ਐਲੇਕਸ ਪ੍ਰੇਟੀ ਕੌਣ ਸਨ, ਜਿਨ੍ਹਾਂ ਦੀ ਮੌਤ ਤੋਂ ਬਾਅਦ ਅਮਰੀਕਾ ਵਿੱਚ ਭੀੜ ਸੜਕਾਂ 'ਤੇ ਉਤਰ ਆਈ, ਟਰੰਪ ਕੀ ਬੋਲੇ

ਅਮਰੀਕਾ ਦੇ ਮਿਨੇਸੋਟਾ ਸੂਬੇ ਦੇ ਮਿਨੀਆਪੌਲਿਸ ਸ਼ਹਿਰ ਵਿੱਚ ਫੈਡਰਲ ਇਮੀਗ੍ਰੇਸ਼ਨ ਏਜੰਟਾਂ ਦੀ ਗੋਲੀਬਾਰੀ ਨਾਲ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਅਮਰੀਕਾ ਦੇ ਕਈ ਹਿੱਸਿਆਂ ਵਿੱਚ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ।

ਤਿੰਨ ਹਫ਼ਤਿਆਂ ਤੋਂ ਘੱਟ ਸਮੇਂ ਵਿੱਚ ਅਮਰੀਕਾ ਵਿੱਚ ਇਹ ਦੂਜੀ ਘਟਨਾ ਹੈ। ਇਸ ਮਹੀਨੇ 8 ਜਨਵਰੀ ਨੂੰ 37 ਸਾਲਾ ਰੇਨੀ ਨਿਕੋਲ ਗੁੱਡ ਨੂੰ ਇੱਕ ਹੋਰ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈਸੀਈ) ਏਜੰਟ ਨੇ ਗੋਲੀ ਮਾਰ ਦਿੱਤੀ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ।

ਮਿਨੇਸੋਟਾ ਦੀ ਇਸ ਤਾਜ਼ਾ ਘਟਨਾ ਤੋਂ ਬਾਅਦ ਪੂਰੇ ਅਮਰੀਕਾ ਵਿੱਚ ਜਨਤਾ ਵਿੱਚ ਗੁੱਸਾ ਹੈ।

ਸ਼ਨੀਵਾਰ ਤੋਂ ਹੀ ਸੈਨ ਫਰਾਂਸਿਸਕੋ, ਉੱਤਰੀ ਕੈਲੀਫ਼ੋਰਨੀਆ ਦੇ ਓਕਲੈਂਡ, ਲਾਸ ਐਂਜਲਿਸ, ਸ਼ਿਕਾਗੋ ਅਤੇ ਇਲਿਨੋਇ ਵਿੱਚ ਹਜ਼ਾਰਾਂ ਲੋਕ ਸੜਕਾਂ 'ਤੇ ਉਤਰ ਆਏ ਹਨ।

ਇਸ ਵਿਚਕਾਰ ਵਾਸ਼ਿੰਗਟਨ ਵਿੱਚ ਆਈਸੀਈ ਦੇ ਮੁੱਖ ਦਫ਼ਤਰ ਦੇ ਸਾਹਮਣੇ ਵੀ ਸੈਂਕੜੇ ਲੋਕ ਇਕੱਠੇ ਹੋਏ ਅਤੇ ਵਿਰੋਧ ਪ੍ਰਦਰਸ਼ਨ ਕੀਤਾ।

ਮਿਨੀਆਪੌਲਿਸ ਵਿੱਚ ਮੌਜੂਦ ਬੀਬੀਸੀ ਪੱਤਰਕਾਰ ਐਨਾ ਫਾਗਾਏ ਦੇ ਅਨੁਸਾਰ, -23 ਡਿਗਰੀ ਸੈਲਸੀਅਸ ਤਾਪਮਾਨ ਦੇ ਬਾਵਜੂਦ ਲੋਕ ਗੋਲੀਬਾਰੀ ਵਾਲੇ ਸਥਾਨ 'ਤੇ ਮੌਜੂਦ ਹਨ ਅਤੇ ਨੇੜੇ ਹੀ ਗਿਣਤੀ ਵਿੱਚ ਪੁਲਿਸ ਬਲ ਅਤੇ ਬਖ਼ਤਰਬੰਦ ਵਾਹਨ ਤਾਇਨਾਤ ਕੀਤੇ ਗਏ ਹਨ।

ਮਿਨੇਸੋਟਾ ਦੇ ਸੈਨੇਟਰਾਂ ਨੇ ਮ੍ਰਿਤਕ ਦੀ ਪਹਿਚਾਣ ਐਲੇਕਸ ਪ੍ਰੇਟੀ ਵਜੋਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪ੍ਰੇਟੀ 37 ਸਾਲਾਂ ਦੇ ਸਨ ਅਤੇ ਮਿਨੀਆਪੌਲਿਸ ਦੇ ਰਹਿਣ ਵਾਲੇ ਸਨ। ਉਹ ਪੇਸ਼ੇ ਵਜੋਂ ਨਰਸ ਸਨ ਅਤੇ ਇੱਕ ਅਮਰੀਕੀ ਨਾਗਰਿਕ ਸਨ।

ਹੋਮਲੈਂਡ ਸਿਕਿਊਰਿਟੀ ਦੀ ਸਕੱਤਰ ਕ੍ਰਿਸਟੀ ਨੋਏਮ ਨੇ ਕਿਹਾ ਹੈ ਕਿ ਏਜੰਟਾਂ ਨੇ 'ਆਤਮ-ਰੱਖਿਆ ਵਿੱਚ ਗੋਲੀਆਂ ਚਲਾਈਆਂ', ਕਿਉਂਕਿ ਪ੍ਰੇਟੀ ਨੇ ਕਥਿਤ ਤੌਰ 'ਤੇ 'ਹਿੰਸਕ ਪ੍ਰਤੀਕਿਰਿਆ' ਦਿੱਤੀ ਸੀ।

ਗਵਰਨਰ ਵਾਲਜ਼ ਨੇ ਕਿਹਾ ਹੈ ਕਿ ਉਨ੍ਹਾਂ ਨੇ ਫੈਡਰਲ ਏਜੰਟਾਂ ਨੂੰ ਸੂਬਾ ਛੱਡਣ ਲਈ ਕਿਹਾ ਹੈ।

ਟਰੰਪ ਨੇ ਕੀ ਕਿਹਾ?

ਇਸ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਮਿਨੀਆਪੌਲਿਸ ਦੇ ਮੇਅਰ ਅਤੇ ਮਿਨੇਸੋਟਾ ਦੇ ਗਵਰਨਰ ਟਿਮ ਵਾਲਜ਼ 'ਤੇ 'ਬਗਾਵਤ ਭੜਕਾਉਣ' ਦਾ ਇਲਜ਼ਾਮ ਲਗਾਇਆ ਹੈ।

ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਟਰੰਪ ਨੇ ਉਸ ਪਿਸਤੌਲ ਦੀ ਤਸਵੀਰ ਸਾਂਝੀ ਕੀਤੀ, ਜਿਸ ਬਾਰੇ ਫੈਡਰਲ ਏਜੰਟਾਂ ਦਾ ਕਹਿਣਾ ਹੈ ਕਿ ਉਹ ਸ਼ੱਕੀ ਵਿਅਕਤੀ ਕੋਲੋਂ ਬਰਾਮਦ ਕੀਤੀ ਗਈ ਸੀ।

ਟਰੰਪ ਨੇ ਟਰੂਥ ਸੋਸ਼ਲ 'ਤੇ ਲਿਖਿਆ, "ਸਥਾਨਕ ਪੁਲਿਸ ਕਿੱਥੇ ਸੀ? ਉਨ੍ਹਾਂ ਨੂੰ ਆਈਈਸੀ ਏਜੰਟਾਂ ਦੀ ਸੁਰੱਖਿਆ ਕਰਨ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਗਈ? ਕੀ ਮੇਅਰ ਅਤੇ ਗਵਰਨਰ ਨੇ ਉਨ੍ਹਾਂ ਨੂੰ ਰੋਕ ਦਿੱਤਾ ਸੀ? ਕਿਹਾ ਜਾ ਰਿਹਾ ਹੈ ਕਿ ਕਈ ਪੁਲਿਸ ਕਰਮਚਾਰੀਆਂ ਨੂੰ ਆਪਣਾ ਕੰਮ ਕਰਨ ਨਹੀਂ ਦਿੱਤਾ ਗਿਆ, ਇਸ ਲਈ ਆਈਸੀਈ ਨੂੰ ਖੁਦ ਆਪਣੀ ਸੁਰੱਖਿਆ ਕਰਨੀ ਪਈ। ਇਹ ਕੋਈ ਸੌਖਾ ਕੰਮ ਨਹੀਂ ਹੈ।"

ਬਿਨਾਂ ਕੋਈ ਸਬੂਤ ਦਿੱਤੇ ਟਰੰਪ ਨੇ ਸਥਾਨਕ ਅਧਿਕਾਰੀਆਂ 'ਤੇ ਚੋਰੀ ਅਤੇ ਧੋਖਾਧੜੀ ਨੂੰ ਲੁਕਾਉਣ ਲਈ "ਕਵਰ-ਅਪ" ਕਰਨ ਦਾ ਇਲਜ਼ਾਮ ਲਗਾਇਆ।

ਉਨ੍ਹਾਂ ਅੱਗੇ ਲਿਖਿਆ, "ਮੇਅਰ ਅਤੇ ਗਵਰਨਰ ਆਪਣੀ ਘਮੰਡੀ, ਖ਼ਤਰਨਾਕ ਅਤੇ ਹੰਕਾਰੀ ਬਿਆਨਬਾਜ਼ੀ ਰਾਹੀਂ ਬਗਾਵਤ ਭੜਕਾ ਰਹੇ ਹਨ। ਸਾਡੇ ਆਈਸੀਈ ਦੇਸ਼ਭਗਤਾਂ ਨੂੰ ਆਪਣਾ ਕੰਮ ਕਰਨ ਦਿਓ।"

ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ, "ਮਿਨੇਸੋਟਾ ਤੋਂ 12,000 ਗੈਰਕਾਨੂੰਨੀ ਪ੍ਰਵਾਸੀ ਅਪਰਾਧੀਆਂ ਨੂੰ, ਜਿਨ੍ਹਾਂ ਵਿੱਚੋਂ ਕਈ ਹਿੰਸਕ ਸਨ, ਗ੍ਰਿਫ਼ਤਾਰ ਕਰਕੇ ਬਾਹਰ ਕੱਢ ਦਿੱਤਾ ਗਿਆ ਹੈ। ਜੇ ਉਹ ਅਜੇ ਵੀ ਉੱਥੇ ਹੀ ਹੁੰਦੇ, ਤਾਂ ਅੱਜ ਜੋ ਤੁਹਾਨੂੰ ਨਜ਼ਰ ਆ ਰਿਹਾ ਹੈ ਉਸ ਤੋਂ ਕਈ ਗੁਣਾ ਭਿਆਨਕ ਸਥਿਤੀ ਦੇਖਣ ਨੂੰ ਮਿਲਦੀ।"

ਇੱਕ ਹੋਰ ਪੋਸਟ ਵਿੱਚ ਟਰੰਪ ਨੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਵਿਰੋਧ ਕਰਨ ਵਾਲਿਆਂ ਨੇ ਇੱਕ ਆਈਸੀਈ ਏਜੰਟ ਨੂੰ ਨੁਕਸਾਨ ਪਹੁੰਚਾਇਆ।

ਮਿਨੀਆਪੌਲਿਸ ਵਿੱਚ ਫੈਡਰਲ ਇਮੀਗ੍ਰੇਸ਼ਨ ਏਜੰਟਾਂ ਦੀ ਕਾਰਵਾਈ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨਾਂ ਨੂੰ ਰੋਕਣ ਲਈ ਟਰੰਪ ਕਈ ਵਾਰ ਇੰਸਰੈਕਸ਼ਨ ਐਕਟ ਲਾਗੂ ਕਰਨ ਦੀ ਧਮਕੀ ਦੇ ਚੁੱਕੇ ਹਨ, ਜਿਸ ਨੂੰ ਬਹੁਤ ਐਮਰਜੈਂਸੀ ਵਾਲੇ ਹਾਲਾਤਾਂ ਵਿੱਚ ਹੀ ਲਾਗੂ ਕੀਤਾ ਜਾਂਦਾ ਹੈ।

ਇੱਕ ਚਸ਼ਮਦੀਦ ਨੇ ਕੀ ਦੱਸਿਆ?

ਇੱਕ ਰਿਪੋਰਟ ਕੀਤੇ ਹਲਫ਼ਨਾਮੇ ਵਿੱਚ, ਗੋਲੀਬਾਰੀ ਦਾ ਵੀਡੀਓ ਰਿਕਾਰਡ ਕਰਨ ਵਾਲੀ ਇੱਕ ਅਣਪਛਾਤੀ ਚਸ਼ਮਦੀਦ ਮਹਿਲਾ ਨੇ ਦੱਸਿਆ ਕਿ ਫੈਡਰਲ ਏਜੰਟਾਂ ਵੱਲੋਂ ਗੋਲੀ ਮਾਰੇ ਜਾਣ ਤੋਂ ਠੀਕ ਪਹਿਲਾਂ ਉਨ੍ਹਾਂ ਨੇ ਐਲੇਕਸ ਪ੍ਰੇਟੀ ਕੋਲ ਕੋਈ ਬੰਦੂਕ ਨਹੀਂ ਦੇਖੀ।

ਮਹਿਲਾ ਦਾ ਨਾਮ ਹਟਾ ਕੇ ਇਸ ਹਲਫ਼ਨਾਮੇ ਨੂੰ ਪਰਵਾਸੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਸੰਗਠਨ ਅਮੇਰੀਕਨ ਇਮੀਗ੍ਰੇਸ਼ਨ ਕੌਂਸਲ ਦੀ ਇੱਕ ਸੀਨੀਅਰ ਫੈਲੋ ਨੇ ਐਕਸ 'ਤੇ ਸਾਂਝਾ ਕੀਤਾ ਹੈ।

ਮਹਿਲਾ ਨੇ ਦੱਸਿਆ ਕਿ ਉਹ ਆਪਣੇ ਘਰ ਨੇੜੇ ਇੱਕ ਸੜਕ 'ਤੇ ਆਈਸੀਈ ਏਜੰਟਾਂ ਦੀ ਮੌਜੂਦਗੀ ਬਾਰੇ ਚੇਤਾਵਨੀ ਦੇਣ ਵਾਲੀਆਂ ਸੀਟੀਆਂ ਦੀ ਆਵਾਜ਼ ਸੁਣ ਕੇ ਉੱਥੋਂ ਦੀ ਸਥਿਤੀ ਦੇਖਣ ਲਈ ਗਏ ਸਨ।

ਮਹਿਲਾ ਅਨੁਸਾਰ, ਟ੍ਰੈਫ਼ਿਕ ਸੰਭਾਲ ਰਹੇ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਪਾਰਕਿੰਗ ਦੀ ਜਗ੍ਹਾ ਲੱਭਣ ਵਿੱਚ ਮਦਦ ਕੀਤੀ। ਇਸ ਵਿਅਕਤੀ ਦੀ ਪਛਾਣ ਉਨ੍ਹਾਂ ਨੇ ਬਾਅਦ ਵਿੱਚ ਪ੍ਰੇਟੀ ਵਜੋਂ ਕੀਤੀ।

ਇਸ ਤੋਂ ਬਾਅਦ ਮਹਿਲਾ ਨੇ ਆਪਣੇ ਮੋਬਾਇਲ ਫ਼ੋਨ ਨਾਲ ਇੱਕ ਆਈਸੀਈ ਏਜੰਟ ਦਾ ਵੀਡੀਓ ਬਣਾਇਆ, ਜਦੋਂ ਉਹ ਏਜੰਟ ਹੋਰ ਲੋਕਾਂ ਨੂੰ ਪੇਪਰ ਸਪ੍ਰੇਅ ਦੀ ਧਮਕੀ ਦੇ ਰਿਹਾ ਸੀ।

ਮਹਿਲਾ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਇੱਕ ਆਈਸੀਈ ਏਜੰਟ ਨੇ ਇੱਕ ਮਹਿਲਾ ਨੂੰ ਜ਼ਮੀਨ 'ਤੇ ਧੱਕਾ ਦੇ ਦਿੱਤਾ ਅਤੇ ਪੇਪਰ ਸਪ੍ਰੇਅ ਛਿੜਕਿਆ।

ਉਨ੍ਹਾਂ ਦੇ ਬਿਆਨ ਮੁਤਾਬਕ, ਪ੍ਰੇਟੀ ਨੇ ਖੁਦ ਪੇਪਰ ਸਪ੍ਰੇਅ ਦਾ ਸ਼ਿਕਾਰ ਹੋਣ ਦੇ ਬਾਵਜੂਦ ਉਸ ਮਹਿਲਾ ਨੂੰ ਉਠਾਉਣ ਵਿੱਚ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਉਦੋਂ ਹੀ ਹੋਰ ਆਈਸੀਈ ਏਜੰਟਾਂ ਨੇ ਉਨ੍ਹਾਂ ਨੂੰ ਫੜ ਲਿਆ।

ਮਹਿਲਾ ਨੇ ਕਿਹਾ ਕਿ ਪ੍ਰੇਟੀ ਨੇ ਕਿਸੇ ਤਰ੍ਹਾਂ ਦਾ ਵਿਰੋਧ ਨਹੀਂ ਕੀਤਾ, "ਮੈਂ ਉਸ ਕੋਲ ਕੋਈ ਬੰਦੂਕ ਨਹੀਂ ਦੇਖੀ। ਉਨ੍ਹਾਂ ਨੇ ਉਸ ਨੂੰ ਜ਼ਮੀਨ 'ਤੇ ਗਿਰਾ ਦਿੱਤਾ। ਚਾਰ ਜਾਂ ਪੰਜ ਏਜੰਟਾਂ ਨੇ ਉਸਨੂੰ ਜ਼ਮੀਨ 'ਤੇ ਦਬਾ ਕੇ ਰੱਖਿਆ ਹੋਇਆ ਸੀ ਅਤੇ ਉਨ੍ਹਾਂ ਨੇ ਉਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਉਸਨੂੰ ਕਈ ਵਾਰ ਗੋਲੀ ਮਾਰੀ।"

ਰੱਖਿਆ ਮੰਤਰੀ ਨੇ ਦੱਸਿਆ - ਆਈਸੀਈ ਤੋਂ ਕਿਵੇਂ ਬਚੋ

ਇਸ ਵਿਚਕਰ ਰੱਖਿਆ ਮੰਤਰੀ ਪੀਟ ਹੇਗਸੇਟ ਨੇ ਐਕਸ 'ਤੇ ਇੱਕ ਆਈਸੀਈ ਏਜੰਟ ਦੀ ਤਸਵੀਰ ਪੋਸਟ ਕੀਤੀ ਹੈ, ਜਿਸ ਵਿੱਚ 'ਆਈਸੀਈ ਤੋਂ ਕਿਵੇਂ ਬਚਿਆ ਜਾਵੇ' ਦੇ ਨਿਰਦੇਸ਼ ਦਿੱਤੇ ਗਏ ਹਨ।

ਇਨ੍ਹਾਂ ਨਿਰਦੇਸ਼ਾਂ ਵਿੱਚ ਲਿਖਿਆ ਹੈ, 'ਗੈਰਕਾਨੂੰਨੀ ਤਰੀਕੇ ਨਾਲ ਇੱਥੇ ਨਾ ਰਹੋ', 'ਆਈਸੀਈ ਅਧਿਕਾਰੀਆਂ 'ਤੇ ਹਮਲਾ ਨਾ ਕਰੋ' ਅਤੇ 'ਸੰਘੀ ਅਤੇ ਰਾਜ ਕਾਨੂੰਨਾਂ ਦੀ ਪਾਲਣਾ ਕਰੋ।'

ਉਨ੍ਹਾਂ ਨੇ ਰਾਤ ਨੂੰ ਪਹਿਲਾਂ ਕੀਤੀ ਇੱਕ ਹੋਰ ਪੋਸਟ ਦਾ ਲਿੰਕ ਵੀ ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਲਿਖਿਆ ਸੀ ਕਿ ਆਈਸੀਈ ਦੇ 'ਦੇਸ਼ਭਗਤ' 'ਦੇਸ਼ ਨੂੰ ਬਚਾ ਰਹੇ ਹਨ'। ਨਾਲ ਹੀ ਇਹ ਵੀ ਕਿਹਾ ਸੀ ਕਿ 'ਅਸੀਂ ਤੁਹਾਡੀ ਪੂਰੀ ਤਰ੍ਹਾਂ ਰੱਖਿਆ ਕਰਾਂਗੇ।'

ਐਲੇਕਸ ਪ੍ਰੇਟੀ ਦੇ ਮਾਤਾ-ਪਿਤਾ ਨੇ ਕੀ ਕਿਹਾ?

ਐਲੇਕਸ ਪ੍ਰੇਟੀ ਦੇ ਮਾਤਾ-ਪਿਤਾ ਮਾਈਕਲ ਅਤੇ ਸੁਸਾਨ ਪ੍ਰੇਟੀ ਨੇ ਆਪਣੇ ਪੁੱਤਰ ਬਾਰੇ "ਸੱਚ ਸਾਹਮਣੇ ਲਿਆਉਣ" ਦੀ ਅਪੀਲ ਕੀਤੀ ਹੈ।

ਸਥਾਨਕ ਮੀਡੀਆ ਵਿੱਚ ਆਈਆਂ ਖ਼ਬਰਾਂ ਮੁਤਾਬਕ, ਉਨ੍ਹਾਂ ਨੇ ਇੱਕ ਬਿਆਨ ਵਿੱਚ ਕਿਹਾ, "ਅਸੀਂ ਟੁੱਟੇ ਹੋਏ ਹਾਂ ਪਰ ਬਹੁਤ ਗੁੱਸੇ ਵਿੱਚ ਵੀ ਹਾਂ।"

ਉਨ੍ਹਾਂ ਕਿਹਾ, "ਐਲੇਕਸ ਇੱਕ ਦਿਆਲੂ ਅਤੇ ਭਾਵੁਕ ਇਨਸਾਨ ਸੀ, ਜੋ ਆਪਣੇ ਪਰਿਵਾਰ, ਦੋਸਤਾਂ ਅਤੇ ਮਿਨੀਆਪੌਲਿਸ ਦੇ ਵੈਟਰਨਜ਼ ਐਡਮਿਨਿਸਟ੍ਰੇਸ਼ਨ ਹਸਪਤਾਲ ਵਿੱਚ ਸਾਬਕਾ ਅਮਰੀਕੀ ਫੌਜੀਆਂ ਦਾ ਪਿਆਰਾ ਸੀ। ਉੱਥੇ ਉਹ ਆਈਸੀਯੂ ਨਰਸ ਵਜੋਂ ਦੇਖਭਾਲ ਦਾ ਕੰਮ ਕਰਦਾ ਸੀ।"

ਉਨ੍ਹਾਂ ਕਿਹਾ, "ਐਲੇਕਸ ਦੁਨੀਆ ਬਦਲਣਾ ਚਾਹੁੰਦਾ ਸੀ, ਪਰ ਬਦਕਿਸਮਤੀ ਨਾਲ ਉਹ ਇਹ ਦੇਖਣ ਲਈ ਸਾਡੇ ਨਾਲ ਨਹੀਂ ਰਹੇਗਾ ਕਿ ਉਸ ਨੇ ਕੀ ਅਸਰ ਛੱਡਿਆ। ਕਿਰਪਾ ਕਰਕੇ ਸਾਡੇ ਪੁੱਤਰ ਬਾਰੇ ਸੱਚ ਸਾਹਮਣੇ ਲਿਆਓ। ਉਹ ਇੱਕ ਸ਼ਾਨਦਾਰ ਇਨਸਾਨ ਸੀ।"

ਉਨ੍ਹਾਂ ਦੇ ਮਾਤਾ-ਪਿਤਾ ਨੇ ਇਹ ਵੀ ਕਿਹਾ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਪੁੱਤਰ ਬਾਰੇ ਫੈਲਾਈਆਂ ਜਾ ਰਹੀਆਂ ਕਥਿਤ ਝੂਠੀਆਂ ਗੱਲਾਂ "ਗੰਭੀਰ ਤੌਰ 'ਤੇ ਘਿਨੌਣੀਆਂ" ਹਨ ਅਤੇ ਇਹ ਕਿ ਵੀਡੀਓ ਵਿੱਚ ਐਲੇਕਸ ਦੇ ਕੋਲ ਕੋਈ ਹਥਿਆਰ ਨਹੀਂ ਸੀ, ਸਗੋਂ ਉਹ ਖਾਲੀ ਹੱਥ ਇੱਕ ਮਹਿਲਾ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਦੋਂ ਉਸ 'ਤੇ ਹਮਲਾ ਹੋਇਆ।

ਐਲੇਕਸ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਸੀ ਕਿ ਐਲੇਕਸ ਪ੍ਰੇਟੀ ਕੋਲ ਕਾਨੂੰਨੀ ਤੌਰ 'ਤੇ ਖਰੀਦੀ ਹੋਈ ਇੱਕ ਬੰਦੂਕ ਸੀ, ਪਰ ਉਨ੍ਹਾਂ ਨੇ ਕਦੇ ਨਹੀਂ ਵੇਖਿਆ ਕਿ ਉਹ ਉਸਨੂੰ ਆਪਣੇ ਨਾਲ ਲੈ ਕੇ ਚਲਦਾ ਹੋਵੇ।

ਪ੍ਰੇਟੀ ਇਸੇ ਮਹੀਨੇ ਦੀ ਸ਼ੁਰੂਆਤ ਵਿੱਚ ਸ਼ਹਿਰ ਵਿੱਚ ਇੱਕ ਫੈਡਰਲ ਇਮੀਗ੍ਰੇਸ਼ਨ ਏਜੰਟ ਵੱਲੋਂ ਰੇਨੀ ਗੁੱਡ ਦੀ ਹੱਤਿਆ ਤੋਂ ਬਾਅਦ ਹੋਏ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਏ ਸਨ।

ਉਨ੍ਹਾਂ ਦੇ ਪਿਤਾ ਮਾਈਕਲ ਪ੍ਰੇਟੀ ਨੇ ਐਸੋਸੀਏਟਡ ਪ੍ਰੈੱਸ ਨੂੰ ਕਿਹਾ, "ਉਸ ਨੂੰ ਲੋਕਾਂ ਦੀ ਗਹਿਰੀ ਚਿੰਤਾ ਸੀ ਅਤੇ ਮਿਨੀਆਪੌਲਿਸ ਅਤੇ ਪੂਰੇ ਅਮਰੀਕਾ ਵਿੱਚ ਆਈਸੀਈ ਨੂੰ ਲੈ ਕੇ ਜੋ ਕੁਝ ਹੋ ਰਿਹਾ ਸੀ, ਉਸ ਨਾਲ ਉਹ ਬਹੁਤ ਪਰੇਸ਼ਾਨ ਸੀ, ਜਿਵੇਂ ਹੋਰ ਲੱਖਾਂ ਲੋਕ ਪਰੇਸ਼ਾਨ ਹਨ।''

ਉਨ੍ਹਾਂ ਕਿਹਾ, "ਉਸਨੂੰ ਲੱਗਿਆ ਕਿ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਾ ਦੂਜਿਆਂ ਪ੍ਰਤੀ ਆਪਣੀ ਚਿੰਤਾ ਜ਼ਾਹਿਰ ਕਰਨ ਦਾ ਇੱਕ ਤਰੀਕਾ ਹੈ।"

ਅਮਰੀਕਾ ਦੇ ਡਿਪਟੀ ਅਟਾਰਨੀ ਜਨਰਲ ਟਾਡ ਬਲਾਂਚ ਨੇ ਬੀਬੀਸੀ ਦੇ ਅਮਰੀਕੀ ਮੀਡੀਆ ਸਹਿਯੋਗੀ ਸੀਬੀਐਸ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਸ ਮਾਮਲੇ ਦੀ ਸੰਘੀ ਜਾਂਚ ਜਾਰੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਇਹ ਘਾਤਕ ਗੋਲੀਬਾਰੀ ਟਾਲੀ ਜਾ ਸਕਦੀ ਸੀ ਅਤੇ ਮਿਨੇਸੋਟਾ ਦੇ ਸੂਬੇ ਅਤੇ ਸ਼ਹਿਰ ਦੇ ਅਧਿਕਾਰੀਆਂ 'ਤੇ ਨਿਸ਼ਾਨਾ ਸਾਧਿਆ ਕਿ ਉਹ ਸੰਘੀ ਕਾਨੂੰਨ ਲਾਗੂ ਕਰਨ ਦਾ ਵਿਰੋਧ ਕਰਕੇ ਇਸ ਨੂੰ ਹੋਰ ਭੜਕਾ ਰਹੇ ਹਨ।

ਹਾਊਸ ਡੈਮੋਕ੍ਰੈਟਿਕ ਲੀਡਰ ਹਾਕੀਮ ਜੇਫ੍ਰੀਜ਼ ਨੇ ਕਿਹਾ ਹੈ ਕਿ ਟਰੰਪ ਅਤੇ ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਊਰਿਟੀ "ਪੂਰੀ ਤਰ੍ਹਾਂ ਨਿਯੰਤਰਣ ਤੋਂ ਬਾਹਰ" ਹਨ।

ਉਨ੍ਹਾਂ ਇੱਕ ਬਿਆਨ ਵਿੱਚ ਕਿਹਾ, "ਅੱਜ, ਕਾਨੂੰਨ-ਰਹਿਤ ਅਤੇ ਨਕਾਬਪੋਸ਼ ਗੁੰਡੇ ਜੋ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਬਣ ਕੇ ਘੁੰਮ ਰਹੇ ਹਨ, ਉਨ੍ਹਾਂ ਨੇ ਬਿਨਾਂ ਕਿਸੇ ਕਾਰਨ ਮਿਨੀਆਪੌਲਿਸ ਦੀਆਂ ਸੜਕਾਂ 'ਤੇ ਇੱਕ ਹੋਰ ਅਮਰੀਕੀ ਨਾਗਰਿਕ ਨੂੰ ਬੇਰਹਮੀ ਨਾਲ ਮਾਰ ਦਿੱਤਾ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)