You’re viewing a text-only version of this website that uses less data. View the main version of the website including all images and videos.
ਗੁਰਦਾਸਪੁਰ ਦੇ ਇਸ ਕਿਸਾਨ ਦਾ ਛੋਟੀ ਜਿਹੀ ਮੀਟ ਦੀ ਦੁਕਾਨ ਤੋਂ ਸ਼ੁਰੂ ਹੋਇਆ ਸਫ਼ਰ ਕਰੋੜਾਂ ਦੇ ਟਰਨਓਵਰ ਵਿੱਚ ਕਿਵੇਂ ਬਦਲਿਆ
- ਲੇਖਕ, ਗੁਰਪ੍ਰੀਤ ਚਾਵਲਾ
- ਰੋਲ, ਬੀਬੀਸੀ ਸਹਿਯੋਗੀ
ਗੁਰਦਾਸਪੁਰ ਦੀ ਧਰਤੀ ਤੋਂ ਨਿਕਲ ਕੇ ਦੇਸ਼ ਭਰ ਵਿੱਚ ਆਪਣੀ ਮਿਹਨਤ ਅਤੇ ਸੋਚ ਨਾਲ ਪਛਾਣ ਬਣਾਉਣ ਵਾਲੇ ਰਮਨਜੀਤ ਸਿੰਘ ਦੀ ਕਹਾਣੀ ਕਿਸੇ ਪ੍ਰੇਰਣਾ ਤੋਂ ਘੱਟ ਨਹੀਂ।
ਇੱਕ ਛੋਟੀ ਜਿਹੀ ਮੁਰਗੇ ਦੇ ਮੀਟ ਦੀ ਦੁਕਾਨ ਤੋਂ ਸ਼ੁਰੂ ਹੋਇਆ ਇਹ ਸਫ਼ਰ ਅੱਜ ਆਧੁਨਿਕ ਪੋਲਟਰੀ ਪ੍ਰੋਸੈਸਿੰਗ ਪਲਾਂਟਾਂ, ਦੇਸ਼ ਭਰ 'ਚ ਸਪਲਾਈ ਅਤੇ ਸੈਂਕੜਿਆਂ ਕਿਸਾਨਾਂ ਨੂੰ ਜੋੜਨ ਵਾਲੇ ਮਾਡਲ ਤੱਕ ਪਹੁੰਚ ਚੁੱਕਿਆ ਹੈ।
ਨਵੀਂ ਤਕਨੀਕ, ਸਹੀ ਮਾਰਕੀਟਿੰਗ ਅਤੇ ਡਟੇ ਰਹਿਣ ਦੇ ਜਜ਼ਬੇ ਨਾਲ ਰਮਨਜੀਤ ਸਿੰਘ ਨੇ ਪੋਲਟਰੀ ਖੇਤਰ ਵਿੱਚ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਹੈ।
2005 ਤੋਂ ਸ਼ੁਰੂਆਤ
ਬਟਾਲਾ ਦੇ ਰਹਿਣ ਵਾਲੇ ਰਮਨਜੀਤ ਸਿੰਘ ਨੇ ਸਾਲ 2005 ਵਿੱਚ ਬਟਾਲਾ ਤੋਂ ਇੱਕ ਛੋਟੀ ਜਿਹੀ ਪੋਲਟਰੀ ਮੀਟ ਦੀ ਦੁਕਾਨ ਨਾਲ ਕਾਰੋਬਾਰ ਦੀ ਸ਼ੁਰੂਆਤ ਕੀਤੀ ਸੀ। ਅੱਜ ਉਹ ਆਪਣੇ ਛੋਟੇ ਭਰਾ ਅਤੇ ਇੱਕ ਦੋਸਤ ਦੇ ਨਾਲ ਮਿਲ ਕੇ ਉਸ ਮਕਾਮ 'ਤੇ ਪਹੁੰਚ ਗਏ ਹਨ ਕਿ ਜਿੱਥੇ ਉਨ੍ਹਾਂ ਦੇ ਪ੍ਰੋਸੈਸਿੰਗ ਪਲਾਂਟ ਵਿੱਚ ਤਿਆਰ ਹੋਣ ਵਾਲਾ ਮੁਰਗੇ ਦਾ ਮੀਟ ਪੰਜਾਬ ਤੋਂ ਇਲਾਵਾ ਦੇਸ਼ ਭਰ ਵਿੱਚ ਵਿਕ ਰਿਹਾ ਹੈ।
ਰਮਨਜੀਤ ਸਿੰਘ ਦੱਸਦੇ ਹਨ ਕਿ ਉਹ ਕਾਰੋਬਾਰੀ ਪਰਿਵਾਰਕ ਪਿਛੋਕੜ ਤੋਂ ਹਨ। ਉਨ੍ਹਾਂ ਦੇ ਪਿਤਾ ਦਾ ਪਸ਼ੂ ਪਾਲਣ ਲਈ ਫੀਡ ਸਟੋਰ ਸੀ।
ਸਾਲ 2005 ਵਿੱਚ ਮੀਟ ਦੀ ਦੁਕਾਨ ਖੋਲ੍ਹਣ ਤੋਂ ਬਾਅਦ ਉਨ੍ਹਾਂ ਦੀ ਮੁਲਾਕਾਤ ਆਪਣੇ ਪਿਤਾ ਦੇ ਗਾਹਕ ਦੇ ਬੇਟੇ ਕਵਲਦੀਪ ਸਿੰਘ ਨਾਲ ਹੋਈ, ਜਿਨ੍ਹਾਂ ਨੇ ਬੀਐੱਸਸੀ ਐਗਰੀਕਲਚਰ ਕੀਤੀ ਹੋਈ ਸੀ। ਸਾਲ 2007 ਵਿੱਚ ਦੋਵੇਂ ਕੰਮ ਨੂੰ ਵਧਾਉਣ ਲਈ ਇਕੱਠੇ ਹੋ ਗਏ।
ਅੱਜ ਉਨ੍ਹਾਂ ਨੇ ਪੰਜਾਬ, ਹਰਿਆਣਾ ਅਤੇ ਗੁਹਾਟੀ ਵਿੱਚ ਪੋਲਟਰੀ ਫਾਰਮ ਅਤੇ ਪੋਲਟਰੀ ਪ੍ਰੋਸੈਸਿੰਗ ਪਲਾਂਟ ਸਥਾਪਤ ਕਰ ਲਏ ਹਨ।
ਅੰਮ੍ਰਿਤਸਰ ਵਿੱਚ ਨਵੀਂ ਸ਼ੁਰੂਆਤ ਅਤੇ ਮੁਸ਼ਕਲਾਂ
ਕਾਰੋਬਾਰ ਨੂੰ ਵੱਡੇ ਪੱਧਰ 'ਤੇ ਲੈ ਕੇ ਜਾਣ ਦੀ ਸੋਚ ਨਾਲ ਅੰਮ੍ਰਿਤਸਰ ਸ਼ਹਿਰ ਵਿੱਚ ਇੱਕ ਛੋਟਾ ਪੋਲਟਰੀ ਫਾਰਮ ਲਗਾਇਆ ਗਿਆ। ਇੱਥੇ ਸ਼ਹਿਰ ਵਿੱਚ ਪਹਿਲੀ ਵਾਰ ਜ਼ਿੰਦਾ ਮੁਰਗਾ ਦੁਕਾਨਾਂ 'ਤੇ ਵੇਚਣ ਦਾ ਕਾਰੋਬਾਰ ਸ਼ੁਰੂ ਕੀਤਾ ਗਿਆ।
ਉਹ ਦੱਸਦੇ ਹਨ, "ਸ਼ੁਰੂਆਤੀ ਦੌਰ ਵਿੱਚ ਕਈ ਮੁਸ਼ਕਲਾਂ ਆਈਆਂ ਅਤੇ ਨੁਕਸਾਨ ਵੀ ਹੋਇਆ। ਇੱਥੋਂ ਤੱਕ ਕਿ ਪਰਿਵਾਰ ਵੱਲੋਂ ਵੀ ਕੰਮ ਛੱਡਣ ਦੀ ਸਲਾਹ ਦਿੱਤੀ ਗਈ, ਪਰ ਟੀਚੇ 'ਤੇ ਡਟੇ ਰਹਿ ਕੇ ਉਹ ਅੱਗੇ ਵਧਦੇ ਰਹੇ।"
"ਮੈਂ ਸ਼ੁਰੂ ਤੋਂ ਹੀ ਰਵਾਇਤੀ ਪੋਲਟਰੀ ਫਾਰਮਿੰਗ ਦੀ ਥਾਂ ਨਵੀਆਂ ਤਕਨੀਕਾਂ ਅਤੇ ਨਵੇਂ ਢੰਗ ਅਪਣਾਏ, ਕਿਉਂਕਿ ਇਹ ਸਮੇਂ ਦੀ ਮੰਗ ਸੀ।"
ਹਾਲਾਂਕਿ, ਉਹ ਕਹਿੰਦੇ ਹਨ, "ਪੋਲਟਰੀ ਪ੍ਰੋਸੈਸਿੰਗ ਯੂਨਿਟ ਸ਼ੁਰੂ ਕਰਨ ਸਮੇਂ ਸਥਾਨਕ ਪਿੰਡਾਂ ਦੇ ਲੋਕਾਂ ਵੱਲੋਂ ਪ੍ਰਦੂਸ਼ਣ ਦੇ ਡਰ ਕਾਰਨ ਵਿਰੋਧ ਵੀ ਕੀਤਾ ਗਿਆ, ਪਰ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਲੋਕਾਂ ਨੂੰ ਸਮਝਾਇਆ ਗਿਆ ਅਤੇ ਸਹਿਮਤੀ ਬਣੀ।"
ਰਮਨਜੀਤ ਸਿੰਘ ਨੂੰ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵੱਲੋਂ ਪੰਜਾਬ ਦੇ ਅਗਾਹਵਧੂ ਕਿਸਾਨ ਵਜੋਂ ਮੁੱਖ ਮੰਤਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪੋਲਟਰੀ ਪ੍ਰੋਸੈਸਿੰਗ ਦੇ ਖੇਤਰ ਵਿੱਚ ਉਨ੍ਹਾਂ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ।
ਰਮਨਜੀਤ ਸਿੰਘ ਦਾ ਕਹਿਣਾ ਹੈ ਕਿ ਜਿੱਥੇ ਸ਼ੁਰੂਆਤ ਵਿੱਚ ਰੋਜ਼ਾਨਾ ਇੱਕ ਹਜ਼ਾਰ ਬਰਡ ਵੇਚਣ ਦਾ ਟੀਚਾ ਵੱਡਾ ਲੱਗਦਾ ਸੀ, ਉੱਥੇ ਅੱਜ ਇੱਕ ਪ੍ਰੋਸੈਸਿੰਗ ਪਲਾਂਟ ਵਿੱਚ ਰੋਜ਼ਾਨਾ 30 ਹਜ਼ਾਰ ਬਰਡ ਸਲਾਟਰ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਦੇ ਉਨ੍ਹਾਂ ਦੇ ਦੋ ਪਲਾਂਟ ਚੱਲ ਰਹੇ ਹਨ। ਕੰਪਨੀ ਦਾ ਸਾਲਾਨਾ ਟਰਨਓਵਰ 400 ਕਰੋੜ ਰੁਪਏ ਤੋਂ ਵੱਧ ਹੈ।
ਮਾਰਕੀਟਿੰਗ ਅਤੇ ਬ੍ਰਾਂਡਿੰਗ
ਰਮਨਜੀਤ ਸਿੰਘ ਦਾ ਕਹਿਣਾ ਹੈ, "ਸਫ਼ਲਤਾ ਦੀ ਮੁੱਖ ਵਜ੍ਹਾ ਨਵੀਂ ਤਕਨੀਕ ਦੇ ਨਾਲ ਮਾਰਕੀਟਿੰਗ ਨੂੰ ਪਹਿਲ ਦੇਣਾ ਰਿਹਾ। ਮਾਰਕੀਟ ਦੀ ਮੰਗ ਅਨੁਸਾਰ ਉਤਪਾਦ ਤਿਆਰ ਕੀਤਾ ਗਿਆ। ਪਹਿਲਾਂ ਪੋਲਟਰੀ ਫਾਰਮ ਵਧਾਏ ਗਏ, ਫਿਰ ਫੀਡ ਪਲਾਂਟ ਸਥਾਪਤ ਕੀਤਾ ਗਿਆ।"
"ਸੋਸ਼ਲ ਮੀਡੀਆ ਅਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਪ੍ਰੋਸੈਸਿੰਗ ਪਲਾਂਟਾਂ ਤੋਂ ਜਾਣਕਾਰੀ ਇਕੱਠੀ ਕੀਤੀ ਗਈ ਅਤੇ ਵਿਦੇਸ਼ੀ ਮਸ਼ੀਨਾਂ ਮੰਗਵਾਈਆਂ ਗਈਆਂ।"
"ਮਲਟੀ ਨੈਸ਼ਨਲ ਕੰਪਨੀਆਂ, ਰੈਸਟੋਰੈਂਟ ਅਤੇ ਹੋਟਲਾਂ ਦੀ ਮੰਗ ਅਨੁਸਾਰ ਫਰੈਸ਼ ਅਤੇ ਫਰੋਜ਼ਨ ਮੀਟ ਦੀ ਸਪਲਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਆਪਣਾ ਬ੍ਰਾਂਡ ਬਣਾ ਕੇ ਚਿਕਨ ਦਾ ਫਰੈਸ਼ ਮੀਟ ਅਤੇ ਰੈਡੀ ਟੂ ਈਟ ਉਤਪਾਦ ਰਿਟੇਲ ਸਟੋਰਾਂ ਰਾਹੀਂ ਵੇਚੇ ਜਾ ਰਹੇ ਹਨ।"
ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਅਤੇ ਹਰਿਆਣਾ ਵਿੱਚ ਵੀ ਉਨ੍ਹਾਂ ਨੇ ਆਪਣੇ ਸਟੋਰ ਖੋਲ੍ਹੇ ਹਨ।
ਰਮਨਜੀਤ ਸਿੰਘ ਦੀ ਮੁੱਖ ਸਪਲਾਈ ਭਾਰਤੀ ਫੌਜ ਨੂੰ ਹੁੰਦੀ ਹੈ। ਇਸ ਤੋਂ ਇਲਾਵਾ ਵੱਡੇ ਰੈਸਟੋਰੈਂਟ ਅਤੇ ਹੋਟਲ ਚੇਨਾਂ ਨੂੰ ਵੀ ਉਨ੍ਹਾਂ ਵੱਲੋਂ ਮੁਰਗੇ ਦੇ ਮੀਟ ਦੀ ਸਪਲਾਈ ਕੀਤੀ ਜਾ ਰਹੀ ਹੈ।
ਕਿਸਾਨਾਂ ਨਾਲ ਸਾਂਝ ਅਤੇ ਰੁਜ਼ਗਾਰ
ਪਰਫੈਕਟ ਚਿਕਨ ਕੰਪਨੀ ਦੇ ਡਾਇਰੈਕਟਰ ਉਦੇਬੀਰ ਸਿੰਘ ਦੱਸਦੇ ਹਨ ਕਿ ਉਹ "ਫਾਰਮ ਤੋਂ ਫੋਰਕ" ਮਾਡਲ 'ਤੇ ਕੰਮ ਕਰ ਰਹੇ ਹਨ। ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨਾਂ ਨੂੰ ਨਾਲ ਲੈ ਕੇ ਇੰਟੀਗ੍ਰੇਟਿਡ ਪੋਲਟਰੀ ਫਾਰਮਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਹੋਰਨਾਂ ਨੂੰ ਵੀ ਰੁਜ਼ਗਾਰ ਮਿਲਿਆ ਹੈ।
ਉਹ ਦੱਸਦੇ ਹਨ, "ਇਸ ਸਮੇਂ ਕਰੀਬ 400 ਕਿਸਾਨ ਕੰਪਨੀ ਨਾਲ ਜੁੜੇ ਹੋਏ ਹਨ, ਜਿਨ੍ਹਾਂ ਵਿੱਚ 250 ਕਿਸਾਨ ਪੰਜਾਬ ਅਤੇ ਲਗਭਗ 150 ਕਿਸਾਨ ਹਰਿਆਣਾ ਤੋਂ ਹਨ। ਪ੍ਰੋਸੈਸਿੰਗ ਯੂਨਿਟਾਂ ਵਿੱਚ ਪਿੰਡਾਂ ਦੇ ਸੈਂਕੜੇ ਲੋਕ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚ ਔਰਤਾਂ ਦੀ ਗਿਣਤੀ ਵੀ ਕਾਫ਼ੀ ਹੈ।"
ਉਦੇਬੀਰ ਸਿੰਘ ਦੱਸਦੇ ਹਨ ਕਿ ਕੰਪਨੀ ਦੇ ਟੀਚੇ ਹੋਰ ਵੱਡੇ ਹਨ। ਮੌਜੂਦਾ 28 ਰਿਟੇਲ ਸਟੋਰਾਂ ਨੂੰ ਦੇਸ਼ ਭਰ ਵਿੱਚ 500 ਤੱਕ ਲੈ ਕੇ ਜਾਣ ਦਾ ਮਨੋਰਥ ਹੈ। ਇਸ ਲਈ ਹੋਰ ਕਿਸਾਨਾਂ ਨੂੰ ਨਾਲ ਜੋੜਿਆ ਜਾ ਰਿਹਾ ਹੈ। ਵਿਦੇਸ਼ਾਂ ਵਾਂਗ ਪੋਲਟਰੀ ਫਾਰਮ, ਹੈਚਰੀ ਅਤੇ ਪ੍ਰੋਸੈਸਿੰਗ ਯੂਨਿਟ ਚਲਾਉਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਅਤੇ ਇਹੀ ਤਰੱਕੀ ਦਾ ਰਾਹ ਹੈ।
ਪੋਲਟਰੀ ਕਾਰੋਬਾਰ ਵਿੱਚ ਤਰੱਕੀ ਦੇ ਮੌਕੇ- ਮਾਹਰ
ਮਾਹਰਾਂ ਮੁਤਾਬਕ ਪੋਲਟਰੀ ਕਾਰੋਬਾਰ ਦਾ ਭਵਿੱਖ ਚੰਗਾ ਹੈ ਅਤੇ ਜੇ ਕਿਸਾਨ ਛੋਟੇ ਪੱਧਰ ਤੋਂ ਸ਼ੁਰੂਆਤ ਕਰਦੇ ਹਨ ਤਾਂ ਇਸ ਖੇਤਰ ਵਿੱਚ ਤਰੱਕੀ ਦੇ ਵੱਡੇ ਮੌਕੇ ਹਨ।
ਵੈਟਰਨਰੀ ਡਾਕਟਰ ਮਨਦੀਪ ਸਿੰਘ ਮਾਨ ਦੱਸਦੇ ਹਨ ਕਿ ਉਨ੍ਹਾਂ ਦਾ ਪੋਲਟਰੀ ਖੇਤਰ ਵਿੱਚ ਕਰੀਬ 20 ਸਾਲ ਦਾ ਤਜਰਬਾ ਹੈ। ਉਨ੍ਹਾਂ ਅਨੁਸਾਰ ਮੁਰਗੀ ਖਾਣ ਜਾਂ ਮੁਰਗੀ ਪਾਲਣ ਦੇ ਨਾਂ 'ਤੇ ਚੱਲਣ ਵਾਲਾ ਇਹ ਧੰਦਾ ਹੁਣ ਕਾਫ਼ੀ ਬਦਲ ਗਿਆ ਹੈ ਅਤੇ ਇਹ ਇੱਕ ਵੱਡਾ ਉਦਯੋਗ ਬਣ ਗਿਆ ਹੈ।
ਉਹ ਕਹਿੰਦੇ ਹਨ, "ਭਾਵੇਂ ਬ੍ਰਾਇਲਰ ਫਾਰਮਿੰਗ, ਅੰਡਾ ਫਾਰਮ, ਫੀਡ ਯੂਨਿਟ, ਹੈਚਰੀ ਅਤੇ ਆਖ਼ਰ ਵਿੱਚ ਪ੍ਰੋਸੈਸਿੰਗ ਯੂਨਿਟ ਵੱਖ-ਵੱਖ ਹਨ, ਪਰ ਇਹ ਸਾਰੇ ਪੋਲਟਰੀ ਫਾਰਮਿੰਗ ਨਾਲ ਹੀ ਜੁੜੇ ਹੋਏ ਹਨ। ਇਸ ਲਈ ਕਿਸਾਨਾਂ ਅਤੇ ਖ਼ਾਸ ਤੌਰ 'ਤੇ ਛੋਟੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਕੰਪਨੀਆਂ ਵੱਲੋਂ ਕਰਵਾਈ ਜਾ ਰਹੀ ਕੰਟਰੈਕਟ ਪੋਲਟਰੀ ਫਾਰਮਿੰਗ ਜਾਂ ਇੰਟੀਗ੍ਰੇਟਿਡ ਫਾਰਮਿੰਗ ਨਾਲ ਜੁੜਨ, ਕਿਉਂਕਿ ਇਹ ਇੱਕ ਚੰਗੇ ਮੁਨਾਫ਼ੇ ਵਾਲਾ ਧੰਦਾ ਹੈ।"
"ਪੋਲਟਰੀ ਧੰਦੇ ਲਈ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਂਦੀ ਹੈ ਅਤੇ ਕੰਮ ਨੂੰ ਵਧਾਉਣ ਲਈ ਬੈਂਕਾਂ ਵੱਲੋਂ ਵੀ ਮਦਦ ਮਿਲਦੀ ਹੈ।"
ਉੱਥੇ ਹੀ ਪਰਫੈਕਟ ਚਿਕਨ ਦੇ ਇਸ ਫਾਰਮ ਬਾਰੇ ਦੱਸਿਆ ਗਿਆ ਕਿ ਉਨ੍ਹਾਂ ਦੇ ਇਸ ਬੁਲੰਦੀ ਤੱਕ ਪਹੁੰਚਣ ਦਾ ਮੁੱਖ ਕਾਰਨ ਇਹ ਹੈ ਕਿ ਉਨ੍ਹਾਂ ਨੇ ਭਾਵੇਂ ਛੋਟੇ ਪੱਧਰ ਤੋਂ ਸ਼ੁਰੂਆਤ ਕੀਤੀ ਸੀ, ਪਰ ਅੱਜ ਉਹ ਕਿਲੋ ਵਿੱਚ ਨਹੀਂ, ਸਗੋਂ ਟਨਾਂ ਵਿੱਚ ਮੀਟ ਵੇਚ ਰਹੇ ਹਨ। ਇਹ ਸਭ ਇਸ ਲਈ ਸੰਭਵ ਹੋਇਆ ਕਿਉਂਕਿ ਉਨ੍ਹਾਂ ਨੇ ਸਮੇਂ ਦੀ ਮੰਗ ਅਨੁਸਾਰ ਆਪਣੇ ਆਪ ਨੂੰ ਬਦਲਿਆ, ਜੋ ਕਿਸੇ ਵੀ ਸਹਾਇਕ ਧੰਦੇ ਜਾਂ ਕਿਸਾਨੀ ਵਿੱਚ ਸਫ਼ਲ ਹੋਣ ਦਾ ਅਸਲ ਰਾਜ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ