You’re viewing a text-only version of this website that uses less data. View the main version of the website including all images and videos.
ਪੰਜਾਬ ਦੇ ਇਸ ਪਿੰਡ ਦੇ ਮੁਸਲਮਾਨਾਂ ਨੂੰ ਮ੍ਰਿਤਕਾਂ ਨੂੰ ਕਬਰਸਤਾਨ 'ਚ ਦਫਨਾਉਣ ਜਾਣ ਲਈ ਇਜਾਜ਼ਤ ਕਿਉਂ ਲੈਣੀ ਪੈਂਦੀ ਹੈ
- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
"ਆਪਣੇ ਮ੍ਰਿਤਕ ਪਰਿਵਾਰਕ ਮੈਂਬਰਾਂ ਨੂੰ ਦਫ਼ਨਾਉਣ ਤੋਂ ਪਹਿਲਾਂ ਸਾਨੂੰ ਜ਼ਮੀਨ ਮਾਲਕਾਂ ਦੇ ਤਰਲੇ ਕਰਨੇ ਪੈਂਦੇ ਹਨ।"
ਬਜ਼ੁਰਗ ਬੂਟਾ ਖ਼ਾਨ ਦੇ ਇਹ ਸ਼ਬਦ ਮੋਗਾ ਜ਼ਿਲ੍ਹੇ ਦੇ ਪਿੰਡ ਮਹਿਣਾ ਦੇ ਵਸਨੀਕ ਮੁਸਲਮਾਨਾਂ ਦੀ ਉਸ ਸਥਿਤੀ ਨੂੰ ਬਿਆਨ ਕਰਦੇ ਹਨ, ਜਿਹੜਾ ਉਨ੍ਹਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੀ ਅੰਤਿਮ ਯਾਤਰਾ ਮੌਕੇ ਕਰਨਾ ਪੈਂਦਾ ਹੈ।
ਦਰਅਸਲ ਇਸ ਪਿੰਡ ਵਿੱਚ ਕਈ ਮੁਸਲਮਾਨ ਪਰਿਵਾਰ ਰਹਿੰਦੇ ਹਨ। ਇਨ੍ਹਾਂ ਮੁਸਲਮਾਨ ਪਰਿਵਾਰਾਂ ਦੇ ਮ੍ਰਿਤਕ ਮੈਂਬਰਾਂ ਨੂੰ ਦਫਨਾਉਣ ਵਾਸਤੇ ਪਿੰਡ ਵਿੱਚ ਕਬਰਸਤਾਨ ਵੀ ਸਥਿਤ ਹੈ। ਪਰ ਕਬਰਸਤਾਨ ਤੱਕ ਪਹੁੰਚਣ ਵਾਸਤੇ ਕੋਈ ਰਸਤਾ ਨਹੀ ਹੈ। ਇਸ ਲਈ ਇੱਥੇ ਰਹਿੰਦੇ ਘੱਟ ਗਿਣਤੀ ਮੁਸਲਮਾਨਾਂ ਦੇ ਘਰ ਜਦੋਂ ਕੋਈ ਮੌਤ ਹੁੰਦੀ ਹੈ ਤਾਂ ਉਨ੍ਹਾਂ ਨੂੰ ਕਿਸਾਨਾਂ ਦੇ ਖੇਤਾਂ ਵਿੱਚ ਖੜੀਆਂ ਫਸਲਾਂ ਖੜ੍ਹੇ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ।
ਇਨ੍ਹਾਂ ਫ਼ਸਲਾਂ ਵਿੱਚੋਂ ਲੰਘਣ ਤੋਂ ਪਹਿਲਾਂ ਜ਼ਮੀਨ ਦੇ ਮਾਲਕਾਂ ਅਤੇ ਕਾਸ਼ਤਕਾਰ ਕਿਸਾਨਾਂ ਦੀ ਆਗਿਆ ਲੈਂਦੇ ਹਨ। ਕਿਸਾਨਾਂ ਦੀਆਂ ਜ਼ਮੀਨਾਂ ਤੱਕ ਜਾਣ ਵਾਸਤੇ ਤਾਂ ਕੱਚਾ ਰਸਤਾ ਹੈ ਪਰ ਅੱਗੇ ਕਬਰਸਤਾਨ ਤੱਕ ਜਾਣ ਵਾਸਤੇ ਫਸਲਾਂ ਵਿੱਚੋਂ ਲੰਘਣ ਤੋਂ ਪਹਿਲਾਂ ਹੋਰ ਕੋਈ ਰਸਤਾ ਨਹੀਂ ਹੈ।
ਮਾਮਲਾ ਉਜਾਗਰ ਕਿਵੇਂ ਹੋਇਆ
25 ਜਨਵਰੀ ਨੂੰ ਬਜ਼ੁਰਗ ਮੁਸਲਮਾਨ ਔਰਤ ਰੱਜੋ ਦੀ ਮੌਤ ਹੋ ਗਈ ਸੀ। ਮਗਰੋਂ ਉਸਨੂੰ ਦਫਨਾਉਣ ਵਾਸਤੇ ਉਸਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਪਹਿਲਾਂ ਖੇਤਾਂ ਦੇ ਮਾਲਕਾਂ ਤੋਂ ਆਗਿਆ ਲੈਣੀ ਪਈ। ਆਗਿਆ ਮਿਲਣ ਮਗਰੋਂ ਉਹ ਖੜ੍ਹੀ ਕਣਕ ਵਿੱਚੋਂ ਲੰਘ ਕੇ ਕਬਰਿਸਤਾਨ ਤੱਕ ਪਹੁੰਚੇ।
ਰੱਜੋ ਇਸ ਪਿੰਡ ਦੇ ਹੀ ਵਸਨੀਕ ਬੂਟਾ ਖਾਨ ਦੀ ਭਰਜਾਈ ਸੀ। ਆਪਣੀ ਭਾਬੀ ਨੂੰ ਦਫਨਾਉਣ ਮਗਰੋਂ ਬੂਟਾ ਖਾਨ ਨੇ ਪਿੰਡ ਦੀ ਪੰਚਾਇਤ ਕੋਲ ਇਕ ਰਸਤਾ ਮੁਹੱਈਆ ਕਰਵਾਏ ਜਾਣ ਦੀ ਮੰਗ ਕੀਤੀ ਹੈ।
ਉਹ ਕਹਿੰਦੇ "ਆਪਣੇ ਮ੍ਰਿਤਕ ਪਰਿਵਾਰਕ ਮੈਂਬਰਾਂ ਨੂੰ ਦਫ਼ਨਾਉਣ ਤੋਂ ਪਹਿਲਾਂ ਸਾਨੂੰ ਜ਼ਮੀਨ ਮਾਲਕਾਂ ਦੇ ਤਰਲੇ ਕਰਨੇ ਪੈਂਦੇ ਹਨ।"
"ਰੱਜੋ ਦੀ ਮੌਤ ਮਗਰੋਂ ਪਹਿਲਾਂ ਜ਼ਮੀਨ ਮਾਲਕ ਤੋਂ ਉਸ ਦੇ ਖੇਤਾਂ ਵਿੱਚੋਂ ਲੰਘਣ ਦੀ ਆਗਿਆ ਲਈ, ਫਿਰ ਉਹ ਜ਼ਮੀਨ ਠੇਕੇ ਉੱਤੇ ਲੈ ਕੇ ਖੇਤੀ ਕਰਨ ਵਾਲੇ ਕਿਸਾਨ ਤੋਂ ਆਗਿਆ ਲਈ।"
"ਮਗਰੋਂ ਅਸੀਂ ਖੜ੍ਹੀ ਕਣਕ ਵਿੱਚੋਂ ਰੱਜੋ ਦੀ ਲਾਸ਼ ਲੈ ਕੇ ਲੰਘੇ। ਕਈ ਵਾਰੀ ਤਾਂ ਫਸਲਾਂ ਵਿੱਚ ਪਾਣੀ ਵੀ ਖੜ੍ਹਾ ਹੁੰਦਾ ਹੈ ਅਤੇ ਸਾਨੂੰ ਉਸ ਵਿੱਚੋਂ ਲੰਘਣਾ ਪੈਂਦਾ ਹੈ।"
ਸਮੱਸਿਆ ਕਿੰਨੀ ਪੁਰਾਣੀ ਹੈ
ਪਿੰਡ ਦੇ ਵਸਨੀਕ ਅਤੇ ਮ੍ਰਿਤਕ ਰੱਜੋ ਦੇ ਰਿਸ਼ਤੇਦਾਰ ਰੂਪ ਦਿਨ ਮੁਤਾਬਕ ਇੱਥੇ ਇਹ ਸਮੱਸਿਆ ਪਹਿਲੀ ਵਾਰੀ ਨਹੀਂ ਆਈ। ਉਹ ਪਿਛਲੇ ਕਈ ਦਹਾਕਿਆਂ ਤੋਂ ਆਪਣੇ ਮੁਰਦਾ ਪਰਿਵਾਰਕ ਮੈਂਬਰਾਂ ਨੂੰ ਸਨਮਾਨ ਨਾਲ ਦਫ਼ਨਾਉਣ ਵਾਸਤੇ ਕਬਰਸਤਾਨ ਤੱਕ ਪਹੁੰਚਣ ਲਈ ਰਾਹ ਦੀ ਮੰਗ ਕਰ ਰਹੇ ਹਨ।
ਉਹ ਕਹਿੰਦੇ ਹਨ, "ਜਦੋਂ ਦੀ ਮੇਰੀ ਸੁਰਤ ਸੰਭਲ਼ੀ ਹੈ, ਮੈਂ ਆਪਣੇ ਪਰਿਵਾਰ ਵਿੱਚ ਤਿੰਨ ਮੌਤਾਂ ਦੇਖੀਆਂ ਹਨ। ਹਰ ਵਾਰੀ ਸਾਨੂੰ ਕਬਰਸਤਾਨ ਤੱਕ ਜਾਣ ਵਾਸਤੇ ਇਓਂ ਹੀ ਸੰਘਰਸ਼ ਕਰਨਾ ਪਿਆ।"
ਬੂਟਾ ਖ਼ਾਨ ਨੇ ਕਿਹਾ, "ਇਹ ਸਮੱਸਿਆ ਸਾਲ 1947 ਤੋਂ ਹੀ ਆ ਰਹੀ ਹੈ। ਮੈਨੂੰ ਆਪਣੀ ਮਾਂ ਅਤੇ ਪਿਉ ਨੂੰ ਦਫ਼ਨਾਉਣ ਵੇਲੇ ਵੀ ਖੇਤਾਂ ਵਿਚੋਂ ਲੰਘਣਾ ਪਿਆ ਸੀ।"
ਪਿੰਡ ਵਿੱਚ ਮੁਸਲਮਾਨ ਕਿੰਨੇ ਹਨ?
ਪਿੰਡ ਦੇ ਸਰਪੰਚ ਅਤੇ ਮੁਸਲਿਮ ਭਾਈਚਾਰੇ ਮੁਤਾਬਕ ਉਨ੍ਹਾਂ ਦੀਆਂ ਇੱਥੇ 37 ਵੋਟਾਂ ਹਨ।
ਬੂਟਾ ਖਾਨ ਨੇ ਕਿਹਾ, "ਸਾਡੇ ਬਜ਼ੁਰਗ ਇਸੇ ਪਿੰਡ ਦੇ ਹੀ ਵਸਨੀਕ ਹਨ। 1947 ਵਿੱਚ ਸਾਰਾ ਮੁਸਲਿਮ ਭਾਈਚਾਰਾ ਇਥੋਂ ਪਾਕਿਸਤਾਨ ਚਲਾ ਗਿਆ ਸੀ। ਇਕੱਲਾ ਮੇਰੇ ਪਿਉ ਇੱਥੇ ਰਹਿ ਗਿਆ ਸੀ।"
"ਹੌਲੀ-ਹੌਲੀ ਪਰਿਵਾਰ ਵੱਧਦਾ ਗਿਆ ਅਤੇ ਹੁਣ ਸਾਡੀਆਂ ਪਿੰਡ ਵਿੱਚ 37 ਵੋਟਾਂ ਹਨ। ਇਸ ਤੋਂ ਇਲਾਵਾ ਪਿੰਡ ਵਿੱਚ ਕਈ ਪਰਵਾਸੀ ਮੁਸਲਿਮ ਵੀ ਹਨ।"
ਪਿੰਡ ਦੇ ਸਰਪੰਚ ਅਮਨਦੀਪ ਸਿੰਘ ਭੀਮਾ ਨੇ ਦੱਸਿਆ ਕਿ ਪਿੰਡ ਵਿੱਚ ਕੁੱਲ ਵੋਟਾਂ ਦੀ ਗਿਣਤੀ 3500 ਦੇ ਕਰੀਬ ਹੈ।
ਪਿੰਡ ਦੇ ਮੁਸਲਮਾਨਾਂ ਦੀ ਕੀ ਮੰਗ ਹੈ?
ਇੱਥੇ ਵੱਸਦੇ ਮੁਸਲਿਮ ਭਾਈਚਾਰੇ ਦੀ ਮੰਗ ਹੈ ਕਿ ਪਹਿਲਾਂ ਕਬਰਸਤਾਨ ਤੱਕ ਰਸਤਾ ਦਿੱਤਾ ਜਾਵੇ। ਇਸ ਮੁੱਖ ਮੰਗ ਤੋਂ ਇਲਾਵਾ ਉਹ ਚਾਹੁੰਦੇ ਹਨ ਕਿ ਕਬਰਸਤਾਨ ਦੀ ਚਾਰ ਦਿਵਾਰੀ ਕਰਵਾਈ ਜਾਵੇ ਅਤੇ ਸ਼ੈੱਡ ਪਾ ਕੇ ਦਿੱਤਾ ਜਾਵੇ।
ਰੂਪ ਦੀਨ ਕਹਿੰਦੇ ਹਨ, "ਅਸੀਂ ਪਿਛਲੇ ਕਈ ਦਹਾਕਿਆਂ ਤੋਂ ਕਬਰਸਤਾਨ ਵਾਸਤੇ ਰਾਹ ਦੀ ਮੰਗ ਕਰ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਬਾਕੀ ਧਰਮਾਂ ਦੇ ਵਾਂਗ ਅਸੀਂ ਵੀ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਅੰਤਿਮ ਰਸਮਾਂ ਸਨਮਾਨ ਨਾਲ ਪੂਰੀਆਂ ਕਰ ਸਕੀਏ।"
ਬੂਟਾ ਖ਼ਾਨ ਕਹਿੰਦੇ, "ਰਸਤੇ ਤੋਂ ਇਲਾਵਾ ਕਬਰਸਤਾਨ ਵਿੱਚ ਸ਼ੈੱਡ ਵੀ ਬਣੇ ਅਤੇ ਚਾਰ ਦਿਵਾਰੀ ਦੀ ਵੀ ਲੋੜ ਹੈ।"
ਸਮੱਸਿਆ ਦੇ ਹੱਲ ਵਾਸਤੇ ਕੀ ਯਤਨ ਹੋ ਰਹੇ ਹਨ
ਸਰਪੰਚ ਅਮਨਦੀਪ ਸਿੰਘ ਭੀਮਾ ਨੇ ਕਿਹਾ, "ਇਹ ਬਿਲਕੁਲ ਠੀਕ ਹੈ ਕਿ ਸਾਡੇ ਪਿੰਡ ਦੇ ਕਬਰਸਤਾਨ ਨੂੰ ਜਾਣ ਲਈ ਕੋਈ ਰਸਤਾ ਨਹੀਂ ਹੈ। ਮੈਨੂੰ ਸਰਪੰਚ ਬਣੇ ਨੂੰ ਥੋੜਾ ਸਮਾਂ ਹੀ ਹੋਇਆ ਹੈ ਅਤੇ ਮਸਲਾ ਵੀ ਮੇਰੇ ਧਿਆਨ ਵਿੱਚ ਹੁਣੇ ਹੀ ਆਇਆ ਹੈ।"
"ਸਮੱਸਿਆ ਦਾ ਪਤਾ ਲੱਗਣ ਮਗਰੋਂ ਮੈਂ ਏਰੀਏ ਦੇ ਪਟਵਾਰੀ ਨਾਲ ਸੰਪਰਕ ਕਰਕੇ ਮਾਲ ਵਿਭਾਗ ਦੇ ਰਿਕਾਰਡ ਬਾਰੇ ਪੁੱਛਿਆ। ਅਸੀਂ ਪਿੰਡ ਦਾ ਨਕਸ਼ਾ ਵੀ ਚੈੱਕ ਕੀਤਾ। ਨਕਸ਼ੇ ਵਿੱਚ ਕਬਰਿਸਤਾਨ ਵਾਸਤੇ ਰਾਸਤਾ ਨਹੀਂ ਹੈ।"
"ਰਿਕਾਰਡ ਮੁਤਾਬਕ ਰਸਤਾ ਨਾ ਹੋਣ ਦੇ ਬਾਵਜੂਦ ਮੈਂ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੇਰੀ ਕੋਸ਼ਿਸ਼ ਹੈ ਕਿ ਕਬਰਿਸਤਾਨ ਨਾਲ ਲੱਗਦੀ ਜ਼ਮੀਨ ਦੇ ਮਾਲਕਾਂ ਅਤੇ ਮੁਸਲਿਮ ਭਾਈਚਾਰੇ ਦੀ ਆਪਸੀ ਸਹਿਮਤੀ ਨਾਲ ਪੱਕਾ ਹੱਲ ਕੱਢਿਆ ਜਾਵੇ।"
ਏਰੀਏ ਦੇ ਪਟਵਾਰੀ ਹਰਜੋਤ ਸਿੰਘ ਕਹਿੰਦੇ ਹਨ, "ਕਬਰਿਸਤਾਨ ਨਾਲ ਲੱਗਦੀ ਜ਼ਮੀਨ ਦੇ ਮਾਲਕਾਂ ਨਾਲ ਕਬਰਸਤਾਨ ਦੀ ਜ਼ਮੀਨ ਦਾ ਤਬਾਦਲਾ ਕਰਕੇ ਰਾਹ ਕੱਢਿਆ ਜਾ ਸਕਦਾ। ਇਹ ਮਾਲਕਾਂ ਅਤੇ ਮੁਸਲਿਮ ਭਾਈਚਾਰੇ ਦੀ ਸਹਿਮਤੀ ਨਾਲ ਹੋ ਸਕਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ