ਕੁਝ ਲੋਕ ਬਿਮਾਰੀ ਦੀ ਲਾਗ ਨੂੰ ਤੇਜ਼ੀ ਫੈਲਾਉਂਦੇ ਹਨ, ਕਈਆਂ ਵਿੱਚ ਇੱਕ ਕਰੋੜ ਤੋਂ ਵੱਧ ਵਾਇਰਸ ਹੁੰਦੇ ਹਨ, ਇਸ ਦੇ ਕੀ ਕਾਰਨ ਹਨ

    • ਲੇਖਕ, ਡੇਵਿਡ ਕੌਕਸ
    • ਰੋਲ, ਬੀਬੀਸੀ ਨਿਊਜ਼

ਵੱਧ ਰਹੀ ਖੋਜ ਦੱਸਦੀ ਹੈ ਕਿ ਤੁਹਾਡੇ ਫੇਫੜਿਆਂ ਦੀ ਬਣਤਰ ਤੋਂ ਲੈ ਕੇ ਤੁਸੀਂ 'ਟ' ਅਤੇ 'ਕ' ਵਰਗੇ ਅੱਖਰ ਕਿਵੇਂ ਉਚਾਰਦੇ ਹੋ, ਇਹ ਸਭ ਗੱਲਾਂ ਤੁਹਾਨੂੰ ਫਲੂ ਦਾ ਸੁਪਰਸਪ੍ਰੈਡਰ ਬਣਾ ਸਕਦੀਆਂ ਹਨ।

ਜਨਵਰੀ 2020 ਵਿੱਚ ਬ੍ਰਿਟਿਸ਼ ਕਾਰੋਬਾਰੀ ਸਟੀਵ ਵਾਲਸ਼ ਨੇ ਇੱਕ ਅੰਤਰਰਾਸ਼ਟਰੀ ਯਾਤਰਾ ਕੀਤੀ। ਉਹ ਸਿੰਗਾਪੁਰ ਅਤੇ ਫਰਾਂਸ ਗਏ ਅਤੇ ਫਿਰ ਯੂਕੇ ਦੇ ਬ੍ਰਾਈਟਨ ਵਾਪਸ ਆਏ। ਇਸ ਯਾਤਰਾ ਦੌਰਾਨ ਉਹ ਕੋਵਿਡ-19 ਨਾਲ ਸੰਕਰਮਿਤ ਹੋ ਗਏ।

ਬਾਅਦ ਵਿੱਚ ਜੋ ਲੋਕ ਉਨ੍ਹਾਂ ਦੇ ਸੰਪਰਕ ਵਿੱਚ ਆਏ, ਉਹ ਵੀ ਅਣਜਾਣੇ ਵਿੱਚ ਸੰਕਰਮਿਤ ਹੋ ਗਏ। ਇਹ ਮਾਮਲਾ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ।

ਇਸ ਤਰ੍ਹਾਂ ਦੇ ਮਾਮਲਿਆਂ ਤੋਂ ਇਹ ਵਿਚਾਰ ਫੈਲਿਆ ਕਿ ਕੁਝ ਲੋਕ ਕੋਵਿਡ-19 ਦੇ 'ਸੁਪਰਸਪ੍ਰੈਡਰ' ਹੁੰਦੇ ਹਨ। ਹਾਲਾਂਕਿ ਵਾਇਰੋਲੋਜਿਸਟ ਕਾਫੀ ਸਮੇਂ ਤੋਂ ਜਾਣਦੇ ਹਨ ਕਿ ਸਾਹ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਵਿੱਚ ਹਮੇਸ਼ਾ ਕੁਝ ਹੀ ਲੋਕ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ। ਇਸ ਵਿੱਚ ਕੋਵਿਡ-19, ਫਲੂ, ਰੈਸਪਿਰੇਟਰੀ ਸਿੰਸੀਸ਼ੀਅਲ ਵਾਇਰਸ (ਆਰਐੱਸਵੀ), ਟੀਬੀ ਅਤੇ ਖ਼ਸਰਾ ਵਰਗੀਆਂ ਬਿਮਾਰੀਆਂ ਸ਼ਾਮਲ ਹਨ।

ਆਸਟ੍ਰੇਲੀਆ ਦੇ ਮੈਲਬੌਰਨ ਸਥਿਤ ਪੀਟਰ ਡੋਹਰਟੀ ਇੰਸਟੀਚਿਊਟ ਫਾਰ ਇਨਫੈਕਸ਼ਨ ਐਂਡ ਇਮਿਊਨਿਟੀ ਵਿੱਚ ਇੱਕ ਛੂਤ ਦੀਆਂ ਬਿਮਾਰੀਆਂ ਦੀ ਖੋਜਕਰਤਾ ਕਾਇਲੀ ਐਨਸਲੀ ਮੁਤਾਬਕ, ਇਸਦਾ ਇੱਕ ਗਣਿਤਕ ਪੈਟਰਨ ਵੀ ਹੈ। ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਕਿਸੇ ਵੀ ਆਮ ਮਹਾਂਮਾਰੀ ਦੌਰਾਨ ਲਗਭਗ 20 ਫੀਸਦੀ ਲੋਕ 80 ਫੀਸਦੀ ਸੰਕਰਮਣ ਫੈਲਾਉਣ ਲਈ ਜ਼ਿੰਮੇਵਾਰ ਹੁੰਦੇ ਹਨ।

ਖੋਜਾਂ ਤੋਂ ਪਤਾ ਲੱਗਿਆ ਹੈ ਕਿ ਲੋਕਾਂ ਦੇ ਸਾਹ ਵਿੱਚ ਮੌਜੂਦ ਵਾਇਰਸ ਦੀ ਮਾਤਰਾ ਵਿੱਚ ਬਹੁਤ ਵੱਡਾ ਅੰਤਰ ਹੋ ਸਕਦਾ ਹੈ। ਐਨਸਲੀ ਕਹਿੰਦੀ ਹੈ, "ਕੁਝ ਲੋਕਾਂ ਵਿੱਚ ਵਾਇਰਸ ਦੀ ਮਾਤਰਾ ਬਾਕੀਆਂ ਨਾਲੋਂ 10 ਮਿਲੀਅਨ ਗੁਣਾ ਵੱਧ ਹੋ ਸਕਦੀ ਹੈ।"

ਉਹ ਦੱਸਦੀ ਹੈ ਕਿ ਉੱਚ ਪੱਧਰ 'ਤੇ ਵਾਇਰਸ ਦੇ ਕਣਾਂ ਦਾ ਗਾੜ੍ਹਾਪਨ ਪ੍ਰਤੀ ਮਿਲੀਲੀਟਰ ਇੱਕ ਅਰਬ ਵਾਇਰਸ ਕਾਪੀਆਂ ਤੱਕ ਵੀ ਪਹੁੰਚ ਸਕਦਾ ਹੈ। ਪਰ ਕੀ ਇਹ ਸੁਪਰਸਪ੍ਰੈਡਿੰਗ ਵਿੱਚ ਬਦਲਦਾ ਹੈ ਜਾਂ ਨਹੀਂ, ਇਹ ਕਈ ਤਰ੍ਹਾਂ ਦੇ ਕਾਰਕਾਂ 'ਤੇ ਨਿਰਭਰ ਕਰਦਾ ਹੈ।

ਇਨ੍ਹਾਂ ਵਿੱਚੋਂ ਬਹੁਤੇ ਕਾਰਕਾਂ ਬਾਰੇ ਜਾਣਕਾਰੀ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਵਾਲਸ਼ ਵਰਗੇ ਮਸ਼ਹੂਰ ਮਾਮਲਿਆਂ ਤੋਂ ਪ੍ਰੇਰਿਤ ਹੋਈ ਖੋਜ ਰਾਹੀਂ ਸਾਹਮਣੇ ਆਈ ਹੈ। ਇਹ ਕਾਰਕ ਕਿਸੇ ਦੀ ਬੋਲਚਾਲ ਦੀਆਂ ਵਿਸ਼ੇਸ਼ਤਾਵਾਂ, ਆਵਾਜ਼, ਬਲਗ਼ਮ ਦੇ ਗੁਣ ਜਾਂ ਉਸ ਵਾਤਾਵਰਣ ਦੀ ਨਮੀ ਵੀ ਹੋ ਸਕਦੇ ਹਨ ਜਿਸ ਵਿੱਚ ਉਹ ਵਿਅਕਤੀ ਮੌਜੂਦ ਹੈ।

ਕੀ ਤੁਸੀਂ ਬਹੁਤ ਬਿਮਾਰ ਹੋ?

ਇਹ ਜਾਣਨਾ ਵੀ ਜ਼ਰੂਰੀ ਹੈ ਕਿ ਕੋਈ ਵਿਅਕਤੀ ਬਿਮਾਰੀ ਦੇ ਕਿਸ ਪੜਾਅ 'ਤੇ ਹੈ। ਸੰਕਰਮਣ ਦੇ ਇਸ ਪੜਾਅ ਦਾ ਪਤਾ ਲਗਾਉਣਾ ਇਹ ਸਮਝਣ ਲਈ ਬਹੁਤ ਅਹਿਮ ਹੁੰਦਾ ਹੈ ਕਿ ਬਿਮਾਰੀ ਕਿੰਨੀ ਤੇਜ਼ੀ ਨਾਲ ਫੈਲ ਸਕਦੀ ਹੈ। ਜਦੋਂ ਲੋਕ ਸਭ ਤੋਂ ਵੱਧ ਬਿਮਾਰ ਹੁੰਦੇ ਹਨ, ਉਹ ਹਰ ਸਾਹ ਜਾਂ ਹਰ ਬੋਲੇ ਗਏ ਸ਼ਬਦ ਨਾਲ ਕਈ ਗੁਣਾ ਵੱਧ ਸੰਕਰਮਕ ਕਣ ਬਾਹਰ ਕੱਢਦੇ ਹਨ।

2021 ਵਿੱਚ ਕੀਤੇ ਗਏ ਇੱਕ ਖੋਜ ਪ੍ਰੋਜੈਕਟ ਦੌਰਾਨ ਵਿਗਿਆਨੀਆਂ ਨੇ ਰੀਸਸ ਮੈਕਾਕ ਅਤੇ ਅਫਰੀਕੀ ਹਰੇ ਬਾਂਦਰਾਂ ਨੂੰ ਕੋਵਿਡ-19 ਨਾਲ ਸੰਕਰਮਿਤ ਕੀਤਾ। ਇਸ ਤੋਂ ਬਾਅਦ ਉਨ੍ਹਾਂ ਦੇ ਸਾਹ ਦਾ ਵਿਸ਼ਲੇਸ਼ਣ ਕੀਤਾ ਗਿਆ।

ਸਾਹ ਗੈਸਾਂ ਦਾ ਮਿਸ਼ਰਣ ਹੁੰਦਾ ਹੈ, ਜਿਵੇਂ ਨਾਈਟਰੋਜਨ, ਆਕਸੀਜਨ ਅਤੇ ਕਾਰਬਨ ਡਾਈਆਕਸਾਈਡ, ਜਿਸ ਵਿੱਚ ਨਮੀ ਦੇ ਬਹੁਤ ਹੀ ਬਾਰੀਕ ਕਣ ਵੀ ਸ਼ਾਮਲ ਹੁੰਦੇ ਹਨ।

ਸੰਕਰਮਿਤ ਹੋਣ ਤੋਂ ਪਹਿਲਾਂ ਇਹ ਬਾਂਦਰ ਹਰ ਲੀਟਰ ਸਾਹ ਨਾਲ 3,000 ਤੋਂ 5,000 ਤੱਕ ਨਮੀ ਦੇ ਕਣ ਬਾਹਰ ਕੱਢਦੇ ਸਨ। ਪਰ ਸੰਕਰਮਣ ਤੋਂ ਬਾਅਦ ਇਹ ਗਿਣਤੀ 50,000 ਤੋਂ 70,000 ਕਣਾਂ ਤੱਕ ਪਹੁੰਚ ਗਈ।

ਇਹ ਗੱਲ ਧਿਆਨ ਵਿੱਚ ਰੱਖਣ ਯੋਗ ਹੈ ਕਿ ਸਾਹ ਦਾ ਇੱਕ ਕਣ 200 ਤੋਂ 300 ਤੱਕ ਵਾਇਰਲ ਕਣ ਲੈ ਕੇ ਜਾ ਸਕਦਾ ਹੈ। ਜਦੋਂ ਇਸ ਗਿਣਤੀ ਨੂੰ 10 ਨਾਲ ਗੁਣਾ ਕੀਤਾ ਜਾਵੇ, ਤਾਂ ਇਹ ਸਮਝਣਾ ਆਸਾਨ ਹੋ ਜਾਂਦਾ ਹੈ ਕਿ ਵਾਇਰਸ ਇੱਕ ਵਿਅਕਤੀ ਤੋਂ ਦੂਜੇ ਤੱਕ ਇੰਨੀ ਤੇਜ਼ੀ ਨਾਲ ਕਿਵੇਂ ਫੈਲ ਸਕਦਾ ਹੈ।

ਇਹ ਗੱਲ ਨਿਊ ਓਰਲੀਨਜ਼ ਦੇ ਟੂਲੇਨ ਸਕੂਲ ਆਫ਼ ਮੈਡੀਸਨ ਵਿੱਚ ਮਾਈਕ੍ਰੋਬਾਇਓਲੋਜੀ ਅਤੇ ਇਮਯੂਨੋਲੋਜੀ ਦੇ ਪ੍ਰੋਫੈਸਰ ਚੈਡ ਰਾਏ ਕਹਿੰਦੇ ਹਨ, ਜਿਨ੍ਹਾਂ ਨੇ ਇਸ ਪ੍ਰਯੋਗ ਦੀ ਅਗਵਾਈ ਕੀਤੀ ਸੀ। ਰਾਏ ਕਹਿੰਦੇ ਹਨ, "ਜਦੋਂ ਤੁਸੀਂ ਹਿਸਾਬ ਲਗਾਉਂਦੇ ਹੋ, ਤਾਂ ਇਹ ਹੈਰਾਨ ਕਰਨ ਵਾਲਾ ਹੁੰਦਾ ਹੈ ਕਿ ਅਸੀਂ ਹਰ ਸਮੇਂ ਬਿਮਾਰ ਨਹੀਂ ਹੁੰਦੇ।"

ਉਹ ਕਹਿੰਦੇ ਹਨ ਕਿ ਭਾਵੇਂ ਇਹ ਪ੍ਰਯੋਗ ਕੋਰੋਨਾਵਾਇਰਸ 'ਤੇ ਕੀਤਾ ਗਿਆ ਸੀ, ਪਰ ਇਹੀ ਸਿਧਾਂਤ ਸਾਹ ਰਾਹੀਂ ਫੈਲਣ ਵਾਲੀਆਂ ਹੋਰ ਬਿਮਾਰੀਆਂ 'ਤੇ ਵੀ ਲਾਗੂ ਹੋ ਸਕਦਾ ਹੈ।

ਹਾਲਾਂਕਿ ਇਹ ਸਿਰਫ਼ ਕਣਾਂ ਦੀ ਮਾਤਰਾ ਦੀ ਗੱਲ ਨਹੀਂ ਹੈ। ਜਦੋਂ ਕੋਈ ਵਿਅਕਤੀ ਬਿਮਾਰ ਹੁੰਦਾ ਹੈ, ਤਾਂ ਉਹ ਕਿਸ ਕਿਸਮ ਦੇ ਕਣ ਪੈਦਾ ਕਰਦਾ ਹੈ, ਇਹ ਵੀ ਬਹੁਤ ਅਹਿਮ ਹੁੰਦਾ ਹੈ। ਸਾਹ ਦੇ ਕਣ ਪੰਜ ਤੋਂ 100 ਮਾਈਕਰੋਨ ਜਾਂ ਇਸ ਤੋਂ ਵੱਡੀਆਂ ਬੂੰਦਾਂ ਹੋ ਸਕਦੇ ਹਨ। ਇਸਦੇ ਨਾਲ ਹੀ ਐਰੋਸੋਲ ਕਣ ਵੀ ਹੁੰਦੇ ਹਨ, ਜੋ ਪੰਜ ਮਾਈਕਰੋਨ ਤੋਂ ਘੱਟ ਵਿਆਸ ਦੇ ਹੁੰਦੇ ਹਨ। ਇਹ ਇੱਕ ਮੀਟਰ ਦਾ ਪੰਜ ਮਿਲੀਅਨਵਾਂ ਹਿੱਸਾ ਹੁੰਦਾ ਹੈ।

ਅਧਿਐਨ ਦੱਸਦੇ ਹਨ ਕਿ ਜਦੋਂ ਕੋਈ ਵਿਅਕਤੀ ਬਿਮਾਰ ਹੁੰਦਾ ਹੈ, ਤਾਂ ਉਹ ਵੱਡੀਆਂ ਬੂੰਦਾਂ ਨਾਲੋਂ ਜ਼ਿਆਦਾ ਛੋਟੇ ਐਰੋਸੋਲ ਕਣ ਛੱਡਦਾ ਹੈ। ਰਾਏ ਕਹਿੰਦੇ ਹਨ, "ਇਹ ਇੱਕ ਬਹੁਤ ਮਹੱਤਵਪੂਰਨ ਖੋਜ ਸੀ, ਕਿਉਂਕਿ ਉਹ ਕਣ ਫੇਫੜਿਆਂ ਵਿੱਚ ਬਹੁਤ ਦੂਰ ਤੱਕ ਜਾ ਸਕਦੇ ਹਨ।"

ਉਹ ਅੱਗੇ ਕਹਿੰਦੇ ਹਨ, "ਇਸ ਲਈ ਜੇਕਰ ਤੁਸੀਂ ਉਹ ਬਦਕਿਸਮਤ ਵਿਅਕਤੀ ਹੋ ਜੋ ਉਨ੍ਹਾਂ ਕਣਾਂ ਨੂੰ ਸਾਹ ਰਾਹੀਂ ਅੰਦਰ ਖਿੱਚ ਲੈਂਦਾ ਹੈ, ਤਾਂ ਇਹ ਫੇਫੜਿਆਂ ਦੇ ਹੋਰ ਸੰਵੇਦਨਸ਼ੀਲ ਹਿੱਸਿਆਂ ਤੱਕ ਪਹੁੰਚਣ ਦੀ ਵੱਧ ਸੰਭਾਵਨਾ ਰੱਖਦੇ ਹਨ।"

ਕੁਝ ਵਿਗਿਆਨੀ ਮੰਨਦੇ ਹਨ ਕਿ ਇਹ ਪ੍ਰਕਿਰਿਆ ਵਾਇਰਸ ਦੇ ਵਿਕਾਸ ਦਾ ਨਤੀਜਾ ਵੀ ਹੋ ਸਕਦੀ ਹੈ। ਸੰਕਰਮਣ ਦੇ ਦੌਰਾਨ ਵਾਇਰਸ ਆਪਣੀ ਨਕਲ ਬਣਾਉਣ ਦੀ ਗਤੀ ਵਧਾ ਲੈਂਦਾ ਹੈ। ਇਸ ਨਾਲ ਸਾਹ ਦੀਆਂ ਨਲੀਆਂ ਨੂੰ ਕਾਫੀ ਨੁਕਸਾਨ ਪਹੁੰਚਦਾ ਹੈ ਅਤੇ ਇਹ ਨਲੀਆਂ ਛੋਟੇ ਐਰੋਸੋਲ ਵਰਗੇ ਟੁਕੜਿਆਂ ਵਿੱਚ ਟੁੱਟ ਜਾਂਦੀਆਂ ਹਨ।

ਇਹ ਛੋਟੇ ਕਣ ਹਵਾ ਵਿੱਚ ਲੰਮੇ ਸਮੇਂ ਤੱਕ ਟਿਕੇ ਰਹਿੰਦੇ ਹਨ ਅਤੇ ਵਾਇਰਸ ਦੇ ਇੱਕ ਵਿਅਕਤੀ ਤੋਂ ਦੂਜੇ ਤੱਕ ਫੈਲਣ ਦੇ ਮੌਕੇ ਹੋਰ ਵਧਾ ਦਿੰਦੇ ਹਨ।

ਕੀ ਤੁਸੀਂ ਸਾਫ਼ ਬੋਲਦੇ ਹੋ?

ਸੁਪਰਸਪ੍ਰੈਡਿੰਗ ਵਿੱਚ ਹੋਰ ਵੀ ਕਈ ਜੈਵਿਕ ਕਾਰਕ ਸ਼ਾਮਲ ਹੁੰਦੇ ਹਨ। ਐੱਸਏਆਰਐੱਸ, ਐੱਮਈਆਰਐੱਸ ਅਤੇ SARS-CoV-2 ਨਾਲ ਜੁੜੇ ਸੁਪਰਸਪ੍ਰੈਡਿੰਗ ਮਾਮਲਿਆਂ 'ਤੇ ਆਧਾਰਿਤ ਖੋਜ ਦੱਸਦੀ ਹੈ ਕਿ ਆਮ ਤੌਰ 'ਤੇ ਸੁਪਰਸਪ੍ਰੈਡਰ ਆਮ ਤੌਰ 'ਤੇ ਪੁਰਸ਼ ਅਤੇ 40 ਸਾਲ ਤੋਂ ਉਪਰ ਹੁੰਦੇ ਹਨ।

ਪਰ ਵਿਗਿਆਨੀ ਇਸ ਪੈਟਰਨ ਦੇ ਪਿੱਛੇ ਜੈਵਿਕ ਜਾਂ ਵਿਹਾਰਕ ਕਾਰਨਾਂ ਨੂੰ ਸਪੱਸ਼ਟ ਤੌਰ 'ਤੇ ਨਹੀਂ ਦੱਸ ਸਕੇ। ਇਸ ਵਿੱਚ ਇਹ ਵੀ ਸੰਭਵ ਹੈ ਕਿ ਟੈਸਟ ਕਿਵੇਂ ਕੀਤਾ ਗਿਆ, ਇਸ ਵਿੱਚ ਭੇਦਭਾਵ ਹੋਵੇ।

ਰਾਏ ਦੀ 2021 ਦੀ ਬਾਂਦਰਾਂ ਦੀ ਖੋਜ ਨੇ 194 ਲੋਕਾਂ ਦੇ ਸਾਹ ਦਾ ਵੀ ਵਿਸ਼ਲੇਸ਼ਣ ਕੀਤਾ, ਜੋ ਕੋਵਿਡ-19 ਨਾਲ ਸੰਕਰਮਿਤ ਸਨ ਅਤੇ ਨਤੀਜਾ ਕੱਢਿਆ ਕਿ ਸੁਪਰਸਪ੍ਰੈਡਰ ਆਮ ਤੌਰ 'ਤੇ ਵਧੇਰੇ ਭਾਰ ਵਾਲੇ ਹੋ ਸਕਦੇ ਹਨ।

ਮੈਥਿਊ ਬਿਨਿਕਰ, ਮੈਨੇਸੋਟਾ ਦੇ ਮੇਯੋ ਕਲਿਨਿਕ ਵਿੱਚ ਕਲਿਨਿਕਲ ਵਾਇਰੋਲੋਜੀ ਦੇ ਡਾਇਰੈਕਟਰ ਕਹਿੰਦੇ ਹਨ, "ਜੋ ਵਿਅਕਤੀ ਵਧੇਰੇ ਭਾਰ ਵਾਲੇ ਹੁੰਦੇ ਹਨ, ਉਹ ਸਾਹ ਲੈਣ ਜਾਂ ਖੰਘਣ ਸਮੇਂ ਵੱਧ ਰੈਸਪਾਇਰੇਟਰੀ ਡ੍ਰੌਪਲਟਸ ਤਿਆਰ ਕਰਦੇ ਹਨ।"

ਇਹ ਇਸ ਲਈ ਹੋ ਸਕਦਾ ਹੈ ਕਿਉਂਕਿ ਛਾਤੀ ਅਤੇ ਪੇਟ ਵਿੱਚ ਵੱਧ ਚਰਬੀ ਫੇਫੜਿਆਂ ਨੂੰ ਪੂਰੀ ਤਰ੍ਹਾਂ ਫੈਲਣ ਤੋਂ ਰੋਕਦੀ ਹੈ, ਜਿਸ ਨਾਲ ਸਾਹ ਛੋਟਾ ਤੇ ਤੇਜ਼ ਹੋ ਜਾਂਦਾ ਹੈ। ਵਧੇਰੇ ਭਾਰ ਲੈ ਜਾਣਾ ਆਕਸੀਜਨ ਦੀ ਜ਼ਰੂਰਤ ਵਧਾਉਂਦਾ ਹੈ ਅਤੇ ਕਾਰਬਨ ਡਾਈਆਕਸਾਈਡ ਦਾ ਉਤਪਾਦਨ ਵਧਦਾ ਹੈ, ਜਿਸ ਨਾਲ ਰੈਸਪਿਰੇਸ਼ਨ ਦੀ ਦਰ ਤੇ ਸਾਹ ਵਿੱਚ ਨਿਕਲਣ ਵਾਲੇ ਕਣ ਵੱਧ ਜਾਂਦੇ ਹਨ।

ਸੁਪਰਸਪ੍ਰੈਡਰ ਆਮ ਤੌਰ 'ਤੇ ਉੱਚ ਗੱਲ ਕਰਨ ਵਾਲੇ, ਗਾਇਕ ਜਾਂ ਗੁੱਸੇ ਵਾਲੇ ਵਿਅਕਤੀ ਵੀ ਹੋ ਸਕਦੇ ਹਨ।

ਕੈਲੀਫੋਰਨੀਆ ਵਿੱਚ ਖੋਜਕਾਰਾਂ ਨੇ 48 ਲੋਕਾਂ ਦੇ ਸਾਹ ਦੇ ਕਣਾਂ ਦੀ ਗਿਣਤੀ ਅਤੇ ਆਕਾਰ ਮਾਪਿਆ, ਜਦੋਂ ਉਹ ਵੱਖ-ਵੱਖ ਭਾਸ਼ਾਵਾਂ, ਅੰਗਰੇਜ਼ੀ, ਸਪੈਨਿਸ਼, ਮਾਂਡਰਿਨ ਅਤੇ ਅਰਬੀ, ਵਿੱਚ ਵੱਖਰੀਆਂ ਸਤਰਾਂ 'ਤੇ ਗੱਲ ਕਰ ਰਹੇ ਸਨ।

ਖੋਜ ਤੋਂ ਪਤਾ ਲੱਗਾ ਕਿ ਸ਼ੋਰ ਨਾਲ ਗੱਲ ਕਰਨ ਨਾਲ 50 ਗੁਣਾ ਵੱਧ ਐਰੋਸੋਲ ਨਿਕਲਦੇ ਹਨ। ਇਸ ਦਾ ਕਾਰਨ ਇਹ ਹੈ ਕਿ ਵਾਇਸ ਕਾਰਡਜ਼ ਤੇਜ਼ੀ ਨਾਲ ਖੁਲਦੇ ਤੇ ਬੰਦ ਹੁੰਦੇ ਹਨ, ਜਿਸ ਨਾਲ ਵੌਇਸਬਾਕਸ ਵਿੱਚ ਵੱਧ ਕਣ ਬਣਦੇ ਹਨ।

ਜੋ ਲੋਕ ਆਪਣੇ ਸ਼ਬਦ ਬੜੀ ਜ਼ੋਰ ਨਾਲ ਉਚਾਰਨ ਕਰਦੇ ਹਨ, ਉਹ ਵੀ ਆਮ ਤੌਰ 'ਤੇ ਸੁਪਰਸਪ੍ਰੈਡਰ ਹੋ ਸਕਦੇ ਹਨ। ਵਰਨੇਰ ਬਿਸਚੌਫ, ਨਾਰਥ ਕੈਰੋਲਾਈਨਾ ਦੇ ਵੇਕ ਫੋਰੇਸਟ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਦੇ ਪ੍ਰੋਫੈਸਰ ਕਹਿੰਦੇ ਹਨ, "ਜੇ ਤੁਸੀਂ ਅੱਖਰ 'ਟੀ', 'ਕੇ', ਅਤੇ 'ਪੀ' ਉਚਾਰਨ ਕਰਦੇ ਹੋ, ਤਾਂ ਤੁਸੀਂ ਸ਼ਾਇਦ ਵੱਧ ਡ੍ਰੌਪਲਟਸ (ਲਾਰ ਦੀਆਂ ਛਿੱਟਾਂ) ਛੱਡੋ। ਜਿੰਨੀ ਜ਼ੋਰ ਨਾਲ ਗੱਲ ਕਰੋਗੇ, ਓਨੇ ਹੀ ਵੱਧ ਨਿਕਲਣਗੇ। ਨਜ਼ਦੀਕੀ ਵਿਆਪਕ ਨਾਲ ਸ਼ੋਰ ਨਾਲ ਗੱਲ ਕਰਨ ਵਾਲਾ ਵਿਅਕਤੀ ਰੋਕਿਆ ਜਾਣਾ ਚਾਹੀਦਾ ਹੈ।"

ਦਿਲਚਸਪ ਗੱਲ ਇਹ ਹੈ ਕਿ 2020 ਦੀ ਇੱਕ ਅਧਿਐਨ ਵਿੱਚ ਇਹ ਵੀ ਦਰਸਾਇਆ ਗਿਆ ਕਿ ਸ਼ਬਦਾਂ ਵਿੱਚ ਸੁਰਾਂ ਵਾਲੀਆਂ ਆਵਾਜ਼ਾਂ, ਜਿਵੇਂ "ਨੀਡ" ਜਾਂ "ਸੀਅ," ਵੱਡੇ ਸਾਹ ਲੈਣ ਦਾ ਅਭਿਆਸ ਪੈਦਾ ਕਰਦੀਆਂ ਹਨ, ਬਜਾਏ "ਸੌਅ," "ਹੌਟ," "ਬਲੂ" ਜਾਂ "ਮੂਡ" ਵਾਲੀਆਂ ਆਵਾਜ਼ਾਂ ਦੇ।

ਤੁਹਾਡੇ ਫੇਫੜਿਆਂ ਦਾ ਆਕਾਰ ਕਿੰਨਾ ਹੈ?

ਬੱਚੇ, ਜੋ ਪ੍ਰੀ-ਐਡੋਲੇਸੈਂਟ ਹੁੰਦੇ ਹਨ, ਆਮ ਤੌਰ 'ਤੇ ਸੁਪਰਸਪ੍ਰੈਡਰ ਨਹੀਂ ਹੁੰਦੇ, ਕਿਉਂਕਿ ਉਹ ਬਹੁਤ ਘੱਟ ਹਵਾ ਸਾਹ ਵਿੱਚ ਖਿੱਚਦੇ ਹਨ। ਉਨ੍ਹਾਂ ਦੇ ਫੇਫੜੇ ਛੋਟੇ, ਏਅਰਵੇਜ਼ ਛੋਟੇ ਅਤੇ ਹਵਾ ਸੈਕ ਛੋਟੇ ਹੁੰਦੇ ਹਨ।

ਪਰ ਵੱਡੇ ਹੋਣ ਤੇ ਵੀ ਫੇਫੜਿਆਂ ਦੀ ਸਮਰੱਥਾ ਵਿੱਚ ਵੱਡਾ ਫਰਕ ਹੁੰਦਾ ਹੈ। ਕੁਝ ਲੋਕਾਂ ਦੇ ਜੈਨੇਟਿਕ ਅੰਤਰ ਕਾਰਨ, ਉਨ੍ਹਾਂ ਦੇ ਫੇਫੜੇ ਕੁਦਰਤੀ ਤੌਰ ਤੇ ਵੱਡੇ ਹੋ ਸਕਦੇ ਹਨ। ਬਚਪਨ ਵਿੱਚ ਕਸਰਤ ਕਰਨ ਨਾਲ ਫੇਫੜੇ ਵੱਡੇ ਤੇ ਮਜ਼ਬੂਤ ਬਣ ਸਕਦੇ ਹਨ। ਬਚਪਨ ਵਿੱਚ ਦਮਾ ਜਾਂ ਵਾਤਾਵਰਣੀ ਪ੍ਰਦੂਸ਼ਣ ਵੀ ਫੇਫੜਿਆਂ ਦੀ ਵਿਕਾਸਸ਼ੀਲਤਾ ਨੂੰ ਰੋਕ ਸਕਦੇ ਹਨ।

ਬਿਸਚੌਫ ਕਹਿੰਦੇ ਹਨ ਕਿ ਜਿਨ੍ਹਾਂ ਲੋਕਾਂ ਦੀ ਫੇਫੜਿਆਂ ਦੀ ਸਮਰੱਥਾ ਵੱਧ ਹੁੰਦੀ ਹੈ ਅਤੇ ਜੋ ਵੱਧ ਹਵਾ ਖਿੱਚਦੇ ਹਨ, ਉਹ ਵਾਇਰਸ ਨੂੰ ਵੱਧ ਛੱਡ ਸਕਦੇ ਹਨ ਅਤੇ ਵੱਧ ਸੰਕਰਮਣ ਕਰ ਸਕਦੇ ਹਨ।

ਸੁਪਰਸਪ੍ਰੈਡਿੰਗ ਨੂੰ ਫੇਫੜਿਆਂ ਦੇ ਮਿਊਕਸ, ਜੈਲੀ ਜਿਹੇ ਪਦਾਰਥ, ਦੀਆਂ ਵਿਸ਼ੇਸ਼ਤਾਵਾਂ ਵੀ ਪ੍ਰਭਾਵਿਤ ਕਰਦੀਆਂ ਹਨ। ਹਰ ਕਿਸੇ ਦਾ ਮਿਊਕਸ ਵੱਖਰਾ ਹੁੰਦਾ ਹੈ, ਕਿਸੇ ਦਾ ਵਾਇਰਸ ਫਸਾ ਸਕਦਾ ਹੈ, ਕਿਸੇ ਦਾ ਵਾਇਰਸ ਤੈਅ ਰੂਪ ਵਿੱਚ ਰਹਿ ਸਕਦਾ ਹੈ।

ਐਂਸਲੀ ਕਹਿੰਦੀ ਹੈ, "ਕੁਝ ਲੋਕਾਂ ਦਾ ਮਿਊਕਸ ਵਾਇਰਸ ਨੂੰ ਫਸਾ ਕੇ ਬੇਅਸਰ ਕਰ ਸਕਦਾ ਹੈ, ਜਦਕਿ ਹੋਰ ਲੋਕਾਂ ਦਾ ਮਿਊਕਸ ਵਾਇਰਸ ਨੂੰ ਸੰਕਰਮਿਤ ਅਤੇ ਟ੍ਰਾਂਸਮਿਸ਼ਨਯੋਗ ਰਹਿਣ ਦਿੰਦਾ ਹੈ।"

ਕੀ ਤੁਸੀਂ ਸੁਪਰਸਪ੍ਰੈਡਰ ਵਾਲੇ ਮਾਹੌਲ ਵਿੱਚ ਹੋ?

ਅਜੇ ਵੀ ਬਹੁਤ ਲੋਕਾਂ ਵਿੱਚ ਸੁਪਰਸਪ੍ਰੈਡਰ ਦੇ ਸਾਰੇ ਜੈਵਿਕ ਗੁਣ ਹੋ ਸਕਦੇ ਹਨ, ਪਰ ਉਹ ਹਰ ਵਾਰੀ ਵੱਧ ਸੰਕਰਮਣ ਲਈ ਜ਼ਿੰਮੇਵਾਰ ਨਹੀਂ ਹੁੰਦੇ।

ਇਹ ਕਈ ਵਿਹਾਰਕ ਅਤੇ ਸਮਾਜਕ ਕਾਰਕਾਂ 'ਤੇ ਵੀ ਨਿਰਭਰ ਕਰਦਾ ਹੈ, ਜਿਵੇਂ ਕਿਸੇ ਵਿਅਕਤੀ ਦੇ ਨਜ਼ਦੀਕੀ ਸੰਪਰਕਾਂ ਦੀ ਗਿਣਤੀ ਅਤੇ ਉਹ ਕਿੰਨਾ ਸਮਾਂ ਬੰਦ ਅਤੇ ਘੱਟ ਹਵਾ ਵਾਲੇ ਮਾਹੌਲ ਵਿੱਚ ਬਿਤਾਂਦਾ ਹੈ।

ਇਸ ਮੱਦੇ ਨੂੰ ਇਜ਼ਰਾਇਲ ਦੇ ਰੈਬਿਨ ਮੈਡੀਕਲ ਸੈਂਟਰ ਦੇ ਪੁਲਮਨਰੀ ਇੰਸਟੀਚਿਊਟ ਦੀ ਡਾਇਰੈਕਟਰ ਓਸਨਾਟ ਲਿਵਨੇ-ਸ਼ਟਰਾਈਕਮੈਨ ਨੇ ਵੀ ਦਰਸਾਇਆ।

ਉਦਾਹਰਨ ਵਜੋਂ, ਜਿਮ ਜਾਂ ਵਰਕਆਊਟ ਕਲਾਸਾਂ ਵਿੱਚ ਸੁਪਰਸਪ੍ਰੈਡਿੰਗ ਵੱਧ ਹੋ ਸਕਦਾ ਹੈ, ਕਿਉਂਕਿ ਇਹ ਬੰਦ ਮਾਹੌਲ ਹੁੰਦਾ ਹੈ ਅਤੇ ਬਹੁਤ ਤੇਜ਼ ਸਾਹ ਲੈਣ ਦੌਰਾਨ 130 ਗੁਣਾ ਵੱਧ ਐਰੋਸੋਲ ਬਣਦੇ ਹਨ।

ਅਧਿਐਨ ਇਹ ਵੀ ਦੱਸਦੇ ਹਨ ਕਿ ਮਾਹੌਲ ਦੀ ਨਮੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ, ਬਹੁਤ ਸੁੱਕੇ ਮਾਹੌਲ ਵਿੱਚ, ਸਾਹ ਵਿੱਚ ਨਿਕਲਣ ਵਾਲੇ ਕਣਾਂ ਦਾ ਤਰਲ ਜਲਦੀ ਬਾਫ਼ ਹੋ ਜਾਂਦਾ ਹੈ, ਜਿਸ ਨਾਲ ਇਹ ਕਣ ਛੋਟੇ ਹੋ ਜਾਂਦੇ ਹਨ ਅਤੇ ਵਾਇਰਸ ਨਾਲ ਸੰਘਣਾ ਹੋ ਜਾਂਦੇ ਹਨ।

ਇਸ ਨਾਲ ਇਹ ਕਣ ਹਵਾ ਵਿੱਚ ਲੰਮੇ ਸਮੇਂ ਤੱਕ ਟਿਕੇ ਰਹਿ ਸਕਦੇ ਹਨ, ਜਿਸ ਨਾਲ ਇਹ ਹੋਰ ਵਿਅਕਤੀ ਦੁਆਰਾ ਸਾਹ ਵਿੱਚ ਖਿੱਚੇ ਜਾਣ ਦੇ ਸੰਭਾਵਨਾ ਵੱਧ ਜਾਂਦੀ ਹੈ।

ਲਿਵਨੇ-ਸ਼ਟਰਾਈਕਮੈਨ ਮੁਤਾਬਕ, ਜੋ ਵੀ ਹੋਵੇ, ਸੁਪਰਸਪ੍ਰੈਡਰ ਆਮ ਤੌਰ 'ਤੇ 40 ਸਾਲ ਤੋਂ ਉਪਰ ਪੁਰਸ਼ ਹੋਣ ਦੀਆਂ ਰਿਪੋਰਟਾਂ ਜੀਵ ਵਿਗਿਆਨ ਨਾਲੋਂ ਸੰਦਰਭ ਦੀ ਨਿਸ਼ਾਨੀ ਹੋ ਸਕਦੀਆਂ ਹਨ।

ਉਹ ਕਹਿੰਦੀ ਹੈ, "ਮੱਧਮ ਉਮਰ ਦੇ ਬਾਲਗ਼ ਅਕਸਰ ਕੰਮ ਜਾਂ ਸਮਾਜਕ ਸੈਟਿੰਗ ਵਿੱਚ ਉੱਚ ਸੰਪਰਕ ਵਾਲੇ ਰੋਲਾਂ ਵਿੱਚ ਹੁੰਦੇ ਹਨ, ਜਿਸ ਨਾਲ ਉਹ ਸੰਕਰਮਣ ਕਲੱਸਟਰਾਂ ਦੇ ਕੇਂਦਰ ਵਿੱਚ ਹੋ ਸਕਦੇ ਹਨ।"

ਰਾਏ ਮੁਤਾਬਕ, ਇਹ ਸਾਰੇ ਸੁਪਰਸਪ੍ਰੈਡਿੰਗ ਕਾਰਕ ਇੱਕ-ਦੂਜੇ ਤੋਂ ਵੱਖਰੇ ਨਹੀਂ ਹੁੰਦੇ ਅਤੇ ਕਿਸੇ ਨੂੰ ਸੁਪਰਸਪ੍ਰੈਡਰ ਬਣਨ ਤੋਂ ਪਹਿਲਾਂ ਪਛਾਣਨ ਲਈ ਬਹੁਤ ਹੋਰ ਖੋਜ ਦੀ ਲੋੜ ਹੈ।

ਪਰ ਅਜਿਹੇ ਪ੍ਰਯੋਗ ਖੋਜਕਾਰਾਂ ਨੂੰ ਸੁਪਰਸਪ੍ਰੈਡਿੰਗ ਨੂੰ ਸਮਝਣ ਵਿੱਚ ਮਦਦ ਕਰ ਰਹੇ ਹਨ ਅਤੇ ਇੱਕ ਦਿਨ ਇਹ ਯਕੀਨਨ ਸੰਭਵ ਹੋ ਸਕਦਾ ਹੈ ਕਿ ਕਿਸੇ ਵਿਅਕਤੀ ਨੂੰ ਪਹਿਲਾਂ ਹੀ ਪ੍ਰੋਫਾਈਲ ਕੀਤਾ ਜਾਵੇ। ਸ਼ਾਇਦ ਉਨ੍ਹਾਂ ਦੇ ਮਿਊਕਸ ਦੀ ਤਰਲਤਾ ਜਾਂ ਬੋਲਣ ਦੇ ਤਰੀਕੇ ਦੀ ਜਾਂਚ ਕਰਕੇ।

ਰਾਏ ਕਹਿੰਦੇ ਹਨ, "ਸ਼ਾਇਦ ਇਹ ਕਿਸੇ ਲਈ ਬਹੁਤ ਦਿਲਚਸਪ ਹੋਵੇ ਕਿ ਉਹ ਆਪਣੇ ਬਾਰੇ ਇਹ ਜਾਣੇ ਅਤੇ ਫਿਰ ਉਹ ਹੋਰ ਲੋਕਾਂ ਨੂੰ ਸੰਕਰਮਿਤ ਕਰਨ ਦੇ ਖ਼ਤਰੇ ਨੂੰ ਘਟਾਉਣ ਲਈ ਜ਼ਿਆਦਾ ਧਿਆਨ ਦੇ ਸਕਦੇ ਹਨ, ਜਾਂ ਇਹ ਉਨ੍ਹਾਂ ਨੂੰ ਵੈਕਸੀਨੇਸ਼ਨ ਲਈ ਪ੍ਰੇਰਿਤ ਕਰ ਸਕਦਾ ਹੈ।"

ਇਸ ਦੌਰਾਨ, ਇਸ ਫਲੂ ਸੀਜ਼ਨ ਵਿੱਚ ਸ਼ੋਰ ਨਾਲ ਗੱਲ ਕਰਨ ਵਾਲੇ ਲੋਕਾਂ ਅਤੇ ਕਰਨੋਕੀ ਬਾਰਾਂ ਤੋਂ ਦੂਰ ਰਹਿਣਾ ਸਭ ਤੋਂ ਸਮਝਦਾਰੀ ਭਰਾ ਹੋਵੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)