ਚੰਗੇਜ਼ ਖ਼ਾਨ: ਘੋੜਿਆਂ 'ਤੇ ਜ਼ਿੰਦਗੀ ਬਿਤਾ ਦੁਨੀਆਂ ਜਿੱਤਣ ਵਾਲੇ 'ਮੰਗੋਲ' ਨੇ ਮਰਨ ਵੇਲੇ ਆਪਣੇ ਪੁੱਤਰਾਂ ਨੂੰ ਕੀ ਸੁਨੇਹਾ ਦਿੱਤਾ ਸੀ

    • ਲੇਖਕ, ਰੇਹਾਨ ਫ਼ਜ਼ਲ
    • ਰੋਲ, ਬੀਬੀਸੀ ਸਹਿਯੋਗੀ

ਹੁਣ ਤੋਂ ਤਕਰੀਬਨ 800 ਸਾਲ ਪਹਿਲਾਂ ਇੱਕ ਮੰਗੋਲ ਖ਼ਾਨਾਬਦੋਸ਼ ਨੇ ਕਾਲੇ ਸਾਗਰ ਤੋਂ ਪ੍ਰਸ਼ਾਂਤ ਮਹਾਸਾਗਰ ਤੱਕ ਇੱਕ ਵੱਡਾ ਸਾਮਰਾਜ ਕਾਇਮ ਕੀਤਾ ਸੀ।

ਉਸ ਦਾ ਨਾਮ ਸੀ ਤੇਮੁਜਿਨ ਜਿਸ ਨੂੰ ਬਾਅਦ ਵਿੱਚ ਪੂਰੀ ਦੁਨੀਆਂ ਵਿੱਚ ਚੰਗੇਜ਼ ਖ਼ਾਨ ਦੇ ਨਾਮ ਨਾਲ ਜਾਣਿਆ ਗਿਆ।

ਸੰਨ 1162 ਵਿੱਚ ਮਸ਼ਹੂਰ ਬੈਕਾਲ ਝੀਲ ਦੇ ਪੂਰਬ ਵਿੱਚ ਇੱਕ ਅਸਮਤਲ ਜਿਹੇ ਇਲਾਕੇ ਵਿੱਚ ਇੱਕ ਦਲੇਰ ਖ਼ਾਨਾਬਦੋਸ਼ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ।

'ਦ ਸੀਕ੍ਰੇਟ ਹਿਸਟਰੀ ਆਫ਼ ਮੰਗੋਲ' ਵਿੱਚ ਜ਼ਿਕਰ ਹੈ ਕਿ ਜਦੋਂ ਇਸ ਪੁੱਤਰ ਦਾ ਜਨਮ ਹੋਇਆ ਤਾਂ ਉਸ ਦੀ ਹੱਥ ਦੀ ਤਲੀ ਵਿੱਚ ਖ਼ੂਨ ਦਾ ਇੱਕ ਥੱਕਾ ਸੀ। ਇਸ ਨੂੰ ਉਨ੍ਹਾਂ ਲੋਕਾਂ ਨੇ ਇੱਕ ਮਹਾਨ ਜੇਤੂ ਹੋਣ ਦੀ ਨਿਸ਼ਾਨੀ ਦੇ ਤੌਰ ਉੱਤੇ ਵੇਖਿਆ।

ਉਨ੍ਹਾਂ ਦੇ ਪਿਤਾ ਨੂੰ ਦੁਸ਼ਮਣਾਂ ਨੇ ਜ਼ਹਿਰ ਦੇ ਕੇ ਮਾਰ ਦਿੱਤਾ ਸੀ ਅਤੇ ਉਹ ਬਹੁਤ ਥੋੜ੍ਹੀ ਉਮਰ ਵਿੱਚ ਬੇਸਹਾਰਾ ਹੋ ਗਿਆ ਸੀ।

ਨਾਮ ਵਿੱਚ ਖ਼ਾਨ ਹੋਣ ਦੇ ਕਰਕੇ ਕਈ ਲੋਕ ਉਨ੍ਹਾਂ ਨੂੰ ਮੁਸਲਮਾਨ ਸਮਝ ਲੈਂਦੇ ਹਨ। ਖ਼ਾਨ ਦਰਅਸਲ ਇੱਕ ਸਨਮਾਨ ਸੂਚਕ ਜੋ ਇੱਕ ਟਾਈਟਲ ਵਜੋਂ ਉਨ੍ਹਾਂ ਦੇ ਨਾਮ ਨਾਲ ਲੱਗਾ ਸੀ।

ਚੰਗੇਜ਼ ਖ਼ਾਨ ਮੰਗੋਲ ਸੀ ਅਤੇ ਸ਼ਾਮਾਨੀ ਧਰਮ ਨੂੰ ਮੰਨਦਾ ਸੀ ਜਿਸ ਵਿੱਚ ਅਸਮਾਨ ਦੀ ਪੂਜਾ ਕਰਨ ਦੀ ਰਵਾਇਤ ਰਹੀ ਹੈ।

ਚੰਗੇਜ਼ ਨੇ ਆਪਣੀ ਸ਼ੁਰੂਆਤੀ ਜ਼ਿੰਦਗੀ ਜਹਾਲਤ, ਸ਼ਰਮਿੰਦਗੀ ਅਤੇ ਗਰੀਬੀ ਵਿੱਚ ਬਿਤਾਈ।

50 ਸਾਲ ਦੀ ਉਮਰ ਵਿੱਚ ਜਾ ਕੇ ਉਸ ਨੇ ਜਿੱਤ ਦਾ ਜਿਹੜਾ ਸਿਲਸਿਲਾ ਸ਼ੁਰੂ ਕੀਤਾ, ਉਸ ਨੇ ਦੁਨੀਆਂ ਦੇ ਮਹਾਨ ਸੂਰਮਿਆਂ ਦੀ ਸ਼੍ਰੇਣੀ ਵਿੱਚ ਲਿਆ ਕੇ ਖੜ੍ਹਾ ਕੀਤਾ।

ਉਨ੍ਹਾਂ ਦੀ ਅਗਵਾਈ ਵਿੱਚ ਮੰਗੋਲ ਸ਼ਾਹੀ ਵੰਸ਼ ਦਾ ਸੂਰਜ ਚੜ੍ਹਿਆ ਜਿਸ ਨੇ ਪੂਰੇ ਚੀਨ, ਮੱਧ ਏਸ਼ੀਆ, ਈਰਾਨ, ਪੂਰਬੀ ਯੂਰਪ ਅਤੇ ਰੂਸ ਦੇ ਵੱਡੇ ਹਿੱਸੇ ਉੱਤੇ ਰਾਜ ਕੀਤਾ।

ਚੰਗੇਜ਼ ਦੇ ਫੌਜੀ ਆਸਟ੍ਰੀਆ, ਫਿਨਲੈਂਡ, ਕ੍ਰੋਏਸ਼ੀਆ, ਹੰਗਰੀ, ਪੋਲੈਂਡ, ਵੀਅਤਨਾਮ, ਬਰਮਾ, ਜਪਾਨ ਅਤੇ ਇੱਥੋਂ ਤੱਕ ਕਿ ਇੰਡੋਨੇਸ਼ੀਆ ਤੱਕ ਪਹੁੰਚੇ।

ਐੱਫ ਈ ਕਰਾਉਜ਼ ਆਪਣੀ ਕਿਤਾਬ 'ਇਪੌਕ ਡਿਰ ਮੋਂਗੋਲੇਨ' ਵਿੱਚ ਲਿਖਦੇ ਹਨ, "ਚੰਗੇਜ਼ ਦਾ ਸਾਮਰਾਜ ਇੱਕ ਕਰੋੜ ਵੀਹ ਲੱਖ ਵਰਗ ਮੀਲ ਵਿੱਚ ਫੈਲਿਆ ਹੋਇਆ ਸੀ ਯਾਨੀ ਅਫਰੀਕਾ ਮਹਾਦੀਪ ਦੇ ਬਰਾਬਰ ਅਤੇ ਉੱਤਰੀ ਅਮਰੀਕਾ ਮਹਾਦੀਪ ਤੋਂ ਵੱਡਾ ਇਲਾਕਾ, ਇਸ ਦੇ ਮੁਕਾਬਲੇ ਵਿੱਚ ਰੋਮਨ ਸਾਮਰਾਜ ਬਹੁਤ ਛੋਟਾ ਸੀ।"

ਸਿਕੰਦਰ ਮਹਾਨ ਦੇ ਕੋਲ ਆਪਣੇ ਪਿਤਾ ਫਿਲਿਪ ਦੀ ਬਣਾਈ ਹੋਈ ਵਿਸ਼ਾਲ ਯੁੱਧ ਮਸ਼ੀਨਰੀ ਸੀ। ਜੂਲੀਅਸ ਸੀਜ਼ਰ ਦੇ ਕੋਲ 300 ਸਾਲ ਪੁਰਾਣਾ ਰੋਮਨ ਫੌਜੀਆਂ ਦੀ ਸਰਵਉੱਚਤਾ ਦਾ ਇਤਿਹਾਸ ਸੀ।

ਨਪੋਲੀਅਨ ਫ੍ਰੈਂਚ ਕ੍ਰਾਂਤੀ ਤੋਂ ਬਾਅਦ ਮਿਲੇ ਲੋਕਾਂ ਦੇ ਸਮਰਥਨ ਦੀ ਬਦੌਲਤ ਰਾਜ ਕਰ ਸਕੇ ਸਨ। ਇਸ ਦੇ ਮੁਕਾਬਲੇ ਚੰਗੇਜ਼ ਖ਼ਾਨ ਨੂੰ ਆਪਣੀਆਂ ਰਵਾਇਤਾਂ ਆਪ ਈਜਾਦ ਕਰਨੀਆਂ ਪਈਆਂ ਸਨ। ਸਾਰੀਆਂ ਸਿਆਸੀ ਅਤੇ ਸਮਾਜਿਕ ਦਿੱਕਤਾਂ ਨਾਲ ਜੂਝਦਿਆਂ ਹੋਇਆਂ ਉਨ੍ਹਾਂ ਨੇ ਬਹੁਤ ਮੁਸ਼ਕਲ ਨਾਲ ਆਪਣੀ ਥਾਂ ਬਣਾਈ ਸੀ।

ਮਤਰੇਏ ਭਰਾ ਦਾ ਕਤਲ

ਜਵਾਨ ਹੁੰਦਿਆਂ ਹੀ ਉਸ ਨੇ ਬਾਜ਼ਾਂ ਦੇ ਨਾਲ ਪੰਛੀਆਂ ਦਾ ਸ਼ਿਕਾਰ ਕਰਨ ਦੀ ਕਲਾ ਸਿੱਖਣੀ ਸ਼ੁਰੂ ਕਰ ਦਿੱਤੀ ਸੀ।

ਇਸ ਕਲਾ ਨੂੰ ਉਸ ਜ਼ਮਾਨੇ ਵਿੱਚ ਇੱਕ ਚੰਗੇ ਆਗੂ ਦੇ ਲਈ ਇੱਕ ਜ਼ਰੂਰੀ ਗੁਣ ਮੰਨਿਆ ਜਾਂਦਾ ਸੀ।

ਚੰਗੇਜ਼ ਨੇ ਕਦੇ ਵੀ ਲਿਖਣਾ ਅਤੇ ਪੜ੍ਹਨਾ ਨਹੀਂ ਸਿੱਖਿਆ।

13 ਸਾਲ ਦੀ ਉਮਰ ਵਿੱਚ ਉਸ ਨੇ ਆਪਣੇ ਮਤਰੇਏ ਭਰਾ ਬੇਹਤੇਰ ਦਾ ਕਤਲ ਕਰ ਦਿੱਤਾ।

ਫ਼੍ਰੈਂਕ ਮਕਲਿਨ ਆਪਣੀ ਕਿਤਾਬ 'ਗੈਂਗਿਸ ਖ਼ਾਨ ਦ ਮੈਨ ਹੂ ਕੌਨਕਰਡ ਦਿ ਵਰਲਡ' ਵਿੱਚ ਲਿਖਦੇ ਹਨ, "ਇੰਨੀ ਘੱਟ ਉਮਰ ਦੇ ਵਿੱਚ ਕੀਤਾ ਗਿਆ ਕਤਲ ਦੱਸਦਾ ਹੈ ਕਿ ਚੰਗੇਜ਼ ਖ਼ਾਨ ਵਿੱਚ ਬੇਰਹਿਮੀ ਦੇ ਲੱਛਣ ਜਨਮ ਦੇ ਸਮੇਂ ਤੋਂ ਹੀ ਸਨ, ਕਿਸ਼ੋਰ ਅਵਸਥਾ ਵਿੱਚ ਹੀ ਉਸ ਵਿੱਚ ਭਵਿੱਖ ਦੇ ਬਾਰੇ ਸੋਚਣ ਦੀ ਸਮਰੱਥਾ ਵਿਕਸਿਤ ਹੋ ਗਈ ਸੀ। ਬੇਹਤੇਰ ਨੂੰ ਉਹ ਆਪਣੇ ਮੁਕਾਬਲੇ ਵਿੱਚ ਮੰਨਦਾ ਸੀ ਜਿਸਦਾ ਉਸਦੇ ਪਿਤਾ ਤਾ ਵਾਰਿਸ ਬਣਨ ਦਾ ਦਾਅਵਾ ਉਸ ਨਾਲੋਂ ਵੱਧ ਸੀ ਕਿਉਂਕਿ ਉਹ ਸਭ ਤੋਂ ਵੱਡਾ ਪੁੱਤਰ ਸੀ।"

ਹੌਲੀ-ਹੌਲੀ ਚੰਗੇਜ਼ ਨੇ ਇੱਕ ਨੌਜਵਾਨ ਜੰਗਜੂ ਜਾਂ ਸਿਪਾਹਸਲਾਰ ਦੇ ਤੌਰ ਉੱਤੇ ਆਪਣੀ ਥਾਂ ਬਣਾਉਣੀ ਸ਼ੁਰੂ ਕਰ ਦਿੱਤੀ। ਚੰਗੇਜ਼ ਨੇ ਲਗਭਗ ਆਪਣੀ ਪੂਰੀ ਜ਼ਿੰਦਗੀ ਤੰਬੂਆਂ ਅਤੇ ਲੜਾਈ ਵਿੱਚ ਬਿਤਾਈ। ਨਾਗਰਿਕ ਪ੍ਰਸ਼ਾਸਨ ਵੱਲ ਧਿਆਨ ਦੇਣ ਦਾ ਉਸ ਨੂੰ ਸਮਾਂ ਹੀ ਨਹੀਂ ਮਿਲਿਆ।

ਮਸ਼ਹੂਰ ਈਰਾਨੀ ਇਤਿਹਾਸਕਾਰ ਮਿਨਹਾਜ ਅਲ ਸਿਰਾਜ ਜੁਜ਼ਜਾਨੀ ਨੇ ਲਿਖਿਆ ਹੈ, "ਚੰਗੇਜ਼ ਬਹੁਤ ਵੱਡੀ ਸਮਰੱਥਾਵਾਂ ਵਾਲਾ ਸ਼ਖ਼ਸ ਸੀ, ਜਿਸ ਨੇ ਆਪਣੀ ਫੌਜ ਦੀ ਰੱਬ ਦੇ ਵਾਂਗ ਅਗਵਾਈ ਕੀਤੀ, ਜਦੋਂ ਉਹ ਖ਼ਰਾਸਾਨ ਆਇਆ ਸੀ ਤਾਂ ਉਸ ਦੀ ਉਮਰ ਸੀ 65 ਸਾਲ। ਉਹ ਲੰਬੇ ਅਤੇ ਸੁਡੌਲ ਸਰੀਰ ਵਾਲਾ ਸ਼ਖ਼ਸ ਸੀ, ਉਸਦੇ ਚਿਹਰੇ ਉੱਤੇ ਬਹੁਤ ਘੱਟ ਵਾਲ ਸਨ ਜਿਹੜੇ ਉਦੋਂ ਤੱਕ ਚਿੱਟੇ ਹੋ ਚੱਲੇ ਸਨ। ਉਸਦੀਆਂ ਅੱਖਾਂ ਬਿੱਲੀਆਂ ਦੇ ਵਰਗੀਆਂ ਸਨ, ਉਸ ਦੇ ਸਰੀਰ ਵਿੱਚ ਜ਼ਬਰਦਸਤ ਊਰਜਾ ਸੀ, ਦੁਸ਼ਮਣਾਂ ਦੇ ਲਈ ਉਸ ਨਾਲੋਂ ਨਿਰਦਈ ਕੋਈ ਨਹੀਂ ਹੋ ਸਕਦਾ।"

ਜ਼ਹਿਰੀਲੇ ਤੀਰ ਨਾਲ ਹੋਏ ਜ਼ਖ਼ਮੀ

ਜਮੂਗਾ ਦੇ ਨਾਲ ਹੋਈ ਲੜਾਈ ਵਿੱਚ ਚੰਗੇਜ਼ ਦੀ ਗਰਦਨ ਵਿੱਚ ਇੱਕ ਜ਼ਹਿਰੀਲਾ ਤੀਰ ਆ ਕੇ ਲੱਗਿਆ ਸੀ।

ਫ਼੍ਰੈਂਕ ਮਕਲਿਨ ਲਿਖਦੇ ਹਨ, "ਉਸ ਜ਼ਮਾਨੇ ਵਿੱਚ ਤੀਰਾਂ ਉੱਤੇ ਸੱਪ ਦਾ ਜ਼ਹਿਰ ਲਾਇਆ ਜਾਂਦਾ ਸੀ। ਇਹ ਦੰਦਿਆਂ ਵਾਲੇ ਤੀਰ ਹੁੰਦੇ ਸਨ ਜੋ ਸਰੀਰ ਵਿੱਚ ਇੱਕ ਵਾਰੀ ਵੜਨ ਤੋਂ ਬਾਅਦ ਵੱਧ ਦੇਰ ਤੱਕ ਰਹਿੰਦੇ ਸਨ ਅਤੇ ਜ਼ਹਿਰ ਨੂੰ ਤੇਜ਼ੀ ਨਾਲ ਫੈਲਣ ਦਾ ਮੌਕਾ ਦਿੰਦੇ ਸਨ, ਇਸਦਾ ਇਲਾਜ ਹੁੰਦਾ ਸੀ ਜ਼ਖ਼ਮ ਨੂੰ ਧੋ ਕੇ ਜ਼ਖ਼ਮੀ ਸ਼ਖ਼ਮ ਨੂੰ ਦੁਧ ਪਿਆਉਣਾ ਪਰ ਚੰਗੇਜ਼ ਦਾ ਜ਼ਖ਼ਮ ਗੰਭੀਰ ਸੀ ਕਿਉਂਕਿ ਤੀਰ ਨਾਲ ਉਸਦੀ ਗਰਦਨ ਦੀ ਇੱਕ ਨਾੜ ਕੱਟੀ ਗਈ ਸੀ ਅਤੇ ਉਸ ਵਿੱਚੋਂ ਤੇਜ਼ੀ ਨਾਲ ਖ਼ੂਨ ਨਿਕਲ ਰਿਹਾ ਸੀ।''

''ਅਜਿਹੇ ਸਮੇਂ ਵਿੱਚ ਚੰਗੇਜ਼ ਦੇ ਇੱਕ ਕਮਾਂਡਰ ਜੇਲਮੇ ਨੇ ਉਨ੍ਹਾਂ ਦੀ ਜਾਨ ਬਚਾਉਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਸੀ। ਜੇਲਮੇ ਖ਼ੂਨ ਨੂੰ ਵਹਿਣ ਤੋਂ ਨਹੀਂ ਰੋਕ ਸਕਿਆ ਪਰ ਉਸ ਨੇ ਚੰਗੇਜ਼ ਦੀ ਗਰਦਨ ਤੋਂ ਜ਼ਹਿਰੀਲੇ ਖ਼ੂਨ ਨੂੰ ਚੂਸ ਕੇ ਥੁੱਕਣਾ ਸ਼ੁਰੂ ਕਰ ਦਿੱਤਾ।"

ਥੋੜ੍ਹੀ ਦੇਰ ਵਿੱਚ ਚੰਗੇਜ਼ ਨੂੰ ਹੋਸ਼ ਆ ਗਿਆ। ਜੇਲਮੇ ਨੇ ਉਸ ਦੇ ਲਈ ਦੁੱਧ ਦਾ ਪ੍ਰਬੰਧ ਕਰਕੇ ਉਸਦੀ ਜਾਨ ਬਚਾਈ।

ਪਰ ਚੰਗੇਜ਼ ਨੇ ਉਨ੍ਹਾਂ ਦੇ ਨਾਲ ਮਾੜਾ ਵਿਵਹਾਰ ਕਰਦੇ ਹੋਏ ਕਿਹਾ ਸੀ, 'ਕੀ ਤੂੰ ਉਸ ਜ਼ਹਿਰੀਲੇ ਖ਼ੂਨ ਨੂੰ ਥੋੜ੍ਹੀ ਦੂਰ ਨਹੀਂ ਥੁੱਕ ਸਕਦਾ ਸੀ?'

ਚੰਗੇਜ਼ ਵਿੱਚ ਕਈ ਔਗੁਣ ਸਨ

ਚੰਗੇਜ਼ ਦੀ ਸ਼ਖ਼ਸੀਅਤ ਦੇ ਕਈ ਮਾੜੇ ਪਹਿਲੂ ਰਹੇ ਹੋਣਗੇ ਪਰ ਬਹੁਤੇ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਉਸਦੀ ਸਿਆਸੀ ਸਮਰੱਥਾ ਦੇ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ ਸੀ।

ਰੂਸ ਦੇ ਇਤਿਹਾਸ ਉੱਤੇ ਕੰਮ ਕਰਨ ਵਾਲੇ ਜੌਰਜ ਵੇਰਨਾਡਸਕੀ ਨੇ ਆਪਣੀ ਕਿਤਾਬ 'ਮੰਗੋਲਸ ਐਂਡ ਰਸ਼ੀਆ' ਵਿੱਚ ਲਿਖਿਆ ਸੀ, 'ਚੰਗੇਜ਼ ਫੌਜੀ ਰਣਨੀਤੀ ਦਾ ਬੇਜੋੜ ਉਸਤਾਦ ਸੀ ਪਰ ਜੰਗ ਦੇ ਕਮਾਂਡਰ ਦੇ ਤੌਰ ਉੱਤੇ ਉਹ ਉੰਨਾ ਪ੍ਰਭਾਵਸ਼ਾਲੀ ਨਹੀਂ ਸੀ, ਲੋਕਾਂ ਦੇ ਦਿਮਾਗ਼ ਅਤੇ ਮਨੁੱਖੀ ਮਨੋਵਿਗਿਆਨ ਨੂੰ ਪੜ੍ਹਨ ਦੀ ਉਸ ਵਿੱਚ ਗਜ਼ਬ ਦੀ ਸਮਰੱਥਾ ਸੀ, ਉਸਦੀ ਕਲਪਨਾ ਕਰਨ ਦੀ ਸਮਰੱਥਾ ਵੀ ਤਾਰੀਫ਼ਯੋਗ ਸੀ, ਉਹ ਨਿੱਜੀ ਸਦਮੇ ਤੋਂ ਉੱਭਰ ਕੇ ਉੱਪਰ ਆਇਆ ਸੀ, ਉਹ ਦੂਰਦਰਸ਼ੀ, ਸੰਜਮੀ ਅਤੇ ਚਲਾਕ ਸ਼ਖ਼ਸ ਸੀ, ਪਰ ਉਸ ਵਿੱਚ ਬੇਰਹਿਮ, ਅਹਿਸਾਨਫ਼ਰਾਮੋਸ਼ੀ ਅਤੇ ਬਦਲਾ ਲੈਣ ਵਾਲਾ ਹੋਣ ਦੇ ਔਗੁਣ ਵੀ ਸਨ।

ਚੰਗੇਜ਼ ਖਾਨ ਦੀ ਪਤਨੀ, ਬੋਰਤੇ, ਨੂੰ ਮਰਕਿਟਾਂ ਨਾਲ ਲੜਾਈ ਦੌਰਾਨ ਅਗਵਾ ਕਰ ਲਿਆ ਗਿਆ ਸੀ। "ਦਿ ਸੀਕ੍ਰੇਟ ਲਾਈਫ ਆਫ਼ ਦ ਮੰਗੋਲਜ਼" ਵਿੱਚ, ਚੰਗੇਜ਼ ਖਾਨ ਦੀ ਆਲੋਚਨਾ ਇਸ ਲਈ ਕੀਤੀ ਗਈ ਹੈ ਕਿ ਉਸਨੇ ਆਪਣੀ ਪਤਨੀ ਨੂੰ ਮਰਕਿਟਾਂ ਦੇ ਹੱਥਾਂ ਵਿੱਚ ਜਾਣ ਦਿੱਤਾ ਜਦਕਿ ਉਸਦੀ ਮਾਂ, ਹੋਏਲੁਨ ਸਣੇ ਹੋਰ ਔਰਤਾਂ ਮਰਕਿਟਾਂ ਤੋਂ ਬਚ ਗਈਆਂ।

ਇਸ ਕਿਤਾਬ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਬੋਰਤੇ ਨੂੰ ਇਸ ਲਈ ਅਗਵਾ ਕੀਤਾ ਗਿਆ ਸੀ ਕਿਉਂਕਿ ਚੰਗੇਜ਼ ਖ਼ਾਨ ਉਸ ਦੇ ਘੋੜੇ 'ਤੇ ਸਵਾਰ ਹੋ ਕੇ ਗਿਆ। ਬੋਰਤੇ ਦੇ ਕਤਲ ਤੋਂ ਚੰਗੇਜ਼ ਖਾਨ ਦੀ ਮਾਂ ਨੇ ਉਸ ਨੂੰ ਸਰਾਪ ਵੀ ਦਿੱਤਾ, ਉਸ ਨੂੰ "ਜਾਨਵਰ" ਅਤੇ "ਸ਼ੈਤਾਨ" ਤੱਕ ਕਿਹਾ।

ਕਿਹਾ ਜਾਂਦਾ ਹੈ ਕਿ ਚੰਗੇਜ਼ ਖਾਨ ਬਹੁਤ ਸਾਵਧਾਨ ਅਤੇ ਚੌਕਸ ਸੀ। ਸਭ ਤੋਂ ਅੱਗੇ ਰਹਿ ਕੇ ਫੌਜ ਦੀ ਅਗਵਾਈ ਕਰਨਾ ਫ਼ਿਤਰਤ ਵਿੱਚ ਨਹੀਂ ਸੀ।

ਚੰਗੇਜ਼ ਦਾ ਖ਼ਤਰਨਾਕ ਗੁੱਸਾ

ਚੰਗੇਜ਼ ਖਾਨ ਅਕਸਰ ਆਪਣਾ ਆਪਾ ਗੁਆ ਬੈਠਦਾ ਸੀ। 1220 ਦੇ ਦਹਾਕੇ ਵਿੱਚ ਟ੍ਰਾਂਜੋਕਿਸਆਨਾ ਨੂੰ ਜਿੱਤਣ ਤੋਂ ਬਾਅਦ, ਉਸਨੇ ਪੱਛਮੀ ਏਸ਼ੀਆ ਦੇ ਮੁਸਲਿਮ ਰਾਜਕੁਮਾਰਾਂ ਨਾਲ ਪੱਤਰ ਵਿਹਾਰ ਕਰਨ ਲਈ ਇੱਕ ਦੁਭਾਸ਼ੀਏ ਅਤੇ ਕਲਰਕ ਨੂੰ ਨਿਯੁਕਤ ਕੀਤਾ।

ਮਿਨਹਾਜ ਸਿਰਾਜ ਜੁਜ਼ਦਾਨੀ ਆਪਣੀ ਕਿਤਾਬ 'ਤਬਾਕਤ-ਏ-ਨਸੀਰੀ' ਵਿੱਚ ਲਿਖਦੇ ਹਨ, "ਚੰਗੇਜ਼ ਨੂੰ ਖ਼ਬਰ ਮਿਲੀ ਕਿ ਮੋਸੁਲ ਦਾ ਰਾਜਕੁਮਾਰ ਸੀਰੀਆ 'ਤੇ ਹਮਲਾ ਕਰਨ ਵਾਲਾ ਹੈ। ਉਸਨੇ ਆਪਣੇ ਕਲਰਕ ਨੂੰ ਉਸਨੂੰ ਇੱਕ ਪੱਤਰ ਲਿਖਣ ਲਈ ਕਿਹਾ, ਜਿਸ ਵਿੱਚ ਉਸਨੂੰ ਅਜਿਹਾ ਕਰਨ ਦੀ ਹਿੰਮਤ ਨਾ ਕਰਨ ਲਈ ਕਿਹਾ ਗਿਆ। ਕਲਰਕ ਨੇ, ਕੂਟਨੀਤਕ ਸਮਝ ਦਾ ਮੁਜ਼ਾਹਰਾ ਕਰਦੇ ਹੋਏ, ਨਰਮ ਭਾਸ਼ਾ ਵਿੱਚ ਚਿੱਠੀ ਲਿਖੀ ਅਤੇ ਮੋਸੁਲ ਦੇ ਰਾਜਕੁਮਾਰ ਲਈ ਇਸਲਾਮੀ ਸੰਸਾਰ ਵਿੱਚ ਪ੍ਰਚਲਿਤ ਸਤਿਕਾਰਯੋਗ ਸ਼ਬਦਾਂ ਦੀ ਵਰਤੋਂ ਕੀਤੀ। ਜਦੋਂ ਚੰਗੇਜ਼ ਨੇ ਮੰਗੋਲੀਆਈ ਭਾਸ਼ਾ ਵਿੱਚ ਪੱਤਰ ਪੜ੍ਹਵਾਇਆ ਤਾਂ ਉਹ ਗੁੱਸੇ ਵਿੱਚ ਅੱਗ ਬਬੂਲਾ ਹੋ ਗਿਆ। ਉਸਨੇ ਕੰਬਦੇ ਹੋਏ ਕਲਰਕ ਨੂੰ ਕਿਹਾ, 'ਤੂੰ ਇੱਕ ਗੱਦਾਰ ਹੈਂ। ਇਸ ਚਿੱਠੀ ਨੂੰ ਪੜ੍ਹ ਕੇ ਮੋਸੁਲ ਦਾ ਰਾਜਕੁਮਾਰ ਹੋਰ ਵੀ ਹੰਕਾਰੀ ਹੋ ਜਾਵੇਗਾ।'"

ਉਸਨੇ ਤਾੜੀਆਂ ਵਜਾ ਕੇ ਅਤੇ ਆਪਣੇ ਇੱਕ ਸਿਪਾਹੀ ਨੂੰ ਬੁਲਾਇਆ ਕੇ ਉਸ ਨੂੰ ਜਾਨੋਂ ਮਾਰਨ ਦਾ ਹੁਕਮ ਦੇ ਦਿੱਤਾ।

ਬੇਰਹਿਮੀ ਨੂੰ ਜਾਇਜ਼ ਠਹਿਰਾਇਆ

ਸਾਰੇ ਇਤਿਹਾਸਕਾਰ ਇਸ ਗੱਲ ਵਿੱਚ ਲਗਭਗ ਇੱਕਮਤ ਹਨ ਕਿ ਚੰਗੇਜ਼ ਖਾਨ ਇੱਕ ਜ਼ਾਲਮ, ਬਦਲਾਖ਼ੋਰ ਅਤੇ ਧੋਖ਼ੇਬਾਜ਼ ਆਦਮੀ ਸੀ। ਕੁਝ ਲੋਕ ਉਸ ਨੂੰ ਇੱਕ ਮਨੋਰੋਗੀ ਵੀ ਕਹਿੰਦੇ ਹਨ, ਜਿਸਨੇ ਲੋਕਾਂ ਨੂੰ ਮਾਰਨ ਦੀ ਆਪਣੀ ਹਵਸ ਨੂੰ ਜਾਇਜ਼ ਹੋਣ ਦਾ ਜਾਮਾ ਪਵਾਉਂਦੇ ਹੋਏ ਕਿਹਾ ਕਿ ਉਸ ਨੇ ਹਮੇਸ਼ਾ ਗੱਦਾਰ, ਧੋਖ਼ੇਬਾਜ਼ ਅਤੇ ਦੇਸ਼ਧ੍ਰੋਹੀ ਲੋਕਾਂ ਦੀ ਹੀ ਜਾਨ ਲਈ।

ਵਰਨਾਡਸਕੀ ਲਿਖਦੇ ਹਨ, "ਇਸ ਪੱਖੋਂ ਉਸਦੇ ਸਮਕਾਲੀ ਉਸਨੂੰ ਅਸਾਧਾਰਣ ਨਹੀਂ ਸਮਝਦੇ ਸਨ, ਕਿਉਂਕਿ ਜਿਸਨੂੰ ਅਸੀਂ 21ਵੀਂ ਸਦੀ ਵਿੱਚ ਅਪਰਾਧ ਮੰਨਦੇ ਹਾਂ, ਉਹ 13ਵੀਂ ਸਦੀ ਵਿੱਚ ਆਮ ਗੱਲ ਸੀ, ਅਤੇ ਇੱਥੋਂ ਤੱਕ ਕਿ ਈਸਾਈ ਹਮਲਾਵਰ ਵੀ ਇਸ ਤੋਂ ਮੁਕਤ ਨਹੀਂ ਸਨ। ਬੇਰਹਿਮੀ ਲਈ ਉਸਦੀ ਪ੍ਰਸਿੱਧੀ 16ਵੀਂ ਸਦੀ ਵਿੱਚ ਇੰਗਲੈਂਡ ਦੇ ਹੈਨਰੀ ਅੱਠਵੇਂ ਨਾਲੋਂ ਘੱਟ ਸੀ। ਬੇਰਹਿਮੀ ਵਿੱਚ, ਤੈਮੂਰਲਾਂਗ ਅਤੇ ਇੱਥੋਂ ਤੱਕ ਕਿ ਚੀਨੀ ਵੀ ਉਸ ਤੋਂ ਵੱਧ ਕੇ ਸੀ।"

ਚੰਗੇਜ਼ ਖ਼ਾਨ ਨੇ ਹਮੇਸ਼ਾ ਦਾਅਵਾ ਕੀਤਾ ਕਿ ਉਸਦੀ "ਆਤਮ ਸਮਰਪਣ ਕਰੋ ਜਾਂ ਮਰੋ" ਨੀਤੀ ਨੇ ਹਮੇਸ਼ਾ ਉਸਦੇ ਦੁਸ਼ਮਣਾਂ ਨੂੰ ਆਪਣੀਆਂ ਜਾਨਾਂ ਬਚਾਉਣ ਦਾ ਮੌਕਾ ਦਿੱਤਾ। ਉਸਨੇ ਸਿਰਫ਼ ਉਦੋਂ ਹੀ ਉਨ੍ਹਾਂ ਦੀਆਂ ਜਾਨਾਂ ਲਈਆਂ ਜਦੋਂ ਉਨ੍ਹਾਂ ਨੇ ਇਸ ਬਦਲ ਦੀ ਵਰਤੋਂ ਕਰਨ ਤੋਂ ਇਨਕਾਰ ਕਰ ਦਿੱਤਾ।

ਕਿਹਾ ਜਾਂਦਾ ਹੈ ਕਿ ਚੰਗੇਜ਼ ਖ਼ਾਨ ਆਪਣੇ ਸਾਮਰਾਜ ਨੂੰ ਵਧਾਉਣ ਵਿੱਚ ਇੰਨਾ ਰੁੱਝਿਆ ਹੋਇਆ ਸੀ ਕਿ ਉਹ ਕਦੇ ਵੀ ਆਪਣੇ ਘੋੜੇ ਤੋਂ ਨਹੀਂ ਉਤਰਿਆ। ਉਹ ਕਦੇ ਵੀ ਆਰਾਮਦਾਇਕ ਬਿਸਤਰੇ 'ਤੇ ਨਹੀਂ ਸੌਂਦਾ ਸੀ। ਉਹ ਆਮ ਤੌਰ 'ਤੇ ਭੁੱਖਾ ਰਹਿੰਦਾ ਸੀ ਅਤੇ ਹਮੇਸ਼ਾ ਮੌਤ ਦੇ ਡਰ ਵਿੱਚ ਰਹਿੰਦਾ ਸੀ।

ਭਾਰਤੀ ਸਰਹੱਦ ਤੋਂ ਵਾਪਸ ਪਰਤਿਆ ਚੰਗੇਜ਼

1211 ਤੋਂ 1216 ਤੱਕ ਪੰਜ ਸਾਲ ਦਾ ਸਮਾਂ ਚੰਗੇਜ਼ ਖ਼ਾਨ ਨੇ ਮੰਗੋਲੀਆ ਤੋਂ ਬਹੁਤ ਦੂਰ ਚੀਨ ਨੂੰ ਜਿੱਤਣ ਦੇ ਆਪਣੇ ਟੀਚੇ ਨੂੰ ਪੂਰਾ ਕਰਦੇ ਹੋਏ ਬਿਤਾਇਆ।

ਜਲਾਲ ਉੱਦ-ਦੀਨ ਦਾ ਪਿੱਛਾ ਕਰਦੇ ਹੋਏ, ਚੰਗੇਜ਼ ਖ਼ਾਨ ਭਾਰਤ ਦੀ ਸਰਹੱਦ 'ਤੇ ਪਹੁੰਚ ਗਿਆ। ਚੰਗੇਜ਼ ਖ਼ਾਨ ਅਤੇ ਜਲਾਲ ਉੱਦ-ਦੀਨ ਦੀਆਂ ਫੌਜਾਂ ਵਿਚਕਾਰ ਆਖਰੀ ਲੜਾਈ ਸਿੰਧ ਦਰਿਆ ਦੇ ਕੰਢੇ ਉੱਤੇ ਹੋਈ।

ਚੰਗੇਜ਼ ਖ਼ਾਨ ਨੇ ਜਲਾਲ ਦੀ ਫੌਜ ਨੂੰ ਤਿੰਨ ਪਾਸਿਆਂ ਤੋਂ ਘੇਰ ਲਿਆ। ਸਿੰਧ ਦਰਿਆ ਉਸ ਦੇ ਪਿੱਛੇ ਵਗ਼ਦਾ ਸੀ। ਵਿਲਹੈਲਮ ਬਾਰਥੋਲਡ ਆਪਣੀ ਕਿਤਾਬ, 'ਤੁਰਕਿਸਤਾਨ ਡਾਊਨ ਟੂ ਦ ਮੰਗੋਲ ਇਨਵੇਜ਼ਨ' ਵਿੱਚ ਲਿਖਦੇ ਹਨ, "ਜਲਾਲ ਨੇ ਆਪਣੀਆਂ ਸਾਰੀਆਂ ਕਿਸ਼ਤੀਆਂ ਤਬਾਹ ਕਰ ਦਿੱਤੀਆਂ ਤਾਂ ਜੋ ਉਸਦੇ ਫੌਜੀ ਜੰਗ ਦੇ ਮੈਦਾਨ ਤੋਂ ਭੱਜ ਨਾ ਸਕਣ। ਚੰਗੇਜ਼ ਖ਼ਾਨ ਕੋਲ ਉਸ ਤੋਂ ਵੱਧ ਫੌਜੀ ਸਨ। ਜਲਾਲ ਨੇ ਚੰਗੇਜ਼ ਖ਼ਾਨ ਦੇ ਪਹਿਲੇ ਹਮਲੇ ਨੂੰ ਰੋਕ ਦਿੱਤਾ, ਪਰ ਚੰਗੇਜ਼ ਖ਼ਾਨ ਦੀ ਦਿੱਕਤ ਇਹ ਸੀ ਕਿ ਬਹੁਤ ਛੋਟੇ ਖੇਤਰ ਵਿੱਚ ਉਸਦੇ ਸਿਪਾਹੀ ਫੈਲੇ ਹੋਏ ਸਨ, ਜਿਸ ਕਾਰਨ ਉਨ੍ਹਾਂ ਲਈ ਤੀਰ ਚਲਾਉਣਾ ਅਤੇ ਤਲਵਾਰਾਂ ਨਾਲ ਲੜਨਾ ਮੁਸ਼ਕਲ ਹੋ ਗਿਆ ਸੀ।"

ਇਸ ਲੜਾਈ ਬਾਰੇ ਮੁਹੰਮਦ ਨੇਸਾਵੀ ਲਿਖਦੇ ਹਨ, "ਜਦੋਂ ਮੰਗੋਲਾਂ ਦਾ ਦਬਾਅ ਵਧਣ ਲੱਗਾ, ਤਾਂ ਜਲਾਲ ਉੱਦ-ਦੀਨ ਨੇ ਆਪਣੇ ਘੋੜੇ ਸਮੇਤ 180 ਫੁੱਟ ਡੂੰਘੇ ਸਿੰਧ ਦਰਿਆ ਵਿੱਚ ਛਾਲ ਮਾਰ ਦਿੱਤੀ। 250 ਗੱਜ ਦੀ ਚੌੜਾਈ ਪਾਰ ਕਰਦੇ ਹੋਏ, ਜਲਾਲ ਦਰਿਆ ਦੇ ਦੂਜੇ ਕੰਢੇ ਪਹੁੰਚ ਗਿਆ। ਜਲਾਲ ਉੱਦ-ਦੀਨਦੀ ਹਿੰਮਤ ਨੂੰ ਵੇਖਦਿਆਂ, ਚੰਗੇਜ਼ ਨੇ ਆਪਣੇ ਤੀਰਅੰਦਾਜ਼ਾਂ ਨੂੰ ਉਸਨੂੰ ਨਿਸ਼ਾਨਾ ਬਣਾਉਣ ਤੋਂ ਮਨ੍ਹਾ ਕਰ ਦਿੱਤਾ ਪਰ ਉਸ ਦੇ ਹੋਰ ਸਾਥੀਆਂ ਨੂੰ ਨਹੀਂ ਬਖ਼ਸ਼ਿਆ, ਚੰਗੇਜ਼ ਦੇ ਤੀਰਅੰਦਾਜ਼ਾਂ ਨੇ ਸਹੀ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਮਾਰ ਦਿੱਤਾ। ਚੰਗੇਜ਼ ਨੇ ਜਲਾਲ ਦੇ ਸਾਰੇ ਪੁੱਤਰਾਂ ਅਤੇ ਪੁਰਸ਼ ਰਿਸ਼ਤੇਦਾਰਾਂ ਨੂੰ ਮੌਤ ਦੀ ਸਜ਼ਾ ਸੁਣਾਈ।"

ਜਲਾਲ ਉੱਦ-ਦੀਨ ਉੱਥੋਂ ਦਿੱਲੀ ਚਲਾ ਗਿਆ ਪਰ ਸੁਲਤਾਨ ਇਲਤੁਤਮਿਸ਼ ਨੇ ਮੰਗੋਲ ਹਮਲੇ ਦੇ ਡਰੋਂ ਉਸ ਨੂੰ ਸਰਕਾਰੀ ਸ਼ਰਨ ਦੇਣ ਤੋਂ ਇਨਕਾਰ ਕਰ ਦਿੱਤਾ।

ਭਾਰਤ ਦੀ ਗਰਮੀ ਨੇ ਕੀਤਾ ਪਰੇਸ਼ਾਨ

ਜਲਾਲ ਦਿੱਲੀ ਤਾਂ ਨਹੀਂ ਪਹੁੰਚਿਆ ਪਰ ਭਾਰਤ ਵਿੱਚ ਹੀ ਉਦੋਂ ਤੱਕ ਰਿਹਾ ਜਦੋਂ ਤੱਕ ਚੰਗੇਜ਼ ਨੇ ਉਸਦਾ ਪਿੱਛਾ ਕਰਨ ਦਾ ਵਿਚਾਰ ਛੱਡ ਨਹੀਂ ਦਿੱਤਾ।

ਜਦੋਂ ਜਲਾਲ ਨੂੰ ਇਸ ਬਾਰੇ ਯਕੀਨ ਹੋ ਗਿਆ ਕਿ ਚੰਗੇਜ਼ ਖਾਨ ਆਪਣੇ ਦੇਸ਼ ਮੰਗੋਲੀਆ ਪਰਤ ਗਿਆ ਹੈ, ਤਾਂ ਉਹ ਕਿਸ਼ਤੀ ਰਾਹੀਂ ਸਿੰਧ ਦਰਿਆ ਤੋਂ ਨਿਕਲਿਆ ਅਤੇ ਫਿਰ ਸਮੁੰਦਰੀ ਰਸਤੇ ਈਰਾਨ ਪਹੁੰਚ ਗਿਆ।

ਚੰਗੇਜ਼ ਖਾਨ ਦੇ ਪੁਰਾਣੇ ਇਤਿਹਾਸ ਨੂੰ ਦੇਖਦੇ ਹੋਏ, ਇਹ ਹੈਰਾਨੀਜਨਕ ਸੀ ਕਿ ਉਸਨੇ ਜਲਾਲ ਉੱਦ-ਦੀਨ ਦਾ ਪਿੱਛਾ ਕਰਨ ਦਾ ਵਿਚਾਰ ਛੱਡ ਦਿੱਤਾ ਅਤੇ ਆਪਣੀ ਫੌਜ ਭਾਰਤ ਦੇ ਅੰਦਰ ਨਹੀਂ ਭੇਜੀ।

ਫਰੈਂਕ ਮਕਲਿਨ ਲਿਖਦੇ ਹਨ, ''ਦਰਅਸਲ, ਚੰਗੇਜ਼ ਖ਼ਾਨ ਨੇ ਬਾਲਾ ਅਤੇ ਦੋਰਾਬੀ ਦੀ ਅਗਵਾਈ ਹੇਠ ਦੋ ਟੁਕੜੀਆਂ ਭਾਰਤ ਭੇਜੀਆਂ। ਉਨ੍ਹਾਂ ਨੇ ਸਿੰਧ ਦਰਿਆ ਪਾਰ ਕੀਤਾ ਅਤੇ ਲਾਹੌਰ ਅਤੇ ਮੁਲਤਾਨ 'ਤੇ ਹਮਲਾ ਕੀਤਾ, ਪਰ ਉਹ ਮੁਲਤਾਨ 'ਤੇ ਕਬਜ਼ਾ ਕਰਨ ਵਿੱਚ ਅਸਮਰੱਥ ਰਹੇ। ਉਨ੍ਹਾਂ ਦੇ ਅੱਗੇ ਵਧਣ ਵਿੱਚ ਅਸਮਰੱਥ ਹੋਣ ਦਾ ਕਾਰਨ ਉੱਥੇ ਪੈ ਰਹੀ ਗਰਮੀ ਸੀ, ਜਿਸਦੇ ਉਹ ਬਿਲਕੁਲ ਵੀ ਆਦੀ ਨਹੀਂ ਸਨ।''

ਜਿੱਥੇ ਦਿੱਲੀ ਦੇ ਸੁਲਤਾਨ ਇਲਤੁਤਮਿਸ਼ ਨੇ ਜਲਾਲ ਉੱਦ-ਦੀਨ ਨੂੰ ਸ਼ਰਨ ਨਹੀਂ ਦਿੱਤੀ, ਉੱਥੇ ਹੀ ਉਸ ਨੇ ਚੰਗੇਜ਼ ਖਾਨ ਨੂੰ ਜਲਾਲ ਉੱਦ-ਦੀਨ ਦਾ ਪਿੱਛਾ ਕਰਨ ਲਈ ਉਤਸ਼ਾਹਿਤ ਨਹੀਂ ਕੀਤਾ।

ਜੌਨ ਮੈਕਲਿਓਡ ਆਪਣੀ ਕਿਤਾਬ 'ਹਿਸਟਰੀ ਆਫ਼ ਇੰਡੀਆ' ਵਿੱਚ ਲਿਖਦੇ ਹਨ, "ਇਲਤੁਤਮਿਸ਼ ਨੇ ਸਾਫ਼ ਇਨਕਾਰ ਕਰਕੇ ਚੰਗੇਜ਼ ਖਾਨ ਨਾਰਾਜ਼ ਨਹੀਂ ਕੀਤਾ। ਉਸਨੇ ਭਾਰਤ ਵਿੱਚ ਦਾਖਲ ਹੋ ਕੇ ਜਲਾਲ ਉੱਦ-ਦੀਨ ਦਾ ਪਿੱਛਾ ਕਰਨ ਦੀ ਚੰਗੇਜ਼ ਖਾਨ ਦੀ ਬੇਨਤੀ ਨੂੰ ਨਾ ਤਾਂ ਹਾਂ ਕਿਹਾ ਅਤੇ ਨਾ ਹੀ ਨਾਂਹ। ਚੰਗੇਜ਼ ਖ਼ਾਨ ਨੇ ਇਲਤੁਤਮਿਸ਼ ਦੇ ਇਰਾਦਿਆਂ ਨੂੰ ਪਛਾਣ ਲਿਆ। ਉਹ ਸਮਝ ਗਿਆ ਸੀ ਕਿ ਇਲਤੁਤਮਿਸ਼ ਇਸ ਮੁੱਦੇ 'ਤੇ ਉਸ ਨਾਲ ਲੜਨਾ ਨਹੀਂ ਚਾਹੁੰਦਾ ਸੀ। ਉਹ ਵੀ ਇਲਤੁਤਮਿਸ਼ ਨਾਲ ਲੜਨ ਦੇ ਮੂਡ ਵਿੱਚ ਨਹੀਂ ਸੀ।"

ਐਂਡ੍ਰ ਵਿੰਕ ਆਪਣੀ ਕਿਤਾਬ 'ਸਲੇਵ ਕਿੰਗਜ਼ ਐਂਡ ਦ ਇਸਲਾਮਿਕ ਕਨਕੁਏਸਟ' ਵਿੱਚ ਲਿਖਦੇ ਹਨ, "ਭਾਰਤ ਦੀ ਗਰਮੀ ਚੰਗੇਜ਼ ਖ਼ਾਨ ਲਈ ਅਸਹਿ ਸੀ। ਇਸੇ ਕਰਕੇ ਚੰਗੇਜ਼ ਖ਼ਾਨ ਦੇ ਜਰਨੈਲਾਂ ਨੇ ਵਾਪਸ ਜਾਣ ਦਾ ਫ਼ੈਸਲਾ ਕੀਤਾ।"

ਘੋੜਿਆਂ ਅਤੇ ਉਨ੍ਹਾਂ ਦੇ ਚਾਰੇ ਦੀ ਘਾਟ

ਚੰਗੇਜ਼ ਖ਼ਾਨ ਦੇ ਸਾਹਮਣੇ ਇੱਕ ਹੋਰ ਦਿੱਕਤ ਘੋੜਿਆਂ ਦੀ ਸੀ। ਇਬਨ ਬਤੂਤਾ ਨੇ ਵੀ ਜ਼ਿਕਰ ਕੀਤਾ ਹੈ ਕਿ ਮੰਗੋਲ ਫੌਜ ਦੇ 10 ਹਜ਼ਾਰ ਘੋੜਿਆਂ ਟੁਕੜੀ ਨੂੰ 250 ਟਨ ਚਾਰੇ ਅਤੇ 250,000 ਗੈਲਨ ਪਾਣੀ ਦੀ ਲੋੜ ਪੈਂਦੀ ਸੀ, ਸਿੰਧ ਅਤੇ ਮੁਲਤਾਨ ਵਿੱਚ ਪਾਣੀ ਪਾਣੀ ਤਾਂ ਸੀ ਪਰ ਚਾਰਾ ਨਹੀਂ।

ਦੂਜਾ, ਇਲਾਕੇ ਵਿੱਚ ਚੰਗੀ ਗੁਣਵੱਤਾ ਵਾਲੇ ਘੋੜਿਆਂ ਦੀ ਘਾਟ ਸੀ, ਇਸ ਲਈ ਵਾਧੂ ਘੋੜਿਆਂ ਦਾ ਪ੍ਰਬੰਧ ਨਹੀਂ ਕੀਤਾ ਜਾ ਸਕਿਆ। ਇਸ ਤੋਂ ਇਲਾਵਾ, ਚੰਗੇਜ਼ ਖਾਨ ਨੇ ਇੰਨੀ ਜ਼ਮੀਨ ਜਿੱਤ ਲਈ ਸੀ ਕਿ ਉਸ ਕੋਲ ਇਸ ਨੂੰ ਕਾਬੂ ਕਰਨ ਲਈ ਲੋੜੀਂਦੇ ਫੌਜੀ ਨਹੀਂ ਸਨ। ਫਿਰ ਸੈਨਿਕਾਂ ਦੀ ਸਿਹਤ ਦਾ ਮੁੱਦਾ ਵੀ ਸੀ।

ਫ੍ਰੈਂਕ ਮਕਲੀਨ ਲਿਖਦੇ ਹਨ, "ਚੰਗੇਜ਼ ਖਾਨ ਦੇ ਬਹੁਤ ਸਾਰੇ ਫੌਜੀ ਬੁਖ਼ਾਰ ਅਤੇ ਇਸ ਇਲਾਕੇ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਗਏ। ਚੰਗੇਜ਼ ਖਾਨ ਨੂੰ ਅੱਗੇ ਪੈਂਦੇ ਭਾਰਤ ਦੇ ਜੰਗਲਾਂ ਅਤੇ ਪਹਾੜਾਂ ਬਾਰੇ ਵੀ ਸਟੀਕ ਖੁਫ਼ੀਆ ਜਾਣਕਾਰੀ ਨਹੀਂ ਸੀ। ਚੰਗੇਜ਼ ਅੰਧਵਿਸ਼ਵਾਸੀ ਸ਼ਖ਼ਸ ਸੀ। ਉਸਦੇ ਫੌਜੀਆਂ ਦੀ ਨਜ਼ਰ ਇੱਕ ਗੈਂਡੇ ਉੱਤੇ ਗਈ ਸੀ ਜਿਸਨੂੰ ਅੱਗੇ ਵਧਣ ਲਈ ਇੱਕ ਬੁਰਾ ਸ਼ਗਨ ਮੰਨਿਆ ਜਾਂਦਾ ਸੀ। ਇਸੇ ਸਭ ਦੇ ਵਿਚਾਲ ਚੰਗੇਜ਼ ਖਾਨ ਨੇ ਆਪਣੇ ਦੇਸ਼ ਵਾਪਸ ਜਾਣ ਦਾ ਫੈਸਲਾ ਕੀਤਾ ਸੀ।"

ਚੰਗੇਜ਼ ਦਾ ਆਖ਼ਰੀ ਸੁਨੇਹਾ

ਜੁਲਾਈ 1227 ਆਉਣ ਤੱਕ ਚੰਗੇਜ਼ ਦੀ ਸਿਹਤ ਵਿਗੜਦੀ ਜਾ ਰਹੀ ਸੀ। ਇੱਕ ਦਿਨ ਉਸਨੇ ਆਪਣੇ ਸਾਰੇ ਪੁੱਤਰਾਂ ਅਤੇ ਭਰੋਸੇਮੰਦ ਜਰਨੈਲਾਂ ਨੂੰ ਆਪਣੇ ਬਿਸਤਰੇ ਕੋਲ ਬੁਲਾਇਆ।

ਮੰਗੋਲ ਲੋਕਾਂ ਨੂੰ ਦੱਸਿਆ ਗਿਆ ਸੀ ਕਿ ਚੰਗੇਜ਼ ਖ਼ਾਨ ਨੂੰ ਬੁਖ਼ਾਰ ਹੈ ਪਰ ਉਸਦੇ ਬਿਸਤਰੇ ਦੇ ਕੋਲ ਖੜ੍ਹੇ ਲੋਕਾਂ ਨੂੰ ਪਤਾ ਸੀ ਕਿ ਉਹ ਜ਼ਿਆਦਾ ਦੇਰ ਤੱਕ ਨਹੀਂ ਬਚੇਗਾ।

ਆਰ.ਡੀ. ਥੈਕਸਟਨ ਆਪਣੀ ਕਿਤਾਬ 'ਦਿ ਹਿਸਟਰੀ ਆਫ਼ ਦ ਮੰਗੋਲਜ਼' ਵਿੱਚ ਲਿਖਦੇ ਹਨ, "ਆਪਣੀ ਮੌਤ ਦੇ ਬਿਸਤਰੇ 'ਤੇ ਪਏ ਚੰਗੇਜ਼ ਖਾਨ ਨੇ ਆਪਣੇ ਪੁੱਤਰਾਂ ਨੂੰ ਕਿਹਾ, 'ਜ਼ਿੰਦਗੀ ਬਹੁਤ ਛੋਟੀ ਹੈ। ਮੈਂ ਪੂਰੀ ਦੁਨੀਆ ਨੂੰ ਜਿੱਤ ਨਹੀਂ ਸਕਿਆ। ਤੁਹਾਨੂੰ ਇਹ ਕੰਮ ਪੂਰਾ ਕਰਨਾ ਚਾਹੀਦਾ ਹੈ। ਮੈਂ ਤੁਹਾਡੇ ਲਈ ਦੁਨੀਆਂ ਦਾ ਸਭ ਤੋਂ ਵੱਡਾ ਸਾਮਰਾਜ ਛੱਡ ਕੇ ਜਾ ਰਿਹਾ ਹਾਂ। ਇਸਦੀ ਰੱਖਿਆ ਸਿਰਫ਼ ਇੱਕ ਚੀਜ਼ ਨਾਲ ਕੀਤੀ ਜਾ ਸਕਦੀ ਹੈ: ਤੁਸੀਂ ਇੱਕਜੁੱਟ ਰਹੋ। ਜੇਕਰ ਤੁਸੀਂ ਆਪਸ ਵਿੱਚ ਲੜੋਗੇ, ਤਾਂ ਇਹ ਸਾਮਰਾਜ ਤੁਹਾਡੇ ਹੱਥਾਂ ਵਿੱਚੋਂ ਖਿਸਕ ਜਾਵੇਗਾ।"

ਕੁਝ ਸਮੇਂ ਬਾਅਦ, ਚੰਗੇਜ਼ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)