਭ ਤੋਂ ਖਤਰਨਾਕ ਅਤੇ ਜ਼ਹਿਰੀਲੇ ਸੱਪਾਂ ਦੀ ਸੂਚੀ ਦਿੱਤੀ ਹੈ।
1. ਸਾਅ-ਸਕੈਲਡ ਵਾਈਪਰ
ਸਾਅ ਸਕੈਲਡ ਵਾਈਪਰ ਮੱਧ ਪੂਰਬ ਅਤੇ ਮੱਧ ਏਸ਼ੀਆ ਵਿੱਚ ਪਾਏ ਜਾਣ ਵਾਲੇ ਸੱਪ ਹਨ ਅਤੇ ਕਾਫ਼ੀ ਹਮਲਾਵਰ ਹੁੰਦੇ ਹਨ।
ਇਹ ਸੱਪ ਦੀ ਨਸਲ ਜਿਸਨੂੰ ਹਰ ਸਾਲ ਸਭ ਤੋਂ ਵੱਧ ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ, ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿੱਚ ਰਹਿੰਦੇ ਹਨ, ਜਿਸ ਕਾਰਨ ਇਹ ਮਨੁੱਖਾਂ ਲਈ ਹੋਰ ਵੀ ਖਤਰਨਾਕ ਹੋ ਜਾਂਦਾ ਹੈ।
ਭਾਰਤ ਵਿੱਚ ਇਹ ਸੱਪ ਹਰ ਸਾਲ ਤਕਰੀਬਨ ਪੰਜ ਹਜ਼ਾਰ ਮੌਤਾਂ ਦਾ ਕਾਰਨ ਬਣਦਾ ਹੈ।
2. ਇਨਲੈਂਡ ਟਾਈਪਨ
ਜਦੋਂ ਸਭ ਤੋਂ ਜ਼ਹਿਰੀਲੇ ਸੱਪ ਦੀ ਗੱਲ ਆਉਂਦੀ ਹੈ, ਤਾਂ ਇਨਲੈਂਡ ਟਾਈਪਨ ਸਭ ਤੋਂ ਅੱਗੇ ਹੈ। ਮੱਧ ਏਸ਼ੀਆ ਅਤੇ ਆਸਟ੍ਰੇਲੀਆ ਵਿੱਚ ਪਾਏ ਜਾਣ ਵਾਲੇ ਇਹ ਸੱਪ ਮੁੱਖ ਤੌਰ 'ਤੇ ਚੂਹਿਆਂ ਦਾ ਸ਼ਿਕਾਰ ਕਰਦੇ ਹਨ।
ਕਿਹਾ ਜਾਂਦਾ ਹੈ ਕਿ ਇਸ ਨਸਲ ਦੇ ਸੱਪ ਦੇ ਇੱਕ ਡੰਗ ਨਾਲ ਸੌ ਲੋਕ ਮਰ ਸਕਦੇ ਹਨ। ਹਾਲਾਂਕਿ, ਸਾਅ ਸਕੈਲਡ ਵਾਈਪਰ ਦੇ ਉੱਲਟ, ਇਹ ਮੌਤਾਂ ਲਈ ਜ਼ਿੰਮੇਵਾਰ ਨਹੀਂ ਹੈ।
ਇਹ ਇਸ ਲਈ ਹੈ ਕਿਉਂਕਿ ਇਹ ਜ਼ਿਆਦਾਤਰ ਦੂਰ-ਦੁਰਾਡੇ ਇਲਾਕਿਆਂ ਅਤੇ ਭੂਮੀਗਤ, ਮਨੁੱਖੀ ਬਸਤੀਆਂ ਤੋਂ ਦੂਰ ਰਹਿੰਦੇ ਹਨ।
3. ਬਲੈਕ ਮਾਂਬਾ
ਬਲੈਕ ਮਾਂਬਾ ਇੱਕ ਅਜਿਹਾ ਸੱਪ ਹੈ ਕਿ ਜਿਸ ਦੇ ਅੱਗੇ ਜੰਗਲ ਦਾ ਰਾਜਾ ਸ਼ੇਰ ਵੀ ਹਾਰ ਮੰਨ ਜਾਂਦਾ ਹੈ। ਉਪ-ਸਹਾਰਨ ਅਫ਼ਰੀਕਾ ਵਿੱਚ ਪਾਇਆ ਜਾਣ ਵਾਲੇ ਇਹ ਸੱਪ ਟਾਈਪਾਨ ਨਾਲੋਂ ਕਿਤੇ ਜ਼ਿਆਦਾ ਹਮਲਾਵਰ ਹੈ।
ਇਹ ਸੱਪ ਜੋ ਆਮ ਤੌਰ 'ਤੇ ਮਨੁੱਖਾਂ ਤੋਂ ਦੂਰ ਰਹਿੰਦੇ ਹਨ, ਖ਼ਤਰੇ ਦਾ ਅਹਿਸਾਸ ਹੋਣ 'ਤੇ ਉੱਠਦਾ ਹੈ ਅਤੇ ਬਿਜਲੀ ਦੀ ਗਤੀ ਨਾਲ ਹਮਲਾ ਕਰਦਾ ਹੈ। ਜੇਕਰ ਇਲਾਜ ਨਾ ਕੀਤਾ ਜਾਵੇ, ਤਾਂ ਇਸਦੇ ਡੰਗਣ ਦੇ ਅੱਧੇ ਘੰਟੇ ਦੇ ਅੰਦਰ-ਅੰਦਰ ਵਿਅਕਤੀ ਦੀ ਮੌਤ ਹੋ ਸਕਦੀ ਹੈ।
4. ਰਸਲ ਵਾਈਪਰ
ਭਾਰਤੀ ਕੋਬਰਾ, ਕਾਮਨ ਕਰੇਟ ਅਤੇ ਸਾਅ ਸਕੈਲਡ ਵਾਈਪਰ ਦੇ ਨਾਲ ਮਿਲ ਕੇ ਰਸਲ ਵਾਈਪਰ 'ਬਿਗ ਫੋਰ' ਬਣਾਉਂਦੇ ਹਨ। ਇਹ ਚਾਰ ਸੱਪ ਭਾਰਤੀ ਉਪ ਮਹਾਂਦੀਪ ਵਿੱਚ ਸਭ ਤੋਂ ਵੱਧ ਮੌਤਾਂ ਲਈ ਜ਼ਿੰਮੇਵਾਰ ਹਨ।
ਜਦੋਂ ਰਸਲ ਵਾਈਪਰ ਡੰਗ ਮਾਰਦਾ ਹੈ, ਤਾਂ ਇਹ ਬਹੁਤ ਦਰਦ ਕਰਦਾ ਹੈ। ਇਸਨੂੰ ਬਹੁਤ ਹਮਲਾਵਰ ਅਤੇ ਤੇਜ਼ ਬੁੱਧੀ ਵਾਲਾ ਕਿਹਾ ਜਾਂਦਾ ਹੈ। ਇਹ ਸੱਪ ਭਾਰਤ ਵਿੱਚ ਸੱਪ ਦੇ ਡੰਗਣ ਦੀਆਂ 43 ਫ਼ੀਸਦ ਘਟਨਾਵਾਂ ਲਈ ਜ਼ਿੰਮੇਵਾਰ ਹੈ।
5. ਕਾਮਨ ਕਰੈਤ
ਬਿਗ ਫੋਰ ਦਾ ਮੈਂਬਰ ਇਹ ਸੱਪ ਬਹੁਤ ਜ਼ਹਿਰੀਲਾ ਹੈ ਪਰ ਇਸਦੇ ਡੰਗਣ ਨਾਲ ਮੌਤ ਦੀਆਂ ਸੰਭਾਵਨਾ 80 ਫ਼ੀਸਦ ਹਨ।
ਇਸ ਦੇ ਜ਼ਹਿਰ ਵਿੱਚ ਨਿਊਰੋਟਾਕਸਿਨ ਹੁੰਦੇ ਹਨ ਜੋ ਮਾਸਪੇਸ਼ੀਆਂ ਦੇ ਅਧਰੰਗ, ਸਾਹ ਦੀਆਂ ਦਿੱਕਤਾਂ ਅਤੇ ਇੱਥੋਂ ਤੱਕ ਕਿ ਮੌਤ ਦਾ ਕਾਰਨ ਵੀ ਬਣ ਸਕਦੇ ਹਨ।
ਇਹ ਦੂਜੇ ਸੱਪਾਂ, ਚੂਹਿਆਂ ਅਤੇ ਡੱਡੂਆਂ ਨੂੰ ਖਾਂਦਾ ਹੈ। ਇਹ ਸੱਪ ਮਨੁੱਖਾਂ ਦੇ ਸਾਹਮਣੇ ਬਹੁਤ ਘੱਟ ਆਉਂਦਾ ਹੈ ਪਰ ਜੇਕਰ ਤੁਸੀਂ ਹਨੇਰੇ ਵਿੱਚ ਇਸ 'ਤੇ ਪੈਰ ਰੱਖੋਗੇ, ਤਾਂ ਇਹ ਹਮਲਾ ਜ਼ਰੂਰ ਕਰੇਗਾ।
6. ਇੰਡੀਅਨ ਕੋਬਰਾ
ਇੰਡੀਅਨ ਕੋਬਰਾ ਭਾਰਤ ਵਿੱਚ ਪਾਏ ਜਾਣ ਵਾਲੇ ਸਭ ਤੋਂ ਖਤਰਨਾਕ ਸੱਪਾਂ ਵਿੱਚੋਂ ਇੱਕ ਹੈ। ਕਿਸੇ ਜ਼ਮਾਨੇ ਵਿੱਚ ਭਾਰਤ ਵਿੱਚ ਇਸੇ ਸੱਪ ਨੂੰ ਲੈ ਕੇ ਸਪੇਰੇ ਗਲ਼ੀਆਂ ਵਿੱਚ ਘੁੰਮਦੇ ਨਜ਼ਰ ਆਉਂਦੇ ਸਨ।
ਇਹ ਸੱਪ ਜ਼ਹਿਰੀਲੇ ਅਤੇ ਹਮਲਾਵਰ ਦੋਵੇਂ ਹੈ। ਨਾਲ ਹੀ ਇਹ ਮਨੁੱਖੀ ਰਿਹਾਇਸ਼ੀ ਇਲਾਕਿਆਂ ਵਿੱਚ ਜਾਂ ਉਨ੍ਹਾਂ ਦੇ ਨੇੜੇ ਰਹਿੰਦੇ ਹਨ ਕਿਉਂਕਿ ਇਸਦਾ ਮੁੱਖ ਸ਼ਿਕਾਰ ਚੂਹੇ ਹਨ, ਜੋ ਕਿ ਇਨ੍ਹਾਂ ਇਲਾਕਿਆਂ ਵਿੱਚ ਬਹੁਤ ਪਾਏ ਜਾਂਦੇ ਹਨ। ਇਸੇ ਕਰਕੇ ਇਨ੍ਹਾਂ ਦਾ ਸਾਹਮਣਾ ਮਨੁੱਖਾਂ ਹੁੰਦਾ ਰਹਿੰਦਾ ਹੈ।
7. ਪਫ਼ ਏਡਰ
ਭਾਰਤੀ ਉਪ-ਮਹਾਂਦੀਪ ਤੋਂ ਬਹੁਤ ਦੂਰ, ਵੱਡਾ ਅਤੇ ਡਰਾਉਣਾ ਪਫ਼ ਏਡਰ ਅਫ਼ਰੀਕਾ ਵਿੱਚ ਪਾਇਆ ਜਾਂਦਾ ਹੈ। ਵਾਈਪਰ ਪਰਿਵਾਰ ਨਾਲ ਸਬੰਧਤ ਇਹ ਸੱਪ ਬਾਕੀ ਸਾਰੇ ਅਫ਼ਰੀਕੀ ਸੱਪਾਂ ਦੇ ਮੁਕਾਬਲੇ ਸਭ ਤੋਂ ਵੱਧ ਜਾਨਾਂ ਲੈਂਦੈ ਹੈ।
ਡਰ ਦੇ ਮਹੌਲ ਵਿੱਚ ਇਹ ਭੱਜਣ ਦੀ ਬਜਾਇ ਸਾਹਮਣਾ ਕਰਦਾ ਹੈ। ਅਤੇ ਅਕਸਰ ਜਿੱਥੋਂ ਲੋਕ ਲੰਘਦੇ ਹਨ ਉੱਥੇ ਹੀ ਅਰਾਮ ਕਰਦਾ ਪਾਇਆ ਜਾਂਦਾ ਹੈ।
ਇਹ ਹਮਲਾ ਕਰਨ ਤੋਂ ਪਹਿਲਾਂ ਚੇਤਾਵਨੀ ਵੀ ਦਿੰਦਾ ਹੈ। ਇਹ ਆਪਣੇ ਸਰੀਰ ਨੂੰ ਫ਼ੁਲਾਉਂਦਾ ਹੈ ਅਤੇ ਹਿਸ ਸਦੀ ਆਵਾਜ਼ ਕੱਢਦਾ ਹੈ।
8. ਕਾਮਨ ਡੈਥ ਏਡਰ
ਇਹ ਸੱਪ ਆਸਟ੍ਰੇਲੀਆ ਦੇ ਜੰਗਲਾਂ ਵਿੱਚ ਪਾਇਆ ਜਾਂਦਾ ਹੈ। ਇਹ ਪੱਤਿਆਂ ਦੇ ਦਰਮਿਆਨ ਲੁਕ ਜਾਂਦਾ ਹੈ ਅਤੇ ਸ਼ਿਕਾਰ ਆਉਣ 'ਤੇ ਹਮਲਾ ਕਰ ਦਿੰਦਾ ਹੈ।
ਅਜਿਹੀ ਸਥਿਤੀ ਵਿੱਚ ਇਹ ਉਨ੍ਹਾਂ ਲੋਕਾਂ ਲਈ ਖ਼ਾਸ ਤੌਰ 'ਤੇ ਖ਼ਤਰਨਾਕ ਹੋ ਜਾਂਦਾ ਹੈ ਜੋ ਅਜਿਹੇ ਖੇਤਰਾਂ ਵਿੱਚ ਘੁੰਮਦੇ ਹੋਏ ਗ਼ਲਤੀ ਨਾਲ ਇਸ 'ਤੇ ਪੈਰ ਰੱਖ ਦਿੰਦੇ ਹਨ। ਇਸਦਾ ਜ਼ਹਿਰ ਜਾਨ ਲਈ ਕਾਫ਼ੀ ਹੈ ਅਤੇ 60 ਫ਼ੀਸਦ ਮਾਮਲਿਆਂ ਵਿੱਚ ਇਹ ਮੌਤ ਵੱਲ ਲੈ ਜਾਂਦਾ ਹੈ।
9. ਕਿੰਗ ਕੋਬਰਾ
ਇਸ ਸੱਪ ਜਿਸਦੀ ਔਸਤ ਲੰਬਾਈ ਚਾਰ ਮੀਟਰ ਹੈ ਹੁਣ ਤੱਕ 5.85 ਮੀਟਰ ਦੀ ਲੰਬਾਈ ਨਾਲ ਰਿਕਾਰਡ ਬਣਾ ਚੁੱਕਿਆ ਹੈ। ਭਾਰਤੀ ਕੋਬਰਾ ਵਾਂਗ, ਕਿੰਗ ਕੋਬਰਾ ਦਾ ਭਾਰਤੀ ਉਪ ਮਹਾਂਦੀਪ ਵਿੱਚ ਕਾਫ਼ੀ ਸੱਭਿਆਚਾਰਕ ਅਹਿਮੀਅਤ ਹੈ।
ਮਨੁੱਖ ਇਸ ਦੇ ਇਲਾਕਿਆਂ 'ਤੇ ਕਬਜ਼ਾ ਕਰ ਰਹੇ ਹਨ ਅਤੇ ਰਵਾਇਤੀ ਚੀਨੀ ਦਵਾਈਆਂ ਵਿੱਚ ਵਰਤੋਂ ਲਈ ਇਸਦਾ ਸ਼ਿਕਾਰ ਵੀ ਕੀਤਾ ਜਾਂਦਾ ਹੈ। ਭਾਰਤ ਵਿੱਚ ਕਿੰਗ ਕੋਬਰਾ ਨੂੰ ਮਾਰਨ 'ਤੇ ਕੈਦ ਦੀ ਸਜ਼ਾ ਹੋ ਸਕਦੀ ਹੈ।
10. ਈਸਟਰਨ ਡਾਇਮੰਡਬੈਕ ਰੈਟਲਸਨੇਕ
ਇਹ ਉੱਤਰੀ ਅਮਰੀਕਾ ਦਾ ਸਭ ਤੋਂ ਖਤਰਨਾਕ ਸੱਪ ਹੈ। ਹਾਲਾਂਕਿ, ਇਹ ਏਸ਼ੀਆ ਦੇ ਸੱਪਾਂ ਨਾਲੋਂ ਘੱਟ ਖ਼ਤਰਨਾਕ ਲੱਗਦਾ ਹੈ ਅਤੇ ਹਰ ਸਾਲ ਅਮਰੀਕਾ ਵਿੱਚ ਪੰਜ ਲੋਕਾਂ ਦੀ ਮੌਤ ਦਾ ਕਾਰਨ ਬਣਦਾ ਹੈ।
ਇਹ ਬਹੁਤ ਵੱਡਾ ਅਤੇ ਭਾਰੀ ਸੱਪ ਹੈ। ਇਸਦਾ ਭਾਰ 15 ਕਿਲੋਗ੍ਰਾਮ ਤੋਂ ਵੱਧ ਹੋ ਸਕਦਾ ਹੈ। ਇਸਦੇ ਜ਼ਹਿਰ ਵਿੱਚ ਹੀਮੋਟਾਕਸਿਨ ਹੁੰਦਾ ਹੈ, ਜੋ ਲਾਲ ਖੂਨ ਦੇ ਸੈੱਲਾਂ 'ਤੇ ਹਮਲਾ ਕਰਦਾ ਹੈ।
ਇਨ੍ਹਾਂ ਦਸਾਂ ਤੋਂ ਇਲਾਵਾ, ਟਾਈਗਰ ਸੱਪ, ਕਾਸਟਲ ਟਾਈਪਨ ਅਤੇ ਈਸਟਰਨ ਬ੍ਰਾਊਨ ਸੱਪ ਨੂੰ ਖਤਰਨਾਕ ਸੱਪਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਕੀ ਸੱਪਾਂ ਦੇ ਜ਼ਹਿਰ ਵੱਖ-ਵੱਖ ਹੁੰਦੇ ਹਨ?
ਸੱਪਾਂ ਵਿੱਚ ਦੋ ਤਰ੍ਹਾਂ ਦਾ ਜ਼ਹਿਰ ਹੁੰਦਾ ਹੈ। ਨਿਊਰੋਟਾਕਸਿਕ ਜ਼ਹਿਰ ਸਰੀਰ ਦੀ ਦਿਮਾਗੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਨਾਲ ਅਧਰੰਗ ਹੋ ਜਾਂਦਾ ਹੈ, ਜਦੋਂ ਕਿ ਹੀਮੋਟਾਕਸਿਕ ਜ਼ਹਿਰ ਸੰਚਾਰ ਪ੍ਰਣਾਲੀ 'ਤੇ ਹਮਲਾ ਕਰਦਾ ਹੈ ਅਤੇ ਖੂਨ ਨੂੰ ਪ੍ਰਭਾਵਿਤ ਕਰਦਾ ਹੈ, ਇਹ ਟਿਸ਼ੂਆਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ।
ਕੋਬਰਾ, ਮਾਂਬਾ ਅਤੇ ਕਰੇਟ ਵਿੱਚ ਨਿਊਰੋਟਾਕਸਿਕ ਜ਼ਹਿਰ ਹੁੰਦਾ ਹੈ, ਜਦੋਂ ਕਿ ਰੈਟਲਸਨੇਕ ਅਤੇ ਏਡਰ ਵਰਗੇ ਵਾਈਪਰਜ਼ ਵਿੱਚ ਹੀਮੋਟਾਕਸਿਕ ਜ਼ਹਿਰ ਹੁੰਦਾ ਹੈ।
ਇਸ ਸਬੰਧੀ ਕੁਝ ਅਪਵਾਦ ਹਨ ਅਤੇ ਕੁਝ ਸੱਪਾਂ ਦੇ ਜ਼ਹਿਰ ਦਾ ਸਰੀਰ 'ਤੇ ਮਿਸ਼ਰਤ ਪ੍ਰਭਾਵ ਹੁੰਦਾ ਹੈ। ਕੁਝ ਵਾਈਪਰਜ਼ ਵਿੱਚ ਨਿਊਰੋਟਾਕਸਿਕ ਜ਼ਹਿਰ ਦੇ ਹਿੱਸੇ ਹੁੰਦੇ ਹਨ, ਜਦੋਂ ਕਿ ਦੂਜੇ ਸੱਪਾਂ ਵਿੱਚ ਮਿਸ਼ਰਤ ਜ਼ਹਿਰ ਹੋ ਸਕਦਾ ਹੈ।
ਹੁਣ ਸਵਾਲ ਇਹ ਉੱਠਦਾ ਹੈ ਕਿ ਭਾਰਤ ਵਿੱਚ ਸੱਪ ਦੇ ਕੱਟਣ ਨਾਲ ਇੰਨੀਆਂ ਮੌਤਾਂ ਕਿਉਂ ਹੁੰਦੀਆਂ ਹਨ, ਇਸ ਦੇ ਜਵਾਬ ਵਿੱਚ, ਸਨੇਕਬਾਈਟ ਹੀਲਿੰਗ ਐਂਡ ਐਜੂਕੇਸ਼ਨ ਸੋਸਾਇਟੀ ਦੀ ਪ੍ਰਧਾਨ ਅਤੇ ਸੰਸਥਾਪਕ ਪ੍ਰਿਯੰਕਾ ਕਦਮ ਕਹਿੰਦੇ ਹਨ ਕਿ ਭਾਰਤ ਵਿੱਚ ਜੈਵ ਵਿਭਿੰਨਤਾ ਬਹੁਤ ਜ਼ਿਆਦਾ ਹੈ ਅਤੇ ਮਨੁੱਖੀ ਆਬਾਦੀ ਵੀ ਜ਼ਿਆਦਾ ਹੈ, ਇਸ ਲਈ ਸੱਪ ਦੇ ਕੱਟਣ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਸਭ ਤੋਂ ਵੱਧ ਇੱਥੇ ਹੀ ਹੁੰਦੀ ਹੈ।
ਪ੍ਰਿਯੰਕਾ ਨੇ ਬੀਬੀਸੀ ਨੂੰ ਦੱਸਿਆ, "ਵਾਈਪਰ ਪ੍ਰਜਾਤੀ ਦਾ ਜ਼ਹਿਰ ਹੀਮੋਟਾਕਸਿਕ ਹੁੰਦਾ ਹੈ, ਜੋ ਖੂਨ ਨੂੰ ਪ੍ਰਭਾਵਿਤ ਕਰਦਾ ਹੈ। ਇਹ ਖੂਨ ਨੂੰ ਪਤਲਾ ਕਰਦਾ ਹੈ ਜਿਸ ਨਾਲ ਅੰਦਰੂਨੀ ਖੂਨ ਵਗਦਾ ਹੈ। ਖੂਨ ਦੀਆਂ ਨਾੜੀਆਂ ਫਟਣ ਲੱਗਦੀਆਂ ਹਨ।"
"ਗੁਰਦੇ ਪ੍ਰਭਾਵਿਤ ਹੁੰਦੇ ਹਨ। ਵਾਈਪਰ ਦੇ ਕੱਟਣ ਨਾਲ ਵਿਅਕਤੀ ਤੁਰੰਤ ਨਹੀਂ ਮਰਦਾ, ਪਰ ਇਸ ਕਾਰਨ ਹੋਣ ਵਾਲੀਆਂ ਪੇਚੀਦਗੀਆਂ ਬਹੁਤ ਜ਼ਿਆਦਾ ਹੋਣਗੀਆਂ। ਜੇਕਰ ਹੀਮੋਟਾਕਸਿਕ ਜ਼ਹਿਰ ਸਰੀਰ ਵਿੱਚ ਦਾਖਲ ਹੋ ਜਾਂਦਾ ਹੈ, ਤਾਂ ਵਿਅਕਤੀ ਬਚ ਸਕਦਾ ਹੈ, ਪਰ ਗੁਰਦੇ ਖ਼ਰਾਬ ਹੋ ਸਕਦੇ ਹਨ, ਅੰਦਰੂਨੀ ਸਮੱਸਿਆਵਾਂ ਹੋ ਸਕਦੀਆਂ ਹਨ, ਅੰਗ ਪ੍ਰਭਾਵਿਤ ਹੋ ਸਕਦੇ ਹਨ।"
ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ, ਕਰੇਟ ਅਤੇ ਕੋਬਰਾ ਵਰਗੇ ਸੱਪਾਂ ਵਿੱਚ ਨਿਊਰੋਟਾਕਸਿਕ ਜ਼ਹਿਰ ਹੁੰਦਾ ਹੈ।
ਇਹ ਜ਼ਹਿਰ ਦਿਮਾਗੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਤੋਂ ਬਾਅਦ ਮਾਸਪੇਸ਼ੀਆਂ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ। ਇਹ ਜ਼ਹਿਰ ਮਨੁੱਖ ਦੀ ਦਿਮਾਗੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਸਾਹ ਲੈਣਾ ਔਖਾ ਕਰ ਦਿੰਦਾ ਹੈ, ਜਿਸ ਨਾਲ ਮੌਤ ਹੋ ਸਕਦੀ ਹੈ।
ਇਹੀ ਕਾਰਨ ਹੈ ਕਿ ਜੇਕਰ ਅਜਿਹੇ ਸੱਪਾਂ ਦੇ ਡੰਗਣ ਤੋਂ ਬਾਅਦ ਤੁਰੰਤ ਇਲਾਜ ਨਾ ਕੀਤਾ ਜਾਵੇ, ਤਾਂ ਮੌਤ ਦੀ ਸੰਭਾਵਨਾ ਬਹੁਤ ਜ਼ਿਆਦਾ ਹੋ ਜਾਂਦੀ ਹੈ।
ਇਸ ਸਵਾਲ 'ਤੇ ਕਿ ਕੀ ਐਂਟੀ-ਵੇਨਮ ਦੀ ਅਣਹੋਂਦ ਇੱਕ ਵੱਡੀ ਸਮੱਸਿਆ ਹੈ, ਪ੍ਰਿਯੰਕਾ ਕਦਮ ਕਹਿੰਦੇ ਹਨ ਕਿ ਭਾਰਤ ਵਿੱਚ, ਐਂਟੀ-ਵੇਨਮ ਵੀ ਬਿਗ ਫ਼ੋਰ 'ਤੇ ਧਿਆਨ ਕੇਂਦ੍ਰਤ ਕਰਕੇ ਤਿਆਰ ਕੀਤਾ ਜਾਂਦਾ ਹੈ, ਜਦੋਂ ਕਿ ਸਾਡੇ ਦੇਸ਼ ਵਿੱਚ, ਖ਼ਾਸ ਕਰਕੇ ਉੱਤਰ ਪੂਰਬ ਵਿੱਚ, ਵੱਖ-ਵੱਖ ਕਿਸਮਾਂ ਦੇ ਸੱਪ ਪਾਏ ਜਾਂਦੇ ਹਨ।
"ਬੰਗਾਲ ਵਿੱਚ ਗ੍ਰੇਟਰ ਬਲੈਕ ਕ੍ਰੇਟ, ਲੈਸਰ ਬਲੈਕ ਕ੍ਰੇਟ ਵਰਗੀਆਂ ਹੋਰ ਪ੍ਰਜਾਤੀਆਂ ਦੇ ਸੱਪ ਵੀ ਹਨ। ਪਰ ਜਦੋਂ ਉਹ ਡੰਗ ਮਾਰਦੇ ਹਨ, ਤਾਂ ਸਹੀ ਐਂਟੀ-ਵੇਨਮ ਸਹੀ ਸਮੇਂ 'ਤੇ ਉੱਪਲਬਧ ਨਹੀਂ ਹੁੰਦਾ, ਜਿਸ ਨਾਲ ਮੌਤ ਦਾ ਖ਼ਤਰਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ