ਕੀ ਤੁਸੀਂ ਆਪਣੇ ਸਾਬਕਾ ਪ੍ਰੇਮੀ ਦੇ ਦੋਸਤ ਬਣੇ ਰਹਿ ਸਕਦੇ ਹੋ, ਇਨ੍ਹਾਂ ਨਿਯਮਾਂ ਦੀ ਪਾਲਣਾ ਜ਼ਰੂਰੀ ਹੈ

    • ਲੇਖਕ, ਐਮਿਲੀ ਹੋਲਟ
    • ਰੋਲ, ਬੀਬੀਸੀ ਪੱਤਰਕਾਰ

ਬ੍ਰੇਕਅੱਪ ਆਸਾਨ ਨਹੀਂ ਹੁੰਦੇ। ਅਚਾਨਕ ਉਹ ਵਿਅਕਤੀ ਤੁਹਾਡੀ ਜ਼ਿੰਦਗੀ ਤੋਂ ਦੂਰ ਹੋ ਜਾਂਦਾ ਹੈ, ਜਿਸ ਨਾਲ ਤੁਸੀਂ ਹਰ ਗੱਲ ਸਾਂਝੀ ਕਰਦੇ ਹੁੰਦੇ ਸੀ। ਪਰ ਕਈ ਵਾਰ ਆਪਣੇ ਸਾਬਕਾ ਪ੍ਰੇਮੀ ਨਾਲ ਦੋਸਤੀ ਕਾਇਮ ਰੱਖਣਾ ਵੀ ਓਨਾਂ ਹੀ ਦੁਖਦਾਈ ਹੋ ਸਕਦਾ ਹੈ।

ਡੇਟਿੰਗ ਬਾਰੇ ਕਿਤਾਬ 'ਮਿਲੇਨੀਅਲ ਲਵ' ਦੀ ਲੇਖਿਕਾ ਓਲਿਵੀਆ ਪੈਟਰ ਕਹਿੰਦੇ ਹਨ, "ਅਸਲ ਵਿੱਚ ਮੇਰੇ ਬਹੁਤ ਘੱਟ ਦੋਸਤ ਹਨ ਜੋ ਆਪਣੇ ਐਕਸ ਨਾਲ ਦੋਸਤੀ ਵਿੱਚ ਹਨ।"

ਹਾਲਾਂਕਿ ਉਹ ਦੱਸਦੇ ਹਨ ਹੈ ਕਿ ਕੁਝ ਮਾਮਲਿਆਂ ਵਿੱਚ ਉਨ੍ਹਾਂ ਨਾਲ ਅਜਿਹਾ ਹੋਇਆ।

ਸਾਬਕਾ ਪ੍ਰੇਮੀ ਨਾਲ ਦੋਸਤੀ ਕਾਇਮ ਰੱਖਣ ਜਾਂ ਪੂਰੀ ਤਰ੍ਹਾਂ ਸੰਪਰਕ ਤੋੜਨ ਤੋਂ ਪਹਿਲਾਂ, ਇਹ ਚਾਰ ਸਵਾਲ ਆਪਣੇ ਆਪ ਤੋਂ ਪੁੱਛਣੇ ਜ਼ਰੂਰੀ ਹਨ।

1. ਤੁਹਾਡਾ ਦੋਵਾਂ ਦਾ ਰਿਸ਼ਤਾ ਕਿੰਨਾ ਗੰਭੀਰ ਸੀ?

ਓਲਿਵੀਆ ਨੇ ਬੀਬੀਸੀ ਰੇਡੀਓ 4 ਦੇ ਵੂਮੈਨਜ਼ ਆਵਰ ਨੂੰ ਦੱਸਿਆ, "ਇੱਕ-ਦੋ ਮਰਦਾਂ ਨਾਲ ਮੇਰੇ ਛੋਟੇ ਅਤੇ ਆਮ ਰੋਮਾਂਟਿਕ ਰਿਸ਼ਤੇ ਰਹੇ ਹਨ, ਜੋ ਬਾਅਦ ਵਿੱਚ ਦੋਸਤੀ ਵਿੱਚ ਬਦਲ ਗਏ।"

ਉਹ ਕਹਿੰਦੇ ਹਨ, "ਇਹ ਗੱਲ ਕਿ ਅਸੀਂ ਪਹਿਲਾਂ ਰੋਮਾਂਟਿਕ ਰਿਸ਼ਤੇ ਵਿੱਚ ਰਹੇ ਹਾਂ, ਇਸ ਨਾਲ ਦੋਸਤੀ ਵਿੱਚ ਕੋਈ ਸਵਾਲੀਆ ਨਿਸ਼ਾਨ ਜਾਂ ਤਣਾਅ ਨਹੀਂ ਰਹਿੰਦਾ।"

ਪਰ ਗੰਭੀਰ ਰਿਸ਼ਤਿਆਂ ਬਾਰੇ ਉਹ ਕਹਿੰਦੇ ਹਨ ਕਿ ਹਾਲਾਂਕਿ ਸਬੰਧ ਠੀਕ ਹਨ, ਪਰ ਉਹ ਕਰੀਬੀ ਦੋਸਤ ਨਹੀਂ ਹਨ।

ਡੇਟਿੰਗ ਅਤੇ ਰਿਲੇਸ਼ਨਸ਼ਿਪ ਕੋਚ ਕੇਟ ਮੈਨਸਫੀਲਡ ਕਹਿੰਦੇ ਹਨ ਕਿ ਆਮ ਜਿਹੇ ਰਿਸ਼ਤਿਆਂ ਵਿੱਚ ਆਮ ਤੌਰ 'ਤੇ ਜ਼ਿੰਦਗੀ ਦੇ ਗੰਭੀਰ ਮਸਲੇ ਘੱਟ ਹੁੰਦੇ ਹਨ, ਇਸ ਲਈ ਦੋਸਤੀ ਵੱਲ ਬਦਲਾਅ ਆਸਾਨ ਹੋ ਸਕਦਾ ਹੈ।

ਪਰ ਕਈ ਵਾਰ ਆਮ ਰਿਸ਼ਤੇ ਵੀ ਜ਼ਿਆਦਾ ਭਾਵਨਾਵਾਂ ਪੈਦਾ ਕਰ ਸਕਦੇ ਹਨ ਕਿਉਂਕਿ ''ਅਕਸਰ ਉਹ ਬਹੁਤ ਜ਼ਿਆਦਾ ਇੰਟੈਂਸ'' ਹੋ ਜਾਂਦੇ ਹਨ।

ਉਹ ਕਹਿੰਦੇ ਹਨ, "ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਰਿਸ਼ਤਾ ਕਿਵੇਂ ਖ਼ਤਮ ਹੋਇਆ ਅਤੇ ਕਿਸ ਨੇ ਖ਼ਤਮ ਕੀਤਾ। ਕੀ ਦੋਹਾਂ ਪਾਸਿਆਂ ਤੋਂ ਹੌਲੀ-ਹੌਲੀ ਮੁੱਕ ਗਿਆ ਜਾਂ ਕਿਸੇ ਇੱਕ ਨੇ ਅਚਾਨਕ ਫ਼ੈਸਲਾ ਕੀਤਾ। ਇਸਦਾ ਅਸਰ ਸਮੇਂ ਤੋਂ ਵੀ ਵੱਧ ਹੁੰਦਾ ਹੈ।"

2. ਕੀ ਤੁਸੀਂ ਵਾਕਈ ਉਸ ਤੋਂ ਅੱਗੇ ਵਧ ਚੁੱਕੇ ਹੋ?

ਸਭ ਤੋਂ ਵੱਡੀ ਰੁਕਾਵਟ ਇਹ ਹੁੰਦੀ ਹੈ ਕਿ ਕੀ ਤੁਸੀਂ ਰੋਮਾਂਸ ਨੂੰ ਉਸ ਵਿਅਕਤੀ ਤੋਂ ਅਲੱਗ ਕਰ ਸਕਦੇ ਹੋ।

ਕੇਟ ਕਹਿੰਦੇ ਹਨ, "ਤੁਹਾਨੂੰ ਬ੍ਰੇਕਅੱਪ ਨੂੰ ਸਿਰਫ਼ ਪ੍ਰਬੰਧਕੀ ਤੌਰ 'ਤੇ ਨਹੀਂ, ਸਗੋਂ ਜਜ਼ਬਾਤੀ ਤੌਰ 'ਤੇ ਵੀ ਸਮਝਣਾ ਪੈਂਦਾ ਹੈ।"

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵੀ ਵੇਖਣਾ ਚਾਹੀਦਾ ਹੈ ਕਿ ਕੀ ਰਿਸ਼ਤੇ ਤੋਂ ਬਾਹਰ ਵੀ ਤੁਹਾਡੇ ਵਿਚਕਾਰ ਕੋਈ ਸਾਂਝ ਸੀ, ਜਿਵੇਂ ਅਜਿਹੀਆਂ ਦਿਲਚਸਪੀਆਂ ਜੋ ਰੋਮਾਂਸ ਤੋਂ ਪਹਿਲਾਂ ਵੀ ਮੌਜੂਦ ਸਨ।

ਉਨ੍ਹਾਂ ਦਾ ਕਹਿਣਾ, "ਜੇ ਰਿਸ਼ਤਾ ਸਿਰਫ਼ ਆਕਰਸ਼ਣ 'ਤੇ ਟਿਕਿਆ ਸੀ, ਤਾਂ ਉਸ ਨੂੰ ਦੋਸਤੀ ਵਜੋਂ ਜਾਰੀ ਰੱਖਣਾ ਕਾਫ਼ੀ ਔਖਾ ਹੁੰਦਾ ਹੈ।"

ਕੇਟ ਇਹ ਵੀ ਕਹਿੰਦੇ ਹਨ, "ਜੇ ਤੁਸੀਂ ਅਜੇ ਵੀ ਉਮੀਦ ਕਰ ਰਹੇ ਹੋ ਕਿ ਉਹ ਆਪਣਾ ਮਨ ਬਦਲ ਲੈਣਗੇ ਜਾਂ ਤੁਸੀਂ ਉਨ੍ਹਾਂ ਦੀ ਡੇਟਿੰਗ ਜ਼ਿੰਦਗੀ 'ਤੇ ਨਜ਼ਰ ਰੱਖ ਰਹੇ ਹੋ, ਤਾਂ ਇਹ ਦੋਸਤੀ ਨਹੀਂ, ਸਗੋਂ ਲਗਾਅ ਹੁੰਦਾ ਹੈ।"

ਉਹ ਕਹਿੰਦੇ ਹਨ ਕਿ ਦੋਸਤੀ ਉਦੋਂ ਹੀ ਸੰਭਵ ਹੈ, ਜਦੋਂ ਦੋਹਾਂ ਪਾਸਿਆਂ ਨੇ ਰਿਸ਼ਤੇ ਦੇ ਅੰਤ ਨੂੰ ਸਵੀਕਾਰ ਕਰ ਲਿਆ ਹੋਵੇ ਅਤੇ ਕਿਸੇ ਦਾ ਕੋਈ ਲੁਕਿਆ ਮਕਸਦ ਨਾ ਹੋਵੇ।

3. ਕਿੰਨਾ ਸਮਾਂ ਲੰਘ ਚੁੱਕਾ ਹੈ?

ਪਿਆਰ ਤੋਂ ਸਿੱਧਾ ਦੋਸਤੀ ਵੱਲ ਜਾਣਾ ਆਸਾਨ ਨਹੀਂ ਹੁੰਦਾ।

ਓਲਿਵੀਆ ਕਹਿੰਦੇ ਹਨ, "ਕੁਝ ਸਮੇਂ ਦੀ ਦੂਰੀ ਲੈਣਾ ਅਤੇ ਆਪਣੇ ਆਪ ਨੂੰ ਸਮਝਣ ਲਈ ਥੋੜ੍ਹਾ ਵਿਰਾਮ ਲੈਣਾ ਜ਼ਰੂਰੀ ਹੁੰਦਾ ਹੈ।"

ਕਾਮੇਡੀਅਨ ਅਤੇ ਲੇਖਿਕਾ ਰੋਜ਼ੀ ਵਿਲਬੀ ਆਖਦੇ ਹਨ ਕਿ ਉਹ ਆਪਣੀਆਂ ਸਾਬਕਾ ਸਾਥਣਾਂ ਨਾਲ ਸਫ਼ਲ ਦੋਸਤੀ ਕਾਇਮ ਰੱਖਣ ਵਿੱਚ ਕਾਮਯਾਬ ਰਹੇ ਹਨ।

ਉਹ ਦੱਸਦੇ ਹਨ ਕਿ ਉਨ੍ਹਾਂ ਦਾ ਅਤੇ ਡੋਨਾ ਦਾ ਬ੍ਰੇਕਅੱਪ ਉਸ ਸਮੇਂ ਹੋਇਆ, ਜਦੋਂ ਉਨ੍ਹਾਂ ਦੀ ਮਾਂ ਦੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਦਾ ਘਰ ਅੱਗ ਵਿੱਚ ਸੜ੍ਹ ਗਿਆ ਸੀ।

ਉਹ ਕਹਿੰਦੇ ਹਨ ਕਿ ਉਨ੍ਹਾਂ ਦਾ ਸਿਰਫ਼ ਤਿੰਨ ਹਫ਼ਤਿਆਂ ਤੱਕ ਕੋਈ ਸੰਪਰਕ ਨਹੀਂ ਹੋਇਆ।

ਉਨ੍ਹਾਂ ਦਾ ਕਹਿਣਾ ਹੈ, "ਸਾਡੀ ਸਾਂਝ ਬਹੁਤ ਮਜ਼ਬੂਤ ਸੀ ਅਤੇ ਸਾਨੂੰ ਇੱਕ-ਦੂਜੇ ਦੀ ਲੋੜ ਸੀ।"

ਅੱਜ 25 ਸਾਲ ਬਾਅਦ ਉਹ ਕਹਿੰਦੇ ਹਨ, "ਡੋਨਾ ਹੁਣ ਮੈਨੂੰ ਭੈਣ ਵਰਗੀ ਲੱਗਦੀ ਹੈ।"

4. ਕੀ ਤੁਹਾਡਾ ਨਵਾਂ ਸਾਥੀ ਇਸ ਨਾਲ ਸਹਿਜ ਹੈ?

ਕੇਟ ਦਾ ਕਹਿਣਾ ਹੈ ਕਿ ਜੇ ਤੁਸੀਂ ਆਪਣੇ ਐਕਸ ਨਾਲ ਦੋਸਤੀ ਰੱਖਣੀ ਹੈ ਤਾਂ ਇਹ ਗੱਲ ਵੀ ਸਾਫ਼ ਹੋਣੀ ਚਾਹੀਦੀ ਹੈ ਕਿ ਜਦੋਂ ਕਿਸੇ ਦੀ ਜ਼ਿੰਦਗੀ ਵਿੱਚ ਨਵਾਂ ਸਾਥੀ ਆਵੇਗਾ ਤਾਂ ਕੀ ਕੀਤਾ ਜਾਵੇਗਾ।

ਉਹ ਕਹਿੰਦੇ ਹਨ, "ਜੇ ਨਵਾਂ ਸਾਥੀ ਇਸ ਦੋਸਤੀ ਨਾਲ ਅਸਹਿਮਤ ਹੈ, ਤਾਂ ਉਸ ਦੀ ਚਿੰਤਾ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਹਰ ਵਾਰ ਇਹ ਅਸੁਰੱਖਿਆ ਨਹੀਂ ਹੁੰਦੀ, ਕਈ ਵਾਰ ਇਹ ਵਾਜਬ ਚਿੰਤਾ ਵੀ ਹੋ ਸਕਦੀ ਹੈ।"

ਇਸ ਸਥਿਤੀ ਵਿੱਚ ਸਾਬਕਾ ਸਾਥੀ ਨਾਲ ਗੱਲ ਕਰਕੇ ਦੋਸਤੀ ਨੂੰ ਬਦਲਣਾ ਪੈ ਸਕਦਾ ਹੈ, ਜਿਵੇਂ ਘੱਟ ਮਿਲਣਾ, ਸਮੂਹ ਵਿੱਚ ਮਿਲਣਾ ਜਾਂ ਮਿਲਣ-ਜੁਲਣ ਵਧੇਰੇ ਪਾਰਦਰਸ਼ੀ ਹੋਣਾ।

ਓਲਿਵੀਆ ਕਹਿੰਦੇ ਹਨ ਕਿ ਔਰਤਾਂ ਨੂੰ ਅਕਸਰ ਮਰਦ ਸਾਥੀ ਦੀ ਸਾਬਕਾ ਦੋਸਤ ਨੂੰ ਖ਼ਤਰਾ ਸਮਝਣ ਲਈ ਤਿਆਰ ਕੀਤਾ ਜਾਂਦਾ ਹੈ।

ਪਰ ਰੋਜ਼ੀ ਕਹਿੰਦੇ ਹਨ ਕਿ LGBT ਭਾਈਚਾਰੇ ਵਿੱਚ ਐਕਸ ਨਾਲ ਦੋਸਤੀ ਕਾਫ਼ੀ ਆਮ ਗੱਲ ਹੈ।

ਉਹ ਕਹਿੰਦੇ ਹਨ, "ਉੱਥੇ ਰਵੱਈਆ ਹੀ ਮੁਕੰਮਲ ਤੌਰ 'ਤੇ ਵੱਖਰਾ ਹੁੰਦਾ ਹੈ।"

4. ਕਦੋਂ ਸੰਪਰਕ ਪੂਰੀ ਤਰ੍ਹਾਂ ਤੋੜਨਾ ਚਾਹੀਦਾ ਹੈ?

ਕੇਟ ਦਾ ਕਹਿਣਾ ਹੈ, "ਕੁਝ ਹਾਲਾਤ ਵਿੱਚ ਦੋਸਤੀ ਸੰਭਵ ਨਹੀਂ ਹੁੰਦੀ, ਖ਼ਾਸ ਕਰਕੇ ਜਦੋਂ ਰਿਸ਼ਤਾ ਜਜ਼ਬਾਤੀ ਜਾਂ ਸਰੀਰਕ ਤੌਰ 'ਤੇ ਹਿੰਸਕ ਰਿਹਾ ਹੋਵੇ, ਭਰੋਸਾ ਟੁੱਟ ਚੁੱਕਿਆ ਹੋਵੇ ਜਾਂ ਇੱਕ ਵਿਅਕਤੀ ਅਜੇ ਵੀ ਰੋਮਾਂਟਿਕ ਤੌਰ 'ਤੇ ਜੁੜਿਆ ਹੋਵੇ।"

"ਕਈ ਵਾਰ ਦੋਵਾਂ ਲਈ ਸਭ ਤੋਂ ਬਿਹਤਰ ਗੱਲ ਇਹੀ ਹੁੰਦੀ ਹੈ ਕਿ ਮੰਨ ਲਿਆ ਜਾਵੇ ਕਿ ਇਹ ਅਧਿਆਇ ਮੁੱਕ ਚੁੱਕਿਆ ਹੈ।"

ਓਲਿਵੀਆ ਕਹਿੰਦੇ ਹਨ, "ਮੈਂ ਸਿਰਫ਼ ਉਨ੍ਹਾਂ ਲੋਕਾਂ ਨਾਲ ਪੂਰੀ ਤਰ੍ਹਾਂ ਸੰਪਰਕ ਤੋੜਿਆ ਹੈ, ਜਿਨ੍ਹਾਂ ਨੇ ਮੈਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਗੰਭੀਰ ਨੁਕਸਾਨ ਪਹੁੰਚਾਇਆ।"

ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਬਹੁਤ ਸਾਰੇ ਦੋਸਤ ਆਪਣੇ ਸਾਬਕਾ ਸਾਥੀਆਂ ਨਾਲ ਸੰਪਰਕ ਵਿੱਚ ਨਹੀਂ ਹਨ।

"ਮੇਰੇ ਖ਼ਿਆਲ ਵਿੱਚ ਲੋਕਾਂ ਵਿੱਚ ਅਤੀਤ ਨੂੰ ਅਤੀਤ ਵਿੱਚ ਹੀ ਛੱਡਣ ਦਾ ਰੁਝਾਨ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)