You’re viewing a text-only version of this website that uses less data. View the main version of the website including all images and videos.
'ਹਕੂਮਤ ਨੇ ਦੱਸਿਆ ਕਿ ਪਤੰਗ ਕਿਹੜੀ ਉਡਾਉਣੀ, 100 ਤੋਂ ਵੱਧ ਗੀਤਾਂ 'ਤੇ ਪਾਬੰਦੀ ਵੀ ਲਗਾ ਦਿੱਤੀ ਹੈ', ਬਸੰਤ ਮੇਲੇ 'ਤੇ ਹਨੀਫ਼ ਦੀ ਟਿੱਪਣੀ
- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਤੇ ਲੇਖਕ
ਕੋਈ 20-25 ਵਰਿਆਂ ਬਾਅਦ ਲਾਹੌਰ ਵਿੱਚ ਬਸੰਤ ਦਾ ਮੇਲਾ ਇੱਕ ਵਾਰ ਫਿਰ ਸੱਜਣ ਲੱਗਾ ਸੀ। ਪਹਿਲਾਂ ਤਾਂ ਦਿਲੋਂ ਦੁਆ ਨਿਕਲੀ ਕਿ ਰੱਬ ਖੈਰ ਕਰੇ ਜਾਨਾਂ ਸਲਾਮਤ ਰਹਿਣ, ਮੇਲਾ ਬੰਦ ਇਸ ਲਈ ਕਰਨਾ ਪਿਆ ਸੀ ਕਿ ਪਤੰਗਬਾਜ਼ ਸ਼ੌਕੀਨ ਆਪਣੀਆਂ ਪਤੰਗਾਂ ਦੀਆਂ ਡੋਰੀਆਂ 'ਤੇ ਤਾਂਬਾ ਅਤੇ ਸ਼ੀਸ਼ਾ ਚੜ੍ਹਾਂ ਲੈਂਦੇ ਸਨ ਇਸ ਤਰ੍ਹਾਂ ਦੀ ਡੋਰੀ ਜੇ ਕਿਸੇ ਦੇ ਗਲੇ 'ਤੇ ਫਿਰ ਜਾਵੇ ਤਾਂ ਉਹ ਜਹਾਨੋ ਚਲਾ ਜਾਂਦਾ ਸੀ, ਇੰਨੇ ਮਾਸੂਮ ਲੋਕ ਜਾਨੋਂ ਗਏ।
ਹਕੂਮਤ ਨੂੰ ਇਹ ਮੇਲਾ ਬੰਦ ਕਰਨਾ ਪਿਆ, ਪਰ ਇਸ ਤੋਂ ਬਾਅਦ ਹਕੂਮਤ ਨੇ ਬੰਦੋਬਸਤ ਪੂਰੇ ਕਰ ਲਏ ਹਨ। ਇਸ ਤਰ੍ਹਾਂ ਦੀਆਂ ਡੋਰੀਆਂ 'ਤੇ ਸਖ਼ਤ ਪਾਬੰਦੀ ਲਗਾ ਦਿੱਤੀ ਹੈ। ਜੁਰਮਾਨਿਆਂ ਦੇ ਐਲਾਨ ਕੀਤੇ ਹਨ। ਪਤੰਗਬਾਜ਼ਾਂ ਦੀ ਰਜਿਸਟਰੇਸ਼ਨ ਲਈ ਪੋਰਟਲ ਵੀ ਬਣਾ ਦਿੱਤੇ ਹਨ।
ਬੰਦੋਬਸਤ ਪੂਰਾ ਸੀ ਜਿਵੇਂ ਲਾਹੌਰ ਵਿੱਚ ਕਹਿੰਦੇ ਹਨ ਕਿ ਗੁੱਡ ਹੋ ਗਿਆ। ਫਿਰ ਪਤਾ ਨਹੀਂ ਹਕੂਮਤ ਨੂੰ ਇਹ ਖਿਆਲ ਕਿਉਂ ਆਇਆ ਮੇਲਾ ਅਸੀਂ ਸਜਾਉਣ ਲੱਗੇ ਹਾਂ ਲੁੱਟ ਕੇ ਕੋਈ ਹੋਰ ਨਾ ਲੈ ਜਾਵੇ, ਅਤੇ ਇਸ ਲਈ ਨਵੇਂ ਐਲਾਨ ਆਉਣੇ ਸ਼ੁਰੂ ਹੋ ਗਏ ਹਨ। ਪਹਿਲਾ ਤਾਂ ਇਹ ਹੁਕਮ ਨਿਕਲਿਆ ਕਿ ਪਤੰਗਾਂ ਦੇ ਕਿਸੇ ਮਜਹਬੀ ਜਾਂ ਸਿਆਸੀ ਸ਼ਖ਼ਸ ਦੀ ਫੋਟੋ ਨਹੀਂ ਹੋਣੀ ਚਾਹੀਦੀ, ਕਿਸੇ ਪਾਰਟੀ ਦੇ ਝੰਡੇ ਦੇ ਰੰਗ ਨਹੀਂ ਹੋਣੇ ਚਾਹੀਦੇ।
ਅਸੀਂ ਲਾਹੌਰ ਦਾ ਬਸੰਤ ਕੀ ਤੇ ਬਚਪਨ ਵਿੱਚ ਦੇਖਿਆ ਹੋਵੇਗਾ ਪਰ ਮੈਨੂੰ ਤਾਂ ਨਹੀਂ ਯਾਦ ਕਿ ਮੈਂ ਕਿਸੇ ਪਤੰਗ 'ਤੇ ਕਦੀ ਕਿਸੇ ਸਿਆਸੀ ਸ਼ਖ਼ਸ ਦੀ ਫੋਟੋ ਵੇਖੀ ਹੋਵੇ। ਹਕੂਮਤ ਨੂੰ ਸ਼ੱਕ ਪੈ ਰਿਹਾ ਹੈ ਕਿ ਲਾਹੌਰੀਆਂ ਨੇ ਜਾਂ ਤਾਂ ਇਮਰਾਨ ਖ਼ਾਨ ਦੀ ਫੋਟੋ ਲਗਾ ਦੇਣੀ ਹੈ ਜਾਂ ਕੈਦੀ ਨੰਬਰ 804 ਲਿਖ ਕੇ ਗੁੱਡੀਆਂ ਉਡਾਣੀਆਂ ਹਨ। ਨਾਲ ਇਮਰਾਨ ਖ਼ਾਨ ਜੇਲ੍ਹ ਵਿੱਚ ਹੈ ਸਜ਼ਾਵਾਂ ਹੋ ਚੁੱਕੀਆਂ ਹਨ ਅਜੇ ਹੋਰ ਵੀ ਹੋਣੀਆਂ ਹਨ।
ਹਕੂਮਤ ਨੂੰ ਪਤਾ ਨਹੀਂ ਇਹ ਸ਼ੱਕ ਕਿਵੇਂ ਹੋ ਗਿਆ ਕਿ ਗੁੱਡੀ ਉਹਦੇ ਨਾਂ 'ਤੇ ਉੱਡੇਗੀ। ਜੇ ਖਲਕਤ ਉਸਨੂੰ ਵੋਟ ਪਾ ਕੇ ਜਲਸੇ ਜਲੂਸ ਕਰਕੇ ਸੋਸ਼ਲ ਮੀਡੀਆ ਤੇ ਸਟੇਟਸ ਲਗਾ ਕੇ ਬਾਹਰ ਨਹੀਂ ਕਢਾ ਸਕੀ ਤਾਂ ਪਤੰਗਾਂ ਉਡਾ ਕੇ ਪਤਾ ਨਹੀਂ ਉਸਨੂੰ ਬਾਹਰ ਕਿਵੇਂ ਕਢਵਾ ਲਵੇਗੀ।
ਜਿਹੜੇ ਫੈਸਲੇ ਇਲੈਕਸ਼ਨ ਦੇ ਬੂਥਾਂ ਅਤੇ ਸੜਕਾਂ 'ਤੇ ਨਹੀਂ ਹੋਏ ਉਹ ਫੈਸਲੇ ਬਸੰਤ ਆਉਣ 'ਤੇ ਲਾਹੌਰ ਦੇ ਅਸਮਾਨਾਂ ਵਿੱਚ ਕਿਵੇਂ ਹੋ ਜਾਣਗੇ। ਹਕੂਮਤ ਨੇ ਲੋਕਾਂ ਨੂੰ ਇਹ ਵੀ ਨਹੀਂ ਦੱਸਿਆ ਕਿ ਪਤੰਗ ਕਿਹੜੀ ਉਡਾਉਣੀ ਹੈ ਅਤੇ ਕਿਹੜੀ ਨਹੀਂ ਉਡਾਉਣੀ। ਨਾਲ ਕੋਈ 100 ਤੋਂ ਜ਼ਿਆਦਾ ਗਾਣਿਆਂ 'ਤੇ ਪਾਬੰਦੀ ਵੀ ਲਗਾ ਦਿੱਤੀ ਹੈ।
ਕਿਹਾ ਇਹ ਗਿਆ ਕਿ ਇਹ ਗਾਣੇ ਫੋਸ਼ ਨੇ, ਇਨ੍ਹਾਂ ਵਿੱਚੋਂ ਕੁਝ 80 ਗਾਣੇ ਨਸੀਬੋ ਲਾਲ ਦੇ ਨੇ, ਉਹਦੇ ਉਪਰ ਇਲਜ਼ਾਮ ਇਹੀ ਨੇ ਕਿ ਉਸ ਨੇ ਫੋਸ਼ ਗਾਣੇ ਗਾਏ ਨੇ। ਨਸੀਬੋ ਲਾਲ ਪਹਿਲਾਂ ਵੀ ਕਈ ਵਾਰ ਹੱਥ ਜੋੜ ਕੇ ਕਹਿ ਚੁੱਕੀ ਏ ਕਿ ਰੋਜ਼ੀ ਰੋਟੀ ਲਈ ਕਦੀਂ-ਕਦੀਂ ਜਾਂ ਫਿਰ ਧਮਕੀ ਵਿੱਚ ਆ ਕੇ ਵੀ ਉਸ ਨੇ ਇਹ ਗਾਣੇ ਗਾਏ ਨੇ।
ਪੰਜਾਬ ਹਕੂਮਤ ਦਾ ਮਸਲਾ ਕੁਝ ਹੋਰ ਏ ਤੇ ਮੁੱਦਾ ਨਸੀਬੋ ਲਾਲ ਤੇ ਐਵੇਂ ਈ ਪਾਈ ਜਾ ਰਹੀ ਹੈ। ਜਿਨ੍ਹਾਂ ਗੀਤਾਂ 'ਤੇ ਪਾਬੰਦੀ ਲੱਗੀ ਏ ਉਨ੍ਹਾਂ ਵਿੱਚੋਂ ਇੱਕ ਗਾਣੇ ਏ ਨੱਕ ਦਾ ਕੋਕਾ, ਜਿਹੜਾ ਕਿ ਇਮਰਾਨ ਖ਼ਾਨ ਦੇ ਸ਼ੁਦਾਈਆਂ ਨੂੰ ਪਸੰਦ ਏ। ਇਹਦੇ ਵਿੱਚ ਅਡਿਆਲਾ ਜੇਲ੍ਹ ਤੇ 804 ਨੰਬਰ ਦਾ ਜ਼ਿਕਰ ਏ। ਅਸੀਂ ਤਾਂ ਇਹ ਗਾਣੇ ਉਹਦੋ ਹੀ ਸੁਣਿਆ ਸੀ ਜਦੋਂ ਹਕੂਮਤ ਨੇ ਇਸ ਉਪਰ ਪਾਬੰਦੀ ਲਗਾਈ ਸੀ। ਅੱਲ੍ਹਾ ਦੇ ਬੰਦਿਓ ਅਤਾਉੱਲਾ ਖਾਨ ਈਸਾਖੇਲਵੀ ਪਤਾ ਨੀਂ ਕਿੰਨੇ ਸਾਲਾਂ ਤੋਂ 'ਜਬ ਆਏਗਾ ਇਮਰਾਨ ਬਣੇਗਾ ਨਿਆ ਪਾਕਿਸਤਾਨ' ਗਾਉਂਦਾ ਰਿਹਾ, ਜੇ ਉਸਤਾਦ ਈਸਾਖੇਲਵੀ ਇਮਰਾਨ ਖਾਨ ਨੂੰ ਜੇਲ੍ਹੋਂ ਨਹੀਂ ਕਢਾ ਸਕਿਆ ਤਾਂ ਵਿਚਾਰੇ ਮਲਕੂ ਨੇ ਵੀ ਕੀ ਕਰ ਲੈਣਾ।
ਮੈਸੇਜ ਸਿੱਧਾ-ਸਿੱਧਾ ਕਿ ਤੁਸੀਂ ਆਪਣੀ ਇਲੈਕਸ਼ਨ ਦਾ ਫੈਸਲਾ ਵੀ ਆਪ ਨਹੀਂ ਕਰ ਸਕਦੇ, ਗੁੱਡੀ ਕਿਹੜੀ ਉਡਾਉਣੀ ਏ ਉਹ ਵੀ ਤੁਹਾਨੂੰ ਅਸੀਂ ਦੱਸਾਂਗੇ ਤੇ ਉਹਦੇ ਨਾਲ ਗਾਣਾ ਕਿਹੜਾ ਸੁਣਨਾ ਇਹ ਵੀ ਤੁਹਾਨੂੰ ਹਕੂਮਤ ਹੀ ਦੱਸੇਗੀ।
ਸਾਨੂੰ 'ਤੇ ਬਸੰਤ ਵਾਲਾ ਇੱਕੋ ਗਾਣਾ ਯਾਦ ਸੀ ਕਿ ਓ ਪਤੰਗਬਾਜ਼ ਸੱਜਣਾ ਆਲਾ ਕਿ ਲਗਾ ਪੇਚਾ ਤੋਂ ਲੱਗ ਗਿਆ ਸ਼ੋਰ, ਦਿਲ ਹੂਆ ਬੋ ਕਾਟਾ। ਅਜੇ ਸ਼ੁਕਰ ਕਰੋ ਹਕੂਮਤ ਨੇ ਬੋ ਕਾਟਾ ਕਹਿਣ 'ਤੇ ਪਾਬੰਦੀ ਨਹੀਂ ਲਗਾ ਦਿੱਤੀ।
ਹਕੂਮਤ ਆਪ ਬਸੰਤ ਦਾ ਐਲਾਨ ਕਰ ਕੇ ਲੂਰ-ਲੂਰ ਇੰਝ ਫਿਰਦੀ ਏ ਜਿਵੇਂ ਇੰਡੀਆ ਦਾ ਉਹ ਗਾਣਾ ਸੀ, 'ਮੇਰੀ ਜ਼ਿੰਦਗੀ ਹੈ ਕਿਆ, ਏਕ ਕਟੀ ਪਤੰਗ ਹੈ'।
ਇੱਥੇ ਲਾਹੌਰ ਵਿੱਚ ਪਤੰਗਬਾਜ਼ੀ ਦੇ ਬੜੇ-ਬੜੇ ਉਸਤਾਦ ਮੌਜੂਦ ਨੇ, ਹਕੂਮਤ ਉਨ੍ਹਾਂ ਕੋਲੋਂ ਪੁੱਛ ਲਵੇ ਉਹ ਦੱਸ ਦੇਣਗੇ ਕਿ ਜਦੋਂ ਬਸੰਤ ਦਾ ਮੇਲਾ ਲੱਗੇਗਾ ਤੇ ਗੁੱਡੀਆਂ ਤਾਂ ਉਡਨਗੀਆਂ, ਪੇਚੇ ਤੇ ਪੈਣਗੇ, ਕਿਸੇ ਦੀ ਗੁੱਡੀ ਕਟੀ ਵੀ ਜਾਏਗੀ ਤੇ ਬੋ ਕਾਟਾ ਦੇ ਨਾਅਰੇ ਵੀ ਵੱਜ ਜਾਣਗੇ, ਬਸ ਦੁਆ ਕਰੋ ਕਿਸੇ ਦਾ ਗਾਟਾ ਨਾ ਵੱਢਿਆ ਜਾਏ।
(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ