You’re viewing a text-only version of this website that uses less data. View the main version of the website including all images and videos.
ਕੀ 'ਮਿਲਟਰੀ ਸਲੀਪ ਮੈਥਡ' ਤੁਹਾਨੂੰ ਦੋ ਮਿੰਟਾਂ ਵਿੱਚ ਸੌਣ ਵਿੱਚ ਵਾਕਈ ਮਦਦ ਕਰ ਸਕਦਾ ਹੈ
- ਲੇਖਕ, ਕੇਟ ਬੋਵੀ
- ਰੋਲ, ਗਲੋਬਲ ਹੈਲਥ, ਬੀਬੀਸੀ ਵਰਲਡ ਸਰਵਿਸ
ਹਰ ਕੋਈ ਚਾਹੁੰਦਾ ਹੈ ਕਿ ਛੇਤੀ ਨੀਂਦ ਆ ਜਾਵੇ, ਬਹੁਤੀਆਂ ਕਰਵਟਾਂ ਨਾ ਲੈਣੀਆਂ ਪੈਣ। ਪਰ ਦੁਨੀਆ ਭਰ ਵਿੱਚ ਲੱਖਾਂ ਲੋਕਾਂ ਨੂੰ ਇਨਸੋਮਨੀਆ ਦੀ ਸਮੱਸਿਆ ਹੈ ਜਾਂ ਉਨ੍ਹਾਂ ਨੂੰ ਲਗਾਤਾਰ ਸੁੱਤੇ ਰਹਿਣ ਵਿੱਚ ਦਿੱਕਤ ਹੁੰਦੀ ਹੈ।
ਅੰਕੜੇ ਕਾਫ਼ੀ ਵੱਖ-ਵੱਖ ਹਨ, ਪਰ ਅਧਿਐਨਾਂ ਮੁਤਾਬਕ 5 ਤੋਂ 50 ਫ਼ੀਸਦੀ ਲੋਕ ਇਨਸੋਮਨੀਆ ਨਾਲ ਪੀੜਤ ਹਨ।
ਰਾਤ ਭਰ ਕਰਵਟਾਂ ਲੈਂਦੇ ਹੋਏ ਸੌਣ ਦੀ ਕੋਸ਼ਿਸ਼ ਕਰਦੇ ਲੋਕ ਅਕਸਰ ਸੋਚਦੇ ਹਨ ਕਿ ਕਾਸ਼ ਕੋਈ ਤਰੀਕਾ ਹੁੰਦਾ ਜਿਸ ਨਾਲ ਝੱਟ ਨੀਂਦ ਆ ਜਾਂਦੀ। ਅਜਿਹੇ ਕਈ ਤਰੀਕਿਆਂ ਵਿੱਚੋਂ ਇੱਕ ਹੈ "ਮਿਲਟਰੀ ਸਲੀਪ ਮੈਥਡ", ਜੋ ਇਨੀਂ ਦਿਨੀਂ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਜਿਸ ਬਾਰੇ ਦਾਅਵਾ ਕੀਤਾ ਜਾਂਦਾ ਹੈ ਕਿ ਇਸ ਨਾਲ ਮਹਿਜ਼ ਦੋ ਮਿੰਟਾਂ ਵਿੱਚ ਨੀਂਦ ਆ ਜਾਂਦੀ ਹੈ।
ਇਹ ਟ੍ਰੈਂਡ ਟਿਕਟੌਕ 'ਤੇ ਵਾਇਰਲ ਹੋ ਰਿਹਾ ਹੈ, ਜਿੱਥੇ ਲੱਖਾਂ ਵਾਰ ਦੇਖੇ ਗਏ ਵੀਡੀਓਜ਼ ਵਿੱਚ ਸਧਾਰਣ ਸਟੈਪ ਦਿਖਾਏ ਜਾਂਦੇ ਹਨ, ਜਿਨ੍ਹਾਂ ਬਾਰੇ ਕ੍ਰੀਏਟਰਾਂ ਦਾ ਕਹਿਣਾ ਹੈ ਕਿ ਇਹ ਤੁਹਾਨੂੰ ਲਗਭਗ ਤੁਰੰਤ ਨੀਂਦ ਦੀ ਅਵਸਥਾ ਵਿੱਚ ਲੈ ਜਾਂਦੇ ਹਨ।
ਪਰ ਮਾਹਰਾਂ ਨੇ ਬੀਬੀਸੀ ਵਰਲਡ ਸਰਵਿਸ ਨੂੰ ਦੱਸਿਆ ਹੈ ਕਿ ਇਹ ਵਾਇਰਲ ਤਰੀਕਾ ਅਸਲ ਵਿੱਚ "ਖ਼ਤਰਨਾਕ" ਉਮੀਦਾਂ ਪੈਦਾ ਕਰਕੇ ਤੁਹਾਡੀ ਨੀਂਦ ਆਉਣ ਦੀ ਸਮਰੱਥਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਮਾਹਿਰਾਂ ਨੇ ਉਹ ਟਿਪਸ ਵੀ ਸਾਂਝੇ ਕੀਤੇ ਹਨ ਜੋ ਫੌਜ ਦੇ ਜਵਾਨ ਅਸਲ ਵਿੱਚ ਆਪਣੀ ਨੀਂਦ ਬਿਹਤਰ ਬਣਾਉਣ ਲਈ ਵਰਤਦੇ ਹਨ, ਜਿਨ੍ਹਾਂ ਨੂੰ ਨੀਂਦ ਦੀ ਕਮੀ ਨਾਲ ਜੂਝ ਰਹੇ ਆਮ ਲੋਕ ਵੀ ਅਜ਼ਮਾ ਸਕਦੇ ਹਨ।
ਮਿਲਟਰੀ ਸਲੀਪ ਮੈਥਡ ਕੀ ਹੈ?
ਇਸ ਤਰੀਕੇ ਬਾਰੇ ਅਮਰੀਕੀ ਟਰੈਕ ਐਂਡ ਫੀਲਡ ਕੋਚ ਲਾਇਡ "ਬਡ" ਵਿੰਟਰ ਨੇ ਆਪਣੀ 1981 ਦੀ ਕਿਤਾਬ "ਰਿਲੈਕਸ ਐਂਡ ਵਿਨ" ਵਿੱਚ ਕਲਪਨਾ ਕੀਤੀ ਸੀ।
ਦੂਜੇ ਵਿਸ਼ਵ ਯੁੱਧ ਦੌਰਾਨ, ਵਿੰਟਰ ਨੇ ਇਹ ਤਕਨੀਕ ਅਮਰੀਕੀ ਨੇਵੀ ਦੇ ਪ੍ਰੀ-ਫਲਾਈਟ ਸਕੂਲ ਦੇ ਪਾਇਲਟਾਂ ਲਈ ਵਿਕਸਿਤ ਕੀਤੀ ਸੀ, ਤਾਂ ਜੋ ਉਹ ਬਹੁਤ ਜ਼ਿਆਦਾ ਤਣਾਅ ਵਾਲੇ ਹਾਲਾਤਾਂ ਵਿੱਚ ਵੀ ਚੰਗੀ ਨੀਂਦ ਲੈ ਸਕਣ ਅਤੇ ਆਪਣਾ ਸਰਵੋਤਮ ਪ੍ਰਦਰਸ਼ਨ ਕਰ ਸਕਣ।
ਕਿਤਾਬ ਵਿੱਚ ਵਿਦਿਆਰਥੀਆਂ ਨੂੰ ਇਹ ਕਰਨ ਲਈ ਕਿਹਾ ਗਿਆ ਹੈ:
- ਹੌਲੀ-ਹੌਲੀ ਗਹਿਰੇ ਸਾਹ ਲੈਂਦੇ ਹੋਏ, ਆਪਣੇ ਮੱਥੇ, ਸਿਰ ਦੀ ਚਮੜੀ (ਸਕੈਪਲ), ਜਬਾੜ੍ਹੇ ਅਤੇ ਚਿਹਰੇ ਨੂੰ ਰਿਲੈਕਸ ਕਰੋ (ਢਿੱਲਾ ਛੱਡ ਦਿਓ)
- ਆਪਣੇ ਮੋਢਿਆਂ ਨੂੰ ਹੇਠਾਂ ਵੱਲ ਛੱਡ ਦਿਓ, ਗਹਿਰਾ ਸਾਹ ਲਵੋ ਅਤੇ ਸਾਹ ਬਾਹਰ ਛੱਡੋ। ਆਪਣੀ ਛਾਤੀ ਨੂੰ ਢਿੱਲਾ ਛੱਡ ਦਿਓ
- ਆਪਣੀ ਪੂਰੀ ਬਾਂਹ ਨੂੰ ਕੁਰਸੀ ਜਾਂ ਬਿਸਤਰ 'ਤੇ ਢਿੱਲਾ ਛੱਡ ਦਿਓ, ਬਾਈਸੈਪ ਤੋਂ ਸ਼ੁਰੂ ਕਰਕੇ ਬਾਂਹ ਦੇ ਹੇਠਲੇ ਹਿੱਸੇ ਅਤੇ ਹੱਥਾਂ ਤੱਕ। ਦੂਜੀ ਬਾਂਹ ਨਾਲ ਵੀ ਇਹੀ ਕਰੋ
- ਆਪਣੀਆਂ ਲੱਤਾਂ ਨੂੰ ਢਿੱਲਾ ਛੱਡੋ - ਪੱਟਾਂ ਤੋਂ ਲੈ ਕੇ ਪਿੰਡਲੀ, ਗਿੱਟੇ ਅਤੇ ਪੈਰ। ਦੂਜੀ ਲੱਤ ਨਾਲ ਵੀ ਇਸੇ ਤਰ੍ਹਾਂ ਕਰੋ
- ਹੁਣ ਆਪਣੇ ਮਨ/ਦਿਮਾਗ ਨੂੰ ਖਾਲੀ ਕਰੋ (ਕੰਮ ਆਦਿ ਨਾਲ ਜਾਨ ਹੋਰ ਗੱਲਾਂ ਸੋਚਣੀਆਂ ਬੰਦ ਕਰੋ) ਅਤੇ ਦਿਮਾਗ ਵਿੱਚ ਕੋਈ ਸ਼ਾਂਤ ਕਰਨ ਵਾਲੀ ਤਸਵੀਰ ਸੋਚੋ - ਉਹ ਬਸੰਤ ਰੁੱਤ ਦਾ ਇੱਕ ਨਿੱਘਾ ਦਿਨ ਹੋ ਸਕਦਾ ਹੈ ਜਾਂ ਸ਼ਾਂਤ ਝੀਲ
- ਜੇ ਲੋੜ ਪਵੇ ਤਾਂ ਘੱਟੋ-ਘੱਟ 10 ਸਕਿੰਟ ਲਈ "ਕੁਝ ਨਾ ਸੋਚੋ" ਵਾਲਾ ਵਾਕ ਮਨ ਹੀ ਮਨ 'ਚ ਦੁਹਰਾਓ ਅਤੇ ਹੋਰ ਵਿਚਾਰਾਂ ਨੂੰ ਨਾ ਆਉਣ ਦਿਓ
ਵਿੰਟਰ ਦਾ ਦਾਅਵਾ ਸੀ ਕਿ ਛੇ ਹਫ਼ਤਿਆਂ ਤੱਕ ਇਸ ਤਰੀਕੇ ਦੀ ਪ੍ਰੈਕਟਿਸ ਕਰਨ ਨਾਲ ''ਕਿਸੇ ਵੀ ਸਮੇਂ - ਦਿਨ ਹੋਵੇ ਜਾਂ ਰਾਤ, ਕਿਸੇ ਵੀ ਹਾਲਾਤ ਵਿੱਚ - ਦੋ ਮਿੰਟਾਂ ਵਿੱਚ'' ਪਾਇਲਟ ਆਪਣੇ ਆਪ ਨੂੰ ਨੀਂਦ ਦੀ ਅਵਸਥਾ 'ਚ ਲੈ ਕੇ ਜਾ ਸਕਦੇ ਹਨ।
'ਇਹ ਤੁਹਾਨੂੰ ਨਿਰਾਸ਼ ਕਰ ਦੇਵੇਗਾ'
ਪਰ ਮਾਹਿਰ ਚੇਤਾਵਨੀ ਦਿੰਦੇ ਹਨ ਕਿ ਇੰਨੀ ਤੇਜ਼ੀ ਨਾਲ ਨਤੀਜੇ ਦੀ ਉਮੀਦ ਰੱਖਣਾ ਨੀਂਦ ਲਿਆਉਣ ਦੀ ਕੋਸ਼ਿਸ਼ ਨੂੰ ਕਮਜ਼ੋਰ ਕਰ ਸਕਦਾ ਹੈ।
ਮਿਲਟਰੀ ਨਿਊਰੋਸਾਇੰਟਿਸਟ ਅਤੇ ਨੀਂਦ ਮਾਹਿਰ ਡਾਕਟਰ ਐਲਿਸਨ ਬ੍ਰੇਗਰ ਕਹਿੰਦੇ ਹਨ, "ਇਹ ਕਹਿਣਾ ਕਿ ਤੁਸੀਂ ਇਸ ਵਿਧੀ ਨਾਲ ਸੌਂ ਸਕਦੇ ਹੋ ਅਤੇ ਤੁਹਾਨੂੰ ਦੋ ਮਿੰਟਾਂ ਵਿੱਚ ਸੌਂ ਜਾਣਾ ਚਾਹੀਦਾ ਹੈ, ਇੱਕ ਖ਼ਤਰਨਾਕ ਵਿਚਾਰ ਹੈ।''
ਆਮ ਤੌਰ 'ਤੇ ਇੱਕ ਵਿਅਕਤੀ ਨੂੰ ਨੀਂਦ ਆਉਣ ਵਿੱਚ ਪੰਜ ਤੋਂ 20 ਮਿੰਟ ਲੱਗਦੇ ਹਨ, ਇਸ ਲਈ ਸਿਰਫ਼ ਦੋ ਮਿੰਟ ਵਿੱਚ ਸੌਂਣ ਦੀ ਕੋਸ਼ਿਸ਼ ਕਰਨ ਨਾਲ ਤੁਹਾਨੂੰ ਨਿਰਾਸ਼ਾ ਹੋ ਸਕਦੀ ਹੈ ਅਤੇ ਨੀਂਦ ਆਉਣ ਦੀ ਸੰਭਾਵਨਾ ਹੋਰ ਵੀ ਘੱਟ ਹੋ ਸਕਦੀ ਹੈ।
ਉਹ ਕਹਿੰਦੇ ਹਨ, "ਤੁਸੀਂ ਇੱਕ ਅਜਿਹਾ ਟੀਚਾ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹੋਏ ਨਿਰਾਸ਼ ਹੋ ਜਾਵੋਗੇ, ਜੋ ਸੱਚ ਪੁੱਛੋ ਤਾਂ ਅਸੰਭਵ ਹੈ।"
ਅਤੇ ਜੇ ਤੁਹਾਨੂੰ ਸੱਚਮੁੱਚ ਦੋ ਮਿੰਟਾਂ ਵਿੱਚ ਨੀਂਦ ਆ ਵੀ ਜਾਂਦੀ ਹੈ, ਤਾਂ ਇਹ ਲੰਬੇ ਸਮੇਂ ਦੀ ਨੀਂਦ ਦੀ ਕਮੀ ਕਾਰਨ ਜਾਂ ਨੀਂਦ ਦੀ ਬਿਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ, ਜਿਸ ਬਾਰੇ ਸ਼ਾਇਦ ਅਜੇ ਤੁਹਾਨੂੰ ਨਾ ਪਤਾ ਹੋਵੇ।
ਬ੍ਰੇਗਰ ਕਹਿੰਦੇ ਹਨ ਕਿ ਉਹ ਅਜਿਹੇ ਫੌਜੀਆਂ ਨੂੰ ਜਾਣਦੇ ਹਨ ਜੋ ਇਹ ਤਰੀਕਾ ਵਰਤਦੇ ਹਨ। ਪਰ ਫੌਜੀ ਪੇਸ਼ੇ ਦੀ ਥਕਾਵਟ ਅਜਿਹੀ ਹੁੰਦੀ ਹੈ ਕਿ ਜਿਸ ਨੂੰ ਦੇਖਦੇ ਹੋਏ, ਕੁਝ ਫੌਜੀਆਂ ਦਾ ਕੁਝ ਮਿੰਟਾਂ ਵਿੱਚ ਹੀ ਸੌਂ ਜਾਣਾ ਹੈਰਾਨੀ ਵਾਲੀ ਗੱਲ ਨਹੀਂ ਹੈ।
ਮੈਂ ਜਲਦੀ ਕਿਵੇਂ ਸੌਂ ਸਕਦਾ/ਸਕਦੀ ਹਾਂ?
ਮਨੋਵਿਗਿਆਨ ਅਤੇ ਨੀਂਦ ਚਿਕਿਤਸਾ ਦੇ ਮਾਹਿਰ ਡਾਕਟਰ ਹਿਊ ਸੈਲਸਿਕ ਕਹਿੰਦੇ ਹਨ ਕਿ ਇਨਸੋਮਨੀਆ ਨਾਲ ਪੀੜਤ ਆਮ ਲੋਕਾਂ ਲਈ ਮਿਲਟਰੀ ਸਲੀਪ ਮੈਥਡ ਹੋਰ ਵੀ ਘੱਟ ਸਫ਼ਲ ਹੋ ਸਕਦਾ ਹੈ।
ਉਨ੍ਹਾਂ ਬੀਬੀਸੀ ਵਰਲਡ ਸਰਵਿਸ ਨੂੰ ਦੱਸਿਆ ਕਿ "ਆਮ ਤੌਰ 'ਤੇ ਜਿਹੜੇ ਮਰੀਜ਼ਾਂ ਨੇ ਇਸ ਬਾਰੇ ਮੈਨੂੰ ਆ ਕੇ ਦੱਸਿਆ, ਉਨ੍ਹਾਂ ਲਈ ਇਹ ਕੰਮ ਨਹੀਂ ਕੀਤਾ - ਨਹੀਂ ਤਾਂ ਉਹ ਮੇਰੇ ਸਾਹਮਣੇ ਬੈਠੇ ਨਾ ਹੁੰਦੇ।"
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਹੋ ਸਕਦਾ ਹੈ ਕਿ ਮਰੀਜ਼ ਜਲਦੀ ਸੌਣਾ ਚਾਹੁਣ, ਪਰ ਜਲਦੀ ਨੀਂਦ ਆ ਜਾਣਾ ਹਮੇਸ਼ਾਂ ਸਫ਼ਲ ਨੀਂਦ ਦਾ ਮਾਪਦੰਡ ਨਹੀਂ ਹੁੰਦਾ।
ਯੂਨੀਵਰਸਿਟੀ ਕਾਲਜ ਲੰਡਨ ਹਸਪਤਾਲ ਦੀ ਸਲੀਪ ਕਲੀਨਿਕ ਦੇ ਮੁੱਖ ਡਾਕਟਰ ਸੈਲਸਿਕ ਕਹਿੰਦੇ ਹਨ, "ਜੇ ਤੁਸੀਂ ਲੰਬੇ ਸਮੇਂ ਤੋਂ ਨੀਂਦ ਲਈ ਸੰਘਰਸ਼ ਕਰ ਰਹੇ ਹੋ ਤਾਂ ਚੰਗੀ ਨੀਂਦ ਨੂੰ ਬਹੁਤ ਆਦਰਸ਼ ਬਣਾ ਕੇ ਦੇਖਣਾ ਆਸਾਨ ਹੁੰਦਾ ਹੈ।"
"ਜੇ ਤੁਸੀਂ ਦਿਨ ਦੇ ਜ਼ਿਆਦਾਤਰ ਸਮੇਂ ਚੌਕਸ ਰਹਿੰਦੇ ਹੋ ਅਤੇ ਆਰਾਮ ਕਰਦੇ ਹੋ, ਤਾਂ ਤੁਹਾਡੀ ਨੀਂਦ ਆਪਣਾ ਕੰਮ ਠੀਕ ਤਰ੍ਹਾਂ ਕਰ ਰਹੀ ਹੈ।"
ਲੰਮੇ ਸਮੇਂ ਤੱਕ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਅੱਠ ਘੰਟਿਆਂ ਦੀ ਨੀਂਦ ਆਦਰਸ਼ ਹੁੰਦੀ ਹੈ ਪਰ ਇਹ ਗੱਲ ਗੈਰਜ਼ਰੂਰੀ ਦਬਾਅ ਪੈਦਾ ਕਰ ਸਕਦੀ ਹੈ।
ਉਹ ਕਹਿੰਦੇ ਹਨ, "ਅੱਠ ਘੰਟਿਆਂ ਦੀ ਨੀਂਦ ਦਾ ਵਿਚਾਰ ਇੱਕ ਮਿਥ ਹੈ ਅਤੇ ਇਹ ਕਾਫ਼ੀ ਨੁਕਸਾਨਦਾਇਕ ਮਿਥ ਹੈ।"
ਅਸਲ ਵਿੱਚ, ਅਧਿਐਨ ਦਰਸਾਉਂਦੇ ਹਨ ਕਿ ਨੀਂਦ ਦੀ ਆਦਰਸ਼ ਮਾਤਰਾ ਹਰੇਕ ਵਿਅਕਤੀ ਵਿੱਚ ਵੱਖੋ-ਵੱਖਰੀ ਹੁੰਦੀ ਹੈ, ਜਿਸ ਵਿੱਚ ਜੈਨੇਟਿਕ ਕਾਰਕ ਵੀ ਸ਼ਾਮਲ ਹਨ ਅਤੇ ਇਸ ਦਾ ਕੋਈ ਇੱਕ ਜਾਦੂਈ ਨੰਬਰ ਨਹੀਂ ਹੈ (ਕਿ ਕਿਸ ਲਈ ਕਿੰਨੀ ਨੀਂਦ ਜ਼ਰੂਰੀ ਹੈ)।
ਸੈਲਸਿਕ ਇਸਦੀ ਤੁਲਨਾ ਜੁੱਤਿਆਂ ਦੇ ਸਾਈਜ਼ ਨਾਲ ਕਰਦੇ ਹਨ - ਜ਼ਿਆਦਾਤਰ ਲੋਕਾਂ ਲਈ ਜੁੱਤੀਆਂ ਦਾ ਔਸਤ ਸਾਈਜ਼ ਛੇ ਹੋ ਸਕਦਾ ਹੈ, ਪਰ ਕੁਝ ਲੋਕਾਂ ਨੂੰ ਅੱਠ ਜਾਂ ਚਾਰ ਸਾਈਜ਼ ਬਿਲਕੁਲ ਫਿੱਟ ਆਉਂਦਾ ਹੈ। ਇਸੇ ਤਰ੍ਹਾਂ ਕੁਝ ਲੋਕਾਂ ਨੂੰ ਸੱਤ ਤੋਂ ਅੱਠ ਘੰਟਿਆਂ ਤੋਂ ਵੱਧ ਨੀਂਦ ਦੀ ਲੋੜ ਹੁੰਦੀ ਹੈ, ਅਤੇ ਕੁਝ ਨੂੰ ਘੱਟ ਦੀ।
ਉਹ ਕਹਿੰਦੇ ਹਨ, "ਤੁਹਾਨੂੰ ਓਨੀ ਹੀ ਨੀਂਦ ਲੈਣੀ ਚਾਹੀਦੀ ਹੈ ਜੋ ਤੁਹਾਡੇ ਲਈ ਠੀਕ ਹੈ।"
ਜੇ ਤੁਸੀਂ ਫਿਰ ਵੀ ਚਾਹੁੰਦੇ ਹੋ ਕਿ ਤੁਹਾਨੂੰ ਜਲਦੀ ਨੀਂਦ ਆ ਜਾਵੇ, ਤਾਂ ਉਹ ਤਿੰਨ ਸੁਝਾਅ ਦਿੰਦੇ ਹਨ।
ਹਰ ਰੋਜ਼ ਇੱਕੋ ਸਮੇਂ ਜਾਗਣਾ ਤੁਹਾਨੂੰ ਇਸ ਗੱਲ ਵਿੱਚ ਮਦਦ ਕਰ ਸਕਦਾ ਹੈ ਕਿ ਉਸ ਖਾਸ ਸਮੇਂ ਤੋਂ ਤੁਹਾਨੂੰ ਨੀਂਦ ਨਾ ਆਵੇ, ਜਿਸ ਨਾਲ ਤੁਸੀਂ ਹਰ ਰੋਜ਼ ਲਗਭਗ ਇੱਕੋ ਸਮੇਂ ਥੱਕੇ ਹੋਏ ਮਹਿਸੂਸ ਕਰੋਗੇ ਅਤੇ ਨੀਂਦ ਆ ਜਾਵੇਗੀ।
ਮਿਸਾਲ ਵਜੋਂ ਜੇ ਤੁਸੀਂ ਰੋਜ਼ ਸਵੇਰੇ 7 ਵਜੇ ਜਾਗਦੇ ਹੋ ਤਾਂ ਹੌਲੀ-ਹੌਲੀ ਤੁਹਾਨੂੰ ਇਸ ਸਮੇਂ ਤੋਂ ਬਾਅਦ ਨੀਂਦ ਆਉਣੀ ਬੰਦ ਹੋ ਜਾਵੇਗੀ, ਜਿਸ ਦੇ ਨਤੀਜੇ ਵਜੋਂ ਤੁਸੀਂ ਫਿਰ ਸ਼ਾਮ ਨੂੰ ਲਗਭਗ ਇੱਕੋ ਸਮੇਂ ਥੱਕਿਆ ਮਹਿਸੂਸ ਕਰੋਗੇ ਤੇ ਲਗਭਗ ਰੋਜ਼ ਵਾਲੇ ਸਮੇਂ ਨੀਂਦ ਵੀ ਆਉਣ ਲੱਗੇਗੀ।
ਦਿਨ ਵੇਲੇ ਝਪਕੀ ਲੈਣ ਤੋਂ ਬਚੋ, ਕਿਉਂਕਿ ਇਸ ਨਾਲ ਤੁਹਾਡੀ ਨੀਂਦ ਦੀ ਜ਼ਰੂਰਤ ਖ਼ਤਮ ਹੋ ਸਕਦੀ ਹੈ, ਜਿਸ ਕਾਰਨ ਰਾਤ ਨੂੰ ਸੌਣਾ ਔਖਾ ਹੋ ਜਾਂਦਾ ਹੈ।
ਅੰਤ ਵਿੱਚ, ਉਹ ਕਹਿੰਦੇ ਹਨ ਕਿ ਤੁਹਾਨੂੰ ਉਦੋਂ ਹੀ ਬਿਸਤਰ 'ਤੇ ਜਾਣਾ ਚਾਹੀਦਾ ਹੈ ਜਦੋਂ ਤੁਹਾਨੂੰ ਨੀਂਦ ਆ ਰਹੀ ਹੋਵੇ, ਕਿਉਂਕਿ ਜੇ ਤੁਸੀਂ ਉਸ ਸਮੇਂ ਜਾਓ ਜਦੋਂ ਤੁਹਾਡਾ ਸਰੀਰ ਨੀਂਦ ਲਈ ਤਿਆਰ ਨਹੀਂ, ਤਾਂ "ਤੁਸੀਂ ਲੰਮੇ ਸਮੇਂ ਤੱਕ ਉੱਥੇ ਪਏ ਰਹੋਗੇ''। ਅਤੇ ਤੁਹਾਨੂੰ ਲੱਗੇਗਾ ਕਿ ਨੀਂਦ ਕਿਉਂ ਨਹੀਂ ਆ ਰਹੀ।
ਉਹ ਕਹਿੰਦੇ ਹਨ, "ਇਸ ਲਈ ਉੱਠੋ, ਆਪਣੀ ਸ਼ਾਮ ਦਾ ਆਨੰਦ ਲਓ, ਆਪਣੇ ਲਈ ਕੁਝ ਸਮਾਂ ਕੱਢੋ ਅਤੇ ਜਦੋਂ ਤੁਹਾਨੂੰ ਮਹਿਸੂਸ ਹੋਵੇ ਕਿ ਤੁਹਾਡਾ ਸਿਰ ਅੱਗੇ ਵੱਲ ਨੂੰ ਝੁਕ ਰਿਹਾ ਹੈ, ਅੱਖਾਂ ਬੰਦ ਹੋ ਰਹੀਆਂ ਹਨ, ਤੁਸੀਂ ਜੋ ਪੜ੍ਹ ਰਹੇ ਹੋ ਉਸ 'ਤੇ ਧਿਆਨ ਕੇਂਦ੍ਰਿਤ ਨਹੀਂ ਕਰ ਪਾ ਰਹੇ, ਤਾਂ ਉਹੀ ਸਮਾਂ ਹੈ ਬਿਸਤਰ 'ਤੇ ਜਾਣ ਦਾ।"
ਫੌਜੀ ਜਿਵੇਂ ਸੌਂਦੇ ਹਨ, ਅਸੀਂ ਉਸ ਤੋਂ ਕੀ ਸਿੱਖ ਸਕਦੇ ਹਾਂ?
ਬ੍ਰਿਟਿਸ਼ ਫੌਜ ਦੇ ਸਲੀਪ ਸਾਇੰਸ ਅਤੇ ਮੈਡੀਸਨ ਮਾਹਰ ਡਾਕਟਰ ਐਲੈਕਸ ਰੌਕਲਿਫ਼ ਦਾ ਕਹਿਣਾ ਹੈ ਕਿ "ਮਿਲਟਰੀ ਸਲੀਪ ਮੈਥਡ" ਕੁਝ ਹੱਦ ਤੱਕ ਗਲਤ ਨਾਮ ਹੈ।
ਉਹ ਕਹਿੰਦੇ ਹਨ, "ਇਨ੍ਹਾਂ ਤਕਨੀਕਾਂ ਪਿੱਛੇ ਦੇ ਸਰੀਰਕ ਜਾਂ ਮਨੋਵਿਗਿਆਨਕ ਤੰਤਰ ਵਿੱਚ ਅਸਲ ਵਿੱਚ ਕੁਝ ਵੀ ਵਿਸ਼ੇਸ਼ ਤੌਰ 'ਤੇ ਫੌਜ ਵਰਗਾ ਨਹੀਂ ਹੈ।"
ਦਰਅਸਲ, ਇਹ ਤਰੀਕਾ ਪੂਰੀ ਤਰ੍ਹਾਂ ਗਲਤ ਵੀ ਨਹੀਂ ਹੈ। ਉਹ ਕਹਿੰਦੇ ਹਨ ਕਿ ਅੱਜ ਵੀ ਫੌਜੀਆਂ ਨੂੰ ਪ੍ਰੋਗ੍ਰੈਸਿਵ ਮਸਲ ਰੀਲੈਕਸੇਸ਼ਨ ਅਤੇ ਸਾਹ ਲੈਣ ਦੀਆਂ ਤਕਨੀਕਾਂ ਸਿਖਾਈਆਂ ਜਾਂਦੀਆਂ ਹਨ।
12 ਲੋਕਾਂ ਨਾਲ ਸਾਂਝੇ ਕਮਰਿਆਂ ਵਿੱਚ ਸੌਣ ਨਾਲ ਫੌਜੀ ਟ੍ਰੇਨੀਜ਼ ਅਤੇ ਕਰਮਚਾਰੀਆਂ ਲਈ ਬਿਨ੍ਹਾਂ ਰੁਕਾਵਟ ਵਾਲੀ ਨੀਂਦ ਲੈਣਾ ਮੁਸ਼ਕਲ ਹੋ ਸਕਦਾ ਹੈ। ਅੱਖਾਂ ਨੂੰ ਢੱਕਣਾ, ਕੰਨਾਂ 'ਚ ਰੂੰ (ਈਅਰ ਪੱਲਗ) ਪਾਉਣਾ ਅਤੇ ਦਰਵਾਜ਼ੇ ਹੌਲੀ ਬੰਦ ਕਰਨ ਵਰਗੀਆਂ ਚੀਜ਼ਾਂ ਮਦਦਗਾਰ ਸਾਬਤ ਹੋ ਸਕਦੀਆਂ ਹਨ।
ਅਤੇ ਬਹੁਤ ਹੀ ਮੁਸ਼ਕਿਲ ਹਾਲਾਤਾਂ ਵਿੱਚ ਫੌਜੀਆਂ ਵੱਲੋਂ ਵਰਤੀਆਂ ਜਾਣ ਵਾਲੀ ਨੀਂਦ ਦੀਆਂ ਤਕਨੀਕਾਂ ਵੀ ਕੁਝ ਲੋਕਾਂ ਲਈ ਫ਼ਾਇਦੇਮੰਦ ਹੋ ਸਕਦੀਆਂ ਹਨ।
ਉੱਚ ਤਣਾਅ ਵਾਲੀਆਂ ਡਿਊਟੀਆਂ 'ਤੇ ਤਾਇਨਾਤ ਲੋਕਾਂ ਨੂੰ ਜਿੱਥੇ ਵੀ ਮੌਕਾ ਮਿਲੇ, ਉੱਥੇ "ਟੈਕਟਿਕਲ ਨੈਪ" ਲੈਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਨੂੰ ਪੂਰੀ ਰਾਤ ਦੀ ਚੰਗੀ ਨੀਂਦ ਨਹੀਂ ਮਿਲੇਗੀ।
ਇਸੇ ਤਰ੍ਹਾਂ, ਜੋ ਲੋਕ ਰਾਤ ਨੂੰ ਜਲਦੀ ਸੌਣਾ ਚਾਹੁੰਦੇ ਹਨ ਉਨ੍ਹਾਂ ਲਈ ਦਿਨ ਵੇਲੇ ਸੌਣਾ ਜਾਂ ਝਪਕੀ ਲੈਣਾ ਕੋਈ ਫਾਇਦੇਮੰਦ ਸਲਾਹ ਨਹੀਂ ਹੁੰਦੀ ਪਰ ਦੂਜੇ ਪਾਸੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਵਰਗੇ ਲੋਕ, ਜਿਨ੍ਹਾਂ ਦੀ ਰਾਤ ਦੀ ਨੀਂਦ ਬਹੁਤ ਜ਼ਿਆਦਾ ਖ਼ਰਾਬ ਹੋ ਜਾਂਦੀ ਹੈ, ਦਿਨ ਵੇਲੇ ਝਪਕੀ ਲੈ ਕੇ ਆਰਾਮ ਲੈ ਸਕਦੇ ਹਨ।
ਨਿਊਰੋਸਾਇੰਟਿਸਟ ਡਾਕਟਰ ਬ੍ਰੇਗਰ ਕਹਿੰਦੇ ਹਨ ਕਿ ਇੱਕ ਹੋਰ ਅਹਿਮ ਹੁਨਰ ਹੈ ਜੋ ਆਮ ਲੋਕ ਫੌਜ ਤੋਂ ਸਿੱਖ ਸਕਦੇ ਹਨ।
ਨੀਂਦ ਦਾ ਇੱਕ ਰੁਟੀਨ ਬਣਾਉਣਾ ਦਿਮਾਗ ਨੂੰ ਇਹ ਸੰਕੇਤ ਦਿੰਦਾ ਹੈ ਕਿ ਹੁਣ ਆਰਾਮ ਕਰਨ ਦਾ ਸਮਾਂ ਹੈ, ਜਿਸ ਨਾਲ ਨੀਂਦ ਆਉਣ ਦੀ ਪ੍ਰਕਿਰਿਆ ਤੇਜ਼ ਹੋ ਸਕਦੀ ਹੈ।
ਉਹ ਕਹਿੰਦੇ ਹਨ, "ਇਹ ਸਾਰੀ ਅਨੁਸ਼ਾਸਨ ਦੀ ਗੱਲ ਹੈ। ਰੁਟੀਨ ਵਿੱਚ ਅਨੁਸ਼ਾਸਨ ਕਾਇਮ ਕਰਨ ਅਤੇ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਘੱਟ ਕਰਨ ਦੇ ਮਾਮਲੇ ਵਿੱਚ ਫੌਜ ਬਹੁਤ ਚੰਗੀ ਹੁੰਦੀ ਹੈ।"
ਹਰ ਰਾਤ ਬਿਲਕੁਲ ਇੱਕੋ ਸਮੇਂ ਬਿਸਤਰ 'ਤੇ ਜਾਣਾ, ਫ਼ੋਨ ਬੰਦ ਕਰਨਾ, ਕਿਤਾਬ ਪੜ੍ਹਨਾ ਅਤੇ ਬੱਤੀ ਬੰਦ ਕਰਨ ਨਾਲ ਸ਼ੁਰੂਆਤ ਕਰੋ।
ਡਾਕਟਰ ਬ੍ਰੇਗਰ ਕਹਿੰਦੇ ਹਨ, "ਸਰੀਰ ਇਸਨੂੰ ਜਲਦੀ ਸਮਝ ਜਾਵੇਗਾ ਅਤੇ ਜੇ ਤੁਸੀਂ ਅਜਿਹਾ ਹਰ ਰੋਜ਼ ਕਰਦੇ ਰਹੋਗੇ ਤਾਂ ਤੁਹਾਨੂੰ ਨੀਂਦ ਆਉਣ ਵਿੱਚ ਕੋਈ ਸਮੱਸਿਆ ਨਹੀਂ ਰਹੇਗੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ