'ਉਸਦੇ ਕਾਰਨ ਮੇਰਾ ਰਿਸ਼ਤਾ ਨਹੀਂ ਹੋ ਰਿਹਾ ਸੀ', ਲਹਿੰਦੇ ਪੰਜਾਬ 'ਚ 'ਭੂਆ ਵੱਲੋਂ ਤਿੰਨ ਸਾਲ ਦੀ ਭਤੀਜੀ ਦੇ ਕਤਲ' ਦਾ ਕੀ ਹੈ ਮਾਮਲਾ

    • ਲੇਖਕ, ਇਹਤੇਸ਼ਾਮ ਅਹਮਦ ਸ਼ਾਮੀ
    • ਰੋਲ, ਬੀਬੀਸੀ ਪੱਤਰਕਾਰ

ਚੇਤਾਵਨੀ: ਇਸ ਲੇਖ ਦੇ ਕੁਝ ਵੇਰਵੇ ਕੁਝ ਪਾਠਕਾਂ ਨੂੰ ਪਰੇਸ਼ਾਨ ਕਰ ਸਕਦੇ ਹਨ।

ਇਹ ਘਟਨਾ ਪਾਕਿਸਤਾਨ ਦੇ ਮੱਧ ਪੰਜਾਬ ਦੇ ਵਜ਼ੀਰਾਬਾਦ ਸ਼ਹਿਰ ਨੇੜੇ ਦੇ ਕਸਬੇ ਧੋਂਕਲ ਦੀ ਹੈ, ਘਰ ਵਿੱਚ ਖੁਸ਼ੀ ਦਾ ਮਾਹੌਲ ਸੀ, ਕੁਝ ਲੋਕ ਰਿਸ਼ਤੇ ਲਈ ਕੁੜੀ ਦੇਖਣ ਆਏ ਸਨ।

ਮੁੰਡਾ ਇੱਕ ਜ਼ਿੰਮੀਦਾਰ ਪਰਿਵਾਰ ਨਾਲ ਸਬੰਧਿਤ ਸੀ ਅਤੇ ਰਿਸ਼ਤਾ ਤੈਅ ਕਰਵਾਉਣ ਵਾਲੀ ਮਹਿਲਾ ਭਾਵ ਵਿਚੋਲਣ ਨੇ ਦੋਵੇਂ ਪਰਿਵਾਰਾਂ ਨੂੰ ਇੱਕ-ਦੂਜੇ ਪ੍ਰਤੀ ਹਾਂ ਕਰ ਦਿੱਤੀ ਸੀ। ਮੁੰਡੇ ਦੇ ਮਾਪਿਆਂ ਨੂੰ ਕੁੜੀ ਦੀਆਂ ਤਸਵੀਰਾਂ ਪਸੰਦ ਆ ਗਈਆਂ ਸਨ।

ਜਲਦ ਹੀ ਕੁੜੀ ਹੱਥ ਵਿੱਚ ਟ੍ਰੇਅ ਲੈ ਕੇ ਕਮਰੇ ਵਿੱਚ ਆਈ ਅਤੇ ਮੇਜ਼ 'ਤੇ ਚਾਹ ਰੱਖਣ ਲੱਗੀ। ਉਸੇ ਸਮੇਂ, ਇੱਕ ਤਿੰਨ ਸਾਲ ਦੀ ਬੱਚੀ ਕਮਰੇ ਵਿੱਚ ਦੌੜ ਕੇ ਆਈ ਅਤੇ ਕੁੜੀ ਨੂੰ "ਮੰਮਾ, ਮੰਮਾ" ਕਹਿ ਕੇ ਬੁਲਾਉਣ ਲੱਗੀ।

ਇਹ ਦੇਖ ਕੇ ਕੁੜੀ ਦੇਖਣ ਆਏ ਲੋਕ ਗੁੱਸੇ ਹੋ ਗਏ ਤੇ ਕਿਹਾ ਕਿ "ਤੁਸੀਂ ਸਾਨੂੰ ਦੱਸਿਆ ਨਹੀਂ ਕਿ ਇਹ ਪਹਿਲਾਂ ਤੋਂ ਵਿਆਹੀ ਹੋਈ ਹੈ ਅਤੇ ਇੱਕ ਕੁੜੀ ਦੀ ਮਾਂ ਹੈ। ਅਸੀਂ ਆਪਣੇ ਕੁਆਰੇ ਪੁੱਤਰ ਦਾ ਰਿਸ਼ਤਾ ਇੱਕ ਕੁੜੀ ਦੀ ਮਾਂ ਨਾਲ ਨਹੀਂ ਕਰ ਸਕਦੇ।"

ਮੁੰਡਾ ਚਾਹ ਪੀਤੇ ਬਿਨਾਂ ਹੀ ਉੱਠ ਕੇ ਉੱਥੋਂ ਚਲਾ ਗਿਆ।

ਕੁੜੀ ਦੀ ਮਾਂ ਅਤੇ ਕਮਰੇ ਵਿੱਚ ਮੌਜੂਦ ਹੋਰ ਲੋਕਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ "ਇਹ ਇਸਦੀ ਬੇਟੀ ਨਹੀਂ, ਸਗੋਂ ਇਸਦੀ ਭਤੀਜੀ ਹੈ। ਬੱਚੀ ਦੀ ਮਾਂ ਇਸਦੇ ਨਾਲ ਨਹੀਂ ਰਹਿੰਦੀ, ਇਸ ਲਈ ਉਹ ਆਪਣੀ ਭੂਆ ਨੂੰ ਮਾਂ ਕਹਿੰਦੀ ਹੈ," ਪਰ ਮੁੰਡੇ ਵਾਲਿਆਂ ਨੇ ਇੱਕ ਨਾ ਸੁਣੀ ਤੇ ਗੁੱਸੇ 'ਚ ਉੱਥੋਂ ਚਲੇ ਗਏ।

ਇਸ ਘਟਨਾ ਤੋਂ ਸਿਰਫ਼ ਤਿੰਨ ਦਿਨ ਬਾਅਦ, ਤਿੰਨ ਸਾਲ ਦੀ ਬੱਚੀ ਰਹੱਸਮਈ ਤਰੀਕੇ ਨਾਲ ਗਾਇਬ ਹੋ ਗਈ।

ਉਪਰੋਕਤ ਵਰਣਨ ਕੀਤਾ ਗਿਆ ਦ੍ਰਿਸ਼ ਤਿੰਨ ਸਾਲਾ ਬੱਚੀ ਦੀ ਦਾਦੀ ਅਤੇ ਮਤਰੇਈ ਮਾਂ (ਜੋ ਇੱਕੋ ਘਰ ਵਿੱਚ ਉੱਪਰ ਰਹਿੰਦੀ ਹੈ) ਦੁਆਰਾ ਪੁਲਿਸ ਨੂੰ ਦਿੱਤੇ ਗਏ ਇੱਕ ਬਿਆਨ ਵਿੱਚ ਦੱਸਿਆ ਗਿਆ ਸੀ ਅਤੇ ਪੁਲਿਸ ਨੇ ਇਹ ਵੇਰਵੇ ਬੀਬੀਸੀ ਉਰਦੂ ਨਾਲ ਸਾਂਝੇ ਕੀਤੇ ਹਨ।

'ਪਿਛਲੀ ਗਲੀ ਵਿੱਚ ਸੁੱਟੀ ਕੁੜੀ ਦੀ ਲਾਸ਼'

ਤਿੰਨ ਸਾਲ ਦੀ ਕੁੜੀ ਦੇ ਲਾਪਤਾ ਹੋਣ ਦੇ ਸਬੰਧ ਵਿੱਚ ਸਦਰ ਵਜ਼ੀਰਾਬਾਦ ਪੁਲਿਸ ਸਟੇਸ਼ਨ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਸੀ, ਜਿਸਦੀ ਸ਼ਿਕਾਇਤਕਰਤਾ ਕੁੜੀ ਦੀ ਦਾਦੀ ਹੈ।

ਐਫਆਈਆਰ ਵਿੱਚ ਉਨ੍ਹਾਂ ਦੱਸਿਆ, "ਮੇਰੀ ਪੋਤੀ, ਜੋ ਕਿ ਤਿੰਨ ਸਾਲ ਦੀ ਹੈ, 24 ਜਨਵਰੀ ਨੂੰ ਦੁਪਹਿਰ 3:30 ਵਜੇ ਘਰ ਦੇ ਬਾਹਰ ਗਲੀ ਵਿੱਚ ਖੇਡ ਰਹੀ ਸੀ ਪਰ ਅਚਾਨਕ ਗਾਇਬ ਹੋ ਗਈ। ਮੈਨੂੰ ਸ਼ੱਕ ਹੈ ਕਿ ਮੇਰੀ ਪੋਤੀ ਨੂੰ ਅਣਪਛਾਤੇ ਸ਼ੱਕੀਆਂ ਨੇ ਅਣਪਛਾਤੇ ਉਦੇਸ਼ਾਂ ਲਈ ਅਗਵਾ ਕਰ ਲਿਆ ਹੈ।"

ਗੁਜਰਾਂਵਾਲਾ ਪੁਲਿਸ ਦੇ ਬੁਲਾਰੇ ਇੰਸਪੈਕਟਰ ਰਾਣਾ ਇਰਫਾਨ ਦੇ ਅਨੁਸਾਰ, "ਘਰਦੇ ਸਾਰਾ ਦਿਨ ਕੁੜੀ ਦੀ ਭਾਲ ਕਰਦੇ ਰਹੇ ਪਰ ਉਹ ਨਹੀਂ ਲੱਭੀ। ਪੁਲਿਸ ਨਾਲ ਸੰਪਰਕ ਕੀਤਾ ਗਿਆ ਅਤੇ ਅਗਲੇ ਦਿਨ ਪੁਲਿਸ ਨੇ ਪਾਕਿਸਤਾਨ ਪੀਨਲ ਕੋਡ ਦੀ ਧਾਰਾ 363 ਦੇ ਤਹਿਤ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ।"

ਇਹ ਧਾਰਾ ਇੱਕ ਨਾਬਾਲਗ ਕੁੜੀ ਜਾਂ ਮੁੰਡੇ ਨੂੰ ਅਗਵਾ ਕਰਨ ਲਈ ਲਗਾਈ ਜਾਂਦੀ ਹੈ।

ਪੁਲਿਸ ਨੇ ਪਰਿਵਾਰਕ ਮੈਂਬਰਾਂ ਅਤੇ ਗੁਆਂਢੀਆਂ ਤੋਂ ਜਾਣਕਾਰੀ ਇਕੱਠੀ ਕਰਕੇ ਅਤੇ ਸ਼ੱਕੀਆਂ ਦੀ ਇੱਕ ਵੱਖਰੀ ਸੂਚੀ ਬਣਾ ਕੇ ਆਪਣੀ ਜਾਂਚ ਸ਼ੁਰੂ ਕੀਤੀ। ਹਾਲਾਂਕਿ, ਕੁਝ ਘੰਟਿਆਂ ਬਾਅਦ ਪੁਲਿਸ ਨੂੰ ਇੱਕ ਫੋਨ ਆਇਆ ਕਿ ਲਾਪਤਾ ਕੁੜੀ ਦੀ ਲਾਸ਼ ਘਰ ਦੀ ਪਿਛਲੀ ਗਲੀ ਵਿੱਚੋਂ ਮਿਲੀ ਹੈ।

ਪੁਲਿਸ ਮੌਕੇ 'ਤੇ ਪਹੁੰਚੀ, ਕ੍ਰਾਈਮ ਸੀਨ ਇਨਵੈਸਟੀਗੇਸ਼ਨ ਅਤੇ ਪੰਜਾਬ ਫੋਰੈਂਸਿਕ ਸਾਇੰਸ ਟੀਮਾਂ ਨੂੰ ਬੁਲਾਇਆ ਗਿਆ ਅਤੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਗਏ।

ਕਤਲ ਕੀਤੀ ਗਈ ਕੁੜੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਜ਼ੀਰਾਬਾਦ ਭੇਜਿਆ ਗਿਆ, ਜਿੱਥੇ ਮੈਡੀਕਲ ਅਫਸਰ ਨੇ ਪੋਸਟਮਾਰਟਮ ਰਿਪੋਰਟ ਵਿੱਚ ਕਿਹਾ ਕਿ "ਕੁੜੀ ਦੀ ਮੌਤ ਨੱਕ ਅਤੇ ਮੂੰਹ ਦਬਾਉਣ ਕਾਰਨ ਸਾਹ ਘੁਟਣ ਕਾਰਨ ਹੋਈ, ਜਦਕਿ ਉਸਦੀ ਖੋਪੜੀ ਵਿੱਚ ਵੀ ਫ੍ਰੈਕਚਰ ਸੀ।''

ਪੋਸਟਮਾਰਟਮ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੁੜੀ ਨਾਲ ਬਲਾਤਕਾਰ ਦਾ ਕੋਈ ਸਬੂਤ ਨਹੀਂ ਮਿਲਿਆ।

ਅਜਿਹੀ ਸਥਿਤੀ ਵਿੱਚ, ਜਾਂਚ ਟੀਮ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਉੱਠਿਆ ਕਿ ਇੰਨਾ ਬੇਰਹਿਮੀ ਨਾਲ ਕਤਲ ਕਰਨ ਵਾਲਾ ਕਾਤਲ ਕੌਣ ਹੋ ਸਕਦਾ ਹੈ ਅਤੇ ਇਸ ਕਾਤਲ ਦੀ ਇਸ ਤਿੰਨ ਸਾਲ ਦੀ ਬੱਚੀ ਨਾਲ ਕੀ ਦੁਸ਼ਮਣੀ ਹੋ ਸਕਦੀ ਹੈ?

'ਜਿੱਥੋਂ ਲਾਸ਼ ਮਿਲੀ, ਉਹ ਥਾਂ ਘਰ ਦੇ ਦਰਵਾਜ਼ੇ ਤੋਂ ਸਿਰਫ਼ ਸੱਤ ਤੋਂ ਅੱਠ ਫੁੱਟ ਦੂਰ'

ਪੁਲਿਸ ਅਨੁਸਾਰ, ਜਦੋਂ ਜਾਂਚ ਟੀਮ ਨੇ ਮ੍ਰਿਤਕ ਈਸ਼ਾ ਦੇ ਘਰ-ਪਰਿਵਾਰ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਤਾਂ ਸਾਹਮਣੇ ਆਇਆ ਕਿ ਕੁੜੀ ਦੇ ਪਿਤਾ ਨੇ ਤਿੰਨ ਵਾਰ ਵਿਆਹ ਕੀਤੇ ਸਨ। ਉਨ੍ਹਾਂ ਦੀ ਪਹਿਲੀ ਪਤਨੀ ਦੀ ਮੌਤ ਹੋ ਗਈ ਸੀ, ਦੂਜੀ ਪਤਨੀ ਨੂੰ ਤਲਾਕ ਦੇ ਦਿੱਤਾ ਸੀ, ਜਿਸ ਤੋਂ ਉਨ੍ਹਾਂ ਦੀ ਇੱਕ ਤਿੰਨ ਸਾਲ ਦੀ ਕੁੜੀ ਆਪਣੀ ਦਾਦੀ ਅਤੇ ਭੂਆ ਨਾਲ ਰਹਿੰਦੀ ਸੀ, ਜਦਕਿ ਉਨ੍ਹਾਂ ਦੀ ਤੀਜੀ ਪਤਨੀ ਤੋਂ ਦੋ ਬੱਚੇ ਸਨ। ਕੁੜੀ ਦੇ ਪਿਤਾ ਖੁਦ ਕੰਮ ਲਈ ਕਤਰ ਵਿੱਚ ਰਹਿ ਰਹੇ ਸਨ।

ਪੁਲਿਸ ਅਨੁਸਾਰ, ਇਸ ਘਰ ਦਾ ਇੱਕ ਦਰਵਾਜ਼ਾ ਪਿਛਲੀ ਗਲੀ ਵਿੱਚ ਵੀ ਖੁੱਲ੍ਹਦਾ ਸੀ ਜਿੱਥੇ ਕੁੜੀ ਦੀ ਲਾਸ਼ ਮਿਲੀ ਸੀ।

ਅਜਿਹੀ ਸਥਿਤੀ ਵਿੱਚ, ਪੁਲਿਸ ਜਾਂਚ ਅਧਿਕਾਰੀਆਂ ਦਾ ਸ਼ੱਕ ਵਾਰ-ਵਾਰ ਘਰ 'ਚ ਰਹਿਣ ਵਾਲਿਆਂ 'ਤੇ ਹੀ ਜਾਂਦਾ ਰਿਹਾ।

ਸ਼ਹਿਰ ਦੇ ਪੁਲਿਸ ਅਧਿਕਾਰੀ ਡਾਕਟਰ ਸਰਦਾਰ ਗਿਆਸ ਗੁਲ ਖਾਨ ਨੇ ਬੀਬੀਸੀ ਉਰਦੂ ਨੂੰ ਦੱਸਿਆ ਕਿ ਕੁੜੀ ਦੀ "ਭੂਆ ਤੋਂ ਦੋ ਜਾਂ ਤਿੰਨ ਅਧਿਕਾਰੀਆਂ ਦੁਆਰਾ ਵੱਖਰੇ ਤੌਰ 'ਤੇ ਪੁੱਛਗਿੱਛ ਕੀਤੀ ਗਈ, ਜਿਸ ਵਿੱਚ ਉਸਨੇ ਵੱਖ-ਵੱਖ ਬਿਆਨ ਦਿੱਤੇ।"

ਕ੍ਰਾਈਮ ਸੀਨ ਇਨਵੈਸਟੀਗੇਸ਼ਨ ਨਾਲ ਜੁੜੇ ਅਧਿਕਾਰੀਆਂ ਨੇ ਸੀਪੀਓ ਨੂੰ ਦੱਸਿਆ ਕਿ "ਮਤਰੇਈ ਮਾਂ ਘਰ ਦੀ ਦੂਜੀ ਮੰਜ਼ਿਲ 'ਤੇ ਰਹਿੰਦੀ ਸੀ ਅਤੇ ਲੋੜ ਪੈਣ 'ਤੇ ਹੀ ਹੇਠਾਂ ਆਉਂਦੀ ਸੀ, ਜਦਕਿ ਲਾਸ਼ ਮਿਲਣ ਵਾਲੀ ਥਾਂ ਹੇਠਲੀ ਮੰਜ਼ਿਲ ਦੇ ਦਰਵਾਜ਼ੇ ਤੋਂ ਸਿਰਫ਼ ਸੱਤ ਤੋਂ ਅੱਠ ਫੁੱਟ ਦੀ ਦੂਰੀ ਸੀ, ਜਿੱਥੇ ਭੂਆ ਰਹਿੰਦੀ ਸੀ।"

ਸ਼ਹਿਰ ਦੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ "ਜਾਂਚ ਅਧਿਕਾਰੀਆਂ ਨੇ ਇੱਕ ਮਨੋਵਿਗਿਆਨਕ ਰਣਨੀਤੀ ਦੇ ਤਹਿਤ ਪੂਰੇ ਅਪਰਾਧ ਦ੍ਰਿਸ਼ ਨੂੰ ਮੁਲਜ਼ਮ ਦੇ ਸਾਹਮਣੇ ਦੁਹਰਾਇਆ," ਅਤੇ ਉਸਨੇ ਅਪਰਾਧ ਕਬੂਲ ਕਰ ਲਿਆ।

ਸ਼ਹਿਰ ਦੇ ਪੁਲਿਸ ਅਧਿਕਾਰੀ ਡਾਕਟਰ ਸਰਦਾਰ ਗਿਆਸ ਗੁਲ ਖਾਨ ਨੇ ਕਿਹਾ, "ਮੁਲਜ਼ਮ ਇੱਕ ਪੇਸ਼ੇਵਰ ਅਪਰਾਧੀ ਨਹੀਂ ਹੈ ਅਤੇ ਉਸਦਾ ਕੋਈ ਪਿਛਲਾ ਅਪਰਾਧਿਕ ਰਿਕਾਰਡ ਨਹੀਂ ਹੈ। ਅਜਿਹੀ ਸਥਿਤੀ ਵਿੱਚ ਜਦੋਂ ਅਪਰਾਧ ਦ੍ਰਿਸ਼ ਨੂੰ ਉਸਦੇ ਸਾਹਮਣੇ ਇੱਕ ਮਨੋਵਿਗਿਆਨਕ ਰਣਨੀਤੀ ਦੇ ਤੌਰ 'ਤੇ ਦੁਹਰਾਇਆ ਗਿਆ, ਤਾਂ ਉਹ ਸਮਝ ਗਈ ਕਿ ਉਹ ਫਸ ਗਈ ਹੈ ਅਤੇ ਰੋਂਦੇ ਹੋਏ ਸਭ ਕੁਝ ਦੱਸ ਦਿੱਤਾ।"

ਉਨ੍ਹਾਂ ਕਿਹਾ, "ਇੱਕ ਕੁੜੀ ਵੱਲੋਂ ਬੇਰਹਿਮੀ ਨਾਲ ਕਤਲ ਇੱਕ ਹੈਰਾਨ ਕਰਨ ਵਾਲੀ ਘਟਨਾ ਹੈ, ਇਸ ਲਈ ਬੱਚੀ ਦੀ ਭੂਆ ਨੂੰ ਮੁਲਜ਼ਮ ਐਲਾਨ ਕਰਨਾ ਇੱਕ ਮੁਸ਼ਕਲ ਕੰਮ ਸੀ।"

'ਰਿਸ਼ਤੇ ਟੁੱਟਣ ਕਰਕੇ ਡਿਪਰੈਸ਼ਨ ਹੋ ਰਿਹਾ ਸੀ'

ਪੁਲਿਸ ਬੁਲਾਰੇ ਅਨੁਸਾਰ, ਆਪਣੇ ਦਰਜ ਕਰਵਾਏ ਬਿਆਨ ਵਿੱਚ ਮੁਲਜ਼ਮ ਨੇ ਕਿਹਾ, "ਇਸ ਕੁੜੀ ਕਰਕੇ ਮੇਰਾ ਰਿਸ਼ਤਾ ਨਹੀਂ ਹੋ ਸਕਿਆ ਕਿਉਂਕਿ ਲੋਕ ਦੋ ਜਾਂ ਤਿੰਨ ਵਾਰ ਦੇਖਣ ਆਉਂਦੇ ਸਨ ਅਤੇ ਫਿਰ ਇਹ ਕੁੜੀ ਮੈਨੂੰ ਮੰਮੀ, ਮੰਮੀ ਕਹਿੰਦੀ ਸੀ, ਜਿਸ 'ਤੇ ਦੇਖਣ ਆਏ ਲੋਕ ਉਲਝਣ ਵਿੱਚ ਪੈ ਜਾਂਦੇ ਸਨ ਅਤੇ ਉਨ੍ਹਾਂ ਨੂੰ ਸ਼ੱਕ ਹੁੰਦਾ ਸੀ ਕਿ ਕੁੜੀ (ਭੂਆ) ਵਿਆਹੀ ਹੋਈ ਹੋਵੇਗੀ ਅਤੇ ਉਹ ਕੁੜੀ ਦੀ ਭੂਆ ਨਹੀਂ ਸਗੋਂ ਉਸਦੀ ਮਾਂ ਹੈ ਅਤੇ ਇਹ ਲੋਕ (ਕੁੜੀ ਵਾਲੇ) ਸ਼ਾਇਦ ਧੋਖਾਧੜੀ ਅਤੇ ਗਲਤ ਜਾਣਕਾਰੀ ਰਹੇ ਹਨ।"

ਪੁਲਿਸ ਮੁਤਾਬਕ, "ਮੁਲਜ਼ਮ ਨੇ ਕਿਹਾ ਕਿ ਉਸਨੇ ਆਪਣੀ ਮਾਂ (ਕੁੜੀ ਦੀ ਦਾਦੀ) ਨੂੰ ਵਾਰ-ਵਾਰ ਕਿਹਾ ਕਿ ਉਹ ਉਸ ਨੂੰ ਉਸਦੀ ਮਾਂ ਕੋਲ ਭੇਜ ਦੇਵੇ ਜਦੋਂ ਤੱਕ ਮੇਰਾ ਰਿਸ਼ਤਾ ਨਹੀਂ ਹੋ ਜਾਂਦਾ, ਪਰ ਦਾਦੀ ਆਪਣੀ ਪੋਤੀ ਨੂੰ ਬਹੁਤ ਪਿਆਰ ਕਰਦੀ ਸੀ, ਇਸ ਲਈ ਉਸਨੇ ਇਨਕਾਰ ਕਰ ਦਿੱਤਾ। ਇਸ ਤਰ੍ਹਾਂ, ਵਾਰ-ਵਾਰ ਰਿਸ਼ਤਾ ਟੁੱਟਣਾ ਮੇਰਾ ਡਿਪਰੈਸ਼ਨ ਵਧਾ ਰਿਹਾ ਸੀ।"

ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਅਤੇ ਮੰਗਲਵਾਰ ਨੂੰ ਉਸਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ, ਜਿਸ ਤੋਂ ਬਾਅਦ ਅਦਾਲਤ ਨੇ ਉਸਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ ਸੈਂਟਰਲ ਜੇਲ੍ਹ ਗੁਜਰਾਂਵਾਲਾ ਭੇਜ ਦਿੱਤਾ।

ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਕੁੜੀ ਦੀ ਭੂਆ ਇਸ ਘਟਨਾ ਵਿੱਚ ਇਕੱਲੀ ਮੁਲਜ਼ਮ ਹੈ ਅਤੇ ਕੋਈ ਹੋਰ ਇਸ ਵਾਰਦਾਤ ਵਿੱਚ ਸ਼ਾਮਲ ਨਹੀਂ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)