You’re viewing a text-only version of this website that uses less data. View the main version of the website including all images and videos.
ਬ੍ਰਿਟੇਨ ਦਾ 1970ਵਿਆਂ ਦਾ ਸੈਕਸ ਸਕੈਂਡਲ, ਇੱਕ ਵੱਡੇ ਨੇਤਾ ਬਾਰੇ ਕਿਵੇਂ ਖੁਲਾਸਾ ਹੋਇਆ, ਜਿਸ ਮਗਰੋਂ ਇੱਕ ਨਾਟਕੀ ਮੁਕੱਦਮਾ ਚੱਲਿਆ
- ਲੇਖਕ, ਗ੍ਰੇਗ ਮੈਕਕਵਿਟ
ਜਦੋਂ ਯੂਕੇ ਦੀ ਲਿਬਰਲ ਪਾਰਟੀ ਦੇ ਨੇਤਾ, ਜੇਰੇਮੀ ਥੋਰਪ ਦਾ ਇੱਕ ਪੁਰਸ਼ ਮਾਡਲ ਨਾਲ ਅਫੇਅਰ ਸੀ ਤਾਂ ਬ੍ਰਿਟੇਨ ਦੇ ਰਾਜਨੀਤਿਕ ਅਤੇ ਸੁਰੱਖਿਆ ਕੁਲੀਨ ਵਰਗ ਦੇ ਅੰਦਰੂਨੀ ਲੋਕਾਂ ਨੇ ਇਸ ਬਾਰੇ ਚੁੱਪ ਧਾਰੀ ਰੱਖੀ। ਪਰ ਜਦੋਂ ਥੋਰਪ ਦੇ ਸਾਬਕਾ ਪ੍ਰੇਮੀ ਨੇ ਅਦਾਲਤ ਵਿੱਚ ਸੱਚ ਬੋਲ ਦਿੱਤਾ ਤਾਂ ਇਹ ਇੱਕ ਅਜਿਹੀ ਕਹਾਣੀ ਦੀ ਸ਼ੁਰੂਆਤ ਸੀ, ਜੋ ਕਿਸੇ ਦੀ ਕਲਪਨਾ ਨਾਲੋਂ ਵੀ ਕਿਤੇ ਵੱਧ ਹੈਰਾਨ ਕਰਨ ਵਾਲੀ ਸੀ।
ਇੱਕ ਗੈਰ-ਕਾਨੂੰਨੀ ਸਮਲਿੰਗੀ ਸਬੰਧ, ਇੱਕ ਨਾਕਾਮ ਸਾਜ਼ਿਸ਼ ਅਤੇ ਇੱਕ ਮਰਿਆ ਹੋਇਆ ਕੁੱਤਾ ਉਸ ਘਟਨਾ ਦੇ ਕੇਂਦਰ ਵਿੱਚ ਸਨ, ਜਿਸਨੂੰ ਬ੍ਰਿਟਿਸ਼ ਪ੍ਰੈੱਸ "ਸਦੀ ਦਾ ਮੁਕੱਦਮਾ" ਕਹੇਗੀ। ਇਸ ਦੇ ਕੇਂਦਰ ਵਿੱਚ ਜੇਰੇਮੀ ਥੋਰਪ ਸੀ: ਲਿਬਰਲ ਪਾਰਟੀ ਦਾ ਨੇਤਾ ਅਤੇ ਪਹਿਲਾ ਬ੍ਰਿਟਿਸ਼ ਸਿਆਸਤਦਾਨ ਜਿਸ 'ਤੇ ਕਤਲ ਦੀ ਸਾਜ਼ਿਸ਼ ਅਤੇ ਉਕਸਾਉਣ ਦਾ ਮੁਕੱਦਮਾ ਚੱਲਿਆ।
ਇਹ ਕਹਾਣੀ 29 ਜਨਵਰੀ 1976 ਨੂੰ ਜਨਤਕ ਹੋਈ, ਜਦੋਂ ਇੱਕ ਮਾਮੂਲੀ ਅਦਾਲਤੀ ਸੁਣਵਾਈ ਦੌਰਾਨ ਉਸ ਦੇ ਸਾਬਕਾ ਪ੍ਰੇਮੀ ਨੌਰਮਨ ਸਕੌਟ ਨੇ ਚੀਕ ਕੇ ਕਿਹਾ: "ਜੇਰੇਮੀ ਥੋਰਪ ਨਾਲ ਮੇਰੇ ਜਿਨਸੀ ਸਬੰਧਾਂ ਕਾਰਨ ਲੋਕ ਹਰ ਸਮੇਂ ਮੇਰਾ ਪਿੱਛਾ ਕਰ ਰਹੇ ਹਨ।"
ਇਸ ਜੋੜੀ ਨੂੰ 2018 ਦੇ ਬੀਬੀਸੀ ਡਰਾਮੇ 'ਏ ਵੈਰੀ ਇੰਗਲਿਸ਼ ਸਕੈਂਡਲ' ਵਿੱਚ ਹਿਊ ਗ੍ਰਾਂਟ (ਥੋਰਪ ਵਜੋਂ) ਅਤੇ ਬੇਨ ਵਿਸ਼ਾਅ (ਸਕੌਟ ਵਜੋਂ) ਦੁਆਰਾ ਦਰਸਾਇਆ ਗਿਆ ਸੀ। ਸਕੌਟ ਦਾ ਇਹ ਹੈਰਾਨ ਕਰਨ ਵਾਲਾ ਖੁਲਾਸਾ ਇੱਕ ਅਜਿਹੀ ਕਹਾਣੀ ਦਾ ਪਹਿਲਾ ਕਾਨੂੰਨੀ ਮੋੜ ਸੀ, ਜਿਸਦੇ ਵੇਰਵੇ ਅੱਗੇ ਜਾ ਕੇ ਹੋਰ ਵੀ ਅਜੀਬ ਹੋਣ ਵਾਲੇ ਸਨ।
ਥੋਰਪ ਨੇ ਕੁਲੀਨ ਈਟਨ ਕਾਲਜ ਤੋਂ ਸਿੱਖਿਆ ਪ੍ਰਾਪਤ ਕੀਤੀ ਸੀ, ਜਿੱਥੇ ਉਸਨੇ ਆਪਣੇ ਦੋਸਤਾਂ ਨੂੰ ਦੱਸਿਆ ਸੀ ਕਿ ਉਸਦੀ ਜ਼ਿੰਦਗੀ ਦੇ ਦੋ ਵੱਡੇ ਸੁਪਨੇ ਪ੍ਰਧਾਨ ਮੰਤਰੀ ਬਣਨਾ ਅਤੇ ਰਾਜਕੁਮਾਰੀ ਮਾਰਗਰੇਟ ਨਾਲ ਵਿਆਹ ਕਰਨਾ ਸੀ। ਇਸ ਵਿਸ਼ੇਸ਼ ਅਧਿਕਾਰ ਪ੍ਰਾਪਤ ਅਤੇ ਉੱਚੇ ਸੰਪਰਕਾਂ ਵਾਲੇ ਨੌਜਵਾਨ ਲਈ, ਇਹਨਾਂ ਵਿੱਚੋਂ ਕੋਈ ਵੀ ਕਲਪਨਾ ਅਸੰਭਵ ਨਹੀਂ ਸੀ।
ਬਾਅਦ ਵਿੱਚ, ਆਕਸਫੋਰਡ ਯੂਨੀਵਰਸਿਟੀ ਵਿੱਚ ਕਾਨੂੰਨ ਦੇ ਵਿਦਿਆਰਥੀ ਵਜੋਂ ਉਸ ਨੇ ਆਪਣੇ ਭੜਕੀਲੇ ਐਡਵਰਡੀਅਨ-ਸ਼ੈਲੀ ਦੇ ਕੱਪੜਿਆਂ ਅਤੇ ਇੱਕ ਕ੍ਰਿਸ਼ਮਈ ਬਹਿਸਬਾਜ਼ ਵਜੋਂ ਆਪਣੀ ਪ੍ਰਤਿਭਾ ਰਾਹੀਂ ਪ੍ਰਭਾਵ ਬਣਾਇਆ।
ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਹ ਇੱਕ ਬੈਰਿਸਟਰ ਅਤੇ ਟੈਲੀਵਿਜ਼ਨ ਪੇਸ਼ਕਾਰ ਬਣ ਗਿਆ, ਪਰ ਉਸਦੀ ਸਿਆਸੀ ਇੱਛਾ ਲਗਾਤਾਰ ਬਣੀ ਰਹੀ। ਇੱਕ ਪ੍ਰਤਿਭਾਸ਼ਾਲੀ ਨਕਲਚੀ ਅਤੇ ਪੈਦਾਇਸ਼ੀ ਕਲਾਕਾਰ ਹੋਣ ਦੇ ਨਾਤੇ, ਉਹ 1959 ਵਿੱਚ 30 ਸਾਲ ਦੀ ਉਮਰ ਵਿੱਚ ਇੱਕ ਲਿਬਰਲ ਐਮਪੀ ਵਜੋਂ ਚੁਣਿਆ ਗਿਆ ਸੀ।
ਸਕੌਟ ਨਾਲ ਸਬੰਧ
ਇਸ ਪਿਛੋਕੜ ਦੇ ਨਾਲ ਉਹ ਬਹੁਤ ਉੱਚਾਈਆਂ ਤੱਕ ਪਹੁੰਚਣ ਲਈ ਤਿਆਰ ਜਾਪਦਾ ਸੀ, ਫਿਰ ਵੀ ਜਨਤਕ ਦਿਖਾਵੇ ਦੇ ਪਿੱਛੇ ਉਹ ਉਸ ਸਮੇਂ ਗੁਪਤ ਰੂਪ ਵਿੱਚ ਸਮਲਿੰਗੀ ਸੀ, ਜਦੋਂ ਪੁਰਸ਼ ਸਮਲਿੰਗਤਾ ਗੈਰ-ਕਾਨੂੰਨੀ ਸੀ। ਵਿਆਪਕ ਨੈਤਿਕ ਨਿੰਦਾ ਦਾ ਸਾਹਮਣਾ ਕਰਨ ਦੇ ਨਾਲ-ਨਾਲ, 1967 ਵਿੱਚ ਕਾਨੂੰਨ ਬਦਲਣ ਤੋਂ ਪਹਿਲਾਂ ਲਾਗੂ ਸਖ਼ਤ ਸਜ਼ਾਵਾਂ ਨੇ ਅਜਿਹੀ ਗੁਪਤ ਜ਼ਿੰਦਗੀ ਜਿਉਣ ਵਾਲਿਆਂ ਨੂੰ ਬਲੈਕਮੇਲ ਦੇ ਸ਼ਿਕਾਰ ਹੋਣ ਦੇ ਜੋਖਮ ਵਿੱਚ ਪਾ ਦਿੱਤਾ ਸੀ।
ਇੱਕ ਉਤਸ਼ਾਹੀ ਪ੍ਰਧਾਨ ਮੰਤਰੀ ਲਈ, ਪਰਦਾਫਾਸ਼ ਹੋਣ ਦੇ ਨਤੀਜੇ ਵਿਨਾਸ਼ਕਾਰੀ ਹੋ ਸਕਦੇ ਸਨ। ਪਰ ਥੋਰਪ ਨੂੰ ਜੋਖਮ ਲੈਣਾ ਪਸੰਦ ਸੀ, ਅਤੇ ਉਸ ਦੇ ਕਈ ਥੋੜ੍ਹੇ ਸਮੇਂ ਦੇ ਅਤੇ ਆਮ ਸਬੰਧ ਸਨ। 1961 ਦੀਆਂ ਗਰਮੀਆਂ ਵਿੱਚ, ਉਸਦਾ ਸਾਹਮਣਾ ਇੱਕ ਨਿਮਰ ਪਿਛੋਕੜ ਵਾਲੇ ਇੱਕ ਨੌਜਵਾਨ ਮਾਡਲ ਨਾਲ ਹੋਇਆ ਜਿਸਨੂੰ ਪਾਸੇ ਕਰਨਾ ਅਸੰਭਵ ਸਾਬਤ ਹੋਣਾ ਸੀ।
1977 ਵਿੱਚ ਪਿੱਛੇ ਮੁੜ ਕੇ ਦੇਖਦੇ ਹੋਏ, ਨੌਰਮਨ ਸਕੌਟ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਪਹਿਲੀ ਵਾਰ "ਇੱਕ ਤਬੇਲੇ ਦੇ ਦਰਵਾਜ਼ੇ 'ਤੇ" ਮਿਲੇ ਸਨ। ਉਨ੍ਹਾਂ ਦਿਨਾਂ ਵਿੱਚ, ਸਕੌਟ ਨੌਰਮਨ ਜੋਸਿਫ਼ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅਤੇ ਇੱਕ ਪੇਸ਼ੇਵਰ ਘੋੜ-ਸਵਾਰ ਦੇ ਘੋੜਿਆਂ ਦੀ ਦੇਖਭਾਲ ਲਈ ਨੌਕਰੀ ਕਰਦਾ ਸੀ।
ਉਸ ਨੇ ਕਿਹਾ ਕਿ ਥੋਰਪ "ਇੱਕ ਨਿੱਘੇ ਸੁਭਾਅ ਵਾਲਾ ਪਾਤਰ ਜਾਪਦਾ ਸੀ" ਅਤੇ ਉਨ੍ਹਾਂ ਨੇ ਨਿਯਮਤ ਤੌਰ 'ਤੇ ਮਿਲਣਾ ਸ਼ੁਰੂ ਕਰ ਦਿੱਤਾ। ਸਕੌਟ ਦੇ ਲਗਾਤਾਰ ਪੈਸੇ ਦੀ ਤੰਗੀ ਅਤੇ ਮਾਨਸਿਕ ਸਿਹਤ ਸਮੱਸਿਆਵਾਂ ਨਾਲ ਜੂਝਣ ਕਾਰਨ, ਉਹ ਇੱਕ ਅਜੀਬ ਜੋੜੀ ਸੀ।
ਜਦੋਂ ਸਕੌਟ ਨੂੰ ਕਥਿਤ ਦੁਕਾਨ-ਚੋਰੀ ਲਈ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਥੋਰਪ ਨੇ ਜਾਸੂਸਾਂ ਕੋਲ ਉਸਦਾ ਪੱਖ ਪੂਰਿਆ ਸੀ। ਉਸ ਨੇ ਸਕੌਟ ਨੂੰ ਲੰਡਨ ਦੀਆਂ ਮਹਿੰਗੀਆਂ ਕੱਪੜਿਆਂ ਦੀਆਂ ਦੁਕਾਨਾਂ 'ਤੇ ਆਪਣੇ ਖਰਚੇ ਦੇ ਖਾਤਿਆਂ ਤੱਕ ਪਹੁੰਚ ਦਿੱਤੀ ਅਤੇ ਉਸ ਨੂੰ ਆਪਣੇ ਅਮੀਰ ਦੋਸਤਾਂ ਨਾਲ ਮਿਲਾਇਆ। ਹਾਲਾਂਕਿ ਥੋਰਪ ਨੇ ਸ਼ਾਇਦ ਉਨ੍ਹਾਂ ਵਿਚਕਾਰ ਹੋਈ ਕਿਸੇ ਵੀ ਪੱਤਰ-ਵਿਹਾਰ ਨੂੰ ਨਸ਼ਟ ਕਰ ਦਿੱਤਾ ਸੀ ਪਰ ਉਸਦੇ ਪਿਆਰ ਭਰੇ ਪਰ ਦੋਸ਼ੀ ਠਹਿਰਾਉਣ ਵਾਲੇ ਪੱਤਰਾਂ ਨੂੰ ਸਕੌਟ ਨੇ ਸਬੂਤ ਵਜੋਂ ਸੰਭਾਲ ਕੇ ਰੱਖਿਆ ਸੀ।
ਅਜਿਹੀ ਉੱਘੀ ਹਸਤੀ ਬਾਰੇ ਇਹ ਅਜੀਬੋ-ਗਰੀਬ ਦਾਅਵੇ ਕਰਨ ਵਾਲੇ ਇਸ ਪ੍ਰਤੱਖ ਤੌਰ 'ਤੇ ਅਸਥਿਰ ਵਿਅਕਤੀ 'ਤੇ ਕੌਣ ਵਿਸ਼ਵਾਸ ਕਰੇਗਾ?
ਵਿਅੰਗ ਦੀ ਗੱਲ ਇਹ ਸੀ ਕਿ ਲਗਾਤਾਰ ਅਸਥਿਰ ਹੋ ਰਹੇ ਸਕੌਟ ਨੇ ਹੀ ਇਸ ਸਬੰਧ ਨੂੰ ਖਤਮ ਕੀਤਾ ਸੀ। ਉਸ ਨੇ ਕਿਹਾ, "ਮੈਂ ਸਾਡੇ ਇੱਕ ਸਾਂਝੇ ਦੋਸਤ ਨੂੰ ਦੱਸਿਆ ਕਿ ਮੈਂ ਇਸ ਸਭ ਨੂੰ ਖਤਮ ਕਰਨ ਜਾ ਰਿਹਾ ਹਾਂ। ਮੈਨੂੰ ਨਹੀਂ ਪਤਾ ਸੀ ਕਿ ਕਿਵੇਂ, ਪਰ ਇਹ ਮੇਰੇ ਲਈ ਬਹੁਤ ਜ਼ਿਆਦਾ ਸੀ। ਮੈਂ ਬਰਦਾਸ਼ਤ ਨਹੀਂ ਕਰ ਸਕਿਆ। ਮੈਂ ਉਸਨੂੰ ਅਤੇ ਆਪਣੇ ਆਪ ਨੂੰ ਤਬਾਹ ਕਰਨ ਜਾ ਰਿਹਾ ਸੀ।"
ਇਕੱਲਾ ਅਤੇ ਨਿਰਾਸ਼ਾ ਦੇ ਨੇੜੇ ਹੋ ਕੇ, ਉਸ ਨੇ ਥੋਰਪ ਨੂੰ ਮਾਰਨ ਅਤੇ ਫਿਰ ਆਪਣੀ ਜਾਨ ਲੈਣ ਬਾਰੇ ਖੁੱਲ੍ਹ ਕੇ ਗੱਲ ਕਰਨੀ ਸ਼ੁਰੂ ਕਰ ਦਿੱਤੀ।
ਇੱਕ ਚਿੰਤਤ ਦੋਸਤ ਨੇ ਪੁਲਿਸ ਨਾਲ ਰਾਬਤਾ ਕੀਤਾ। ਅਧਿਕਾਰੀਆਂ ਨਾਲ ਇੰਟਰਵਿਊਜ਼ ਵਿੱਚ, ਸਕੌਟ ਨੇ ਇਹ ਕਬੂਲ ਕਰਕੇ ਆਪਣੇ ਆਪ ਨੂੰ ਮੁਲਜ਼ਮ ਬਣਾ ਲਿਆ ਕਿ ਉਸਦਾ ਥੋਰਪ ਨਾਲ ਸਬੰਧ ਸੀ।
ਇੰਨਾ ਹੀ ਨਹੀਂ, ਉਸ ਕੋਲ ਇਸ ਨੂੰ ਸਾਬਤ ਕਰਨ ਲਈ ਦਸਤਾਵੇਜ਼ੀ ਸਬੂਤ ਵੀ ਸਨ।
ਸੈਕਸ ਅਤੇ ਜਾਸੂਸੀ ਸਕੈਂਡਲ ਨਾਲ ਹਿੱਲਿਆ ਬ੍ਰਿਟੇਨ
ਇਹ ਸਾਹਮਣੇ ਆਇਆ ਕਿ ਸੁਰੱਖਿਆ ਸੇਵਾਵਾਂ ਕੋਲ ਪਹਿਲਾਂ ਹੀ ਥੋਰਪ ਦੀ ਗੁਪਤ ਨਿੱਜੀ ਜ਼ਿੰਦਗੀ ਦਾ ਵੇਰਵਾ ਦੇਣ ਵਾਲੀਆਂ ਗੁਪਤ ਫਾਈਲਾਂ ਸਨ ਪਰ ਕਿਸੇ ਵੀ ਇਲਜ਼ਾਮ ਦੀ ਰਸਮੀ ਜਾਂਚ ਨਹੀਂ ਕੀਤੀ ਗਈ ਸੀ। 2014 ਦੇ ਇੱਕ ਰੇਡੀਓ ਦਸਤਾਵੇਜ਼ੀ ਵਿੱਚ ਬੀਬੀਸੀ ਦੇ ਪੱਤਰਕਾਰ ਟੌਮ ਮੈਂਗੋਲਡ ਨੇ ਨਿਰੀਖਣ ਕੀਤਾ ਕਿ ਕਿਸੇ ਸਪੱਸ਼ਟ ਪਰਦਾਪੋਸ਼ੀ ਦੀ ਬਜਾਏ, ਸਾਰੀ ਅਕਿਰਿਆਸ਼ੀਲਤਾ ਉਸ ਸਮੇਂ ਦੇ ਬ੍ਰਿਟਿਸ਼ ਸਮਾਜ ਵਿੱਚ ਮੌਜੂਦ "ਸ਼ਾਂਤ ਸਮਝ ਅਤੇ ਅੰਤਰੀਵ ਧਾਰਨਾਵਾਂ" 'ਤੇ ਅਧਾਰਤ ਸੀ।
ਸਾਲ 1960 ਦੇ ਦਹਾਕੇ ਦੇ ਸ਼ੁਰੂ ਵਿੱਚ, ਬ੍ਰਿਟੇਨ ਸੈਕਸ ਅਤੇ ਜਾਸੂਸੀ ਸਕੈਂਡਲਾਂ ਦੀ ਇੱਕ ਲੜੀ ਨਾਲ ਹਿੱਲ ਗਿਆ ਸੀ।
ਪਹਿਲਾਂ ਹੀ ਜੌਨ ਵੈਸਲ ਦਾ ਮਾਮਲਾ ਸਾਹਮਣੇ ਆ ਚੁੱਕਾ ਸੀ, ਜੋ ਕਿ ਇੱਕ ਸਮਲਿੰਗੀ ਸਿਵਲ ਸਰਵੈਂਟ ਸੀ, ਜਿਸਨੇ ਬਲੈਕਮੇਲ ਦੀ ਧਮਕੀ ਦੇ ਤਹਿਤ ਬ੍ਰਿਟਿਸ਼ ਰਾਜ ਦੇ ਭੇਤ ਸੋਵੀਅਤ ਸੰਘ ਨੂੰ ਦਿੱਤੇ ਸਨ। ਇਸ ਤੋਂ ਤੁਰੰਤ ਬਾਅਦ ਯੁੱਧ ਮੰਤਰੀ ਜੌਨ ਪ੍ਰੋਫਿਊਮੋ ਦਾ ਕ੍ਰਿਸਟੀਨ ਕੀਲਰ ਨਾਲ ਅਫੇਅਰ ਸਾਹਮਣੇ ਆਇਆ, ਜੋ ਇੱਕ ਨੌਜਵਾਨ ਮਾਡਲ ਸੀ ਅਤੇ ਉਸੇ ਸਮੇਂ ਇੱਕ ਰੂਸੀ ਜਾਸੂਸ ਨਾਲ ਵੀ ਜੁੜੀ ਹੋਈ ਸੀ।
ਸਕੌਟ ਸਥਿਤੀਆਂ ਤੋਂ ਡਰਿਆ ਨਹੀਂ ਸਗੋਂ ਥੋਰਪ ਦੀ ਮਾਂ ਨੂੰ ਚਿੱਠੀ ਲਿਖੀ। ਸਕੌਟ ਨੇ ਬਾਅਦ ਵਿੱਚ ਬੀਬੀਸੀ ਨੂੰ ਕਿਹਾ, "ਮੈਨੂੰ ਲੱਗਦਾ ਸੀ ਕਿ ਉਹ ਸਾਡੇ ਰਿਸ਼ਤੇ ਬਾਰੇ ਜਾਣਦੀ ਸੀ।"
ਹਾਲਾਂਕਿ ਇਹ ਬਲੈਕਮੇਲ ਪੱਤਰ ਨਹੀਂ ਸੀ, ਪਰ ਇਸ ਵਿੱਚ ਅਜਿਹੇ ਇਸ਼ਾਰੇ ਸਨ, ਜਿਨ੍ਹਾਂ ਨੇ ਥੋਰਪ ਨੂੰ ਉਦੋਂ ਡਰਾ ਦਿੱਤਾ ਜਦੋਂ ਉਸਨੇ ਇਸਨੂੰ ਰਸਤੇ ਵਿੱਚ ਹੀ ਰੋਕ ਲਿਆ। ਇਹ ਪੱਤਰ ਸਬੂਤ ਸੀ ਕਿ ਸਕੌਟ ਇੱਕ ਪਰੇਸ਼ਾਨੀ ਤੋਂ ਖਤਰੇ ਵਿੱਚ ਬਦਲ ਰਿਹਾ ਸੀ।
ਥੋਰਪ ਨੇ ਆਪਣੇ ਦੋਸਤ ਅਤੇ ਸਾਥੀ ਲਿਬਰਲ ਐੱਮਪੀ ਪੀਟਰ ਬੇਸਲ ਨਾਲ ਗੱਲ ਕੀਤੀ, ਜੋ ਸਕੌਟ ਨੂੰ ਮਿਲਣ ਅਤੇ "ਉਸ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨ" ਲਈ ਸਹਿਮਤ ਹੋ ਗਿਆ।
ਸਾਲ 1967 ਵਿੱਚ, ਸੰਸਦ ਵਿੱਚ ਸਿਰਫ਼ ਅੱਠ ਸਾਲਾਂ ਬਾਅਦ, ਥੋਰਪ ਪਾਰਟੀ ਦਾ ਨੇਤਾ ਬਣ ਗਿਆ, ਜਿਸ ਨੇ ਲਿਬਰਲਾਂ ਨੂੰ ਇੱਕ ਕ੍ਰਾਂਤੀਕਾਰੀ ਮੋਹਰੀ ਸ਼ਕਤੀ ਵਿੱਚ ਬਦਲਣ ਦਾ ਵਾਅਦਾ ਕੀਤਾ। ਇਹ ਯਕੀਨੀ ਬਣਾਉਣਾ ਪਹਿਲਾਂ ਨਾਲੋਂ ਕਿਤੇ ਵੱਧ ਮਹੱਤਵਪੂਰਨ ਹੋ ਗਿਆ ਸੀ ਕਿ ਸਕੌਟ ਚੁੱਪ ਰਹੇ।
ਬੇਸਲ ਨੇ ਉਸ ਨੂੰ ਇੱਕ ਛੋਟਾ ਹਫਤਾਵਾਰੀ ਭੱਤਾ ਦੇਣ ਦਾ ਪ੍ਰਬੰਧ ਕੀਤਾ ਅਤੇ ਉਸ ਦੇ ਲਈ ਨੌਕਰੀ ਲੱਭਣ ਦੀ ਕੋਸ਼ਿਸ਼ ਕੀਤੀ। ਪਰ ਸਕੌਟ ਸੰਤੁਸ਼ਟ ਨਹੀਂ ਸੀ।
ਦੋਵਾਂ ਮਰਦਾਂ ਦੀਆਂ ਨਿੱਜੀ ਜ਼ਿੰਦਗੀਆਂ ਪੇਚੀਦਾ ਸਨ। ਥੋਰਪ ਨੇ 1968 ਵਿੱਚ ਕੈਰੋਲੀਨ ਆਲਪਾਸ ਨਾਲ ਵਿਆਹ ਕੀਤਾ ਅਤੇ ਉਨ੍ਹਾਂ ਦਾ ਇੱਕ ਪੁੱਤਰ ਸੀ। ਸਾਲ 1970 ਦੀਆਂ ਆਮ ਚੋਣਾਂ ਤੋਂ ਕੁਝ ਸਮੇਂ ਬਾਅਦ ਇੱਕ ਕਾਰ ਹਾਦਸੇ ਵਿੱਚ ਉਸਦੀ ਮੌਤ ਹੋ ਗਈ।
ਸਾਲ 1973 ਵਿੱਚ, ਉਸ ਨੇ ਮੈਰੀਅਨ ਸਟੇਨ, ਉਰਫ ਕਾਊਂਟੇਸ ਆਫ ਹੇਅਰਵੁੱਡ ਨਾਲ ਵਿਆਹ ਕੀਤਾ, ਜੋ ਕਿ ਆਸਟ੍ਰੀਆ ਵਿੱਚ ਜਨਮੀ ਇੱਕ ਪ੍ਰਭਾਵਸ਼ਾਲੀ ਕੰਸਰਟ ਪਿਆਨੋਵਾਦਕ ਸੀ ਅਤੇ ਅੰਤ ਤੱਕ ਵਫ਼ਾਦਾਰ ਰਹੀ। ਸਕੌਟ ਨੇ 1969 ਵਿੱਚ ਸੂ ਮਾਇਰਸ ਨਾਲ ਵਿਆਹ ਕੀਤਾ; ਉਨ੍ਹਾਂ ਦਾ ਇੱਕ ਪੁੱਤਰ ਸੀ ਪਰ ਜਲਦੀ ਹੀ ਵੱਖ ਹੋ ਗਏ।
ਜਦੋਂ ਕਿ ਥੋਰਪ ਨੇ ਆਪਣੇ ਉੱਚ-ਪ੍ਰੋਫਾਈਲ ਪੇਸ਼ੇਵਰ ਜੀਵਨ ਵਿੱਚ ਤਰੱਕੀ ਕਰਨਾ ਜਾਰੀ ਰੱਖਿਆ, ਉਨ੍ਹਾਂ ਦੇ ਸਬੰਧਾਂ ਦੇ 10 ਸਾਲਾਂ ਤੋਂ ਵੱਧ ਸਮੇਂ ਬਾਅਦ ਵੀ ਸਕੌਟ ਪਰਛਾਵਿਆਂ ਵਿੱਚ ਰਿਹਾ ਅਤੇ ਹਰ ਉਸ ਵਿਅਕਤੀ ਨੂੰ ਪਰੇਸ਼ਾਨ ਕਰਦਾ ਰਿਹਾ ਜੋ ਉਸਦੀ ਕਹਾਣੀ ਸੁਣਦਾ।
ਇਹ ਇਲਜ਼ਾਮ ਅੰਤ ਵਿੱਚ ਲਿਬਰਲ ਐੱਮਪੀ ਐਮਲਿਨ ਹੂਸਨ ਦੇ ਦਫਤਰ ਤੱਕ ਪਹੁੰਚ ਗਏ, ਜੋ ਬੇਸਲ ਦੇ ਉਲਟ, ਸੀਨੀਅਰ ਸਹਿਯੋਗੀਆਂ ਨੂੰ ਸੂਚਿਤ ਕਰਨ ਲਈ ਕਾਫੀ ਫਿਕਰਮੰਦ ਸੀ। ਪਾਰਟੀ ਦੀ ਇੱਕ ਅੰਦਰੂਨੀ ਜਾਂਚ ਨੇ ਸਿੱਟਾ ਕੱਢਿਆ ਕਿ ਥੋਰਪ ਦੇ ਵਿਰੁੱਧ ਕੇਸ ਸਾਬਤ ਨਹੀਂ ਹੋਇਆ ਸੀ।
ਫਰਵਰੀ 1974 ਦੀਆਂ ਆਮ ਚੋਣਾਂ ਤੋਂ ਇੱਕ ਦਿਨ ਪਹਿਲਾਂ, ਥੋਰਪ ਦੇ ਇੱਕ ਸਾਥੀ ਨੇ ਸਕੌਟ ਨੂੰ ਉਹ ਪੱਤਰ ਸੌਂਪਣ ਲਈ £2,500 ਦਿੱਤੇ ਜਿਸ ਵਿੱਚ ਇੰਨੇ ਸਾਰੇ ਇਲਜ਼ਾਮ ਸਾਬਤ ਕਰਨ ਵਾਲੇ ਸਬੂਤ ਸਨ। ਉਹ ਚੋਣ ਥੋਰਪ ਦੇ ਸਿਆਸੀ ਕਰੀਅਰ ਦਾ ਸਿਖਰ ਹੋਣੀ ਸੀ। ਉਸਦੀ ਪਾਰਟੀ ਨੇ ਇੰਨੀਆਂ ਸੀਟਾਂ ਜਿੱਤੀਆਂ ਕਿ ਕੁਝ ਸਮੇਂ ਲਈ ਅਜਿਹਾ ਲੱਗਿਆ ਕਿ ਉਹ ਗਠਜੋੜ ਸਰਕਾਰ ਵਿੱਚ ਮੰਤਰੀ ਬਣ ਸਕਦਾ ਹੈ, ਹਾਲਾਂਕਿ ਕੋਈ ਸਮਝੌਤਾ ਨਹੀਂ ਹੋ ਸਕਿਆ।
ਜਦੋਂ ਇੱਕ ਸਾਜ਼ਿਸ਼ ਰਚੀ ਗਈ
ਥੋਰਪ ਬਾਰੇ ਉਹ ਅਫਵਾਹਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਸਨ। ਚਾਹੇ ਇਹ ਵਿਚਾਰ ਥੋਰਪ ਅਤੇ ਉਸਦੇ ਦੋਸਤਾਂ ਵਿਚਕਾਰ ਕਿਸੇ ਵਿਹਲੀ ਗੱਲਬਾਤ ਵਿੱਚੋਂ ਨਿਕਲਿਆ ਹੋਵੇ ਜਾਂ ਕਿਸੇ ਗੰਭੀਰ ਚਰਚਾ ਵਿੱਚੋਂ, ਘੱਟੋ-ਘੱਟ ਸਕੌਟ ਨੂੰ ਡਰਾਉਣ-ਧਮਕਾਉਣ ਲਈ ਇੱਕ ਸਾਜ਼ਿਸ਼ ਰਚੀ ਗਈ ਸੀ।
ਥੋਰਪ ਦੇ ਸਹਿਯੋਗੀਆਂ ਨੇ ਐਂਡਰਿਊ ਨਿਊਟਨ ਨਾਲ ਸੰਪਰਕ ਕੀਤਾ, ਜੋ ਕਿ ਇੱਕ ਬਦਨਾਮ ਏਅਰਲਾਈਨ ਪਾਇਲਟ ਅਤੇ ਗੈਰ-ਪੇਸ਼ੇਵਰ ਹਿਟਮੈਨ ਸੀ।
ਨਿਊਟਨ ਨੇ ਅਕਤੂਬਰ 1975 ਵਿੱਚ ਸਕੌਟ ਨਾਲ ਦੋਸਤੀ ਕੀਤੀ ਅਤੇ ਦਾਅਵਾ ਕੀਤਾ ਕਿ ਉਹ ਇੱਕ ਨਿੱਜੀ ਜਾਸੂਸ ਹੈ ਜਿਸਨੂੰ ਉਸਦੀ ਸੁਰੱਖਿਆ ਲਈ ਰੱਖਿਆ ਗਿਆ ਹੈ। ਉਸਨੇ ਭੋਲੇ-ਭਾਲੇ ਸਕੌਟ ਨੂੰ ਹਨੇਰੇ ਵਿੱਚ ਪੇਂਡੂ ਸੈਰ ਲਈ ਜਾਣ ਲਈ ਮਨਾ ਲਿਆ। ਨਿਊਟਨ ਆਪਣੇ ਨਾਲ ਬੰਦੂਕ ਲੈ ਆਇਆ ਜਦੋਂ ਕਿ ਸਕੌਟ ਆਪਣੇ ਰਿੰਕਾ ਨਾਮ ਦੀ ਇੱਕ ਗ੍ਰੇਟ ਡੇਨ ਕੁੱਤੀ ਨੂੰ ਲੈ ਆਇਆ।
ਜਦੋਂ ਉਨ੍ਹਾਂ ਨੇ ਸੜਕ ਦੇ ਇੱਕ ਦੂਰ-ਦੁਰਾਡੇ ਹਿੱਸੇ 'ਤੇ ਗੱਡੀ ਰੋਕੀ, ਤਾਂ ਕੁੱਤੀ ਕਾਰ ਤੋਂ ਬਾਹਰ ਛਾਲ ਮਾਰ ਗਈ। ਸਕੌਟ ਨੇ 1977 ਵਿੱਚ ਯਾਦ ਕਰਦੇ ਹੋਏ ਕਿਹਾ: "ਉਹ ਭੌਂਕ ਰਹੀ ਸੀ ਅਤੇ ਉੱਛਲ ਰਹੀ ਸੀ। ਅਤੇ ਫਿਰ ਉਸਨੇ ਬਸ ਉਸਨੂੰ ਗੋਲੀ ਮਾਰ ਦਿੱਤੀ। ਅਤੇ ਮੈਂ ਫਿਰ... ਮੈਂ ਉਸਨੂੰ ਦੁਬਾਰਾ ਜਿਉਂਦਾ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਹੇਠਾਂ ਝੁਕਿਆ ਹੋਇਆ ਸੀ ਅਤੇ ਉਸਨੇ ਕਿਹਾ, 'ਹੁਣ ਤੇਰੀ ਵਾਰੀ ਹੈ।'"
ਸਕੌਟ ਨੇ ਹੈਰਾਨੀ ਨਾਲ ਉਸ ਵੱਲ ਦੇਖਿਆ ਕਿਉਂਕਿ ਨਿਊਟਨ ਹੱਥ ਵਿੱਚ ਬੰਦੂਕ ਲੈ ਕੇ ਕਾਰ ਦੀਆਂ ਹੈੱਡਲਾਈਟਾਂ ਦੇ ਸਾਹਮਣੇ ਕੰਬ ਰਿਹਾ ਸੀ। ਸਕੌਟ ਨੇ ਕਿਹਾ, "ਉਸਨੇ ਇਹ ਮੇਰੇ ਵੱਲ ਤਾਣੀ... ਅਤੇ ਮੈਨੂੰ ਅਚਾਨਕ ਅਹਿਸਾਸ ਹੋਇਆ ਕਿ ਉਹ ਮੈਨੂੰ ਵੀ ਗੋਲੀ ਮਾਰਨ ਵਾਲਾ ਹੈ।" ਪਰ ਬੰਦੂਕ ਫਸ ਗਈ ਅਤੇ ਸਕੌਟ ਬਚ ਗਿਆ। ਨਿਊਟਨ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਹੋਈ। ਆਪਣੇ ਮੁਕੱਦਮੇ ਵਿੱਚ, ਉਸਨੇ ਦਾਅਵਾ ਕੀਤਾ ਕਿ ਸਕੌਟ ਉਸਨੂੰ ਇੱਕ ਨਗਨ ਤਸਵੀਰ ਕਾਰਨ ਬਲੈਕਮੇਲ ਕਰ ਰਿਹਾ ਸੀ।
ਇਸ ਭਿਆਨਕ ਅਨੁਭਵ ਤੋਂ ਤਿੰਨ ਮਹੀਨੇ ਬਾਅਦ, ਸਕੌਟ ਇੱਕ ਮਾਮੂਲੀ ਭਲਾਈ ਧੋਖਾਧੜੀ ਦੇ ਦੋਸ਼ ਵਿੱਚ ਅਦਾਲਤ ਵਿੱਚ ਪੇਸ਼ ਹੋਇਆ। ਉੱਥੇ ਹੀ, 29 ਜਨਵਰੀ 1976 ਨੂੰ, ਉਸਨੇ ਜੇਰੇਮੀ ਥੋਰਪ ਨਾਲ ਆਪਣੇ "ਜਿਨਸੀ ਸਬੰਧਾਂ" ਬਾਰੇ ਰੌਲਾ ਪਾਇਆ। ਕਿਉਂਕਿ ਸਕੌਟ ਨੇ ਖੁੱਲ੍ਹੀ ਅਦਾਲਤ ਵਿੱਚ ਆਪਣਾ ਦਾਅਵਾ ਕੀਤਾ ਸੀ, ਇਸ ਲਈ ਪੱਤਰਕਾਰ ਮਾਣਹਾਨੀ ਦੇ ਕਾਨੂੰਨਾਂ ਤੋਂ ਸੁਰੱਖਿਅਤ ਸਨ ਅਤੇ ਉਸਦੇ ਦੋਸ਼ ਦੀ ਰਿਪੋਰਟ ਕਰਨ ਲਈ ਸੁਤੰਤਰ ਸਨ। ਆਖਿਰਕਾਰ ਥੋਰਪ ਮਾਮਲਾ ਜਨਤਕ ਹੋ ਗਿਆ।
ਥੋਰਪ ਨੇ ਤੁਰੰਤ ਇਨਕਾਰ ਕਰ ਦਿੱਤਾ, ਪਰ ਮਈ ਵਿੱਚ, ਉਸਦੇ ਲਈ ਹਾਲਾਤ ਬਦ ਤੋਂ ਬਦਤਰ ਹੋ ਗਏ ਜਦੋਂ ਪੀਟਰ ਬੇਸਲ, ਉਸਦੇ ਪਹਿਲਾਂ ਵਫ਼ਾਦਾਰ ਲਿਬਰਲ ਪਾਰਟੀ ਦੇ ਦੋਸਤ ਨੇ ਸਭ ਕੁਝ ਦੱਸਣ ਦਾ ਫੈਸਲਾ ਕੀਤਾ।
ਬੇਸਲ ਨੇ ਬਾਅਦ ਵਿੱਚ ਬੀਬੀਸੀ ਦੇ ਪੈਨੋਰਮਾ ਨੂੰ ਦੱਸਿਆ, "ਅਸੀਂ ਕਿਸੇ ਦੀ ਨਿੱਜੀ ਜ਼ਿੰਦਗੀ ਨੂੰ ਲੁਕਾਉਣ ਦੇ ਖੇਤਰ ਤੋਂ ਨਿਕਲ ਕੇ ਹੁਣ ਇੱਕ ਅਜਿਹੇ ਖੇਤਰ ਵਿੱਚ ਆ ਗਏ ਹਾਂ ਜਿੱਥੇ ਇਹ ਕਤਲ ਦੀ ਕੋਸ਼ਿਸ਼ ਨੂੰ ਲੁਕਾਉਣ ਦਾ ਮਾਮਲਾ ਸੀ।"
ਜਿਵੇਂ ਹੀ ਕਹਾਣੀ ਉਸਦੇ ਕਾਬੂ ਤੋਂ ਬਾਹਰ ਹੋ ਗਈ, ਥੋਰਪ 'ਸੰਡੇ ਟਾਈਮਜ਼' ਨੂੰ ਇੱਕ ਪਿਆਰ ਭਰਿਆ ਪੱਤਰ ਛਾਪਣ ਦੀ ਇਜਾਜ਼ਤ ਦੇਣ ਲਈ ਸਹਿਮਤ ਹੋ ਗਿਆ ਜੋ ਉਸਨੇ 1962 ਵਿੱਚ ਸਕੌਟ ਨੂੰ ਲਿਖਿਆ ਸੀ। ਹਾਲਾਂਕਿ ਇੱਕ ਵੱਖਰੇ ਦਹਾਕੇ ਦੇ ਵਧੇਰੇ ਉਦਾਰ ਸਮਾਜਿਕ ਦ੍ਰਿਸ਼ਟੀਕੋਣ ਨੇ ਥੋਰਪ ਨੂੰ ਲੜਾਈ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਹੋ ਸਕਦੀ ਸੀ, ਪਰ ਉਸਨੇ ਪਾਰਟੀ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ।
ਅਕਤੂਬਰ 1977 ਵਿੱਚ ਕਹਾਣੀ ਵਿੱਚ ਇੱਕ ਹੋਰ ਮੋੜ ਆਇਆ ਜਦੋਂ ਲੰਡਨ ਈਵਨਿੰਗ ਨਿਊਜ਼ ਨੇ ਸਨਸਨੀਖੇਜ਼ ਸੁਰਖੀ ਲਗਾਈ, "ਮੈਨੂੰ ਸਕੌਟ ਨੂੰ ਮਾਰਨ ਲਈ ਰੱਖਿਆ ਗਿਆ ਸੀ।" ਜੇਲ੍ਹ ਤੋਂ ਤਾਜ਼ਾ ਬਾਹਰ ਆਏ ਨਿਊਟਨ ਨੇ ਆਪਣੇ ਬਲੈਕਮੇਲ ਵਾਲੇ ਬਚਾਅ ਨੂੰ ਵਾਪਸ ਲੈ ਲਿਆ ਅਤੇ ਹੁਣ ਦਾਅਵਾ ਕਰ ਰਿਹਾ ਸੀ ਕਿ ਉਸਨੂੰ £5,000 ਦਿੱਤੇ ਗਏ ਸੀ, ਜਿਸਨੂੰ ਅਖਬਾਰ ਨੇ ਇੱਕ "ਪ੍ਰਮੁੱਖ ਲਿਬਰਲ ਸਮਰਥਕ ਨਾਲ ਜੁੜੀ ਇੱਕ ਭਿਆਨਕ ਸਾਜ਼ਿਸ਼" ਵਜੋਂ ਪੇਸ਼ ਕੀਤਾ।
ਪੁਲਿਸ ਜਾਂਚ ਦੇ ਨੌਂ ਹੋਰ ਮਹੀਨਿਆਂ ਤੋਂ ਬਾਅਦ ਥੋਰਪ ਅਤੇ ਉਸਦੇ ਤਿੰਨ ਸਾਥੀਆਂ 'ਤੇ ਸਕੌਟ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਗਿਆ। ਪ੍ਰੈਸ ਦੁਆਰਾ ਇਸਨੂੰ "ਸਦੀ ਦਾ ਮੁਕੱਦਮਾ" ਕਿਹਾ ਗਿਆ।
ਥੋਰਪ ਦੀ ਬੇਨਤੀ 'ਤੇ, ਇਸ ਨੂੰ ਅੱਠ ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ ਤਾਂ ਜੋ ਉਹ ਮਈ 1979 ਦੀਆਂ ਆਮ ਚੋਣਾਂ ਵਿੱਚ ਆਪਣੀ ਸੰਸਦੀ ਸੀਟ ਲਈ ਲੜ ਸਕੇ। ਉਹ ਬੁਰੀ ਤਰ੍ਹਾਂ ਹਾਰ ਗਿਆ।
ਮੁਕੱਦਮੇ ਦੇ ਅੰਤ ਵਿੱਚ, ਜੱਜ ਨੇ ਉਹ ਭਾਸ਼ਣ ਦਿੱਤਾ ਜਿਸਨੂੰ ਬੀਬੀਸੀ ਪੈਨੋਰਮਾ ਦੇ ਟੌਮ ਮੈਂਗੋਲਡ ਨੇ "ਜਿਊਰੀ ਦੇ ਸਾਹਮਣੇ ਹੁਣ ਤੱਕ ਦੇ ਸਭ ਤੋਂ ਹੈਰਾਨੀਜਨਕ ਪੱਖਪਾਤੀ ਭਾਸ਼ਣਾਂ ਵਿੱਚੋਂ ਇੱਕ" ਵਜੋਂ ਦੱਸਿਆ।
ਜਸਟਿਸ ਕੈਂਟਲੀ ਨੇ ਕਿਹਾ ਕਿ ਕਿਉਂਕਿ ਤਿੰਨ ਮੁੱਖ ਸਰਕਾਰੀ ਗਵਾਹਾਂ ਨੇ ਦੋਸ਼ੀ ਸਾਬਤ ਹੋਣ 'ਤੇ ਆਪਣੀਆਂ ਕਹਾਣੀਆਂ ਪ੍ਰੈਸ ਨੂੰ ਵੇਚਣ ਲਈ ਲਾਭਦਾਇਕ ਸੌਦੇ ਕੀਤੇ ਸਨ, ਇਸ ਲਈ ਉਨ੍ਹਾਂ ਦੀਆਂ ਗਵਾਹੀਆਂ ਦੂਸ਼ਿਤ ਹੋ ਗਈਆਂ ਸਨ।
ਜੱਜ ਨੇ ਕਿਹਾ ਕਿ ਬੇਸਲ "ਇੱਕ ਪਖੰਡੀ" ਸੀ ਜਦੋਂ ਕਿ ਨਿਊਟਨ "ਇੱਕ ਮਸਖਰਾ, ਝੂਠਾ ਗਵਾਹ ਅਤੇ ਲਗਭਗ ਯਕੀਨੀ ਤੌਰ 'ਤੇ ਧੋਖੇਬਾਜ਼" ਸੀ। ਜਿੱਥੋਂ ਤੱਕ ਸਕੌਟ ਦਾ ਸਵਾਲ ਹੈ, ਉਸਨੂੰ "ਇੱਕ ਬਦਮਾਸ਼, ਧੋਖੇਬਾਜ਼, ਦੂਜਿਆਂ ਦੇ ਸਿਰ 'ਤੇ ਪਲਣ ਵਾਲਾ, ਸ਼ਿਕਾਇਤਕਰਤਾ ਅਤੇ ਪਰਜੀਵੀ" ਕਿਹਾ ਗਿਆ।
ਇਸਦੇ ਉਲਟ, ਥੋਰਪ "ਇੱਕ ਬਹੁਤ ਹੀ ਸ਼ਾਨਦਾਰ ਜਨਤਕ ਰਿਕਾਰਡ ਵਾਲਾ ਇੱਕ ਰਾਸ਼ਟਰੀ ਸ਼ਖਸੀਅਤ" ਸੀ। ਜੱਜ ਦੇ ਸਾਰ-ਅੰਸ਼ ਵਿੱਚ, ਉਸ ਨੇ ਜਿਊਰੀ ਨੂੰ ਨਿਰਦੇਸ਼ ਦਿੱਤਾ ਕਿ ਜੇਕਰ ਕੋਈ ਵਾਜਬ ਸ਼ੱਕ ਹੈ ਕਿ ਥੋਰਪ ਨੇ ਸਕੌਟ ਨੂੰ ਮਾਰਨ ਦੀ ਯੋਜਨਾ ਬਣਾਈ ਸੀ, ਤਾਂ ਉਨ੍ਹਾਂ ਨੂੰ ਉਸਨੂੰ ਬਰੀ ਕਰਨਾ ਚਾਹੀਦਾ ਹੈ। ਫੈਸਲਾ 'ਦੋਸ਼ੀ ਨਹੀਂ' ਦਾ ਸੀ।
ਬਾਅਦ ਵਿੱਚ ਆਪਣੀ ਦ੍ਰਿੜ ਪਤਨੀ ਮੈਰੀਅਨ ਦੇ ਨਾਲ ਬੋਲਦੇ ਹੋਏ, ਥੋਰਪ ਨੇ ਕਿਹਾ: "ਮੈਂ ਹਮੇਸ਼ਾ ਇਹ ਮੰਨਿਆ ਹੈ ਕਿ ਮੈਂ ਮੇਰੇ 'ਤੇ ਲਗਾਏ ਗਏ ਇਲਜ਼ਾਮਾਂ ਵਿੱਚ ਬੇਕਸੂਰ ਸੀ, ਅਤੇ ਜਿਊਰੀ ਦੇ ਫੈਸਲੇ ਨੂੰ, ਉਨ੍ਹਾਂ ਦੁਆਰਾ ਲੰਬੀ ਅਤੇ ਸਾਵਧਾਨੀਪੂਰਵਕ ਜਾਂਚ ਤੋਂ ਬਾਅਦ, ਮੈਂ ਪੂਰੀ ਤਰ੍ਹਾਂ ਨਿਰਪੱਖ ਅਤੇ ਆਪਣੀ ਪੂਰੀ ਸਫਾਈ ਮੰਨਦਾ ਹਾਂ।"
ਮੁਕੱਦਮੇ ਤੋਂ ਬਾਅਦ, ਸਕੌਟ ਸੁਰਖੀਆਂ ਤੋਂ ਦੂਰ ਹੋ ਗਿਆ। 2022 ਵਿੱਚ 82 ਸਾਲ ਦੀ ਉਮਰ ਵਿੱਚ, ਉਸਨੇ ਆਪਣੀ ਸਵੈ-ਜੀਵਨੀ 'ਐਨ ਐਕਸੀਡੈਂਟਲ ਆਈਕਨ' ਜਾਰੀ ਕੀਤੀ।
ਜਿੱਥੋਂ ਤੱਕ ਥੋਰਪ ਦਾ ਸਵਾਲ ਹੈ, ਉਸਨੇ ਅੰਤ ਤੱਕ ਆਪਣੀ ਬੇਗੁਨਾਹੀ ਨੂੰ ਬਰਕਰਾਰ ਰੱਖਦੇ ਹੋਏ ਜਨਤਕ ਜੀਵਨ ਤੋਂ ਸੰਨਿਆਸ ਲੈ ਲਿਆ ਅਤੇ 2014 ਵਿੱਚ ਉਸਦੀ ਮੌਤ ਹੋ ਗਈ।
2008 ਵਿੱਚ 'ਗਾਰਡੀਅਨ' ਨੂੰ ਦਿੱਤੇ ਇੱਕ ਇੰਟਰਵਿਊ ਵਿੱਚ, ਥੋਰਪ ਨੇ ਇਸ ਮਾਮਲੇ 'ਤੇ ਵਿਚਾਰ ਕੀਤਾ: "ਜੇ ਇਹ ਹੁਣ ਹੁੰਦਾ, ਤਾਂ ਮੈਨੂੰ ਲੱਗਦਾ ਹੈ... ਜਨਤਾ ਵਧੇਰੇ ਦਿਆਲੂ ਹੁੰਦੀ। ਉਸ ਸਮੇਂ ਉਹ ਇਸ ਤੋਂ ਬਹੁਤ ਪਰੇਸ਼ਾਨ ਸਨ। ਇਸਨੇ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਨੂੰ ਠੇਸ ਪਹੁੰਚਾਈ ਸੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ