You’re viewing a text-only version of this website that uses less data. View the main version of the website including all images and videos.
ਉਹ ਲੋਕ ਜੋ ਤੁਹਾਡੀ ਐਨਰਜੀ ਖਿੱਚ ਲੈਂਦੇ ਹਨ, ਉਨ੍ਹਾਂ ਨਾਲ ਨਜਿੱਠਣ ਦੇ 5 ਤਰੀਕੇ
ਇੱਥੇ ਡ੍ਰੈਕੁਲਾ ਵਰਗੇ ਵੈਂਪਾਇਰਾਂ ਦੀ ਗੱਲ ਨਹੀਂ ਹੋ ਰਹੀ, ਜੋ ਤਾਬੂਤਾਂ ਵਿੱਚ ਸੋਂਦੇ ਹਨ ਅਤੇ ਖ਼ੂਨ ਪੀਂਦੇ ਹਨ। 'ਇਮੋਸ਼ਨਲ ਵੈਂਪਾਇਰ' ਭਾਵ 'ਭਾਵਨਾਤਮਕ ਵੈਂਪਾਇਰ' ਉਹ ਲੋਕ ਹੁੰਦੇ ਹਨ ਜੋ ਤੁਹਾਡੀ ਐਨਰਜੀ ਖਿੱਚ ਲੈਂਦੇ ਹਨ। ਉਹ ਦੋਸਤ ਜੋ ਵੱਧ ਸ਼ਿਕਾਇਤਾਂ ਕਰਦੇ ਹਨ, ਤੁਹਾਨੂੰ ਬੈਠਣ ਅਤੇ ਆਪਣੀਆਂ ਸਮੱਸਿਆਵਾਂ ਸੁਣਨ ਲਈ ਕਹਿੰਦੇ ਹਨ ਅਤੇ ਕਦੇ ਵੀ ਤੁਹਾਡੀਆਂ ਸਮੱਸਿਆਵਾਂ ਬਾਰੇ ਨਹੀਂ ਪੁੱਛਦੇ।
ਇਸ ਲੇਖ ਰਾਹੀਂ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਅਸੀਂ 'ਇਮੋਸ਼ਨਲ ਵੈਂਪਾਇਰ' ਦੇ ਲੱਛਣ ਕਿਵੇਂ ਪਛਾਣ ਸਕਦੇ ਹਾਂ ਅਤੇ ਅਜਿਹੇ ਰਿਸ਼ਤਿਆਂ ਨੂੰ ਸੰਭਾਲਣ ਲਈ ਅਸੀਂ ਕੀ ਕੁਝ ਕਰ ਸਕਦੇ ਹਾਂ।
ਇਨ੍ਹਾਂ ਥਕਾਉਣ ਵਾਲੇ ਰਿਸ਼ਤਿਆਂ ਅਤੇ ਉਨ੍ਹਾਂ ਨਾਲ ਨਜਿੱਠਣ ਦੇ ਤਰੀਕਿਆਂ 'ਤੇ ਗੱਲਬਾਤ ਕਰਨ ਲਈ ਬੀਬੀਸੀ ਰੇਡੀਓ 4 ਦੇ ਪ੍ਰੋਗਰਾਮ ਵੂਮੈਨਜ਼ ਆਵਰ ਵਿੱਚ ਅਨੀਤਾ ਰਾਣੀ ਨਾਲ ਮਨੋਵਿਗਿਆਨੀ ਅਤੇ ਲੇਖਿਕਾ ਸੂਜ਼ੀ ਰੀਡਿੰਗ ਅਤੇ ਪੱਤਰਕਾਰ ਰਾਧਿਕਾ ਸਾਂਘਾਨੀ ਸ਼ਾਮਲ ਹੋਈਆਂ।
ਸੂਜ਼ੀ ਕਹਿੰਦੀ ਹੈ, "ਇਹ ਸਮਝਣਾ ਫ਼ਾਇਦਾਮੰਦ ਹੁੰਦਾ ਹੈ ਕਿ ਅਜਿਹੇ ਲੋਕਾਂ ਵਿੱਚ ਕਿਹੜੀਆਂ ਗੱਲਾਂ 'ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਵਿੱਚ ਵੱਖ-ਵੱਖ ਖ਼ਾਸੀਅਤਾਂ ਹੁੰਦੀਆਂ ਹਨ, ਯਕੀਨੀ ਤੌਰ 'ਤੇ ਧਿਆਨ, ਵੈਲੀਡੇਸ਼ਨ, ਭਰੋਸੇ ਦੀ ਬਹੁਤ ਜ਼ਿਆਦਾ ਜ਼ਰੂਰਤ। ਪਰ ਇਹ ਭਾਵਨਾ ਵੀ ਹੁੰਦੀ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਜੋ ਕੁਝ ਵੀ ਹੁੰਦਾ ਹੈ, ਉਹ ਉਨ੍ਹਾਂ ਦੀ ਗ਼ਲਤੀ ਨਹੀਂ ਹੈ।"
ਉਹ ਕਹਿੰਦੀ ਹੈ, "ਅਕਸਰ ਇਹ ਲੋਕ ਬਹੁਤ ਫਿਸਲਣ ਵਾਲੇ ਸੁਭਾਅ ਦੇ ਹੁੰਦੇ ਹਨ। ਉਨ੍ਹਾਂ ਦਾ ਆਪਣੇ ਆਪ 'ਤੇ ਪੂਰਾ ਧਿਆਨ ਹੁੰਦਾ ਹੈ, ਪਰ ਆਪਣੇ ਵਿਹਾਰ ਕਰਕੇ ਦੂਜਿਆਂ 'ਤੇ ਪੈਣ ਵਾਲੇ ਅਸਰ ਬਾਰੇ ਉਨ੍ਹਾਂ ਨੂੰ ਘੱਟ ਸਮਝ ਹੁੰਦੀ ਹੈ। ਅਜਿਹੇ ਵੇਲਿਆਂ ਵਿੱਚ ਦੂਜਿਆਂ ਲਈ ਦਇਆ ਭਾਵ ਵੀ ਘੱਟ ਹੁੰਦਾ ਹੈ।"
"ਸ਼ਾਇਦ ਉਨ੍ਹਾਂ ਨੂੰ ਅਰਾਜਕਤਾ ਜਾਂ ਤਣਾਅ ਪੈਦਾ ਕਰਨ ਵਿੱਚ ਮਜ਼ਾ ਆਉਂਦਾ ਹੋਵੇ, ਪਰ ਉਹ ਨਾ ਤਾਂ ਇਸ 'ਤੇ ਕੋਈ ਫੀਡਬੈਕ ਸੁਣਨਾ ਚਾਹੁੰਦੇ ਹਨ ਅਤੇ ਨਾ ਹੀ ਉਸ ਹਲਚਲ ਨੂੰ ਸੁਲਝਾਉਣ ਲਈ ਕੋਈ ਹੱਲ।"
"ਕਈ ਵਾਰ ਉਹ ਸਿਰਫ਼ ਆਪਣੀ ਭੜਾਸ ਕੱਢਣਾ ਚਾਹੁੰਦੇ ਹਨ, ਬਿਨ੍ਹਾਂ ਇਹ ਸੋਚੇ ਕਿ ਇਸ ਦਾ ਤੁਹਾਡੇ 'ਤੇ ਕੀ ਅਸਰ ਪਵੇਗਾ। ਇਹ ਹੋਰ ਤਰੀਕਿਆਂ ਨਾਲ ਵੀ ਸਾਹਮਣੇ ਆ ਸਕਦਾ ਹੈ। ਹੋ ਸਕਦਾ ਹੈ ਕਿ ਉਹ ਪੁੱਠੀਆਂ-ਸਿੱਧੀਆਂ ਗੱਲਾਂ ਕਰਕੇ ਤੁਹਾਡੇ ਆਤਮ-ਵਿਸ਼ਵਾਸ ਨੂੰ ਕਮਜ਼ੋਰ ਕਰਨ, ਜਾਂ ਫਿਰ ਟੌਕਸਿਕ ਪਾਜ਼ਿਟਿਵਿਟੀ ਦਾ ਅਜਿਹਾ ਰੂਪ ਹੋਵੇ, ਜਿੱਥੇ ਉਹ ਤੁਹਾਨੂੰ ਆਪਣੇ ਆਪ ਨੂੰ ਪ੍ਰਗਟ ਕਰਨ ਦਾ ਹੱਕ ਹੀ ਨਹੀਂ ਦਿੰਦੇ।"
ਤਾਂ ਜੇ ਸਾਡੇ ਕਿਸੇ ਕਰੀਬੀ ਨਾਲ ਅਜਿਹਾ ਹੋ ਰਿਹਾ ਹੈ, ਭਾਵੇਂ ਉਹ ਦੋਸਤ ਹੋਵੇ ਜਾਂ ਪਰਿਵਾਰ ਦਾ ਕੋਈ ਮੈਂਬਰ, ਤਾਂ ਅਸੀਂ ਕੀ ਕਰ ਸਕਦੇ ਹਾਂ। ਸੂਜ਼ੀ ਅਤੇ ਰਾਧਿਕਾ ਨੇ ਅਨੀਤਾ ਨਾਲ ਆਪਣਏ ਵਿਚਾਰ ਸਾਂਝੇ ਕੀਤੇ।
1. ਉਨ੍ਹਾਂ ਦੇ ਵਿਹਾਰ ਬਾਰੇ ਸਿੱਧੀ ਗੱਲ ਕਰੋ
ਸੁਜ਼ੀ ਕਹਿੰਦੀ ਹੈ, "ਸਾਨੂੰ ਫੀਡਬੈਕ ਦੇਣ, ਸਿੱਧੀ ਗੱਲ ਕਰਨ ਅਤੇ ਇਹ ਕਹਿਣ ਵਿੱਚ ਬੇਬਾਕ ਹੋਣਾ ਪਵੇਗਾ ਕਿ 'ਜਦੋਂ ਤੁਸੀਂ ਇਸ ਤਰ੍ਹਾਂ ਕਰਦੇ ਹੋ, ਤਾਂ ਮੈਨੂੰ ਅਜਿਹਾ ਮਹਿਸੂਸ ਹੁੰਦਾ ਹੈ।' ਕਿਉਂਕਿ ਨਹੀਂ ਤਾਂ ਉਹ ਵਿਅਕਤੀ ਪੂਰੀ ਜ਼ਿੰਦਗੀ ਦੋਸਤਾਂ ਦੇ ਦੂਰ ਹੋਣ ਦਾ ਅਨੁਭਵ ਕਰਦਾ ਰਹਿੰਦਾ ਹੈ ਅਤੇ ਉਸ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਅਜਿਹਾ ਕਿਉਂ ਹੋ ਰਿਹਾ ਹੈ। ਇੱਥੇ ਸੁਧਾਰ ਦਾ ਮੌਕਾ ਹੁੰਦਾ ਹੈ।"
ਉਹ ਕਹਿੰਦੀ ਹੈ, "ਕਈ ਵਾਰ ਲੋਕਾਂ ਨੂੰ ਅਜਿਹਾ ਫੀਡਬੈਕ ਮਿਲਦਾ ਹੈ ਤਾਂ ਉਹ ਹੈਰਾਨ ਰਹਿ ਜਾਂਦੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੀ ਨਹੀਂ ਹੁੰਦਾ ਕਿ ਉਨ੍ਹਾਂ ਦੇ ਵਿਹਾਰ ਦਾ ਦੂਜਿਆਂ 'ਤੇ ਕੀ ਅਸਰ ਪੈ ਰਿਹਾ ਹੈ। ਇਸ ਲਈ ਸਾਨੂੰ ਆਪਣੀ ਆਵਾਜ਼ ਉਠਾਉਣੀ ਪਵੇਗੀ ਅਤੇ ਜੇ ਕੋਈ ਬਦਲਾਅ ਨਹੀਂ ਆਉਂਦਾ, ਤਾਂ ਸਾਨੂੰ ਇਹ ਸੋਚਣਾ ਪਵੇਗਾ ਕਿ ਸਾਨੂੰ ਖ਼ੁਦ ਕੀ ਚਾਹੀਦਾ ਹੈ।"
2. ਦੱਸੋ ਕਿ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ
ਰਾਧਿਕਾ ਕਹਿੰਦੀ ਹੈ, "ਜੋ ਮੈਂ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਅਤੇ ਜੋ ਮੈਨੂੰ ਹਿੰਮਤ ਵਾਲੀ ਗੱਲ ਲੱਗਦੀ ਹੈ, ਉਹ ਇਹ ਹੈ, ਗੱਲ ਨੂੰ ਉੱਚੀ ਆਵਾਜ਼ ਵਿੱਚ ਕਹਿਣਾ। ਮੈਂ ਇਹ ਨਹੀਂ ਕਹਿ ਰਹੀ ਕਿ 'ਮੈਨੂੰ ਲੱਗਦਾ ਹੈ ਤੁਸੀਂ ਇੱਕ ਇਮੋਸ਼ਨਲ ਵੈਂਪਾਇਰ ਹੋ', ਸਗੋਂ ਇਹ ਕਹਿ ਰਹੀ ਹਾਂ ਕਿ 'ਮੈਨੂੰ ਲੱਗਦਾ ਹੈ ਕਿ ਹਾਲ ਹੀ ਵਿੱਚ ਜਦੋਂ ਅਸੀਂ ਇਕੱਠੇ ਹੁੰਦੇ ਹਾਂ, ਤਾਂ ਮੈਨੂੰ ਆਪਣੇ ਲਈ ਥਾਂ ਨਹੀਂ ਮਿਲਦੀ। ਮੈਨੂੰ ਲੱਗਦਾ ਹੈ ਮੇਰੀ ਗੱਲ ਨਹੀਂ ਸੁਣੀ ਜਾ ਰਹੀ। ਮੈਨੂੰ ਕੋਈ ਸਵਾਲ ਨਹੀਂ ਪੁੱਛਿਆ ਜਾ ਰਿਹਾ'।"
ਉਹ ਕਹਿੰਦੀ ਹੈ, "ਭਾਵੇਂ ਗੱਲ ਅਜੀਬ ਹੀ ਕਿਉਂ ਨਾ ਲੱਗੇ, ਮੈਂ ਇਹ ਕਹਿਣ ਦੀ ਹਿੰਮਤ ਜ਼ਰੂਰ ਕਰਾਂਗੀ। ਮੇਰੇ ਲਈ ਸੱਚੀ ਦੋਸਤੀ ਉਹ ਹੁੰਦੀ ਹੈ, ਜਿਸ ਵਿੱਚ ਦੂਜਾ ਵਿਅਕਤੀ ਮੇਰੀ ਗੱਲ ਸੁਣ ਸਕੇ ਅਤੇ ਇਸ 'ਤੇ ਗੱਲਬਾਤ ਕਰ ਸਕੇ।"
"ਜੇ ਉਹ ਤੁਰੰਤ ਇਨਕਾਰ ਕਰ ਦਿੰਦੇ ਹਨ ਜਾਂ ਆਪਣਾ ਬਚਾਅ ਕਰਨ ਲੱਗ ਪੈਂਦੇ ਹਨ, ਤਾਂ ਇਹ ਮੈਨੂੰ ਦੱਸਦਾ ਹੈ ਕਿ ਉਹ ਵਿਅਕਤੀ ਮੇਰੀ ਜ਼ਿੰਦਗੀ ਵਿੱਚ ਰਹਿਣ ਲਾਇਕ ਨਹੀਂ ਹੈ।"
3. ਹੱਦਾਂ ਤੈਅ ਕਰੋ
ਸੂਜ਼ੀ ਕਹਿੰਦੀ ਹੈ, "ਜਿੱਥੇ ਬਦਲਾਅ ਦੀ ਕੋਈ ਇੱਛਾ ਜਾਂ ਤਿਆਰੀ ਨਹੀਂ ਹੁੰਦੀ, ਉੱਥੇ ਸਾਨੂੰ ਆਪਣੇ ਆਪ ਨੂੰ ਬਚਾਉਣ ਦੀ ਲੋੜ ਹੁੰਦੀ ਹੈ।"
ਉਹ ਕਹਿੰਦੀ ਹੈ, "ਭਾਵੇਂ ਹੱਦਾਂ ਤੈਅ ਕਰਨੀਆਂ ਹੋਣ ਜਾਂ ਇਹ ਕਹਿਣਾ ਪਵੇ ਕਿ 'ਮਾਫ਼ ਕਰਨਾ, ਮੈਨੂੰ ਇਹ ਰਿਸ਼ਤਾ ਖ਼ਤਮ ਕਰਨਾ ਪਵੇਗਾ', ਸਾਨੂੰ ਸਾਫ਼ ਦੱਸਣਾ ਪਵੇਗਾ ਕਿ ਕਿਸੇ ਰਿਸ਼ਤੇ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਅਤੇ ਸਿਹਤਮੰਦ ਮਹਿਸੂਸ ਕਰਨ ਲਈ ਸਾਨੂੰ ਕੀ ਚਾਹੀਦਾ ਹੈ।"
ਉਹ ਅੱਗੇ ਕਹਿੰਦੀ ਹੈ, "ਇਹ ਚੇਤਾਵਨੀ ਵਾਲੇ ਸੰਕੇਤਾਂ 'ਤੇ ਧਿਆਨ ਦੇਣ ਦੀ ਗੱਲ ਹੈ। ਇਹ ਵੇਖਣ ਵਾਲੀ ਗੱਲ ਹੈ ਕਿ ਤੁਸੀਂ ਕਿੱਥੇ ਖੜ੍ਹੇ ਹੋ ਅਤੇ ਤੁਹਾਡੀ ਐਨਰਜੀ ਲੈਵਲ ਕੀ ਹੈ। ਆਪਣੇ ਆਪ ਨੂੰ ਆਪਣੇ ਤਰੀਕੇ ਨਾਲ ਅੱਗੇ ਵਧਣ ਦਿਓ।"
"ਕੁਝ ਸੌਖੀਆਂ ਗੱਲਾਂ ਹੋ ਸਕਦੀਆਂ ਹਨ, ਜਿਵੇਂ ਤੁਸੀਂ ਇੱਕ-ਦੂਜੇ ਦੀ ਜ਼ਿੰਦਗੀ ਤੋਂ ਖ਼ੁਦ ਨੂੰ ਵੱਖ ਨਹੀਂ ਕਰ ਸਕਦੇ ਹੋ ਤਾਂ ਗੱਲਬਾਤ ਦੇ ਕਰੀਕੇ ਵਿੱਚ ਕੁਝ ਹੱਦਾਂ ਤੈਅ ਕੀਤੀਆਂ ਜਾ ਸਕਦੀਆਂ ਹਨ।"
"ਮਿਸਾਲ ਵਜੋਂ, 'ਲਗਾਤਾਰ ਮੈਸੇਜ ਨਹੀਂ ਹੋਣਗੇ' ਜਾਂ 'ਅਸੀਂ ਆਪਣੀ ਭਾਵਨਾਤਮਕ ਜ਼ਿੰਦਗੀ ਬਾਰੇ ਗੱਲ ਨਹੀਂ ਕਰਾਂਗੇ'। ਗੱਲਬਾਤ ਦਾ ਸੁਭਾਅ ਵੀ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਕੀ ਠੀਕ ਹੈ ਅਤੇ ਕੀ ਨਹੀਂ।"
4. ਆਪਣਾ ਸੰਪਰਕ (ਐਕਸਪੋਜ਼ਰ) ਸੀਮਤ ਕਰੋ
ਸੂਜ਼ੀ ਕਹਿੰਦੀ ਹੈ, "ਜਿੰਨਾ ਹੋ ਸਕੇ, ਆਪਣੇ ਸੰਪਰਕ ਨੂੰ ਸੀਮਤ ਕਰੋ ਅਤੇ ਆਪਣੇ ਆਪ ਨੂੰ ਇਹ ਚੁਣਨ ਦੀ ਆਜ਼ਾਦੀ ਦਿਓ ਕਿ ਤੁਸੀਂ ਕਿਸ ਦੇ ਨਾਲ ਸਮਾਂ ਬਿਤਾਉਣਾ ਚਾਹੁੰਦੇ ਹੋ। ਇਸ ਫ਼ੈਸਲੇ ਦੇ ਮਾਮਲੇ ਵਿੱਚ ਤੁਸੀਂ ਇਹ ਵੀ ਚੁਣ ਸਕਦੇ ਹੋ ਕਿ ਤੁਸੀਂ ਕਿੱਥੇ ਮਿਲਦੇ ਹੋ, ਕੀ ਕਰਦੇ ਹੋ, ਇਕੱਠੇ ਕਿੰਨਾ ਸਮਾਂ ਬਿਤਾਉਂਦੇ ਹੋ ਅਤੇ ਕਿੰਨੀ ਵਾਰ ਮਿਲਦੇ ਹੋ।"
"ਜੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਿਸੇ ਅਜਿਹੇ ਵਿਅਕਤੀ ਨੂੰ ਪਛਾਣ ਲਿਆ ਹੈ, ਜਿਸ ਦੀ ਆਦਤ ਤੁਹਾਨੂੰ ਥਕਾ ਦਿੰਦੀ ਹੈ, ਪਰ ਤੁਸੀਂ ਉਸ ਦੋਸਤੀ ਨੂੰ ਕਾਇਮ ਰੱਖਣਾ ਚਾਹੁੰਦੇ ਹੋ, ਤਾਂ ਸੋਚੋ ਕਿ ਤੁਸੀਂ ਇਕੱਠੇ ਕਿਹੜੀਆਂ ਗਤੀਵਿਧੀਆਂ ਕਰਦੇ ਹੋ।"
"ਕੌਫ਼ੀ 'ਤੇ ਮਿਲਣ ਅਤੇ ਸ਼ੋਰ-ਸ਼ਰਾਬੇ ਵਾਲੀ ਥਾਂ ਦੀ ਬਜਾਏ, ਤੁਸੀਂ ਇਕੱਠੇ ਟਹਿਲਣ ਕਿਉਂ ਨਹੀਂ ਜਾਂਦੇ? ਇਕੱਠੇ ਕਸਰਤ ਕਿਉਂ ਨਹੀਂ ਕਰਦੇ, ਤਾਂ ਜੋ ਤੁਹਾਡੀਆਂ ਲੋੜਾਂ ਵੀ ਪੂਰੀਆਂ ਰਹਿਣ? ਇਸ ਨਾਲ ਉਨ੍ਹਾਂ ਦੀ ਹਰ ਗੱਲ 'ਤੇ ਹਾਵੀ ਹੋਣ ਦੀ ਆਦਤ ਘਟੇਗੀ। ਇਸ ਤੋਂ ਵੀ ਵਧੀਆ… ਟੈਨਿਸ ਖੇਡਣ ਜਾਓ।"
5. ਸੋਚੋ ਕਿ ਤੁਹਾਨੂੰ ਇਸ ਰਿਸ਼ਤੇ ਤੋਂ ਕੀ ਮਿਲ ਰਿਹਾ ਹੈ
ਰਾਧਿਕਾ ਕਹਿੰਦੀ ਹੈ, "ਮੇਰੇ ਅਤੇ ਮੇਰੇ ਦੋਸਤਾਂ ਕੋਲ ਇਸ ਬਾਰੇ ਸੋਚਣ ਲਈ ਇੱਕ ਬਹੁਤ ਹੀ ਲਾਭਦਾਇਕ ਤਰੀਕਾ ਹੈ। ਅਸੀਂ ਇਸ ਨੂੰ +2ਐੱਸ, -2ਐੱਸ (+2s, -2s) ਅਤੇ ਜ਼ੀਰੋ ਕਹਿੰਦੇ ਹਾਂ।
ਜੇ ਤੁਹਾਡੀ ਕਿਸੇ ਨਾਲ ਸੋਸ਼ਲ ਮੁਲਾਕਾਤ ਹੋਈ ਹੈ, ਤਾਂ ਸੋਚੋ ਕੀ ਇਹ +2 ਸੀ? ਕੀ ਮਿਲ ਕੇ ਤੁਹਾਨੂੰ ਚੰਗਾ ਲੱਗਿਆ? ਕੀ ਇਹ ਜ਼ੀਰੋ ਸੀ, ਜਿੱਥੇ ਤੁਸੀਂ ਨਿਊਟ੍ਰਲ ਰਹੇ? ਜਾਂ ਕੀ ਇਹ -2 ਸੀ, ਜਿੱਥੇ ਉਹ ਇੱਕ 'ਇਮੋਸ਼ਨਲ ਵੈਂਪਾਇਰ' ਬਣ ਕੇ ਤੁਹਾਡੀ ਐਨਰਜੀ ਖ਼ਤਮ ਕਰ ਗਏ?"
ਉਹ ਕਹਿੰਦੀ ਹੈ, "ਮੈਂ ਇਹ ਹਰ ਚੀਜ਼ ਲਈ ਵਰਤਦੀ ਹਾਂ, ਪਰਿਵਾਰ, ਦੋਸਤ, ਕੰਮ। ਇਹ ਮੈਨੂੰ ਨਿੱਜੀ ਤੌਰ 'ਤੇ ਇਹ ਸੋਚਣ ਵਿੱਚ ਬਹੁਤ ਮਦਦ ਕਰਦਾ ਹੈ ਕਿ 'ਠੀਕ ਹੈ, ਮੈਂ ਆਪਣੇ ਹਫ਼ਤੇ ਦੀ ਯੋਜਨਾ ਕਿਵੇਂ ਬਣਾ ਰਹੀ ਹਾਂ? ਕੀ ਮੇਰੇ ਕੋਲ ਬਹੁਤ ਜ਼ਿਆਦਾ ਜ਼ੀਰੋ ਹਨ? ਕੀ ਮੈਂ ਕੁਝ +2 ਸ਼ਾਮਲ ਕਰ ਸਕਦੀ ਹਾਂ? ਜੇ ਮੇਰੇ ਕੋਲ ਕੋਈ -2 ਦਾ ਅਨੁਭਵ ਹੈ, ਤਾਂ ਕੀ ਮੈਂ ਉਸ ਨੂੰ +2 ਨਾਲ ਸੰਤੁਲਿਤ ਕਰ ਸਕਦੀ ਹਾਂ'?"
ਉਹ ਅੱਗੇ ਕਹਿੰਦੀ ਹੈ, "ਜੋ ਗੱਲਾਂ ਤੁਹਾਨੂੰ ਥਕਾ ਦਿੰਦੀਆਂ ਹਨ, ਜ਼ਰੂਰੀ ਨਹੀਂ ਕਿ ਉਹ ਹਰ ਕਿਸੇ ਲਈ ਇੱਕੋ ਜਿਹੀਆਂ ਹੋਣ ਅਤੇ ਇਹੀ ਗੱਲ ਸਮਝਣਾ ਸਭ ਤੋਂ ਜ਼ਰੂਰੀ ਹੈ।"
ਅੰਤ ਵਿੱਚ ਰਾਧਿਕਾ ਕਹਿੰਦੀ ਹੈ ਕਿ ਜੇ ਲੱਗੇ ਕਿ ਕੋਈ ਰਿਸ਼ਤਾ ਠੀਕ ਨਹੀਂ ਹੋ ਸਕਦਾ, ਤਾਂ ਉਸ ਨੂੰ ਖ਼ਤਮ ਕਰਨ ਤੋਂ ਡਰਨਾ ਨਹੀਂ ਚਾਹੀਦਾ।
ਉਹ ਕਹਿੰਦੀ ਹੈ, "ਕੁਝ ਹਾਲਾਤਾਂ ਵਿੱਚ, ਜੇ ਇਹ ਆਸਾਨ ਹੁੰਦਾ ਹੈ, ਤਾਂ ਮੈਂ ਸਿਰਫ਼ ਪਿੱਛੇ ਹਟ ਜਾਂਦੀ ਹਾਂ, ਖ਼ਾਸ ਕਰਕੇ ਜਦੋਂ ਮੈਂ ਕਿਸੇ ਅਜਿਹੇ ਵਿਅਕਤੀ ਤੋਂ ਹਾਲ ਹੀ ਵਿੱਚ ਮਿਲੀ ਹੋਵਾਂ। ਜੇ ਇਹ ਪਹਿਲੀ ਡੇਟ ਹੈ, ਤਾਂ ਮੈਂ ਕਿਸੇ 'ਇਮੋਸ਼ਨਲ ਵੈਂਪਾਇਰ' ਨਾਲ ਦੂਜੀ ਡੇਟ 'ਤੇ ਨਹੀਂ ਜਾਵਾਂਗੀ। ਪਰ ਜ਼ਾਹਿਰ ਹੈ, ਜੇ ਉਹ ਵਿਅਕਤੀ ਤੁਹਾਡੇ ਬਹੁਤ ਕਰੀਬੀ ਰਿਸ਼ਤੇ ਵਿੱਚ ਹੈ, ਤਾਂ ਇਹ ਕਾਫ਼ੀ ਔਖਾ ਹੋ ਜਾਂਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ