ਭਾਰ ਘਟਾਉਣ ਵਾਲੇ ਟੀਕੇ ਨਾਲ ਭਾਰ ਘਟਾਉਣਾ ਡਾਈਟਿੰਗ ਦੇ ਮੁਕਾਬਲੇ ਕਿੰਨਾ ਲਾਹੇਵੰਦ ਹੈ, ਨਵੀਂ ਖੋਜ ਵਿੱਚ ਕੀ ਖੁਲਾਸੇ ਹੋਏ

    • ਲੇਖਕ, ਮਿਸ਼ੇਲ ਰੌਬਰਟਸ
    • ਰੋਲ, ਡਿਜੀਟਲ ਹੈਲਥ ਐਡੀਟਰ, ਬੀਬੀਸੀ ਨਿਊਜ਼

ਨਵੀਂ ਖੋਜ ਦੱਸਦੀ ਹੈ ਕਿ ਜੋ ਲੋਕ ਭਾਰ ਘਟਾਉਣ ਵਾਲੇ ਟੀਕੇ — ਜਿਵੇਂ ਕਿ ਓਜ਼ੈਂਪਿਕ, ਮੌਂਜਾਰੋ ਜਾਂ ਵੇਗੋਵੀ — ਦੀ ਵਰਤੋਂ ਬੰਦ ਕਰ ਦਿੰਦੇ ਹਨ, ਉਨ੍ਹਾਂ ਦਾ ਆਪਣਾ ਘਟਿਆ ਹੋਇਆ ਭਾਰ ਰਵਾਇਤੀ ਖੁਰਾਕ (ਡਾਈਟ) ਛੱਡਣ ਵਾਲਿਆਂ ਨਾਲੋਂ ਚਾਰ ਗੁਣਾ ਤੇਜ਼ੀ ਨਾਲ ਦੁਬਾਰਾ ਵਧ ਸਕਦਾ ਹੈ।

ਬ੍ਰਿਟਿਸ਼ ਮੈਡੀਕਲ ਜਰਨਲ ਵਿੱਚ ਇਸ ਮਹੀਨੇ ਪ੍ਰਕਾਸ਼ਿਤ ਅੰਕੜੇ ਦਰਸਾਉਂਦੇ ਹਨ ਕਿ ਜ਼ਿਆਦਾ ਭਾਰ ਵਾਲੇ ਲੋਕ ਇਨ੍ਹਾਂ ਟੀਕਿਆਂ ਨਾਲ ਆਪਣੇ ਸਰੀਰ ਦੇ ਕੁੱਲ ਭਾਰ ਦਾ ਲਗਭਗ ਪੰਜਵਾਂ ਹਿੱਸਾ ਘਟਾ ਲੈਂਦੇ ਹਨ, ਪਰ ਜਿਵੇਂ ਹੀ ਉਹ ਇਲਾਜ ਬੰਦ ਕਰਦੇ ਹਨ, ਉਨ੍ਹਾਂ ਦਾ ਭਾਰ ਔਸਤਨ 0.8 ਕਿਲੋ ਪ੍ਰਤੀ ਮਹੀਨਾ ਦੀ ਦਰ ਨਾਲ ਵਧਣ ਲੱਗਦਾ ਹੈ।

ਇਸ ਦਾ ਮਤਲਬ ਹੈ ਕਿ ਡੇਢ ਸਾਲ ਦੇ ਅੰਦਰ ਉਹ ਆਪਣੇ ਟੀਕੇ ਲਗਵਾਉਣ ਤੋਂ ਪਹਿਲਾਂ ਵਾਲੇ ਭਾਰ 'ਤੇ ਵਾਪਸ ਆ ਜਾਂਦੇ ਹਨ।

ਇਸ ਦੇ ਉਲਟ, ਅਧਿਐਨ ਕਰਨ ਵਾਲਿਆਂ ਅਨੁਸਾਰ, ਡਾਈਟਿੰਗ ਕਰਨ ਵਾਲੇ ਲੋਕਾਂ ਦਾ ਭਾਰ ਇਨ੍ਹਾਂ ਟੀਕਿਆਂ ਦੇ ਮੁਕਾਬਲੇ ਘੱਟ ਘਟਦਾ ਹੈ, ਪਰ ਫਿਰ ਇਹ ਵਧਦਾ ਵੀ ਹੌਲੀ ਹੈ, ਜੋ ਕਿ ਔਸਤਨ ਲਗਭਗ 0.3 ਕਿਲੋ ਪ੍ਰਤੀ ਮਹੀਨਾ ਹੁੰਦਾ ਹੈ।

ਅਧਿਐਨ ਦੇ ਲੇਖਕਾਂ ਵਿੱਚੋਂ ਇੱਕ ਅਤੇ ਯੂਨਾਈਟਿਡ ਕਿੰਗਡਮ ਦੀ ਆਕਸਫੋਰਡ ਯੂਨੀਵਰਸਿਟੀ ਦੀ ਡਾਕਟਰ, ਰਿਸਰਚਰ ਸੂਜ਼ਨ ਜੇਬ ਨੇ ਚੇਤਾਵਨੀ ਦਿੱਤੀ ਹੈ, "ਇਨ੍ਹਾਂ ਦਵਾਈਆਂ ਖਰੀਦਣ ਵਾਲੇ ਲੋਕਾਂ ਨੂੰ ਇਲਾਜ ਖਤਮ ਹੋਣ ਤੋਂ ਬਾਅਦ ਤੇਜ਼ੀ ਨਾਲ ਭਾਰ ਵਧਣ ਦੇ ਖ਼ਤਰੇ ਬਾਰੇ ਸੁਚੇਤ ਹੋਣਾ ਚਾਹੀਦਾ ਹੈ।"

ਰਿਸਰਚਰਾਂ ਨੇ 9,000 ਤੋਂ ਵੱਧ ਮਰੀਜ਼ਾਂ ਨਾਲ ਸਬੰਧਤ 37 ਅਧਿਐਨਾਂ ਦਾ ਵਿਸ਼ਲੇਸ਼ਣ ਕੀਤਾ ਤਾਂ ਜੋ ਉਹ ਭਾਰ ਘਟਾਉਣ ਵਾਲੇ ਪ੍ਰਸਿੱਧ ਟੀਕਿਆਂ ਦੀ ਤੁਲਨਾ ਰਵਾਇਤੀ ਖੁਰਾਕਾਂ ਜਾਂ ਹੋਰ ਗੋਲੀਆਂ ਨਾਲ ਕਰ ਸਕਣ।

ਜੇਬ ਨੇ ਖੁਦ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜ਼ਿਆਦਾਤਰ ਨਤੀਜੇ ਨਿਯੰਤਰਿਤ ਕਲੀਨਿਕਲ ਟਰਾਇਲਾਂ ਤੋਂ ਪ੍ਰਾਪਤ ਹੋਏ ਹਨ ਅਤੇ ਮੋਟਾਪੇ ਦੇ ਇਨ੍ਹਾਂ ਨਵੇਂ ਟੀਕਿਆਂ ਦੇ ਲੰਬੇ ਸਮੇਂ ਦੇ ਪ੍ਰਭਾਵਾਂ 'ਤੇ ਹੋਰ ਅਧਿਐਨ ਲਾਭਦਾਇਕ ਹੋਣਗੇ।

ਇਸ ਤੋਂ ਇਲਾਵਾ, ਇਸ ਵਿਸ਼ੇ 'ਤੇ ਅਧਿਐਨ ਅਜੇ ਮੁਕਾਬਲਤਨ ਘੱਟ ਹਨ ਅਤੇ ਦਵਾਈ ਬੰਦ ਕਰਨ ਤੋਂ ਬਾਅਦ ਨਿਗਰਾਨੀ (ਫਾਲੋ-ਅਪ) ਦੀ ਵੱਧ ਤੋਂ ਵੱਧ ਮਿਆਦ ਇੱਕ ਸਾਲ ਸੀ, ਇਸ ਲਈ ਇਹ ਅੰਕੜੇ ਇੱਕ ਅੰਦਾਜ਼ਾ ਹਨ।

ਇਸ ਥੋੜ੍ਹੇ ਸਮੇਂ ਦਾ ਹੱਲ?

ਬਹੁਤ ਸਾਰੇ ਲੋਕਾਂ ਲਈ, ਭਾਰ ਘਟਾਉਣ ਵਾਲੇ ਟੀਕਿਆਂ ਨੇ ਉਹ ਕਰ ਦਿਖਾਇਆ ਹੈ ਜੋ ਡਾਈਟਿੰਗ ਕਦੇ ਨਹੀਂ ਕਰ ਸਕੀ ਸੀ।

ਹਾਲਾਂਕਿ, ਯੂਨਾਈਟਿਡ ਕਿੰਗਡਮ ਦੀ ਨੈਸ਼ਨਲ ਹੈਲਥ ਸਰਵਿਸ (ਐਨਐਚਐਸ) ਵਰਗੀਆਂ ਸੰਸਥਾਵਾਂ ਇਹ ਟੀਕੇ ਉਨ੍ਹਾਂ ਲੋਕਾਂ ਲਈ ਸਿਫਾਰਸ਼ ਕਰਦੀਆਂ ਹਨ ਜਿਨ੍ਹਾਂ ਦਾ ਭਾਰ ਜ਼ਿਆਦਾ ਹੈ ਅਤੇ ਜਿਨ੍ਹਾਂ ਨੂੰ ਮੋਟਾਪੇ ਨਾਲ ਸਬੰਧਤ ਸਿਹਤ ਜੋਖਮ ਹਨ, ਨਾ ਕਿ ਉਨ੍ਹਾਂ ਲਈ ਜੋ ਸਿਰਫ ਥੋੜ੍ਹਾ ਜਿਹਾ ਭਾਰ ਘਟਾਉਣਾ ਚਾਹੁੰਦੇ ਹਨ।

ਇਸ ਤੋਂ ਇਲਾਵਾ, ਡਾਕਟਰਾਂ ਨੂੰ ਜੀਵਨਸ਼ੈਲੀ ਵਿੱਚ ਬਦਲਾਅ ਦੀ ਸਲਾਹ ਦੇਣੀ ਚਾਹੀਦੀ ਹੈ ਜਿਸ ਵਿੱਚ ਸਿਹਤਮੰਦ ਖਾਣਾ ਅਤੇ ਲੋੜੀਂਦੀ ਕਸਰਤ ਸ਼ਾਮਲ ਹੋਵੇ ਤਾਂ ਜੋ ਲੋਕਾਂ ਨੂੰ ਸਿਹਤਮੰਦ ਭਾਰ ਬਣਾਈ ਰੱਖਣ ਵਿੱਚ ਮਦਦ ਮਿਲ ਸਕੇ।

ਕਈਆਂ ਦਾ ਕਹਿਣਾ ਹੈ ਕਿ ਭਾਰ ਦੁਬਾਰਾ ਵਧਣ ਦੇ ਖਤਰੇ ਨੂੰ ਦੇਖਦੇ ਹੋਏ, ਇਸ ਇਲਾਜ ਨੂੰ ਉਮਰ ਭਰ ਲਈ ਵਿਚਾਰਿਆ ਜਾਣਾ ਚਾਹੀਦਾ ਹੈ।

ਜਿਨ੍ਹਾਂ ਲੋਕਾਂ ਨੇ ਇਹ ਟੀਕੇ ਲਗਵਾਉਣੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਇਸ ਨੂੰ ਇੰਝ ਦੱਸਦੇ ਹਨ ਜਿਵੇਂ "ਕੋਈ ਸਵਿੱਚ ਚਾਲੂ ਹੋ ਗਿਆ ਹੋਵੇ ਅਤੇ ਅਚਾਨਕ ਤੁਹਾਨੂੰ ਨਾ ਮਿਟਣ ਵਾਲੀ ਬਹੁਤ ਜ਼ਿਆਦਾ ਭੁੱਖ ਲੱਗਣ ਲੱਗ ਪਵੇ।"

ਇੱਕ ਔਰਤ ਨੇ ਕਿਹਾ, "ਇਹ ਇਸ ਤਰ੍ਹਾਂ ਸੀ ਜਿਵੇਂ ਮੇਰੇ ਦਿਮਾਗ ਵਿੱਚ ਕੁਝ ਹੋਇਆ ਹੋਵੇ ਅਤੇ ਮੈਨੂੰ ਲੱਗਿਆ, 'ਸਭ ਕੁਝ ਖਾ ਲਓ, ਖਾਓ, ਤੁਸੀਂ ਇਸ ਦੇ ਹੱਕਦਾਰ ਹੋ ਕਿਉਂਕਿ ਤੁਸੀਂ ਲੰਬੇ ਸਮੇਂ ਤੋਂ ਕੁਝ ਨਹੀਂ ਖਾਧਾ।'"

ਯੂਕੇ ਦੀ ਯੂਨੀਵਰਸਿਟੀ ਆਫ ਸਰੀ ਵਿੱਚ ਪੋਸ਼ਣ ਵਿਗਿਆਨ ਦੇ ਡਾਕਟਰ ਐਡਮ ਕੋਲਿਨਸ ਦੱਸਦੇ ਹਨ ਕਿ ਜਿਸ ਤਰੀਕੇ ਨਾਲ ਇਹ ਟੀਕੇ ਦਿਮਾਗ ਅਤੇ ਸਰੀਰ ਵਿੱਚ ਕੰਮ ਕਰਦੇ ਹਨ, ਉਸ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਇਨ੍ਹਾਂ ਨੂੰ ਬੰਦ ਕਰਨ ਤੋਂ ਬਾਅਦ ਭਾਰ ਤੇਜ਼ੀ ਨਾਲ ਕਿਉਂ ਵਧਦਾ ਹੈ।

ਇਹ ਟੀਕੇ ਜੀਐਲਪੀ-1 ਨਾਮਕ ਇੱਕ ਕੁਦਰਤੀ ਹਾਰਮੋਨ ਦੀ ਨਕਲ ਕਰਦੇ ਹਨ, ਜੋ ਭੁੱਖ ਨੂੰ ਕੰਟਰੋਲ ਕਰਦਾ ਹੈ।

ਉਹ ਸਮਝਾਉਂਦੇ ਹਨ, "ਲੰਬੇ ਸਮੇਂ ਤੱਕ ਆਮ ਨਾਲੋਂ ਕਈ ਗੁਣਾ ਜ਼ਿਆਦਾ ਜੀਐਲਪੀ -1 ਪੱਧਰ ਬਣਾਉਟੀ ਤੌਰ 'ਤੇ ਦੇਣ ਨਾਲ ਸਰੀਰ ਕੁਦਰਤੀ ਜੀਐਲਪੀ -1 ਬਣਾਉਣਾ ਘੱਟ ਕਰ ਸਕਦਾ ਹੈ ਅਤੇ ਇਸ ਦੇ ਪ੍ਰਭਾਵਾਂ ਪ੍ਰਤੀ ਸੰਵੇਦਨਸ਼ੀਲਤਾ ਵੀ ਘੱਟ ਸਕਦੀ ਹੈ।"

ਉਹ ਅੱਗੇ ਕਹਿੰਦੇ ਹਨ, "ਜਦੋਂ ਤੱਕ ਦਵਾਈਆਂ ਲੈ ਰਹੇ ਹੋ, ਸਭ ਠੀਕ ਹੈ, ਪਰ ਜਿਵੇਂ ਹੀ ਜੀਐਲਪੀ -1 ਦੀ ਇਹ ਬਣਾਉਟੀ ਸਪਲਾਈ ਰੁਕਦੀ ਹੈ, ਤੁਹਾਡੀ ਭੁੱਖ 'ਤੇ ਕੋਈ ਕੰਟਰੋਲ ਨਹੀਂ ਰਹਿੰਦਾ ਅਤੇ ਤੁਹਾਡੇ ਜ਼ਿਆਦਾ ਖਾਣ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ।"

ਕੋਲਿਨਸ ਕਹਿੰਦੇ ਹਨ, "ਇਸ ਨੂੰ ਇੱਕਦਮ ਛੱਡਣਾ ਇੱਕ ਅਸਲ ਚੁਣੌਤੀ ਹੈ।"

"ਇਹ ਮੁਸ਼ਕਲ ਉਦੋਂ ਹੋਰ ਵੱਧ ਜਾਂਦੀ ਹੈ ਜੇਕਰ ਸਬੰਧਤ ਵਿਅਕਤੀ ਨੇ ਆਪਣਾ ਭਾਰ ਘਟਾਉਣ ਲਈ ਸਿਰਫ਼ ਜੀਐਲਪੀ-1 'ਤੇ ਭਰੋਸਾ ਕੀਤਾ ਹੋਵੇ ਅਤੇ ਆਪਣੀ ਖੁਰਾਕ ਜਾਂ ਵਿਹਾਰ ਵਿੱਚ ਅਜਿਹੇ ਬਦਲਾਅ ਨਾ ਕੀਤੇ ਹੋਣ ਜੋ ਲੰਬੇ ਸਮੇਂ ਵਿੱਚ ਮਦਦਗਾਰ ਹੋਣ।"

ਸਿਹਤ ਲਾਭ

ਤਾਜ਼ਾ ਅੰਦਾਜ਼ਿਆਂ ਅਨੁਸਾਰ, ਇਕੱਲੇ ਯੂਨਾਈਟਿਡ ਕਿੰਗਡਮ ਵਿੱਚ ਪਿਛਲੇ ਸਾਲ ਲਗਭਗ 1.6 ਮਿਲੀਅਨ ਬਾਲਗਾਂ ਨੇ ਇਸ ਕਿਸਮ ਦੇ ਟੀਕਿਆਂ ਦੀ ਵਰਤੋਂ ਕੀਤੀ ਹੈ।

ਕੈਂਸਰ ਰਿਸਰਚ ਯੂਕੇ ਦੇ ਅਨੁਸਾਰ, 2025 ਦੀ ਪਹਿਲੀ ਤਿਮਾਹੀ ਵਿੱਚ ਕੀਤੇ ਗਏ ਰਾਸ਼ਟਰੀ ਸਰਵੇਖਣਾਂ ਦੇ ਆਧਾਰ 'ਤੇ, ਹੋਰ 33 ਲੱਖ ਲੋਕ ਅਗਲੇ ਸਾਲ ਇਨ੍ਹਾਂ ਦੀ ਵਰਤੋਂ ਕਰਨ ਵਿੱਚ ਦਿਲਚਸਪੀ ਰੱਖਦੇ ਹਨ, ਜਿਸਦਾ ਮਤਲਬ ਹੈ ਕਿ ਹਰ ਦਸ ਵਿੱਚੋਂ ਇੱਕ ਬਾਲਗ ਨੇ ਇਨ੍ਹਾਂ ਨੂੰ ਅਜ਼ਮਾਇਆ ਹੈ ਜਾਂ ਅਜ਼ਮਾਉਣਾ ਚਾਹੁੰਦਾ ਹੈ।

ਇਨ੍ਹਾਂ ਦੀ ਵਰਤੋਂ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਦੁੱਗਣੀ ਆਮ ਸੀ, ਅਤੇ 40 ਅਤੇ 50 ਸਾਲ ਦੀ ਉਮਰ ਦੇ ਲੋਕਾਂ ਵਿੱਚ ਇਹ ਵਧੇਰੇ ਪ੍ਰਚਲਿਤ ਸੀ।

ਗਲਾਸਗੋ ਯੂਨੀਵਰਸਿਟੀ ਦੇ ਪ੍ਰੋਫੈਸਰ ਨਵੀਦ ਸਤਾਰ ਨੇ ਕਿਹਾ ਕਿ ਇਹ ਟੀਕੇ ਤੇਜ਼ੀ ਨਾਲ ਭਾਰ ਘਟਾਉਣ ਵਿੱਚ ਮਦਦ ਕਰਕੇ ਵਾਧੂ ਸਿਹਤ ਲਾਭ ਪ੍ਰਦਾਨ ਕਰ ਸਕਦੇ ਹਨ।

ਉਹ ਕਹਿੰਦੇ ਹਨ, "ਇਹ ਮੰਨਿਆ ਜਾ ਸਕਦਾ ਹੈ ਕਿ ਇਨ੍ਹਾਂ ਦਵਾਈਆਂ ਦੀ ਥੋੜ੍ਹੇ ਸਮੇਂ ਦੀ ਵਰਤੋਂ ਸਦਕਾ 2 ਜਾਂ 3 ਸਾਲਾਂ ਲਈ ਵੀ ਭਾਰ ਘੱਟ ਰਹਿਣ ਨਾਲ ਜੋੜਾਂ, ਦਿਲ ਅਤੇ ਗੁਰਦਿਆਂ ਨੂੰ ਹੋਣ ਵਾਲੇ ਨੁਕਸਾਨ ਨੂੰ ਹੌਲੀ ਕਰਨ ਵਿੱਚ ਮਦਦ ਮਿਲ ਸਕਦੀ ਹੈ। ਇਸ ਸਵਾਲ ਦਾ ਜਵਾਬ ਦੇਣ ਲਈ ਵੱਡੇ ਅਤੇ ਲੰਬੇ ਸਮੇਂ ਦੇ ਕਲੀਨਿਕਲ ਟਰਾਇਲਾਂ ਦੀ ਲੋੜ ਹੋਵੇਗੀ।"

"ਮਹੱਤਵਪੂਰਨ ਗੱਲ ਇਹ ਹੈ ਕਿ 3 ਤੋਂ 4 ਸਾਲਾਂ ਤੱਕ ਇਨ੍ਹਾਂ ਦਵਾਈਆਂ ਦੀ ਲਗਾਤਾਰ ਵਰਤੋਂ ਲੋਕਾਂ ਨੂੰ ਆਮ ਨਾਲੋਂ ਕਾਫ਼ੀ ਘੱਟ ਭਾਰ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ, ਜੋ ਕਿ ਜੀਵਨਸ਼ੈਲੀ ਵਿੱਚ ਬਦਲਾਅ ਕਰਕੇ ਘਟਾਏ ਗਏ ਭਾਰ ਵਿੱਚ ਆਮ ਤੌਰ 'ਤੇ ਨਹੀਂ ਦੇਖਿਆ ਜਾਂਦਾ।"

ਉਦਾਹਰਨ ਲਈ, ਐਨਐਚਐਸ 'ਤੇ ਇਹ ਦਵਾਈਆਂ ਉਨ੍ਹਾਂ ਲੋਕਾਂ ਨੂੰ ਮੁਫ਼ਤ ਦਿੱਤੀਆਂ ਜਾ ਸਕਦੀਆਂ ਹਨ ਜਿਨ੍ਹਾਂ ਨੂੰ ਸਭ ਤੋਂ ਵੱਧ ਡਾਕਟਰੀ ਲੋੜ ਹੈ ਅਤੇ ਜੋ ਕੁਝ ਖਾਸ ਸ਼ਰਤਾਂ ਪੂਰੀਆਂ ਕਰਦੇ ਹਨ, ਜਿਵੇਂ ਕਿ ਭਾਰ ਨਾਲ ਸਬੰਧਤ ਸਿਹਤ ਸਮੱਸਿਆਵਾਂ।

ਵਰਤਮਾਨ ਵਿੱਚ, ਐੱਨਐੱਚਐੱਸ ਵੱਲੋਂ ਮੌਂਜਾਰੋ ਲਿਖਣ ਲਈ ਕੋਈ ਖਾਸ ਸਮਾਂ ਸੀਮਾ ਨਹੀਂ ਹੈ, ਜਦੋਂ ਕਿ ਵੇਗੋਵੀ ਨੂੰ ਸਿਰਫ਼ ਵੱਧ ਤੋਂ ਵੱਧ ਦੋ ਸਾਲਾਂ ਲਈ ਲਿਖਿਆ ਜਾ ਸਕਦਾ ਹੈ।

ਮੌਂਜਾਰੋ ਬਣਾਉਣ ਵਾਲੀ ਕੰਪਨੀ ਐਲੀ ਲਿਲੀ ਦੀ ਇੱਕ ਬੁਲਾਰਾ ਨੇ ਕਿਹਾ ਕਿ ਭਾਰ ਘਟਾਉਣ ਵਾਲੀਆਂ ਦਵਾਈਆਂ ਦੀ ਵਰਤੋਂ ਦੇ ਨਾਲ ਸਿਹਤਮੰਦ ਖਾਣਾ, ਸਰੀਰਕ ਗਤੀਵਿਧੀ ਅਤੇ ਡਾਕਟਰੀ ਨਿਗਰਾਨੀ ਹੋਣੀ ਚਾਹੀਦੀ ਹੈ।

"ਜਦੋਂ ਇਲਾਜ ਬੰਦ ਕਰ ਦਿੱਤਾ ਜਾਂਦਾ ਹੈ, ਤਾਂ ਭਾਰ ਦੁਬਾਰਾ ਵਧ ਸਕਦਾ ਹੈ, ਜੋ ਸਰੀਰਕ ਸਥਿਤੀ ਦੀ ਜੀਵ-ਵਿਗਿਆਨ ਨੂੰ ਦਰਸਾਉਂਦਾ ਹੈ ਨਾ ਕਿ ਕੋਸ਼ਿਸ਼ਾਂ ਦੀ ਕਮੀ ਨੂੰ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)